ਰੇਡੀਓ ਸ਼ੋਅ – ਇੱਧਰਲੀਆਂ ਉੱਧਰਲੀਆਂ ਬਖ਼ਸ਼ਿੰਦਰੀਆਂ – 9

0 0
Read Time:13 Minute, 3 Second
zordar-times-punjabi-logo

ਸੀਨੀਅਰ ਪੱਤਰਕਾਰ ਬਖ਼ਸ਼ਿੰਦਰ ਦਾ ਤਾਜ਼ਾ ਖ਼ਬਰਾਂ ਬਾਰੇ ਠੇਠ ਪੰਜਾਬੀ ਬੋਲੀ ਵਿਚ ਤਬਸਰਾ ਕਰਦਾ ਰੇਡੀਓ ਪ੍ਰੋਗਰਾਮ ਇੱਧਰੀਆਂ ਓੱਧਰਲੀਆਂ ਬਖ਼ਸ਼ਿੰਦਰੀਆਂ ਦਾ ਛੇਵਾਂ ਐਪੀਸੋਡ ਹਾਜ਼ਰ ਹੈ।

ਸੁਰਖ਼ੀਆਂ

ਇਸ ਐਪੀਸੋਡ ਵਿਚ ਬਖ਼ਸ਼ਿੰਦਰ ਨੇ ਇਸ ਹਫ਼ਤੇ ਕੁਝ ਚਰਚਾ ਵਿਚ ਰਹੀਆਂ ਤੇ ਵਿਵਾਦਤ ਖ਼ਬਰਾਂ ਦੀ ਭੀੜ ਵਿਚ ਗੁਆਚ ਗਈ ਕੁਝ ਖ਼ਬਰਾਂ ਬਾਰੇ ਤਬਸਰਾ ਆਪਣੇ ਬਖ਼ਸ਼ਿੰਦਰੀ ਅੰਦਾਜ਼ ਵਿਚ ਤਬਸਰਾ ਕੀਤਾ ਹੈ। ਇਨ੍ਹਾਂ ਵਿਚ ਕੁਝ ਪ੍ਰਮੁੱਖ ਸੁਰਖ਼ੀਆਂ ਦਾ ਵੇਰਵਾ ਇੱਥੇ ਦਿੱਤਾ ਜਾ ਰਿਹਾ ਹੈ।

  • ਕਰਜ਼ੇ ਬਦਲੇ ਧੀਆਂ ਦਾ ਸੌਦਾ!
  • ਜੈਕੁਲੀਨ ਫਰਨਾਡੇਜ਼ ਕਿਉਂ ਹੋਣਾ ਚਾਹੁੰਦੀ ਹੈ ਫ਼ਰਾਰ?
  • ਪਤੀ-ਪਤਨੀ ਨੇ ਹਨੀ ਟ੍ਰੈਪ ਲਾ ਕੇ ਲੁੱਟੇ ਕਰੋੜਾਂ
  • ਫੌਜੀ ਨੇ ਸਾਥੀਆਂ ਸਾਹਮਣੇ ਘਰਵਾਲੀ ਨਾਲ ਕੀਤਾ ਧੱਕਾ
  • ‘ਤੇ ਉਸ ਨੂੰ ਦੇ ਦਿੱਤਾ 11 ਗਰਾਮ ਦਾ ਦਿਲ!
  • ਬਿਜਲੀ ਦੇ ਖੰਭੇ ਥੱਲੇ ਪੜ੍ਹਦੀ ਬਾਲੜੀ ਦਾ ਵੀਡੀਓ ਵਾਇਰਲ
  • ਅਦਾਲਤ ਵੱਲੋਂ ਸੱਪ ਦੀ ਸੇਵਾ ਦੇ ਹੁਕਮ
  • ਫ਼ਿਲਮਕਾਰ ਸਾਜਿਦ ਖ਼ਾਨ ਖ਼ਿਲਾਫ਼ ਹੀਰੋਇਨਾਂ ਕਿਉਂ ਭੜਕੀਆਂ?
  • ਟੀਵੀ ਟਾਵਰ ਹੋਇਆ ਕੰਡਮ

ਖ਼ਬਰਾਂ ਦਾ ਪੂਰਾ ਤਬਸਰਾ ਸੁਣਨ ਲਈ ਹੇਠਾਂ ਜਾ ਕੇ ਪਲੇਅ ਬਟਨ ਦਬਾਓ

ਸੁਣੋ ਰੇਡੀਓ ਪ੍ਰੋਗਰਾਮ ਇੱਧਰੀਲਆਂ ਓੱਧਰਲੀਆਂ ਬਖ਼ਸ਼ਿੰਦਰੀਆਂ – ਐਪੀਸੋਡ – 9

ਬਖ਼ਸ਼ਿੰਦਰ ਦੇ ਬਾਕੀ ਲੇਖ ਪੜ੍ਹਨ ਤੇ ਰੇਡੀਓ ਪ੍ਰੋਗਰਾਮ ਸੁਣਨ ਲਈ ਕਲਿੱਕ ਕਰੋ

ਟੀਵੀ ਟਾਵਰ ਹੋਇਆ ਕੰਡਮ

ਜਲੰਧਰ ਦੀ ਨਕੋਦਰ ਰੋਡ ਉੱਤੇ 1979 ਵਿਚ ਟੀਵੀ ਪ੍ਰੋਗਰਾਮਾਂ ਦੀ ਪਹੁੰਚ ਸੌ-ਸੌ ਕਿਲੋਮੀਟਰ ਦੂਰ ਤਕ ਕਰਾਉਣ ਲਈ ਬਣਾਇਆ ਹੋਇਆਂ ਟੀਵੀ ਟਾਵਰ, 31 ਅਕਤੂਬਰ ਨੂੰ, 43 ਸਾਲ ਦੀ ਹੀ ਸੇਵਾ ਮਗਰੋਂ ਨਿਕੰਮਾ ਕਰਾਰ ਦੇ ਦਿੱਤਾ ਗਿਆ ਏ।
ਇਸ ਖੜ੍ਹੇ-ਖੜੋਤੇ ਟੀਵੀ ਟਾਵਰ ਨੂੰ ਢਾਹ ਲੈਣ ਦੀ ਵਜ੍ਹਾ ਇਹ ਦੱਸੀ ਜਾਂਦੀ ਹੈ ਕਿ ਹੁਣ ਟੀਵੀ ਦੇ ਪ੍ਰੋਗਰਾਮ, ਡਿਜੀਟਲ ਹੋ ਗਏ ਨੇ ਤੇ ਹੁਣ ਉਹ, ਡਿਸ਼ ਟੀਵੀ ਤੇ ਐਪਸ ਦੀ ਸਹਾਇਤਾ ਨਾਲ਼ ਹੀ ਜਹਾਨ ਭਰ ਚ ਪਹੁੰਚਾਏ ਜਾ ਸਕਦੇ ਨੇ।
ਹੁਣ 800 ਫੁੱਟ ਯਾਨੀ 225 ਮੀਟਰ ਦੇ ਕਰੀਬ ਉੱਚਾ ਇਹ ਬੁਰਜ ਦਰਸ਼ਨੀ ਭਲਵਾਨ ਬਣਿਆ ਦਰਸ਼ਨ ਦਿੰਦਾ ਰਹੇਗਾ।

ਕਰਜ਼ੇ ਬਦਲੇ ਧੀਆਂ ਦਾ ਸੌਦਾ!

ਦਿੱਲੀ ਇਸਤਰੀ ਕਮਿਸ਼ਨ ਦੀ ਮੁਖੀ ਸਵਾਤੀ ਮਾਲੀਵਾਲ, ਜੋ ਅਕਸਰ ਇਹ ਕਹਿੰਦੀ ਹੀ ਰਹਿੰਦੀ ਹੈ ਕਿ ਰਾਜਸਥਾਨ ਵਿਚ ਕੁੜੀਆਂ ਨਿਲਾਮ ਕੀਤੀਆਂ ਜਾਣਾ ਜਾਰੀ ਹੈ, ਨੇ ਪਿਛਲੇ ਦਿਨੀਂ, ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੂੰ ਇਕ ਚਿੱਠੀ ਲਿਖੀ ਏ।
ਇਸ ਚਿੱਠੀ ਵਿਚ ਉਨ੍ਹਾਂ ਨੇ ਲਿਖਿਆ ਹੈ ਕਿ ਰਾਜਸਥਾਨ ਦੇ ਦਰਜਨਾਂ ਜ਼ਿਲਿਆਂ ਵਿਚ ਛੋਟੀ ਉਮਰ ਦੀਆਂ ਕੁੜੀਆਂ ਨਿਲਾਮ ਕੀਤੀਆਂ ਜਾਂਦੀਆਂ ਹਨ ਤੇ ਇਹ ਕੁਕਰਮ ਰੋਕੇ ਜਾਣ ਦੇ ਪ੍ਰਬੰਧ ਕੀਤੇ ਜਾਣੇ ਬਣਦੇ ਹਨ।
ਰਾਜਸਥਾਨ ਵਿਚ ਜਦੋਂ ਵੀ ਦੋ ਧਿਰਾਂ ਵਿਚਾਲੇ ਕਿਸੇ ਰਕਮ ਦਾ ਭੁਗਤਾਨ ਫਸ ਜਾਂਦਾ ਹੈ ਤਾਂ ਉਸ ਦੀ ਵਸੂਲ਼ੀ ਕਰਨ ਲਈ, ਅੱਠ ਤੋਂ ਅਠਾਰਾਂ ਸਾਲ ਦੀਆਂ ਕੁੜੀਆਂ ਖੁੱਲ੍ਹੇ ਆਮ ਨਿਲਾਮ ਕੀਤੀਆਂ ਜਾਂਦੀਆਂ ਹਨ।
ਅਮਿਤ ਭਾਰਦਵਾਜ ਨਾਂ ਦੇ ਇਕ ਪੱਤਰਕਾਰ ਨੇ ਆਪਣੀ ਇਕ ਰਿਪੋਰਟ, ਵਿਚ ਇਹ ਲਿਖਿਆ ਹੋਇਆ ਏ ਕਿ ਸਵਾਤੀ ਮਾਲੀਵਾਲ ਵੱਲੋਂ ਮੁੱਖ ਮੰਤਰੀ ਨੂੰ ਇਹ ਚਿੱਠੀ ਲਿਖੀ ਜਾਣ ਤੋਂ ਇਕ ਦਿਨ ਪਹਿਲਾਂ ਹੀ ਰਾਜਸਥਾਨ ਦੇ ਕਈ ਜ਼ਿਲਿਆਂ ਵਿਚ, ਅਸ਼ਟਾਮਾਂ ਉੱਤੇ ਲਿਖ-ਲਿਖਾਈ ਕਰ ਕੇ, ਬਹੁਤ ਸਾਰੀਆਂ ਕੁੜੀਆਂ ਦੀ ਵੇਚ-ਵੱਟ ਕੀਤੀ ਗਈ ਏ।
ਇੱਥੇ ਹੀ ਬੱਸ ਨਹੀਂ, ਇਸ ਤੋਂ ਪਹਿਲਾਂ ਇਹ ਧਮਕੀਆਂ ਵੀ ਦਿੱਤੀਆਂ ਗਈਆਂ ਕਿ ਜੇ ਕੁੜੀਆਂ ਵੇਚ ਕੇ ਭੁਗਤਾਨ ਨਾ ਕੀਤਾ ਗਿਆ ਤਾਂ ਉਨ੍ਹਾਂ ਕੁੜੀਆਂ ਦੀਆਂ ਮਾਵਾਂ ਦੀ ਪੱਤ ਲੁੱਟੀ ਜਾਵੇਗੀ।
ਇਸ ਤਰ੍ਹਾਂ ਧਮਕੀਆਂ ਦੇਣ ਵਾਲ਼ਿਆਂ ਨੂੰ ਜਾਤ ਪੰਚਾਇਤਾਂ, ਜੋ ਮਾਲੀ ਲੈਣ-ਦੇਣ ਦੇ ਮਾਮਲਿਆਂ ਦਾ ਨਿਬੇੜਾ ਕਰ ਰਹੀਆਂ ਸਨ, ਦੀ ਹਮਾਇਤ ਹਾਸਲ ਏ।
ਇਹੋ ਜਿਹੀਆਂ ਖ਼ਬਰਾਂ ਵੀ ਆਈਆਂ ਹਨ ਕਿ ਵੇਚੀਆਂ ਹੋਈਆਂ ਕੁੜੀਆਂ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਮੁੰਬਈ ਅਤੇ ਦਿੱਲੀ ਵੱਲ ਹੀ ਨਹੀ, ਸਗੋਂ ਉਨ੍ਹਾਂ ਵਿਚੋਂ ਕਈ ਤਾਂ ਵਿਦੇਸ਼ ਵੀ ਭੇਜ ਦਿੱਤੀਆਂ ਗਈਆਂ ਨੇ। ਵਿਕੀਆਂ ਹੋਈਆਂ ਕੁੜੀਆਂ ਨੂੰ ਆਪਣਾ ਜਿਸਮ ਵੇਚਣ ਲਈ ਮਜਬੂਰ ਕੀਤਾ ਜਾਂਦਾ ਏ।

‘ਤੇ ਉਸ ਨੂੰ ਦੇ ਦਿੱਤਾ 11 ਗਰਾਮ ਦਾ ਦਿਲ!

ਇਟਲੀ ਦੇ ਡਾਕਟਰਾਂ ਨੇ ਇਕ ਮੁੰਡੇ ਦੇ ਜਿਸਮ ਅੰਦਰ, ਜਹਾਨ ਦਾ ਸਭ ਤੋਂ ਛੋਟੇ ਆਕਾਰ ਦਾ ਨਕਲੀ ਦਿਲ ਲਗਾਇਆ ਏ।
ਇਸ ਦਿਲ ਦਾ ਭਾਰ ਮਸਾਂ 11 ਗ੍ਰਾਮ ਹੈ ਜਦੋਂ ਕਿ ਇਕ ਆਮ ਬਾਲਗ਼ ਦਿਲ ਦਾ ਵਜ਼ਨ 900 ਗ੍ਰਾਮ ਹੁੰਦਾ ਏ।
ਇਹ ਦਿਲ ਲਗਾਏ ਜਾਣ ਤੋਂ ਮਗਰੋਂ ਇਹ ਬੱਚਾ, ਅਸਲੀ ਦਿਲ ਦੇ ਦਾਨੀ ਦੀ ਉਡੀਕ, ਸੌਖਿਆਂ ਕਰਨ ਜੋਗਾ ਹੋ ਗਿਆ ਏ।
ਇਹ ਜਾਣਕਾਰੀ ਦਿੰਦਿਆਂ, ਡਾਕਟਰਾਂ ਨੇ ਦੱਸਿਆ ਕਿ ਇਸ ਨਿਕਚੂ ਜਿਹੇ ਦਿਲ ਵਰਗੇ ਦਿਲ, ਕਿਸੇ ਮਰੀਜ਼ ਅੰਦਰ ਲਗਾ ਕੇ, ਉਸ ਦਾ ਪੱਕਾ ਇਲਾਜ ਕਰਨ ਦੀ ਉਮੀਦ ਵੀ ਏ।
ਇਹ ਦਿਲ ਹਾਸਲ ਕਰਨ ਵਾਲ਼ੇ ਬੱਚੇ ਦਾ ਨਾਂ ਅਜੇ ਗੁਪਤ ਰੱਖਿਆ ਹੋਇਆ ਏ।
ਇਸ ਬੱਚੇ ਨੂੰ ਜੰਮਦਿਆਂ ਹੀ ਡਾਇਲੇਟਿਡ ਮਾਈਕਾਰਡੀਓਪੈਥੀ ਦੀ ਤਕਲੀਫ਼ ਸੀ।
ਇਸ ਮਰਜ਼ ਦੇ ਸ਼ਿਕਾਰ ਮਰੀਜ਼ ਦੇ ਦਿਲ਼ ਦਾ ਪੰਪਿੰਗ ਚੈਂਬਰ ਜਾਂ ਖੱਬਾ ਵੈਂਟਰੀਕਲ ਖਰਾਬ ਹੋ ਜਾਂਦਾ ਏ ਤੇ ਲਹੂ ਦੀ ਸਪਲਾਈ ਰੁਕ ਜਾਂਦੀ ਏ।
ਇਹ ਆਪ੍ਰੇਸ਼ਨ, ਰੋਮ ਦੇ ਬਾਂਬੀਨੋ ਗੇਸੂ ਹਸਪਤਾਲ ਵਿਚ ਕੀਤਾ ਗਿਆ ਏ।
ਆਪ੍ਰੇਸ਼ਨ ਸਮੇਂ ਇਹ ਬੱਚਾ ਮਸਾਂ ਇਕ ਮਹੀਨੇ ਦਾ ਸੀ।
ਇਹ ਨਿਕਚੂ ਜਿਹਾ ਦਿਲ, ਡਾ. ਰਾਬਰਟ ਜਾਰਵਿਕ ਨੇ ਬਣਾਇਆ ਹੋਇਆ ਹੈ।

ਬਿਜਲੀ ਦੇ ਖੰਭੇ ਥੱਲੇ ਪੜ੍ਹਦੀ ਬਾਲੜੀ ਦਾ ਵੀਡੀਓ ਵਾਇਰਲ

ਕੋਈ ਜ਼ਮਾਨਾ ਸੀ ਜਦੋਂ ਲੋਕ, ਮਿੱਟੀ ਦੇ ਤੇਲ ਦੇ ਦੀਵੇ ਦੀ ਲੋਅ ਵਿਚ ਪੜ੍ਹਾਈ ਕਰਦੇ ਹੁੰਦੇ ਸਨ।
ਕੁੱਝ ਲੋਕ ਇਹੋ ਜਿਹੇ ਵੀ ਹੁੰਦੇ ਨੇ, ਜਿਨ੍ਹਾਂ ਦੇ ਭਾਗਾਂ ਵਿਚ ਮਿੱਟੀ ਦੇ ਤੇਲ ਵਾਲ਼ਾ ਦੀਵਾ ਵੀ ਨਹੀਂ ਹੁੰਦਾ।
ਕਿਸੇ ਨੇ ਇੰਸਟਾਗ੍ਰਾਮ ਦੇ, ਸਟਿਊਟਸ ਜ਼ੋਨ 987 ਨਾਂ ਦੇ ਇਕ ਪੰਨੇ ਉੱਤੇ, ਇਕ ਵਿਡੀਓ ਸ਼ੇਅਰ ਕੀਤਾ ਹੋਇਆ ਏ, ਜਿਸ ਵਿਚ ਕਿਸੇ ਸਕੂਲੀ ਵਿਦਿਆਰਥਣ ਨੂੰ, ਆਪਣੇ ਘਰ ਦੇ ਨੇੜੇ ਹੀ ਗਲੀ ਵਿਚ, ਬਿਜਲੀ ਖੰਭੇ ਦੀ ਬੱਤੀ ਦੀ ਰੌਸ਼ਨੀ ਵਿਚ ਪੜ੍ਹਦੀ ਦਿਖਾਇਆ ਹੋਇਆ ਏ।
ਇਹ ਵਿਡੀਓ, ਉਸ ਕੁੜੀ ਦੇ ਕੋਲ਼ੋਂ ਦੀ ਲੰਘਦੀ ਹੋਈ ਕਿਸੇ ਕਾਰ ਵਿਚ ਬੈਠੇ, ਕਿਸੇ ਵਿਅਕਤੀ ਨੇ, ਉਸ ਕੁੜੀ ਦਾ ਧਿਆਨ ਭੰਗ ਕੀਤੇ ਬਗ਼ੈਰ, ਬਹੁਤ ਹੀ ਮਲ੍ਹਕਚਾਰੇ ਜਿਹੇ ਬਣਾਇਆ ਹੋਇਆ ਏ। ਵਿਡੀਓ ਅਪਲੋਡ ਕਰਨ ਵਾਲ਼ੇ ਨੇ ਇਸ ਦੇ ਨਾਲ਼ ਆਜ ਕੀ ਸਬ ਸੇ ਅੱਛੀ ਵਿਡੀਓ ਵੀ ਲਿਖਿਆ ਹੋਇਆ ਏ।
ਹਜ਼ਾਰਾਂ ਹੀ ਲੋਕ ਇਹ ਵਿਡੀਓ ਦੇਖ ਚੁੱਕੇ ਨੇ ਤੇ ਹਜ਼ਾਰਾਂ ਹੀ ਹੋਰ ਵੀ ਦੇਖਣਗੇ।

ਫੌਜੀ ਨੇ ਸਾਥੀਆਂ ਸਾਹਮਣੇ ਘਰਵਾਲੀ ਨਾਲ ਕੀਤਾ ਧੱਕਾ

ਜੰਮੂ-ਕਸ਼ਮੀਰ ਵਿਚ ਤਾਇਨਾਤ ਇਕ ਜੁਆਨ ਦੇ ਖ਼ਿਲਾਫ਼ ਪੁਲਸ ਨੇ ਇਕ ਪਰਚਾ ਦਰਜ ਕਰਦਿਆਂ, ਇਹ ਦੋਸ਼ ਲਾਇਆ ਏ ਕਿ ਉਸ ਨੇ ਆਪਣੇ ਸਾਥੀਆਂ ਦੀ ਹਾਜ਼ਰੀ ਵਿਚ, ਆਪਣੀ ਪਤਨੀ ਦੇ ਨਾ ਸਿਰਫ਼ ਕੱਪੜੇ ਲਾਹੇ, ਸਗੋਂ ਉਸ ਨਾਲ਼ ਜਿਨਸੀ ਧੱਕਾ ਵੀ ਕੀਤਾ।
ਉਸ ਨੂੰ ਸ਼ੱਕ ਸੀ ਕਿ ਉਸ ਦੀ ਪਤਨੀ ਬਦਚਲਣ ਏ।
ਇਹ ਜਾਣਕਾਰੀ ਦਿੰਦਿਆਂ, ਵਡਨਗਰ ਦੀ ਪੁਲਸ ਨੇ ਦੱਸਿਆ ਕਿ ਇਸ ਜੁਆਨ ਵੱਲੋਂ ਆਪਣੀ ਪਤਨੀ ਨੂੰ ਕਿਸੇ ਹਥਿਆਰ ਨਾਲ਼ ਜ਼ਖ਼ਮੀ ਕਰ ਕੇ, ਉਸ ਨਾਲ਼ ਜਿਨਸੀ ਧੱਕਾ ਕਰਨ ਦਾ ਇਹ ਤਮਾਸ਼ਾ ਦੇਖਦੇ, ਉਸ ਦੇ ਤਿੰਨ ਸਾਥੀ ਜੁਆਨਾਂ ਨੂੰ ਵੀ ਫੜ ਲਿਆ ਗਿਆ ਏ।
ਅਮਰਭੇਨ ਠਾਕੁਰ ਨਾਂ ਦੀ ਇਸ ਮਜ਼ਲੂਮ ਔਰਤ ਨੇ ਪੁਲਸ ਨੂੰ ਲਿਖਾਈ ਸ਼ਿਕਾਇਤ ਵਿਚ ਦੋਸ਼ ਲਾਇਆ ਕਿ ਵਾਰਦਾਤ ਵਾਲ਼ੇ ਦਿਨ ਉਸ ਨੂੰ, ਉਸ ਦਾ ਪਤੀ ਦਲੀਪ ਠਾਕੁਰ, ਆਪਣੇ ਸਾਥੀ ਕਪਲੇਸ਼ ਤੇ ਇਕ ਹੋਰ ਜਣੇ ਨਾਲ਼, ਆਪਣੇ ਦੋਸਤ ਪਿੰਟੋ ਦੀ ਕਾਰ ਵਿਚ ਇਕ ਗੈਸਟ ਹਾਊਸ ਵਿਚ ਲੈ ਗਿਆ। ਉੱਥੇ ਉਸ ਦੇ ਪਤੀ ਨੇ ਉਨ੍ਹਾਂ ਤੇਹਾਂ ਦੀ ਹਾਜ਼ਰੀ ਵਿਚ, ਆਪਣੀ ਪਤਨੀ ਨੂੰ ਆਪਣੇ ਕੱਪੜੇ ਲਾਹੁਣ ਦਾ ਹੁਕਮ ਦਿੱਤਾ।
ਪਤਨੀ ਵੱਲੋਂ ਉਸ ਦਾ ਕਿਹਾ ਨਾ ਮੰਨਣ ਤੇ ਉਸ ਨੇ ਜਬਰੀ ਉਸ ਦੇ ਕੱਪੜੇ ਲਾਹੇ।
ਇਸ ਤੋਂ ਮਗਰੋਂ ਉਸ ਦੇ ਕਈ ਅੰਗਾਂ ਉੱਤੇ ਦੰਦੀਆਂ ਵੱਢ-ਵੱਢ ਕੇ ਲਹੂ-ਲੁਹਾਣ ਕਰ ਸੁੱਟਿਆ।
ਫੇਰ ਉਹ ਸਾਰੇ ਜਣੇ, ਉਸ ਨੂੰ ਡਾਕਟਰ ਜਿਗਰ ਪਟੇਲ ਦੇ ਹਸਪਤਾਲ ਲੈ ਗਏ, ਪਰ ਡਾਕਟਰ ਨੇ ਮਾਮਲਾ ਕਾਨੂੰਨੀ ਹੋਣ ਦੀ ਵਜ੍ਹਾ ਨਾਲ਼, ਉਸ ਦਾ ਇਲਾਜ ਕਰਨ ਤੋਂ ਇਨਕਾਰ ਕਰ ਦਿੱਤਾ।

ਪਤੀ-ਪਤਨੀ ਨੇ ਹਨੀ ਟ੍ਰੈਪ ਲਾ ਕੇ ਲੁੱਟੇ ਕਰੋੜਾਂ

ਉੜੀਸਾ ਦੀ ਰਾਜਧਾਨੀ ਭੁਬਨੇਸ਼ਵਰ ਨੇੜੇ ਕਬਾਇਲੀ ਵਸੋਂ ਵਾਲ਼ੇ ਜ਼ਿਲੇ ਕਾਲਾਹਾਂਡੀ ਦੀ 25 ਸਾਲਾ ਅਰਚਨਾ ਨਾਗ ਤੇ ਉਸ ਦੇ ਪਤੀ ਨੇ ਰਲ਼ ਕੇ ਅਜੀਬ ਹੀ ਧੰਦਾ ਚਲਾਇਆ ਹੋਇਆ ਸੀ।
ਇਹ ਬੀਬੀ ਕੁੱਝ ਮਾਲਦਾਰ ਲੋਕਾਂ ਨੂੰ ਆਪਣੇ ਜਿਸਮਾਨੀ ਜਾਲ਼ ਵਿਚ ਫਸਾ ਕੇ ਆਪਣੇ ਘਰ ਲੈ ਆਉਂਦੀ ਸੀ ਤੇ ਫਿਰ ਉਨ੍ਹਾਂ ਨੂੰ ਆਪਣੇ ਨਾਲ਼ ਜਿਨਸੀ ਖੇਡ, ਖੇਡਣ ਲਈ ਉਕਸਾਉਂਦੀ।
ਜਦੋਂ ਉਸ ਦਾ ਮਹਿਮਾਨ, ਉਸ ਦੇ ਭੁਚਲਾਵੇ ਵਿਚ ਆ ਜਾਂਦਾ ਤਾਂ ਅਰਚਨਾ ਦਾ ਪਤੀ, ਉਨ੍ਹਾਂ ਦੀਆਂ ਤਸਵੀਰਾਂ ਖਿੱਚ ਲੈਂਦਾ ਜਾਂ ਉਨ੍ਹਾਂ ਦਾ ਵਿਡੀਓ ਬਣਾ ਲੈਂਦਾ।
ਉਸ ਤੋਂ ਬਾਅਦ ਉਹ ਦੋਵੇਂ ਰੰਨ-ਖ਼ਸਮ ਆਪਣੇ ਮਹਿਮਾਨ ਨੂੰ ਬਦਨਾਮ ਕਰਨ ਦਾ ਡਰਾਵਾ ਦੇ ਕੇ ਉਸ ਤੋਂ ਮੋਟੀ ਰਕਮ ਭੋਟ ਲੈਂਦੇ।
ਕਹਿੰਦੇ ਨੇ ਉਨ੍ਹਾਂ ਨੇ ਕੋਵਿਡ ਦੇ ਦਿਨੀਂ ਇਸ ਢੰਗ ਨਾਲ਼ ਕਰੋੜਾਂ ਰੁਪਏ ਦੀ ਨਜਾਇਜ਼ ਕਮਾਈ ਕੀਤੀ ਸੀ।
ਪੁਲਸ ਨੇ ਕੇਸ ਦਰਜ ਕਰ ਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਏ।

ਜੈਕੁਲੀਨ ਫਰਨਾਡੇਜ਼ ਕਿਉਂ ਹੋਣਾ ਚਾਹੁੰਦੀ ਹੈ ਫ਼ਰਾਰ?

ਸੁਕੇਸ਼ ਚੰਦਰਸ਼ੇਖਰ ਨਾਂ ਦੇ ਇਕ ਵਿਅਕਤੀ ਨੂੰ, ਕਿਸੇ ਤੋਂ 200 ਕਰੋੜ ਰੁਪਏ ਭੋਟਣ ਵਿਚ, ਮਦਦ ਦੇਣ ਦੇ ਦੋਸ਼ ਅਧੀਨ ਤਫ਼ਤੀਸ਼ ਭੁਗਤ ਰਹੀ ਫ਼ਿਲਮ ਅਦਾਕਾਰਾ ਜੈਕੁਲੀਨ ਫਰਨਾਡੇਜ਼ ਵੱਲੋਂ ਭਾਰਤ ਵਿਚੋਂ ਫ਼ਰਾਰ ਹੋਣ ਦੇ ਹੀਲੇ ਕੀਤੇ ਜਾਣ ਦੀ ਖ਼ਬਰ ਆਈ ਏ।
ਇਹ ਜਾਣਕਾਰੀ, ਇਸ ਮਾਮਲੇ ਦੀ ਜਾਂਚ ਕਰ ਰਹੇ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਦਿੱਲੀ ਦੀ ਇਕ ਅਦਾਲਤ ਨੂੰ ਦਿੱਤੀ ਏ।
ਇਹ ਅਦਾਲਤ, ਜੈਕੁਲੀਨ ਵੱਲੋਂ ਜ਼ਮਾਨਤ ਕਰਾਉਣ ਲਈ ਦਿੱਤੀ ਹੋਈ ਦਰਖ਼ਾਸਤ ਦੀ ਸੁਣਵਾਈ ਕਰ ਰਹੀ ਸੀ।
ਇਸ ਮਾਮਲੇ ਦੀ ਅਗਲੀ ਪੇਸ਼ੀ 10 ਨਵੰਬਰ ਨੂੰ ਹੋਏਗੀ।

ਅਦਾਲਤ ਵੱਲੋਂ ਸੱਪ ਦੀ ਸੇਵਾ ਦੇ ਹੁਕਮ

ਬਿਹਾਰ ਦੇ ਜ਼ਿਲਾ ਬੇਗੂਸਰਾਏ ਦੀ ਇਕ ਅਦਾਲਤ ਵਿਚ ਪਿਛਲੇ ਦਿਨੀਂ, ਇਕ ਦੋਮੂੰਹਾਂ ਸੱਪ ਪੇਸ਼ ਕੀਤਾ ਗਿਆ।
ਇਹ ਸੱਪ, ਇਕ ਬਕਸੇ ਵਿਚ ਪਾ ਕੇ, ਬੇਗੂਸਰਾਏ ਦੇ ਅਡੀਸ਼ਨਲ ਜ਼ਿਲਾ ਤੇ ਸੈਸ਼ਨ ਜੱਜ, ਸਤੀਸ਼ ਚੰਦਰ ਝਾਅ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ।
ਪਤਾ ਲਗਿਆ ਹੈ ਕਿ ਜੰਗਲਾਤ ਵਿਭਾਗ ਦੇ ਮੁਲਾਜ਼ਮਾਂ ਨੇ ਜੱਜ ਦੇ ਹੁਕਮ ਦੀ ਤਾਮੀਲ ਕਰਦਿਆਂ ਇਹ ਸੱਪ ਫੜ ਕੇ, ਅਦਾਲਤ ਵਿਚ ਪੇਸ਼ ਕੀਤਾ।
ਇਸ ਤੋਂ ਬਾਅਦ ਅਦਾਲਤ ਨੇ, ਇਹ ਸੱਪ ਵਾਪਸ ਲਿਜਾ ਕੇ ਉਸ ਨੂੰ ਬਹੁਤ ਹੀ ਸੰਭਾਲ ਕੇ, ਉਸ ਦੀ ਪੂਰੀ ਸੇਵਾ ਕਰਨ ਦਾ ਹੁਕਮ ਦਿੱਤਾ।

ਫ਼ਿਲਮਕਾਰ ਸਾਜਿਦ ਖ਼ਾਨ ਖ਼ਿਲਾਫ਼ ਹੀਰੋਇਨਾਂ ਕਿਉਂ ਭੜਕੀਆਂ?

ਹਕੀਕੀ ਟੀਵੀ ਸ਼ੋਅ ਬਿੱਗ ਬੌਸ-16 ਵਿਚੋਂ, ਫ਼ਿਲਮਸਾਜ਼ ਸਾਜਿਦ ਖ਼ਾਨ ਨੂੰ ਕੱਢੇ ਜਾਣ ਦੀ ਮੰਗ ਕਰਨ ਮਗਰੋਂ, ਦਿੱਲੀ ਦੇ ਇਸਤਰੀ ਕਮਿਸ਼ਨ ਦੀ ਮੁਖੀ ਸਵਾਤੀ ਮਾਲੀਵਾਲ ਨੂੰ ਬਲਾਤਕਾਰ ਦੀਆਂ ਧਮਕੀਆਂ ਦਿੱਤੀਆਂ ਜਾਣ ਦੀਆਂ ਖ਼ਬਰਾਂ ਆਉਣ ਦੇ ਨਾਲ਼ ਹੀ, ਇਕ ਹੋਰ ਖ਼ਬਰ ਵੀ ਆ ਗਈ ਏ।
ਇਹ ਨਵੀਂ ਖ਼ਬਰ ਇਹ ਹੈ ਕਿ ਟੀਵੀ ਅਦਾਕਾਰਾ ਕਨਿਸ਼ਕਾ ਸੋਨੀ ਨੇ ਵੀ ਦੋਸ਼ ਲਾ ਦਿੱਤਾ ਏ ਕਿ ਸਾਜਿਦ ਖ਼ਾਨ ਉਸ ਨੂੰ ਵੀ ਜਿਨਸੀ ਪੱਖੋਂ ਸਤਾਉਂਦਾ ਰਿਹਾ ਏ।
ਇਸ ਤੋਂ ਪਹਿਲਾਂ ਉਰਫ਼ੀ ਜਾਵੇਦ, ਮੰਦਾਨਾ ਕਰੀਮੀ, ਅਹਾਨਾ ਕੁਮਰਾ ਅਤੇ ਜੀਆ ਖ਼ਾਨ ਵਰਗੀਆਂ ਅਦਾਕਾਰਾਵਾਂ ਵੀ ਸਾਜਿਦ ਖ਼ਾਨ ਖ਼ਿਲਾਫ਼ ਇਸ ਤਰ੍ਹਾਂ ਦੇ ਦੋਸ਼ ਲਗਾ ਚੁੱਕੀਆਂ ਨੇ।
ਪਤਾ ਇਹ ਵੀ ਲੱਗਿਆ ਹੈ ਕਿ ਡਰ ਦੀ ਵਜ੍ਹਾ ਨਾਲ, ਕਨਿਸ਼ਕਾ ਨੇ ਕਿਸੇ ਦਾ ਨਾਂ ਨਹੀਂ ਲਿਆ, ਪਰ ਇਹ ਜ਼ਰੂਰ ਕਿਹਾ ਏ ਕਿ ਉਸ ਨੂੰ ਵੀ, ਕੰਮ ਹਾਸਲ ਕਰਨ ਬਦਲੇ ਜਿਨਸੀ ਸਮਝੌਤਾ ਕਰਨ ਲਈ ਮਜਬੂਰ ਕੀਤਾ ਜਾਂਦਾ ਰਿਹਾ ਏ।

ਬਿਹਤਰੀਨ ਪੰਜਾਬੀ ਸਾਹਿਤ ਪੜ੍ਹੋਬਿਹਤਰੀਨ ਪੰਜਾਬੀ ਕਿਤਾਬਾਂ ਪੜ੍ਹੋ ਜ਼ੋਰਦਾਰ ਟਾਈਮਜ਼ ਹਿੰਦੀਜ਼ੋਰਦਾਰ ਟਾਈਮਜ਼ ਅੰਗਰੇਜ਼ੀ

ਜ਼ੋਰਦਾਰ ਟਾਈਮਜ਼ ਇਕ ਸੁਤੰਤਰ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ, ਧਾਰਮਿਕ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਇਮਾਨਦਾਰੀ, ਨਿਰਪੱਖਤਾ, ਨਿਡਰਤਾ ਤੇ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ।
Happy
Happy
100 %
Sad
Sad
0 %
Excited
Excited
0 %
Sleepy
Sleepy
0 %
Angry
Angry
0 %
Surprise
Surprise
0 %

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *

error: ਕਾਪੀ ਕਰਨਾ ਮਨ੍ਹਾਂ ਹੈ। ਲਿਖਤ ਪ੍ਰਾਪਤ ਕਰਨ ਲਈ ਈ-ਮੇਲ ਕਰੋ zordartimes@gmail.com