14 ਜਨਵਰੀ ਨੂੰ ਜੰਮੂ-ਕਸ਼ਮੀਰ ਦੇ ਪੁਲਵਾਮਾ ਵਿਚ ਭਾਰਤੀ ਫ਼ੌਜ ਦੇ ਜਵਾਨਾਂ ਉੱਤੇ ਹੋਏ ਆਤਮਘਾਤੀ ਹਮਲੇ ਬਾਰੇ ਸਰਕਾਰ ਦੀ ਸੁਰੱਖਿਆ ਨੀਤੀ ਅਤੇ ਨੀਤ ਉੱਤੇ ਸਵਾਲ ਚੁੱਕਦਿਆਂ ਸਾਬਕਾ ਪੱਤਰਕਾਰ, ਦਿੱਲੀ ਤੋਂ ਆਮ ਆਦਮੀ ਪਾਟਰੀ ਦੇ ਸਾਬਕਾ ਐਮਐਲਏ ਅਤੇ ਪੰਜਾਬੀ ਅਕਾਦਮੀ, ਦਿੱਲੀ ਦੇ ਮੌਜੂਦਾ ਉੱਪ-ਪ੍ਰਧਾਨ ਜਰਨੈਲ ਸਿੰਘ ਨੇ ਫੇਸਬੁੱਕ ਰਾਹੀਂ ਮੋਦੀ ਸਰਕਾਰ ਨੂੰ ਦੱਸ ਸਵਾਲ ਪੁੱਛੇ ਹਨ।
ਇਨ੍ਹਾਂ ਸਵਾਲਾਂ ਦੇ ਜ਼ਰੀਏ ਉਨ੍ਹਾਂ ਭਾਰਤੀ ਖ਼ੂਫ਼ੀਆ ਤੰਤਰ ਦੀ ਨਾਕਾਮੀ, ਸੁਰੱਖਿਆ ਪ੍ਰਬੰਧਾਂ ਵਿਚ ਖਾਮੀ, ਇਸ ਹਮਲੇ ਦੇ ਹਾਲਾਤ ਬਣਨ ਪਿੱਛੇ ਸਰਕਾਰ ਦੀ ਨੀਤੀ, ਸਰਕਾਰ ਵੱਲੋਂ ਫ਼ੌਜੀਆਂ ਨੂੰ ਦਿੱਤੀਆਂ ਜਾਂਦੀਆਂ ਸਹੂਲਤਾਂ ਵਿਚ ਖੁਨਾਮੀ, ਕਸ਼ਮੀਰ ਮਸਲੇ ਦੇ ਹੱਲ ਲਈ ਠੋਸ ਨੀਤੀ ਦੀ ਘਾਟ, ਸਰਕਾਰ ਦਾ ਕਸ਼ਮੀਰੀਆਂ ਨਾਲ ਵਿਤਕਰਾ ਵਰਗੇ ਮਸਲਿਆਂ ਉੱਤੇ ਸਰਕਾਰ ਨੂੰ ਘੇਰਿਆ ਹੈ।
ਆਪ ਆਗੂ ਜਰਨੈਲ ਸਿੰਘ ਨੇ ਜਿਹੜੇ ਸਵਾਲ ਪੁੱਛੇ ਹਨ, ਉਹ ਸਵਾਲ ਹਨ-
1.ਫੌਜ ਦੇ ਕਾਫਲੇ ਤੇ ਹਮਲਾ ਹੋਇਗਾ, ਇਹ ਇਨਪੁਟ ਸੀ, ਫੇਰ ਕਾਫਲੇ ਦੀ ਸੁਰੱਖਿਆ ਦਾ ਧਿਆਨ ਕਿਉਂ ਨਹੀਂ ਰੱਖਿਆ ਗਿਆ? ਕੌਣ ਜਿੰਮੇਵਾਰ? ਸੰਬੰਧਿਤ ਅਧਿਕਾਰੀ ਨੂੰ ਤਲਬ ਕੀਤਾ, ਕੋਈ ਜਾਂਚ? ਨਹੀਂ।
2. ਇੰਨਾ ਆਰਡੀਐਕਸ ਆਇਆ ਕਿੱਥੋਂ? ਬਾਰਡਰ ਸਿਕਿਓਰਟੀ ਨੂੰ ਕੋਈ ਸੁਆਲ? ਨਹੀਂ।
3. ਰਾਜਪਾਲ ਨੇ ਮੰਨਿਆ, ਚੂਕ ਹੋਈ। ਕੇਂਦਰ ਨੇ ਅਜੇ ਤੱਕ ਰਿਪੋਰਟ ਮੰਗੀ? ਨਹੀਂ।
4. ਫਿਦਾਈਨ ਬੰਬ ਬਨਣ ਵਾਲਾ ਲੋਕਲ ਕਸ਼ਮੀਰੀ ਮੁੰਡਾ ਸੀ, ਕਿਉਂ ਬਣਿਆ, ਤੇ ਅੱਗੇ ਹੋਰ ਨਾ ਬਨਣ ਇਸ ਲਈ ਕੋਈ ਕਦਮ? ਨਹੀਂ।
5. ਹਮਲੇ ਤੋਂ ਬਾਅਦ ਫੌਜ ਨੂੰ ਕਾਰਵਾਈ ਦੀ ਖੁੱਲੀ ਛੂਟ। ਜੇ ਖੁੱਲੀ ਛੂਟ ਮਸਲੇ ਦਾ ਹੱਲ ਹੈ, ਤਾਂ ਪੌਣੇ ਪੰਜ ਸਾਲ ਤੱਕ ਮੋਦੀ ਨੇ ਛੂਟ ਕਿਉਂ ਨਹੀਂ ਦਿੱਤੀ? ਤੇ ਜੇ ਮਸਲਾ ਸਿਆਸੀ ਹੈ ਤੇ ਹੱਲ ਸਿਆਸੀ ਲੱਭਣਾ ਪਵੇਗਾ ਤਾਂ ਕੀ ਕੋਈ ਕੋਸ਼ਿਸ਼ ਹੋਈ? ਨਹੀਂ।
6. ਜੋ ਮਾਰੇ ਗਏ ਓਹ ਓਹਨਾਂ ਚੋਂ 70% 2004 ਦੇ ਬਾਅਦ ਫੌਜੀ ਬਣੇ ਸੀ ਇਸ ਲਈ ਪੇਂਸ਼ਨ ਚ ਸਮੱਸਿਆ ਹੋਵੇਗੀ। ਨਿਯਮਾਂ ਚ ਕੋਈ ਬਦਲਾਅ ਦੀ ਕਾਰਵਾਈ? ਵਨ ਰੈਂਕ ਵਨ ਪੈਨਸ਼ਨ ਦਾ ਵਾਅਦਾ ਪੂਰਾ ਕੀਤਾ? ਨਹੀਂ।
7. ਇੱਕ ਫੌਜੀ ਨੇ ਬਾਰਡਰ ਤੇ ਦਾਲ ਰੋਟੀ ਚੱਜ ਦੀ ਨਾ ਮਿਲਣ ਤੇ ਫੇਸਬੁਕ ਤੇ ਵੀਡਿਓ ਪਾ ਦਿੱਤੀ ਸੀ। ਕੋਰਟ ਮਾਰਸ਼ਲ ਕਰ ਬਾਹਰ ਕੱਢ ਤਾ। ਸ਼ਿਕਾਇਤ ਦਾ ਕੋਈ ਹੱਲ? ਨਹੀਂ।
8. ਕਸ਼ਮੀਰ ਸਿਆਸੀ ਮਸਲਾ ਹੈ, ਸਿਆਸੀ ਢੰਗ ਨਾਲ ਹੱਲ ਹੋਵੇਗਾ। ਸਾਰੇ ਫੌਜੀ ਪ੍ਰਮੁੱਖਾਂ ਨੇ ਇਹੀ ਕਿਹਾ ਹੈ। ਫੋਜ ਦਾ ਕੰਮ ਸਿਰਫ ਕਾਨੂੰਨ ਵਿਵਸਥਾ ਬਣਾਏ ਰੱਖਣ ਚ ਸਹਾਇਤਾ ਕਰਨਾ ਹੈ। ਫੌਜ ਤਾਂ ਬੱਲਦੀ ਦੇ ਬੂਥੇ ਤੇ ਹੈ, ਸਰਕਾਰ ਆਪਣੀ ਭੂਮਿਕਾ ਨਿਭਾ ਰਹੀ ਹੈ? ਨਹੀਂ।
9. ਕਸ਼ਮੀਰ ਤਾਂ ਅੱਜ ਵੀ ਭਾਰਤ ਨਾਲ ਜੁੜਿਆ ਹੈ, ਪਰ ਕਸ਼ਮੀਰੀ ਨਹੀਂ। ਕੀ ਕਸ਼ਮੀਰੀ ਵੀ ਭਾਰਤ ਨਾਲ ਜੁੜਨ, ਇਸ ਦੀ ਕੋਈ ਕੋਸ਼ਿਸ਼? ਨਹੀਂ।
10. ਕਲਿੰਟਨ ਦੇ ਭਾਰਤ ਆਉਣ ਤੋਂ ਠੀਕ ਪਹਿਲੇ ਛੱਤੀਸਿੰਘਪੁਰਾ ਚ 34 ਸਿੱਖਾਂ ਦੇ ਕਤਲ ਦੀ ਉਂਗਲ ਭਾਰਤੀ ਅਜੇਂਸੀਆਂ ਵੱਲ ਹੀ ਉਠੀ। ਫੌਜ ਦੇ ਸਾਬਕਾ ਲੇਫਟੀਨੇਂਟ ਜਨਰਲ ਨੇ ਇਹ ਮੰਨਿਆ। ਦੋਖੀਆਂ ਖਿਲਾਫ ਕਾਰਵਾਈ? ਨਹੀਂ। ਪਾਕਿਸਤਾਨੀ ਮੀਡੀਆ ਦਾ ਪ੍ਰੋਪੇਗੰਡਾ, ਕੇ ਫਿਦਾਈਨ ਮੁੰਡਾ ਪਹਿਲੇ ਹੀ ਭਾਰਤੀ ਫੌਜ ਦੀ ਕੈਦ ਚ ਸੀ। ਆਪ ਹਮਲਾ ਕਰਵਾਇਆ।ਕੋਈ ਢੁਕਵਾਂ ਜੁਆਬ? ਨਹੀਂ।
ਇਨ੍ਹਾਂ ਸਵਾਲਾਂ ਦੇ ਨਾਲ ਹੀ ਜਰਨੈਲ ਸਿੰਘ ਨੇ ਸਰਕਾਰ ਉੱਤੇ ਇਸ ਘਟਨਾ ਦਾ ਸਿਆਸੀਕਰਨ ਕਰਨ ਦੇ ਦੋਸ਼ ਲਾਉਂਦਿਆਂ ਇਸ ਨੂੰ ਆਉਂਦੀਆਂ ਵਿਧਾਨ ਸਭਾ ਚੋਣਾ ਵਿਚ ਲਾਹਾ ਲੈਣ ਲਈ ਵਰਤਣ ਦੀ ਗੱਲ ਆਖੀ ਹੈ। ਉਨ੍ਹਾਂ ਆਪਣੀ ਪੋਸਟ ਵਿਚ ਲਿਖਿਆ ਹੈ-
“ਜੋ ਹੋਣਾ ਸੀ, ਉਸਦੇ ਬਜਾਇ ਹੋ ਕੀ ਰਿਹਾ ਹੈ? ਆਪਣੀਆਂ ਹੀ ਗੱਡੀਆਂ ਸਾੜੋ, ਬਾਜਾਰ ਧੱਕੇ ਨਾਲ ਬੰਦ ਕਰੋ ਪਰ ਮੋਦੀ, ਅਮਿਤ ਸ਼ਾਹ ਰੈਲੀਆਂ ਕਰਦੇ ਰਹਿਣਗੇ। ਜੋ ਕਸ਼ਮੀਰੀ ਪੜ ਲਿੱਖ ਕੇ ਮੁੱਖਧਾਰਾ ਚ ਜੁੜ ਸਕਦੇ ਨੇ ਓਹਨਾਂ ਨੂੰ ਹੀ ਮਾਰੋ, ਲੋਕ ਸਭਾ ਚੋਣਾਂ ਆ ਰਹੀਆਂ ਨੇ ਇਸ ਲਈ ਧਾਰਮਿਕ ਪਾੜਾ ਹੋਰ ਵਧਾਓ, ਜਿਨ੍ਹਾਂ ਕਸ਼ਮੀਰੀ ਲੀਡਰਾਂ ਦੇ ਹੱਥ ਚ ਬੰਦੂਕ ਨਹੀਂ ਓਹਨਾਂ ਨੂੰ ਵੀ ਨਿਸ਼ਾਨਾ ਬਣਾਓ। ਜਿੱਥੇ ਅਜੇ ਨੌਜਵਾਨ ਹੀ ਪੱਥਰ ਚੁੱਕਦੇ ਨੇ ਓਥੇ ਪੂਰੇ ਸੂਬੇ ਚ ਬਗਾਵਤ ਦੀ ਅੱਗ ਲਾ ਲਵੋ।”
ਦੇਖਣ ਵਾਲੀ ਗੱਲ ਇਹ ਹੈ ਕਿ ਮੋਦੀ ਸਰਕਾਰ ਇਨ੍ਹਾਂ ਸਵਾਲਾਂ ਦੇ ਕੀ ਜਵਾਬ ਦਿੰਦੀ ਹੈ।
ਇਨ੍ਹਾਂ ਸਵਾਲਾਂ ਬਾਰੇ ਤੁਹਾਡੀ ਕੀ ਰਾਇ ਹੈ ਟਿੱਪਣੀ ਰਾਹੀਂ ਜ਼ਰੂਰ ਦੱਸਣਾ।
ਜ਼ੋਰਦਾਰ ਟਾਈਮਜ਼ ਇਕ ਸੁਤੰਤਰ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ, ਧਾਰਮਿਕ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ 25 ਰੁਪਏ ਤੋਂ ਲੈ ਕੇ 10 ਹਜ਼ਾਰ ਤੱਕ ਜਿੰਨੀ ਚਾਹੋਂ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। ਧੰਨਵਾਦ
Leave a Reply