ਲੋਕ ਸਭਾ ਚੋਣਾਂ ਦੇ ਐਲਾਨ ਤੋਂ ਬਾਅਦ ਚੋਣ ਅਖਾੜਾ ਭੱਖ ਗਿਆ ਹੈ ਅਤੇ 15 ਲੱਖ ਲੋਕਾਂ ਦੇ ਖਾਤੇ ਵਿਚ ਨਾ ਆਉਣ ਦਾ ਸਵਾਲ ਇਕ ਵਾਰ ਫਿਰ ਉੱਠਣ ਲੱਗ ਪਿਆ ਹੈ। ਹੁਣ ਵੱਡਾ ਸਵਾਲ ਉੱਠਦਾ ਹੈ ਕਿ ਅਸਲ ਵਿਚ ਇਹ 15 ਲੱਖ ਵਾਲਾ ਵਾਅਦਾ ਹੈ ਕੀ ਸੀ?
ਕੀ ਮੋਦੀ ਨੇ ਹਰ ਦੇਸ਼ ਵਾਸੀ ਦੇ ਬੈਂਕ ਖਾਤੇ ਵਿਚ 15 ਲੱਖ ਜਮ੍ਹਾਂ ਕਰਵਾਉਣ ਦਾ ਵਾਅਦਾ ਕੀਤਾ ਸੀ?
15 ਲੱਖ ਬੈਂਕ ਖਾਤੇ ਵਿਚ ਆਉਣ ਦੀ ਗੱਲ ਪੂਰੇ ਦੇਸ਼ ਵਿਚ ਕਿਵੇਂ ਫੈਲੀ?
5 ਸਾਲ ਬੀਤ ਜਾਣ ਤੋਂ ਬਾਅਦ ਵੀ ਜਨਤਾ ਦੇ ਖਾਤੇ ਵਿਚ 15 ਲੱਖ ਕਿਉਂ ਨਹੀਂ ਆਏ?
ਕੀ ਜੇ ਹੁਣ ਮੋਦੀ ਦੀ ਸਰਕਾਰ ਬਣੇਗੀ ਤਾਂ ਲੋਕਾਂ ਦੇ ਖਾਤਿਆਂ ਵਿਚ 15 ਲੱਖ ਆਉਣਗੇ?
ਅਸਲ ਵਿਚ ਇਸ ਵੇਲੇ ਹਰ ਆਮ ਦੇਸ਼ ਵਾਸੀ ਦੇ ਦਿਮਾਗ਼ ਵਿਚ ਇਹੀ ਸਵਾਲ ਚੱਲ ਰਹੇ ਹਨ। ਆਉ ਤੁਹਾਨੂੰ ਇਕ-ਇਕ ਸਵਾਲ ਦਾ ਜਵਾਬ ਦਿੰਦੇ ਹਾਂ।
ਪਹਿਲੀ ਗੱਲ ਤਾਂ ਇਹ ਹੈ ਕਿ ਮੋਦੀ ਨੇ ਕਦੇ ਵੀ ਨਹੀਂ ਕਿਹਾ ਕਿ ਜੇ ਉਨ੍ਹਾਂ ਦੀ ਸਰਕਾਰ ਬਣੀ ਤਾਂ ਉਹ ਲੋਕਾਂ ਦੇ ਬੈਂਕ ਖਾਤੇ ਵਿਚ 15 ਲੱਖ ਰੁਪਏ ਜਮ੍ਹਾਂ ਕਰਵਾਉਣੇ। ਹੁਣ ਤੁਸੀਂ ਪੁੱਛੋਗੇ ਕਿ ਜੇ ਉਨ੍ਹਾਂ ਨੇ ਕਿਹਾ ਨਹੀਂ ਤਾਂ ਇਹ ਗੱਲ ਆਈ ਕਿੱਥੋਂ?
ਦਰਅਸਲ ਇਸ ਗੱਲ ਦੀ ਸ਼ੁਰੂਆਤ 7 ਨਵੰਬਰ 2013 ਨੂੰ ਹੋਈ। 2014 ਦੀਆਂ ਚੋਣਾਂ ਤੋਂ ਪਹਿਲਾਂ ਚੋਣ ਪ੍ਰਚਾਰ ਦੌਰਾਨ ਛੱਤੀਸਗੜ੍ਹ ਦੇ ਕਾਂਕੇਰ ਇਲਾਕੇ ਵਿਚ ਇਕ ਚੋਣ ਰੈਲੀ ਵਿਚ ਭਾਸ਼ਨ ਦੇ ਰਹੇ ਸਨ। ਉਨ੍ਹਾਂ ਭਾਸ਼ਨ ਦੇ ਸ਼ੁਰੂਆਤੀ ਕਰੀਬ 34 ਮਿੰਟ ਦੌਰਾਨ ਕਾਂਗਰਸ ਦੇ ਘੁਟਾਲਿਆਂ ਅਤੇ ਕਾਂਗਰਸੀ ਆਗੂਆਂ ਵੱਲੋਂ ਵਿਦੇਸ਼ਾਂ ਵਿਚ ਕਾਲਾ ਧਨ ਇਕੱਠਾ ਕਰਨ ਬਾਰੇ ਲੰਮੀਆਂ-ਚੌੜੀਆਂ ਗੱਲਾਂ ਕਹੀਆਂ। ਉਨ੍ਹਾਂ ਭਾਸ਼ਨ ਦਿੰਦਿਆਂ ਕਿਹਾ ਕਿ ਇਨ੍ਹਾਂ ਲੋਕਾਂ ਨੇ ਦੇਸ਼ ਦਾ ਇੰਨਾ ਕਾਲਾ ਧਨ ਵਿਦੇਸ਼ਾਂ ਵਿਚ ਇਕੱਠਾ ਕੀਤਾ ਹੋਇਆ ਹੈ ਕਿ ਜੇ ਉਹ ਭਾਰਤ ਵਿਚ ਆ ਜਾਵੇ ਤਾਂ ਹਰ ਗ਼ਰੀਬ ਤੋਂ ਗ਼ਰੀਬ ਭਾਰਤੀ ਦੇ ਹਿੱਸੇ 15-20 ਲੱਖ ਰੁਪਏ ਉਂਝ ਹੀ ਆ ਜਾਣਗੇ। ਉਨ੍ਹਾਂ ਨੇ ਇਹ ਨਹੀਂ ਕਿਹਾ ਕਿ ਉਹ ਇਹ ਪੈਸੇ ਲੋਕਾਂ ਦੇ ਖਾਤੇ ਵਿਚ ਜਮ੍ਹਾਂ ਕਰਵਾਉਣੇ, ਉਨ੍ਹਾਂ ਨੇ ਬੱਸ ਇਹ ਕਹਿਣ ਦੀ ਕੋਸ਼ਿਸ ਕੀਤੀ ਕਿ ਰਕਮ ਇੰਨੀ ਵੱਡੀ ਹੈ ਕਿ ਜੇ ਦੇਸ਼ ਦੇ ਹਰ ਨਾਗਰਿਕ ਨੂੰ ਬਰਾਬਰ-ਬਰਾਬਰ ਵੰਡੀ ਜਾਵੇ ਤਾਂ ਹਰ ਇਕ ਦੇ ਹਿੱਸੇ 15-20 ਲੱਖ ਰੁਪਏ ਆਉਣਗੇ। ਪਰ ਉਨ੍ਹਾਂ ਇਹ ਨਹੀਂ ਕਿਹਾ ਕਿ ਜੇ ਸਰਕਾਰ ਭਾਜਪਾ ਦੀ ਸਰਕਾਰ ਆਈ ਤਾਂ ਉਹ ਕਾਲਾ ਧਨ ਵਾਪਸ ਲਿਆ ਕਿ ਲੋਕਾਂ ਦੇ ਬੈਂਕ ਖਾਤੇ ਵਿਚ 15 ਲੱਖ ਜਮ੍ਹਾਂ ਕਰਵਾਉਣਗੇ। ਆਉ ਤੁਹਾਨੂੰ ਦਿਖਾਉਂਦੇ ਹਾਂ ਉਸ ਭਾਸ਼ਨ ਦਾ ਵੀਡਿਉ:
ਹੁਣ ਤੁਸੀਂ ਸੋਚੋਗੇ ਕਿ ਫਿਰ ਇਹ ਗੱਲ ਕਿਵੇਂ ਫੈਲੀ ਕਿ ਹਰ ਇਕ ਦੇ ਖਾਤੇ ਵਿਚ 15 ਲੱਖ ਆਉਣਗੇ? ਇਸ ਗੱਲ ਨੂੰ ਫੈਲਾਉਣ ਵਿਚ ਭਾਜਪਾ ਦੇ ਹੀ ਆਗੂਆਂ ਅਤੇ ਸੋਸ਼ਲ ਮੀਡੀਆ ਟੀਮ ਦਾ ਹੱਥ ਹੈ। ਇਸ ਭਾਸ਼ਨ ਤੋਂ ਬਾਅਦ ਭਾਜਪਾ ਦੇ ਹੇਠਲੇ ਪੱਧਰ ਦੇ ਆਗੂਆਂ ਨੇ ਸੋਸ਼ਲ ਮੀਡੀਆ ਦੀ ਟੀਮ ਨਾਲ ਰਲ ਕੇ ਵੱਟਸਐਪ, ਫੇਸਬੁੱਕ ਅਤੇ ਟਵਿਟੱਰ ਉੱਤੇ ਇਹ ਗੱਲ ਫੈਲਾ ਦਿੱਤੀ ਕਿ ਜੇ ਮੋਦੀ ਦੀ ਸਰਕਾਰ ਬਣੀ ਤਾਂ ਸਭ ਨੂੰ 15 ਲੱਖ ਮਿਲਣਗੇ। ਇਹ ਗੱਲ ਖ਼ੂਬ ਵਾਇਰਲ ਹੋਈ ਅਤੇ ਲੋਕਾਂ ਨੇ ਇਸ ਨੂੰ ਸੱਚ ਮੰਨ ਲਿਆ।
ਇਸ ਵਿਚ ਭਾਜਪਾ ਦੀ ਵੱਡੀ ਚਲਾਕੀ ਇਹ ਹੈ ਕਿ ਜਦੋਂ ਇਹ ਖ਼ਬਰ ਵਾਇਰਲ ਹੋ ਰਹੀ ਸੀ ਤਾਂ ਹਰ ਸੋਸ਼ਲ ਮੀਡੀਆ ਉੱਤੇ ਮੌਜੂਦ ਹੋਣ ਦੇ ਬਾਵਜੂਦ ਮੋਦੀ, ਅਮਿਤ ਸ਼ਾਹ ਸਮੇਤ ਹਰ ਵੱਡੇ ਭਾਜਪਾ ਆਗੂ ਨੇ ਇਸ ਅਫ਼ਵਾਹ ਦਾ ਖੰਡਨ ਨਹੀਂ ਕੀਤਾ। ਉਹ ਚੁੱਪਚਾਪ ਇਸ ਨੂੰ ਵਾਇਰਲ ਹੋਣ ਦਿੰਦੇ ਰਹੇ, ਕਿਉਂਕਿ ਉਨ੍ਹਾਂ ਨੂੰ ਪਤਾ ਸੀ ਕਿ ਉਨ੍ਹਾਂ ਨੇ ਇਹ ਗੱਲ ਨਹੀਂ ਕਹੀ। ਨਾਲ ਹੀ ਉਨ੍ਹਾਂ ਨੂੰ ਡਰ ਵੀ ਹੋਵੇਗਾ ਕਿ ਜੇ ਹੁਣ ਇਸ ਅਫ਼ਵਾਹ ਦਾ ਖੰਡਨ ਕੀਤਾ ਤਾਂ ਕਿਤੇ ਵੋਟਾਂ ਟੁੱਟ ਨਾ ਜਾਣ।
ਵੈਸੇ ਵੀ ਕੋਈ ਵੀ ਨੇਤਾ ਚੋਣ ਪ੍ਰਚਾਰ ਦੌਰਾਨ ਸਰਕਾਰ ਬਣਨ ’ਤੇ ਨਗ਼ਦ ਪੈਸੇ ਦੇਣ ਦਾ ਵਾਅਦਾ ਨਹੀਂ ਕਰ ਸਕਦਾ। ਇਹ ਚੌਣ ਜ਼ਾਬਤੇ ਅਨੁਸਾਰ ਜੁਰਮ ਹੈ। ਜੇ ਮੋਦੀ ਨੇ ਕਿਸੇ ਵੀ ਰੈਲੀ ਵਿਚ ਇਹ ਵਾਅਦਾ ਕੀਤਾ ਹੁੰਦਾ ਤਾਂ ਉਸ ਉੱਪਰ ਚੋਣ ਜ਼ਾਬਤੇ ਦੀ ਉਲੰਘਣਾ ਦਾ ਪਰਚਾ ਦਰਜ ਹੋਣਾ ਸੀ ਅਤੇ ਕਾਨੂੰਨੀ ਕਾਰਵਾਈ ਵੀ ਹੋ ਸਕਦੀ ਸੀ, ਪਰ ਅਜਿਹਾ ਕੁਝ ਵੀ ਨਹੀਂ ਹੋਇਆ।
ਇੱਥੋਂ ਤੱਕ ਕਿ ਜੇ ਮੋਦੀ ਨੇ ਅਜਿਹਾ ਕੁਝ ਕਿਹਾ ਹੁੰਦਾ ਤਾਂ ਕਾਂਗਰਸ ਨੇ ਵੀ ਚੋਣ ਕਮਿਸ਼ਨ ਵਿਚ ਮੋਦੀ ਦੀ ਸ਼ਿਕਾਇਤ ਕਰਨ ਵਿਚ ਦੇਰ ਨਹੀਂ ਸੀ ਕਰਨੀ। ਹੈਰਾਨੀ ਦੀ ਗੱਲ ਹੈ ਕਿ ਇਸ ਗੱਲ ਦੇ ਵਾਇਰਲ ਹੋਣ ਦੇ ਬਾਵਜੂਦ ਕਾਂਗਰਸ ਨੇ ਵੀ ਇਸ ਦਾ ਕੋਈ ਵਿਰੋਧ ਨਹੀਂ ਕੀਤਾ। ਸ਼ਾਇਦ ਕਾਂਗਰਸ ਨੂੰ ਡਰ ਹੋਵੇ ਕਿ ਵਿਰੋਧ ਕਰਨ ਨਾਲ ਇਹ ਗੱਲ ਹੋਰ ਵੀ ਜ਼ਿਆਦਾ ਫ਼ੈਲ ਜਾਵੇਗੀ ਅਤੇ ਇਸ ਦਾ ਫ਼ਾਇਦਾ ਭਾਜਪਾ ਨੂੰ ਹੋ ਸਕਦਾ ਹੈ। ਇਸ ਕਰਕੇ ਕਾਂਗਰਸੀ ਆਗੂ ਵੀ 15 ਲੱਖ ਲੋਕਾਂ ਦੇ ਖਾਤੇ ਵਿਚ ਜਮ੍ਹਾਂ ਕਰਵਾਉਣ ਵਾਲੇ ਮਾਮਲੇ ਵਿਚ ਚੁੱਪ ਰਹੀ।
ਸਰਕਾਰ ਬਣਨ ਤੋਂ ਬਾਅਦ ਜਦੋਂ ਹਾਲੇ ਮੋਦੀ ਸਰਕਾਰ ਦੇ ਖ਼ਿਲਾਫ਼ ਕਾਂਗਰਸ ਕੋਲ ਕੋਈ ਮੁੱਦਾ ਨਹੀਂ ਸੀ ਤਾਂ ਕਾਂਗਰਸ ਨੇ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਦਿਆਂ ਕਾਂਗਰਸ ਨੇ ਬਾਰ-ਬਾਰ ਇਹ ਗੱਲ ਚੁੱਕਣੀ ਸ਼ੁਰੂ ਕਰ ਦਿੱਤੀ ਕਿ ਮੋਦੀ ਨੇ 15 ਲੱਖ ਵਾਲਾ ਵਾਅਦਾ ਪੂਰਾ ਨਹੀਂ ਕੀਤਾ। ਉਸ ਦਾ ਮਕਸਦ ਸਿਰਫ਼ ਇਸ ਮਸਲੇ ਨੂੰ ਵਰਤ ਕੇ ਸਰਕਾਰ ਨੂੰ ਘੇਰਨਾ ਸੀ। ਪਰ ਕਾਂਗਰਸ ਅਤੇ ਕਿਸੇ ਵੀ ਹੋਰ ਵਿਰੋਧੀ ਧਿਰ ਨੇ 15 ਲੱਖ ਵਾਲੇ ਮਾਮਲੇ ਨੂੰ ਨਾ ਸੰਸਦ ਵਿਚ ਵਿਚਾਰਨ ਦੀ ਮੰਗ ਕੀਤੀ ਅਤੇ ਨਾ ਹੀ ਇਸ ਖ਼ਿਲਾਫ਼ ਕੋਈ ਕਾਨੂੰਨੀ ਜਾਂ ਸੰਵਿਧਾਨਿਕ ਚਾਰਾਜੋਈ ਕੀਤੀ।
ਜਦੋਂ ਸਰਕਾਰ ਇਸ ਮਾਮਲੇ ਵਿਚ ਸੋਸ਼ਲ ਮੀਡੀਆ ਅਤੇ ਜਨਤੱਕ ਤੌਰ ਉੱਤੇ ਘਿਰ ਗਈ ਤਾਂ ਅਮਿਤ ਸ਼ਾਹ ਨੇ ਏਬੀਪੀ ਨਿਊਜ਼ ਨੂੰ ਦਿੱਤੇ ਇੰਟਰਵਿਯੂ ਵਿਚ ਇਹ ਕਹਿ ਕਿ ਗੱਲ ਖ਼ਤਮ ਕਰਨ ਦੀ ਕੋਸ਼ਿਸ ਕੀਤੀ ਕਿ ਇਹ ਸਿਰਫ਼ ਜੁਮਲਾ ਸੀ। ਜੋ ਬਾਅਦ ਵਿਚ ਮੋਦੀ ਸਰਕਾਰ ਦੀ ਖੁੰਬ ਠੱਪਣ ਦਾ ਇਕ ਹੋਰ ਸਾਧਨ ਬਣ ਗਿਆ।
ਬਾਅਦ ਵਿਚ ਵਿਰੋਧੀ ਧਿਰ ਨੂੰ ਨੋਟਬੰਦੀ, ਜੀਐਸਟੀ ਅਤੇ ਰਾਫ਼ੇਲ ਵਰਗੇ ਮੁੱਦੇ ਮਿਲ ਗਏ ਅਤੇ ਇਹ 15 ਲੱਖ ਵਾਲਾ ਮੁੱਦਾ ਇੰਨਾ ਮਹੱਤਵਪੂਰਨ ਨਹੀਂ ਰਿਹਾ। ਪਰ ਆਮ ਲੋਕ ਅੱਜ ਵੀ 15 ਲੱਖ ਦੀ ਉਡੀਕ ਕਰ ਰਹੇ ਹਨ। ਹੁਣ ਚੋਣਾਂ ਦੇ ਐਲਾਨ ਤੋਂ ਬਾਅਦ ਜਲੰਧਰ ਵਾਸੀ ਜੈ ਪ੍ਰਕਾਸ਼ ਜੈਨ ਨੇ ਡਿਪਟੀ ਕਮਿਸ਼ਨਰ ਰਾਹੀਂ ਮੋਦੀ ਨੂੰ ਮੰਗ ਪੱਤਰ ਭੇਜਿਆ ਹੈ ਕਿ ਉਹ ਚੋਣ ਲੜਨਾ ਚਾਹੁੰਦਾ ਹੈ, ਪਰ ਉਸ ਕੋਲ ਪੈਸੇ ਨਹੀਂ ਹਨ, ਮੋਦੀ ਉਸ ਦੇ ਖਾਤੇ ਵਿਚ 15 ਲੱਖ ਰੁਪਏ ਜਮ੍ਹਾਂ ਕਰਵਾ ਕੇ ਆਪਣਾ ਵਾਅਦਾ ਪੂਰਾ ਕਰਨ।
ਹੁਣ ਜਦ ਮੋਦੀ ਨੇ ਵਾਅਦਾ ਕੀਤਾ ਹੀ ਨਹੀਂ ਤਾਂ 15 ਲੱਖ ਕਿੱਥੋਂ ਮਿਲਣੇ ਹਨ। ਇਸ ਅਫ਼ਵਾਹ ਨੂੰ ਫੈਲਾਉਣ ਵਿਚ ਮੁੱਖਧਾਰਾ ਦੇ ਮੀਡੀਆ ਦੀ ਵੀ ਵੱਡੀ ਭੂਮਿਕਾ ਰਹੀ। ਜਦੋਂ ਇਹ ਅਫ਼ਵਾਹ ਵਾਇਰਲ ਹੋ ਰਹੀ ਸੀ ਤਾਂ ਕਿਸੇ ਨੇ ਵੀ ਅਖ਼ਬਾਰ ਜਾਂ ਚੈਨਲ ਨੇ ਇਸ ਅਫ਼ਵਾਹ ਦਾ ਖੰਡਨ ਨਹੀਂ ਕੀਤਾ। ਸਰਕਾਰ ਬਣ ਜਾਣ ਦੇ ਬਾਅਦ ਮੋਦੀ ਪੱਖੀ ਮੀਡੀਆ ਨੇ ਇਸ ਗੱਲ ਬਾਰੇ ਚੁੱਪ ਵੱਟ ਲਈ ਜਦ ਕਿ ਸਰਕਾਰ ਵਿਰੋਧੀ ਮੀਡੀਆ ਇਸ ਗੱਲ ਨੂੰ ਮੋਦੀ ਖ਼ਿਲਾਫ਼ ਵਰਤਦਾ ਰਿਹਾ ਤਾਂ ਜੋ ਲੋਕਾਂ ਦੀ ਭਾਵਨਾ ਉਨ੍ਹਾਂ ਨਾਲ ਜੁੜੀ ਰਹੇ ਅਤੇ ਟੀ.ਆਰ.ਪੀ. ਚੜ੍ਹਦੀ ਰਹੇ। ਉਨ੍ਹਾਂ ਕਦੇ ਲੋਕਾਂ ਨੂੰ ਦੱਸਣ ਦੀ ਖੇਚਲ ਨਹੀਂ ਕੀਤੀ ਕਿ ਅਜਿਹਾ ਕੋਈ ਵਾਅਦਾ ਕੀਤਾ ਹੀ ਨਹੀਂ ਗਿਆ ਸੀ। ਵੈਸੇ ਵੀ ਇਹ ਗੱਲ ਕਹਿਣ ਦਾ ਖ਼ਤਰਾ ਕੋਈ ਮੁੱਲ ਨਹੀਂ ਲੈਣਾ ਚਾਹੇਗਾ, ਕਿਉਂਕਿ ਇਹ ਗੱਲ ਇੰਨੀ ਜ਼ਿਆਦਾ ਲੋਕਾਂ ਦੇ ਦਿਲ ਵਿਚ ਬੈਠ ਚੁੱਕੀ ਹੈ ਕਿ ਕੋਈ ਮੰਨਣ ਲਈ ਤਿਆਰ ਹੀ ਨਹੀਂ ਹੋਵੇਗਾ ਕਿ ਮੋਦੀ ਨੇ ਅਜਿਹਾ ਕੋਈ ਵਾਅਦਾ ਕੀਤਾ ਹੀ ਨਹੀਂ।
ਇਸ ਬਾਰੇ ਆਨਲਾਈਨ ਚੈਨਲ ਲੱਲਨਟੌਪ ਨੇ ਵੀ ਦਸੰਬਰ 2018 ਵਿਚ ਆਪਣੀ ਪੜਤਾਲ ਦਿਖਾਈ ਸੀ, ਪਰ ਹਾਲੇ ਵੀ ਲੋਕ 15 ਲੱਖ ਦੀ ਉਡੀਕ ਕਰ ਰਹੇ ਹਨ। ਲੱਲਨਟੌਪ ਦੀ ਵੀਡਿਉ ਦੇਖੋ
ਜ਼ੋਰਦਾਰ ਟਾਈਮਜ਼ ਇਕ ਸੁਤੰਤਰ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ, ਧਾਰਮਿਕ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਅਾਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ 25 ਰੁਪਏ ਤੋਂ ਲੈ ਕੇ 10 ਹਜ਼ਾਰ ਤੱਕ ਜਿੰਨੀ ਚਾਹੋਂ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। ਧੰਨਵਾਦ
Leave a Reply