ਨਖ਼ਰੋ ਦੀ ਅੱਖ ਲੜ ਗਈ ਆ ਟੈਮ ਤੇ… ਆਨਲਾਈਨ ਰਹਿੰਦੀ ਕੁੜੀ ਵੈੱਬਕੈਮ ਤੇ…
ਨੱਖ਼ਰੋ ਨੇ ਕਾਲਜਾਂ ਦੇ ਮੁੰਡੇ ਪੱਟ ਤੇ, ਲਾਲਿਆਂ ਦੀ ਕੁੜੀ ਸੈਂਟੀ ਹੋ ਗਈ ਜੱਟ ਤੇ…
ਦਸੰਬਰ 2011 ਦੇ ਆਖ਼ਰੀ ਹਫ਼ਤੇ ਰੌਸ਼ਨ ਪ੍ਰਿੰਸ ਦਾ ਇਹ ਗੀਤ ਬੜੇ ਜੋਰ-ਸ਼ੋਰ ਨਾਲ ਰਿਲੀਜ਼ ਹੋਇਆ ਅਤੇ ਬੜੇ ਧੱੜਲੇ ਨਾਲ ਇਸ ਦਾ ਪ੍ਰਚਾਰ ਕੀਤਾ ਗਿਆ। ਪ੍ਰਚਾਰ ਸ਼ੁਰੂ ਹੁੰਦੇ ਹੀ ਗੀਤ ਦਾ ਚਰਚਾ ਵੀ ਹੋਣ ਲੱਗ ਪਿਆ। ਹੁਣ ਗੀਤ ਦਾ ਚਰਚਾ ਐਨਾ ਹੋ ਰਿਹਾ ਹੈ ਤਾਂ ਇਕ ਵਾਰ ਫੇਰ ਪੜ੍ਹੋ…
ਨਖ਼ਰੋ ਦੀ ਅੱਖ ਲੜ ਗਈ ਆ ਟੈਮ ਤੇ… ਆਨਲਾਈਨ ਰਹਿੰਦੀ ਕੁੜੀ ਵੈੱਬਕੈਮ ਤੇ…
ਨੱਖ਼ਰੋ ਨੇ ਕਾਲਜਾਂ ਦੇ ਮੁੰਡੇ ਪੱਟ ਤੇ, ਲਾਲ ਪਰੀ ਜੇਹੀ ਸੈਂਟੀ ਹੋ ਗਈ ਜੱਟ ਤੇ…
ਹੁਣ ਤੁਸੀ ਸੋਚ ਰਹੇ ਹੋਵੋਗੇ ਕਿ ਬਾਰ-ਬਾਰ ਗੀਤ ਲਿਖਣ ਦਾ ਮਤਲਬ ਕੀ ਹੋਇਆ। ਜੇ ਧਿਆਨ ਨਾਲ ਪੜ੍ਹੋ ਤਾਂ ਉਪਰਲੀਆਂ ‘ਤੇ ਹੇਠਲੀਆਂ ਸਤਰਾਂ ਵਿਚ ਫ਼ਰਕ ਤੁਹਾਨੂੰ ਆਪ ਦਿਖ ਜਾਵੇਗਾ। ਅਸੀ ਦੱਸਣਾ ਇਹ ਚਾਹੁੰਦੇ ਉਪਰਲੇ ਗੀਤ ਦੀ ਆਖ਼ਰੀ ਸਤਰ ਨਾਲ ਸੰਬੰਧਤ ਬਿਰਾਦਰੀ ਦੇ ਵਿਰੋਧ ਤੋਂ ਬਾਅਦ ਰੌਸ਼ਨ ਪ੍ਰਿੰਸ ਨੇ ਆਪਣੇ ਇਸ ਨਵੇਂ ਗੀਤ ਦੇ ਬੋਲ ਬਦਲ ਦਿੱਤੇ ਹਨ ਅਤੇ ਫਟਾਫਟ ਨਵੇਂ ਗੀਤ ਦਾ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ। ਸੂਤਰ ਦੱਸਦੇ ਹਨ ਕਿ ਗੀਤ ਦੇ ਬੋਲ ਸੁਣ ਕਿ ਸੰਬੰਧਤ ਬਿਰਾਦਰੀ ਨੇ ਇਸ ਗੀਤ ਸੰਬੰਧੀ ਰੋਸ ਪ੍ਰਗਟਾਇਆ ਸੀ, ਜਿਸ ਤੋਂ ਬਾਅਦ ਤੁਰੰਤ ਇਸ ਗੀਤ ਦੀ ਇਤਰਾਜ਼ਯੋਗ ਸ਼ਬਦਾਵਲੀ ਨੂੰ ਬਦਲ ਦਿੱਤਾ ਗਿਆ। ਹੁਣ ਇਸ ਗੀਤ ਵਿਚ ਕੁੜੀ ਦੀ ‘ਤਾਰੀਫ’ ਕਿਸੇ ਇਕ ਬਿਰਾਦਰੀ ਦਾ ਨਾਂ ਲੈ ਕੇ ਨਹੀਂ, ਬਲਕਿ ਹਰਮਨਪਿਆਰੀ ਲਾਲ ਪਰੀ (ਸ਼ਰਾਬ) ਕਹਿ ਕੇ ਕੀਤੀ ਜਾ ਰਹੀ ਹੈ। ਸ਼ਾਇਦ ਇਸ ਗੀਤ ਤੇ ਹੁਣ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਵੇਗਾ। ਗੀਤ ਨਾਲ ਸੰਬੰਧਿਤ ਗਾਇਕ ਨੇ ਰੋਸ ਨੂੰ ਧਿਆਨ ਵਿਚ ਰੱਖਦਿਆਂ ਤੁਰੰਤ ਗੀਤ ਵਿਚ ‘ਸੁਧਾਰ’ ਕਰ ਕੇ ਇਕ ਵੱਡਾ ਵਿਵਾਦ ਹੋਣ ਤੋਂ ਟਾਲ ਲਿਆ ਹੈ, ਜਿਸ ਨੂੰ ਇਕ ਸ਼ਲਾਘਾਯੋਗ ਕਦਮ ਹੀ ਕਿਹਾ ਜਾ ਸਕਦਾ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਮੇਂ ਤੋਂ ਗਾਇਕਾਂ ਨੂੰ ਪੰਜਾਬੀ ਗੀਤਾਂ ਵਿਚ ਹਲਕੀ ਸ਼ਬਦਾਵਲੀ ਦੀ ਵਰਤੋਂ ਦੇ ਵਿਰੁੱਧ ਆਮ ਲੋਕਾਂ ਦੇ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੁਝ ਹੀ ਦਿਨ ਪਹਿਲਾਂ ਗਾਇਕ ਦਿਲਜੀਤ ਦੇ ਘਰ ਦੇ ਬਾਹਰ ਔਰਤਾਂ ਨੇ ਧਰਨਾ ਲਾਇਆ ਅਤੇ ਫ਼ਿਰ ਟ੍ਰੈਫਿਕ ਨਿਯਮ ਤੋੜਨ ਲਈ ਉਕਸਾਉਂਣ ਵਾਲੇ ਜਿੱਮੀ ਸ਼ੇਰਗਿੱਲ ਦੀ ਧਰਤੀ ਫ਼ਿਲਮ ਦੇ ਗੀਤ ‘ਗੱਡੀ ਮੋੜਾਂਗੇ’ ਦੇ ਖ਼ਿਲਾਫ਼ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਜਨਹਿੱਤ ਪਟੀਸ਼ਨ ਦਾਇਰ ਹੋਣ ਦਾ ਮਾਮਲਾ ਸੁਰਖੀਆਂ ਵਿਚ ਆਇਆ। ਹੁਣ ਰੌਸ਼ਨ ਪ੍ਰਿੰਸ ਦੇ ਗੀਤ ਦਾ ਮਸਲਾ ਸਾਹਮਣੇ ਆਉਣ ਤੋਂ ਬਾਅਦ ਲੱਗ ਰਿਹਾ ਹੈ ਕਿ ਲੰਬੇ ਸਮੇਂ ਤੋਂ ਚੁੱਪਚਾਪ ਸਭ ਕੁਝ ਵੇਖ-ਸੁਣ ਰਹੇ ਪੰਜਾਬੀਆਂ ਦੇ ਅੰਦਰ ਰੋਹ ਭਰ ਚੁੱਕਾ ਹੈ ਅਤੇ ਹੁਣ ਬਾਹਰ ਆਉਣ ਲਈ ਉਬਾਲੇ ਮਾਰ ਰਿਹਾ ਹੈ। ਇਹ ਤਾਂ ਵਕਤ ਹੀ ਦੱਸੇਗਾ ਇਕ ਇਹ ਲੋਕ ਰੋਹ ਪੰਜਾਬੀ ਸੰਗੀਤ ਅਤੇ ਫ਼ਿਲਮ ਜਗਤ ਵਿਚ ਕੀ ਨਵਾਂ ਮੋੜ ਲਿਆਂਦਾ ਹੈ।
ਤੁਹਾਡਾ ਲੋਕਾਂ ਵਿਚ ਜਾਗੇ ਇਸ ਤਾਜ਼ਾ ਰੋਹ ਬਾਰੇ ਕੀ ਕਹਿਣਾ ਹੈ? ਹੇਠਾਂ ਆਪਣੀ ਟਿੱਪਣੀ ਜ਼ਰੂਰ ਦਿਓ
Leave a Reply