
ਸ੍ਰੀਨਗਰ ਵਿਖੇ ਪੰਜਾਬ ਸਰਕਾਰ ਵੱਲੋਂ ਆਯੋਜਿਤ ਕੀਤੇ ਗਏ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਦੇ 350ਵੇਂ ਸ਼ਹੀਦੀ ਸਮਾਗਮ ਦੌਰਾਨ ਗਾਇਕ ਬੀਰ ਸਿੰਘ (Bir Singh) ਵੱਲੋਂ ਰੋਮਾਂਟਿਕ ਗੀਤ ਗਾਉਣ ਤੇ ਭੰਗੜੇ ਪਾਉਣ ਦੇ ਮਾਮਲੇ ਵਿੱਚ ਨਵਾਂ ਖੁਲਾਸਾ ਹੋਇਆ ਹੈ। ਵਾਇਰਲ ਹੋਈ ਵੀਡੀਉ ਵਿੱਚ ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਦੇ ਸਰਕਾਰੀ ਮੁਲਾਜ਼ਮਾਂ ਵੀ ਭੰਗੜਾ ਪਾਉਂਦੇ ਹੋਏ ਨਜ਼ਰ ਆਏ। ਮਾਮਲਾ ਸ੍ਰੀ ਅਕਾਲ ਤਖਤ ਸਾਹਿਬ (Sri Akal Takhat Sahib) ਤੱਕ ਪਹੁੰਚਣ ਕਰਕੇ ਭਾਸ਼ਾ ਵਿਭਾਗ ਦੇ ਸੋਸ਼ਲ ਮੀਡੀਆ ਪੇਜਾਂ ਉੱਤੋਂ ਬੀਰ ਸਿੰਘ ਵਾਲੇ ਵਿਵਾਦਤ ਸਮਾਗਮ ਦੀ ਲਾਇਵ ਵੀਡੀਉ ਹਟਾ ਦਿੱਤੀ ਗਈ ਹੈ।
‘ਸ਼ਹੀਦੀ ਨੂੰ ਸਮਰਪਿਤ ਸਮਾਗਮ ਵਿੱਚ ਭੰਗੜੇ ਪੈਣ’ ਦੇ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਜੰਮੂ-ਕਸ਼ਮੀਰ ਤੋਂ ਲੈ ਕੇ ਦੇਸ਼-ਵਿਦੇਸ਼ ਵਿੱਚ ਰੋਸ ਪਾਇਆ ਜਾ ਰਿਹਾ ਹੈ। ਜੰਮੂ-ਕਸ਼ਮੀਰ ਦੀ ਸਿੱਖ-ਸੰਗਤ ਅਤੇ ਗੁਰਦੁਆਰਾ ਸਾਹਿਬਾਨ ਦੀਆਂ ਪ੍ਰਬੰਧਕਾਂ ਕਮੇਟੀਆਂ ਨੇ ਇਸ ਸੰਬੰਧੀ ਰੋਸ ਪ੍ਰਗਟ ਕੀਤਾ ਹੈ।
ਮੌਕੇ ‘ਤੇ ਮੌਜੂਦ ਭਰੋਸੇਯੋਗ ਸੂਤਰਾਂ ਅਨੁਸਾਰ ਪੰਜਾਬੀ ਗਾਇਕ ਬੀਰ ਸਿੰਘ (Bir Singh) ਨੇ ਪਹਿਲਾਂ ਧਾਰਮਿਕ ਗੀਤ ਨਾਲ ਪ੍ਰਗੋਰਾਮ ਦੀ ਸ਼ੁਰੂਆਤ ਕੀਤੀ। ਉਪਰੰਤ ਉਸ ਨੇ ਆਪਣੇ ਆਮ ਪ੍ਰੋਗਰਾਮਾਂ ਵਾਂਗ ਆਪਣੇ ਕਈ ਸਾਰੇ ਰੋਮਾਂਟਿਕ ਅਤੇ ਮਨਪ੍ਰਚਾਵੇ ਵਾਲੇ ਗੀਤ ਗਾਏ। ਜਿਉਂ ਹੀ ਬੀਰ ਸਿੰਘ ਨੇ ਆਪਣੇ ਪ੍ਰਚੱਲਿਤ ਗੀਤ ਗਾਉਣੇ ਸ਼ੁਰੂ ਕੀਤੇ ਤਾਂ ਹਾਲ ਵਿੱਚ ਮੌਜੂਦ ਛੋਟੇ ਬੱਚੇ ਆਪ-ਮੁਹਾਰੇ ਨੱਚਣ ਲੱਗੇ। ਦੇਖਦੇ ਹੀ ਦੇਖਦੇ ਸਿਆਣੀ ਉਮਰ ਤੋਂ ਲੈ ਕੇ ਨੌਜਵਾਨਾਂ ਤੱਕ ਸਾਰੇ ਹੀ ਉੱਠ ਕੇ ਨੱਚਣ ਲੱਗੇ।
ਸਿਰਫ਼ ਇੰਨਾ ਹੀ ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਦੇ ਕੁਝ ਅਫ਼ਸਰ ਤੇ ਸਟਾਫ਼ ਮੈਂਬਰ ਵੀ ਸਟੇਜ ਦੇ ਸਾਹਮਣੇ ਮੂਹਰੇ ਹੋ ਕੇ ਨੱਚਦੇ ਹੋਏ ਨਜ਼ਰ ਆਏ। ਵੀਡੀਉ ਵਿੱਚ ਵਿਭਾਗ ਦਾ ਮਹਿਲਾ ਸਟਾਫ਼ ਵੀ ਮੰਚ ਦੇ ਉੱਤੇ ਚੜ੍ਹ ਕੇ ਨੱਚਦਾ ਦੇਖਿਆ ਗਿਆ।
ਅੱਧੇ ਘੰਟੇ ਦੇ ਕਰੀਬ ਬੀਰ ਸਿੰਘ (Bir Singh) ਦਾ ਨੱਚਣ-ਗਾਉਣ ਵਾਲਾ ਸਿਲਸਿਲਾ ਜਾਰੀ ਰਿਹਾ। ਉਸ ਤੋਂ ਬਾਅਦ ਮੰਤਰੀ ਹਰਜੋਤ ਬੈਂਸ ਦੇ ਕਹਿਣ ‘ਤੇ ਬੀਰ ਸਿੰਘ ਨੇ ਸਲੋਕ ਮਹੱਲੇ ਨੌਵੇਂ ਦੀ ਬਾਣੀ ਦਾ ਗਾਇਨ ਕੀਤਾ। ਇਸ ਦੌਰਾਨ ਹਾਜ਼ਰ ਸੰਗਤ ਨੂੰ ਜੋੜੇ ਉਤਾਰ ਕੇ ਸਿਰ ਢੱਕਣ ਦੀ ਬੇਨਤੀ ਕੀਤੀ ਗਈ।
ਇਹ ਸਾਰਾ ਕੁਝ ਭਾਸ਼ਾ ਵਿਭਾਗ ਦੇ ਸੋਸ਼ਲ ਮੀਡੀਆ ਦੇ ਪੰਨਿਆਂ ‘ਤੇ ਲਾਈਵ ਚੱਲਿਆ। ਜਿਸ ਦਾ ਨੋਟਿਸ ਦੇਸ਼-ਦੁਨੀਆ ਵਿੱਚ ਬੈਠੇ ਸਿੱਖਾਂ ਨੇ ਲਿਆ ਅਤੇ ਸੋਸ਼ਲ ਮੀਡੀਆ ਰਾਹੀਂ ਇਸ ਬੇਦਅਬੀ ਦੀ ਕਰੜੇ ਸ਼ਬਦਾਂ ਵਿੱਚ ਨਖੇਧੀ ਕੀਤੀ। ਇਸ ਤੋਂ ਤੁਰੰਤ ਬਾਅਦ ਭਾਸ਼ਾ ਵਿਭਾਗ ਨੇ ਆਪਣੇ ਪੰਨਿਆਂ ਤੋਂ ਇਸ ਸਮਾਗਮ ਦੀ ਲਾਇਵ ਵੀਡੀਉ ਹਟਾ ਦਿੱਤੀ ਗਈ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜੱਥੇਦਾਰ ਸਿੰਘ ਸਾਹਿਬ ਗਿਆਨ ਕੁਲਦੀਪ ਸਿੰਘ ਗੜਗੱਜ ਵੱਲੋਂ ਭਾਸ਼ਾ ਮੰਤਰੀ ਹਰਜੋਤ ਸਿੰਘ ਬੈਂਸ ਤੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਜ਼ਫਰ ਨੂੰ 1 ਅਗਸਤ ਨੂੰ ਤਲਬ ਕੀਤਾ ਗਿਆ ਹੈ। ਸੂਚਨਾ ਅਨੁਸਾਰ ਇਸ ਦਿਨ ਬੀਰ ਸਿੰਘ ਵੱਲੋਂ ਆਪ ਪੇਸ਼ ਹੋ ਕੇ ਦਿੱਤੇ ਗਏ ਮੁਆਫ਼ੀਨਾਮੇ ਉੱਪਰ ਵੀ ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਵਿੱਚ ਵਿਚਾਰ ਹੋਵੇਗੀ।
ਸਿੱਖ ਬੁੱਧੀਜੀਵੀਆਂ ਅਤੇ ਸੰਗਤ ਦਾ ਕਹਿਣਾ ਹੈ ਕਿ ਸਰਕਾਰ ਸੋਸ਼ਲ ਮੀਡੀਆ ਪੰਨਿਆਂ ਉੱਤੋਂ ਲਾਈਵ ਵੀਡੀਉ ਹਟਾ ਕੇ ਨਾਲੇ ਤਾਂ ਹੋਈ ਬੱਜਰ ਭੁੱਲ ਦੇ ਸਬੂਤ ਲੁਕਾ ਰਹੀ ਹੈ, ਉੱਥੇ ਹੀ ਆਪਣੇ ਮਹਿਕਮੇ ਦੇ ਸਟਾਫ਼ ਦੀ ਲਾਪ੍ਰਵਾਹੀ ‘ਤੇ ਪਰਦਾ ਪਾ ਰਹੀ ਹੈ।
ਸੰਗਤ ਨੇ ਮੰਗ ਕੀਤੀ ਕਿ ਸਤਿਕਾਰਯੋਗ ਜੱਥੇਦਾਰ ਸਾਹਿਬ ਮਹਿਕਮੇ ਤੋਂ ਲਾਈਵ ਪ੍ਰੋਗਰਾਮ ਦੀ ਵੀਡੀਉ ਪ੍ਰਾਪਤ ਕਰਕੇ ਉਸ ਵਿੱਚ ਨਜ਼ਰ ਆ ਰਹੇ ਸਰਕਾਰੀ ਮੁਲਾਜ਼ਮਾਂ ਦੀ ਪਛਾਣ ਕਰਦਿਆਂ ਉਨ੍ਹਾਂ ਖ਼ਿਲਾਫ਼ ਵੀ ਸਖ਼ਤ ਕਾਰਵਾਈ ਕਰਨ।
ਸਿੱਖ ਪ੍ਰਚਾਰਕਾਂ ਦਾ ਸਵਾਲ ਹੈ ਕਿ ਸਰਕਾਰੀ ਖ਼ਰਚੇ ਉੱਤੇ ਸ੍ਰੀਨਗਰ ਗਿਆ ਸਰਕਾਰੀ ਸਟਾਫ਼ ਕੀ ਗੁਰੂ ਤੇਗ ਸਾਹਿਬ ਜੀ ਦੇ 350ਵੇਂ ਸ਼ਹੀਦੀ ਸਮਾਗਮ ਦੇ ਪ੍ਰਬੰਧਾਂ ਲਈ ਗਿਆ ਸੀ ਜਾਂ ਨੱਚਣ-ਟੱਪਣ ਲਈ? ਮੁਲਾਜ਼ਮਾਂ ਦੀ ਜ਼ਿੰਮੇਵਾਰੀ ਤਾਂ ਸਮਾਗਮ ਨੂੰ ਸੁਚਾਰੂ ਰੂਪ ਵਿੱਚ ਗੁਰਮਤਿ ਮਰਿਆਦਾ ਅਨੁਸਾਰ ਚਲਾਉਣ ਦੀ ਹੋਣੀ ਚਾਹੀਦੀ ਸੀ। ਜਦੋਂ ਸਮਾਗਮ ਕਰਵਾਉਣ ਵਾਲੇ ਮਹਿਕਮੇ ਦਾ ਸਟਾਫ਼ ਆਪ ਹੀ ਗੁਰਮਤਿ ਮਰਿਆਦਾ ਭੰਗ ਕਰ ਰਿਹਾ ਸੀ ਤਾਂ ਉਹ ਗਾਇਕ ਬੀਰ ਸਿੰਘ ਜਾਂ ਆਮ ਲੋਕਾਂ ਨੂੰ ਨੱਚਣ ਤੋਂ ਕਿਵੇਂ ਰੋਕਦੇ?
ਸਿੱਖ ਸੰਗਤਾਂ ਦਾ ਰੋਸ ਹੈ ਕਿ ਮਰਿਆਦਾ ਭੰਗ ਹੋਣ ਦੀ ਸਾਰੀ ਕਾਰਵਾਈ ਭਾਸ਼ਾ ਵਿਭਾਗ ਦੇ ਮੰਤਰੀ ਅਤੇ ਉੱਚ ਅਫ਼ਸਰਾਂ ਦੀ ਹਾਜ਼ਰੀ ਵਿੱਚ ਹੋ ਰਹੀ ਸੀ। ਮਹਿਕਮੇ ਦੇ ਮੁਖੀ ਹੋਣ ਦੇ ਨਾਤੇ ਇਨ੍ਹਾਂ ਦੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ।
ਫ਼ਿਲਹਾਲ ਸੰਗਤ ਦੀਆ ਨਜ਼ਰਾਂ 1 ਅਗਸਤ ਨੂੰ ਹੋਣ ਵਾਲੀ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਇਕੱਤਰਤਾ ‘ਤੇ ਲੱਗੀ ਹੋਈ ਹੈ। ਸਿੱਖ ਜੱਥੇਬੰਦੀਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਿੱਚ ਪੂਰਨ ਭਰੋਸਾ ਪ੍ਰਗਟ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਪੰਜ ਸਿੰਘ ਸਾਹਿਬਾਨ ਸਿੱਖ ਰਹਿਤ ਮਰਿਆਦਾ ਅਨੁਸਾਰ ਬਣਦੀ ਕਾਰਵਾਈ ਅਮਲ ਵਿੱਚ ਲਿਆਉਣਗੇ।

Leave a Reply