ਉਹ ਬੁਲਾ ਰਿਹਾ ਹੈ…

0 0
Read Time:5 Minute, 21 Second

ਰਾਤ ਦੇ ਦੋ ਵਜੇ ਮੈਂ ਅੱਖਾਂ ਬੰਦ ਕਰਕੇ ਸੋਚ ਰਿਹਾ ਸਾਂ, ਭਗਤ ਸਿੰਘ ਦਾ ਦਿਨ ਆਉਣ ਵਾਲਾ ਹੈ। ਹਾਲੇ ਸੋਚ ਦੇ ਪੰਛੀ ਨੇ ਪਰ ਖੋਲ੍ਹੇ ਹੀ ਸਨ ਕਿ ਵਿਚਾਰਾਂ ਦੀ ਦੁਨੀਆ ਅੰਦਰ ਧੂੰਏ ਦੇ ਬੱਦਲਾਂ ਵਿਚੋਂ ਨਿਕਲ ਕੇ ਇਕ ਪਰਛਾਵਾਂ ਮੈਨੂੰ ਅਪਣੇ ਵੱਲ ਵੱਧਦਾ ਹੋਇਆ ਨਜ਼ਰ ਅਇਆ। ਇਸ ਰੂਹ ਦੇ ਮੱਥੇ ‘ਤੇ ਚਿੰਤਾਂ ਦੀਆਂ ਲਕੀਰਾਂ ਸਾਫ਼ ਚਮਕ ਰਹੀਆਂ ਸਨ। ਇਸ ਤੋਂ ਪਹਿਲਾਂ ਕਿ ਮੈਂ ਕੁਝ ਪੁੱਛਦਾ, ਉਸਨੇ ਇਸ਼ਾਰਾ ਕਰਕੇ ਮੈਨੂੰ ਇਕ ਸੁਨੇਹਾ ਲਿਖਣ ਲਈ ਕਿਹਾ ਅਤੇ ਮੇਰੀ ਕਲਮ ਕਾਗਜ਼ ਤੇ ਦੌੜਣ ਲੱਗੀ, ਉਸਨੇ ਲਿਖਵਾਇਆ-

ਚਿੱਤਰਕਾਰੀ: ਗੁਰਪ੍ਰੀਤ ਸਿੰਘ, ਆਰਟਿਸਟ, ਬਠਿੰਡਾ

ਸਭ ਤੋਂ ਪਹਿਲਾਂ ਮੈਂ ਅਪਣੇ ਦੇਸ਼ ਦੇ ਨੇਤਾਵਾਂ, ਰਾਜਨੀਤਿਕ ਪਾਰਟੀਆਂ, ਜੱਥੇਬੰਦੀਆਂ ਅਤੇ ਪਤਵੰਤੇ ਸੱਜਣਾ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਉਹ ਇਸ ਵਾਰ ਚੌਂਕ ਵਿਚ ਲੱਗੇ ਮੇਰੇ ਅਤੇ ਮੇਰੇ ਸਾਥੀਆਂ ਦੇ ਬੁੱਤਾਂ ਦੇ ਗਲ਼ਾਂ ਵਿਚ ਹਾਰਾਂ ਦੇ ਢੇਰ ਨਾ ਪਾਉਣ, ਕਿਉਂ ਕਿ ਅੱਜ ਕਲ ਦੇਸ਼ ਦੀ ਫਿਜ਼ਾ ਉਂਝ ਹੀ ਕਾਫੀ ਘੁੱਟੀ ਘੁੱਟੀ ਮਹਿਸੂਸ ਹੋ ਰਹੀ ਹੈ। ਤੁਸੀ ਵੀ ਹਾਰਾਂ ਦਾ ਪਹਾੜ ਖੜਾ ਕਰ ਕੇ ਸਾਡਾ ਸਾਹ ਲੈਣਾ ਔਖਾ ਕਰ ਦਿੰਦੇ ਹੋ। ਵੈਸੇ ਵੀ ਦੋਬਾਰਾ 23 ਮਾਰਚ ਜਾਂ 28 ਸਤੰਬਰ ਨੂੰ ਹੀ ਤੁਸੀ ਸਾਡਾ ਹਾਲ ਪੁੱਛਣ ਆਓਗੇ, ਉਦੋਂ ਤੱਕ ਇਨ੍ਹਾਂ ਹਾਰਾਂ ਦੇ ਮੁਰਝਾਏ ਫੁੱਲਾਂ ਦੇ ਢੇਰ ਨੇ ਸਾਡਾ ਦਮ ਘੋਟੀ ਰੱਖਣਾ ਹੈ

ਇਸ ਤੋਂ ਬਾਅਦ ਮੈਂ ਮਾਫੀ ਮੰਗਣਾ ਚਾਹੁੰਦਾ ਹਾਂ, ਦੇਸ਼ ਦੇ ਆਮ ਲੋਕਾਂ ਤੋਂ ਜਿਨ੍ਹਾਂ ਨੂੰ ਅਸੀ ਬੇਗਾਨਿਆਂ ਦੀ ਗ਼ੁਲਾਮੀ ਤੋਂ ਛੁਡਾ ਕੇ ਆਪਣਿਆਂ ਦੇ ਗ਼ੁਲਾਮ ਬਣਾ ਦਿੱਤਾ। ਬਸ ਅਸੀ ਇਨ੍ਹਾਂ ਹੀ ਕਰ ਸਕੇ ਕਿ ਤੁਸੀ ਆਪਣੀ ਤਕਦੀਰ ਦੇ ਮਾਲਕਾਂ ਨੂੰ ਵੋਟਾਂ ਰਾਹੀਂ ਖੁਦ ਚੁਣ ਸਕੋ।

ਹਰ ਵਿਸ਼ੇ ਨਾਲ ਸੰਬੰਧਤ ਹੋਰ ਦਿਲਚਸਪ ਲੇਖ ਪੜ੍ਹੋ

ਉਹ ਹਮੇਸ਼ਾ ਵਾਂਗ ਆਪਣੇ ਰੋਹ ਭਰੇ ਅੰਦਾਜ਼ ਵਿਚ ਬੋਲ ਰਿਹਾ ਸੀ। ਫਿਰ ਉਹ ਆਪਣੀ ਚਿੰਤਾ ਦਾ ਅਸਲ ਕਾਰਨ ਦੱਸਣ ਲੱਗਿਆ। ਬੋਲਿਆ, ਮੈਂ ਦੇਸ਼ ਦੀ ਇਸ ਦਸ਼ਾ ਬਾਰੇ ਜਾਨਣ ਲਈ ਸੰਸਦ ਭਵਨ ਗਿਆ, ਪਰ ਉੱਥੇ ਕੋਈ ਨਹੀਂ ਸੀ। ਅਚਾਨਕ ਮੇਰੀ ਨਜ਼ਰ ਉੱਥੇ ਰੱਖੀ ਹੋਈ ਇਕ ਫਾਈਲ ਉੱਤੇ ਪਈ। ਫਾਈਲ ਦਾ ਇਕ-ਇਕ ਪੰਨਾ ਪੜ੍ਹਦਿਆਂ ਮੇਰੀਆਂ ਅੱਖਾਂ ਖੁੱਲ੍ਹੀਆਂ ਦੀਆਂ ਖੁੱਲ੍ਹੀਆਂ ਰਹਿ ਗਈਆਂ। ਇਨ੍ਹਾਂ 65 ਸਾਲਾਂ ਵਿਚ ਹੋਏ ਘੋਟਾਲਿਆਂ, ਦੰਗਿਆਂ ਅਤੇ ਚਿੱਟੇ ਕੱਪੜਿਆਂ ਵਾਲਿਆਂ ਦੇ ਚਿਹਰਿਆਂ ਉੱਤੇ ਕਾਲੇ ਧੱਬੇ ਲਾਉਂਦੀਆਂ ਕਾਨੂੰਨ ਦੀਆਂ ਧਾਰਾਵਾਂ ਦੀ ਲੰਬੀ ਸੂਚੀ ਦੇਖ ਕੇ ਮੇਰੇ ਹੋਸ਼ ਉੱਡ ਗਏ।

ਇਕ ਵਾਰ ਤਾਂ ਮੈਨੂੰ ਲੱਗਿਆ ਕਿ ਮੈਂ ਬੁਰੀ ਤਰ੍ਹਾਂ ਟੁੱਟ ਗਿਆ ਹਾਂ। ਮੈਂ ਸੋਚਿਆ ਕਿ ਮੈਂ ਉਨ੍ਹਾਂ ਸਭ ਦਾ ਗੁਨਾਹਗਾਰ ਹਾਂ, ਜੋ ਮੇਰੇ ਕਹਿਣ ਤੇ ਹੱਸਦੇ ਹੋਏ ਫਾਂਸੀ ਦਾ ਰੱਸਾ ਚੁੰਮ ਗਏ, ਸੀਨੇ ਉੱਤੇ ਗੋਲੀਆਂ ਝੱਲ ਗਏ। ਮੈਨੂੰ ਲੱਗਿਆ ਕਿ ਸਾਡੀ ਕੁਰਬਾਨੀ ਬੇਅਰਥ ਚਲੀ ਗਈ। ਪਰੰਤੂ ਇਕ ਵਾਰ ਫੇਰ ਮੇਰਾ ਆਜ਼ਾਦੀ ਦੀ ਜੰਗ ਲੜਨ ਦਾ ਜਜ਼ਬਾ ਜਾਗ ਉੱਠਿਆ। ਭਾਵੇਂ ਫ਼ਾਂਸੀ ਦੇ ਤਖਤੇ ‘ਤੇ ਫੇਰ ਚੜ੍ਹਨਾ ਪਵੇ। ਇਹੀ ਸੋਚ ਕੇ ਮੈਂ ਬਾਜ਼ਾਰ ਵਿਚ ਖੜ੍ਹਾ ਹੋ ਕੇ ਨਾਅਰਾ ਮਾਰਿਆ… ਇੰਨਕਲਾਬ ਜਿੰਦਾਬਾਦ!!!, ਪਰ ਕਿਤੇ ਵੀ ਮੈਨੂੰ ਨੌਜਵਾਨਾਂ ਦਾ ਉਹ ਟੋਲਾ ਆਉਂਦਾ ਨਜ਼ਰ ਨਾ ਆਇਆ, ਜਿਹੜਾ ਪਹਿਲਾਂ ਮੇਰੀ ਇਕ ਆਵਾਜ਼ ਤੇ ਹੱਥਾਂ ਦੀਆਂ ਮੁੱਠੀਆਂ ਮੀਚ, ਜਾਨ ਤਲੀ ‘ਤੇ ਟਿਕਾ, ਪਹਾੜਾਂ ਨਾਲ ਵੀ ਮੱਥਾ ਲਾਉਣ ਲਈ ਤਿਆਰ ਹੋ ਜਾਂਦਾ ਸੀ।

ਮੈਂ ਇਕ ਵਾਰ ਫੇਰ ਸੋਚਾਂ ਵਿਚ ਡੁੱਬ ਗਿਆ। ਕਿੱਥੇ ਗਏ ਮੇਰੇ ਦੇਸ਼ ਦੇ ਉਹ ਨੌਜਵਾਨ। ਮੈਂ ਘਰ-ਘਰ ਜਾ ਕੇ ਉਨ੍ਹਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਤਾਂ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਬੇਰੁਜ਼ਗਾਰੀ ਤੋਂ ਹਾਰੇ ਮੇਰੇ ਦੇਸ਼ ਦੇ ਨੌਜਵਾਨ ਕਦੋਂ ਨਸ਼ੇ ਦੇ ਗ਼ੁਲਾਮ ਹੋ ਗਏ? ਮੇਰੇ ਵਤਨ ਦੇ ਹਾਲਾਤ ਕੀ ਬਣ ਗਏ? ਮੈਨੂੰ ਪਤਾ ਵੀ ਨਹੀਂ ਲੱਗਿਆ। ਥੱਕ ਹਾਰ ਕੇ ਮੈਂ ਵਾਪਸ ਮੁੜਨ ਹੀ ਵਾਲਾ ਸਾਂ ਕਿ ਮੇਰੀ ਨਜ਼ਰ ਤੇਰੇ ਕਮਰੇ ਦੀ ਦੀਵਾਰ ਤੇ ਲੱਗੀ ਮੇਰੀ ਤਸਵੀਰ ਤੇ ਪਈ।

ਮੈਂ ਸਮਝ ਗਿਆ ਇੱਥੇ ਇਕ ਵਾਰ ਫੇਰ ਮੇਰੀ ਜ਼ਰੂਰਤ ਹੈ। ਮੈਂ ਫ਼ੈਸਲਾ ਕਰ ਲਿਆ ਕਿ ਮੈਂ ਜਗਾਵਾਂਗਾ ਇਨ੍ਹਾਂ ਸਾਰੇ ਨੌਜਵਾਨਾਂ ਨੂੰ ਅਤੇ ਇਨ੍ਹਾਂ ਤੋਂ ਪ੍ਰਣ ਲਵਾਂਗਾ ਕਿ ਤੁਸੀ ਉਦੋਂ ਤੱਕ ਚੈਨ ਦੀ ਨੀਂਦ ਨਹੀਂ ਸੋਵੋਂਗੇ, ਜਿੰਨੀ ਦੇਰ ਤੱਕ ਤੁਸੀ ਦੇਸ਼ ਨੂੰ ਗਰੀਬੀ, ਭੁੱਖਮਰੀ, ਭ੍ਰਿਸ਼ਟਾਚਾਰ ਅਤੇ ਗੰਦੀ ਸਿਆਸਤ ਤੋਂ ਆਜ਼ਾਦ ਨਹੀਂ ਕਰਵਾ ਦਿੰਦੇ। ਬਸ ਇਸੇ ਇਰਾਦੇ ਨਾਲ ਮੈਂ ਨਿਕਲ ਪਿਆ ਹਾਂ ਸਭ ਨੂੰ ਜਗਾਉਣ। ਤੂੰ ਵੀ ਕਹਿ ਇਨ੍ਹਾਂ ਸਾਰਿਆਂ ਨੂੰ, ਉੱਠੋ! ਨੌਜਵਾਨੋ ਉੱਠੋ, ਭਗਤ ਸਿੰਘ ਬੁਲਾ ਰਿਹਾ ਹੈ!

ਉੱਠੋ!

ਉੱਠੋ!!

ਉੱਠੋ!!!…

ਦੂਰ ਜਾਂਦਾ ਹੋਇਆ ਉਹ ਕਹਿੰਦਾ ਰਿਹਾ ਤੇ ਫਿਰ ਹੌਲੀ ਹੌਲੀ ਅੱਖਾਂ ਤੋਂ ਉਹਲੇ ਹੋ ਗਿਆ।

-ਦੀਪ ਜਗਦੀਪ ਸਿੰਘ

ਜ਼ੋਰਦਾਰ ਟਾਈਮਜ਼ ਇਕ ਸੁਤੰਤਰ ਸਾਹਿਤਕ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ, ਧਾਰਮਿਕ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ ਜਿੰਨੀ ਚਾਹੋਂ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। 

ਬਿਹਤਰੀਨ ਪੰਜਾਬੀ ਸਾਹਿਤ ਪੜ੍ਹੋਬਿਹਤਰੀਨ ਪੰਜਾਬੀ ਕਿਤਾਬਾਂ ਪੜ੍ਹੋ ਜ਼ੋਰਦਾਰ ਟਾਈਮਜ਼ ਹਿੰਦੀਜ਼ੋਰਦਾਰ ਟਾਈਮਜ਼ ਅੰਗਰੇਜ਼ੀ

Happy
Happy
0 %
Sad
Sad
100 %
Excited
Excited
0 %
Sleepy
Sleepy
0 %
Angry
Angry
0 %
Surprise
Surprise
0 %

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *

error: ਕਾਪੀ ਕਰਨਾ ਮਨ੍ਹਾਂ ਹੈ। ਲਿਖਤ ਪ੍ਰਾਪਤ ਕਰਨ ਲਈ ਈ-ਮੇਲ ਕਰੋ zordartimes@gmail.com