
‘ਸ਼ਹਾਦਤ ‘ਤੇ ਭੰਗੜੇ’ ਮਾਮਲੇ ਵਿੱਚ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਕਾਰਜਕਾਰੀ ਜੱਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ (Kuldeep Singh Gargaj) ਹੋਰਾਂ ਨੇ ਪੰਜਾਬ ਦੇ ਭਾਸ਼ਾ ਮੰਤਰੀ ਹਰਜੋਤ ਸਿੰਘ ਬੈਂਸ (Harjot Bains) ਅਤੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਜ਼ਫ਼ਰ (Jaswant Zafar) ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਤਲਬ ਕਰ ਲਿਆ ਹੈ।
ਸ੍ਰੀ ਅਕਾਲ ਤਖਤ ਸਾਹਿਬ ਦੇ ਦਫ਼ਤਰ ਤੋਂ ਪ੍ਰਾਪਤ ਸੂਚਨਾ ਮੁਤਾਬਕ ਸ੍ਰੀਨਗਰ ਦੇ ਟੈਗੋਰ ਥਿਏਟਰ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹਾਦਤ ਦਿਵਸ ਮੌਕੇ ਆਯੋਜਿਤ ਸਮਾਗਮਾਂ ਵਿੱਚ ਗਾਇਕ ਬੀਰ ਸਿੰਘ (Bir Singh) ਵੱਲੋਂ ਭੰਗੜਾ ਪਾਉਣ ਅਤੇ ਪਵਾਉਣ ਦੇ ਮਾਮਲੇ ਵਿੱਚ ਸਮਾਗਮ ਦੇ ਆਯੋਜਕ ਭਾਸ਼ਾ ਮਹਿਕਮੇ ਦੇ ਮੰਤਰੀ ਅਤੇ ਡਾਇਰੈਕਟਰ ਨੂੰ ਇੱਕ ਅਗਸਤ ਨੂੰ ਹਾਜ਼ਰ ਹੋ ਕੇ ਇਸ ਬੱਜਰ ਭੁੱਲ ਸਬੰਧੀ ਆਪਣਾ ਸੱਪਸ਼ਟੀਕਰਨ ਦੇਣ ਲਈ ਕਿਹਾ ਹੈ।
ਇਸ ਤੋਂ ਪਹਿਲਾਂ ਵਿਵਾਦ ਹੋਣ ਕਰਕੇ ਬੀਰ ਸਿੰਘ (Bir Singh) ਨੇ ਵੀਡੀਓ ਜਾਰੀ ਕਰਕੇ ਮਾਫ਼ੀ ਮੰਗੀ ਸੀ ਅਤੇ ਫਿਰ ਸ੍ਰੀ ਅਕਾਲ ਤਖਤ ਸਾਹਿਬ (Sri Akal Takhat Sahib) ਵਿਖੇ ਮਾਫ਼ੀਨਾਮੇ ਸਮੇਤ ਪਹੁੰਚੇ ਸਨ। ਪ੍ਰਾਪਤ ਜਾਣਕਾਰੀਆਂ ਅਨੁਸਾਰ ਇਕ ਅਗਸਤ ਨੂੰ ਬੀਰ ਸਿੰਘ ਦੇ ਮਾਫ਼ੀਨਾਮੇ ‘ਤੇ ਵੀ ਵਿਚਾਰ ਕੀਤਾ ਜਾਵੇਗਾ।
ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਤਲਬ ਕੀਤੇ ਜਾਣ ਤੋਂ ਬਾਅਦ ਭਾਸ਼ਾ ਮੰਤਰੀ ਹਰਜੋਤ ਸਿੰਘ ਬੈਂਸ (Harjot Singh Bains) ਨੇ ਆਪਣੇ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਕੇ ਸ੍ਰੀਨਗਰ (Srinagar) ਵਿੱਚ ਹੋਈ ਬੱਜਰ ਭੁੱਲ ਲਈ ਨੈਤਿਕ ਜ਼ਿੰਮੇਵਾਰੀ ਕਬੂਲ ਕੀਤੀ ਹੈ। ਸਰਦਾਰ ਬੈਂਸ ਨੇ ਕਿਹਾ ਹੈ ਕਿ ਉਹ ਨਿਮਾਣੇ ਸਿੱਖ ਵਾਂਗ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਪੇਸ਼ ਹੋਣਗੇ।
ਇਹ ਖ਼ਬਰ ਲਿਖੇ ਜਾਣ ਤੱਕ ਬੀਰ ਸਿੰਘ ਅਤੇ ਹਰਜੋਤ ਸਿੰਘ ਬੈਂਸ ਤੋਂ ਇਲਾਵਾ ਇਸ ਸਮਾਗਮ ਦੇ ਪ੍ਰਬੰਧਾਂ ਨਾਲ ਸੰਬੰਧਿਤ ਹੋਰ ਕਿਸੇ ਵੀ ਪ੍ਰਬੰਧਕ ਨੇ ਸ਼੍ਰੀ ਅਕਾਲ ਤਖਤ ਸਾਹਿਬ ‘ਤੇ ਤਲਬ ਕੀਤੇ ਜਾਣ ਬਾਬਤ ਆਪਣੀ ਪ੍ਰਤਿਕਿਰਿਆ ਨਹੀਂ ਦਿੱਤੀ ਹੈ।

Leave a Reply