ਨਵੀਂ ਪੰਜਾਬੀ ਫ਼ਿਲਮ ਫੇਰ ਮਾਮਲਾ ਗੜਬੜ ਨੇ ਪ੍ਰਚਾਰ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਪੰਜਾਬ ਦੇ ਮੋਹਰੀ ਪੰਜਾਬੀ ਚੈਨਲ ਪੀਟੀਸੀ ਪੰਜਾਬੀ ਵੱਲੋਂ ਇਸ ਫ਼ਿਲਮ ਦਾ ਪ੍ਰਚਾਰ ਸੰਭਾਲਣ ਤੋਂ ਬਾਅਦ ਪੰਜਾਬੀ ਸਿਨੇਮਾ ਵਿਚ ਪ੍ਰਚਾਰ ਦੇ ਨਵੇਂ ਕੀਰਤੀਮਾਨ ਸਥਾਪਤ ਹੋ ਰਹੇ ਹਨ। ਫ਼ਿਲਮ 12 ਜੁਲਾਈ ਨੂੰ ਰਿਲੀਜ਼ ਹੋਣੀ ਹੈ, ਜਦਕਿ ਇਸਦਾ ਪ੍ਰਚਾਰ ਮਈ ਦੇ ਆਖ਼ਰੀ ਹਫ਼ਤੇ ਵਿਚ ਹੀ ਸ਼ੁਰੂ ਹੋ ਗਿਆ ਸੀ। ਇੰਟਰਨੈੱਟ ਰਾਹੀਂ ਸੋਸ਼ਲ ਮੀਡੀਆ ‘ਤੇ ਭਰਵਾਂ ਪਰਚਾਰ ਕੀਤਾ ਜਾ ਰਿਹਾ ਹੈ। ਯੂ ਟਿਊਬ ‘ਤੇ ਜਾਰੀ ਕੀਤਾ ਗਿਆ ਫ਼ਿਲਮ ਦਾ ਪਹਿਲਾ ਗੀਤ ‘ਲੱਕ ਗੜਵੀ ਵਰਗਾ’ ਥੋੜ੍ਹੇ ਦਿਨਾਂ ਵਿਚ ਹੀ 4 ਲੱਖ ਤੋਂ ਵੱਧ ਦਾ ਅੰਕੜਾ ਪਾਰ ਕਰ ਗਿਆ। ਫ਼ਿਰ ਆਈ ਅਗਲੇ ਗੀਤ ‘ਪੁੱਤ ਸਰਦਾਰਾਂ ਦੇ’ ਦੀ। ਇਸਨੇ ਵੀ ਯੂ-ਟਿਊਬ ‘ਤੇ ਦਰਸ਼ਕਾਂ ਨੂੰ ਆਪਣੇ ਵੱਲ ਖ਼ੂਬ ਖਿੱਚਿਆ ‘ਤੇ ਇਸਨੂੰ ਦੇਖਣ ਵਾਲਿਆਂ ਦਾ ਅੰਕੜਾ 5 ਲੱਖ ਤੋਂ ਪਾਰ ਹੋ ਚੁੱਕਾ ਹੈ। ਹੁਣੇ-ਹੁਣੇ ਨਵਾਂ ਗੀਤ ‘ਵਾਜਾ’ ਰਿਲੀਜ਼ ਕੀਤਾ ਗਿਆ ਹੈ ਅਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਗੀਤ ਵੀ ਕਈ ਗੀਤਾਂ ਦਾ ਰਿਕਾਰਡ ਤੋੜ ਦੇਵੇਗਾ।
ਯੂ-ਟਿਊਬ ਦੇ ਨਾਲ-ਨਾਲ ਫੇਸਬੁੱਕ ‘ਤੇ ਵੀ ਪ੍ਰਚਾਰ ਦਾ ਨਵਾਂ ਢੰਗ ਅਪਣਾਇਆ ਗਿਆ ਹੈ। ਫ਼ਿਲਮ ਦੇ ਫੇਸਬੁੱਕ ਪੇਜ ‘ਤੇ ਹਰ ਰੋਜ਼ ਨਵੀਂਆਂ-ਨਵੀਂਆਂ ਪ੍ਰਤਿਯੋਗਿਤਾਂ ਆਯੋਜਿਤ ਕਰਕੇ ਦਰਸ਼ਕਾਂ ਨੂੰ ਫ਼ਿਲਮ ਨਾਲ ਜੁੜੀਆਂ ਚੀਜ਼ਾਂ ਜਿੱਤਣ ਦਾ ਮੌਕਾ ਦਿੱਤਾ ਜਾ ਰਿਹਾ ਹੈ। ਟੱਵੀਟਰ ‘ਤੇ ਵੀ ਪ੍ਰਤਿਯੋਗਤਾਵਾਂ ਦਾ ਸਿਲਸਿਲਾ ਜਾਰੀ ਹੈ। ਜਿਨ੍ਹਾਂ ਵਿਚ ਭਾਗ ਲੈ ਕੇ ਦਰਸ਼ਕ ਮਿਊਜ਼ਿਕ ਸੀਡੀਜ਼ ਅਤੇ ਫ਼ਿਲਮ ਨਾਲ ਸੰਬੰਧਿਤ ਹੋਰ ਸਾਮਾਨ ਜਿੱਤ ਰਹੇ ਹਨ।
ਸੋਸ਼ਲ ਮੀਡੀਆ ਅਤੇ ਪੀਟੀਸੀ ਚੈਨਲ ਰਾਹੀਂ ਪੂਰੀ ਹਵਾ ਬਣਾਉਣ ਤੋਂ ਬਾਅਦ ਹੁਣ ਜਲਦੀ ਹੀ ਜ਼ਮੀਨੀ ਪੱਧਰ ‘ਤੇ ਪ੍ਰਚਾਰ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਸ ਪ੍ਰਚਾਰ ਮੁਹਿੰਮ ਦੌਰਾਨ ਫ਼ਿਲਮ ਦੇ ਕਲਾਕਾਰ ਵੱਖ-ਵੱਖ ਸ਼ਹਿਰਾਂ ਵਿਚ ਵੱਡੇ ਪੱਧਰ ‘ਤੇ ਪ੍ਰੋਗਰਾਮ ਕਰਕੇ ਦਰਸ਼ਕਾਂ ਨੂੰ ਫ਼ਿਲਮ ਦੇਖਣ ਲਈ ਉਤਸ਼ਾਹਤ ਕਰਨਗੇ। ਫ਼ਿਲਮ ਦੇ ਨਿਰਮਾਤਾਵਾਂ ਵੱਲੋਂ ਆਸ ਕੀਤੀ ਜਾ ਰਹੀ ਹੈ ਕਿ ਸੋਸ਼ਲ ਮੀਡੀਆ ਦਾ ਪ੍ਰਚਾਰ ਉਨ੍ਹਾਂ ਦੇ ਜ਼ਮੀਨੀ ਪੱਧਰ ‘ਤੇ ਹੋਣ ਵਾਲੇ ਪ੍ਰਚਾਰ ਨੂੰ ਹੱਲਾਸ਼ੇਰੀ ਦੇਣ ਵਿਚ ਮਦਦ ਕਰੇਗਾ।
ਜੋ ਵੀ ਹੋਵੇ ਇਸ ਪ੍ਰਚਾਰ ਦਾ ਸਭ ਤੋਂ ਜ਼ਿਆਦਾ ਫ਼ਾਇਦਾ ਫ਼ਿਲਮ ਦੇ ਮੁੱਖ ਅਦਾਕਾਰ ਰੌਸ਼ਨ ਪ੍ਰਿੰਸ ਨੂੰ ਭਰਪੂਰ ਮਿਲ ਰਿਹਾ ਹੈ, ਜਿੱਥੇ ਉਸ ਦੇ ਗਾਏ ਗੀਤਾਂ ਦਾ ਖ਼ੂਬ ਪ੍ਰਚਾਰ ਹੋ ਰਿਹਾ ਹੈ, ਉੱਥੇ ਹੀ ਉਸ ਵੱਲੋਂ ਕੀਤੀ ਗਈ ਅਦਾਕਾਰੀ ਦੇ ਇਸ਼ਤਿਹਾਰ ਵੀ ਖ਼ੂਬ ਚੱਲ ਰਹੇ ਹਨ। ਫ਼ਿਲਮੀ ਪੰਡਤਾਂ ਦੀ ਮੰਨੀਏ ਤਾਂ ਇਸ ਪ੍ਰਚਾਰ ਨਾਲ ਰੌਸ਼ਨ ਪ੍ਰਿੰਸ ਦਾ ਮਾਰਕੀਟ ਮੁੱਲ ਵੱਧ ਰਿਹਾ ਹੈ ਅਤੇ ਇਸਦਾ ਫ਼ਾਇਦਾ ਉਸ ਨੂੰ ਆਉਣ ਵਾਲੀਆਂ ਅਗਲੀਆਂ ਫ਼ਿਲਮਾਂ ਅਤੇ ਸੰਗੀਤ ਐਲਬਮਾਂ ਵਿਚ ਵੀ ਮਿਲੇਗਾ। ਕੁਝ ਫ਼ਿਲਮਾਂ ਕਰਨ ਦੇ ਬਾਵਜੂਦ ਹੁਣ ਤੱਕ ਲਗਭਗ ਗੁੰਮਨਾਮ ਰਹੀ ਜਪਜੀ ਖੈਹਰਾ ਨੂੰ ਵੀ ਕਾਫ਼ੀ ਪ੍ਰਚਾਰ ਮਿਲ ਰਿਹਾ ਹੈ, ਜਦਕਿ ਨਵੀਂ ਅਦਾਕਾਰਾ ਭਾਨੂੰਸ਼੍ਰੀ ਮਹਿਰਾ ਨੂੰ ਵੀ ਭਰਪੂਰ ਆਸਾਂ ਹਨ। ਇਸ ਪ੍ਰਚਾਰ ਦਾ ਫ਼ਿਲਮ ਨੂੰ ਕਿੰਨਾ ਫਾਇਦਾ ਹੁੰਦਾ ਹੈ, ਇਹ ਤਾਂ 12 ਜੁਲਾਈ ਨੂੰ ਹੀ ਪਤਾ ਲੱਗੇਗਾ, ਜਦੋਂ ਫ਼ਿਲਮ ਫੇਰ ਮਾਮਲਾ ਗੜਬੜ ਗੜਬੜ ਰਿਲੀਜ਼ ਹੋਵੇਗੀ।
Leave a Reply