ਦੀਪ ਜਗਦੀਪ ਸਿੰਘ
ਰੇਟਿੰਗ 3.5/5
ਬੰਬੂਕਾਟ ਜੜ੍ਹਾਂ ਚੇਤੇ ਕਰਾਉਣ ਵਾਲੀ ਫ਼ਿਲਮ ਹੈ। ਆਜ਼ਾਦੀ ਤੋਂ ਬਾਅਦ ਵਾਲੇ ਵਕਤ ਦੀ ਕਹਾਣੀ, ਬੰਬੂਕਾਟ ਨਾ ਸਿਰਫ਼ ਭਾਰਤੀ ਸਮਾਜ ਵਿਚ ਸਦੀਆਂ ਪੁਰਾਣੇ ਚਮੜੀ ਦੇ ਰੰਗ ਕਰਕੇ ਹੋਣ ਵਾਲੇ ਭੇਦਭਾਵ ਦੀ ਗੱਲ ਕਰਦੀ ਹੈ ਬਲਕਿ ਆਰਥਿਕ ਰੁਤਬੇ ਕਰਕੇ ਪਰਿਵਾਰਾਂ ਵਿਚ ਹੀ ਕੀਤੇ ਜਾਂਦੇ ਭੇਦਭਾਵ ਦੀ ਵੀ ਬਾਤ ਪਾਉਂਦੀ ਹੈ। ਇਹ ਪੰਜਾਬੀਆਂ ਦੀ ਸਿਰਜਣਸ਼ੀਲਤਾ ਅਤੇ ਕਦੇ ਨਾ ਹਾਰਨ ਵਾਲੀ ਸਿਦਕਦਿਲੀ ਦਾ ਪੇਸ਼ਕਾਰੀ ਵੀ ਕਰਦੀ ਹੈ।
ਲੰਮੇ ਅਰਸੇ ਬਾਅਦ ਕੋਈ ਪੰਜਾਬੀ ਫ਼ਿਲਮ ਲੇਖਕ ਅਜਿਹੀ ਕਹਾਣੀ ਲਿਆਇਆ ਹੈ ਜੋ ਤਾਜ਼ੀ ਅਤੇ ਪੰਜਾਬੀਅਤ ਦੇ ਰੰਗ ਵਿਚ ਰੰਗੀ ਲੱਗਦੀ ਹੈ। ਇਹ ਫ਼ਿਲਮ ਸਾਫ਼ ਤੌਰ ’ਤੇ ਆਪਣੇ ਮਿੱਥੇ ਹੋਏ ਦਰਸ਼ਕ ਦੀ ਨਿਸ਼ਾਨਦੇਹੀ ਕਰਦੀ ਹੈ ਅਤੇ ਅਖ਼ੀਰ ਤੱਕ ਇਸ ਨਿਸ਼ਾਨਦੇਹੀ ’ਤੇ ਨਿੱਭਦੀ ਹੈ। ਇਹ ਫ਼ਿਲਮ ਇਕ ਵਾਰ ਫੇਰ ਸਾਬਤ ਕਰਦੀ ਹੈ ਕਿ ਪੰਜਾਬੀ ਫ਼ਿਲਮਾਂ ਦਾ ਬਾਜ਼ਾਰ ਪੇਂਡੂ ਦਰਸ਼ਕ ਦਾ ਬਾਜ਼ਾਰ ਹੈ ਅਤੇ ਜੇ ਫ਼ਿਲਮਕਾਰ ਉਸਨੂੰ ਟਿਕਟ ਖਿੜਕੀ ’ਤੇ ਖਿੱਚ ਕੇ ਲਿਆ ਸਕਦੇ ਹਨ ਤਾਂ ਕਮਾਲ ਕਰ ਸਕਦੇ ਹਨ। ਇਸ ਵਾਸਤੇ ਅਜਿਹੀ ਗੁੰਦੀ ਹੋਈ ਕਹਾਣੀ ਦੀ ਲੋੜ ਪਵੇਗੀ ਜੋ ਅਸਲੀਅਤ ਦੇ ਨੇੜੇ ਅਤੇ ਮਿੱਟੀ ਨਾਲ ਜੁੜੀ ਲੱਗੇ।
1960ਵਿਆਂ ਵਿਚ ਦਰਸਾਈ ਗਈ ਬੰਬੂਕਾਟ ਚੰਨਣ ਸਿੰਘ (ਐਮੀ ਵਿਰਕ) ਦੀ ਸਾਧਾਰਨ ਜਿਹੀ ਕਹਾਣੀ ਹੈ, ਜੋ ਇਕ ਕਿਸਾਨੀ ਪਰਿਵਾਰ ਦਾ ਨਿਕੰਮਾਂ ਪੁੱਤਰ ਹੈ, ਪਰ ਉਸਨੂੰ ਮਸ਼ੀਨਾ ਦਾ ਬਾਹਲਾ ਚਸਕਾ ਹੈ। ਉਸਦਾ ਵੱਡਾ ਭਰਾ (ਹਾਰਪ ਫ਼ਾਰਮਰ) ਅਤੇ ਮਾਂ (ਅਨੀਤਾ ਦੇਵਗਨ) ਅਣਮੰਨੇ ਮਨ ਨਾਲ ਉਸ ਦੀ ਮਸ਼ੀਨਾਂ ਬਾਰੇ ਦਿਲਚਸਪੀ ਉੱਤੇ ਭਰੋਸਾ ਰੱਖਦੇ ਹਨ ਪਰ ਉਸਦਾ ਅੜਬ ਬਾਪ (ਮਲਕੀਤ ਰੌਣੀ) ਇਸ ਨੂੰ ਵਿਹਲਿਆਂ ਦੀ ਟੱਕਰਾਂ ਹੀ ਸਮਝਦਾ ਹੈ। ਇਸ ਕਰਕੇ ਨਿਕੰਮੇ ਪੁੱਤ ਨੂੰ ਪੱਕੇ ਰੰਗਾ ਵਾਲੀ ਪਰਮਿੰਦਰ ਕੌਰ ਉਰਫ਼ ਪੱਕੋ (ਸਿੰਮੀ ਚਾਹਲ) ਦਾ ਹੀ ਸਾਕ ਜੁੜਦਾ ਹੈ, ਜਿਸ ਨਾਲ ਉਹ ਪਹਿਲੀ ਨਜ਼ਰੇ ਹੀ ਪਿਆਰ ਕਰ ਬੈਠਦਾ ਹੈ। ਇੱਕ ਪਾਸੇ ਪੱਕੋ ਦਾ ਸਾਂਵਲਾ ਸੁਹੱਪਣ ਅਤੇ ਸਾਦਗੀ ਉਸ ਦੀ ਜ਼ਿੰਦਗੀ ਵਿਚ ਰੋਮਾਂਚ ਭਰ ਦਿੰਦੇ ਹਨ, ਦੂਜੇ ਪਾਸੇ ਚੰਨਣ ਦਾ ਡੁੱਲ੍ਹ-ਡੁੱਲ੍ਹ ਪੈਂਦਾ ਪਿਆਰ ਬਚਪਰ ਤੋਂ ਤਾਅਨੇ ਸੁਣਦੀ ਰਹੀ ਪੱਕੋ ਨੂੰ ਵੀ ਹੈਰਾਨ ਕਰ ਦਿੰਦਾ ਹੈ ਕਿ ਚੰਨਣ ਨਾ ਸਿਰਫ਼ ਉਸਨੂੰ ਪਿਆਰ ਕਰਦਾ ਹੈ ਬਲਕਿ ਉਹ ਜਿਹੋ ਜਿਹੀ ਵੀ ਹੈ ਉਸਨੂੰ ਉਵੇਂ ਹੀ ਪਸੰਦ ਕਰਦਾ ਹੈ। ਕਹਾਣੀ ਉਸ ਵੇਲੇ ਤਿੱਖਾ ਮੋੜ ਕੱਟਦੀ ਹੈ ਜਦੋਂ ਚੰਨਣ ਪਹਿਲੀ ਵਾਰ ਪੱਕੋ ਦੇ ਨਾਲ ਸਾਇਕਲ ’ਤੇ ਸਵਾਰ ਹੋ ਕੇ ਆਪਣੇ ਸਹੁਰਿਆਂ ਦੇ ਪਿੰਡ ਜਾਂਦਾ ਹੈ, ਜਿੱਥੇ ਉਨ੍ਹਾਂ ਦੀ ਮੁਲਾਕਾਤ ਪੱਕੋ ਦੀ ਭੈਣ ਸਿੰਮੀ (ਸ਼ੀਤਲ ਠਾਕੁਰ) ਦੇ ਘਰਵਾਲੇ ਅਤੇ ਚੰਂਨਣ ਦੇ ਸਾਂਢੂ ਰੇਸ਼ਮ ਸਿੰਘ (ਬਿੰਨੂ ਢਿੱਲੋਂ) ਨਾਲ ਹੁੰਦੀ ਹੈ। ਰੇਸ਼ਮ ਰੇਲ ਮਹਿਕਮੇ ਵਿਚ ਸਟੇਸ਼ਨ ਮਾਸਟਰ ਲੱਗਿਆ ਹੈ ਅਤੇ ਸ਼ਹਿਰ ਠਾਠ-ਬਾਠ ਨਾਲ ਰਹਿੰਦਾ ਹੈ, ਜੋ ਲਾਲ ਰੰਗ ਦੇ ਬੰਬੂਕਾਟ (ਯਜਦੀ ਮੋਟਰ ਸਾਇਕਲ) ਉੱਤੇ ਚੌੜਾ ਹੋ ਕੇ ਸਹੁਰੇ ਆਉਂਦਾ ਹੈ ਅਤੇ ਹਰੇਕ ਨੂੰ ਟਿੱਚ ਸਮਝਦਾ ਹੈ। ਸਹੁਰੇ ਘਰ ਉਸਦੀ ਉਚੇਚੀ ਖ਼ਾਤਰਦਾਰੀ ਹੁੰਦੀ ਹੈ ਜਦਕਿ ਪੱਕੋ ਜਿਸਨੂੰ ਪਹਿਲਾਂ ਰੰਗ ਕਰਕੇ ਮਹਿਣੇ ਸੁਣਨੇ ਪੈਂਦੇ ਸਨ, ਹੁਣ ਉਸਦੇ ਘਰਵਾਲੇ ਨੂੰ ‘ਨੀਵੇਂ’ ਆਰਥਿਕ ਰੁਤਬੇ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਗੱਲ ਦਾ ਸੱਲ ਪੱਕੋ ਨੂੰ ਬੜਾ ਡੂੰਘਾ ਲੱਗਦਾ ਹੈ। ਪੱਕੋ ਦੇ ਕਹਿਣ ’ਤੇ ਭਾਵੁਕਤਾ ਵੱਸ ਚੰਨਣ ਕੁਝ ਅਜਿਹੇ ਕਦਮ ਚੁੱਕ ਲੈਂਦਾ ਹੈ ਉਸ ਰੁਤਬਾ ਅਤੇ ਸ਼ਾਨ ਤਾਂ ਕੀ ਵੱਧਣੀ ਸੀ, ਉਸ ਨੂੰ ਸਹੁਰਿਆਂ, ਪਰਿਵਾਰ ਅਤੇ ਸਮਾਜ ਸਾਹਮਣੇ ਸ਼ਰਮਿੰਦਾ ਹੋਣ ਦੇ ਨਾਲ-ਨਾਲ ਕੈਦ ਵੀ ਬੋਲ ਜਾਂਦੀ ਹੈ। ਕਿਵੇਂ ਚੰਨਣ ਆਪਣੇ ਆਪ ਨੂੰ ਬੇਕਸੂਰ ਸਾਬਤ ਕਰਕੇ ਉੱਚਾ ਰੁਤਬਾ ਹਾਸਲ ਕਰਦਾ ਹੈ? ਕਿਵੇਂ ਮਸ਼ੀਨਾਂ ਨਾਲ ਉਸਦਾ ਇਸ਼ਕ ਉਸਦਾ ਹੁਨਰ ਸਾਬਤ ਕਰਨ ਵਿਚ ਉਸਦੀ ਮਦਦ ਕਰਦਾ ਹੈ, ਬੰਬੂਕਾਟ ਦਾ ਕਹਾਣੀ ਦਾ ਧੁਰਾ ਇਹੀ ਹੈ।
ਫ਼ਰਾਰ ਅਤੇ ਜੱਟ ਜੇਮਜ਼ ਬੌਂਡ ਵਰਗੀਆਂ ਫ਼ਿਲਮਾਂ ਲਿਖਣ ਤੋਂ ਬਾਅਦ ਆਖ਼ਰ ਜੱਸ ਗਰੇਵਾਲ ਆਪਣੀ ਜੜ੍ਹਾਂ ਲੱਭਣ ਵੱਲ ਮੁੜ ਗਿਆ ਹੈ ਅਤੇ ਉਸਨੇ ਬੰਬੂਕਾਟ ਵਰਗੀ ਪੰਜਾਬੀਅਤ ਨਾਲ ਲਬਰੇਜ਼ ਕਹਾਣੀ ਲਿਖੀ ਹੈ। ਉਸਨੇ ਰਿਸ਼ਤਿਆਂ ਵਿਚਲੇ ਪੰਜਾਬੀ ਸਭਿਆਚਾਰ ਦੀਆਂ ਬਾਰੀਕੀਆਂ ਫੜ੍ਹੀਆਂ ਹਨ ਅਤੇ ਕਿਰਦਾਰਾਂ ਦੇ ਸੁਭਾਅ ਅਤੇ ਹਾਵ-ਭਾਵ ਹੂਬਹੂ ਚਿੱਤਰੇ ਹਨ। ਨੌਟੀ ਜੱਟਸ, ਗੋਰਿਆਂ ਨੂੰ ਦਫ਼ਾ ਕਰੋ ਅਤੇ ਦਿਲਦਾਰੀਆਂ ਵਰਗੀਆਂ ਚਲਤਾਊ ਫ਼ਿਲਮਾਂ ਬਣਾਉਣ ਤੋਂ ਬਾਅਦ ਨਿਰਦੇਸ਼ਕ ਪੰਕਜ ਬੱਤਰਾ ਨੇ ਆਪਣੀ ਫ਼ਿਲਮਕਾਰੀ ਦਾ ਅਸਲ ਅੰਦਾਜ਼ ਇਸੇ ਸਾਲ ਰਿਲੀਜ਼ ਹੋਈ ਫ਼ਿਲਮ ਚੰਨੋ ਕਮਲੀ ਯਾਰ ਦੀ ਰਾਹੀਂ ਪਹਿਲੀ ਵਾਰ ਪਰਦੇ ’ਤੇ ਦਿਖਾਉਣ ਦੀ ਕੋਸ਼ਿਸ਼ ਕੀਤੀ। ਉਸ ਤੋਂ ਪੰਜ ਮਹੀਨਿਆਂ ਬਾਅਦ ਰਿਲੀਜ਼ ਹੋਈ ਫ਼ਿਲਮ ਬੰਬੂਕਾਟ ਵਿਚ ਉਸਨੇ ਆਪਣੇ ਕਾਬਲੀਅਤ ਦਾ ਪੂਰਾ ਇਸਤੇਮਾਲ ਪਹਿਲੀ ਵਾਰ ਕੀਤਾ ਹੈ, ਜੋ ਪਰਦੇ ਉੱਤੇ ਸਾਫ਼ ਨਜ਼ਰ ਆਉਂਦਾ ਹੈ। ਉਸਨੇ ਕਿਰਦਾਰਾਂ ਨੂੰ ਪਰਦੇ ਉੱਤੇ ਉਤਾਰਨ ਲੱਗਿਆਂ ਹਰ ਨਿੱਕੀ-ਨਿੱਕੀ ਗੱਲ ਦਾ ਧਿਆਨ ਰੱਖਿਆ ਹੈ ਅਤੇ ਅਸਲੀਅਤ ਦੇ ਨੇੜੇ ਰਹਿਣ ਦੀ ਪੂਰੀ ਕੋਸ਼ਿਸ਼ ਕੀਤੀ ਹੈ। ਇਸੇ ਕਰਕੇ ਦਰਸ਼ਕ ਝੱਟ ਹੀ ਕਿਰਦਾਰਾਂ ਨਾਲ ਜੁੜ ਜਾਂਦਾ ਹੈ। ਜ਼ਿਆਦਾਤਰ ਪੰਜਾਬੀ ਫ਼ਿਲਮਾਂ ਆਪਣੀ ਪਟਕਥਾ ਕਰਕੇ ਸ਼ੁਰੂਆਤ ਵਿਚ ਹੀ ਝੱਪ ਖਾ ਜਾਂਦੀਆਂ ਹਨ ਪਰ ਜੱਸ ਗਰੇਵਾਲ ਦੀ ਬੰਬੂਕਾਟ ਦੀ ਪਟਕਥਾ ਵਗ਼ਦੇ ਦਰਿਆ ਵਾਂਗ ਵਹਿੰਦੀ ਤੁਰੀ ਜਾਂਦੀ ਹੈ ਅਤੇ ਦਰਸ਼ਕਾਂ ਦੀਆਂ ਤਾੜੀਆਂ ਦੇ ਸਮੁੰਦਰ ਵਿਚ ਰਲ਼ ਜਾਂਦੀ ਹੈ। ਗਰੇਵਾਲ ਵੱਲੋਂ ਜਤਿੰਦਰ ਲਾਲ ਨਾਲ ਸਾਂਝੇ ਤੌਰ ’ਤੇ ਲਿਖੇ ਸੰਵਾਦ ਇਸ ਨੂੰ ਹੋਰ ਵੀ ਪੀਢਾ ਕਰਦੇ ਹਨ। ਇਸ ਤੋਂ ਬਾਅਦ ਜੱਸ ਗਰੇਵਾਲ ਸਥਾਪਤ ਫ਼ਿਲਮ ਲੇਖਕ ਵੱਜੋਂ ਜਾਣਿਆ ਜਾਵੇਗਾ।
ਬੰਬੂਕਾਟ ਦੇ ਨਾਲ ਨਾ ਸਿਰਫ਼ ਪੰਜਾਬੀ ਸਿਨੇਮਾ ਟਿਕਟ ਖਿੜਕੀ ਉੱਤੇ ਵੱਡਾ ਫ਼ੇਰ ਬਦਲ ਦੇਖ ਰਹੀ ਹੈ ਬਲਕਿ ਇਕ ਨਵੇਂ ਸਿਤਾਰੇ, ਐਮੀ ਵਿਰਕ ਦੀ ਆਮਦ ਦੀ ਨਿਸ਼ਾਨਦੇਹੀ ਵੀ ਕਰ ਰਹੀ ਹੈ। ਭਾਵੇਂ ਕਿ ਅਦਾਕਾਰੀ ਦੇ ਮਾਮਲੇ ਵਿਚ ਐਮੀ ਨੇ ਹਾਲੇ ਬਹੁਤ ਕੁਝ ਸਿੱਖਣਾ ਹੈ ਪਰ ਪਰਦੇ ਉੱਪਰ ਉਸਦੀ ਦਿੱਖ ਉਸਨੂੰ ਵੱਡੀਆਂ ਸੰਭਾਵਨਾਵਾਂ ਦੀ ਸ਼ਾਹਦੀ ਭਰਦੀ ਹੈ। ਦੋ ਫ਼ਿਲਮਾਂ ਅੰਗਰੇਜ ਅਤੇ ਅਰਦਾਰ ਵਿਚ ਸਹਾਇਕ ਭੂਮਿਕਾਵਾਂ ਰਾਹੀਂ ਰਿਹਰਸਲ ਕਰਨ ਤੋਂ ਬਾਅਦ ਐਮੀ ਪੂਰੇ ਆਤਮ-ਵਿਸ਼ਵਾਸ ਨਾਲ ਬੰਬੂਕਾਟ ਨਾਲ ਲੀਡ ਰੋਲ ਵਿਚ ਉਤਰਿਆ ਹੈ ਅਤੇ ਉਸਨੇ ਸਾਬਤ ਕੀਤਾ ਹੈ ਕਿ ਉਹ ਫ਼ਿਲਮ ਦਾ ਭਾਰ ਇੱਕਲਾ ਸਹਾਰ ਸਕਦਾ ਹੈ। ਬਿੰਨੂੰ ਢਿੱਲੋਂ ਨੂੰ ਇਕ ਵਾਰ ਫਿਰ ਆਪਣੀ ਮਜ਼ਾਕੀਆਂ ਛਵੀ ਤੋੜਨ ਦਾ ਮੌਕਾ ਮਿਲਿਆ ਹੈ ਅਤੇ ਇਸ ਵਿਚ ਉਹ ਕਾਫ਼ੀ ਹੱਦ ਤੱਕ ਸਫ਼ਲ ਵੀ ਰਿਹਾ ਹੈ ਪਰ ਕਈ ਥਾਵਾਂ ’ਤੇ ਉਹ ਸਹਿਜਤਾ ਤੋਂ ਤਿਲਕ ਕੇ ਲਾਊਡਨੈੱਸ ਵੱਲ ਚਲਾ ਜਾਂਦਾ ਹੈ। ਸ਼ਹਿਰੀ ਘਮੰਡੀ ਅਫ਼ਸਰ ਦਾ ਕਿਰਦਾਰ ਉਸਨੇ ਸਹਿਜਤਾ ਨਾਲ ਸੰਭਾਲਿਆ ਹੈ ਪਰ ਜੇ ਕਿਤੇ ਉਹ ਕੁਝ ਥਾਵਾਂ ’ਤੇ ਆਪਣੇ ਚਿਹਰੇ ਅਤੇ ਸ਼ਰੀਰਕ ਹਾਵ-ਭਾਵਾਂ ਉੱਤੇ ਨਿਯੰਤਰਨ ਰੱਖ ਸਕਦਾ ਤਾਂ ਉਸਨੇ ਹੋਰ ਵੀ ਬਿਹਤਰ ਲੱਗਣਾ ਸੀ। ਪਹਿਲੀ ਵਾਰ ਪਰਦੇ ਉੱਤੇ ਉੱਤਰੀ ਸਿੰਮੀ ਚਾਹਲ ਵੀ ਅਸਲੀਅਤ ਦੇ ਨੇੜੇ ਲੱਗੀ ਅਤੇ ਉਸਦੀ ਪੱਕੇ ਰੰਗ ਵਾਲੀ ਸੁਹੱਪਣ ਭਰੀ ਛੋਟੀ ਜਿਹੀ ਭੂਮਿਕਾ ਗਹਿਰੀ ਅਸਰ ਛੱਡ ਗਈ। ਸ਼ੀਤਲ ਠਾਕੁਰ ਬੱਸ ਮੁਸਕੁਰਾਉਣ ਲਈ ਸੀ ਅਤੇ ਪਰਦੇ ਉੱਤੇ ਉਹ ਦਿਲਕਸ਼ ਲੱਗੀ। ਬਾਕੀ ਸਾਰੇ ਸਹਿਯੋਗੀ ਕਲਾਕਾਰ ਵੀ ਆਪੋ-ਆਪਣੀ ਥਾਂਵੇਂ ਠੀਕ ਲੱਗੇ।
ਸ਼ਬਾਨਾ ਖ਼ਾਨਮ ਨੇ ਆਰਟ ਡਾਇਰੈਕਸ਼ਨ ਰਾਹੀਂ ਲੱਗਭਗ ਅਸਲੀਅਤ ਦੇ ਨੇੜੇ ਵਾਲਾ ਜਿਹੋ-ਜਿਹਾ ਮਾਹੌਲ ਸਿਰਜਿਆ ਹੈ ਉਸ ਦੀ ਦਾਦ ਦੇਣੀ ਬਣਦੀ ਹੈ ਕਿਉਂਕਿ ਇਹ ਵਿਨੀਤ ਮਲਹੋਤਰਾ ਦੀ ਸਿਨੇਮੈਟੋਗ੍ਰਾਫ਼ੀ ਨੂੰ ਉਭਾਰਨ ਵਿਚ ਮਦਦ ਕਰਦਾ ਹੈ। ਮਨਮੀਤ ਬਿੰਦਰਾ ਦੀ ਵੇਸ਼-ਭੂਸ਼ਾ ਨੇ ਕਿਰਦਾਰਾਂ ਨੂੰ ਸੋਹਣੇ ਰੰਗ ਪ੍ਰਦਾਨ ਕੀਤੇ ਹਨ।
ਭਾਵੇਂ ਕਿ ਬੰਬੂਕਾਟ ਦੀ ਪਟਕਥਾ ਕਾਫ਼ੀ ਹੱਦ ਤੱਕ ਕੱਸੀ ਹੋਈ ਹੈ ਪਰ ਕੁਝ ਥਾਵਾਂ ’ਤੇ ਵੱਡੀਆਂ ਉਕਾਈਆਂ ਰਹਿ ਗਈਆਂ ਹਨ। ਇਹ ਠੀਕ ਐ ਕਿ ਚੰਨਣ ਸਿੰਘ ਪੂਰਾ ਮਹੀਨਾਂ ਜੇਲ੍ਹ ਅੰਦਰਲੇ ਕਾਰਖ਼ਾਨੇ ਵਿਚ ਪਰਦੇ ਉਹਲੇ ਬੰਬੂਕਾਟ ਬਣਾਉਂਦਾ ਰਿਹਾ, ਪਰ ਕੀ ਇਸ ਗੱਲ ’ਤੇ ਹੈਰਾਨੀ ਨਹੀਂ ਹੁੰਦੀ ਕਿ ਪੂਰਾ ਮਹੀਨਾਂ ਜੇਲ੍ਹਰ ਨੇ ਨਿਗਰਾਨੀ ਵਾਲਾ ਇਕ ਗੇੜਾ ਵੀ ਨਹੀਂ ਮਾਰਿਆ? ਕੈਦੀਆਂ ਨਾਲ ਭਰੀ ਹੋਈ ਪੂਰੀ ਬੈਰਕ ਵਿਚ ਚੰਨਣ ਸਿੰਘ ਆਪਣੇ ਬੰਬੂਕਾਟ ਦਾ ਖ਼ਾਕਾ ਬਣਾਉਂਦਾ ਰਿਹਾ ਅਤੇ ਨਾਲ ਰਹਿੰਦੇ ਕਿਸੇ ਇਕ ਵੀ ਕੈਦੀ ਦਾ ਧਿਆਨ ਉਸ ਵੱਲ ਗਿਆ ਹੀ ਨਹੀਂ, ਇਹ ਭਲਾ ਕਿਵੇਂ ਹੋ ਸਕਦਾ ਹੈ? ਸਵਾਲ ਤਾਂ ਹੋਰ ਵੀ ਕਈ ਹਨ।
ਅੰਤ ਵਿਚ ਇਨ੍ਹਾਂ ਸਭ ਗੱਲਾਂ ਵੱਲ ਗੌਰ ਕਰਦਿਆਂ ਇਹੀ ਕਹਾਂਗਾ ਕਿ ਬੰਬੂਕਾਟ ਨੇ ਇਕ ਵਾਰ ਫੇਰ ਸਾਬਿਤ ਕਰ ਦਿੱਤਾ ਹੈ ਕਿ ਵਿਸ਼ਾ-ਵਸਤੂ ਜਾਂ ਕਹਾਣੀ ਹੀ ਸੱਭ ਤੋਂ ਉੱਪਰ ਹੈ। ਇਕ ਹੋਰ ਅਹਿਮ ਗੱਲ ਇਹ ਹੈ ਕਿ ਜੇ ਤੁਹਾਡੀ ਫ਼ਿਲਮ ਵਿਚ ਦਮ ਹੋਵੇਗਾ ਤਾਂ ਇਹ ਇਮਾਨਦਾਰੀ ਨਾਲ ਬਣਾਏ ਟਰੇਲਰ ਵਿਚ ਹੀ ਨਜ਼ਰ ਆ ਜਾਵੇਗਾ ਅਤੇ ਦਰਸ਼ਕਾਂ ਦੇ ਦਿਲ ਤੱਕ ਪਹੁੰਚੇਗਾ। ਇੱਥੇ ਕਹਾਣੀ ਹੀ ਅਸਲੀ ਨਾਇਕ ਹੈ ਅਤੇ ਸਹੀ ਤਰੀਕੇ ਨਾਲ ਪੇਸ਼ ਕੀਤੀ ਗਈ ਕਹਾਣੀ ਦਰਸ਼ਕਾਂ ਨੂੰ ਸਿਨੇਮਾ ਘਰਾਂ ਤੱਕ ਜ਼ਰੂਰ ਖਿੱਚ ਲਿਆਵੇਗੀ। ਬੰਬੂਕਾਟ ਨੂੰ ਬਣਦੇ ਨੇ ਸਾਢੇ ਤਿੰਨ ਤਾਰੇ।ਇਹ ਫ਼ਿਲਮ ਭਰਪੂਰ ਮਨੋਰੰਜਨ ਕਰਨ ਦੇ ਨਾਲ-ਨਾਲ ਸਾਦਗੀ ਨਾਲ ਜਿਉਣ, ਦੂਜਿਆਂ ਨੂੰ ਦੇਖ ਕੇ ਆਪਣੀ ਚਾਦਰ ਤੋਂ ਬਾਹਰ ਨਾ ਜਾਣ, ਮਨ ਦੀ ਖ਼ੂਬਸੂਰਤੀ ਹੀ ਅਸਲੀ ਖ਼ੂਬਸੂਰਤੀ ਹੈ ਅਤੇ ਆਪਣੀ ਕਾਬਲੀਅਤ ਉੱਤੇ ਡਟੇ ਰਹਿਣ ਵਰਗੇ ਸੁਨੇਹੇ ਦੇ ਜਾਂਦੀ ਹੈ।
Leave a Reply