Film Review | ਮੋਟਰ ਮਿੱਤਰਾਂ ਦੀ ਹਸਾਉਂਦੀ ਐ, ਪਰ ਨਜ਼ਾਰੇ ਨਈ ਲਿਆਉਂਦੀ

0 0
Read Time:9 Minute, 21 Second

ਦੀਪ ਜਗਦੀਪ ਸਿੰਘ
ਰੇਟਿੰਗ 2/5

ਫ਼ਿਲਮ ਮੋਟਰ ਮਿੱਤਰਾਂ ਦੀ ਪੰਜਾਬ ਵਿਚ ਡੇਰਾਵਾਦ ਦੇ ਅਹਿਮ ਵਿਸ਼ੇ ਨੂੰ ਹਲਕੇ ਫ਼ੁਲਕੇ ਅੰਦਾਜ਼ ਵਿਚ ਪੇਸ਼ ਕਰਦੀ ਹੈ। ਇਹ ਇਕ ਦਮਦਾਰ ਵਿਸ਼ੇ ਉੱਤੇ ਬਣੀ ਹੋਈ ਇਕ ਹਲਕੀ-ਫ਼ੁਲਕੀ ਪਰ ਕਮਜ਼ੋਰ ਫ਼ਿਲਮ ਹੈ।

ਵਿਹਲੜ ਰਾਜਵੀਰ (ਰਾਂਝਾ ਵਿਕਰਮ ਸਿੰਘ) ਆਪਣੇ ਵੱਡੇ ਬਾਈ (ਗੁਰਪ੍ਰੀਤ ਘੁੱਗੀ) ਦਾ ਵਿਗੜਿਆ ਹੋਇਆ ਲਾਡਲਾ ਭਰਾ ਹੈ ਅਤੇ ਹੈਪੀ (ਹੈਪੀ ਰਾਏਕੋਟੀ) ਉਨ੍ਹਾਂ ਦੀ ਵਰਕਸ਼ਾਪ ਦਾ ਕਾਰੀਗਰ ਹੈ। ਬਾਈ ਗੁਰੂ ਗ੍ਰੰਥ ਸਾਹਿਬ ਵਿਚ ਵਿਸ਼ਵਾਸ ਰੱਖਣ ਵਾਲਾ ਇਕ ਸਾਧਾਰਨ ਮੋਟਰ ਮਕੈਨਿਕ ਹੈ ਅਤੇ ਦਿਲ ਟੁੱਟ ਜਾਣ ਕਰਕੇ ਉਸਨੂੰ ਕੁੜੀਆਂ ਤੋਂ ਵੀ ਐਲਰਜੀ ਹੈ। ਅਚਾਨਕ ਇਕ ਦਿਨ ਉਸਦੇ ਵਿਹਲੜ ਭਰਾ ਨੂੰ ਇਕ ਬਾਬੇ ਕੋਲੋਂ ਵਪਾਰ ਵਿਚ ਸਫ਼ਲ ਹੋਣ ਦਾ ਅਸ਼ੀਰਵਾਦ ਮਿਲਦਾ ਹੈ ਅਤੇ ਉਹ ਇਕ ਖਟਾਰਾ ਬੱਸ ਨੂੰ ‘ਮੋਟਰ ਮਿੱਤਰਾਂ ਦੀ’ ਬਣਾ ਕੇ ਆਪਣੀ ਟਰਾਂਸਪੋਰਟ ਸ਼ੁਰੂ ਕਰ ਲੈਂਦਾ ਹੈ। ਉਸ ਇਲਾਕੇ ਵਿਚ ਹੀ ਬਾਬਾ ਪ੍ਰਭ ਚੰਦ ਮੁਹੰਮਦ ਦੇਵ ਸਿੰਘ (ਯੋਗਰਾਜ ਸਿੰਘ) ਆਪਣੇ ਆਲੀਸ਼ਾਨ ਡੇਰੇ ਵਿਚ ਭਗਤਾਂ ਨੂੰ ਭਰਮਾ ਕੇ ਮੌਜ-ਮੇਲਾ ਕਰ ਰਿਹਾ ਹੈ। ਪਹਿਲੀ ਨਜ਼ਰੇ ਤਾਂ ਲੱਗਦਾ ਹੈ ਕਿ ਉਹ ਭਰਾ ਨੂੰ ਕੁਝ ਕਰਕੇ ਦਿਖਾਉਣਾ ਚਾਹੁੰਦਾ ਹੈ, ਦਰਅਸਲ ਉਸਦਾ ਮਕਸਦ ਕੁਝ ਹੋਰ ਹੈ, ਜਿਸ ਦਾ ਇਸ਼ਾਰਾ ਉਸ ਵੱਲੋਂ ਬਾਬੇ ਦੇ ਡੇਰੇ ਵਿਚ ਲਾਏ ਪਹਿਲੇ ਗੇੜੇ ਤੋਂ ਹੀ ਮਿਲ ਜਾਂਦਾ ਹੈ। ਮੋਟਰ ਮਿੱਤਰਾਂ ਦੀ ਵਿਚ ਘਟਦੀਆਂ ਸਵਾਰੀਆਂ ਦਾ ਘਾਟਾ ਪੂਰਾ ਕਰਨ ਲਈ ਰਾਜਵੀਰ ਇਕ ਦਿਨ ਆਪਣੀ ਬੱਸ ਡੇਰੇ ਲੈ ਜਾਂਦਾ ਹੈ ਉਦੋਂ ਹੀ ਅਚਾਨਕ ਡੇਰੇ ਵਿਚ ਨਾਇਕਾ (ਸੋਨੀਆ ਮਾਨ) ਨਾਲ ਇਕ ਅਜਿਹੀ ਘਟਨਾ ਵਾਪਰਦੀ ਹੈ, ਜਿਸ ਨਾਲ ਡੇਰੇ ਅਤੇ ਇਨ੍ਹਾਂ ਤਿੰਨਾਂ ਦੀ ਜ਼ਿੰਦਗੀ ਵਿਚ ਭੂਚਾਲ ਆ ਜਾਂਦਾ ਹੈ। ਇਸ ਵਿਚੋਂ ਅਜਿਹੀ ਹਾਲਤ ਪੈਦਾ ਹੁੰਦੀ ਹੈ ਕਿ ਤਿੰਨਾਂ ਮੁੱਖ ਪਾਤਰਾਂ, ਬਾਬੇ, ਉਸਦੇ ਸੱਜੇ ਹੱਥ ਸਵਾਮੀ (ਸਰਦਾਰ ਸੋਹੀ) ਦੀ ਜਾਨ ਮੁੱਠੀ ਵਿਚ ਆ ਜਾਂਦੀ ਹੈ। ਕਿਸ ਮੋਤਰ ਮਿੱਤਰਾਂ ਦੀ ਵਿਚ ਸਵਾਰ ਹੋ ਕੇ ਉਹ ਮੁਸੀਬਤ ਪੂਰੇ ਸ਼ਹਿਰ ਵਿਚ ਘੁੰਮਦੀ ਹੈ ਅਤੇ ਕਿਵੇਂ ਇਹ ਤਿੰਨੇ ਉਸ ਮੁਸੀਬਤ ਦਾ ਹੱਲ ਅਤੇ ਬਾਬੇ ਦਾ ਪਰਦਾਫ਼ਾਸ ਕਰਦੇ ਹਨ, ਫ਼ਿਲਮ ਦੀ ਕਹਾਣੀ ਇਸੇ ਸਵਾਲ ਦੇ ਗਿਰਦ ਘੁੰਮਦੀ ਹੈ।

punjabi film review motor mittran di
ਅਮਿਤੋਜ ਮਾਨ ਅਤੇ ਵਕਸ ਕੁਰੈਸ਼ੀ ਨੇ ਇਕ ਗੰਭੀਰ ਵਿਸ਼ੇ ਨੂੰ ਬਹੁਤ ਹੀ ਮਨੋਰੰਜਕ ਅਤੇ ਹਲਕੇ-ਫ਼ੁਲਕੇ ਅੰਦਾਜ਼ ਨਾਲ ਪਰਦੇ ਉੱਤੇ ਉਤਾਰਨ ਦੀ ਕੌਸ਼ਿਸ ਕੀਤੀ ਹੈ, ਪਰ ਕਮਜ਼ੋਰ ਅਦਾਕਾਰੀ ਸਾਰੇ ਕੀਤੇ-ਕਰਾਏ ਉੱਪਰ ਪਾਣੀ ਫੇਰ ਦਿੰਦੀ ਹੈ। ਦੋਵਾਂ ਲੇਖਕਾਂ ਨੇ ਜਿਸ ਤਰ੍ਹਾਂ ਪਟਕਥਾ ਵਿਚ ਘਟਨਾਵਾਂ ਰਾਹੀਂ ਸਿਚੂਏਸ਼ਨ ਕਾਮੇਡੀ ਪੈਦਾ ਕੀਤੀ ਹੈ, ਉਹ ਸੱਚਮੁੱਚ ਹੁਣ ਤੱਕ ਦੀਆਂ ਕਾਮੇਡੀ ਫ਼ਿਲਮਾਂ ਨਾਲੋਂ ਕਿਤੇ ਬਿਹਤਰ ਹੈ, ਪਰ ਰਾਂਝਾ ਵਿਕਰਮ ਸਿੰਘ ਅਤੇ ਹੈਪੀ ਰਾਏਕੋਟੀ ਦੀ ਢਿੱਲੀ ਅਦਾਕਾਰੀ ਕਿਰਦਾਰਾਂ ਵਿਚ ਉਹ ਜਾਨ ਨਹੀਂ ਪਾ ਸਕਦੀ, ਜਿਹੋ ਜਿਹੀ ਇਸ ਕਹਾਣੀ ਵਿਚ ਲੋੜ ਸੀ। ਇਕੱਲਾ ਗੁਰਪ੍ਰੀਤ ਘੁੱਗੀ ਆਪਣੇ ਮੋਢਿਆਂ ਉੱਤੇ ਪੂਰੀ ਫ਼ਿਲਮ ਚੁੱਕੀ ਫਿਰਦਾ ਹੈ। ਫ਼ਿਲਮ ਦੀ ਸ਼ੂਰਆਤ ਅਤੇ ਦੂਜੇ ਹਾਫ਼ ਦੇ ਪਿਛਲੇ ਹਿੱਸੇ ਵਿਚ ਦੋ ਜਗ੍ਹਾ ਸਿਚੂਏਸ਼ਨ ਕਾਮੇਡੀ ਉੱਤੇ ਜ਼ਬਰਦਸਤੀ ਸਟੈਂਡ ਅੱਪ ਕਾਮੇਡੀ ਭਾਰੂ ਹੋ ਜਾਂਦੀ ਹੈ, ਜੋ ਫ਼ਿਲਮ ਦੀ ਰਫ਼ਤਾਰ ਨੂੰ ਵੀ ਮੱਠੀ ਕਰਦੀ ਹੈ ਅਤੇ ਨਿਰਦੇਸ਼ਕ ਅਮਿਤੋਜ ਮਾਨ ਦੀ ਘਟਨਾਵਾਂ ਵਿਚੋਂ ਸਹਿਜ ਕਾਮੇਡੀ ਪੈਦਾ ਕਰਨ ਦੀ ਕੋਸ਼ਿਸ਼ ਨੂੰ ਕਮਜ਼ੋਰ ਕਰ ਦਿੰਦੀ ਹੈ। ਵੈਸੇ ਅਮਿਤੋਜ ਮਾਨ ਨੇ ਬਾਬੇ ਦਾ ਕਿਰਦਾਰ ਜਿਸ ਬਾਬੇ ਤੋਂ ਪ੍ਰੇਰਿਤ ਹੋ ਕੇ ਘੜਿਆ ਹੈ, ਉਸ ਨੂੰ ਕਾਫ਼ੀ ਬਾਰੀਕੀ ਨਾਲ ਫੜਿਆ ਹੈ। ਇਹੀ ਨਹੀਂ ਉਸ ਵਿਚ ਆਪਣੇ ਵੱਲੋਂ ਵੀ ਕਈ ਰੰਗ ਜੋੜੇ ਹਨ, ਜਿਸ ਨਾਲ ਆਸ਼ਰਮ ਦਾ ਮਾਹੌਲ ਅਤੇ ਬਾਬੇ ਦਾ ਅੰਦਾਜ਼ ਕਾਫ਼ੀ ਦਿਲਚਸਪ ਲੱਗਦਾ ਹੈ। ਅੰਤ ਵਿਚ ਆ ਕੇ ਇਹ ਸਿੱਧਾ-ਸਿੱਧਾ ਪ੍ਰਵਚਨੀ ਰੂਪ ਅਖ਼ਤਿਆਰ ਕਰ ਲੈਂਦੀ ਹੈ।ਫ਼ਿਰ ਵੀ ਕਹਾਣੀ ਪੰਜਾਬ ਦੇ ਇਕ ਅਹਿਮ ਮਸਲੇ ਨੂੰ ਉਭਾਰਨ ਵਿਚ ਕਾਮਯਾਬ ਹੁੰਦੀ ਹੈ ਅਤੇ ਇਸਦਾ ਹੱਲ ਵੀ ਦੱਸਦੀ ਹੈ।


ਕਾਫ਼ੀ ਬਾਰੀਕੀ ਨਾਲ ਕਹਾਣੀ ਘੜਨ ਦੇ ਬਾਵਜੂਦ ਪਟਕਥਾ ਵਿਚ ਕਾਫ਼ੀ ਟੱਪਲੇ ਹਨ। ਸਭ ਤੋਂ ਵੱਡਾ ਟੱਪਲਾ ਤਾਂ ਇਹ ਹੈ ਕਿ ਜੇ ਰਾਜਵੀਰ ਸੀਬੀਆਈ ਅਫ਼ਸਰ ਸੀ ਤਾਂ ਉਸਦੇ ਸਕੇ ਵੱਡੇ ਭਰਾ ਨੂੰ ਵੀ ਇਹ ਗੱਲ ਪਤਾ ਨਾ ਹੋਵੇ ਇਹ ਤਾਂ ਹੋ ਨਹੀਂ ਸਕਦਾ, ਪਰ ਪੂਰੀ ਫ਼ਿਲਮ ਵਿਚ ਵੱਡਾ ਬਾਈ ਰਾਜਵੀਰ ਨੂੰ ਨਿਕੰਮਾ ਅਤੇ ਵਿਹਲੜ ਕਹਿੰਦਾ ਰਹਿੰਦਾ ਹੈ। ਇੱਥੋਂ ਤੱਕ ਕਿ ਹਰ ਥਾਂ ਉੱਤੇ ਰਾਜਵੀਰ ਟਪੂਸੀਆਂ ਮਾਰਦਾ ਨੱਚਦਾ ਟੱਪਦਾ ਰਹਿੰਦਾ ਹੈ ਪਰ ਉਸ ਕੋਲ ਕਿਤੇ ਵੀ ਪਿਸਤੌਲ ਕਿਸੇ ਨੂੰ ਨਜ਼ਰ ਨਹੀਂ ਆਉਂਦਾ ਤਾਂ ਅਚਾਨਕ ਅੰਤ ਵਿਚ ਆ ਕੇ ਉਹ ਕਿੱਥੋਂ ਪਿਸਤੌਲ ਕੱਢ ਲੈਂਦਾ ਹੈ। ਪਹਿਲੀ ਵਾਰ ਲਾਸ਼ ਨੂੰ ਬੱਸ ਦੀ ਛੱਤ ਉੱਥੇ ਚੜ੍ਹਾਉਣ ਤੱਕ ਉਸਨੂੰ ਲਾਸ਼ ਉੱਪਰ ਲੱਗੇ ਕੈਮਿਕਲ ਦਾ ਪਤਾ ਨਹੀਂ ਚੱਲਦਾ, ਪਰ ਅੰਤ ਵਿਚ ਉਹ ਪੂਰੇ ਆਤਮ-ਵਿਸ਼ਵਾਸ ਨਾਲ ਕਹਿੰਦਾ ਹੈ ਕਿ ਲਾਸ਼ ਨੂੰ ਕੈਮੀਕਲ ਲਾਇਆ ਹੋਇਆ ਸੀ। ਇਸ ਤਰ੍ਹਾਂ ਦੀਆਂ ਹੋਰ ਵੀ ਕਈ ਨਿੱਕੀਆਂ-ਵੱਡੀਆਂ ਖ਼ਾਮੀਆਂ ਹਨ, ਜਿਸ ਕਰਕੇ ਫ਼ਿਲਮ ਮਨੋਰੰਜਕ ਹੁੰਦੇ ਹੋਏ ਵੀ ਦਰਸ਼ਕ ਨੂੰ ਆਪਣੇ ਨਾਲ ਪੂਰੀ ਤਰ੍ਹਾਂ ਬੰਨ੍ਹ ਨਹੀਂ ਸਕਦੀ। ਕੁਝ ਦ੍ਰਿਸ਼ ਜ਼ਰੂਰ ਹਨ ਜੋ ਢਿੱਡੀ ਪੀੜਾਂ ਪਾਉਣ ਅਤੇ ਰੋਮਾਂਚਿਤ ਕਰਨ ਵਿਚ ਸਫ਼ਲ ਹੁੰਦੇ ਹਨ। ਸਭ ਤੋਂ ਮਜ਼ੇਦਾਰ ਦ੍ਰਿਸ਼ ਉਹ ਹੈ ਜਦੋਂ ਦੋਵੇਂ ਚੋਰ ਟਰੰਕ ਲੈ ਕੇ ਜਾ ਰਹੇ ਹੁੰਦੇ ਹਨ ਅਤੇ ਉਨ੍ਹਾਂ ਨੂੰ ਪੁਲਿਸ ਵਾਲਾ ਘੇਰ ਲੈਂਦਾ ਹੈ। ਇਕ ਹੋਰ ਦਮਦਾਰ ਦ੍ਰਿਸ਼ ‘ਕਰੰਟ’ ਵਾਲਾ ਹੈ। ਫ਼ਿਲਮ ਦੇ ਸੰਵਾਦ, ਖ਼ਾਸ ਕਰ ਗੁਰਪ੍ਰੀਤ ਘੁੱਗੀ ਦੇ ਹਿੱਸੇ ਆਏ ਸੰਵਾਦ ਕਾਫ਼ੀ ਪ੍ਰਭਾਵਸ਼ਾਲੀ ਹਨ। ਇਹੀ ਗੱਲ ਕਾਮੇਡੀ ਸੰਵਾਦਾਂ ਬਾਰੇ ਵੀ ਕਹੀ ਜਾ ਸਕਦੀ ਹੈ, ਪਰ ਸੰਵਾਦ ਹੋਰ ਵੀ ਵਧੀਆ ਹੋ ਸਕਦੇ ਸਨ। ਸੈਂਸਰ ਬੋਰਡ ਨੇ ਟਰੇਲਰ ਵਿਚ ਦਿਖਾਇਆ ਗਿਆ ਕਾਤਲ ਮੈਸੇਂਜਰ ਔਫ਼ ਗੌਡ ਨਹੀਂ ਹੋ ਸਕਦਾ ਵਾਲਾ ਸੰਵਾਦ ਮੂਕ ਕਰ ਦਿੱਤਾ ਹੈ।
ਅਦਾਕਾਰੀ ਦੇ ਮਾਮਲੇ ਵਿਚ ਫ਼ਿਲਮ ਨੂੰ ਸੰਭਾਲਣ ਦਾ ਸਿਹਰਾ ਗੁਰਪ੍ਰੀਤ ਘੁੱਗੀ ਅਤੇ ਯੋਗਰਾਜ ਸਿੰਘ ਦੋਹਾਂ ਨੂੰ ਜਾਂਦਾ ਹੈ। ਇਕ ਪ੍ਰਤਿਬੱਧ ਸਿੱਖ ਅਤੇ ਅਸੂਲਾਂ ਵਾਲੇ ਵਿਅਕਤੀ ਦਾ ਕਿਰਦਾਰ ਗੁਰਪ੍ਰੀਤ ਘੁੱਗੀ ਨੇ ਬਖ਼ੂਬੀ ਨਿਭਾਇਆ ਹੈ। ਬਾਬੇ ਦੇ ਕਿਰਦਾਰ ਵਿਚ ਯੋਗਰਾਜ ਸਿੰਘ ਪੂਰੀ ਤਰ੍ਹਾਂ ਉੱਤਰਿਆ ਮਹਿਸੂਸ ਹੁੰਦਾ ਹੈ। ਉਸ ਦੇ ਬੋਲਣ ਦੇ ਅੰਦਾਜ਼ ਤੋਂ ਲੈ ਕੇ ਉਸਦੇ ਨੱਚਣ ਤੱਕ ਦਾ ਅੰਦਾਜ਼ ਅਤੇ ਚਿਹਰੇ ਦੇ ਹਾਵ-ਭਾਵ ਕਿਰਦਾਰ ਨੂੰ ਪੂਰੀ ਤਰ੍ਹਾਂ ਉਭਾਰਦੇ ਹਨ। ਸਰਦਾਰ ਸੋਹੀ ਨੇ ਆਪਣੀ ਇਮੇਜ ਤੋਂ ਬਿਲਕੁਲ ਵੱਖਰਾ ਸਵਾਮੀ ਦਾ ਕਿਰਦਾਰ ਕੀਤਾ ਹੈ, ਜਿਸ ਵਿਚ ਉਹ ਪੂਰੀ ਤਰ੍ਹਾਂ ਜੱਚਿਆ ਵੀ ਹੈ ਅਤੇ ਉਸਨੇ ਆਪਣੀ ਅਦਾਕਾਰੀ ਦੇ ਪੂਰੇ ਜੌਹਰ ਵੀ ਦਿਖਾਏ ਹਨ। ਹਰਸ਼ਰਨ ਸਿੰਘ ਵੀ ਦੀਪਕ ਦੇ ਕਿਰਦਾਰ ਵਿਚ ਖ਼ਰਾ ਉਤਰਿਆ ਹੈ। ਮਹੱਤਵਪੂਰਨ ਵਿਸ਼ੇ ਅਤੇ ਇਨ੍ਹਾਂ ਸਭ ਕਿਰਦਾਰਾਂ ਕਰਕੇ ਫ਼ਿਲਮ ਇਕ ਵਾਰ ਦੇਖਣਯੋਗ ਬਣ ਜਾਂਦੀ ਹੈ। ਹੈਪੀ ਰਾਏਕੋਟੀ ਅਤੇ ਰਾਂਝਾ ਵਿਕਰਮ ਸਿੰਘ ਪੂਰੀ ਤਰ੍ਹਾਂ ਨਿਰਾਸ਼ ਕਰਦੇ ਹਨ। ਰਾਝਾਂ ਵਿਕਰਮ ਸਿੰਘ ਪਰਦੇ ਉੱਤੇ ਜੱਚਦਾ ਤਾਂ ਹੈ ਪਰ ਅਦਾਕਾਰੀ ਹਾਲੇ ਉਸ ਲਈ ਦੂਰ ਦੀ ਕੌਡੀ ਹੈ। ਉਸਦੀ ਸੰਵਾਦ ਅਦਾਇਗੀ ਵੀ ਉਸ ਦੇ ਹਾਵ-ਭਾਵਾਂ ਨਾਲ ਮੇਲ ਨਹੀਂ ਖਾਂਦੀ। ਸੋਨੀਆਂ ਮਾਨ ਪਹਿਲੀ ਵਾਰ ਪਰਦੇ ਉੱਤੇ ਖ਼ੂਬਰਸੂਰਤ ਲੱਗੀ ਹੈ ਅਤੇ ਚੁੜੇਲ ਵਾਲੇ ਦ੍ਰਿਸ਼ਾਂ ਵਿਚ ਉਸਦੇ ਹਾਵ-ਭਾਵ ਵੀ ਕਾਫ਼ੀ ਹੱਦ ਤੱਕ ਪ੍ਰਭਾਵਿਤ ਕਰਦੇ ਹਨ। ਬਾਕੀ ਦ੍ਰਿਸ਼ਾਂ ਵਿਚ ਉਸਨੂੰ ਹਾਲੇ ਮਿਹਨਤ ਕਰਨ ਦੀ ਲੋੜ ਹੈ, ਨਹੀਂ ਤਾਂ ਇਹ ਨਾ ਹੋਵੇ ਕਿ ਉਸਨੂੰ ਫ਼ਿਲਮਾਂ ਵਿਚ ਜ਼ਿਆਦਾ ਚੁੜੇਲ ਦੇ ਰੋਲ ਹੀ ਮਿਲਣ ਲੱਗ ਜਾਣ।


ਫ਼ਿਲਮ ਦਾ ਗੀਤ-ਸੰਗੀਤ ਬੱਸ ਡੰਗ-ਟਪਾਊ ਹੈ। ਕ੍ਰਿਸ਼ਨਾ ਰਮੱਨਨ ਦੀ ਸਿਨੇਮੈਟੋਗ੍ਰਾਫ਼ੀ ਅਤੇ ਤੀਰਥ ਸਿੰਘ ਦੀ ਰੂਪ-ਸੱਜਾ ਦੋਵੇਂ ਹੀ ਕਾਬਿਲੇ ਤਰੀਫ਼ ਹਨ। ਦੋਵਾਂ ਨੇ ਰਲ਼ ਕੇ ਫ਼ਿਲਮ ਦੀ ਕਹਾਣੀ ਮੁਤਾਬਿਕ ਢੁੱਕਵਾਂ ਮਾਹੌਲ ਸਿਰਜਿਆ ਅਤੇ ਪਰਦੇ ਉੱਤੇ ਉਤਾਰਿਆ ਹੈ। ਬਾਬੇ ਦੇ ਕਪੜਿਆ ਲਈ ਖ਼ਾਸ ਤੌਰ ‘’ਤੇ ਚੇਤਨਾ ਵਿਰਮਾਨੀ ਦੀ ਤਾਰੀਫ਼ ਕਰਨੀ ਬਣਦੀ ਹੈ। ਇੰਦਰ ਰਟੌਲ ਦਾ ਸੰਪਾਦਨ ਵੀ ਠੀਕ-ਠਾਕ ਹੈ। ਪੰਜਾਬ ਦੇ ਸਮਾਜ ਨਾਲ ਜੁੜਿਆ ਵਧੀਆ ਵਿਸ਼ਾ ਚੁਨਣ, ਕੁਝ ਵਧੀਆ ਕਿਰਦਾਰ ਘੜਨ ਅਤੇ ਕੁਝ ਮੇਜ਼ਦਾਰ ਦ੍ਰਿਸ਼ਾਂ ਲਈ ਇਸ ਫ਼ਿਲਮ ਨੂੰ ਦੋ ਸਟਾਰ ਦਿੱਤੇ ਜਾ ਸਕਦੇ ਹਨ।
Happy
Happy
0 %
Sad
Sad
0 %
Excited
Excited
0 %
Sleepy
Sleepy
0 %
Angry
Angry
0 %
Surprise
Surprise
0 %

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *

error: ਕਾਪੀ ਕਰਨਾ ਮਨ੍ਹਾਂ ਹੈ। ਲਿਖਤ ਪ੍ਰਾਪਤ ਕਰਨ ਲਈ ਈ-ਮੇਲ ਕਰੋ zordartimes@gmail.com