ਅੱਜ ਤੋਂ ਕੈਰੀ ਔਨ ਜੱਟਾ v/s ਜੱਟ ਐਂਡ ਜੂਲੀਅਟ

ਲਓ ਬਈ ਮਿੱਤਰੋ, ਅੱਜ ਤੋਂ ਦੋ ਜੱਟਾਂ ਵਿਚਾਲੇ ਕੁੰਡੀਆਂ ਦੇ ਸਿੰਗ ਫੱਸਣ ਲੱਗੇ ਨੇ। ਇਹ ਜੱਟ ਨੇ ਦਿਲਜੀਤ ਦੁਸਾਂਝ ਅਤੇ ਗਿੱਪੀ ਗਰੇਵਾਲ। ਅੱਜ ਤਰੀਕ ਆ 27 ਜੁਲਾਈ ਆ ਤੇ ਪਹਿਲਾਂ ਤੋਂ ਧਮਾਕੇਦਾਰ ਚੱਲ ਰਹੀ ਜੱਟ ਐਂਡ ਜੂਲੀਅਟ ਫ਼ਿਲਮ ਦਾ ਪੇਚਾ ਕੈਰੀ ਔਨ ਜੱਟਾ ਨਾਲ ਪੈ ਰਿਹਾ ਹੈ। ਕਰੀਬ ਤਿੰਨ ਹਫ਼ਤੇ ਦੁਨੀਆਂ ਭਰ ਦੇ ਸਿਨੇਮਾ ਘਰਾਂ ਵਿਚ ਪੱਕੀ ਛਾਉਣੀ ਪਾ ਕੇ ਬੈਠੀ ਜੱਟ ਐਂਡ ਜੂਲੀਅਟ ਦੇ ਸ਼ੋਅ ਨਵੇਂ ਹਫ਼ਤੇ ਵਿਚ ਭਾਵੇਂ ਘੱਟ ਰਹੇ ਹਨ, ਪਰ ਫ਼ਿਲਮ ਹਾਲੇ ਇਸ ਹਫ਼ਤੇ ਵੀ ਕਈ ਸਿਨੇਮਾ ਘਰਾਂ ਦਾ ਸ਼ਿੰਗਾਰ ਬਣੀ ਰਹੇਗੀ। ਇਸਦੇ ਨਾਲ ਹੀ ਦੇਸੀ ਰੌਕਸਟਾਰ ਜੱਟ ਗਿੱਪੀ ਗਰੇਵਾਲ ਕੱਲ ਤੋਂ ਇਸੇ ਸਫ਼ਲਤਾ ਦੀ ਲੜੀ ਨੂੰ ‘ਕੈਰੀ ਔਨ’ ਕਰਨ ਦੀ ਤਮੰਨਾ ਨਾਲ ਅੱਜ ਹੀ ਦੁਨੀਆਂ ਭਰ ਦੇ ਸਿਨੇਮਾਂ ਘਰਾਂ ਵਿਚ ਆਪਣੀ ਹੋਮ ਪ੍ਰੋਡਕਸ਼ਨ ਨਾਲ ਆ ਰਿਹਾ ਹੈ। ਜੱਟ ਐਂਡ ਜੂਲੀਅਟ ਦੀ ਸਫ਼ਲਤਾ ਦਾ ਵੱਡਾ ਕਾਰਨ ਉਸ ਦਾ ਕੀਤਾ ਗਿਆ ਅੱਤ ਦਾ ਪ੍ਰਚਾਰ ਸੀ। ਕੈਰੀ ਔਨ ਜੱਟਾ ਦੀ ਟੀਮ ਵੀ ਪ੍ਰਚਾਰ ਦਾ ਉਹੀ ਤਰੀਕਾ ਵਰਤ ਰਹੀ ਹੈ, ਬਲਕਿ ਜੇ ਕਹੀਏ ਤਾਂ ਉਸ ਤੋਂ ਵੀ ਅੱਗੇ ਲੰਘ ਗਈ ਹੈ ਤਾਂ ਗਲਤ ਨਹੀਂ ਹੋਵੇਗਾ। ਜਿਵੇਂ ਗਿੱਪੀ ਗਰੇਵਾਲ ਪੂਰੀ ਟੀਮ ਨਾਲ ਪੰਜਾਬ ਦੇ ਸ਼ਹਿਰ ਸ਼ਹਿਰ ਘੁੰਮ ਰਹੇ ਹਨ ਅਤੇ ਆਪਣੀ ਫ਼ਿਲਮ ਦਾ ਪ੍ਰਚਾਰ ਕਰ ਰਹੇ ਹਨ, ਉਸ ਤਰ੍ਹਾਂ ਦੀ ਸ਼ੁਰੂਆਤ ਤੇਰਾ ਮੇਰਾ ਕੀ ਰਿਸ਼ਤਾ ਦੇ ਪ੍ਰਚਾਰ ਰਾਹੀਂ ਜਿੰਮੀ ਸ਼ੇਰਗਿੱਲ ਨੇ ਕੀਤੀ ਸੀ। ਕੈਰੀ ਔਨ ਜੱਟਾ ਦੀ ਟੀਮ ਨੇ ਉਸ ਤੋਂ ਇਕ ਕਦਮ ਅੱਗੇ ਜਾਂਦਿਆਂ ਇਸ ਤੋਂ ਦੋਹਰਾ ਫਾਇਦਾ ਲੈਣ ਦੀ ਸਕੀਮ ਬਣਾਈ ਹੈ। ਉਹ ਹਰ ਸ਼ਹਿਰ ਦੇ ਪ੍ਰਚਾਰ ਦੀ ਰਿਕਾਰਡਿੰਗ ਯੂ-ਟਿਊਬ ਅਤੇ ਫੇਸਬੁੱਕ ਰਾਹੀਂ ਆਨਲਾਈਨ ਪ੍ਰਚਾਰ ਲਈ ਵੀ ਵਰਤ ਰਹੇ ਹਨ ਤਾਂ ਕਿ ਵੀਡਿਓ ਵਿਚਲੀ ਭੀੜ ਦੇਖ ਕੇ ਉਹ ਲੋਕ ਵੀ ਫ਼ਿਲਮ ਵੱਲ ਖਿੱਚੇ ਆਉਣ ਜੋ ਪ੍ਰਚਾਰ ਵਾਲੀ ਥਾਂ ਤੇ ਮੌਜੂਦ ਨਹੀਂ ਸਨ। ਉਨ੍ਹਾਂ ਦਾ ਹੁਣੇ ਹਿੱਟ ਹੋਇਆ ਗਾਣਾ ਅੰਗਰੇਜ਼ੀ ਬੀਟ ਤੇ ਬੜਾ ਕੰਮ ਆ ਰਿਹਾ ਹੈ। ਪ੍ਰਚਾਰ ਦੌਰਾਨ ਸਰੋਤਿਆਂ ਦਾ ਜਿਆਦਾ ਹੁੰਗਾਰਾ ਕੈਰੀ ਔਨ ਜੱਟਾਂ ਦੇ ਗੀਤਾਂ ਨਾਲੋਂ ਇਸ ਗੀਤ ਨੂੰ ਜਿਆਦਾ ਮਿਲਦਾ ਹੈ। ਇਹੀ ਕਾਰਣ ਹੈ ਕਿ ਹਰ ਜਗ੍ਹਾ ਗਿੱਪੀ ਨੂੰ ਸ਼ੁਰੂਆਤ ਵਿਚ ਹੀ ਇਹ ਗੀਤ ਜਰੂਰ ਗਾਣਾ ਪੈਂਦਾ ਹੈ। ਖ਼ੈਰ ਅਸੀ ਗੱਲ ਕਰ ਰਹੇ ਸੀ ਦੋਵੇਂ ਜੱਟਾਂ ਦੀ ਤਾਂ ਬੇਲੀਓ ਪੰਜਾਬ ਦੇ ਜਲੰਧਰ, ਅੰਮ੍ਰਿਤਸਰ, ਬਠਿੰਡਾ, ਲੁਧਿਆਣਾ, ਪਠਾਨਕੋਟ, ਪਟਿਆਲਾ ਸ਼ਹਿਰਾਂ ਤੋਂ ਇਲਾਵਾ ਚੰਡੀਗੜ੍ਹ ਅਤੇ ਦਿੱਲੀ ਦੇ ਮਲਟੀਪਲੈਕਸਾਂ ਵਿਚ ਹਾਲੇ ਵੀ ਜੱਟ ਐਂਡ ਜੂਲੀਅਟ ਦੇ ਲੱਗਭਗ 38 ਸ਼ੋਅ ਚੱਲ ਰਹੇ ਹਨ। ਇਕ ਸਕਰੀਨ ਵਾਲੇ ਸਾਧਾਰਣ ਸਿਨੇਮਾਂ ਘਰਾਂ ਅਤੇ ਹੋਰ ਸ਼ਹਿਰਾਂ ਦੇ ਮਲਟੀਪਲੈਕਸਾਂ ਦੀ ਗਿਣਤੀ ਜੋੜ ਕੇ ਇਹ ਗਿਣਤੀ ਹੋਰ ਵੀ ਜਿਆਦਾ ਹੋ ਸਕਦੀ ਹੈ। ਯਾਨਿ ਜੱਟ ਐਂਡ ਜੂਲੀਅਟ ਪੰਜਾਬ ਦੇ ਪ੍ਰਮੁੱਖ ਸ਼ਹਿਰਾਂ ਵਿਚ ਕੈਰੀ ਔਨ ਜੱਟਾ ਨੂੰ ਟੱਕਰ ਦੇਣ ਲਈ ਪਹਿਲਾਂ ਹੀ ਮੌਜੂਦ ਹੈ। ਪਰ ਕੈਰੀ ਔਨ ਜੱਟਾਂ ਨੇ ਆਪਣੇ ਵੱਲੋਂ ਇਸ ਦਾ ਮੁਕਾਬਲਾ ਕਰਨ ਲਈ ਪੂਰਾ ਇੰਤਜ਼ਾਮ ਕੀਤਾ ਹੈ। ਇਨ੍ਹਾਂ ਹੀ ਸ਼ਹਿਰਾਂ ਦੇ ਮਲਟੀਪਲੈਕਸਾਂ ਵਿਚ ਕੈਰੀ ਔਨ ਜੱਟਾ ਦੇ 118 ਸ਼ੋਅ ਅੱਜ ਤੋਂ ਸ਼ੁਰੂ ਹੋ ਜਾਣਗੇ। ਬਾਕੀ ਸ਼ਹਿਰਾਂ, ਵਿਦੇਸ਼ਾਂ ਅਤੇ ਇੱਕ ਸਕਰੀਨ ਵਾਲਿਆਂ ਦੀ ਗਿਣਤੀ ਜੋੜ ਕੇ ਸ਼ੋਅ ਹੋਰ ਵੀ ਵੱਧ ਜਾਣਗੇ। ਜੱਟ ਐਂਡ ਜੂਲੀਅਟ ਨੂੰ ਮਾਤ ਦੇਣ ਲਈ ਕੈਰੀ ਔਨ ਜੱਟਾ ਦੇ ਇਨ੍ਹੇ ਸ਼ੋਅ ਕਿੰਨਾ ਕਾਮਯਾਬ ਹੁੰਦੇ ਹਨ, ਇਸਦਾ ਪਤਾ ਇਸ ਹਫ਼ਤੇ ਦੇ ਅੰਤ ਤੱਕ ਲੱਗ ਹੀ ਜਾਵੇਗਾ। ਉਂਝ ਕੈਰੀ ਔਨ ਜੱਟਾ ਦੇ ਜੱਟ ਦੇ ਸਾਹਮਣੇ ਚੁਣੌਤੀਆਂ ਘੱਟ ਨਹੀਂ ਹਨ। ਜੱਟ ਐਂਡ ਜੂਲੀਅਟ ਦੀ ਕਾਮੇਡੀ ਪਹਿਲਾਂ ਹੀ ‘ਖੁੱਤੀਆਂ’ ਪਵਾ ਚੁੱਕੀ ਹੈ।  ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ‘ਜੱਟਾ’ ਦੀ ਕਾਮੇਡੀ ਦਰਸ਼ਕਾਂ ਨੂੰ ਕਿੰਨਾ ਕੁ ‘ਕੈਰੀ ਔਨ’ ਕਰਦੀ ਹੈ। ਇਸ ਮਾਮਲੇ ਵਿਚ ਮੁੱਖ ਮੁਕਾਬਲਾ ਕਹਾਣੀ ਅਤੇ ਡਾਇਲੌਗ ਦੇ ਨਾਲ-ਨਾਲ ਦਿਲਜੀਤ ਅਤੇ ਗਿੱਪੀ ਗਰੇਵਾਲ ਦੀ ਅਦਾਇਗੀ ਵਿਚਾਲੇ ਵੀ ਹੋਵੇਗਾ। ਦੂਜੀ ਮੁਕਾਬਲਾ ਨੀਰੂ ਬਾਜਵਾ ਅਤੇ ਮਾਹੀ ਗਿੱਲ ਵਿਚਾਲੇ ਹੋਵੇਗਾ। ਨੀਰੂ ਨੇ ਫੱਤੋ ਗੀਤ ਨਾਲ ਹੀ ਦਰਸ਼ਕਾਂ ‘ਤੇ ਆਪਣਾ ਜਾਦੂ ਚਲਾ ਦਿੱਤਾ ਸੀ ਅਤੇ ਲੋਕ ਖਿੱਚੇ ਹੋਏ ਟਿਕਟ ਖਿੜਕੀ ਤੱਕ ਪਹੁੰਚ ਗਏ ਸਨ। ਉਸਦੇ ਮੁਕਾਬਲੇ ਮਾਹੀ ਦਾ ਅਜਿਹਾ ਜਾਦੂ ਹਾਲੇ ਤੱਕ ਛਾਇਆ ਨਹੀਂ ਦਿੱਖ ਰਿਹਾ ਹੈ। ਉਂਝ ਪ੍ਰੋਮੋ ਵਿਚ ਦਿਖਾਏ ਜਾ ਰਹੇ ਫ਼ਿਲਮ ਦੇ ਕਈ ਦ੍ਰਿਸ਼ਾਂ ਵਿਚ ਉਸ ਦੇ ਕੱਪੜੇ ਅਤੇ ਸਟਾਇਲ ਕਈ ਦਰਸ਼ਕਾਂ ਨੂੰ ਪਸੰਦ ਨਹੀਂ ਆਏ ਹਨ। ਇਸ ਫ਼ਿਲਮ ਵਿਚ ਮਾਹੀ ਦੀ ਓਨੀ ਖਿੱਚ ਮਹਿਸੂਸ ਨਹੀਂ ਹੋ ਰਹੀ ਜਿੰਨੀ ਉਸ ਦੀਆਂ ਹਿੰਦੀ ਫ਼ਿਲਮਾਂ ਵਿਚ ਹੁੰਦੀ ਹੈ। ਪਰ ਉਹ ਦਰਸ਼ਕਾਂ ਨੂੰ ਖਿੱਚਣ ਵਿਚ ਕਿੰਨਾ ਸਫ਼ਲ ਹੁੰਦੀ ਹੈ, ਇਹ ਗੱਲ ਦਰਸ਼ਕ ਆਪ ਹੀ ਦੱਸ ਦੇਣਗੇ।
ਭਾਵੇਂ ਕਿ ਫ਼ਿਲਮਾਂ ਦੇ ਨਿਰਮਾਣ ਅਤੇ ਸਫ਼ਲਤਾ ਲਈ ਇਕੱਲਾ ਮੁੱਖ ਅਦਾਕਾਰ ਜਿੰਮੇਵਾਰ ਨਹੀਂ ਹੁੰਦਾ, ਪਰ ਆਮ ਦਰਸ਼ਕ ਇਸ ਨੂੰ ਉਨ੍ਹਾਂ ਨਾਲ ਹੀ ਜੋੜ ਕੇ ਦੇਖਦਾ ਹੈ। ਮਿਰਜ਼ਾ-ਦ ਅਨਟੋਲਡ ਸਟੋਰੀ ਦੇ ਦਮਦਾਰ ਪ੍ਰੋਮੋ ਦੇਖ ਕੇ ਫ਼ਿਲਮ ਦੇਖਣ ਗਏ ਦਰਸ਼ਕ ਨਿਰਾਸ਼ ਹੋਏ ਸਨ। ਕੈਰੀ ਔਨ ਜੱਟਾ ਦੇ ਪ੍ਰੋਮੋ ਕਿੰਨੇ ਦਰਸ਼ਕਾਂ ਨੂੰ ਸਿਨੇਮੇ ਤੱਕ ਖਿੱਚਦੇ ਹਨ ਅਤੇ ਕਿੰਨੇ ਖੁਸ਼ ਹੋ ਕੇ ਘਰ ਜਾਂਦੇ ਹਨ, ਉਡੀਕ ਕਰਨੀ ਪਵੇਗੀ। ਇਹ ਗਿੱਪੀ ਲਈ ਦਰਸ਼ਕਾਂ ਦਾ ਵਿਸ਼ਵਾਸ਼ ਮੁੜ ਹਾਸਿਲ ਕਰਨ ਦਾ ਇਕ ਸੁਨਹਿਰੀ ਮੌਕਾ ਹੈ।
ਕੈਰੀ ਔਨ ਜੱਟਾ ਲਈ ਇਕ ਹੋਰ ਵੱਡੀ ਚੁਣੌਤੀ ਫ਼ਿਲਮ ਦੀ ਓਪਨਿੰਗ ਹੈ। ਜੱਟ ਐਂਡ ਜੂਲੀਅਟ ਪਹਿਲੇ ਦਿਨ ਤੋਂ ਲੈ ਕੇ ਹੀ ਕਈ ਦਿਨਾਂ ਤੱਕ ਹਾਉਸ ਫੁੱਲ ਰਹੀ ਸੀ, ਜਦ ਕਿ ਕੈਰੀ ਔਨ ਜੱਟਾ ਚੰਡੀਗੜ੍ਹ ਦੇ ਮਲਟੀਪਲੈਕਸਾਂ ਵਿਚ ਵਿਚ ਦੋ ਅਤੇ ਲੁਧਿਆਣਾ ਵਿਚ ਇਕ ਸ਼ੋਅ ਹੀ ਐਡਵਾਂਸ ਵਿਚ ਹਾਊਸਫੁੱਲ ਹੋਇਆ ਹੈ। ਆਉਣ ਵਾਲੇ ਦਿਨਾਂ ਵਿਚ ਇਹ ਗਿਣਤੀ ਵੱਧਦੀ ਹੈ ਜਾਂ ਘੱਟਦੀ ਹੈ ਦੇਖਣ ਵਾਲੀ ਗੱਲ ਹੋਵੇਗੀ।
ਇਸਦੇ ਨਾਲ ਹੀ ‘ਕਯਾ ਕੂਲ ਹੈ ਹਮ’ ਵਰਗੀ ਸਫ਼ਲ ਬਾਲੀਵੁੱਡ ਫ਼ਿਲਮ ਦਾ ਦੂਜਾ ਭਾਗ ‘ਕਯਾ ਸੁਪਰ ਕੂਲ ਹੈ ਹਮ’ ਵੀ ਅੱਜ ਹੀ ਰਿਲੀਜ਼ ਹੋਈ ਹੈ।ਕਈ ਵੱਡੇ ਸ਼ਹਿਰਾਂ ਵਿਚ ਜਿੱਥੇ ਇਸ ਦੇ ਪ੍ਰੀਮਿਅਰ ਸ਼ੋਅ ਦਰਸ਼ਕਾਂ ਲਈ ਹੋਏ ਹਨ, ਬਹੁਤ ਹੀ ਪਸੰਦ ਕੀਤੀ ਗਈ ਹੈ। ਕੈਰੀ ਔਨ ਜੱਟਾ ਨੂੰ ਇਸਦਾ ਵੀ ਮੁਕਾਬਲਾ ਕਰਨਾ ਪੈ ਸਕਦਾ ਹੈ।
ਖੈਰ ਇਨ੍ਹਾਂ ਚੁਣੌਤਿਆਂ ਦੇ ਬਾਵਜੂਦ ਅਦਾਰਾ ਜਸਟ ਪੰਜਾਬੀ ਕੈਰੀ ਔਨ ਜੱਟਾ ਦੀ ਟੀਮ ਨੂੰ ਸਫ਼ਲਤਾ ਲਈ ਸ਼ੁਭ ਇੱਛਾਵਾਂ ਪੇਸ਼ ਕਰਦਾ ਹੈ।
ਜ਼ੋਰਦਾਰ ਟਾਈਮਜ਼ ਇਕ ਸੁਤੰਤਰ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਇਮਾਨਦਾਰੀ, ਨਿਰਪੱਖਤਾ, ਨਿਡਰਤਾ ਤੇ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ।

ਇਸ ਤਰ੍ਹਾਂ ਦੀਆਂ ਹੋਰ ਲਿਖਤਾਂ ਲਈ ਸਾਡੇ ਨਾਲ ਫੇਸਬੁੱਕ, ਵੱਟਸ-ਐਪ ’ਤੇ ਇੰਸਟਾਗ੍ਰਾਮ ’ਤੇ ਜੁੜੋ। ਜਿਸ ਐਪ ’ਤੇ ਸਾਡੇ ਨਾਲ ਜੁੜਨਾ ਚਾਹੋ, ਉਸ ਐਪ ਦੇ ਨਾਮ ’ਤੇ ਕਲਿੱਕ ਕਰੋ।


Updated:

in

, ,

by

Tags:

Comments

Leave a Reply

error: ਕਾਪੀ ਕਰਨਾ ਮਨ੍ਹਾਂ ਹੈ। ਲਿਖਤ ਪ੍ਰਾਪਤ ਕਰਨ ਲਈ ਈ-ਮੇਲ ਕਰੋ zordartimes@gmail.com