{ਵੀਡੀਉ ਰਿਵਿਯੂ ਹੇਠਾਂ ਹੈ}
ਦੋਵਾਂ ਦੀ ਤੰਦ ਇਕ ਦੂਜੇ ਨਾਲ ਕਿਵੇਂ ਜੁੜਦੀ ਹੈ, ਇਸ ਵਾਸਤੇ ਤੁਹਾਨੂੰ ਫ਼ਿਲਮ ਅੰਤ ਤੱਕ ਦੇਖਣੀ ਪਵੇਗੀ। ਬਹੁਤ ਲੰਮੇ ਅਰਸੇ ਬਾਅਦ ਧੀਰਜ ਰਤਨ ਵਿਚੋਂ ਧੀਰਜ ਰਤਨ ਵਾਲਾ ਫ਼ਿਲਮ ਲੇਖਕ ਨਿਕਲ ਕੇ ਬਾਹਰ ਆਇਆ ਹੈ। ਸ਼ਾਇਦ ਪਹਿਲੀ ਵਾਰ ਪੰਜਾਬੀ ਸਿਨੇਮਾ ਵਿਚ ਕੰਟੈਂਪਰੇਰੀ ਸੋਸ਼ਲ ਇਸ਼ੂ ਉੱਤੇ ਫ਼ਿਲਮ ਦੀ ਕਹਾਣੀ ਘੜੀ ਗਈ ਹੈ।
ਧੀਰਜ ਰਤਨ ਨੇ ਬਹੁਤ ਹੀ ਖ਼ੂਬਸੂਰਤੀ ਨਾਲ ਨੋਟਬੰਦੀ ਦੇ ਮੁੱਦੇ ਨੂੰ ਕਹਾਣੀ ਵਿਚ ਪਿਰੋਇਆ ਹੈ। ਉਨ੍ਹਾਂ ਨੇ ਦਿਖਾਇਆ ਹੈ ਕਿ ਕਿਵੇਂ ਦੇਸ਼ ਵਿਚ ਦੋ ਵਾਰ ਹੋਈ ਨੋਟਬੰਦੀ ਨੇ ਆਮ ਲੋਕਾਂ ਦੀ ਜ਼ਿੰਦਗੀ ਅਤੇ ਰਿਸ਼ਤਿਆਂ ਉੱਤੇ ਅਸਰ ਕੀਤਾ। ਕਿਵੇਂ ਦੋ ਪਿਆਰ ਕਰਨ ਵਾਲੇ ਜੋੜੇ ਨੋਟਬੰਦੀ ਦੀ ਮਾਰ ਵਿਚ ਆ ਕੇ ਅਲੱਗ ਹੋ ਜਾਂਦੇ ਹਨ ਤੇ ਆਖ਼ਰ ਕਿਹੜਾ ਰਸਤਾ ਨਿਕਲਦਾ ਹੈ ਜਿਸ ਰਾਹੀਂ ਉਹ ਮਿਲਦੇ ਹਨ? ਸਮੱਸਿਆ ਧੀਰਜ ਰਤਨ ਦੇ ਸਕਰੀਨ-ਪਲੇਅ ਵਿਚ ਹੈ। ਫ਼ਿਲਮ ਦੀ ਦਮਦਾਰ ਸ਼ੁਰੂਆਤ ਅਤੇ ਕਿਰਦਾਰਾਂ ਦੀ ਕਮਾਲ ਦੀ ਜਾਣ-ਪਛਾਣ ਤੋਂ ਬਾਅਦ ਦਰਸ਼ਕ ਨੂੰ ਸਿਰਫ਼ ਕੌਮੇਡੀ ਪਸੰਦ ਹੈ ਇਸ ਡਰ ਕਰਕੇ ਇਕ ਤੋਂ ਬਾਅਦ ਇਕ ਬੋਲੋੜੇ ਕਾਮੇਡੀ ਸੀਨ ਠੂਸੇ ਗਏ ਹਨ। ਇਹ ਕੌਮੇਡੀ ਸੀਨ ਕਿਤੇ-ਕਿਤੇ ਹਸਾਉਂਦੇ ਵੀ ਹਨ, ਪਰ ਕਹਾਣੀ ਦੀ ਰਫ਼ਤਾਰ ਘੱਟ ਕਰ ਦਿੰਦੇ ਹਨ। ਪਹਿਲੇ ਹਿੱਸੇ ਵੀ ਦਰਸ਼ਕਾਂ ਨੂੰ ਸੋਚਣ ਲਈ ਮਜਬੂਰ ਕਰ ਦੇਣ ਵਾਲੀ ਕੋਈ ਸਮੱਸਿਆ ਖੜ੍ਹੀ ਨਹੀਂ ਹੁੰਦੀ। ਹਾਲੇ ਕੋਈ ਗੱਲ ਬਣਦੀ ਹੋਈ ਨਜ਼ਰ ਨਹੀਂ ਆਉਂਦੀ ਕਿ ਅਚਾਨਕ ਇੰਟਰਵਲ ਆ ਜਾਂਦਾ ਹੈ। ਦੂਸਰੇ ਹਿੱਸੇ ਵਿਚ ਵੀ ਕਾਫ਼ੀ ਲਟਕਾਉਣ ਤੋਂ ਬਾਅਦ ਮੁੱਖ ਸਮੱਸਿਆ ਪੈਦਾ ਹੁੰਦੀ ਹੈ। ਜਿਸ ਨੂੰ ਚਮਤਕਾਰੀ ਢੰਗ ਨਾਲ ਇਕ ਕਿਰਦਾਰ ਆ ਕੇ ਸੁਲਝਾ ਦਿੰਦਾ ਹੈ।
ਬਾਵਜੂਦ ਇਸ ਦੇ ਅੰਤ ਵਿਚ ਕਹਾਣੀ ਦਾਜ ਦੇ ਖ਼ਿਲਾਫ਼ ਇਕ ਜ਼ੋਰਦਾਰ ਸੁਨੇਹਾ ਦੇਣ ਵਿਚ ਸਫ਼ਲ ਹੁੰਦੀ ਹੈ। ਇਹ ਸੁਨੇਹਾ ਵੀ ਦਿੱਤਾ ਗਿਆ ਹੈ ਕਿ ਦਾਜ ਦੇ ਖ਼ਿਲਾਫ਼ ਆਵਾਜ਼ ਚੁੱਕਣ ਲਈ ਲਾੜਿਆਂ ਨੂੰ ਪਹਿਲ ਕਰਨੀ ਚਾਹੀਦੀ ਹੈ। ਤੋਤਲੇਪਨ ਵਰਗੀ ਮਾਮੂਲੀ ਸਮੱਸਿਆ ਕਰਕੇ ਰਿਸ਼ਤੇ ਠੁਕਰਾਉਣ ਦੀ ਸੋਚ ਉੱਤੇ ਵੀ ਫ਼ਿਲਮ ਚੋਟ ਕਰਦੀ ਹੈ।
ਆਉ ਹੁਣ ਗੱਲ ਕਰਦੇ ਹਾਂ ਡਾਇਰੈਕਸ਼ਨ ਦੀ। ਸ਼ਿਤਿਜ ਚੌਧਰੀ ਦੀ ਫ਼ਿਲਮਕਾਰੀ ਵਿਚ ਉਸ ਦੀ ਵੱਖਰੀ ਛਾਪ ਨਜ਼ਰ ਆਉਂਦੀ ਹੈ। 40 ਸਾਲ ਪੁਰਾਣੀ ਕਹਾਣੀ ਨੂੰ ਉਨ੍ਹਾਂ ਡਾਰਕ ਸ਼ੇਡ ਵਿਚ ਦਿਖਾਇਆ ਹੈ, ਜਦ ਕਿ 2016 ਦੀ ਕਹਾਣੀ ਬ੍ਰਾਈਟ ਰੰਗਾਂ ਨਾਲ ਚਮਕਦੀ ਹੋਈ ਨਜ਼ਰ ਆਉਂਦੀ ਹੈ। ਸਾਰੇ ਹੀ ਮੁੱਖ ਕਿਰਦਾਰ ਉਨ੍ਹਾਂ ਨੇ ਬੜੀ ਹੀ ਬਾਰੀਕੀ ਨਾਲ ਪਰਦੇ ’ਤੇ ਉਤਾਰੇ ਹਨ, ਜੋ ਬਿਲਕੁਲ ਆਮ ਜ਼ਿੰਦਗੀ ਦੇ ਕਿਰਦਾਰ ਲੱਗਦੇ ਹਨ। ਪੁਰਾਣੇ ਦੌਰ ਦੇ ਪਿੰਡ ਅਤੇ ਨਵੇਂ ਦੌਰ ਦੇ ਸ਼ਹਿਰ ਦੇ ਦ੍ਰਿਸ਼ਾਂ ਨੂੰ ਉਨ੍ਹਾਂ ਬੜੀ ਖ਼ੂਬਸੂਰਤੀ ਨਾਲ ਪਿਰੋਇਆ ਹੈ। ਦਰਸ਼ਕਾਂ ਨੂੰ ਆਸਾਨੀ ਨਾਲ ਪਤਾ ਲੱਗ ਜਾਵੇ ਕਿ ਕਹਾਣੀ ਕਦੋਂ ਚਾਲ੍ਹੀ ਸਾਲ ਪਿੱਛੇ ਜਾਂਦੀ ਹੈ, ਕਦੋਂ 2016 ਵਿਚ ਵਾਪਸ ਆ ਜਾਂਦੀ ਹੈ, ਇਸ ਗੱਲ ਦਾ ਉਨ੍ਹਾਂ ਪੂਰਾ ਧਿਆਨ ਰੱਖਿਆ ਹੈ। ਪਰ ਕਮਜ਼ੋਰ ਸਕਰੀਨ ਪਲੇਅ ਉਨ੍ਹਾਂ ਦੀ ਪੂਰੀ ਮਿਹਨਤ ਤੇ ਪਾਣੀ ਫੇਰ ਦਿੰਦਾ ਹੈ।
ਹਰੀਸ਼ ਵਰਮਾ ਆਪਣੀ ਕਿਰਦਾਰ ਵਿਚ ਪੂਰੀ ਤਰ੍ਹਾਂ ਉਤਰੇ ਹੋਏ ਨਜ਼ਰ ਆਉਂਦੇ ਹਨ, ਪਰ ਕਿਤੇ-ਕਿਤੇ ਉਨ੍ਹਾਂ ਵਿਚ ਐਨਰਜੀ ਦੀ ਘਾਟ ਰੜਕਦੀ ਹੈ। ਸਿੰਮੀ ਚਾਹਲ ਵੀ ਆਪਣੇ ਕਿਰਦਾਰ ਨੂੰ ਬਖੂਬੀ ਨਿਭਾ ਗਈ ਹੈ। ਭੋਲੇ ਦੇ ਕਿਰਦਾਰ ਵਿਚ ਆਪਣੇ ਭੋਲੇਪਣ ਨਾਲ ਦਿਲ ਜਿੱਤਦੇ ਹਨ ਅਮਰਿੰਦਰ ਗਿੱਲ। ਭਾਵੇਂ ਉਹ ਬਹੁਤ ਸਹਿਜਤਾ ਨਾਲ ਭੋਲੇ ਦਾ ਕਿਰਦਾਰ ਨਿਭਾਉਂਦੇ ਹਨ, ਪਰ ਐਕਸਪ੍ਰੈਸ਼ਨ ਦੇ ਮਾਮਲੇ ਵਿਚ ਹਾਲੇ ਵੀ ਮਿਹਨਤ ਦੀ ਲੋੜ ਨਜ਼ਰ ਆਉਂਦੀ ਹੈ। ਜਸਵਿੰਦਰ ਭੱਲਾ, ਬੀਐਨ ਸ਼ਰਮਾ, ਅਨੀਤਾ ਦੇਵਗਣ, ਸਭ ਆਪਣੀ-ਆਪਣੀ ਰੂਟੀਨ ਅਦਾਕਾਰੀ ਨਾਲ ਮੌਜੂਦ ਹਨ। ਅਨੀਤਾ ਦਾ ਬੇਟਾ ਬਣਿਆ ਮੁਨਿਆਰੀ ਵਾਲਾ ਮੁੰਡਾ ਛਾਪ ਛੱਡਦਾ ਹੈ। ਛਿੰਦੀ ਦੇ ਰੂਪ ਵਿਚ ਅਦਿੱਤੀ ਸ਼ਰਮਾ ਦੇ ਐਕਸਪ੍ਰੈਸ਼ਨ ਬਿਲਕੁਲ ਨੈਚੂਰਲ ਲੱਗਦੇ ਹਨ। ਉਨ੍ਹਾਂ ਨੂੰ ਭਵਿੱਖ ਵਿਚ ਹੋਰ ਵੀ ਚੰਗੇ ਕਿਰਦਾਰਾਂ ਵਿਚ ਦੇਖਣ ਦੀ ਉਮੀਦ ਕੀਤੀ ਜਾ ਸਕਦੀ ਹੈ।
ਗੀਤ-ਸੰਗੀਤ ਦੇ ਮਾਮਲੇ ਵਿਚ ਭੋਲਾਪਣ ਗੀਤ ਰੂਟੀਨ ਫ਼ਿਲਮੀ ਗੀਤਾਂ ਨਾਲੋਂ ਵੱਖਰਾ ਹੈ, ਜੋ ਨੋਟਬੰਦੀ ਤੋਂ ਦੁਖੀ ਲੋਕਾਂ ਦੇ ਮਨ ਦੀ ਗੱਲ ਕਰਦਾ ਹੈ, ਪਰ ਓਵਰਆਲ ਫ਼ਿਲਮ ਦਾ ਸੰਗੀਤ ਬੱਸ ਠੀਕ-ਠਾਕ ਹੈ, ਜਿਸ ਵਿਚ ਚੇਤੇ ਰੱਖੇ ਜਾਣ ਵਾਲਾ ਕੁਝ ਵੀ ਨਹੀਂ। ਜ਼ਿਆਦਾਤਰ ਗੀਤ ਢੁੱਕਵੀਂ ਥਾਵੇਂ ਆਉਂਦੇ ਹਨ ਤੇ ਚਲੇ ਜਾਂਦੇ ਹਨ।
ਫ਼ਿਲਮ ਦੀ ਐਡਿਟਿੰਗ ਹੋਰ ਵੀ ਬਿਹਤਰ ਹੋ ਸਕਦੀ ਸੀ, ਜਿਸ ਨਾਲ ਰਫ਼ਤਾਰ ਤੇਜ਼ ਕੀਤੀ ਜਾ ਸਕਦੀ ਸੀ। ਬੈਕਗ੍ਰਾਊਂਡ ਸਕੋਰ, ਆਰਟ ਡਾਇਰੈਕਸ਼ਨ ਅਤੇ ਰਿਅਲਿਸਟਕ ਲੋਕੇਸ਼ਨਜ਼ ਫ਼ਿਲਮ ਨੂੰ ਅਸਲ ਜ਼ਿੰਦਗੀ ਵਰਗਾ ਮਾਹੌਲ ਦੇਣ ਵਿਚ ਸਫ਼ਲ ਹੁੰਦੇ ਹਨ।
ਵਜ਼ਨਦਾਰ ਸੁਨੇਹੇ ਅਤੇ ਨੋਟਬੰਦੀ ਵਰਗੇ ਸਮਕਾਲੀ ਮਸਲਿਆਂ ਉੱਤੇ ਆਧਾਰਤ ਅਸਲ ਜ਼ਿੰਦਗੀਆਂ ਦੀਆਂ ਸਮੱਸਿਆਵਾਂ ’ਤੇ ਆਧਾਰ ਹੋਣ ਕਰਕੇ ਇਹ ਫ਼ਿਲਮ ਜ਼ਰੂਰ ਦੇਖੀ ਜਾ ਸਕਦੀ ਹੈ। ਇਸ ਵਾਸਤੇ ਇਸ ਫ਼ਿਲਮ ਨੂੰ ਮੇਰੇ ਵੱਲੋਂ ਪੰਜ ਵਿਚੋਂ 2 ਸਟਾਰ…
ਜੇ ਤੁਹਾਨੂੰ ਇਹ ਰਿਵੀਯੂ ਚੰਗਾ ਲੱਗਾ ਤਾਂ ਲਾਈਕ ਜ਼ਰੂਰ ਕਰਨਾ ਅਤੇ ਵੀਡਿਉ ਦੋਸਤਾਂ ਨਾਲ ਸ਼ੇਅਰ ਕਰਨਾ। ਆਪਣਾ ਫ਼ੀਡਬੈਕ ਕਮੈਂਟਸ ਵਿਚ ਦੇਣਾ ਨਾ ਭੁੱਲਣਾ ਤੇ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲੈਣਾ।
ਵੀਡੀਉ ਰੀਵੀਯੂ ਦੇਖਣ ਲਈ ਹੇਠਾਂ ਕਲਿੱਕ ਕਰੋ।
Leave a Reply