ਬਿਲਕਿਸ: ਅਦਾਲਤ ‘ਚ ਬਿਰਖ ਹੁੰਦੀਆਂ ਬੇਟੀਆਂ!

Bilkis Bano Rape Case Verdict
ਬਿਲਕਿਸ ਬਾਨੋ ਜਬਰ-ਜਿਨਾਹ ਮਾਮਲੇ ਵਿਚ ਸੁਪਰੀਮ ਕੋਰਟ ਨੇ ਦੋਸ਼ੀਆਂ ਦੀ ਸਜ਼ਾ ਮੁਆਫ਼ੀ ਰੱਦ ਕੀਤੀ

ਇਨਸਾਫ਼ ਦੀ ਦੇਵੀ ਦੀਆਂ ਅੱਖਾਂ ‘ਤੇ ਬੱਝੀ ਪੱਟੀ ਕਦੇ-ਕਦਾਈਂ ਖੁੱਲ੍ਹਦੀ ਹੈ। ਗੁਜਰਾਤ ਦੰਗਿਆਂ ਵਿਚ ਘਿਨੌਣੇ ਤਸ਼ਦੱਦ ਦਾ ਸ਼ਿਕਾਰ ਹੋਈ ਬਿਲਕਿਸ ਬਾਨੋ ਦੇ ਮਾਮਲੇ ਵਿਚ ਇਹ ਪੱਟੀ ਕੁਝ ਪਲਾਂ ਲਈ ਖੁੱਲ੍ਹੀ ਹੈ। ਇਕ ਵਾਰ ਇਨਸਾਨ ਦੀ ਦੇਵੀ ਨੇ ਅੱਖ ਝਪਕੀ ਹੈ। ਇਹ ਦੱਸਣਾ ਮੁਸ਼ਕਿਲ ਹੈ ਕਿ ਉਸ ਦੀਆਂ ਅੱਖਾਂ ਵਿਚ ਕੋਈ ਅੱਥਰੂ ਚੋਇਆ ਹੈ ਜਾਂ ਨਹੀਂ ਪਰ ਇਕ ਵਾਰ ਫੇਰ ਉਸ ਨੇ ਬਿਲਕਿਸ ਦੇ ਨਿਆਂ-ਤੰਤਰ ਦੇ ਤਿੜਕ ਚੁੱਕੇ ਭਰੋਸੇ ਦੀਆਂ ਤਰੇੜਾਂ ਨੂੰ ਮਲ੍ਹਮ ਭਰਨ ਦੀ ਕੋਸ਼ਿਸ ਕੀਤੀ ਹੈ।

‘ਬੇਟੀ ਬਚਾਉ, ਬੇਟੀ ਪੜ੍ਹਾਉ’ ਦੀਆਂ ਭਗਵੀਆਂ ਤਖ਼ਤੀਆਂ ਫੜਨ ਵਾਲੇ ਹੱਥਾਂ ਦੇ ਕਰੂਰ ਚਿਹਰੇ ਇਸ ਮਾਮਲੇ ਨੇ ਪਿਛਲੇ ਬਾਈ ਸਾਲ੍ਹਾਂ ਵਿਚ ਕਈ ਵਾਰ ਨੰਗੇ ਕੀਤੇ ਹਨ। ਸਵਾਲ ਪੈਦਾ ਹੁੰਦਾ ਹੈ ਕਿ ਜਿਸ ਦੌਰ ਵਿਚ ਅਸੀਂ ਜੀਅ ਰਹੇ ਹਾਂ, ਜਦੋਂ ਇਹ ਕਰੂਰ ਚਿਹਰੇ ਨਾ ਸੰਗਦੇ ਹਨ ਤੇ ਨਾ ਝੁਕਦੇ ਹਨ ਤਾਂ ਉਸ ਦੌਰ ਵਿਚ ਇਸ ਇਕ ਮਾਮਲੇ ਦੇ ਨਾਲ ਕੀ ਸਭ ਕੁਝ ਠੀਕ-ਠਾਕ ਹੋ ਜਾਵੇਗਾ ਜਾਂ ਦੇਸ਼ ਦੀਆਂ ਲੱਖਾਂ ਬੇਟੀਆਂ ਤੇ ਉਨ੍ਹਾਂ ਦੇ ਪਰਿਵਾਰ ਹਾਲੇ ਵੀ ਅਦਾਲਤਾਂ ਵਿਚ ਬਿਰਖ ਹੋਣ ਲਈ ਖੜ੍ਹੇ ਰਹਿਣਗੇ।

ਬਿਲਕਿਸ ਬਾਨੋ ਦਾ ਮਾਮਲਾ ਘਿਨੌਣੇਪਣ ਦੀ ਸਿਖ਼ਰ ਤੋ ਵੀ ਅਗਾਂਹ ਦਾ ਮਾਮਲਾ ਹੈ। ਗੁਜਰਾਤ ਵਿਚ ਸਾਬਰਮਤੀ ਐਕਸਪ੍ਰੈਸ ਰੇਲ ਗੱਡੀ ਨੂੰ ਅੱਗ ਲੱਗਣ ਦੀ ਘਟਨਾ ਵਿਚ ਮਾਰੇ ਗਏ 59 ਕਾਰ-ਸੇਵਕਾਂ ਦਾ ਬਦਲਾ ਲੈਣ ਲਈ ਪੂਰਾ ਗੁਜਰਾਤ ਅੱਗ ਦੀਆਂ ਲਾਟਾਂ ਵਿਚ ਝੋਕ ਦਿੱਤਾ ਗਿਆ ਸੀ। ਉਸੇ ਧੁਆਂਖੇ ਖੌਫ਼ ਦੇ ਮੰਜ਼ਰ ਵਿਚ ਬਿਲਕਿਸ ਬਾਨੋ ਦਾ ਪਰਿਵਾਰ ਆਪਣੇ ਹੀ ਗੁਆਂਢੀਆਂ ਤੋਂ ਬਚਣ ਲਈ ਆਪਣਾ ਘਰ ਛੱਡ ਕੇ ਭੱਜ ਰਿਹਾ ਸੀ। ਜੰਗਲ ਦੀ ਅੱਗ ਵਾਂਗ ਫੈਲੀ ਵਹਿਸ਼ਤ ਦੀ ਅੱਗ ਪਰ ਕਿੱਤੇ ਮਾਸੂਮ ਪਰਿੰਦਿਆਂ ਤੇ ਉਨ੍ਹਾਂ ਦੇ ਬੋਟਾਂ ਨੂੰ ਬਚ ਕੇ ਜਾਣ ਦਿੰਦੀ ਹੈ। ਅਖ਼ਬਾਰਾਂ ਦੀਆਂ ਲਹੂ ਭਿੱਜੀਆਂ ਸੁਰਖ਼ੀਆਂ ਦੱਸਦੀਆਂ ਹਨ ਕਿ ਬਿਲਕਿਸ ਬਾਨੋ ਦੇ ਪਰਿਵਾਰ ਨੂੰ ਘੇਰ ਕੇ ਕੋਹ-ਕੋਹ ਕੇ ਮਾਰ ਦਿੱਤਾ ਸੀ। ਇਸ ਕਤਲੇਆਮ ਦੀ ਭੇਂਟ ਚੜ੍ਹੇ ਉਸ ਦੇ ਪਰਿਵਾਰ ਦੇ ਸੱਤ ਜੀਆਂ ਵਿਚ ਉਸ ਦੀ ਤਿੰਨ ਸਾਲਾਂ ਦੀ ਮਾਸੂਮ ਬੇਟੀ ਵੀ ਸ਼ਾਮਲ ਸੀ।

ਇਸ ਵਹਿਸ਼ੀ ਕਤਲੇਆਮ ਨੂੰ ਅੰਜਾਮ ਦੇਣ ਵਾਲੇ ਗਿਆਰਾਂ ਕਾਤਲਾਂ ਦੀ ਲਹੂ ਦੀ ਪਿਆਸ ਇਸ ਤੋਂ ਬਾਅਦ ਵੀ ਨਹੀਂ ਬੁਝੀ ਸੀ। ਖ਼ੂਨ ਦੀ ਪਿਆਸ ਦੇ ਨਾਲ-ਨਾਲ ਹਵਸ ਦੀ ਪਿਆਸ ਬੁਝਾਉਣ ਲਈ ਉਨ੍ਹਾਂ ਨੇ ਇੱਕੀ ਸਾਲਾ ਬਿਲਕਿਸ ਬਾਨੋ ਨੂੰ ਉਨ੍ਹਾਂ ਨੇ ਵਾਰੋ-ਵਾਰੀ ਹਵਸ ਦਾ ਸ਼ਿਕਾਰ ਬਣਾਇਆ ਸੀ। ਦੈਂਤ ਦਾ ਰੂਪ ਅਖ਼ਤਿਆਰ ਚੁੱਕੇ ਗਿਆਰਾਂ ਕਾਤਲਾਂ ਨੇ ਇਸ ਗੱਲ ਦੀ ਵੀ ਪ੍ਰਵਾਨ ਨਹੀਂ ਕੀਤੀ ਸੀ ਕਿ ਉਸ ਵੇਲੇ ਬਿਲਕਿਸ ਦੀ ਕੁੱਖ ਵਿਚ ਪੰਜ ਮਹੀਨਿਆਂ ਦੀ ਇਕ ਆਂਦਰ ਇਸ ਕਰੂਰ ਸੰਸਾਰ ਵਿਚ ਆਉਣ ਦੀ ਉਡੀਕ ਕਰ ਰਹੀ ਸੀ। ਇਸ ਤੋਂ ਦੁੱਖਦਾਈ ਕੀ ਹੋਵੇਗਾ ਕਿ ਉਸ ਅਰਧ-ਵਿਕਸਿਤ ਭਰੂਣ ਨੇ ਇਸ ਕੋਝੀ ਦੁਨੀਆ ਵਿਚ ਪੈਰ ਧਰਨ ਤੋਂ ਪਹਿਲਾਂ ਕੁੱਖ ਵਿਚ ਹੀ ਦੁਨੀਆ ਦਾ ਕਰੂਰ ਰੂਪ ਦੇਖ ਲਿਆ ਸੀ।

ਇਸ ਬੇਰਹਿਮ ਦੁਨੀਆ ਦੀ ਪੱਥਰ ਹੋ ਚੁੱਕੀ ਸੰਵੇਦਨਸ਼ੀਲਤਾ ਨੂੰ ਸਾਲ ਦਰ ਸਾਲ ਰੂਹ ਦੇ ਪਿੰਡੇ ‘ਤੇ ਹੰਢਾਉਣ ਲਈ ਬਿਲਕਿਸ ਬਾਨੋ ਆਪ ਬਚ ਗਈ ਸੀ। ਕਰੀਬ ਛੇ ਸਾਲ ਦੇ ਚੁਣੌਤੀਆਂ ਭਰੇ ਅਦਾਲਤੀ ਚੱਕਰ ਵਿਚੋਂ ਲੰਘਦਿਆਂ ਸੰਨ 2008 ਵਿਚ ਪਹਿਲੀ ਵਾਰ ਇਨਸਾਫ਼ ਦੀ ਝਲਕ ਦੇਖੀ ਸੀ। ਚੌਦਾਂ ਸਾਲ ਬਾਅਦ ਜਦੋਂ ਉਹ ਸ਼ਾਇਦ ਆਪਣੇ ਕਾਲੇ ਅਤੀਤ ਨੂੰ ਭੁੱਲਣ ਦੀ ਕੋਸ਼ਿਸ ਕਰ ਰਹੀ ਹੋਵੇਗੀ, ਉਦੋਂ ਹੀ ਗੁਜਰਾਤ ਸਰਕਾਰ ਦੀ ਮਿਹਰਬਾਨੀ ਨਾਲ ਸਜ਼ਾ ਮੁਆਫ਼ ਕਰਾ ਕੇ ਜੇਲ੍ਹ ਵਿਚੋਂ ਬਾਹਰ ਆ ਗਏ। ਦੇਸ਼ ਵਿਚ ਰਾਜ ਕਰ ਰਹੀ ਪਾਰਟੀ ਦੇ ਭਗਵਾਧਾਰੀਆਂ ਨੇ ਇਨ੍ਹਾਂ ਦਾ ‘ਯੋਧਿਆਂ’ ਵਾਂਗ ਸੁਆਗਤ ਕੀਤਾ। ਲੱਡੂ ਵੰਡੇ। ਇਨ੍ਹਾਂ ਨੂੰ ‘ਸੰਸਕਾਰੀ’ ਕਹਿ ਕੇ ਸਲਾਹਿਆ। ਇਹ ਰਿਹਾਈ ਚੌਦਾਂ ਸਾਲ ਬਾਅਦ ਬਿਲਕਿਸ ਦੀ ਰੂਹ ਨਾਲ ਇਕ ਵਾਰ ਫੇਰ ਜਬਰ-ਜਿਨਾਹ ਤੋਂ ਘਟ ਨਹੀਂ ਸੀ।

ਆਜ਼ਾਦੀ ਦਿਹਾੜੇ ‘ਤੇ ਰਿਹਾ ਹੋਏ ਇਹ ‘ਸੰਸਕਾਰੀ’ ਬਲਾਤਕਾਰੀ-ਕਾਤਲ ਦੋ ਸਾਲ ਆਜ਼ਾਦ ਘੁੰਮਣ ਤੋਂ ਬਾਅਦ ਸੁਪਰੀਮ ਕੋਰਟ ਦੇ ਹੁਕਮਾਂ ਨਾਲ ਵਾਪਸ ਜੇਲ੍ਹ ਜਾਣਗੇ। ਸੁਪਰੀਮ ਕੋਰਟ ਨੇ ਕਾਨੂੰਨੀ ਦੀਆਂ ਘੁੰਡੀਆਂ ਨੂੰ ਤੋੜ-ਮਰੋੜ ਕੇ ਅਦਾਲਤਾਂ ਨੂੰ ਗੁੰਮਰਾਹ ਕਰਕੇ ਕਾਤਲ-ਬਲਾਤਕਾਰੀਆਂ ਨੂੰ ਰਿਹਾਅ ਕਰਾਉਣ ਲਈ ਸਰਕਾਰੀ ਤੰਤਰ ਦੀ ਖ਼ੂਬ ਝਾੜ-ਝੰਭ ਕੀਤੀ ਹੈ। ਕੀ ਇਸ ਝਾੜ੍ਹ-ਝੰਭ ਤੋਂ ਬਾਅਦ ਵੀ ਕਾਤਲ-ਬਲਾਤਕਾਰੀਆਂ ਦਾ ਸਾਥ ਦੇਣ ਵਾਲਾ ਇਹ ਸਰਕਾਰੀ ਤੰਤਰ ਸ਼ਰਮ ਮਹਿਸੂਸ ਕਰੇਗਾ? ਜਾਂ ਫਿਰ ਕੀ ਲੱਖਾਂ ਜਬਰ ਜਿਨਾਹ ਦੇ ਕੇਸਾਂ ਵਿਚ ਇਨਸਾਫ਼ ਉਡੀਕ ਰਹੀਆਂ ‘ਦੇਸ਼ ਦੀਆਂ ਬੇਟੀਆਂ’ ਅਦਾਲਤਾਂ ਵਿਚ ਖੜ੍ਹੀਆਂ ਬਿਰਖ਼ ਹੋ ਜਾਣਗੀਆਂ? ਚੜ੍ਹਦੀ ਕਲਾ।

ਜ਼ੋਰਦਾਰ ਟਾਈਮਜ਼ ਇਕ ਸੁਤੰਤਰ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਇਮਾਨਦਾਰੀ, ਨਿਰਪੱਖਤਾ, ਨਿਡਰਤਾ ਤੇ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ।

Updated:

in

,

by

ਇਕ ਨਜ਼ਰ ਇੱਧਰ ਵੀ

Comments

Leave a Reply

error: ਕਾਪੀ ਕਰਨਾ ਮਨ੍ਹਾਂ ਹੈ। ਲਿਖਤ ਪ੍ਰਾਪਤ ਕਰਨ ਲਈ ਈ-ਮੇਲ ਕਰੋ zordartimes@gmail.com