2021ਵਿਚ ਰਿਲੀਜ਼ ਫ਼ਿਲਮਾਂ ਦਾ ਲੇਖਾ-ਜੋਖਾ!

ਰਿਲੀਜ਼ ਹੋਈਆਂ 22 ਫ਼ਿਲਮਾਂ ਵਿਚੋਂ 7 ਪਾਸ 15 ਫੇਲ੍ਹ!

********************************

ਇਕਬਾਲ ਸਿੰਘ ਚਾਨਾ/ਕੁਲਦੀਪ ਸਿੰਘ ਬੇਦੀ

********************************
2021 best punjabi films
ਸਾਲ 2021 ਪੰਜਾਬੀ ਸਿਨਮੇ ਲਈ ਕੋਈ ਬਹੁਤ ਵਧੀਆ ਨਹੀਂ ਰਿਹਾ। ਕੇਵਲ ਪੰਜ ਮਹੀਨੇ ਹੀ ਫ਼ਿਲਮਾਂ ਸਿਨਮਿਆਂ ਵਿਚ ਲੱਗੀਆਂ। 7 ਮਹੀਨੇ ਕੋਵਿਡ  ਦੀ ਮਹਾਂਮਾਰੀ ਖਾ ਗਈ। ਅਗਸਤ ਤੋਂ ਲੈ ਕੇ ਦਸੰਬਰ ਤਕ ਪੰਜ ਮਹੀਨਿਆਂ ਵਿਚ ਕੁੱਲ 22 ਫ਼ਿਲਮਾਂ ਰਿਲੀਜ਼ ਹੋਈਆਂ ਜਿਨ੍ਹਾਂ ਵਿਚੋਂ 2 ਸੁਪਰ ਹਿੱਟ, 2 ਹਿੱਟ, 3 ਸੈਮੀ ਹਿੱਟ, 7 ਫਲਾਪ ਤੇ 8 ਸੁਪਰ ਫਲਾਪ ਹੋਈਆਂ। 3 ਸੈਮੀ ਹਿੱਟ  ਫ਼ਿਲਮਾਂ ਅਜਿਹੀਆਂ ਹਨ ਜਿਨ੍ਹਾਂ ਨੇ ਆਪਣਾ ਖ਼ਰਚਾ ਪਾਣੀ ਪੂਰਾ ਕੀਤਾ ਜਾਂ ਥੋੜ੍ਹਾ ਬਹੁਤ ਮੁਨਾਫ਼ਾ ਵੀ ਦਿੱਤਾ। ਸਹੀ ਮਾਅਨਿਆਂ ਵਿਚ ਕੇਵਲ 4 ਫ਼ਿਲਮਾਂ ਨੇ ਪ੍ਰੋਡਿਊਸਰਾਂ ਨੂੰ ਮੁਨਾਫ਼ਾ ਕਮਾ ਕੇ ਦਿੱਤਾ।
ਕਈ ਪੰਜਾਬੀ ਪ੍ਰੋਡਿਊਸਰਾਂ ਨੂੰ ਇਕ ਹੋਰ ਬਿਮਾਰੀ ਲੱਗੀ ਹੋਈ ਹੈ। ਫ਼ਿਲਮ ਰਿਲੀਜ਼ ਹੁੰਦਿਆਂ ਹੀ ਸੋਸ਼ਲ ਮੀਡੀਆ ਤੇ ਪੋਸਟਰ ਪਾਉਣੇ ਸ਼ੁਰੂ ਕਰ ਦਿੰਦੇ ਹਨ ਕਿ ਫ਼ਿਲਮ ਨੇ ਪਹਿਲੇ ਦਿਨ ਏਨੇ ਕਰੋੜ ਕਮਾਏ ਤੇ ਦੂਜੇ ਦਿਨ ਐਨੇ! ਇਹ ਸਾਰੀਆਂ ਫਿਗਰਾਂ ਮਨਘੜਤ ਹੁੰਦੀਆਂ ਹਨ ਤੇ ਇਨ੍ਹਾਂ ਦਾ ਕੋਈ ਸਰੋਤ ਨਹੀਂ ਦੱਸਿਆ ਜਾਂਦਾ। ਸਿਰਫ ਲੋਕਾਂ ਨੂੰ ਬੇਵਕੂਫ ਬਣਾਉਣ ਲਈ ਇਹ ਕੰਮ ਕੀਤਾ ਜਾਂਦਾ ਹੈ ਜਾਂ ਫਿਰ ਕਿਸੇ ਨਵੇਂ ਪ੍ਰੋਡਿਊਸਰ ਜਾਂ ਫਾਈਨੈਂਸਰ ਨੂੰ ਕੁੰਡੀ ਲਾਉਣ ਲਈ ਇਹ ਸਭ ਕੁਝ ਕੀਤਾ ਜਾਂਦਾ ਹੈ। ਇਕ ਫ਼ਿਲਮ ਦੇ ਪ੍ਰੋਡਿਊਸਰ ਨੇ ਇਸ ਸਾਲ ਰਿਲੀਜ਼ ਹੋਈ ਆਪਣੀ ਫਿਲਮ ਦੇ ਹਫਤੇ ਦੀ ਕਮਾਈ ਦਾ ਪੋਸਟਰ ਪੰਜਵੇਂ ਦਿਨ ਹੀ ਸੋਸ਼ਲ ਮੀਡੀਆ ‘ਤੇ ਪੋਸਟ ਕਰ ਦਿੱਤਾ ਸੀ। ਇਸ ਤਰ੍ਹਾਂ ਕਈ ਵੇਰ ਇਨ੍ਹਾਂ ਦਾ ਝੂਠ ਫੜ੍ਹਿਆ ਵੀ ਜਾਂਦਾ ਹੈ। ਵੈਸੇ ‘ਬਾਕਸ ਆਫਿਸ ਇੰਡੀਆ’ ਵਰਗੇ ਇਕ ਦੋ ਵੈੱਬਸਾਈਟਾਂ ਹਨ ਜੋ ਸਹੀ ਕੁਲੇਕਸ਼ਨਾਂ ਦੇਣ ਦੀ ਕੋਸ਼ਿਸ਼ ਕਰਦੀਆਂ ਹਨ। ਪੰਜਾਬੀ ਫ਼ਿਲਮਾਂ ਦੀ ਅਸਲ ਪੁਜ਼ੀਸ਼ਨ ਜਲੰਧਰ ਦੀ ਮੰਡੀ ਰੋਡ ਤੋਂ ਪਤਾ ਚੱਲ ਜਾਂਦੀ ਹੈ ਜੋ ਉੱਤਰੀ ਭਾਰਤ ਵਿਚ ਫ਼ਿਲਮਾਂ ਰਿਲੀਜ਼ ਕਰਨ ਦਾ ਸੈਂਟਰ ਹੈ।

ਬਾਕਸ ਆਫਿਸ ਉੱਤੇ ਫ਼ਿਲਮਾਂ ਦਾ ਲੇਖਾ-ਜੋਖਾ ਪੇਸ਼ ਕਰਨ ਸਮੇਂ  ਇਨ੍ਹਾਂ ਫ਼ਿਲਮਾਂ ਨੂੰ 5 ਹਿੱਸਿਆਂ ਵਿਚ ਵੰਡਿਆ ਹੈ – ਸੁਪਰਹਿੱਟ, ਹਿੱਟ, ਸੈਮੀ ਹਿੱਟ, ਫਲਾਪ ਅਤੇ ਸੁਪਰ ਫਲਾਪ! ਇਹ ਵਿਸ਼ਲੇਸ਼ਣ ਫ਼ਿਲਮ ਤੇ ਬਜਟ ਅਤੇ ਕੁਲੈਕਸ਼ਨ ਤੋਂ ਬਾਅਦ ਦੇ ਨਫ਼ੇ-ਨੁਕਸਾਨ ‘ਤੇ ਆਧਾਰਿਤ ਹੈ। 
2021 best punjabi films

ਸੁਪਰ ਹਿੱਟ (2 ਫਿਲਮ)

ਹੌਸਲਾ ਰੱਖ

ਦਿਲਜੀਤ  ਦੋਸਾਂਝ ਦੀ ਫਿਲਮ ‘ਹੌਂਸਲਾ ਰੱਖ’ ਪਿਛਲੇ ਸਾਲ ਦੀ ਸਭ ਤੋਂ ਵੱਡੀ ਸੁਪਰ ਹਿੱਟ ਫਿਲਮ ਸੀ। ਇਹ ਇਕ ਸਿਚੂਏਸ਼ਨਲ ਕਾਮੇਡੀ ਸੀ। ਇਕ ਤਲਾਕਸ਼ੁਦਾ ਪਤੀ ਆਪਣੇ 6 ਕੁ ਸਾਲ ਦੇ ਬੱਚੇ ਨਾਲ ਆਪਣੇ ਲਈ ਨਵੀਂ ਪਤਨੀ ਅਤੇ ਬੱਚੇ ਲਈ ਨਵੀਂ ਮਾਂ ਦੀ ਤਲਾਸ਼ ਕਰਦਾ ਹੈ। ਇਸੇ ਤਾਣੇ ਬਾਣੇ ਨੂੰ ਲੈ ਕੇ ਇਹ ਹਲਕੀ ਫੁਲਕੀ ਕਾਮੇਡੀ ਦਰਸ਼ਕਾਂ ਨੂੰ ਖੂਬ ਪਸੰਦ ਆਈ। ਫਿਲਮ ਦਾ ਸਕ੍ਰਿਪਟ ਰਾਕੇਸ਼ ਧਵਨ ਨੇ ਲਿਖਿਆ ਸੀ ਤੇ ਡਾਇਰੈਕਸ਼ਨ ਅਮਰਜੀਤ ਸਿੰਘ ਸਰਾਂ ਦੀ ਸੀ। ਫਿਲਮ ਦੇ ਪ੍ਰੋਡਿਊਸਰ ਦਿਲਜੀਤ ਥਿੰਦ ਅਤੇ ਦਿਲਜੀਤ ਦੋਸਾਂਝ ਸਨ। ਦਿਲਜੀਤ ਦੋਸਾਂਝ ਦੇ ਨਾਲ ਦੋ ਹੀਰੋਇਨਾਂ ਸੋਨਮ ਬਾਜਵਾ ਤੇ ਸ਼ਹਿਨਾਜ਼ ਗਿੱਲ ਸਨ।  ਗਿੱਪੀ ਗਰੇਵਾਲ ਦੇ ਬੇਟੇ ਸ਼ਿੰਦੇ ਗਰੇਵਾਲ ਨੇ ਵੀ ਫਿਲਮ ਵਿਚ ਕਮਾਲ ਦਾ ਰੋਲ ਕੀਤਾ ਸੀ। ਫਿਲਮ ਨੇ ਪ੍ਰੋਡਿਊਸਰਾਂ ਨੂੰ ਮੁਨਾਫ਼ੇ ਨਾਲ ਮਾਲੋ ਮਾਲ ਕਰ ਦਿੱਤਾ ਸੀ ਤੇ ਇਹ ਫਿਲਮ 2021 ਦੀ ਸਭ ਤੋਂ ਵੱਡੀ ਹਿੱਟ ਸੀ। ਦਿਲਜੀਤ ਦੋਸਾਂਝ ਨੂੰ ਆਪਣੇ ਸਟਾਰਡਮ ਨੂੰ ਕਾਇਮ ਰੱਖਣ ਦੀ ਪੂਰੀ ਸਮਝ ਹੈ। ਇਸੇ ਲਈ ਉਹ ਆਪਣੀਆਂ ਫ਼ਿਲਮਾਂ ਦੀ ਰਿਲੀਜ਼ ਵਿਚ ਲੰਬਾ ਗੈਪ ਰੱਖਦਾ ਹੈ ਜਦ ਕਿ ਉਸ ਦੇ ਸਮਕਾਲੀ ਸਾਰੇ ਹੀਰੋ ਫਟਾਫਟ ਤਵੇ ਤੋਂ ਰੋਟੀਆਂ ਲਾਹੁਣ ਵਾਂਙ ਧੜਾਧੜ ਫ਼ਿਲਮਾਂ ਦੇਈ ਜਾ ਰਹੇ ਹਨ।

ਚੱਲ ਮੇਰਾ ਪੁੱਤ-2

ਪਿਛਲੇ ਸਾਲ ਦੀ ਇਹ ਦੂਜੀ ਸੱਭ ਤੋਂ ਵੱਡੀ ਹਿੱਟ ਫ਼ਿਲਮ ਸੀ। ਅਮਰਿੰਦਰ ਗਿੱਲ ਦੀ ਕੰਪਨੀ ਵੱਲੋਂ ਬਣਾਈ ਗਈ 2019 ਦੀ ਸੀਰੀਜ਼ ਦੀ ਇਹ ਅਗਲੀ ਕੜੀ ਮਾਰਚ 2020 ਵਿਚ ਰਿਲੀਜ਼ ਹੋਈ ਸੀ ਤੇ ਰਿਲੀਜ਼ ਦੇ ਦੂਜੇ ਦਿਨ ਹੀ ਕੋਵਿਡ ਦੇ ਲਾਕ-ਡਾਊਨ ਕਾਰਨ ਲਾਹੁਣੀ ਪੈ ਗਈ ਸੀ। ਕੋਵਿਡ ਦੀ ਦੂਜੀ ਲਹਿਰ ਦੇ ਖ਼ਾਤਮੇ ਤੋਂ ਬਾਅਦ ਫ਼ਿਲਮ ਨੂੰ ਦੋਬਾਰਾ ਰਿਲੀਜ਼ ਕੀਤਾ ਗਿਆ ਤੇ ਦਰਸ਼ਕਾਂ  ਵੱਲੋਂ ਫ਼ਿਲਮ ਨੂੰ ਖੂਬ ਪਸੰਦ ਕੀਤਾ ਗਿਆ। ਇਸ ਫ਼ਿਲਮ ਦਾ ਡਾਇਰੈਕਟਰ ਵੀ ਪਹਿਲੀ ਫਿਲਮ ਵਾਲਾ ਜਨਜੋਤ ਸਿੰਘ ਹੈ ਤੇ ਸਟਾਰਕਾਸਟ ਵੀ ਪਹਿਲੀ ਫ਼ਿਲਮ ਵਾਲੀ ਹੀ ਹੈ। ਅਮਰਿੰਦਰ ਗਿੱਲ, ਸਿੰਮੀ ਚਾਹਲ, ਇਫ਼ਤਿਖ਼ਾਰ ਠਾਕੁਰ, ਨਾਸਿਰ ਚਿਣਯੋਟੀ, ਅਕਰਮ ਉਧਾਸ ਨਾਲ ਦੂਜੇ ਪਾਰਟ ਵਿਚ ਗੈਰੀ ਸੰਧੂ ਤੇ ਪਾਕਿਸਤਾਨੀ ਕਲਾਕਾਰ ਜਾਫ਼ਰੀ ਖ਼ਾਨ ਤੇ ਰੂਬੀ ਅਨਾਮ ਵੀ ਸ਼ਾਮਿਲ ਕੀਤੇ ਗਏ ਸਨ। ਇਹ ਫ਼ਿਲਮ ਵੀ ਇੰਗਲੈਂਡ ਵਿਚ ਗਏ ਹੋਏ ‘ਫੌਜੀਆਂ’ (ਇੰਗਲੈਂਡ ਵਿਚ ਲੁਕ ਛਿਪ ਕੇ ਰਹਿਣ ਵਾਲੇ ਨੌਜਵਾਨਾਂ ਨੂੰ ਫੌਜੀ ਕਿਹਾ ਜਾਂਦਾ ਹੈ) ਦੀਆਂ ਇਮੀਗ੍ਰੇਸ਼ਨ ਦੀਆਂ ਸਮੱਸਿਆਵਾਂ ‘ਤੇ ਅਧਾਰਿਤ ਸੀ।

ਹਿੱਟ (2 ਫ਼ਿਲਮਾਂ)

ਤੁਣਕਾ ਤੁਣਕਾ

ਲਾਕ ਡਾਊਨ ਤੋਂ ਬਾਅਦ ਜਦ ਪੰਜਾਬੀ ਫ਼ਿਲਮਾਂ ਨੇ ਸਿਨਮਿਆਂ ਤੇ ਦਸਤਕ ਦਿੱਤੀ ਤਾਂ ਸਭ ਤੋਂ ਪਹਿਲੀ ਰਿਲੀਜ਼ ਹੋਣ ਵਾਲੀ ਫ਼ਿਲਮ ‘ਤੁਣਕਾ ਤੁਣਕਾ’ ਸੀ। ਫ਼ਿਲਮ ਆਮ ਪੰਜਾਬੀ ਫ਼ਿਲਮਾਂ ਦੀ ਲੀਕ ਤੋਂ ਹੱਟ ਕੇ ਸੀ।  ਫ਼ਿਲਮ ਦੀ ਕਹਾਣੀ ਇਕ ਐਸੇ ਨੌਜਵਾਨ ਦੀ ਸੰਘਰਸ਼-ਗਾਥਾ ਸੀ ਜੋ ਸਾਈਕਲਿੰਗ ਵਿਚ ਚੈਂਪੀਅਨ ਬਣਨਾ ਚਾਹੁੰਦਾ ਹੈ ਪਰ ਅਚਾਨਕ ਕੈਂਸਰ ਦਾ ਸ਼ਿਕਾਰ ਹੋ ਜਾਂਦਾ ਹੈ। ਹੁਣ ਉਸ ਨੂੰ ਦੋ ਲੜਾਈਆਂ ਲੜਨੀਆਂ ਪੈਦੀਆਂ ਹਨ – ਇੱਕ ਕੈਂਸਰ ਤੇ ਜਿੱਤ ਹਾਸਿਲ ਕਰਨੀ ਤੇ ਦੂਜੀ ਸਾਈਕਲਿੰਗ ਵਿਚ ਫਤਿਹ ਹਾਸਿਲ ਕਰਨਾ।  ਕਹਾਣੀ ਵਿਚ ਸਭ ਕੁਝ ਸੁਭਾਵਿਕ ਵਾਪਰਦਾ ਹੈ। ਫ਼ਿਲਮ ਦਾ ਹੀਰੋ ਤੇ ਮੁਖ ਕਰਤਾ ਧਰਤਾ ਹਰਦੀਪ ਗਰੇਵਾਲ ਹੈ ਤੇ ਡਾਇਰੈਕਟਰ ਗੈਰੀ ਖ਼ਤਰਾਓ ਹੈ। ਫ਼ਿਲਮ ਵਿਚ ਕਲਾਕਾਰਾਂ ਦੀ ਬਹੁਤੀ ਭੀੜ ਵੀ ਨਹੀਂ। ਹਰਦੀਪ ਗਰੇਵਾਲ ਅਤੇ ਸਰਦਾਰ ਸੋਹੀ ਦੀ ਕਮਾਲ ਦੀ ਐਕਟਿੰਗ ਦੇਖਣ ਨੂੰ ਮਿਲਦੀ ਹੈ। 

ਪੁਆੜਾ

2021 ਦੀ ਐਮੀ ਵਿਰਕ ਦੀ ਰਿਲੀਜ਼ ਹੋਈ ਪਹਿਲੀ ਫਿਲਮ ‘ਪੁਆੜਾ’ ਵੀ ਸਿਨਮਾ ਖਿੜਕੀ ਤੇ ਹਿੱਟ ਰਹੀ। ਐਮੀ ਵਿਰਕ ਅਤੇ ਸੋਨਮ ਬਾਜਵਾ ਦੀ ਬੜੀ ਵੱਡੀ ਫੈਨ-ਫੌਲੋਇੰਗ ਹੈ ਤੇ ਦੋਹਾਂ ਦੀ ਹਲਕੀ ਫੁਲਕੀ ਕਾਮੇਡੀ ਨੂੰ ਵੇਖਣ ਲਈ ਸਿਨਮਿਆਂ ਤੇ ਦਰਸ਼ਕਾਂ ਦੀ ਵੱਡੀ ਭੀੜ ਦੇਖਣ ਨੂੰ ਮਿਲੀ। ਰੁਪਿੰਦਰ ਚਾਹਲ ਨੇ ਇਹ ਫਿਲਮ ਡਾਇਰੈਕਟ ਕੀਤੀ ਸੀ। 

ਸੈਮੀ ਹਿੱਟ (3 ਫ਼ਿਲਮਾਂ)

ਸੈਮੀ ਹਿੱਟ ਫ਼ਿਲਮਾਂ ਵਿਚ ਉਹ ਫ਼ਿਲਮਾਂ ਸ਼ਾਮਿਲ ਹਨ ਜਿਨ੍ਹਾਂ ਨੇ ਪ੍ਰੋਡਿਊਸਰਾਂ ਦਾ ਖਰਚਾ ਪਾਣੀ ਪੂਰਾ ਕੀਤਾ ਤੇ ਥੋੜ੍ਹਾ ਬਹੁਤ ਮੁਨਾਫ਼ਾ ਵੀ ਦਿੱਤਾ। ਮਤਲਬ ਕਿ ਇਹ ਫ਼ਿਲਮਾਂ ਘਾਟੇ ਦਾ ਸੌਦਾ ਨਹੀਂ ਰਹੀਆਂ ਸਨ। 

ਚੱਲ ਮੇਰਾ ਪੁੱਤ 3

ਚੱਲ ਮੇਰਾ ਪੁੱਤ -2 ਤੋਂ ਮਹੀਨਾ ਬਾਅਦ ਹੀ ਅਮਰਿੰਦਰ ਗਿੱਲ ਐਂਡ ਕੰਪਨੀ ਦੀ ਇਸੇ ਲੜੀ ਵਿਚ ਤੀਜੀ ਫ਼ਿਲਮ ‘ਚੱਲ ਮੇਰਾ ਪੁੱਤ 3” ਵੀ ਰਿਲੀਜ਼ ਹੋ ਗਈ। ਫ਼ਿਲਮ ਨੂੰ ਜ਼ਬਰਦਸਤ ਓਪਨਿੰਗ ਲੱਗੀ ਸੀ ਤੇ ਲੱਗਦਾ ਸੀ ਕਿ ਸੁਪਰ ਹਿੱਟ ਰਹੇਗੀ। ਪਰ ਵੀਕਐਂਡ ਤੋਂ ਬਾਅਦ ਸੋਮਵਾਰ ਨੂੰ ਹੀ ਸਭ ਕੁਝ ਠੁੱਸ ਹੋ ਗਿਆ ਸੀ। ਧੂਹ-ਘੜੀਸ  ਕਰ ਕੇ ਫ਼ਿਲਮ ਅੰਤ ਵਿਚ ਪ੍ਰੋਡਿਊਸਰਾਂ ਦੇ ਪੈਸੇ ਪੂਰੇ ਕਰਨ ਵਿਚ ਕਾਮਯਾਬ ਹੋ ਗਈ ਸੀ। ਪਹਿਲੀਆਂ ਦੋ ਕੜੀਆਂ ਨਾਲੋਂ ਇਸ ਦਾ ਗ੍ਰਾਫ਼ ਕਾਫ਼ੀ ਹੇਠਾਂ ਆ ਗਿਆ ਸੀ ਤੇ ਨਵਾਂ ਕੁਝ ਵੀ ਨਹੀਂ ਸੀ। ਇਸ ਸੀਰੀਜ਼ ਦੀਆਂ ਪਹਿਲੀਆਂ ਦੋ ਕੜੀਆਂ ਵਾਲੇ ਜਨਜੋਤ ਸਿੰਘ ਨੇ ਹੀ ਇਸ ਨੂੰ ਡਾਇਰੈਕਟ ਕੀਤਾ ਸੀ। ਪਤਾ ਲੱਗਿਆ ਹੈ ਕਿ ਫਿਲਮ ਦੇ ਪ੍ਰੋਡਿਊਸਰ ਇਸ ਦਾ ਚੌਥਾ ਭਾਗ ਬਣਾਉਣ ਲਈ ਵੀ ਕਾਹਲੇ ਹਨ। ਅਸੀਂ ਤਾਂ ਅਮਰਿੰਦਰ ਗਿੱਲ ਨੂੰ ਇਹੀ ਸਲਾਹ ਦੇਵਾਂਗੇ ਕਿ ਬਹੁਤ ਹੋ ਗਿਆ, ਹੁਣ ਇਸ ਕੰਸੈਪਟ ਦਾ ਖਹਿੜਾ ਛੱਡ ਹੀ ਦੇਵੇ ਤਾਂ ਚੰਗਾ ਹੋਵੇਗਾ। ਉਹ ਬਾਕੀਆਂ ਨਾਲੋਂ ਹੱਟ ਕੇ ਵੱਖਰੇ ਵਿਸ਼ਿਆਂ ‘ਤੇ ਫ਼ਿਲਮਾਂ ਬਣਾਉਣ ਵਾਲੇ ਫ਼ਿਲਮਕਾਰਾਂ ਵਿਚ ਗਿਣਿਆ ਜਾਂਦਾ ਹੈ। ਹੁਣ ਫਿਰ ਕੁਝ ਵੱਖਰਾ ਕਰਨ ਦੀ ਉਮੀਦ ਰਹੇਗੀ ਉਸ ਕੋਲੋਂ! ਕੁਝ ਸਮਾਂ ਪਹਿਲਾਂ ਅਸੀਂ ਵਿਆਹਾਂ ‘ਤੇ ਫ਼ਿਲਮਾਂ ਬਣਾਉਣ ਵਾਲਿਆਂ ਨੂੰ ਵੀ ਬਥੇਰਾ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਹੁਣ ਇਸ ਟੌਪਿਕ ਨੂੰ ਬਖਸ਼ ਦੇਣ।  ਪਰ ਸੁਣਦਾ ਕੌਣ ਹੈ? ਬਾਅਦ ਵਿਚ ਕੀ ਹਸ਼ਰ ਹੋਇਆ ਸਾਰੇ ਜਾਣਦੇ ਹਨ!

ਕਿਸਮਤ 2

ਕਿਸਮਤ ਵਰਗੀ ਲਾਜਵਾਬ ਫ਼ਿਲਮ ਦੀ ਸਫ਼ਲਤਾ ਤੋਂ ਬਾਅਦ ਫ਼ਿਲਮ ਦੇ ਲੇਖਕ ਡਾਇਰੈਕਟਰ ਜਗਦੀਪ ਸਿੱਧੂ ਵੀ ਓਸੇ ਲਕੀਰ ਦਾ ਫ਼ਕੀਰ ਬਣ ਗਿਆ ਜੋ ਬਾਕੀ ਪੰਜਾਬੀ ਫਿਲਮਕਾਰ ਬਣੀ ਫਿਰਦੇ ਹਨ। ‘ਕਿਸਮਤ-2’ ਪਹਿਲਾਂ ਵਾਲੀ ‘ਕਿਸਮਤ’ ਦਾ ਸੀਕੁਅਲ ਨਹੀਂ ਸੀ। ਪਹਿਲਾਂ ਵਾਲੀ ਸਟਾਰਕਾਸਟ ਲੈ ਲਈ ਤੇ ਕਹਾਣੀ ਵੀ ਪਹਿਲੀ ਨਾਲ ਮਿਲਦੀ ਜੁਲਦੀ ਘੜ ਲਈ ਗਈ। ਪਰ ਇਹ ਸਿਰਫ ਭੁਲੇਖਾ ਪਾਉਣ ਤੋਂ ਇਲਾਵਾ ਕੁਛ ਨਹੀਂ ਸੀ। ਨਾ ਤਾਂ ਇਸ ਫਿਲਮ ਵਿਚ ਪਹਿਲਾਂ ਵਰਗੇ ਭਾਵੁਕ ਪਲ ਸਨ ਤੇ ਨਾ ਹੀ ਮਜ਼ੇਦਾਰ ਕਾਮੇਡੀ। ਸਰਗੁਣ ਮਹਿਤਾ ਤੇ ਐਮੀ ਵਿਰਕ ਵੀ ਕੁਝ ਜਿਆਦਾ ਹੀ ਓਵਰ ਲੱਗੇ। ਫਿਰ ਵੀ ਐਮੀ ਤੇ ਸਰਗੁਣ ਦੀ ਫੈਨ-ਫਾਲੋਵਿੰਗ ਕਰਕੇ ਫ਼ਿਲਮ ਥੋੜ੍ਹਾ ਬਹੁਤ ਚੱਲ ਗਈ।  ਫ਼ਿਲਮ ‘ਤੇ ਹੋਏ ਖ਼ਰਚੇ ਅਤੇ ਕੁਲੈਕਸ਼ਨ ਦਾ ਹਿਸਾਬ ਕਿਤਾਬ ਕਰਨ ਤੇ ਇਸ ਫਿਲਮ ਨੂੰ ਸੈਮੀ ਹਿੱਟ ਆਖਿਆ ਜਾ ਸਕਦਾ ਹੈ। 

ਵਾਰਨਿੰਗ

ਅਸੀਂ ਦੋਹਾਂ (ਇਕਬਾਲ ਚਾਨਾ ਤੇ ਕੁਲਦੀਪ ਬੇਦੀ) ਨੇ ‘ਵਾਰਨਿੰਗ’ ਫ਼ਿਲਮ ਮੁੰਬਈ ਦੇ ਇਕ ਮਲਟੀਪਲੈਕਸ ਵਿਚ ਦੇਖੀ ਸੀ। ਸਾਡੇ ਦੋਹਾਂ ਤੋਂ ਇਲਾਵਾ ਸਿਨਮੇ ਵਿਚ ‘ਸਵਾ ਲੱਖ’ ਦਰਸ਼ਕ ਹੀ ਸੀ। ਫ਼ਿਲਮ ਵਿਚ ਗੰਦੀਆਂ ਗਾਹਲਾਂ ਤੇ ਅਪ-ਸ਼ਬਦਾਂ ਦੀ ਭਰਮਾਰ ਸੀ ਤੇ ਫ਼ਿਲਮ ਪਰਿਵਾਰ ਸਮੇਤ ਵੇਖਣ ਦੇ ਬਿਲਕੁਲ ਕਾਬਿਲ ਨਹੀਂ ਸੀ। ਫਿਰ ਵੀ ਫ਼ਿਲਮ ਖਿੱਚ-ਧੂਹ ਕੇ ਪੈਸੇ ਪੂਰੇ ਕਰਨ ਵਿਚ ਸਫਲ ਹੋ ਗਈ ਕਿਉਂਕਿ ਦਰਸ਼ਕਾਂ ਵਿਚ ਇਕ ਵਰਗ ਮਡ੍ਹੀਰ ਦਾ ਵੀ ਹੁੰਦਾ ਹੈ ਜਿਨ੍ਹਾਂ ਨੂੰ ਇਸ ਤਰ੍ਹਾਂ ਦਾ ਗਾਹਲਾਂ ਭਰਪੂਰ ਮਸਾਲਾ ਪਸੰਦ ਆਉਂਦਾ ਹੈ। ਪਰ ਇਹੋ ਜਿਹੀਆਂ ਫ਼ਿਲਮਾਂ ਪਰਿਵਾਰਿਕ ਸਿਨਮੇ ਲਈ ਘਾਤਿਕ ਸਾਬਿਤ ਹੋ ਸਕਦੀਆਂ ਹਨ ਤੇ ਪੰਜਾਬੀ ਸਿਨਮਾ ਫਿਰ ਹਾਸ਼ੀਏ ਵੱਲ ਨੂੰ ਤੁਰ ਸਕਦਾ ਹੈ। ਹਾਲਾਂਕਿ ਫ਼ਿਲਮ ਦੇ ਪ੍ਰੋਡਿਊਸਰ ਗਿੱਪੀ ਗਰੇਵਾਲ ਤੇ ਐਕਟਰਾਂ ਨੇ ਸੋਸ਼ਲ ਮੀਡੀਆ ਤੇ ਅਗਲਾ ਪਾਰਟ ਬਣਾਉਣ ਦੀਆਂ ਬੜ੍ਹਕਾਂ ਵੀ ਮਾਰੀਆਂ ਸਨ। ਫ਼ਿਲਮ ਦੀ ਇਕੋ ਇਕ ਪ੍ਰਾਪਤੀ ਐਕਟਰ ਪ੍ਰਿੰਸ ਕੰਵਲਜੀਤ ਹੈ ਜਿਸ ਨੂੰ ਪੂਰਾ ਐਕ੍ਸਪੋਜ਼ਰ ਮਿਲਿਆ ਤੇ ਉਸ ਨੇ ਆਪਣੇ ਆਪ ਨੂੰ ਇਕ ਵਧੀਆਂ ਐਕਟਰ ਸਾਬਿਤ ਕਰ ਦਿੱਤਾ ਹੈ। 

ਫਲਾਪ (7 ਫ਼ਿਲਮਾਂ)

ਪਿਛਲੇ ਸਾਲ ਕਈ ਵੱਡੀਆਂ ਵੱਡੀਆਂ ਫ਼ਿਲਮਾਂ ਸਿਨਮਾ ਖਿੜਕੀ ‘ਤੇ ਮੂਧੇ ਮੂੰਹ ਡਿੱਗੀਆਂ ਹਨ। ਇਨ੍ਹਾਂ ਵਿਚੋਂ 2 ਫ਼ਿਲਮਾਂ ਅੱਜ ਦੇ ਵੱਡੇ ਸਟਾਰ ਗਿੱਪੀ ਗਰੇਵਾਲ ਦੀਆਂ ਹਨ। 

ਪਾਣੀ ‘ਚ ਮਧਾਣੀ

4 ਨਵੰਬਰ ਨੂੰ ਗਿੱਪੀ ਗਰੇਵਾਲ ਤੇ ਨੀਰੂ ਬਾਜਵਾ ਦੀ ਬਹੁ-ਚਰਚਿਤ ਫ਼ਿਲਮ ‘ਪਾਣੀ ਚ ਮਧਾਣੀ’ ਰਿਲੀਜ਼ ਹੋਈ। ਫ਼ਿਲਮ ਨਾਲ ਬਹੁਤ ਵੱਡੇ-ਵੱਡੇ ਨਾਮ ਜੁੜੇ ਹੋਏ ਸਨ। ਗਿੱਪੀ ਤੇ ਨੀਰੂ ਤੋਂ ਬਿਨਾਂ ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਹਾਰਬੀ ਸੰਘਾ, ਨਿਰਮਲ ਰਿਸ਼ੀ, ਇਫ਼ਤਿਖ਼ਾਰ ਠਾਕੁਰ ਅਤੇ ਰੁਪਿੰਦਰ ਰੂਪੀ ਜਿਹੇ ਨਾਮ ਜੁੜੇ ਹੋਏ ਸਨ। ਫ਼ਿਲਮ ਦਾ ਡਾਇਰੈਕਟਰ ‘ਹਰਜੀਤਾ’ ਅਤੇ ‘ਗੁੱਡੀਆਂ ਪਟੋਲੇ’ ਵਾਲਾ ਵਿਜੈ ਕੁਮਾਰ ਅਰੋੜਾ ਸੀ। ਫਿਰ ਵੀ ਫ਼ਿਲਮ ਚੱਲੀ ਨਹੀਂ! ਇਸ ਪੀਰੀਅਡ ਫ਼ਿਲਮ ਵਿਚ 1980 ਦੇ ਦਹਾਕੇ ਵਾਲੇ ਗਾਇਕਾਂ ਦੀ ਮਾਲੀ ਹਾਲਤ ਦਾ ਵਿਸ਼ਾ ਚੁੱਕਿਆ ਗਿਆ ਸੀ ਪਰ ਇੰਟਰਵਲ ਦੇ ਬਾਅਦ ਸਾਰੀ ਫ਼ਿਲਮ ਇੰਗਲੈਂਡ ਦੇ ਕਬਰਿਸਤਾਨ ਵਿਚ ਘੁਮਾ ਕੇ ਸਭ ਗੁੜ-ਗੋਬਰ ਕਰ ਦਿੱਤਾ ਗਿਆ। ਫ਼ਿਲਮ ਦੇ ਖ਼ਰਚੇ ਦੇ ਹਿਸਾਬ ਨਾਲ ਟਿਕਟ ਖਿੜਕੀ ਤੇ ਕਮਾਈ ਨਹੀਂ ਹੋ ਸਕੀ ਤੇ ਫ਼ਿਲਮ 2021 ਦੀਆਂ ਅਸਫਲ ਫ਼ਿਲਮਾਂ ਦੀ ਸ਼੍ਰੇਣੀ ਵਿਚ ਚਲੀ ਗਈ!

ਸ਼ਾਵਾ ਨੀ ਗਿਰਧਾਰੀ ਲਾਲ

17 ਦਸੰਬਰ ਨੂੰ ਰਿਲੀਜ਼ ਹੋਈ ਗਿੱਪੀ ਗਰੇਵਾਲ ਦੀ ਫਿਲਮ ‘ਸ਼ਾਵਾ ਨੀ ਗਿਰਧਾਰੀ ਲਾਲ’ ਪਿਛਲੇ ਸਾਲ ਰਿਲੀਜ਼ ਹੋਣ ਵਾਲੀ ਪੰਜਾਬੀ ਦੀ ਆਖ਼ਰੀ ਫ਼ਿਲਮ ਸੀ। ਹੀਰੋ ਦੇ ਨਾਲ-ਨਾਲ ਫਿਲਮ ਦਾ ਡਾਇਰੈਕਟਰ ਵੀ ਗਿੱਪੀ ਹੀ ਸੀ। ਫ਼ਿਲਮ ਦੇ ਪ੍ਰੋਡਿਊਸਰਾਂ ਵਿਚ ਵਾਸੂ ਭਗਨਾਨੀ ਤੇ ਮੁਨੀਸ਼ ਸਾਹਨੀ ਜਿਹੇ ਦਿੱਗਜ ਸ਼ਾਮਿਲ ਸਨ। ਦਾਅਵੇ ਵੀ ਬਹੁਤ ਵੱਡੇ-ਵੱਡੇ ਕੀਤੇ ਗਏ ਸਨ ਕਿ ਫ਼ਿਲਮ ਵਿਚ ਪੰਜਾਬੀ ਦੇ 52 ਵੱਡੇ ਐਕਟਰ ਨਜ਼ਰ ਆਉਣਗੇ! ਵਾਕਿਆ ਹੀ ਫ਼ਿਲਮ ਵਿਚ ਕਲਾਕਾਰਾਂ ਦੀ ਲੰਬੀ ਚੌੜੀ ਭੀੜ ਸੀ। ਪਰ ਦੋ ਚਾਰ ਨੂੰ ਛੱਡ ਕੇ ਬਾਕੀ ਸਾਰੇ ਐਕਸਟਰਾ ਬਣਾ ਕੇ ਰੱਖ ਦਿੱਤੇ ਗਏ ਸਨ। ਸਕ੍ਰਿਪਟ ਨਾਮ ਦੀ ਕੋਈ ਚੀਜ਼ ਸੀ ਹੀ ਨਹੀਂ! ਉਂਜ ਇਹ ਪੀਰੀਅਡ ਫ਼ਿਲਮ ਆਖੀ ਗਈ ਸੀ ਪਰ ਇਸ ਦੀਆਂ ਲੋਕੇਸ਼ਨਾਂ, ਪਾਤਰ ਤੇ ਕਹਾਣੀ ਸਭ ਕੁਝ ਨਕਲੀ ਜਿਹਾ ਸੀ। ਇਹ ਫ਼ਿਲਮ ਗਿੱਪੀ ਦੀ ਅਸਫ਼ਲਤਾ ਦੀ ਹੈਟ-ਟ੍ਰਿਕ ਸੀ। ਲਾਕ-ਡਾਊਨ ਤੋਂ ਪਹਿਲਾਂ ਉਸ ਦੀ ਫਿਲਮ ‘ਡਾਕਾ’ ਵੀ ਦਰਸ਼ਕਾਂ ਦੀਆਂ ਜੇਬਾਂ ਤੇ ਡਾਕਾ ਨਹੀਂ ਮਾਰ ਸਕੀ ਸੀ। ਹੁਣ ਉਸ ਨੂੰ ਇਕ ਹਿੱਟ ਦੀ ਬੜੀ ਸਖ਼ਤ ਲੋੜ ਹੈ!

ਮੂਸਾ ਜੱਟ

ਸਿੱਧੂ ਮੂਸੇਵਾਲੇ ਨੇ ਵੀ ਪਿਛਲੇ ਸਾਲ ਐਕਟਰ ਬਣਨ ਦਾ ਚਾਅ ਲਾਹ ਲਿਆ ਸੀ। ਉਸ ਦੀ ਪਹਿਲੀ ਫ਼ਿਲਮ  ‘ਮੂਸਾ ਜੱਟ’ 8 ਅਕਤੂਬਰ ਨੂੰ ਬੜੇ ਸ਼ੋਰ ਸ਼ਰਾਬੇ ਨਾਲ ਰਿਲੀਜ਼ ਹੋਈ ਪਰ ਦਰਸ਼ਕਾਂ ਨੇ ਬੁਰੀ ਤਰ੍ਹਾਂ ਨਕਾਰ ਦਿੱਤੀ। 

ਯਾਰ ਅਣਮੁੱਲੇ ਰਿਟਰਨਜ਼

ਕਈ ਸਾਲ ਪਹਿਲਾਂ ਆਈ ਡਾਇਰੈਕਟਰ ਅਨੁਰਾਗ ਸਿੰਘ ਦੀ ਫਿਲਮ ‘ਯਾਰ ਅਣਮੁੱਲੇ’ ਸਿਨਮਾ ਖਿੜਕੀ ਤੇ ਬੜੀ ਵੱਡੀ ਹਿੱਟ ਸਾਬਿਤ ਹੋਈ ਸੀ। ਇਸੇ ਕੜੀ ਦੀ ਤੀਜੀ ਫਿਲਮ ‘ਯਾਰ ਅਣਮੁੱਲੇ ਰਿਟਰਨਜ਼’ ਪਿਛਲੇ ਸਾਲ 10 ਸਤੰਬਰ ਨੂੰ ਰਿਲੀਜ਼ ਹੋਈ ਸੀ। ਦੂਜਾ ਪਾਰਟ ਵੀ ਉਂਜ ਸੱਤ ਕੁ ਸਾਲ ਪਹਿਲਾਂ ਆਇਆ ਸੀ ਤੇ ਅੱਖ ਦੀ ਝਪਕੀ ਵਾਂਗ ਸਿਨਮਿਆਂ ਨੂੰ ਛੋਹ ਕੇ ਪਤਾ ਨਹੀਂ ਕਿੱਥੇ ਗ਼ਾਇਬ ਹੋ ਗਿਆ ਸੀ। ਇਸ ਵਾਰ ਇਸ ਤੀਜੇ ਪਾਰਟ ‘ਚ ਦੋ ਹੀਰੋ ਹਰੀਸ਼ ਵਰਮਾ ਅਤੇ ਯੁਵਰਾਜ ਹੰਸ ਪਹਿਲੇ ਪਾਰਟ ਵਾਲੇ ਹੀ ਸਨ ਤੇ ਆਰਿਆ ਬੱਬਰ ਦੀ ਥਾਂ ਗਾਇਕ ਪ੍ਰਭ ਗਿੱਲ ਨੂੰ ਲਿਆ ਗਿਆ। ਡਾਇਰੈਕਟਰ ਹੈਰੀ ਭੱਟੀ ਸੀ। ਪਰ ਗੱਲ ਬਣ ਨਾ ਸਕੀ। ਡਾਇਰੈਕਟਰ ਹੈਰੀ ਭੱਟੀ ਦੀਆਂ ਅਸਫਲ ਫ਼ਿਲਮਾਂ ਵਿਚ ਇਕ ਹੋਰ ਦਾ ਵਾਧਾ ਹੋ ਗਿਆ।

ਫੁੱਫੜ ਜੀ

ਫੁੱਫੜਾਂ ਤੇ ਜੀਜਿਆਂ ਨੂੰ ਹਾਲੇ ਵੀ ਸਾਡੇ ਫ਼ਿਲਮਕਾਰ ਬਖਸ਼ ਨਹੀਂ ਰਹੇ। ਡਾਇਰੈਕਟਰ ਪੰਕਜ ਬਤਰਾ ਨੇ ਕੀ ਸੋਚ ਕੇ ‘ਫੁੱਫੜ ਜੀ’ ਫ਼ਿਲਮ ਬਣਾਈ, ਇਹ ਤਾਂ ਉਹੀ ਜਾਣਦਾ ਹੋਵੇਗਾ ਪਰ ਦਰਸ਼ਕ ਸ਼ਾਇਦ ਫ਼ਿਲਮ ਰਿਲੀਜ਼ ਹੋਣ ਤੋਂ ਪਹਿਲਾਂ ਹੀ ਫ਼ੈਸਲਾ ਕਰੀ ਬੈਠੇ ਸਨ ਕਿ ਫ਼ਿਲਮ ਨਹੀਂ ਵੇਖਣੀ! ਬੀਨੂੰ ਢਿੱਲੋਂ ਤੇ ਗੁਰਨਾਮ ਭੁੱਲਰ ਜਿਹੇ ਸਟਾਰ ਹੋਣ ਦੇ ਬਾਵਜੂਦ ਇਸ ਘਟੀਆ ਕਾਮੇਡੀ ਵਾਲੀ ਫ਼ਿਲਮ ਨੇ ਟਿਕਟ ਖਿੜਕੀ ‘ਤੇ ਪਾਣੀ ਤੱਕ ਨਹੀਂ ਮੰਗਿਆ।

ਤੀਜਾ ਪੰਜਾਬ

ਲੇਖਕ ਤੇ ਡਾਇਰੈਕਟਰ ਅੰਬਰਦੀਪ ਸਿੰਘ ਕਈ ਸਫਲ ਫ਼ਿਲਮਾਂ ਪੰਜਾਬੀ ਸਿਨਮੇ ਨੂੰ ਦਿੱਤੀਆਂ ਹਨ ਪਰ ਐਕਟਿੰਗ ਦਾ ਕੀੜਾ ਉਸ ਨੂੰ ਫਿਰ ਹਾਸ਼ੀਏ ਵੱਲ ਧੱਕ ਦਿੰਦਾ ਹੈ। ਇਸ ਵਾਰ ਉਸ ਨੇ ਕਿਸਾਨ ਅੰਦੋਲਨ ਨੂੰ ਕੈਸ਼ ਕੁਰਨ ਲਈ ਫਟਾਫਟ ‘ਤੀਜਾ ਪੰਜਾਬ’ ਬਣਾ ਕੇ ਦਰਸ਼ਕਾਂ ਅੱਗੇ ਪ੍ਰੋਸ ਦਿੱਤੀ। ਇਹ ਭੁੱਲ ਹੀ ਗਿਆ ਕਿ ਅੰਦੋਲਨਾਂ ‘ਤੇ ਫ਼ਿਲਮਾਂ ਬਣਾਉਣਾ ਆਸਾਨ ਕੰਮ ਨਹੀਂ ਹੁੰਦਾ। ਉਸ ਨੂੰ ਲੱਗਿਆ ਕਿ ਕਿਸਾਨ ਅੰਦੋਲਨ ਦੇ ਵਿਸ਼ੇ ਤੇ ਫ਼ਿਲਮ ਬਣਾ ਕੇ ਉਹ ਬਤੌਰ ਹੀਰੋ ਵੀ ਕਬੂਲ ਕਰ ਲਿਆ ਜਾਵੇਗਾ। ਪਰ ਨਾ ਖ਼ੁਦਾ ਹੀ ਮਿਲਾ ਨਾ ਵਿਸਾਲੇ ਸਨਮ!

ਇੱਕੋ ਮਿੱਕੇ

ਸਤਿੰਦਰ ਸਰਤਾਜ ਦੀ ਫਿਲਮ ‘ਇੱਕੋ ਮਿੱਕੇ’ ਤੇ ਅਮਰਿੰਦਰ ਗਿੱਲ ਦੀ ‘ਚੱਲ ਮੇਰਾ ਪੁੱਤ 2’ ਮਾਰਚ 2020 ਵਿਚ ਰਿਲੀਜ਼ ਹੋਈਆਂ ਤਾਂ ਇੱਕੋ ਦਿਨ ਚੱਲਣ ਪਿੱਛੋਂ ਲਾਹੁਣੀਆਂ ਪੈ ਗਈਆਂ ਸਨ ਕਿਉਂਕਿ ਕਰੋਨਾ ਲਾਕ-ਡਾਊਨ ਲੱਗ ਜਾਣ ਕਾਰਨ ਸਿਨਮੇ ਬੰਦ ਹੋ ਗਏ ਸਨ! ਹੁਣ ਡੇਢ ਸਾਲ ਬਾਅਦ ਦੋਨੋ ਰਿਲੀਜ਼ ਹੋਈਆਂ ਤਾਂ ਅਮਰਿੰਦਰ ਗਿੱਲ ਦੀ ਫਿਲਮ ਹਿੱਟ ਰਹੀ ਜਦ ਕਿ ‘ਇੱਕੋ ਮਿੱਕੇ’ ਦਰਸ਼ਕ ਨਹੀਂ ਜੁਟਾ ਪਾਈ। ਹਾਲਾਂਕਿ ਫਿਲਮ ਦਾ ਗੀਤ ਸੰਗੀਤ ਬੜਾ ਸੁਰੀਲਾ ਸੀ।

ਸੁਪਰ ਫਲਾਪ (8 ਫ਼ਿਲਮਾਂ)

ਮਰਜਾਣੇ

ਅਮਰਦੀਪ ਗਿੱਲ ਦੀ ਫ਼ਿਲਮ ‘ਮਰਜਾਣੇ’ ਪਿਛਲੇ ਸਾਲ ਦੀ ਸੁਪਰ ਫਲਾਪ ਫ਼ਿਲਮ ਸੀ। ਇਹ ਉਸ ਦੀਆਂ ਫਲਾਪ ਫ਼ਿਲਮਾਂ ਦੀ ਹੈਟ-ਟ੍ਰਿਕ ਸੀ। ਇਸ ਤੋਂ ਪਹਿਲਾਂ ਉਸਦੀਆਂ ਦੋਨੋਂ ਫ਼ਿਲਮਾਂ ‘ਜੋਰਾ ਦਸ ਨੰਬਰੀਆ’ ਅਤੇ ‘ਜੋਰਾ… ਸੈਕੰਡ ਚੈਪਟਰ’ ਵੀ ਟਿਕਟ ਖਿੜਕੀ ‘ਤੇ ਮੂਧੇ ਮੂੰਹ ਡਿੱਗੀਆਂ ਸਨ। ਗੀਤ ਲੇਖਕ ਉਹ ਬਹੁਤ ਵਧੀਆ ਹੈ ਪਰ ਸਕ੍ਰਿਪਟ ਲਿਖਣ ਤੇ ਗੀਤ ਲਿਖਣ ਵਿਚ ਬੜਾ ਫ਼ਰਕ ਹੁੰਦਾ ਹੈ। ਕੇਵਲ ਹਥਿਆਰਾਂ ਦੀਆਂ ਬੇ ਸਿਰ ਪੈਰ ਦੀਆਂ ਗੱਲਾਂ ਕਰ ਕੇ ਫ਼ਿਲਮ ਸਫ਼ਲ ਨਹੀਂ ਬਣਾਈ ਜਾ ਸਕਦੀ, ਇਸ ਗੱਲ ਦਾ ਅਹਿਸਾਸ ਸ਼ਾਇਦ ਉਸ ਨੂੰ ਹੋ ਗਿਆ ਹੋਵੇਗਾ।

ਥਾਣਾ ਸਦਰ

ਇਸੇ ਤਰ੍ਹਾਂ ਸ਼ਾਇਦ ਕਰਤਾਰ ਚੀਮਾ ਨੂੰ ਵੀ ਅਹਿਸਾਸ ਹੋ ਗਿਆ ਹੋਣਾ ਕਿ ਹਥਿਆਰਾਂ ਦੀ ਠਾਹ-ਠੂਹ ਕਰਕੇ ਫ਼ਿਲਮ ਸਫ਼ਲ ਨਹੀਂ ਹੋ ਸਕਦੀ। ਉਹ ਵੀ ਹੁਣ ਤਕ ਹਥਿਆਰਾਂ ਵਾਲੀਆਂ ਫ਼ਿਲਮਾਂ ਹੀ ਦੇ ਰਿਹਾ ਹੈ ਹਾਲਾਂਕਿ ਐਕਟਰ ਉਹ ਬੜਾ ਵਧੀਆ ਹੈ। ਪਿਛਲੇ ਸਾਲ ਆਈ ਉਸ ਦੀ ਫਿਲਮ ‘ਥਾਣਾ ਸਦਰ’ ਨੂੰ ਵੀ ਦਰਸ਼ਕਾਂ ਨੇ ਬੁਰੀ ਤਰ੍ਹਾਂ ਨਕਾਰ ਦਿੱਤਾ ਸੀ।

ਯੈਸ ਆਈ ਐਮ ਸਟੂਡੈਂਟ

ਸਿੱਧੂ ਮੂਸੇਵਾਲੇ ਦੀ ਪਹਿਲੀ ਫ਼ਿਲਮ ਦਾ ਬੋਝ ਹਾਲੇ ਦਰਸ਼ਕਾਂ ਨੇ ਪੂਰੀ ਤਰ੍ਹਾਂ ਝੱਲਿਆ ਵੀ ਨਹੀਂ ਸੀ ਕਿ 2 ਹਫ਼ਤੇ ਬਾਅਦ ਉਹ ਦੂਜੀ ਫ਼ਿਲਮ ‘ਯੈਸ ਆਈ ਐਮ ਸਟੂਡੈਂਟ’ ਲੈ ਕੇ 22 ਅਕਤੂਬਰ ਨੂੰ ਫਿਰ ਸਿਨਮਿਆਂ ‘ਚ ਆ ਗਿਆ। ਪਹਿਲਾਂ ਨਕਲੀ ਜਿਹਾ ਜੱਟ ਤੇ ਹੁਣ ਢਿੱਲੜ ਤੇ ਲੋਲੜ੍ਹ ਜਿਹਾ ਸਟੂਡੈਂਟ। ਦਰਸ਼ਕ ਕਿਵੇਂ ਕਬੂਲ ਕਰਦੇ? ਖ਼ੈਰ ਫਰਸ਼ਕਾਂ ਨੇ ਫ਼ਿਲਮ ਸਿਰਿਓਂ ਨਕਾਰ ਦਿੱਤੀ। ਮੂਸੇਵਾਲੇ ਨੂੰ ਵੀ ਗਾਇਕੀ ਅਤੇ ਐਕਟਿੰਗ ਦਾ ਫ਼ਰਕ ਸਮਝ ਆ ਗਿਆ ਹੋਣਾ! ਗਾਣੇ ਵਿਚ ਤਾਂ ਅੰਗਰੇਜ਼ੀ ਜੰਤਰਾਂ-ਮੰਤਰਾਂ ਨਾਲ ਆਵਾਜ਼ ਅੱਪ-ਡਾਊਨ ਕਰ ਲਈ ਜਾਂਦੀ ਹੈ ਪਰ ਐਕਟਿੰਗ ਵਿਚ ਤਾਂ ਆਵਾਜ਼ ਆਪਣੇ ਸੰਘ ਚੋਂ ਹੀ ਕੱਢਣੀ ਪੈਂਦੀ ਹੈ। ਏਨੀ ਗੱਲ ਤਾਂ ਗਾਇਕ ਜੀ ਨੂੰ ਸਮਝ ਆ ਹੀ ਗਈ ਹੋਣੀ!

ਕੁੜੀਆਂ ਜਵਾਨ ਬਾਪੂ ਪ੍ਰੇਸ਼ਾਨ

ਕਰਮਜੀਤ ਅਨਮੋਲ ਦੇ ਕੇਂਦਰੀ ਰੋਲ ਵਾਲੀ ਅਵਤਾਰ ਸਿੰਘ ਦੀ ਡਾਇਰੈਕਟ ਕੀਤੀ ਫ਼ਿਲਮ ‘ਕੁੜੀਆਂ ਜਵਾਨ ਬਾਪੂ ਪ੍ਰੇਸ਼ਾਨ’ ਵੀ ਬੁਰੀ ਤਰ੍ਹਾਂ ਫਲਾਪ ਹੋ ਗਈ ਸੀ। ਪਿਛਲੇ ਸਾਲ ਜਦ ਕਰੋਨਾ ਦਾ ਦੂਜਾ ਭਿਅੰਕਰ ਦੌਰ ਸ਼ੁਰੂ ਹੋ ਚੁੱਕਾ ਸੀ ਤਾਂ ਉਸ ਸਮੇਂ ਅਪ੍ਰੈਲ ਵਿਚ ਫ਼ਿਲਮ ਰਿਲੀਜ਼ ਕਰਨ ਦਾ ਪੰਗਾ ਕਿਉਂ ਲਿਆ ਗਿਆ, ਇਹ ਫ਼ਿਲਮ ਵਾਲੇ ਹੀ ਦੱਸ ਸਕਦੇ ਹਨ।

ਪਿੰਕੀ ਮੋਗੇ ਵਾਲੀ-2

ਕਈ ਸਾਲ ਪਹਿਲਾਂ ਆਈ ‘ਪਿੰਕੀ ਮੋਗੇ ਵਾਲੀ’ ਨੀਰੂ ਬਾਜਵਾ ਜਿਹੀ ਹੀਰੋਇਨ ਹੋਣ ਦੇ ਬਾਵਜੂਦ ਬੁਰੀ ਤਰ੍ਹਾਂ ਫਲਾਪ ਹੋ ਗਈ ਸੀ। ਤੇ ਸਾਡੇ ਪੰਜਾਬੀ ਭਰਾਵਾਂ ਨੇ ਕੀ ਸੋਚ ਕੇ ‘ਪਿੰਕੀ ਮੋਗੇ ਵਾਲੀ-2’ ਬਣਾਈ, ਸਮਝ ਤੋਂ ਬਾਹਰ ਦੀ ਗੱਲ ਹੈ। ਉਹ ਵੀ ਨਵੀਂ ਸਟਾਰਕਾਸਟ ਲੈ ਕੇ! ਖੈਰ… after all we are Punjabis☺️!  ਫਿਲਮ ਦਾ ਹਸ਼ਰ ਤਾਂ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ।

ਉੱਚਾ ਪਿੰਡ

ਕਈ ਸਾਲ ਪਹਿਲਾਂ ਸੁਖਜਿੰਦਰ ਸ਼ੇਰਾ ਨੇ ਰਾਜ ਬੱਬਰ, ਪ੍ਰੀਤੀ ਸਪਰੂ ਤੇ ਬੀ ਐੱਨ ਸ਼ਰਮਾ ਨੂੰ ਲੈ ਕੇ ‘ਉੱਚਾ ਪਿੰਡ’ ਡਾਇਰੈਕਟ ਕੀਤੀ ਸੀ ਜੋ ਬੁਰੀ ਤਰ੍ਹਾਂ ਫਲਾਪ ਹੋਈ ਸੀ। ਤੇ ਪਿਛਲੇ ਸਾਲ ਇਸੇ ਫਲਾਪ ਟਾਈਟਲ ਤੇ ਹਰਜੀਤ ਰਿੱਕੀ ਦੀ ਫ਼ਿਲਮ ‘ਉੱਚਾ ਪਿੰਡ’ ਆਈ ਜਿਸ ਵਿਚ ਪੂਨਮ ਸੂਦ, ਨਵਦੀਪ ਕਲੇਰ, ਸਰਦਾਰ ਸੋਹੀ ਤੇ ਆਸ਼ੀਸ਼ ਦੁੱਗਲ ਜਿਹੇ ਕਲਾਕਾਰ ਸਨ। ਫ਼ਿਲਮ ਬੁਰੀ ਤਰ੍ਹਾਂ ਫਲਾਪ ਰਹੀ। ਪਹਿਲੀ ਵਾਲੀ ਤਾਂ ਧੂਹ-ਖਿੱਚ ਕੇ ਹਫ਼ਤਾ-ਡੇਢ ਹਫ਼ਤਾ ਚੱਲ ਹੀ ਗਈ ਸੀ ਪਰ ਇਸ ਵਾਲੀ ਨੇ ਤਾਂ ਸਿਨਮਿਆਂ ਵਿਚ ਚੱਜ ਨਾਲ 2 ਦਿਨ ਵੀ ਨਹੀਂ ਕੱਟੇ। ਹਰਜੀਤ ਰਿੱਕੀ ਦੀਆਂ ਡਾਇਰੈਕਟ ਕੀਤੀਆਂ ਕਈ ਫ਼ਿਲਮਾਂ ਫਲਾਪ ਹੋ ਚੁੱਕੀਆਂ ਹਨ ਪਰ ਕਾਮਯਾਬ ਅਜੇ ਤੱਕ ਕੋਈ ਵੀ ਨਹੀਂ ਹੋ ਸਕੀ।

ਕਦੇ ਹਾਂ ਕਦੇ ਨਾਂਹ

ਇਕ ਹੋਰ ਗਾਇਕ ਸਿੰਗਾ ਨੂੰ ਲੈ ਕੇ ਬਣੀ ਡਾਇਰੈਕਟਰ ਸੁਨੀਲ ਠਾਕੁਰ ਦੀ ਫਿਲਮ ‘ਕਦੇ ਹਾਂ ਕਦੇ ਨਾਂਹ’ 3 ਦਸੰਬਰ ਨੂੰ ਰਿਲੀਜ਼ ਹੋਈ ਸੀ। ਕਦੋਂ ਲੱਗੀ ਤੇ ਕਦੋਂ ਉੱਤਰ ਗਈ, ਪਤਾ ਹੀ ਨਹੀਂ ਚੱਲਿਆ!

ਕਾਕਾ ਪ੍ਰਧਾਨ

ਇੱਕ ਹੋਰ ਫਿਲਮ ਆਈ ਸੀ ‘ਕਾਕਾ ਪ੍ਰਧਾਨ’ ! 10 ਦਸੰਬਰ ਨੂੰ ਰਿਲੀਜ਼ ਹੋਈ ਸੀ ਪਰ ਦੂਜੇ ਦਿਨ ਹੀ ਲੱਗਭੱਗ ਸਾਰੇ ਸਿਨਮਿਆਂ ਚੋਂ ਗ਼ਾਇਬ ਸੀ। ਕੁਝ ਫ਼ਿਲਮਾਂ ਕੁਝ ਲੋਕ ਇਹੋ ਜਿਹੀਆਂ ਬਣਾਉਂਦੇ ਹਨ ਜੋ ਸਾਰੀ ਉਮਰ ਖ਼ੁਦ ਹੀ ਦੇਖ-ਦੇਖ ਕੇ ਖ਼ੁਸ਼ ਹੁੰਦੇ ਰਹਿੰਦੇ ਹਨ। ਵੈਸੇ ਇਸ ਫ਼ਿਲਮ ਦਾ ਟਰੇਲਰ ਵੀ ਦੱਸਦਾ ਸੀ ਕਿ ਫ਼ਿਲਮ ਬਣਾਉਣ ਵੇਲੇ ਗੋਲਾ ਬਾਰੂਦ ਕਾਫੀ ਫੂਕਿਆ ਗਿਆ ਸੀ!☺️
-ਇਕਬਾਲ ਸਿੰਘ ਚਾਨਾ/ ਕੁਲਦੀਪ ਸਿੰਘ ਬੇਦੀ
ਜ਼ੋਰਦਾਰ ਟਾਈਮਜ਼ ਇਕ ਸੁਤੰਤਰ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ, ਧਾਰਮਿਕ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ ਹੇਠਾਂ ਦਿੱਤੇ ਅਨੁਸਾਰ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। ਧੰਨਵਾਦ

ਸਹਿਯੋਗ ਰਾਸ਼ੀ ਦੇਣ ਲਈ ਦਿੱਤੀ ਗਈ ਰਕਮ ਦਾ ਬਟਨ ਨੱਪੋ

ਵਿਦੇਸ਼ਾਂ ਤੋਂ ਸਹਿਯੋਗ ਰਾਸ਼ੀ ਭੇਜਣ ਲਈ +918727987379 ਨੰਬਰ ‘ਤੇ ਵੱਟਸ ਐਪ ਕਰੋ।

ਜ਼ੋਰਦਾਰ ਟਾਈਮਜ਼ ਇਕ ਸੁਤੰਤਰ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਇਮਾਨਦਾਰੀ, ਨਿਰਪੱਖਤਾ, ਨਿਡਰਤਾ ਤੇ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ।

ਇਸ ਤਰ੍ਹਾਂ ਦੀਆਂ ਹੋਰ ਲਿਖਤਾਂ ਲਈ ਸਾਡੇ ਨਾਲ ਫੇਸਬੁੱਕ, ਵੱਟਸ-ਐਪ ’ਤੇ ਇੰਸਟਾਗ੍ਰਾਮ ’ਤੇ ਜੁੜੋ। ਜਿਸ ਐਪ ’ਤੇ ਸਾਡੇ ਨਾਲ ਜੁੜਨਾ ਚਾਹੋ, ਉਸ ਐਪ ਦੇ ਨਾਮ ’ਤੇ ਕਲਿੱਕ ਕਰੋ।


Updated:

in

,

by

Tags:

Comments

Leave a Reply

error: ਕਾਪੀ ਕਰਨਾ ਮਨ੍ਹਾਂ ਹੈ। ਲਿਖਤ ਪ੍ਰਾਪਤ ਕਰਨ ਲਈ ਈ-ਮੇਲ ਕਰੋ zordartimes@gmail.com