ਦਿਲਜੀਤ ਨੂੰ ਚਾਹੁੰਣ ਵਾਲਿਆਂ ਦੇ ਨਾਲ-ਨਾਲ ਇਹ ਖ਼ਬਰ ਪੜ੍ਹ ਕੇ ਦਿਲਜੀਤ ਨੂੰ ਨਾ-ਪਸੰਦ ਕਰਨ ਵਾਲੇ ਵੀ ਸ਼ਾਇਦ ਅਜੀਬ ਮਹਿਸੂਸ ਕਰਨ ਕਿ ਦਿਲਜੀਤ ਬਾਕੀ ਸਾਰੇ ਗਾਇਕਾਂ ਨੂੰ ਪਿੱਛੇ ਛੱਡ ਕੇ ਪਹਿਲੇ ਨੰਬਰ ਤੇ ਪਹੁੰਚ ਗਿਆ ਹੈ। ਜਨਾਬ ਜੇ ਤੁਸੀ ਸੋਚ ਰਹੇ ਹੋ ਕਿ ਪੰਜਾਬੀ ਗਾਇਕੀ ਵਿਚ ਪਹਿਲੇ ਨੰਬਰ ਤੇ ਪਹੁੰਚ ਗਿਆ ਹੈ ਤਾਂ ਤੁਸੀ ਬਿਲਕੁਲ ਗਲਤ ਸੋਚ ਰਹੇ ਹੋ, ਦਰਅਸਲ ਉਹ ਲੱਚਰ ਗਾਇਕੀ ਵਿਚ ਨੰਬਰ ਇੱਕ ਗਿਣਿਆ ਗਿਆ ਹੈ। ਅਜਿਹਾ ਅਸੀ ਨਹੀਂ ਕਹਿ ਰਹੇ, ਇਹ ਕਹਿਣਾ ਹੈ ਇਸ਼ਤਰੀ ਜਾਗ੍ਰਿਤੀ ਮੰਚ ਦਾ ਜਿਹਨਾਂ ਨੇ ਮੰਗਲਵਾਰ ਨੂੰ ਲੁਧਿਆਣੇ ਦੇ ਇਲਾਕੇ ਦੁੱਗਰੀ ਸਥਿਤ ਗਾਇਕ ਦਿਲਜੀਤ ਦੇ ਘਰ ਅੱਗੇ ਧਰਨਾ ਦਿੱਤਾ। ਸੈਂਕੜੇ ਦੀ ਗਿਣਤੀ ਵਿਚ ਸ਼ਹਿਰ ਦਾ ਮਾਰਚ ਕਰਦੀਆਂ ਹੋਈਆਂ ਔਰਤਾਂ ਦਿਲਜੀਤ ਦੇ ਘਰ ਪਹੁੰਚੀਆਂ ਜਿਨ੍ਹਾਂ ਦੇ ਹੱਥਾਂ ਵਿਚ ‘ਅਸ਼ਲੀਲ ਗਾਇਕ ਦਿਲਜੀਤ ਮੁਰਦਾਬਾਦ’ ਲਿਖੇ ਹੋਏ ਬੈਨਰ ਫੜੇ ਹੋਏ ਸਨ। ਪੂਰਾ ਦਿਨ ਚੱਲੇ ਧਰਨੇ ਦੌਰਾਨ ਔਰਤਾਂ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੇ ਆਪਣੀ ਮੁਹਿੰਮ ਬਾਰੇ ਵਿਸਤਾਰ ਨਾਲ ਚਰਚਾ ਕੀਤੀ। ਪੰਜਾਬੀ ਗਾਇਕਾਂ ਵਲੋ ਸਭਿਆਚਾਰ ਦਾ ਮਿਆਰ ਡੇਗ ਕੇ ਪੇਸ਼ ਕੀਤੀ ਜਾਂਦੀ ਲੱਚਰ ਗਾਇਕੀਂ ਵਿਰੁੱਧ ਆਪਣੀ ਮੁਿਹਮ ਦੀ ਸੁਰੂਆਤ ਕਰਦਿਆਂ ਦੀ ਅਗਵਾਈੌ ਹੇਠ ਇਕੱਠੀਆਂ ਹੋਈਆ ਔਰਤਾਂ ਵਲੋਂ ਲੱਚਰ ਗਾਇਕੀ ਦੇ ਨਵ ਉਭਰੇ ਝੰਡਾ ਬਰਦਾਰ ਦਿਲਜੀਤ ਦੇ ਘਰ ਮੂਹਰੇ ਰੋਹ ਭਰਪੂਰ ਧਰਨਾਂ ਦੇ ਕੇ ਲੱਚਰਤਾ ਨੂੰ ਵਧਾਉਣ ਵਿਚ ਹਿੱਸਾ ਪਾ ਰਹੇ ਗੀਤਕਾਰਾਂ ਤੇ ਗਾਇਕਾਂ ਨੂੰ ਸਭਿਆਚਾਰ ਮਿਆਰ ਡੇਗਣ ਵਿਰੁੱਧ ਜੋਰਦਾਰ ਚੇਤਾਵਨੀ ਦਿੱਤੀ।ਕੜਾਕੇ ਦੀ ਠੰਡ ਦੀ ਪਰਵਾਹ ਨਾਂ ਕਰਦਿਆਂ ਵੱਡੀ ਗਿਣਤੀ ਵਿਚ ਬੀਬੀਆਂ ਦੁੱਗਰੀ ‘ਚ ਰੋਸ ਮਾਰਚ ਕਰਦੀਆਂ ਗਾਇਕ ਦਿਲਜੀਤ ਦੇ ਘਰ ਅੱਗੇ ਪਹੁਚੀਆਂ। ਮੰਚ ਦੀ ਆਗੂ ਗੁਰਬਖਸ਼ ਕੌਰ ਸੰਘਾ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਵੱਲੋਂ ਪੰਜਾਬ ਦੇ ਪੰਜ ਸ਼ਹਿਰਾਂ ਪਟਿਆਲਾ, ਜਲੰਧਰ, ਸੰਗਰੂਰ, ਬਰਨਾਲਾ, ਨਵਾਂ-ਸ਼ਹਿਰ ਵਿਚ ਕਰਵਾਏ ਗਏ ਸਰਵੇਖਣ ਮੁਤਾਬਿਕ ਦਿਲਜੀਤ ਦਾ ਨਾਮ ਗਾਣਿਆਂ ਵਿਚ ਔਰਤਾਂ ਬਾਰੇ ਲੱਚਰ ਟਿੱਪਣੀਆਂ ਕਰਨ ਵਿਚ ਪਹਿਲੇ ਨੰਬਰ ਤੇ ਆਇਆ ਹੈ। ਇਸੇ ਲੜੀ ਵਿਚ ਦੂਜਾ ਨੰਬਰ ਗੀਤਾ ਜ਼ੈਲਦਾਰ ਅਤੇ ਤੀਸਰਾ ਨੰਬਰ ਗਿੱਪੀ ਗਰੇਵਾਲ ਦਾ ਰਿਹਾ ਹੈ। ਸੰਘਾ ਨੇ ਦੱਸਿਆ ਕਿ ਇਸ ਮੁਹਿੰਮ ਦਾ ਮਕਸਦ ਕਿਸੇ ਇਕ ਕਲਾਕਾਰ ਵਿਰੁੱਧ ਗੁੱਸਾ ਕੱਢਣਾ ਨਹੀਂ, ਬਲਕਿ ਪੰਜਾਬੀ ਗੀਤਾਂ ਵਿਚ ਆ ਕੁੜੀਆਂ ਬਾਰੇ ਕੀਤੀਆਂ ਜਾਂਦੀਆਂ ਟਿੱਪਣੀਆਂ ਦੇ ਖ਼ਿਲਾਫ਼ ਹੈ। ਸਰਵੇਖਣ ਦੇ ਆਧਾਰ ਤੇ ਇਹ ਮੁਹਿੰਮ ਸਿਲਸਿਲੇਵਾਰ ਵੱਖ-ਵੱਖ ਗਾਇਕਾਂ ਦੇ ਘਰਾਂ ਅੱਗੇ ਰੋਸ ਮੁਜਾਹਰੇ ਕਰੇਗੀ ਅਤੇ ਗਾਇਕਾਂ ਨੂੰ ਇਸ ਗੱਲ ਲਈ ਮਜਬੂਰ ਕਰੇਗੀ ਕਿ ਉਹ ਹੁਣ ਤੱਕ ਗਾਏ ਲੱਚਰ ਗੀਤਾਂ ਲਈ ਮਾਫ਼ੀ ਮੰਗਣ ਅਤੇ ਭਵਿੱਖ ਵਿਚ ਅਜਿਹੇ ਗੀਤ ਨਾ ਗਾਉਣ ਦੀ ਸੌਂਹ ਖਾਣ। ਬੁਲਾਰਿਆਂ ਨੇ ਇੱਕਠ ਵਿਚ ਬੋਲਦਿਆਂ ਕਿਹਾ ਕਿ ਸ਼ੋਹਰਤ ਅਤੇ ਪੈਸੇ ਭੁੱਖੇ ਗੀਤਕਾਰਾਂ ਤੇ ਗਾਇਕਾਂ ਦੀ ਬਦੌਲਤ ਸਾਡਾ ਸਮਾਜ ਨਿਘਾਰ ਵੱਲ ਵੱਧਦਾ ਜਾ ਰਿਹਾ ਹੈ, ਜਿਸਦਾ ਬੁਰਾ ਅਸਰ ਨੌਜਵਾਨ ਪ੍ਹੀੜੀ ਤੇ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਗੀਤਾਂ ਵਿਚ ਔਰਤ ਨੂੰ ਨੁਮਾਇਸ਼ ਦੀ ਵਸਤੂ ਦੇ ਰੂਪ ਵਿਚ ਪੇਸ਼ ਕੀਤਾ ਜਾ ਰਿਹਾ ਹੈ ਤੇ ਨੌਜਵਾਨਾਂ ਨੂੰ ਵੈਲੀਪੁਣੇ ਵਲ ਧਕੇਲਿਆਂ ਜਾ ਰਿਹਾ ਹੈ। ਜਿਸ ਕਰਕੇ ਸਮਾਜ ਵਿਚ ਔਰਤਾਂ ਵਿਰੁੱਧ ਜੁਰਮਾਂ ਵਿਚ ਬੜੀ ਹੀ ਤੇਜੀ ਨਾਲ ਵਾਧਾ ਹੋ ਰਿਹਾ ਹੈ। ਉਨ੍ਹਾਂ ਔਰਤਾਂ ਅਤੇ ਸਮਾਜ ਦੇ ਚੇਤਨ ਵਰਗ ਨੂੰ ਇਸ ਵਿਰੁੱਧ ਜ਼ੋਰਦਾਰ ਅਵਾਜ਼ ਬੁਲੰਦ ਕਰਨ ਦੀ ਅਪੀਲ ਕੀਤੀ। ਮੰਚ ਦੀ ਸੂਬਾਈ ਆਗੂ ਚਰਨਜੀਤ ਕੌਰ ਨੇ ਕਿਹਾ ਸਾਮਰਾਜ ਦੇ ਦਲਾਲ ਲੋਕ ਨਾ ਸਿਰਫ ਆਰਥਿਕ ਨੀਤੀਆਂ ਰਾਹੀਂ ਮਿਹਨਤਕਸ਼ ਲੋਕਾਂ ਤੇ ਹਮਲੇ ਕਰ ਰਹੇ ਹਨ ਸਗੋਂ ਲੋਕਾਂ ਦੀ ਮਾਨਸਿਕਤਾ ਨੂੰ ਖਪਤਵਾਦ, ਅਸ਼ਲੀਲਤਾ ਅਤੇ ਲੱਚਰਤਾ ਦੀ ਪੁੱਠ ਚਾੜਨ ਲਈ ਸਭਿਆਚਾਰ ਨੂੰ ਇਕ ਹਥਿਆਰ ਵਜੋਂ ਇਸਤੇਮਾਲ ਕਰ ਰਹੇ ਹਨ। ਜਿਸ ਨਾਲ ਸਮਾਜ ਦੀਆਂ ਉਸਾਰੂ ਕਦਰਾਂ ਕੀਮਤਾਂ ਨੂੰ ਭਾਰੀ ਢਾਅ ਲੱਗ ਰਹੀ ਹੈ। ਉਨ੍ਹਾਂ ਇਸ ਹਮਲੇ ਵਿਰੁੱਧ ਚੇਤਨ ਹੋ ਕੇ ਅਵਾਜ਼ ਬੁਲੰਦ ਕਰਨ ਦਾ ਸੱਦਾ ਦਿੱਤਾ। ਮੰਚਞ ਦੀ ਆਗੂ ਅਨੀਤਾ ਸੰਧੂ ਨੇ ਕਿਹਾ ਕਿ ਸਰਕਾਰ ਵਲੋਂ ਲੱਚਰਤਾ ਪਰੋਸਣ ਵਾਲੇ ਇਨ੍ਹਾਂ ਗਾਇਕਾਂ ਵਿਰੁੱਧ ਕੇਸ ਦਰਜ ਕੀਤੇ ਜਾਣੇ ਚਾਹੀਦੇ ਹਨ। ਉਨ੍ਹਾਂ ਪ੍ਰਾਈਵੇਟ ਬੱਸਾਂ ਵਿਚ ਮਨੋਰੰਜਣ ਦੇ ਨਾਂ ਹੇਠ ਸ਼ੋਰ ਤੇ ਲੱਚਰਤਾ ਫੈਲਾਉਣ ਵਾਲੇ ਗੀਤਾਂ ਉੱਤੇ ਰੋਕ ਲਾਉਣ ਦੀ ਮੰਗ ਕੀਤੀ। ਇਸ ਮੌਕੇ ਇਸਤਰੀ ਜਾਗ੍ਰਿਤੀ ਮੰਚ ਵਲੋਂ ਅਜਿਹੇ ਗਾਇਕਾਂ ਖਿਲਾਫ ਲੜੀਵਾਰ ਧਰਨੇ ਲਾਉਣ ਦਾ ਫੈਸਲਾ ਲਿਆਂ ਗਿਆ। ਦਿਲਜੀਤ ਦੇ ਮਾਫ਼ੀ ਨਾ ਮੰਗਣ ਤੱਕ ਮੰਚ ਨੇ ਇਸ ਧਰਨੇ ਨੂੰ ਅਣਮਿੱਥੇ ਸਮੇਂ ਤੱਕ ਜਾਰੀ ਰੱਖਣ ਦਾ ਐਲਾਨ ਕੀਤਾ ਸੀ, ਪਰ ਮੌਕੇ ਤੇ ਪਹੁੰਚੇ ਦਿਲਜੀਤ ਦੇ ਚਚੇਰੇ ਭਰਾ ਨੇ ਦਿਲਜੀਤ ਦਿਲਜੀਤ ਵਲੋਂ ਭਰੋਸਾ ਦਿਵਾਇਆ ਗਿਆ ਕਿ ਵਿਦੇਸ਼ ਵਿਚ ਚੱਲ ਰਹੀ ਫਿਲਮ ਦੀ ਸ਼ੁਟਿੰਗ ਖਤਮ ਹੋਣ ਉਪੰਰਤ ਉਹ ਆਪ ਇਸਤਰੀ ਜਾਗ੍ਰਤੀ ਮੰਚ ਨਾਲ ਸੰਪਰਕ ਕਰੇਗਾ ਤੇ ਜੋ ਵੀ ਫੈਸਲਾ ਹੋਵੇਗਾ ਉਸ ਨੂੰ ਪ੍ਰੈਸ-ਕਾਨਫਰੰਸ ਕਰਕੇ ਸਭ ਦੇ ਸਾਹਮਣੇ ਰੱਖਿਆ ਜਾਵੇਗਾ। ਇਸ ਭਰੋਸੇ ਤੋਂ ਬਾਅਦ ਞਇਸਤਰੀ ਮੰਚ ਵਲੋਂ ਸ਼ਾਮ ਨੂੰ ਇਹ ਧਰਨਾਂ ਸਮਾਪਤ ਕਰ ਦਿੱਤਾ ਤੇ ਨਾਲ ਹੀ ਚਿਤਾਵਨੀ ਦਿੱਤੀ ਕਿ ਜੇਕਰ ਦਿਲਜੀਤ ਞ12 ਜਨਵਰੀ ਤੱਕ ਮੰਚ ਨਾਲ ਸੰਪਰਕ ਨਹੀ ਬਣਾਏਗਾ ਤਾਂ ਧਰਨਿਆਂ ਦੀ ਲੜੀ ਮੁੜ ਸੁਰੂ ਕੀਤੀ ਜਾਵੇਗੀ। ਇਸ ਤੋਂ ਇਲਾਵਾ ਇਸ ਧਰਨੇ ਨੂੰ ਅਮਨਦੀਪ ਕੌਰ, ਸੁਖਞਿਵੰਦਰ ਕੌਰ ਤੇ ਸੁਰਿੰਦਰ ਕੌਰ ਨੇ ਵੀ ਸਬੋਧਿਨ ਕੀਤਾ। ਇਸ ਤੋਂ ਪਹਿਲਾਂ ਵੀ ਦਿਲਜੀਤ ਆਪਣੇ ਚਾਹੁੰਣ ਵਾਲਿਆਂ ਪ੍ਰਤਿ ਬੁਰੀ ਸ਼ਬਦਾਵਲੀ ਵਰਤਣ ਕਰਕੇ ਵਿਵਾਦਾਂ ਵਿਚ ਘਿਰ ਚੁੱਕਾ ਹੈ ਅਤੇ ਇਸ ਬਾਰੇ ਇੰਟਰਨੈੱਟ ਮਾਧਿਅਮ ਤੇ ਲੰਬੇ ਸਮੇਂ ਤੱਕ ਸ਼ਬਦੀ ਜੰਗ ਚਲਦੀ ਰਹੀ ਹੈ। ਇਸੇ ਵਿਵਾਦ ਦੌਰਾਨ ਉਸਦਾ ਗੀਤ ਪੰਦਰਾਂ ਸਾਲਾਂ ਤੋਂ ਘੱਟ ਕੁੜੀਏ ਵੀ ਚੈਨਲਾਂ ਤੇ ਰਿਲੀਜ਼ ਨਹੀਂ ਹੋ ਸਕਿਆ। ਹੁਣ ਦੇਖਣਾ ਇਹ ਹੋਵੇਗਾ ਕਿ ਆਉਣ ਵਾਲੀ 12 ਜਨਵਰੀ ਤੱਕ ਦਿਲਜੀਤ ਅਤੇ ਬਾਕੀ ਗਾਇਕ ਕਲਾਕਾਰ ਜਿਨ੍ਹਾਂ ਦੇ ਇਸ ਸਰਵੇਖਣ ਵਿਚ ਨਾਮ ਆਏ ਹਨ, ਉਹ ਇਸ ਮਸਲੇ ਦਾ ਹੱਲ ਕਰਨ ਲਈ ਆਪ ਕੀ ਪਹਿਲ ਕਦਮੀ ਕਰਦੇ ਹਨ। ਦੇਖਣ ਵਾਲੀ ਗੱਲ ਇਹ ਵੀ ਹੋਵੇਗੀ ਕਿ ਧਰਨਾ ਲਾਉਣ ਵਾਲੀ ਧਿਰ ਇਸ ਮੁਹਿੰਮ ਨੂੰ ਕਿੱਥੋਂ ਤੱਕ ਲਿਜਾਂਦੀ ਹੈ ਜਾਂ ਫ਼ਿਰ ਇਹ ਮੁਹਿੰਮ ਵੀ ਕਿਸੇ ਸਿਆਸੀ ਪੈਂਤੜੇ ਵਾਂਗ ਕੁਝ ਹੀ ਦਿਨਾਂ ਵਿਚ ਮੁੱਕ ਜਾਂਦੀ ਹੈ।
(ਜਸਟ ਪੰਜਾਬੀ ਬਿਊਰੋ ਦੇ ਨਾਲ ਲੁਧਿਆਣਾ ਤੋਂ ਪੱਤਰਕਾਰ ਕੁਲਦੀਪ ਲੋਹਟ)
ਫੋਟੋਆਂ-ਕੁਲਵੰਤ ਸਿੰਘ ਮਰੜ ਅਤੇ ਕੁਲਦੀਪ ਲੋਹਾਟ
Leave a Reply