ਲੰਡਨ | ਮਨਦੀਪ ਖੁਰਮੀ ਹਿੰਮਤਪੁਰ
ਪਰਿਵਾਰਕ ਫ਼ਿਲਮ ਵਜੋਂ ਪ੍ਰਚਾਰੀ ਗਈ ਫ਼ਿਲਮ ਸਿਰਫਿਰੇ ਦੇ ਨਾਇਕ ਪ੍ਰੀਤ ਹਰਪਾਲ ਨੇ ਇਕ ਲਾਈਵ ਰੇਡੀਓ ਸ਼ੋਅ ਦੌਰਾਨ ਸਮੂਹ ਪੰਜਾਬੀਆਂ ਤੋਂ ਮਾਫ਼ੀ ਮੰਗੀ ਅਤੇ ਭੱਵਿਖ ਵਿਚ ਸੋਚ ਸਮਝ ਕੇ ਫ਼ੈਸਲਾ ਕਰਨ ਦਾ ਵਾਅਦਾ ਕੀਤਾ। ਕੈਨੇਡਾ ਤੋਂ ਪ੍ਰਸਾਰਿਤ ਹੁੰਦੇ ਰੇਡੀਓ ਦਿਲ ਆਪਣਾ ਪੰਜਾਬੀ ਦੇ ਹਾਲੈਂਡ ਸਟੂਡੀਓ ਵਿਚ ਇਕ ਮੁਲਾਕਾਤ ਦੌਰਾਨ ਪ੍ਰੀਤ ਨੂੰ ਉਸ ਵੇਲੇ ਮਾਫ਼ੀ ਮੰਗਣੀ ਪਈ ਜਦੋਂ ਸ਼ੋਅ ਦੇ ਮੇਜ਼ਬਾਨ ਹਰਜੋਤ ਸਿੰਘ ਸੰਧੂ ਨੇ ਫ਼ਿਲਮ ਵਿੱਚ ਅਸ਼ਲੀਲ ਸ਼ਬਦਾਵਲੀ ਸੰਬੰਧੀ ਸਵਾਲ ਪੁੱਛੇ। ਸਵਾਲ ਪੁੱਛੇ ਜਾਣ ‘ਤੇ ਪ੍ਰੀਤ ਹਰਪਾਲ ਨੂੰ ਫ਼ਿਲਮ ਵਿੱਚ ਭੱਦੀ ਸ਼ਬਦਾਵਲੀ ਵਰਤੇ ਜਾਣ ਸੰਬੰਧੀ ਸਪਸ਼ਟੀਕਰਨ ਦੇਣਾ ਪਿਆ। ਉਹਨਾਂ ਕਿਹਾ ਕਿ ਬੇਸ਼ੱਕ ਉਹ ਫ਼ਿਲਮ ਦੀ ਟੀਮ ਦਾ ਇੱਕ ਹਿੱਸਾ ਮਾਤਰ ਸਨ, ਪਰ ਫਿਰ ਵੀ ਇਸ ਫ਼ਿਲਮ ਰਾਹੀਂ ਆਪਣੇ ਕਿਰਦਾਰ ‘ਤੇ ਲੱਗੇ ਦਾਗ ਨੂੰ ਮਿਟਾਉਣ ਲਈ ਪੰਜਾਬੀ ਭਾਈਚਾਰੇ ਤੋਂ ਮਾਫ਼ੀ ਮੰਗਦੇ ਹਨ। ਉਹਨਾਂ ਕਿਹਾ ਕਿ ਇਸ ਬੱਜਰ ਗਲਤੀ ਨੂੰ ਦਰੁਸਤ ਕਰਨ ਲਈ ਉਹ ਨੇੜ ਭਵਿੱਖ ਵਿੱਚ ਆਪ ਫ਼ਿਲਮ ਬਣਾਉਣਗੇ। ਲੱਗਭਗ ਅੱਧਾ ਘੰਟਾ ਚੱਲੀ ਗੱਲਬਾਤ ਦੌਰਾਨ ਉਹਨਾਂ ਕਿਹਾ ਕਿ ਉਹਨਾਂ ਨੂੰ ਫ਼ਿਲਮੀ ਖੇਤਰ ਦਾ ਤਜਰਬਾ ਨਾ ਹੋਣ ਕਾਰਨ ਬਿਨਾਂ ਪੜ੍ਹੇ ਹੀ ਫ਼ਿਲਮ ਸੰਬੰਧੀ ਸਮਝੌਤੇ ‘ਤੇ ਦਸਤਖ਼ਤ ਕਰ ਦਿੱਤੇ ਸਨ। ਜਿੱਥੇ ਇਸ ਫ਼ਿਲਮ ਸੰਬੰਧੀ ਪਰਿਵਾਰਾਂ ਸਮੇਤ ਫ਼ਿਲਮ ਦੇਖਣ ਪਹੁੰਚ ਕੇ ਸ਼ਰਮਸ਼ਾਰ ਹੋਏ ਲੋਕਾਂ ਵਿੱਚ ਰੋਹ ਪਾਇਆ ਜਾ ਰਿਹਾ ਹੈ, ਉੱਥੇ ਸੁਹਿਰਦ ਪੰਜਾਬੀਆਂ ਨੇ ਪ੍ਰੀਤ ਹਰਪਾਲ ਵੱਲੋਂ ਰੇਡੀਓ ਪ੍ਰੋਗ੍ਰਾਮ ਵਿੱਚ ਸ਼ਾਮਿਲ ਹੋ ਕੇ ਜਨਤਕ ਤੌਰ ‘ਤੇ ਮਾਫੀ ਮੰਗਣ ਦੇ ਕਦਮ ਦੀ ਸ਼ਲਾਘਾ ਵੀ ਕੀਤੀ ਗਈ।
Leave a Reply