ਕੀ ‘ਡਾਕੂਆਂ ਦਾ ਮੁੰਡਾ’ ਦਾ ਪ੍ਰਚਾਰ ਸੀ ‘ਚਿੱਟੇ ਖ਼ਿਲਾਫ਼ ਕਾਲਾ ਹਫ਼ਤਾ’?

-ਦੀਪ ਜਗਦੀਪ ਸਿੰਘ-

ਮੈਂ ਫ਼ਿਲਮ ਦੇਖਣ ਲਈ ਸਿਨੇਮਾ ਵਿਚ ਦਾਖ਼ਲ ਹੋਇਆ ਤਾਂ ਸਾਹਮਣੇ ਅਕਸ਼ੈ ਕੁਮਾਰ ਦਾ ਸੈਨੇਟਰੀ ਪੈਡ ਦਾ ਇਸ਼ਤਿਹਾਰ ਚੱਲ ਰਿਹਾ ਸੀ। ਉਦੋਂ ਹੀ ਮੈਨੂੰ 2018 ਦੇ ਫਰਵਰੀ ਮਹੀਨੇ ਵਿਚ ਸੋਸ਼ਲ ਮੀਡੀਆ ਅਤੇ ਭਾਰਤ ਵਿਚ ਚੱਲੇ ਪੈਡਮੈਨ ਚੈਲੇਂਜ ਦੀ ਯਾਦ ਆਈ। ਲੋਕ ਔਰਤਾਂ ਵੱਲੋਂ ਮਹਾਂਵਾਰੀ ਦੌਰਾਨ ਵਰਤੇ ਜਾਂਦੇ ਸੈਨੇਟਰੀ ਪੈਡ ਹੱਥ ਵਿਚ ਫੜ੍ਹ ਕੇ ਫ਼ੋਟੋ ਖਿੱਚ ਕੇ ਸੋਸ਼ਲ ਮੀਡੀਆ ਉੱਤੇ ਪਾ ਰਹੇ ਸਨ। ਕੁਝ ਹਫ਼ਤੇ ਬਾਅਦ ਹੀ ਅਕਸ਼ੈ ਕੁਮਾਰ ਦੀ ਫ਼ਿਲਮ ਪੈਡਮੈਨ ਰਿਲੀਜ਼ ਹੋਣ ਵਾਲੀ ਸੀ, ਜੋ ਦੱਖਣ ਭਾਰਤ ਦੇ ਇਕ ਆਮ ਵਿਅਕਤੀ ਦੀ ਜੀਵਨੀ ਉੱਤੇ ਆਧਾਰਤ ਸੀ, ਜਿਸ ਨੇ ਆਪਣੀ ਜ਼ਿੰਦਗੀ ਸਸਤੇ ਸੈਨੇਟਰੀ ਪੈਡ ਬਣਾਉਣ ਉੱਤੇ ਲਾ ਦਿੱਤੀ। ਇਹ ਫ਼ਿਲਮ ਵੀ ਸਫ਼ਲ ਰਹੀ ਅਤੇ ਅੱਜ ਕੱਲ੍ਹ ਅਕਸ਼ੈ ਕੁਮਾਰ ਦੇਸ਼ ਅੰਦਰ ਸੈਨੇਟਰੀ ਪੈਡ ਦੇ ਬਰਾਂਡ ਐਂਬੈਸਡਰ ਬਣੇ ਹੋਏ ਹਨ।  ਤੁਸੀਂ ਇਸ ਨੂੰ ਇਤਫ਼ਾਕ ਹੀ ਕਹਿ ਸਕਦੇ ਹੋ ਕਿ ਜਿਸ ਫ਼ਿਲਮ ਵਿਚ ਮੈਂ ਅਕਸ਼ੇ ਕੁਮਾਰ ਦਾ ਇਹ ਇਸ਼ਤਿਹਾਰ ਦੇਖ ਰਿਹਾ ਸਾਂ, ਉਹ ਫ਼ਿਲਮ ਸੀ ਨਸ਼ਿਆਂ ਖ਼ਿਲਾਫ਼ ਨਿੱਜੀ ਜੰਗ ਜਿੱਤਣ ਵਾਲੇ ਅਤੇ ਹੁਣ ਨਸ਼ਿਆਂ ਵਿੱਰੁਧ ਪ੍ਰਚਾਰ ਕਰਨ ਵਾਲੇ ਲੇਖਕ-ਪੱਤਰਕਾਰ ਮਿੰਟੂ ਗੁਰੂਸਰੀਆ ਦੇ ਜੀਵਨ ਉੱਤੇ ਬਣੀ ਫ਼ਿਲਮ ‘ਡਾਕੂਆਂ ਦਾ ਮੁੰਡਾ'(Punjabi Film Dakuaan Da Munda)। ਅਕਸ਼ੈ ਕੁਮਾਰ ਦਾ ਇਸ਼ਤਿਹਾਰ ਦੇਖ ਕੇ ਮੈਂ ਮਿੰਟੂ ਗੁਰੂਸਰੀਆ ਨੂੰ ਪੰਜਾਬ ਸਰਕਾਰ ਜਾਂ ਕਿਸੇ ਸਮਾਜਿਕ ਸੰਸਥਾਂ ਦੀ ਨਸ਼ਾ ਵਿਰੋਧੀ ਮੁਹਿੰਮ ਦਾ ਬਰਾਂਡ ਐਬੈਂਸਡਰ ਬਣਿਆ ਤਸੱਵਰ ਕਰ ਰਿਹਾ ਸਾਂ। ਵੈਸੇ 15 ਅਗਸਤ ਦੇ ਨੇੜੇ-ਤੇੜੇ ਪੰਜਾਬ ਸਰਕਾਰ ਵੱਲੋਂ ਚਲਾਈ ਗਈ ‘ਨਸ਼ਿਆਂ ਤੋਂ ਆਜ਼ਾਦੀ’ ਪ੍ਰਚਾਰ ਮੁਹਿੰਮ ਦਾ ਬਰਾਂਡ ਐਬੈਂਸਡਰ ਪੰਜਾਬੀ ਗਾਇਕ-ਅਦਾਕਾਰ ਦਿਲਜੀਤ ਦੁਸਾਂਝ ਹੈ।





ਮਿੰਟੂ ਨੂੰ ਨਸ਼ਾ ਵਿਰੋਧੀ ਪ੍ਰਚਾਰ ਮੁਹਿੰਮ ਦੇ ਚਿਹਰੇ ਵੱਜੋਂ ਦੇਖਣ ਦਾ ਕਾਰਨ ਸੀ, ਕਿਉਂ ਠੀਕ ਪੈਡਮੈਨ ਦੀ ਤਰ੍ਹਾਂ ਹੀ ਡਾਕੂਆਂ ਦਾ ਮੁੰਡਾ ਫ਼ਿਲਮ ਰਿਲੀਜ਼ ਤੋਂ ਕਰੀਬ ਇਕ ਮਹੀਨਾ ਪਹਿਲਾਂ ਪੰਜਾਬ ਵਿਚ ਵੀ ਇਕ ਮੁਹਿੰਮ ਚਲਾਈ ਗਈ, ਜਿਸ ਦਾ ਨਾਮ ਸੀ ‘ਚਿੱਟੇ ਖ਼ਿਲਾਫ਼ ਕਾਲਾ ਹਫ਼ਤਾ-ਮਰੋ ਜਾਂ ਵਿਰੋਧ ਕਰੋ’। ਇਸ ਮੁਹਿੰਮ ਦੇ ਮੋਹਰੀ ਚਿਹਰਿਆਂ ਵਿਚੋਂ ਮਿੰਟੂ ਗੁਰੂਸਰੀਆ ਸਭ ਤੋਂ ਉਭਰਵਾਂ ਚਿਹਰਾ ਸੀ। ਇਹ ਸਵਾਲ ਮਨ ਵਿਚ ਪੈਦਾ ਹੋਣਾ ਕੁਦਰਤੀ ਸੀ ਕਿ  ‘ਚਿੱਟੇ ਖ਼ਿਲਾਫ਼ ਕਾਲਾ ਹਫ਼ਤਾ’ ਕੀ ‘ਡਾਕੂਆਂ ਦਾ ਮੁੰਡਾ’ ਦਾ ਪ੍ਰਚਾਰ ਸੀ? ਇਹ ਸਵਾਲ ਉਭਰਵੇਂ ਰੂਪ ਵਿਚ ਪਹਿਲੀ ਵਾਰ ਮੇਰੇ ਮਨ ਵਿਚ 27 ਜੂਨ ਨੂੰ ਪੈਦਾ ਹੋਇਆ ਅਤੇ ਇਸ ਕਾਲਾ ਹਫ਼ਤਾ ਮੁਹਿੰਮ ਦਾ ਬਾਸ਼ਰਤ ਸਮਰਥਨ ਕਰਦਿਆਂ ਮੈਂ ਫੇਸਬੁੱਕ ‘ਤੇ ਇਹ ਖ਼ਦਸ਼ਾ ਜ਼ਾਹਿਰ ਕੀਤਾ ਸੀ ਕਿ ਇਹ ਫ਼ਿਲਮ ਦੀ ਪ੍ਰਚਾਰ ਮੁਹਿੰਮ ਨਾ ਹੋਵੇ। ਇਸ ਖ਼ਦਸ਼ੇ ਦਾ ਬੀਜ ਮੇਰੇ ਮਨ ਵਿਚ ਉਦੋਂ ਹੀ ਬੀਜਿਆ ਗਿਆ ਸੀ ਜਦੋਂ ‘ਕਾਲਾ ਹਫ਼ਤਾ’ ਮੁਹਿੰਮ ਦਾ ਐਲਾਨ 25 ਜੂਨ ਨੂੰ ਹੋਇਆ ਸੀ। ਇਹ ਸਵਾਲ ਪੈਦਾ ਹੋਣ ਦੇ ਵੀ ਵਾਜਬ ਕਾਰਨ ਸਨ। ਇਸ ਤੋਂ ਪਹਿਲਾਂ 6 ਜੂਨ ਨੂੰ ਫ਼ਿਲਮ ਡਾਕੂਆਂ ਦਾ ਮੁੰਡਾ ਦਾ ਟੀਜ਼ਰ ਯੂਟਿਊਬ ਉੱਤੇ ਜਾਰੀ ਹੋ ਚੁੱਕਾ ਸੀ। ਇਹ ਸ਼ਾਨਦਾਰ ਟੀਜ਼ਰ ਦੇਖ ਕੇ ਮੈਂ ਫ਼ਿਲਮ ਦੇ ਨਿਰਦੇਸ਼ਕ ਮਨਦੀਪ ਬੈਨੀਪਾਲ ਨੂੰ ਵਧਾਈ ਦਿੱਤੀ ਸੀ ਅਤੇ ਬੜੀ ਬੇਸਬਰੀ ਨਾਲ ਫ਼ਿਲਮ ਦੇ ਟਰੇਲਰ ਅਤੇ ਪੂਰੀ ਫ਼ਿਲਮ ਦਾ ਇੰਤਜ਼ਾਰ ਕਰ ਰਿਹਾ ਸੀ। ਉਦੋਂ ਹੀ 14 ਜੂਨ ਨੂੰ ਇਕ ਫੇਸਬੁੱਕ ਪੋਸਟ ਰਾਹੀਂ ਐਲਾਨ ਕੀਤਾ ਗਿਆ ਸੀ ਕਿ ਫ਼ਿਲਮ ਦਾ ਟਰੇਲਰ 29 ਜੂਨ ਨੂੰ ਰਿਲੀਜ਼ ਹੋਵੇਗਾ। 

ਇੱਥੇ ਇਹ ਦੱਸਣਾ ਵਾਜਿਬ ਹੋਵੇਗਾ ਕਿ ਇਨ੍ਹਾਂ ਸਭ ਗੱਲਾਂ ਦੀ ਜਾਣਕਾਰੀ ਦਾ ਸਰੋਤ ਮੇਰੇ ਨਾਲ ਫੇਸਬੁੱਕ ‘ਤੇ ਜੁੜੇ ਫ਼ਿਲਮ ਦੇ ਨਿਰਦੇਸ਼ਕ ਮਨਦੀਪ ਬੈਨੀਪਾਲ ਦੀ ਟਾਈਮਲਾਈਨ ਅਤੇ ‘ਮਰੋ ਜਾਂ ਵਿਰੋਧ ਕਰੋ’ ਮੁਹਿੰਮ ਦੇ ਕਰਤਾ-ਧਰਤਾਵਾਂ ਵਿਚੋਂ ਇਕੋ ਫ਼ਿਲਮ ਲੇਖਕ-ਨਿਰਦੇਸ਼ਕ ਪਾਲੀ ਭੁਪਿੰਦਰ ਸਿੰਘ ਹੁਰਾਂ ਰਾਹੀਂ ਮਿਲ ਰਹੀ ਸੀ। ਉਦੋਂ ਵੀ ਮੈਂ ਫੇਸਬੁੱਕ ਉੱਤੇ ਮਿੰਟੂ ਗੁਰੂਸਰੀਆਂ ਹੁਰਾਂ ਨਾਲ ਨਹੀਂ ਜੁੜਿਆ ਹੋਇਆ ਸੀ ‘ਤੇ ਹੁਣ ਵੀ ਨਹੀਂ ਜੁੜਿਆ ਹੋਇਆ ਹਾਂ। ਉਂਝ ਕੋਈ ਨਾ ਕੋਈ ਸਾਂਝਾ ਮਿੱਤਰ ਉਨ੍ਹਾਂ ਦੀਆਂ ਪੋਸਟਾਂ ਸ਼ੇਅਰ ਕਰਦੇ ਹਨ ਤਾਂ ਸਾਹਮਣੇ ਆ ਜਾਂਦੀਆਂ ਹਨ। 


ਮਿੰਟੂ ਗੁਰੂਸਰੀਆ ਦੀ ਕਿਤਾਬ ਪਹਿਲਾਂ ਤੋਂ ਚਰਚਾ ਵਿਚ ਹੋਣ ਕਰਕੇ ਬਤੌਰ ਫ਼ਿਲਮ ਸਮੀਖਿਅਕ ਅਤੇ ਪੱਤਰਕਾਰ ਇਸ ਉੱਪਰ ਬਣ ਰਹੀ ਫ਼ਿਲਮ ਵਿਚ ਮੇਰੀ ਖ਼ਾਸ ਦਿਲਚਸਪੀ ਸੀ। ਸੋ, ਫ਼ਿਲਮ ਦੇ ਨਿਰਦੇਸ਼ਕ ਮਨਦੀਪ ਬੈਨੀਪਾਲ ਦੀ ਫੇਸਬੁੱਕ ਟਾਈਮਲਾਈਨ ‘ਤੇ ਫ਼ਿਲਮ ਬਾਰੇ ਜੋ ਵੀ ਨਵੀਆਂ ਸੂਚਨਾਵਾਂ ਇਸ ਬਾਰੇ ਸਮੇਂ-ਸਮੇਂ ‘ਤੇ ਸਾਂਝੀਆਂ ਹੁੰਦੀਆਂ ਮੈਂ ਉਨ੍ਹਾਂ ਨੂੰ ਨੋਟ ਕਰ ਰਿਹਾ ਸਾਂ। 

ਉਧਰੋਂ ਫ਼ਿਲਮ ਖਿੱਤੇ ਨਾਲ ਜੁੜੇ ਹੋਣ ਕਰਕੇ ਵੱਖ-ਵੱਖ ਵਿਸ਼ਿਆਂ ਉੱਤੇ ਫ਼ਿਲਮ ਲੇਖਕ-ਨਿਰਦੇਸ਼ਕ ਪਾਲੀ ਭੁਪਿੰਦਰ ਸਿੰਘ ਹੁਰਾਂ ਨਾਲ ਵੀ ਫ਼ੋਨ ‘ਤੇ ਜਾਂ ਸੋਸ਼ਲ ਮੀਡੀਆ ਰਾਹੀਂ ਵਿਚਾਰ-ਵਟਾਂਦਰਾ ਹੁੰਦਾ ਰਹਿੰਦੀ ਸੀ। ਇਸ ਵਿਚਾਰ ਵਟਾਂਦਰੇ ਰਾਹੀਂ ਸਾਡੇ ਦੋਵਾਂ ਵਿਚ ਇਕ ਭਾਵੁਕ ਸਾਂਝ ਵੀ ਪੈਦਾ ਹੋਈ ਸੀ, ਇਹ ਕਹਿਣ ਵਿਚ ਮੈਂ ਕੋਈ ਗ਼ੁਰੇਜ਼ ਨਹੀਂ ਕਰਾਂਗਾ। ਇਸ ਕਰਕੇ ਉਨ੍ਹਾਂ ਦੀ ਫੇਸਬੁੱਕ ਟਾਈਮਲਾਈਨ ਉੱਤੇ ਵੀ ਆਵਾਜਾਈ ਚੱਲਦੀ ਰਹਿੰਦੀ ਸੀ। 25 ਜੂਨ ਦੀ ਦੁਪਹਿਰ ਉਨ੍ਹਾਂ ਨਸ਼ੇ ਕਾਰਨ ਹੋਈਆਂ ਮੌਤਾਂ ਨਾਲ ਸੰਬੰਧਿਤ ਇਕ ਪੋਸਟ ਪਾਈ ਅਤੇ ਇਸ ਸੰਬੰਧੀ ਇਕ ਮੁਹਿੰਮ ਨੂੰ ਆਪਣਾ ਸਰਮਥਨ ਦੇਣ ਦਾ ਐਲਾਨ ਕੀਤਾ। ਵਧੇਰੇ ਵੇਰਵੇ ਉਨ੍ਹਾਂ ਸ਼ਾਮ ਨੂੰ ਸਾਂਝੇ ਕਰਨ ਦੀ ਗੱਲ ਕਹੀ। ਉਸੇ ਸ਼ਾਮ ਨੂੰ ਜਦੋਂ ਉਨ੍ਹਾਂ ਇਸ ਮੁਹਿੰਮ ਦੇ ਐਲਾਨ ਸੰਬੰਧੀ ਮਿੰਟੂ ਗੁਰੂਸਰੀਆ ਦੀ ਲਾਈਵ ਵੀਡਿਉ ਸਾਂਝੀ ਕੀਤੀ ਤਾਂ ਮੇਰਾ ਮੱਥਾ ਠਣਕਿਆ। ਫ਼ਿਲਮ ਦਾ ਟਰੇਲਰ ਆਉਣ ਨੂੰ ਚਾਰ ਦਿਨ ਬਾਕੀ ਸਨ। ਇਕ ਪਾਸੇ ਫ਼ਿਲਮ ਦੀ ਪ੍ਰਚਾਰ ਮੁਹਿੰਮ ਦੀ ਸ਼ੁਰੂਆਤ ਹੋ ਚੁੱਕੀ ਸੀ, ਦੂਜੇ ਪਾਸੇ ਇਸ ਚਿੱਟੇ ਵਿਰੁੱਧ ਮੁਹਿੰਮ ਦਾ ਐਲਾਨ ਅਤੇ ਇਸ ਵਿਚ ਮੋਹਰੀ ਚਿਹਰਿਆਂ ਵਿਚ ਮਿੰਟੂ ਦਾ ਸ਼ਾਮਲ ਹੋਣਾ, ਇਸ ਮੁਹਿੰਮ ਦਾ ਫ਼ਿਲਮ ਨਾਲ ਸੰਬੰਧ ਹੋਣ ਬਾਰੇ ਮਨ ਵਿਚ ਸਵਾਲ ਪੈਦਾ ਹੋਣਾ ਸੁਭਾਵਿਕ ਸੀ। ਇਹ ਸਵਾਲ ਹੋਰ ਵੀ ਵੱਡਾ ਇਸ ਲਈ ਹੋ ਗਿਆ ਸੀ ਕਿ ਫ਼ਿਲਮ ਮਿੰਟੂ ਦੀ ਜ਼ਿੰਦਗੀ ‘ਤੇ ਬਣੀ ਸੀ, ਜਿਸ ਦਾ ਧੁਰਾ ਮਿੰਟੂ ਦਾ ਨਸ਼ਾਖ਼ੋਰੀ ਨਾਲ ਜੁੜਿਆ ਪਿਛੋਕੜ ਸੀ, ਇਸ ਕਾਲਾ ਹਫ਼ਤੇ ਵਾਲੀ ਮੁਹਿੰਮ ਦਾ ਧੁਰਾ ਵੀ ਨਸ਼ਾ ਸੀ।  ਇਸ ਦਾ ਸਿੱਧਾ ਅਰਥ ਸੀ ਕਿ ਇਸ ਕਾਲੇ ਹਫ਼ਤੇ ਵਿਚ ਮਿੰਟੂ ਦੀ ਜਿੰਨੀ ਚਰਚਾ ਹੋਵੇਗੀ, ਉਸ ਦਾ ਸਿੱਧਾ-ਅਸਿੱਧਾ ਲਾਭ-ਹਾਨੀ ਫ਼ਿਲਮ ਨੂੰ ਹੋਣਾ ਕੁਦਰਤੀ ਸੀ। ਫ਼ਿਲਮ ਦੀ ਪ੍ਰਚਾਰ ਮੁਹਿੰਮ ਅਤੇ ਕਾਲੇ ਹਫ਼ਤੇ ਦੀ ਮੁਹਿੰਮ ਦੀ ਟਾਈਮਿੰਗ ਨੇ ਇਸ ਸ਼ੰਕੇ ਨੂੰ ਹੋਰ ਵੀ ਗਹਿਰਾ ਕਰ ਦਿੱਤਾ ਸੀ।  ਇਸ ਸ਼ੰਕੇ ਵਿਚੋਂ ਹੀ ਕੁਝ ਸਵਾਲ ਪੈਦਾ ਹੁੰਦੇ ਹਨ-

1. ਕੀ ‘ਚਿੱਟੇ ਖ਼ਿਲਾਫ਼ ਕਾਲਾ ਹਫ਼ਤਾ’ ਮੁਹਿੰਮ ਫ਼ਿਲਮ ਦੀ ਰਿਲੀਜ਼ ਤੋਂ ਪਹਿਲਾਂ ਯੋਜਨਾਬੱਧ ਤਰੀਕੇ ਨਾਲ ਸ਼ੁਰੂ ਕੀਤੀ ਗਈ?
2. ਜੇ ਹਾਂ ਤਾਂ ਇਸ ਦੀ ਯੋਜਨਾ ਕਿਸ ਨੇ ਬਣਾਈ ਅਤੇ ਬਾਕੀ ਲੋਕ ਇਸ ਵਿਚ ਕਿਵੇਂ ਸ਼ਾਮਲ ਹੋਏ?
3. ਜੇ ਨਹੀਂ ਤਾਂ ਕੀ ਇਸ ਮੁਹਿੰਮ ਦੀ ਸ਼ੁਰੂਆਤ ਅਤੇ ਫ਼ਿਲਮ ਦੇ ਪ੍ਰਚਾਰ ਦੀ ਸ਼ੁਰੂਆਤ ਦਾ ਇਕੋ ਸਮੇਂ ਹੋਣਾ ਕੀ ਮਹਿਜ਼ ਇਤਫ਼ਾਕ ਸੀ?

ਇਸ ਤੋਂ ਅੱਗੇ ਵੱਧਣ ਤੋਂ ਪਹਿਲਾਂ ਇਸ ਸਾਰੇ ਘਟਨਾਕ੍ਰਮ ਦੀ ਟਾਈਮਲਾਈਨ ਭਾਵ ਘਟਨਾਵਾਂ ਦੇ ਵਾਪਰਨ ਦੀ ਤਰਤੀਬ ਉੱਤੇ ਨਜ਼ਰ ਮਾਰ ਲੈਣੀ ਵਾਜਬ ਹੋਵੇਗੀ। ਇਕ ਡੂੰਘੀ ਘੋਖ-ਪੜਤਾਲ ਤੋਂ ਬਾਅਦ ਘਟਨਾਵਾਂ ਦੀ ਤਰਤੀਬ ਦੀ ਇਕ ਸੂਚੀ ਤਿਆਰ ਕੀਤੀ ਗਈ ਹੈ। ਉਸ ‘ਤੇ ਨਜ਼ਰ ਮਾਰੋ-


23-ਮਈ: ਫਿਲਮ 10.08.2018 ਨੂੰ ਰਿਲੀਜ਼ ਹੋਵੇਗੀ, ਇਸ ਗੱਲ ਦਾ ਐਲਾਨ ਹੁੰਦਾ ਹੈ। 
27-ਮਈ: ਮਿੰਟੂ ਗੁਰੂਸਰੀਆ ਦੇ ਸਮਾਜ ਸੇਵੀ ਕਾਰਜਾਂ ਬਾਰੇ ਸੌਰਟ ਫਿਲਮ ਰਿਲੀਜ਼ ਹੁੰਦੀ ਹੈ। ਜਿਸ ਦਾ ਲਿੰਕ ਫ਼ਿਲਮ ਦੇ ਨਿਰਦੇਸ਼ਕ ਮਨਦੀਪ ਬੈਨੀਪਾਲ ਦੀ ਟਾਈਮਲਾਈਨ ‘ਤੇ ਟੈਗ ਕੀਤਾ ਜਾਂਦਾ ਹੈ।
31-ਮਈ: ਡਾਕੂਆਂ ਦਾ ਮੁੰਡਾ ਫ਼ਿਲਮ ਦੀ ਰਿਲੀਜ਼ ਡੇਟ 10.08.2018 ਵਾਲਾ ਪਹਿਲਾ ਪੋਸਟਰ ਆਉਂਦਾ ਹੈ। ਨਾਲ ਹੀ 1 ਜੂਨ ਤੋਂ ਸਿਨੇਮਿਆਂ ‘ਚ ਫਿਲਮ ਦਾ ਟੀਜ਼ਰ ਚੱਲੇਗਾ, ਇਹ ਵੀ ਐਲਾਨ ਹੁੰਦਾ ਹੈ।
1-ਜੂਨ: ਸਿਨੇਮਿਆਂ ਵਿਚ ਡਾਕੂਆਂ ਦਾ ਮੁੰਡਾ ਫ਼ਿਲਮ ਟੀਜ਼ਰ ਸ਼ੁਰੂ ਹੁੰਦਾ ਹੈ।
2-ਜੂਨ: ਟੀਜ਼ਰ ਦੇ ਪਿਟਾਰਾ ਟੀਵੀ ਚੈਨਲ ਉੱਤੇ ਲਾਂਚ ਹੋਣ ਦੀ ਤਰੀਕ 5 ਜੂਨ ਦਾ ਐਲਾਨ ਹੁੰਦਾ ਹੈ
3-ਜੂਨ: 6 ਜੂਨ ਨੂੰ ਯੂਟਿਊਬ ‘ਤੇ ਟੀਜ਼ਰ ਆਵੇਗਾ, ਇਹ ਐਲਾਨ ਹੁੰਦਾ ਹੈ।
5-ਜੂਨ: ਪਿਟਾਰਾ ‘ਤੇ ਟੀਜ਼ਰ ਚੱਲਦਾ ਹੈ
6-ਜੂਨ: ਟੀਜ਼ਰ ਯੂਟਿਊਬ ‘ਤੇ ਲਾਂਚ ਹੁੰਦਾ ਹੈ
9-ਜੂਨ: ਮਨਦੀਪ ਬੈਨੀਪਾਲ ਫੇਸਬੁੱਕ ‘ਤੇ ਐਲਾਨ ਕਰਦੇ ਹਨ ਕਿ ਫ਼ਿਲਮ ਦਾ ਕੰਮ ਮੁਕੰਮਲ ਹੋ ਗਿਆ ਤੇ ਜਲਦ ਹੀ ਟਰੇਲਰ ਦਾ ਐਲਾਨ ਕਿਤਾ ਜਾਵੇਗਾ।
14-ਜੂਨ: ਐਲਾਨ ਕੀਤਾ ਜਾਂਦਾ ਹੈ ਕਿ ਟਰੇਲਰ 29 ਜੂਨ ਨੂੰ ਲਾਂਚ ਹੋਵੇਗਾ
25-ਜੂਨ: ਮਿੰਟੂ ਗੁਰੂਸਰੀਆ, ਪਾਲੀ ਭੁਪਿੰਦਰ ਸਿੰਘ ਅਤੇ ਹੋਰ ਸਾਥੀ ਮਰੋ ਜਾਂ ਵਿਰੋਧ ਕਰੋ ਦਾ ਐਲਾਨ ਕਰਦੇ ਹਨ। ਸ਼ਾਮ 6:47 ‘ਤੇ ਮਿੰਟੂ ਗੁਰੂਸਰੀਆ ਫੇਸਬੁੱਕ ‘ਤੇ ਲਾਈਵ ਆਉਂਦੇ ਹਨ ਅਤੇ ਮਰੋ ਜਾਂ ਵਿਰੋਧ ਕਰੋ ਦਾ ਐਲਾਨ ਕਰਦੇ ਹਨ।
25-ਜੂਨ: ਪਾਲੀ ਭੁਪਿੰਦਰ ਸਿੰਘ ਮਿੰਟੂ ‘ਤੇ ਹੋਰ ਸਾਥੀਆਂ ਦੀਆਂ ਫੇਸਬੁੱਕ ਲਾਈਵ ਵੀਡਿਉ ਸ਼ੇਅਰ ਕਰਦੇ ਹਨ।
29-ਜੂਨ: ਸਵੇਰੇ 2:59 ਮਿੰਟ ‘ਤੇ ਮਿੰਟੂ ਗੁਰੂਸਰੀਆ ਆਪਣੇ ਵੱਲੋਂ ਲਿਖੇ ਤੇ ਜੀਤ ਭਿੰਡਰ ਵੱਲੋਂ ਗਾਏ ਨਸ਼ਿਆਂ ਬਾਰੇ ਗੀਤ ‘ਬੈਠਕ’ ਦੀ ਵੀਡਿਉ ਫੇਸਬੁੱਕ ਪੇਜ ‘ਤੇ ਸਾਂਝੀਕਰਦੇ ਹਨ।
29-ਜੂਨ: ਸਵੇਰੇ 3:08 ਮਿੰਟ ‘ਤੇ ਮਿੰਟੂ ਗੁਰੂਸਰੀਆ ਆਪਣੇ ਵੱਲੋਂ ਲਿਖੇ ਤੇ ਜੀਤ ਭਿੰਡਰ ਵੱਲੋਂ ਗਾਏ ਨਸ਼ਿਆਂ ਬਾਰੇ ਗੀਤ ‘ਬੈਠਕ’ ਦੀ ਵੀਡਿਉ ਫੇਸਬੁੱਕ ਪ੍ਰੋਫ਼ਾਈਲ ‘ਤੇ ਸ਼ੇਅਰ ਕਰਦੇ ਹਨ।
29-ਜੂਨ: ਸਵੇਰੇ 6:45 ‘ਤੇ ਪਾਲੀ ਭੁਪਿੰਦਰ ਸਿੰਘ ਮਿੰਟੂ ਗੁਰੂਸਰੀਆ ਆਪਣੇ ਵੱਲੋਂ ਲਿਖੇ ਤੇ ਜੀਤ ਭਿੰਡਰ ਵੱਲੋਂ ਗਾਏ ਨਸ਼ਿਆਂ ਬਾਰੇ ਗੀਤ ਬੈਠਕ ਦੀ ਵੀਡਿਉ ਆਪਣੇ ਫੇਸਬੁੱਕ ਪ੍ਰੋਫ਼ਾਈਲ ਉੱਤੇ ਸ਼ੇਅਰ ਕਰਦੇ ਹਨ ਨਾਲ ਲਿਖਦੇ ਹਨ ”ਨਸ਼ੇ ਦੇ ਖਿਲਾਫ਼ ਕਾਲਾ ਹਫ਼ਤਾ’ ਮੁਹਿੰਮ ਦੇ ਸਰਗਰਮ ਕਾਮੇ ਮਿੰਟੂ ਗੁਰੂਸਰੀਆ, ਜਿਸਦੀ ਜ਼ਿੰਦਗੀ ‘ਤੇ ਬਣੀ ਫਿਲਮ ‘ਡਾਕੂਆਂ ਦਾ ਮੁੰਡਾ’ ਜਲਦੀ ਰਿਲੀਜ਼ ਹੋਣ ਜਾ ਰਹੀ ਹੈ, ਦਾ ਡ੍ਰਗ ਦੀ ਮਾਰ ਬਾਰੇ ਲਿਖਿਆ ਗੀਤ ਤੁਹਾਡੀ ਨਜਰ…’
29-ਜੂਨ: ਸਵੇਰੇ 10 ਵਜੇ ਦੇ ਕਰੀਬ ਡਾਕੂਆਂ ਦਾ ਮੁੰਡਾ ਫ਼ਿਲਮ ਦਾ ਟਰੇਲਰ ਰਿਲੀਜ਼ ਹੁੰਦਾ ਹੈ
29-ਜੂਨ: 10:41 ਤੇ ਮਿੰਟੂ ਗੁਰੂਸਰੀਆ ਆਪਣੇ ਫੇਸਬੁੱਕ ਪੇਜ ‘ਤੇ ਡਾਕੂਆਂ ਦਾ ਮੁੰਡਾ ਦਾ ਟਰੇਲਰ ਸ਼ੇਅਰ ਕਰਦੇ ਹਨ।
29-ਜੂਨ: ਰਾਤ 9:12 ਮਿੰਟੂ ਫੇਸਬੁੱਕ ਪ੍ਰੋਫ਼ਾਈਲ ‘ਤੇ ਲਿਖਦੇ ਹਨ, “ਅੱਜ ਦਾ ਦਿਨ ਰੁਝੇਵਿਆਂ ਭਰਿਆ ਸੀ ਪਰ ਸ਼ਾਮੀਂ ਸਾਰਾ ਥਕੇਵਾਂ ਲਹਿ ਗਿਆ। ਸਵੇਰੇ ਫੇਸਬੁੱਕ ‘ਤੇ ਪਾਇਆ ਸਾਡਾ ਗੀਤ ‘ਬੈਠਕ’ ਲੋਕਾਂ ਨੇ ਖੂਬ ਪਸੰਦ ਕੀਤਾ। ਏਧਰ ਦੇਰ ਸ਼ਾਮੀਂ ਪਤਾ ਲੱਗਾ ਕਿ ਆਪਣੀ ਜ਼ਿੰਦਗੀ ਤੋਂ ਪ੍ਰੇਰਿਤ ਫਿਲਮ ‘ਡਾਕੂਆਂ ਦਾ ਮੁੰਡਾ’ ਦਾ ਟਰੇਲਰ ਯੂ-ਟਿਊਬ ਟਰੈਂਡਿੰਗ ਵਿਚ ਨੰਬਰ ਇਕ ‘ਤੇ ਚਲਾ ਗਿਆ। ਸਾਰੀ ਟੀਮ ਨੂੰ ਮੁਬਾਰਕ। ਪਿਆਰ ਦੇਣ ਵਾਲ਼ੇ ਲੋਕਾਂ ਦਾ ਧੰਨਵਾਦ।”

ਉਸ ਤੋਂ ਬਾਅਦ 1 ਤੋਂ 7 ਜੁਲਾਈ ਤੱਕ ‘ਚਿੱਟੇ ਦੇ ਵਿਰੋਧ ਵਿਚ ਕਾਲਾ ਹਫ਼ਤਾ’ ਚੱਲਦਾ ਹੈ ਅਤੇ ਉਸ ਵਿਚ ਜੋ ਘਟਨਾਕ੍ਰਮ ਹੁੰਦਾ ਹੈ ਅਸੀਂ ਸਾਰੇ ਜਾਣਦੇ ਹਾਂ। ਇਹ ਮੁਹਿੰਮ ਚਲਾਉਣ ਵਾਲੀ ਟੀਮ ਮੁੱਖ-ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਦੀ ਹੈ। ਫ਼ਿਰ ਸਰਕਾਰੀ ਮੁਲਾਜ਼ਮਾ ਦੇ ਡੋਪ ਟੈਸਟ ਅਤੇ ਡਰੱਗ ਸਮੱਗਲਰਾਂ ਨੂੰ ਫਾਂਸੀ ਦੇਣ ਵਰਗੇ ਸਿਆਸੀ ਬਿਆਨ ਆਉਂਦੇ ਹਨ। ਇਸ ਤਰ੍ਹਾਂ ਪੂਰੀ ਚਰਚਾ ਵਿਚ ਰਹਿਣ ਤੋਂ ਬਾਅਦ ਇਹ ਮੁਹਿੰਮ 7 ਜੁਲਾਈ ਨੂੰ ਖ਼ਤਮ ਹੁੰਦੀ ਹੈ। ਦੂਜੇ ਪਾਸੇ ਫ਼ਿਲਮ ਡਾਕੂਆਂ ਦਾ ਮੁੰਡਾ ਦੀ ਪ੍ਰਚਾਰ ਮੁਹਿੰਮ ਜ਼ਮੀਨ ‘ਤੇ ਸ਼ੁਰੂ ਹੋ ਚੁੱਕੀ ਹੁੰਦੀ ਹੈ। ਮਿੰਟੂ ਗੁਰੂਸਰੀਆ, ਫ਼ਿਲਮ ਦੇ ਅਦਾਕਾਰਾਂ ਅਤੇ ਤਕਨੀਸ਼ੀਅਨਾਂ ਨਾਲ ਵੱਖ-ਵੱਖ ਥਾਵਾਂ ‘ਤੇ ਜਾ ਕੇ ਮੀਡੀਆ ਨਾਲ ਮੁਲਾਕਾਤਾਂ ਕਰਦੇ ਹਨ ਅਤੇ ਫ਼ਿਲਮ ਦਾ ਪ੍ਰਚਾਰ ਕਰਦੇ ਹਨ। ਇਸ ਤਰ੍ਹਾਂ ਇਹ ਦੋਵਾਂ ਮੁਹਿੰਮਾਂ ਦੀ ਟਾਈਮਿੰਗ ਦੀ ਸਾਂਝ ਨੂੰ ਹੋਰ ਵੀ ਪੀਡਾ ਕਰਦਾ ਹੋਇਆ ਨਜ਼ਰ ਆਉਂਦਾ ਹੈ।

ਭਾਵੇਂ ਕਿ ਇਹ ਸਵਾਲ ਲਗਾਤਾਰ ਜ਼ਿਹਨ ਵਿਚ ਮਜ਼ਬੂਤ ਹੁੰਦੇ ਜਾ ਰਹੇ ਸਨ, ਬਾਵਜੂਦ ਇਸ ਦੇ ਮੈਂ ਇਸ ਨੂੰ ਲਗਾਤਾਰ ਮਹਿਜ਼ ਇਤਫ਼ਾਕ ਹੀ ਸਮਝਦਾ ਹੋਇਆ ਕਾਨੂੰਨ ਦੀ ਭਾਸ਼ਾ ਵਿਚ ‘ਬੈਨਿਫ਼ਿਟ ਆਫ਼ ਡਾਊਟ’ ਦਿੰਦਾ ਹਾਂ। ਹੋ ਸਕਦਾ ਹੈ ਕਿ ਇਹ ਮਹਿਜ਼ ਇਕ ਇਤਫ਼ਾਕ ਹੀ ਹੋਵੇ ਕਿ ਇਸ ਦੋਵੇਂ ਪ੍ਰਚਾਰ ਨਾਲੋ-ਨਾਲ ਚੱਲ ਰਹੇ ਹੋਣ। ਇਸੇ ਮੁਹਿੰਮ ਦੌਰਾਨ ਇਕ ਪੋਸਟਰ ਜਾਰੀ ਕੀਤਾ ਗਿਆ, ਜਿਸ ਵਿਚ ‘ਚਿੱਟੇ ਖ਼ਿਲਾਫ਼ ਕਾਲਾ ਹਫ਼ਤਾ ਮੁਹਿੰਮ’ ਬਾਰੇ ਚੁੱਕੇ ਜਾ ਰਹੇ ਸਵਾਲਾਂ ਦੇ ਜਵਾਬ ਦਿੱਤੇ ਗਏ ਅਤੇ ਉਸ ਦੇ ਹੇਠਾਂ ਲਿਖਿਆ ਸੀ-

“ਸਵਾਲ ਜੋ ਇਕ ਵਾਰ ਪੈਦਾ ਹੋ ਜਾਂਦਾ ਹੈ, ਉਨੀ ਦੇਰ ਨਹੀਂ ਮਰਦਾ ਜਦੋਂ ਤੱਕ ਉਸਨੂੰ ਜਵਾਬ ਨਹੀਂ ਮਿਲ ਜਾਂਦਾ। ਸਾਡਾ ਮਕਸਦ ਇਕ ਸਵਾਲ ਪੈਦਾ ਕਰਨਾ ਹੈ। ਜੋ ਸਾਡਾ ਸੰਵਿਧਾਨਕ ਹੱਕ ਹੈ। ਜਵਾਬ ਸਾਡੇ ਆਗੂਆਂ ਨੇ ਦੇਣਾ ਹੈ।”


ਸੋ ਇਹ ਇਬਾਰਤ ਪੜ੍ਹ ਕੇ ਮੈਂ ਆਪਣੇ ਸਵਾਲਾਂ ਦੇ ਜਵਾਬ ਆਪ ਲੱਭਣ ਤੁਰ ਪਿਆ, ਜਿਸ ਵਿਚੋਂ ਉਪਰੋਕਤ ਘਟਨਾਵਾਂ ਦੀ ਤਰਤੀਬ ਤਿਆਰ ਹੋਈ। ਇਸ ਵਿਚ ਖ਼ਾਸ ਗੌਰ ਕਰਨ ਵਾਲੀ ਤਰੀਕ ਹੈ 29 ਜੂਨ, ਜਿਸ ਦਿਨ ਡਾਕੂਆਂ ਦਾ ਮੁੰਡਾ ਫ਼ਿਲਮ ਦਾ ਟਰੇਲਰ ਰਿਲੀਜ਼ ਹੋਣਾ ਸੀ। ਇਸ ਗੱਲ ਦਾ ਪ੍ਰਚਾਰ 15 ਦਿਨ ਤੋਂ ਲਗਾਤਾਰ ਸੋਸ਼ਲ ਮੀਡੀਆ ਉੱਤੇ ਚੱਲ ਰਿਹਾ ਸੀ। ਹੁਣ ਤੁਸੀਂ ਗੌਰ ਕਰੋ ਕਿ ਫ਼ਿਲਮ ਦਾ ਟਰੇਲਰ 29 ਜੂਨ ਨੂੰ ਸਵੇਰੇ 10 ਕੁ ਵਜੇ ਦੇ ਨੇੜੇ-ਤੇੜੇ ਸੋਸ਼ਲ ਮੀਡੀਆ ‘ਤੇ ਆਉਂਦਾ ਹੈ, ਪਰ ਉਸ ਤੋਂ ਪਹਿਲਾਂ ਉਸ ਰਾਤ ਉਚੇਚੇ ਤੌਰ ‘ਤੇ ਤੜਕੇ 3 ਵਜੇ ਦੇ ਆਸ-ਪਾਸ ‘ਤੇ ਮਿੰਟੂ ਗੁਰੂਸਰੀਆ ਆਪਣੇ ਵੱਲੋਂ ਲਿਖੇ ਤੇ ਜੀਤ ਭਿੰਡਰ ਵੱਲੋਂ ਗਾਏ ਨਸ਼ਿਆਂ ਬਾਰੇ ਗੀਤ ਬੈਠਕ ਦੀ ਵੀਡਿਉ ਫੇਸਬੁੱਕ ਪ੍ਰੋਫ਼ਾਈਲ ‘ਤੇ ਸ਼ੇਅਰ ਕਰਦੇ ਹਨ। 



ਹੁਣ ਤੁਸੀਂ ਸੋਚ ਸਕਦੇ ਹੋ ਕਿ ਸ਼ੇਅਰ ਕਰ ਦਿੱਤੀ ਤਾਂ ਕੀ ਹੋ ਗਿਆ? ਪਹਿਲਾਂ ਮੈਂ ਵੀ ਇਹੀ ਸੋਚਿਆ, ਪਰ ਮੇਰੀ ਸ਼ੰਕਾਵਾਂ ਨਾਲ ਭਰਿਆ ਦਿਮਾਗ਼ ਸੁੱਤੇ-ਸਿੱਧ ਹੀ ਇਕ ਹੋਰ ਖੋਜ ਕਰਨ ਤੁਰ ਪਿਆ। ਇਸ ਖੋਜ ਦੌਰਾਨ ਦੇਖਿਆ ਕਿ 25 ਜੂਨ ਨੂੰ ‘ਕਾਲਾ ਹਫ਼ਤਾ’ ਮੁਹਿੰਮ ਤੋਂ ਇਕ ਮਹੀਨਾ ਪਹਿਲਾਂ ਅਤੇ ਇਕ ਮਹੀਨਾ ਬਾਅਦ ਮਿੰਟੂ ਗੁਰੂਸਰੀਆਂ ਨੇ ਕਦੇ ਵੀ ਕੋਈ ਵੀ ਪੋਸਟ ਰਾਤ 11 ਵਜੇ ਤੋਂ ਬਾਅਦ ਅਤੇ ਸਵੇਰੇ 5 ਵਜੇ ਤੋਂ ਪਹਿਲਾਂ ਨਹੀਂ ਪਾਈ। ਕਾਲਾ ਹਫ਼ਤਾ ਮੁਹਿੰਮ ਦੇ ਐਲਾਨ ਵਾਲੀ ਵੀਡਿਉ ਵਿਚ ਉਨ੍ਹਾਂ ਕਿਹਾ ਸੀ ਕਿ ਰੋਜ਼ ਸਵੇਰੇ 7 ਵਜੇ ਪੋਸਟ ਪਾਈ ਜਾਵੇਗੀ। ਉਹ ਪੋਸਟ ਵੀ ਉਹ ਮੁਹਿੰਮ ਦੇ ਦਿਨਾਂ ਵਿਚ ਇਕ-ਦੋ ਘੰਟੇ ਦੇਰ ਨਾਲ ਸ਼ੇਅਰ ਕਰਦੇ ਰਹੇ ਹਨ। ਫਿਰ ਸਵਾਲ ਪੈਦਾ ਹੁੰਦਾ ਹੈ ਕਿ 29 ਜੂਨ ਨੂੰ ਸਵੇਰੇ 10 ਵਜੇ ਡਾਕੂਆਂ ਦਾ ਮੁੰਡਾ ਦਾ ਟਰੇਲਰ ਜਾਰੀ ਹੋਣ ਤੋਂ ਪਹਿਲਾਂ ਤੜਕੇ ਤਿੰਨ ਵਜੇ ਆਪਣੇ ਗੀਤ ਦੇ ਵੀਡਿਉ ਪਾਉਣ ਦੀ ਐਨੀ ਕੀ ਮਜਬੂਰੀ ਸੀ? ਟਰੇਲਰ ਤੋਂ ਪਹਿਲਾਂ ਉਨ੍ਹਾਂ ਦਾ ਇਹ ਗੀਤ ਸੋਸ਼ਲ ਮੀਡੀਆ ਉੱਤੇ ਆਉਣਾ ਕਿਉਂ ਜ਼ਰੂਰੀ ਸੀ?

ਇੰਨਾ ਹੀ ਨਹੀਂ ਜੇ ਪਾਲੀ ਭੁਪਿੰਦਰ ਸਿੰਘ ਹੁਰਾਂ ਦੀ ਵੀ ਟਾਈਮਲਾਈਨ ਦੇਖੀਏ ਤਾਂ ਬਹੁਤ ਹੀ ਦੁਰਲੱਭ ਦਿਨ ਹੋਣਗੇ ਜਿਨ੍ਹਾਂ ਦਿਨਾਂ ਵਿਚ ਉਹ ਸਵੇਰੇ 7 ਵਜੇ ਤੋਂ ਪਹਿਲਾਂ ਪੋਸਟਾਂ ਪਾਉਂਦੇ ਹਨ। ਇਸ ਤੋਂ ਜਲਦੀ ਪੋਸਟਾਂ ਜਾਂ ਤਾਂ ਉਹ ਆਪਣੀਆਂ ਲੇਹ-ਲੱਦਾਖ ਦੀਆਂ ਛੁੱਟੀਆਂ ਦੌਰਾਨ ਪਾਉਂਦੇ ਹਨ ਜਾਂ ਕਾਲਾ ਹਫ਼ਤਾ ਮੁਹਿੰਮ ਦੇ ਦਿਨਾਂ ਵਿਚ ਜਾਂ ਫ਼ਿਰ ਕਦੇ-ਕਦਾਈਂ ਕੋਈ ਵਿਰਲੀ-ਟਾਵੀਂ ਪੋਸਟ ਹੀ ਲੱਭਦੀ ਹੈ। ਪਰ 29 ਜੂਨ ਨੂੰ ਵੀ ਪੂਰੇ ਤਰੱਦਦ ਨਾਲ ਸਵੇਰੇ 6:45 ‘ਤੇ ਪਾਲੀ ਭੁਪਿੰਦਰ ਸਿੰਘ ਮਿੰਟੂ ਗੁਰੂਸਰੀਆ ਵੱਲੋਂ ਲਿਖੇ ਤੇ ਜੀਤ ਭਿੰਡਰ ਵੱਲੋਂ ਗਾਏ ਨਸ਼ਿਆਂ ਬਾਰੇ ਗੀਤ ਬੈਠਕ ਦੀ ਵੀਡਿਉ ਆਪਣੇ ਫੇਸਬੁੱਕ ਪ੍ਰੋਫ਼ਾਈਲ ਉੱਤੇ ਸ਼ੇਅਰ ਕਰਦੇ ਹਨ ਅਤੇ ਇਹ ਖ਼ਾਸ ਤੌਰ ‘ਤੇ ਲਿਖਣਾ ਨਹੀਂ ਭੁੱਲਦੇ ਕਿ ‘‘ਨਸ਼ੇ ਦੇ ਖਿਲਾਫ਼ ਕਾਲਾ ਹਫ਼ਤਾ’ ਮੁਹਿੰਮ ਦੇ ਸਰਗਰਮ ਕਾਮੇ ਮਿੰਟੂ ਗੁਰੂਸਰੀਆ, ਜਿਸਦੀ ਜ਼ਿੰਦਗੀ ‘ਤੇ ਬਣੀ ਫਿਲਮ ‘ਡਾਕੂਆਂ ਦਾ ਮੁੰਡਾ’ ਜਲਦੀ ਰਿਲੀਜ਼ ਹੋਣ ਜਾ ਰਹੀ ਹੈ, ਦਾ ਡ੍ਰਗ ਦੀ ਮਾਰ ਬਾਰੇ ਲਿਖਿਆ ਗੀਤ ਤੁਹਾਡੀ ਨਜ਼ਰ…’

ਸਵਾਲ ਪੈਦਾ ਹੁੰਦਾ ਹੈ ਕਿ ਇਸ ਗੀਤ ਦਾ ਫ਼ਿਲਮ ਡਾਕੂਆਂ ਦਾ ਮੁੰਡਾ ਨਾਲ ਕੋਈ ਸੰਬੰਧ ਨਹੀਂ। ਇਸ ਤੋਂ ਪਹਿਲਾਂ ਮਿੰਟੂ ਗੁਰੂਸਰੀਆਂ ਦਾ ਜ਼ਿਕਰ ਕਰਦਿਆਂ ਪਾਲੀ ਭੁਪਿੰਦਰ ਸਿੰਘ ਕਿਤੇ ਫ਼ਿਲਮ ਦਾ ਜ਼ਿਕਰ ਨਹੀਂ ਕਰਦੇ, ਪਰ ਕੁਝ ਘੰਟੇ ਬਾਅਦ ਲਾਂਚ ਹੋਣ ਵਾਲੇ ਟਰੇਲਰ ਤੋਂ ਪਹਿਲਾਂ ਉਹ ਕਾਲਾ ਹਫ਼ਤਾ ਮੁਹਿੰਮ ਦੇ ‘ਸਰਗਰਮ ਕਾਮੇ’ ਦੀ ਫ਼ਿਲਮ ਦਾ ਉਚੇਚਾ ਜ਼ਿਕਰ ਕਿਉਂ ਕਰਦੇ ਹਨ? ਫ਼ਿਲਮ ਦਾ ਟਰੇਲਰ ਰਿਲੀਜ਼ ਹੋਣ ਤੋਂ ਪਹਿਲਾਂ ਇਹ ਗੀਤ ਅਤੇ ਇਸ ਦੇ ਗੀਤਕਾਰ ਦਾ ਚਰਚਾ ਹੋਣਾ ਕਿਉਂ ਜ਼ਰੂਰੀ ਸੀ? ਸ਼ਾਇਦ ਫ਼ਿਲਮਾਂ ਦੀ ਪ੍ਰਮੋਸ਼ਨ ਨਾਲ ਨੇੜਿਉਂ ਜੁੜੇ ਰਹੇ ਫ਼ਿਲਮਕਾਰ ਪਾਲੀ ਭੁਪਿੰਦਰ ਹੁਰਾਂ ਤੋਂ ਬਿਹਤਰ ਹੋਰ ਕੋਈ ਨਹੀਂ ਜਾਣਦਾ ਸੀ।

ਖ਼ੈਰ ਇਕ ਪਲ ਲਈ ਇਹ ਵੀ ਮੰਨ ਲਵੋ ਕਿ ਇਹ ਮਹਿਜ਼ ਇਤਫ਼ਾਕ ਜਾਂ ਮੇਰੇ ਦਿਮਾਗ਼ ਦਾ ਫ਼ਿਤੂਰ ਹੀ ਸੀ ਕਿ ਮੇਰੇ ਦਿਮਾਗ਼ ਅੰਦਰ ਅਜਿਹੇ ਸਵਾਲ ਪੈਦਾ ਹੋ ਰਹੇ ਸਨ। ਕਾਸ਼ ਕਿ ਇਹ ਸਿਰਫ਼ ਮੇਰੇ ਦਿਮਾਗ਼ ਦਾ ਹੀ  ਫ਼ਿਤੂਰ ਹੁੰਦਾ, ਲੇਕਿਨ ਕਾਲਾ ਹਫ਼ਤਾ ਮੁਹਿੰਮ ਅਤੇ ਫ਼ਿਲਮ ਦਾ ਪ੍ਰਚਾਰ ਦੇ ਸੰਬੰਧਾ ਬਾਰੇ ਚਰਚਾ ਫ਼ਿਲਮ ਦੇ 10 ਅਗਸਤ ਨੂੰ ਰਿਲੀਜ਼ ਹੋਣ ਤੋਂ ਬਾਅਦ ਵੀ ਸੋਸ਼ਲ ਮੀਡੀਆ ਵਿਚ ਹਲਕੀ ਫੁਲਕੀ ਚੱਲਦੀ ਰਹੀ ਸੀ। ਇਸ ਫ਼ਿਲਮ ਦਾ ਮੇਰੇ ਵੱਲੋਂ ਰਿਵੀਯੂ ਕੀਤੇ ਜਾਣ ਤੋਂ ਬਾਅਦ ਸਿੱਧੇ-ਅਸਿੱਧੇ ਰੂਪ ਵਿਚ ਇਹ ਚਰਚਾ ਮੇਰੇ ਕੋਲ ਵੀ ਪਹੁੰਚ ਰਹੀ ਸੀ ਕਿ ਇਸ ਸੰਬੰਧ ਨੂੰ ਦੇਖਣ ਦੀ ਲੋੜ ਹੈ। ਮੈਂ ਹੈਰਾਨ ਸਾਂ ਕਿ ਜਿੰਨਾਂ ਸਵਾਲਾਂ ਨੂੰ ਮੈਂ ਆਪਣੇ ਦਿਮਾਗ਼ ਦਾ ਫ਼ਿਤੂਰ ਸਮਝ ਰਿਹਾ ਸੀ, ਉਹ ਹੋਰ ਵੀ ਬਹੁਤ ਸੋਚਣਸ਼ੀਲ ਬੰਦਿਆਂ ਦੇ ਦਿਮਾਗ਼ ਵਿਚ ਪੈਦਾ ਹੋ ਰਹੇ ਸਨ। ਫ਼ਿਲਮ ਰਿਲੀਜ਼ ਹੋਣ ਤੋਂ 11 ਦਿਨ ਬਾਅਦ 21 ਅਗਸਤ ਨੂੰ ਰੇਡੀਉ ਸੰਚਾਲਕ ਹਰਪ੍ਰੀਤ ਸਿੰਘ ਕਾਹਲੋਂ ਨੇ ਫ਼ਿਲਮ ਦੀ ਸਮੀਖਿਆ ਦਾ ਸਿਰਲੇਖ ਲਿਖਿਆ ‘ਮਿੰਟੂ ਗੁਰੂਸਰੀਆ ਤਾਂ ਇਕ ਬਹਾਨਾ ਸੀ’… ਉਸ ਉੱਤੇ ਇਕ ਫੇਸਬੁੱਕ ਪਾਠਕ ਨੇ ਟਿੱਪਣੀ ਕੀਤੀ ਕਿ ‘ਫ਼ਿਲਮ ਦੀ ਰਿਲੀਜ਼ ਤੋਂ ਪਹਿਲਾਂ ਚਲਾਈ ਗਈ ਨਸ਼ਾ ਵਿਰੋਧੀ ਮੁਹਿੰਮ ਨੂੰ ਵੀ ਫ਼ਿਲਮ ਦੇ ਪ੍ਰਚਾਰ ਨਾਲ ਜੋੜ ਕੇ ਵੇਖੋ’। ਇਸ ਟਿੱਪਣੀ ਨੇ ਮੇਰੇ ਮਨ ਵਿਚ ਚੱਲ ਰਹੇ ਸਵਾਲਾਂ ਨੂੰ ਹੋਰ ਵੀ ਗਹਿਰਾ ਕੀਤਾ। ਇਸ ਬਾਰੇ ਇਸ਼ਾਰਾ ਕਰਦੀ ਮੈਂ ਇਕ ਪੋਸਟ 21 ਅਗਸਤ ਨੂੰ ਹੀ ਫੇਸਬੁੱਕ ਉੱਤੇ ਲਿਖੀ, ਜਿਸ ਉੱਪਰ ਪਾਲੀ ਭੁਪਿੰਦਰ ਸਿੰਘ ਨੇ ਬੜੀ ਤਿੱਖੀ ਅਤੇ ਭਾਵੁਕਤਾ ਭਰਪੂਰ ਪ੍ਰਤਿਕਿਰਿਆ ਦਿੱਤੀ। ਉਨ੍ਹਾਂ ਦੇ ਸਮਰਥਕਾਂ ਨੇ ਵੀ ਅਭੱਦਰ ਭਾਸ਼ਾ ਵਿਚ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਪਰ ਇਹ ਪ੍ਰਤਿਕਿਰਿਆ ਮੇਰੇ ਵੱਲੋਂ ਕੀਤੀ ਜਾ ਚੁੱਕੀ ਖੋਜ ਨੂੰ ਹੀ ਹੁੰਗਾਰਾ ਦੇ ਰਹੀ ਸੀ। ਇਸ ਦੌਰਾਨ ਜੋ ਸਭ ਤੋਂ ਸ਼ਾਂਤ ਅਤੇ ਸਹਿਜ ਰਹਿਣ ਵਾਲਾ ਸ਼ਖ਼ਸ ਸੀ ਉਹ ਸੀ ਮਿੰਟੂ ਗੁਰੂਸਰੀਆ। ਇਸ ਤੋਂ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਜਿੰਨਾਂ ਨੇ ਮਿੰਟੂ ਗੁਰੂਸਰੀਆ ਦੀ ਕਿਤਾਬ ਡਾਕੂਆਂ ਦਾ ਮੁੰਡਾ ਨਹੀਂ ਸੀ ਪੜ੍ਹੀ, ਕਾਲਾ ਹਫ਼ਤਾ ਮੁਹਿੰਮ ਦੌਰਾਨ ਉਨ੍ਹਾਂ ਲੋਕਾਂ ਦੀ ਨਜ਼ਰ ਵਿਚ ਵੀ ਮਿੰਟੂ ਗੁਰੂਸਰੀਆਂ ਦੀ ਇਕ ਵਿਲੱਖਣ ਸ਼ਖ਼ਸੀਅਤ ਵਾਲੀ ਇਮੇਜ ਕਿੰਨੀ ਗੂੜ੍ਹੀ ਬਣ ਗਈ ਸੀ। ਫੇਸਬੁੱਕ ‘ਤੇ ਤਾਂ ਉਹ ਆਪਣੀ ਇਸ ਸ਼ਖ਼ਸੀਅਤ ਨਾਲ ਪੇਸ਼ ਹੁੰਦੇ ਹੀ ਹਨ, ਪਰ ਪਹਿਲਾਂ ਕਾਲਾ ਹਫ਼ਤਾ ਮੁਹਿੰਮ ਅਤੇ ਫ਼ਿਰ ਫ਼ਿਲਮ ਦੇ ਪ੍ਰਚਾਰ ਦੌਰਾਨ ਮੁੱਖ-ਧਾਰਾਈ ਮੀਡੀਆ ਵਿਚ ਉਨ੍ਹਾਂ ਦੀ ਜੋ ਸ਼ਖ਼ਸੀਅਤ ਉੱਭਰ ਕੇ ਆਈ, ਨੌਜਵਾਨਾਂ ਨੂੰ ਉਸ ਨੇ ਕੀਲ ਹੀ ਲੈਣਾ ਸੀ। ਕੁਦਰਤੀ ਹੈ ਕਿ ਇਸ ਦਾ ਸਿੱਧਾ ਫ਼ਾਇਦਾ ਫ਼ਿਲਮ ਨੂੰ ਵੀ ਪਹੁੰਚਣਾ ਹੀ ਸੀ। ਪਰ ਕਾਲਾ ਹਫ਼ਤਾ ਮੁਹਿੰਮ ਦੇ ਉਨ੍ਹਾਂ ਦੇ ਮੋਢੀ ਸਾਥੀ ਜੋ ਉਨ੍ਹਾਂ ਦੀ ਫ਼ਿਲਮ ਦਾ ਪ੍ਰਚਾਰ ਵੀ ਕਰਦੇ ਰਹੇ, ਉਨ੍ਹਾਂ ਤੋਂ ਇਹ ਠਰੰਮੇ ਵਾਲੀ ਭਾਵਨਾ ਨਾ ਹਾਸਲ ਕਰ ਸਕੇ। ਸੋ ਮਿੰਟੂ ਗੁਰੂਸਰੀਆ ਦੀ ਉਸ ਪੋਸਟ ਬਾਰੇ ਮੈਸੇਂਜਰ ਰਾਹੀਂ ਬੱਸ ਇਹੀ ਸਹਿਜ ਸਲਾਹਨੁਮਾ ਪ੍ਰਤਿਕਿਰੀਆ ਆਈ ਕਿ ਮੈਂ ਇਸ ਵਿਸ਼ੇ ਬਾਰੇ ਹੋਰ ਖੋਜ ਕਰਾਂ। ਉਦੋਂ ਤੱਕ ਮੈਂ ਆਪਣੀ ਖੋਜ ਨੂੰ ਤਰਤੀਬ ਦੇ ਚੁੱਕਾ ਸਾਂ ਅਤੇ ਉਨ੍ਹਾਂ ਤੋਂ ਪੁੱਛੇ ਜਾਣ ਵਾਲੇ ਕੁਝ ਸਵਾਲ ਵੀ ਤਿਆਰ ਕਰ ਲਏ ਸਨ। 

ਸਭ ਤੋਂ ਅਹਿਮ ਸਵਾਲ ਸੀ ਕਿ ਕਾਲਾ ਹਫ਼ਤਾ ਮੁਹਿੰਮ ਦਾ ਵਿਚਾਰ ਸਭ ਤੋਂ ਪਹਿਲਾਂ ਕਿਸ ਦੇ ਦਿਮਾਗ਼ ਵਿਚ ਆਇਆ? ਬਹੁਤ ਸਾਰੀਆਂ ਵੀਡਿਊਜ਼ ਅਤੇ ਪੋਸਟਾਂ ਦੀ ਘੋਖ-ਪੜਤਾਲ ਕਰਨ ਤੋਂ ਬਾਅਦ ਵੀ ਸਿਰਫ਼ ਇਹੀ ਪਤਾ ਲੱਗਾ ਸੀ ਕਿ ਕਾਲਾ ਹਫ਼ਤਾ ਮਨਾਉਣ ਦਾ ਫ਼ੈਸਲਾ ਇਕ ਸਮੂਹ ਨੇ ਲਿਆ ਸੀ। ਕਿਸੇ ਇਕ ਦੇ ਸਿਰ ਸਿਹਰਾ ਨਾ ਜਾਵੇ, ਇਸ ਲਈ ਇਹ ਸਦਭਾਵਨਾ ਵਾਲੀ ਗੱਲ ਕਹਿਣਾ ਇਕ ਪੱਧਰ ਤੱਕ ਠੀਕ ਸੀ, ਪਰ ਇਹ ਸੰਭਵ ਨਹੀਂ ਹੈ ਕਿ ਕਿਸੇ ਮੁਹਿੰਮ ਦਾ ਵਿਚਾਰ ਇਕੋ ਵੇਲੇ ਦਸ-ਵੀਹ ਬੰਦਿਆਂ ਦੇ ਦਿਮਾਗ਼ ਵਿਚ ਆ ਜਾਵੇ। ਜ਼ਰੂਰ ਇਹ ਕਿਸੇ ਇਕ ਬੰਦੇ ਦੇ ਦਿਮਾਗ਼ ਵਿਚ ਆਇਆ ਹੋਵੇਗਾ ਤੇ ਬਾਕੀਆਂ ਨੇ ਉਸ ਨੂੰ ਪ੍ਰਵਾਨਗੀ ਦਿੱਤੀ ਹੋਵੇਗੀ। ਉਂਝ ਇਹ ਸਵਾਲ ਬੇਲੋੜਾ ਲੱਗਦਾ ਹੋ ਸਕਦਾ ਹੈ, ਪਰ ਕਾਲਾ ਹਫ਼ਤਾ ਮੁਹਿੰਮ ਦੇ ਡਾਕੂਆਂ ਦਾ ਮੁੰਡਾ ਫ਼ਿਲਮ ਦੇ ਪ੍ਰਚਾਰ ਨਾਲ ਸੰਬੰਧ ਹਨ ਜਾਂ ਨਹੀਂ ਇਹ ਦੇਖਣ ਲਈ ਇਸ ਸਵਾਲ ਦਾ ਜਵਾਬ ਮਿਲਣਾ ਲਾਜ਼ਮੀ ਹੈ। ਕੀ ਇਹ ਵਿਚਾਰ ਮਿੰਟੂ ਗੁਰੂਸਰੀਆ ਦੇ ਮਨ ਵਿਚ ਪੈਦਾ ਹੋਇਆ? ਕੀ ਪਾਲੀ ਭੁਪਿੰਦਰ ਸਿੰਘ ਦੇ? ਜਾਂ ਕੀ ਇਹ ਵਿਚਾਰ ਫ਼ਿਲਮ ਦੀ ਪ੍ਰਚਾਰ ਟੀਮ ਵੱਲੋਂ ਆਇਆ? ਇੱਥੇ ਇਹ ਦੱਸਣਾ ਵੀ ਕੁਥਾਂ ਨਹੀਂ ਹੋਵੇਗਾ ਕਿ ਫ਼ਿਲਮ ਦੇ ਪ੍ਰਚਾਰ ਦੌਰਾਨ, ਫ਼ਿਲਮ ਦੀ  ਟੀਮ ਵੀ ਕਾਲਾ ਹਫ਼ਤਾ ਮੁਹਿੰਮ ਦੇ ਪੋਸਟਰ ਫੜ੍ਹ ਕੇ ਪ੍ਰਚਾਰ ਕਰਦੀ ਹੋਈ ਨਜ਼ਰ ਆਈ ਸੀ। ਇਸ ਲਈ ਇਸ ਵਿਚ ਕੋਈ ਸ਼ੱਕ ਨਹੀਂ ਕਿ ਦੋਵਾਂ ਮੁਹਿੰਮਾਂ ਆਪਸ ਵਿਚ ਬਹੁਤ ਹੱਦ ਤੱਕ ਰਲਗੱਡ ਹੋ ਚੁੱਕੀਆਂ ਸਨ।  ਸੋ, ਭਾਵੇਂ ਇਹ ਕਾਲਾ ਹਫ਼ਤਾ ਵਾਲੀ ਮੁਹਿੰਮ ਮਿੱਥ ਕੇ ਭਾਵੇਂ ਫ਼ਿਲਮ ਦਾ ਸਿੱਧਾ ਪ੍ਰਚਾਰ ਨਾ ਵੀ ਕਰ ਰਹੀ ਹੋਵੇ, ਇਹ ਫ਼ਿਲਮ ਦਾ ਅਸਿੱਧਾ ਪ੍ਰਚਾਰ ਕਾਫ਼ੀ ਹੱਦ ਤੱਕ ਕਰ ਰਹੀ ਸੀ।

ਦੂਸਰਾ ਅਹਿਮ ਸਵਾਲ ਸੀ ਕਿ 11 ਜੂਨ ਨੂੰ ਇਹ ਐਲਾਨ ਹੋਣ ਤੋਂ ਬਾਅਦ ਕਿ ਫ਼ਿਲਮ ਦਾ ਟਰੇਲਰ 29 ਜੂਨ ਨੂੰ ਆਵੇਗਾ ਤਾਂ ਉਸ ਤੋਂ ਬਾਅਦ ਇਹ ਫ਼ੈਸਲਾ ਕਿਸ ਤਰ੍ਹਾਂ ਹੋਇਆ ਕਿ ਮੁਹਿੰਮ ਦਾ ਐਲਾਨ 25 ਜੂਨ ਨੂੰ ਹੀ ਕੀਤਾ ਜਾਵੇਗਾ ਅਤੇ ਮੁਹਿੰਮ 1 ਤੋਂ 7 ਜੁਲਾਈ ਤੱਕ ਚੱਲੇਗੀ? ਕੀ ਉਦੋਂ ਸਮੁੱਚੇ ਮੋਹਤਬਰਾਂ ਵਿਚੋਂ ਕਿਸੇ ਨੇ ਇਹ ਜ਼ਿਕਰ ਤੱਕ ਨਹੀਂ ਕੀਤਾ ਕਿ ਇਸ ਦੌਰਾਨ ਹੀ ਫ਼ਿਲਮ ਦਾ ਪ੍ਰਚਾਰ ਵੀ ਚੱਲੇਗਾ ਅਤੇ ਇਸ ਨਾਲ ਕਾਲਾ ਹਫ਼ਤਾ ਮੁਹਿੰਮ ਉੱਤੇ ਵੀ ਸਵਾਲ ਉੱਠ ਸਕਦੇ ਹਨ? ਹੈਰਾਨੀ  ਹੁੰਦੀ ਹੈ ਕਿ ਮੁਹਿੰਮ ਦੇ ਆਗੂਆਂ ਵਿਚ ਫ਼ਿਲਮਕਾਰ, ਪੱਤਰਕਾਰ ਅਤੇ ਵਕੀਲ ਸ਼ਾਮਲ ਸਨ, ਪਰ ਇਹ ਸਵਾਲ ਕਿਸੇ ਦੇ ਮਨ ਵਿਚ ਵੀ ਨਹੀਂ ਆਇਆ? ਇਹ ਸਵਾਲ ਬਾਰ-ਬਾਰ ਪਰੇਸ਼ਾਨ ਕਰ ਰਿਹਾ ਸੀ ਕਿ ਆਖ਼ਰ ਇਹੀ ਤਰੀਕਾਂ ਕਾਲਾ ਹਫ਼ਤਾ ਲਈ ਕਿਉਂ ਅਤੇ ਕਿਸ ਨੇ ਮਿੱਥੀਆਂ?

ਇਨ੍ਹਾਂ ਦੇ ਜਵਾਬ ਲੈਣ ਲਈ ਸਵਾਲਾਂ ਦੀ ਇਕ ਸੂਚੀ ਬਣਾ ਕੇ ਮੈਂ 22 ਅਗਸਤ ਨੂੰ ਮਿੰਟੂ ਗੁਰੂਸਰੀਆ ਅਤੇ ਪਾਲੀ ਭੁਪਿੰਦਰ ਸਿੰਘ ਹੁਰਾਂ ਨੂੰ ਭੇਜੀ। ਮਿੰਟੂ ਗੁਰੂਸਰੀਆ ਨੇ ਫੇਸਬੁੱਕ ਮੈਸੇਂਜਰ ਰਾਹੀਂ ਇੰਨਾ ਸਵਾਲਾਂ ਦੇ ਜਵਾਬ ਇਹ ਕਹਿ ਕੇ ਦੇਣ ਤੋਂ ਇਨਕਾਰ ਕਰ ਦਿੱਤਾ ਕਿ ਫ਼ਿਲਮ ਬਣਨ ਤੋਂ ਬਾਅਦ ਹੁਣ ਉਨ੍ਹਾਂ ਦਾ ਫ਼ਿਲਮ ਨਾਲ ਕੋਈ ਸਰੋਕਾਰ ਨਹੀਂ। ਉਨ੍ਹਾਂ ਲਈ ਹੁਣ ਇਹ ਚਰਚਾ ਫ਼ਜ਼ੂਲ ਹੈ। ਸ਼ਾਇਦ ਉਹ ਆਪਣੀ ਜਗ੍ਹਾ ਸਹੀ ਸਨ, ਕਿਉਂਕਿ ਇਸ ਮੁਹਿੰਮ ਨੇ ਫ਼ਿਲਮ ਨੂੰ ਜੋ ਫ਼ਾਇਦਾ ਪਹੁੰਚਾਉਣਾ ਸੀ, ਉਹ ਪਹੁੰਚਾ ਚੁੱਕੀ ਸੀ, ਸੋ ਹੁਣ ਭਾਵੇਂ ਕਾਲਾ ਹਫ਼ਤਾ ਮੁਹਿੰਮ ਦਾ ਫ਼ਿਲਮ ਦੇ ਪ੍ਰਚਾਰ ਨਾਲ ਕੋਈ ਸੰਬੰਧ ਹੋਵੇ ਜਾਂ ਇਹ ਮਹਿਜ਼ ਇਕ ਇਤਫ਼ਾਕ ਹੋਵੇ, ਇਸ ਨਾਲ ਨਾ ਮਿੰਟੂ ਨੂੰ ਕੋਈ ਫ਼ਰਕ ਪੈਂਦਾ ਸੀ ਅਤੇ ਨਾ ਹੀ ਬਾਕੀ ਲੋਕਾਂ ਨੂੰ। ਭਾਵੇਂ ਉਹ ਲਗਾਤਾਰ ਕਹਿੰਦੇ ਰਹੇ ਸਨ ਕਿ ਫ਼ਿਲਮ ਬਣਨ ਤੋਂ ਬਾਅਦ ਉਨ੍ਹਾਂ ਦਾ ਫ਼ਿਲਮ ਨਾਲ ਕੋਈ ਸਰੋਕਾਰ ਨਹੀਂ ਸੀ, ਪਰ ਟਰੇਲਰ ਤੋਂ ਲੈ ਕੇ, ਸਿਨੇਮਾ ਦੀਆਂ ਲਿਸਟਾਂ, ਟਿਕਟ ਬੁਕਿੰਗ ਦੇ ਲਿੰਕ ਅਤੇ ਫ਼ਿਲਮ ਨਾਲ ਜੁੜੀ ਹੋਰ ਪ੍ਰਚਾਰ ਸਮੱਗਰੀ ਉਹ ਲਗਾਤਾਰ ਆਪਣੇ ਫੇਸਬੁੱਕ ਪੰਨੇ ਉੱਤੇ ਸਾਂਝੀ ਕਰਦੇ ਰਹੇ ਸਨ। ਇਹੀ ਨਹੀਂ ਫ਼ਿਲਮ ਰਿਲੀਜ਼ ਹੋਣ ਤੋਂ ਬਾਅਦ ਵੀ ਲੋਕਾਂ ਦੀ ਪ੍ਰਤੀਕਿਰਿਆਵਾਂ ਵੀ ਉਹ ਸਾਂਝੀਆਂ ਕਰ ਰਹੇ ਸਨ। ਪਰ ਜ਼ੋਰਦਾਰ ਟਾਈਮਜ਼ ਵੱਲੋਂ ਭੇਜੇ ਗਏ ਸਵਾਲਾਂ ਦੇ ਜਵਾਬ ਦੇਣ ਲੱਗਿਆਂ ਉਨ੍ਹਾਂ ਦੇ ਸਰੋਕਾਰ ਫ਼ਿਲਮ ਨਾਲੋਂ ਖ਼ਤਮ ਹੋ ਗਏ ਸਨ। ਉਨ੍ਹਾਂ ਗੱਲ ਇੱਥੇ ਮੁਕਾਉਣ ਦੀ ਕੀਤੀ ਕਿ ਮੈਂ ਨਸ਼ਿਆਂ ਖ਼ਿਲਾਫ਼ ਪ੍ਰਚਾਰ 2013 ਤੋਂ ਕਰਦਾ ਆ ਰਿਹਾ ਹਾਂ ਅਤੇ ਫ਼ਿਰ ਕੰਮ ਵਿਚ ਰੁੱਝੇ ਹੋਣ ਦਾ ਕਹਿ ਕੇ ਚਲੇ ਗਏ। ਪਰ ਪਿੱਛੇ ਉਹ ਇਹ ਸਵਾਲ ਛੱਡ ਗਏ ਕਿ ਜੇ ਉਹ 2013 ਤੋਂ ਨਸ਼ਿਆਂ ਖ਼ਿਲਾਫ਼ ਪ੍ਰਚਾਰ ਕਰ ਰਹੇ ਹਨ ਜਦੋਂ ਉਨ੍ਹਾਂ ਦੀ ਕਿਤਾਬ ਵੀ ਨਹੀਂ ਆਈ ਸੀ ਤਾਂ ਉਨ੍ਹਾਂ ਨੂੰ ਕਾਲਾ ਹਫ਼ਤਾ ਮਨਾਉਣ ਦਾ ਖ਼ਿਆਲ ਇਨ੍ਹਾਂ ਪੰਜ ਸਾਲਾਂ ਵਿਚ ਕਿਉਂ ਨਹੀਂ ਆਇਆ? ਕਿਤਾਬ ਚਰਚਿਤ ਹੋਈ ਨੂੰ ਵੀ 3 ਸਾਲ ਹੋ ਚੁੱਕੇ ਹਨ, ਉਦੋਂ ਵੀ ਅਜਿਹਾ ਕੋਈ ਹਫ਼ਤਾ ਉਨ੍ਹਾਂ ਨਹੀਂ ਮਨਾਇਆ? ਉਂਝ ਉਹ ਦੱਸਦੇ ਹਨ ਕਿ ਨਿੱਜੀ ਤੌਰ ‘ਤੇ ਉਹ ਨਸ਼ਾਂ ਪੀੜਿਤਾਂ ਦੀ ਮਦਦ ਕਰਨ ਲਈ ਲਗਾਤਾਰ ਆਪਣੀਆਂ ਸੇਵਾਵਾਂ ਦਿੰਦੇ ਰਹਿੰਦੇ ਹਨ, ਅਸੀਂ ਉਨ੍ਹਾਂ ਦੇ ਉਪਰਾਲਿਆਂ ਦੀ ਸ਼ਲਾਘਾ ਕਰਦੇ ਹਾਂ, ਪਰ ਇਹ ਸਵਾਲ ਹਾਲੇ ਵੀ ਲਟਕਿਆ ਹੋਇਆ ਹੈ ਕਿ ਕਾਲਾ ਹਫ਼ਤਾ, ਡਾਕੂਆਂ ਦਾ ਮੁੰਡਾ ਦੇ ਪ੍ਰਚਾਰ ਦੇ ਦੌਰਾਨ ਹੀ ਕਿਉਂ ਮਨਾਇਆ ਜਾਂਣਾ ਸੀ? ਨਸ਼ੇ ਦੀ ਓਵਰਡੋਜ਼ ਨਾਲ ਮਰਨ ਵਾਲਿਆਂ ਦੀਆਂ ਖ਼ਬਰਾਂ ਅਤੇ ਵੀਡਿਉਜ਼ ਤਾਂ ਸਾਲਾਂ ਤੋਂ ਆ ਰਹੀਆਂ ਹਨ, 2017 ਦੀਆਂ ਚੋਣਾਂ ਦੌਰਾਨ ਵੀ ਬਹੁਤ ਆਈਆਂ ਸਨ ਅਤੇ ਹੁਣ ਵੀ ਰੋਜ਼ ਹੀ ਕਿਤੋਂ ਨਾ ਕਿਤੋਂ ਇਹ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ। ਖ਼ੈਰ ਇਸ ਦਾ ਜਵਾਬ ਦਾ ਮਿੰਟੂ ਗੁਰੂਸਰੀਆ ਹੀ ਦੇ ਸਕਦੇ ਹਨ। ਵੈਸੇ ਬਤੌਰ ਪੱਤਰਕਾਰ ਮਿੰਟੂ ਗੁਰੂਸਰੀਆ ਨੂੰ ਇਹ ਵੀ ਪਤਾ ਹੋਵੇਗਾ ਕਿ ਕਿਸੇ ਫ਼ਿਲਮ ਦੇ ਰਿਲੀਜ਼ ਤੋਂ ਮਹੀਨਾ-ਡੇਢ ਮਹੀਨਾ ਪਹਿਲਾਂ ਹੀ ਉਸ ਦਾ ਪ੍ਰਚਾਰ ਸ਼ੁਰੂ ਹੁੰਦਾ ਹੈ, ਬਾਵਜੂਦ ਉਨ੍ਹਾਂ ਕਾਲਾ ਹਫ਼ਤਾ ਮੁਹਿੰਮ ਵਿਚ ਸ਼ਾਮਲ ਹੋਣ ਦੀ ਹਾਮੀ ਭਰੀ ਤਾਂ ਕੀ ਇਸ ਦੇ ਫ਼ਿਲਮ ‘ਤੇ ਹੋਣ ਵਾਲੇ ਅਸਰ ਦਾ ਉਨ੍ਹਾਂ ਨੂੰ ਭੋਰਾ ਇਲਮ ਵੀ ਨਹੀਂਂ ਹੋਵੇਗਾ?

ਉਹੀ ਮੁੱਢਲੇ ਸਵਾਲ ਅਸੀਂ ਸਭ ਤੋਂ ਤਿੱਖੀ ਪ੍ਰਤਿਕਿਰਆ ਦੇਣ ਵਾਲੇ ਕਾਲਾ ਹਫ਼ਤਾ ਮੁਹਿੰਮ ਦੇ ਆਗੂ ਅਤੇ ਮਿੰਟੂ ਗੁਰੂਸਰੀਆ ਦੀ ਫ਼ਿਲਮ ਦੇ ਸਮਰਥਕ ਪਾਲੀ ਭੁਪਿੰਦਰ ਸਿੰਘ ਹੁਰਾਂ ਨੂੰ ਵੀ ਭੇਜੇ। ਪਰ ਫੇਸਬੁੱਕ ਤੋਂ ਤੋੜ-ਵਿਛੋੜਾ ਕਰਨ ਤੋਂ ਇਲਾਵਾ ਉਨ੍ਹਾਂ ਕੋਈ ਵੀ ਪ੍ਰਤਿਕਿਰਿਆ ਦੇਣਾ ਵਾਜਿਬ ਨਹੀਂ ਸਮਝਿਆ। 

ਇਸੇ ਦੌਰਾਨ ਅਸੀਂ 21 ਅਗਸਤ ਨੂੰ ਫ਼ਿਲਮ ਸਮੀਖਿਆ ਉੱਤੇ ‘ਕਾਲਾ ਹਫ਼ਤਾ ਮੁਹਿੰਮ ਅਤੇ ਫ਼ਿਲਮ ਦੇ ਪ੍ਰਚਾਰ ਦੇ ਸੰਬੰਧਾਂ’ ਵਾਲੀ ਟਿੱਪਣੀ ਕਰਨ ਵਾਲੇ ਸ਼ਖ਼ਸ ਨੂੰ ਸੋਸ਼ਲ ਮੀਡੀਆ ਉੱਤੇ ਲੱਭ ਕੇ ਫੇਸਬੁੱਕ ਮੈਸੇਂਜਰ ਰਾਹੀਂ ਸੰਪਰਕ ਕੀਤਾ। ਇਸ ਨੂੰ ਵੀ ਤੁਸੀਂ ਇਤਫ਼ਾਕ ਹੀ ਕਹੋਗੇ ਕਿ ਉਹ ਟਿੱਪਣੀ ਕਰਨ ਵਾਲਾ ਸ਼ਖ਼ਸ ਅਮਰੀਕਾ ਰਹਿੰਦਾ ਇਕ ਨਿਊਰੌਲੌਜਿਸਟ ਡਾਕਟਰ ਅਮਿਤਜੋਤ ਸਿੰਘ ਨਿਕਲਿਆ, ਜੋ ਵਰਲਡ ਹੈਲਥ ਓਰਗੇਨਾਈਜ਼ੇਸ਼ਨ (WHO) ਨਾਲ ਇਕ ਵਲੰਟੀਅਰ ਖੋਜ ਡਾਕਟਰ ਦੇ ਤੌਰ ‘ਤੇ ਕੰਮ ਕਰ ਰਹੇ ਹਨ ਅਤੇ ਇਸ ਕਾਲਾ ਹਫ਼ਤਾ ਮੁਹਿੰਮ ਦੌਰਾਨ ਉਹ ਪੰਜਾਬ ਵਿਚ ਨਸ਼ਿਆਂ ਬਾਰੇ ਹੀ ਖੋਜ ਕਰਨ ਵਿਚ ਇਕ ਸਥਾਨਕ ਡਾਕਟਰ ਦੀ ਸਹਾਇਤਾ ਕਰਨ ਆਏ ਹੋਏ ਸਨ। ਡਾ. ਅਮਿਤਜੋਤ ਨੂੰ ਜਦੋਂ ਪੁੱਛਿਆ ਕਿ ਉਨ੍ਹਾਂ ਨੂੰ ਕਿਉਂ ਲੱਗਦਾ ਹੈ ਕਿ ਕਾਲਾ ਹਫ਼ਤਾ ਮੁਹਿੰਮ ਦਾ ਸੰਬੰਧ ਡਾਕੂਆਂ ਦਾ ਮੁੰਡਾ ਫ਼ਿਲਮ ਦੇ ਪ੍ਰਚਾਰ ਨਾ ਸੀ ਤਾਂ ਉਨ੍ਹਾਂ ਨੇ ਜੋ ਕਿਹਾ ਉਹ ਹੈਰਾਨ ਕਰਨ ਵਾਲਾ ਸੀ। ਉਨ੍ਹਾਂ ਕਿਹਾ, “ਇਕ ਪ੍ਰਚਾਰ ਦੀ ਟਾਈਮਿੰਗ ਹੀ ਆਪਣੇ ਆਪ ਵਿਚ ਬਹੁਤ ਕੁਝ ਕਹਿੰਦੀ ਹੈ। ਪੰਜਾਬ ਵਿਚ ਇਕ ਡਾ. ਸਾਹਬ ਹਨ ਜੋ ਬਿਨਾਂ ਚਰਚਾ ਵਿਚ ਆਏ ਪਿਛਲੇ ਪੰਜ ਸਾਲਾਂ ਤੋਂ ਚੁੱਪਚਾਪ ਨਸ਼ਿਆਂ ਦੀ ਮਾਨਸਿਕਤਾ ਬਾਰੇ ਜ਼ਮੀਨੀ ਪੱਧਰ ਉੱਤੇ ਖੋਜ ਕਰ ਰਹੇ ਹਨ ਅਤੇ ਉਨ੍ਹਾਂ ਨੇ ਕਈ ਹੈਰਾਨੀਜਨਕ ਤੱਥ ਲੱਭੇ ਹਨ। ਉਨ੍ਹਾਂ ਨੇ ਡਬਲਯੂਐਚਓ ਨੂੰ ਇਸ ਸੰਬੰਧੀ ਤਕਨੀਕੀ ਸਹਾਇਤਾ ਕਰਨ ਲਈ ਕਿਹਾ ਸੀ। ਇਸ ਪ੍ਰੋਜੈਕਟ ਤਹਿਤ ਮੈਂ ਉਨ੍ਹਾਂ ਦੀ ਮਦਦ ਕਰਨ ਲੰਬੇ ਅਰਸੇ ਬਾਅਦ ਭਾਰਤ ਆਇਆ ਸੀ।” 

ਡਾ. ਅਮਿਤਜੋਤ ਨੇ ਦੱਸਿਆ ਕਿ ਕਾਲਾ ਹਫ਼ਤਾ ਮੁਹਿੰਮ ਬਾਰੇ ਵੀ ਉਨ੍ਹਾਂ ਡਾ. ਸਾਹਿਬਾ ਨਾਲ ਚਰਚਾ ਕੀਤੀ ਤਾਂ ਡਾ. ਸਾਹਿਬਾ ਦਾ ਵਿਚਾਰ ਸੀ ਕਿ ਇਹ ਸਿਰਫ਼ ਇਕ ਪ੍ਰਚਾਰ ਮੁਹਿੰਮ ਹੈ ਜੋ ਫ਼ਿਲਮ ਤੋਂ ਬਾਅਦ ਖ਼ਤਮ ਹੋ ਜਾਵੇਗੀ। ਜ਼ਮੀਨੀ ਪੱਧਰ ‘ਤੇ ਨਸ਼ਾ-ਪੀੜਿਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸਾਰ ਲੈਣ ਕਿਸੇ ਨਹੀਂ ਜਾਣਾ। ਇੰਨੀ ਗੱਲ ਕਹਿਣ ਤੋਂ ਬਾਅਦ ਡਾ. ਅਮਿਤਜੋਤ ਮੈਨੂੰ ਸਵਾਲ ਪੁੱਛਦੇ ਹਨ, “ਤੁਸੀਂ ਦੱਸੋ ਹੁਣ ਨਸ਼ਿਆਂ ਖ਼ਿਲਾਫ਼ ਮੁਹਿੰਮ ਕਿੱਥੇ ਹੈ? ਕੀ ਪੰਜਾਬ ਵਿਚੋਂ ਨਸ਼ਾ ਖ਼ਤਮ ਹੋ ਗਿਆ?”

ਇੱਥੇ ਇਹ ਵੀ ਯਾਦ ਕਰਵਾਉਣਾ ਕੁਥਾਂ ਨਹੀਂ ਹੋਵੇਗਾ ਕਿ 25 ਜੂਨ ਦੀ ਲਾਈਵ ਵੀਡਿਉ ਵਿਚ ਮਿੰਟੂ ਗੁਰੂਸਰੀਆ ਨੇ ਕਿਹਾ ਸੀ ਇਹ ਕਾਲਾ ਹਫ਼ਤਾ ਸਿਰਫ਼ ਇਕ ਹਫ਼ਤਾ ਨਹੀਂ ਚੱਲੇਗਾ, ਬਲਕਿ ਇਹ ਕਿ ਲੰਮੇਰੀ ਲੋਕ ਲਹਿਰ ਦਾ ਬਾਣਨੂੰ ਬੰਨ੍ਹਣ ਦਾ ਕਾਲਾ ਹਫ਼ਤਾ ਹੋਵੇਗਾ। ਇੱਥੋਂ ਤੱਕ ਸੀਮਿਤ ਨਹੀਂ ਹੋਊਗਾ। ਬਲੈਕ ਵੀਕ ਤੋਂ ਬਾਅਦ ਅੱਗੇ ਵੀ ਚਲਾਂਗੇ, ਉਦੋਂ ਤੱਕ ਕਾਫ਼ਲਾ ਬਣ ਜਾਊਗਾ।

ਇਸ ਵਿਚ ਕੋਈ ਸ਼ੱਕ ਨਹੀਂ ਕਿ ਕਾਲਾ ਹਫ਼ਤਾ ਇਕ ਵੱਡਾ ਕਾਫ਼ਲਾ ਬਣ ਗਿਆ ਸੀ। ਜ਼ਮੀਨੀ ਪੱਧਰ ਉੱਤੇ ਨਸ਼ਿਆਂ ਤੋਂ ਅੱਕ ਅਤੇ ਥੱਕ ਚੁੱਕੇ ਲੋਕ ਰੋਸ ਨਾਲ ਭਰੇ ਹੋਏ ਸੜਕਾਂ ਉੱਤੇ ਉਤਰ ਆਏ ਸਨ। ਉਦੋਂ ਇਹ ਕਾਲਾ ਹਫ਼ਤਾ ਇਸ ਦੇ ਆਗੂਆਂ ਦਾ ਨਹੀਂ, ਇਸ ਦੇ ਭਾਵੁਕ ਸਮਰਥਕਾਂ ਦਾ ਬਣ ਚੁੱਕਾ ਸੀ। ਇਸ ਨੂੰ ਆਮ ਪੰਜਾਬੀ ਨੌਜਵਾਨ ਗਲੀ-ਗਲੀ, ਚੌਕ-ਚੌਕ, ਨੁੱਕਰ-ਨੁੱਕਰ ਚਲਾ ਰਹੇ ਸਨ। ਉਨ੍ਹਾਂ ਦੇ ਮਨ ਵਿਚ ਤਾਂ ਕਦੇ ਇਹ ਸਵਾਲ ਪੈਦਾ ਵੀ ਨਹੀਂ ਹੋਇਆ ਹੋਣਾ ਕਿ ਕੀ ਇਹ ਕਾਲਾ ਹਫ਼ਤਾ ਡਾਕੂਆਂ ਦਾ ਮੁੰਡਾ ਫ਼ਿਲਮ ਦਾ ਪ੍ਰਚਾਰ ਸੀ ਜਾਂ ਮਹਿਜ਼ ਇਕ ਇਤਫ਼ਾਕ? ਉਨ੍ਹਾਂ ਨੂੰ ਤਾਂ ਬੱਸ ਇੰਨਾ ਪਤਾ ਸੀ ਕਿ ਇਹ ਉਨ੍ਹਾਂ ਦੀ ਆਪਣੀ ਤੇ ਆਪਣਿਆਂ ਦੀ ਜ਼ਿੰਦਗੀ ਦੀ ਤ੍ਰਾਸਦੀ ਖ਼ਿਲਾਫ਼ ਆਵਾਜ਼ ਚੁੱਕਣ ਦਾ ਹਫ਼ਤਾ ਸੀ। ਉਨ੍ਹਾਂ ਆਪਣੇ ਤਨ, ਮਨ ਅਤੇ ਧਨ ਸਮੇਤ ਆਪਣੇ ਆਪ ਨੂੰ ਇਸ ਮੁਹਿੰਮ ਨੂੰ ਸਮਰਪਿਤ ਕਰ ਦਿੱਤਾ ਸੀ। ਉਨ੍ਹਾਂ ਦੇ ਇਸ ਨਿਸ਼ਕਾਮ ਅਤੇ ਭਾਵੁਕ ਸਮਰਥਨ ਅੱਗੇ ਸਾਡਾ ਸਿਰ ਝੁੱਕਦਾ ਹੈ। ਉਨ੍ਹਾਂ ਭੋਲੇ ਅਤੇ ਭਾਵੁਕ ਲੋਕਾਂ ਦੇ ਮਨ ਵਿਚ ਅੱਜ ਵੀ ਇਹ ਸਵਾਲ ਜ਼ਰੂਰ ਉੱਠ ਰਿਹਾ ਹੋਵੇਗਾ ਕਿ ਇਸ ਕਾਲਾ ਹਫ਼ਤਾ ਮੁਹਿੰਮ ਦਾ ਨਤੀਜਾ ਕੀ ਨਿਕਲਿਆਂ?  ਹੋ ਸਕਦਾ ਹੈ ਇਹ ਸਵਾਲ ਵਿਧਾਨ ਸਭਾ ਦੇ ਰੌਲੇ-ਰੱਪੇ ਹੇਠ ਦੱਬ ਗਿਆ ਹੋਵੇ। ਪਰ ਇਹ ਸਵਾਲ ਜਿਉਂਦਾ-ਜਾਗਦਾ ਹੈ। ਸਾਹ ਲੈ ਰਿਹਾ ਹੈ।

ਸਾਡਾ ਮੰਨਣਾ ਹੈ ਕਿ ਪੰਜਾਬ ਦੀ ਮੌਜੂਦਾ ਸਥਿਤੀ ਮੁਤਾਬਕ ਇਸ ਵੇਲੇ ਮਿੰਟੂ ਗੁਰੂਸਰੀਆ ਇਕ ਚੰਗਾ ਰੋਲ ਮਾਡਲ ਸਾਬਤ ਹੋ ਸਕਦਾ ਹੈ, ਨਸ਼ੇ ਅਤੇ ਜੁਰਮ ਦੀ ਦੁਨੀਆ ਵਿਚ ਗਲ਼ ਤੱਕ ਧੱਸ ਜਾਣ ਤੋਂ ਬਾਅਦ ਮੁੜ ਕੇ ਆਉਣਾ ਕਿਸੇ ਮਹਾਂਬਲੀ ਸੂਰੇ ਦਾ ਹੌਸਲਾ ਮੰਗਦਾ ਹੈ। ਇਸ ਲਈ, ਸਾਨੂੰ ਲੱਖਾਂ ਮਿੰਟੂ ਗੁਰੂਸਰੀਆਂ ਦੀ ਲੋੜ ਹੈ, ਉਸ ਬੰਦੇ ਨੇ ਜ਼ਿੰਦਗੀ ਤੇ ਮੌਤ ਨੂੰ ਖਹਿ ਕੇ ਲੰਘਦੇ ਦੇਖਿਆ ਹੈ, ਉਸ ਦੇ ਅੰਦਰ ਤੋਂ ਪ੍ਰੇਰਨਾ ਲੈਣ ਦੀ ਲੋੜ ਹੈ, ਪਰ ਕੁਝ ਲੋਕ ਉਸ ਦੇ ਬਾਹਰ ਨੂੰ ਵਰਤ ਨੇ ਪੈਸਾ ਤਾਂ ਕਮਾਉਣਾ ਚਾਹੁੰਦੇ ਹਨ, ਪਰ ਉਸ ਦੇ ਅੰਦਰ ਦੀ ਗੱਲ ਵੀ ਨਹੀਂ ਹੋਣ ਦੇਣਾ ਚਾਹੁੰਦੇ। ਇਹ ਗੱਲ ਫ਼ਿਲਮ ਦੀ ਪੇਸ਼ਕਾਰੀ ਵਿਚ ਵੀ ਦੇਖਣ ਨੂੰ ਮਿਲੀ ਹੈ ਤੇ ਇਕ ਗੱਲਬਾਤ ਦੌਰਾਨ ਮਿੰਟੂ ਨੇ ਵੀ ਕਿਹਾ ਕਿ ਉਹ ਫ਼ਿਲਮ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਨਹੀਂ ਹਨ। ਪਰ ਇਸ ਗ਼ਲੈਮਰ ਦੀ ਚਕਾਚੌਂਧ ਤੋਂ ਬਚਣਾ ਵੀ ਆਸਾਨ ਨਹੀਂ ਹੈ। ਸੋ, ਉਪਰੋਕਤ ਵਰਤਾਰੇ ਬਾਰੇ ਸਵਾਲ ਕਰਨ ਦਾ ਮਕਸਦ ਕਿਸੇ ਨੂੰ ਬਦਨਾਮ ਕਰਨਾ ਨਹੀਂ, ਇਸ ਵਰਤਾਰੇ ਦੀਆਂ ਗੁੰਝਲਾਂ ਦੀ ਤਹਿ ਤੱਕ ਜਾਣ ਦੀ ਕੋਸ਼ਿਸ਼ ਕਰਨਾ ਹੈ। ਅਸੀਂ ਕਿੰਨੇ ਸਫ਼ਲ ਹੋਵਾਂਗੇ, ਇਹ ਤਾਂ ਵਕਤ ਹੀ ਦੱਸੇਗਾ।

ਫ਼ਿਲਹਾਲ ਡਾ. ਅਮਿਤਜੋਤ 10 ਦਿਨ ਪਹਿਲਾਂ ਆਪਣਾ ਬਣਦਾ ਸਹਿਯੋਗ ਦੇ ਕੇ ਵਾਪਸ ਅਮਰੀਕਾ ਚਲੇ ਗਏ ਹਨ। ਪੰਜਾਬ ਵਿਚ ਉਹ ਡਾ. ਸਾਹਿਬਾ ਜੋ ਆਪਣਾ ਨਾਮ ਵੀ ਨਹੀਂ ਦੱਸਣਾ ਚਾਹੁੰਦੇ ਉਹ ਨਸ਼ਾ ਪੀੜਿਤਾਂ ਨਾਲ ਜ਼ਮੀਨੀ ਪੱਧਰ ਉੱਤੇ ਆਪਣੀ ਖੋਜ ਵਿਚ ਅੱਜ ਵੀ ਲੱਗੇ ਹੋਏ ਹਨ। ਡਾਕੂਆਂ ਦਾ ਮੁੰਡਾ ਫ਼ਿਲਮ ਸਿਨੇਮਾ ਘਰਾਂ ਵਿਚ ਤੀਜੇ ਹਫ਼ਤੇ ਵਿਚ ਦਾਖ਼ਲ ਹੋ ਗਈ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਰਿਪੋਰਟ ਲਿਖੇ ਜਾਣ ਤੱਕ ਬੇਹੱਦ ਸਫ਼ਲ ਦੱਸੀ ਜਾ ਰਹੀ ਫ਼ਿਲਮ ਦੀ ਕਮਾਈ ਦੇ ਅੰਕੜਿਆਂ ਦਾ ਜ਼ਿਕਰ ਤੱਕ ਕਿਸੇ ਨੇ ਨਹੀਂ ਕੀਤਾ ਹੈ। ਫ਼ਿਲਮ ਦਾ ਅਸਲ ਜ਼ਿੰਦਗੀ ਦਾ ਨਾਇਕ ਆਪਣੇ ਰੂਟੀਨ ਰੁਝੇਂਵਿਆਂ ਵਿਚ ਰੁੱਝ ਚੁੱਕਾ ਹੈ। ਕਾਲਾ ਹਫ਼ਤਾ ਮੁਹਿੰਮ ਦੇ ਬਾਕੀ ਆਗੂ ਵੀ ਆਪਣੇ ਕੰਮਾਂ ਵਿਚ ਰੁੱਝ ਕੇ ਮੁਹਿੰਮ ਦੇ ਮਨੋਰਥਾਂ ਨੂੰ ਸ਼ਾਇਦ ਭੁੱਲ-ਭਾਲ ਗਏ ਹੋਣਗੇ!

ਪਰ ਉਪਰੋਕਤ ਵੱਡੇ ਸਵਾਲਾਂ ਦੇ ਨਾਲ-ਨਾਲ ਕੀ ਨਸ਼ੇ ਖ਼ਿਲਾਫ਼ ਪ੍ਰਚਾਰ ਅਤੇ ਫ਼ਿਲਮ ਦੇ ਪ੍ਰਚਾਰ ਦਾ ਕੋਈ ਆਪਸੀ ਰਿਸ਼ਤੇ ਸੀ? ਜਾਂ ਇਹ ਮਹਿਜ਼ ਇਕ ਇਤਫ਼ਾਕ ਹੀ ਸੀ? ਇਸ ਬਾਰੇ ਜੋ ਸਵਾਲ ਆਪਣੇ ਜਵਾਬਾਂ ਦੀ ਤਲਾਸ਼ ਵਿਚ ਹਵਾ ਵਿਚ ਲਟਕੇ ਹੋਏ ਹਨ, ਉਹ ਉਦੋਂ ਤੱਕ ਲਟਕਦੇ ਹੀ ਰਹਿਣਗੇ, ਜਦੋਂ ਤੱਕ ਉਹ ਆਪਣੇ ਜਵਾਬ ਨਹੀਂ ਲੱਭ ਲੈਂਦੇ। ਮੁਹਿੰਮ ਦੇ ਆਗੂਆਂ ਦੀ ਆਪਣੀ ਇਬਾਰਤ ਅਨੁਸਾਰ, ਇਹ ਜਵਾਬ ਇਸ ਕਾਲਾ ਹਫ਼ਤਾ ਮੁਹਿੰਮ ਦੇ ਆਗੂ ਹੀ ਦੇਣਗੇ। ਕਦੋਂ ਦੇਣਗੇ, ਇਹ ਵਕਤ ਉਹ ਆਪ ਤੈਅ ਕਰ ਲੈਣ। ਅਸੀਂ ਆਪਣੇ ਸਵਾਲ ਉਨ੍ਹਾਂ ਅੱਗੇ ਰੱਖ ਕੇ ਆਪਣਾ ਫ਼ਰਜ਼ ਨਿਭਾ ਦਿੱਤਾ ਹੈ।

*ਉੇਪਰੋਕਤ ਲੇਖ ਵਿਚ ਪ੍ਰਗਟਾਏ ਵਿਚਾਰ ਲੇਖਕ ਦੇ ਨਿੱਜੀ ਵਿਚਾਰ ਹਨ। ਇਨ੍ਹਾਂ ਨਾਲ ਅਦਾਰਾ ਜ਼ੋਰਦਾਰ ਟਾਈਮਜ਼ ਦਾ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ।
ਜ਼ੋਰਦਾਰ ਟਾਈਮਜ਼ ਇਕ ਸੁਤੰਤਰ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ, ਧਾਰਮਿਕ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਅਾਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ 25 ਰੁਪਏ ਤੋਂ ਲੈ ਕੇ 10 ਹਜ਼ਾਰ ਤੱਕ ਜਿੰਨੀ ਚਾਹੋਂ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। ਧੰਨਵਾਦ

ਜ਼ੋਰਦਾਰ ਟਾਈਮਜ਼ ਇਕ ਸੁਤੰਤਰ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਇਮਾਨਦਾਰੀ, ਨਿਰਪੱਖਤਾ, ਨਿਡਰਤਾ ਤੇ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ।

ਇਸ ਤਰ੍ਹਾਂ ਦੀਆਂ ਹੋਰ ਲਿਖਤਾਂ ਲਈ ਸਾਡੇ ਨਾਲ ਫੇਸਬੁੱਕ, ਵੱਟਸ-ਐਪ ’ਤੇ ਇੰਸਟਾਗ੍ਰਾਮ ’ਤੇ ਜੁੜੋ। ਜਿਸ ਐਪ ’ਤੇ ਸਾਡੇ ਨਾਲ ਜੁੜਨਾ ਚਾਹੋ, ਉਸ ਐਪ ਦੇ ਨਾਮ ’ਤੇ ਕਲਿੱਕ ਕਰੋ।


Updated:

in

by

Tags:

Comments

Leave a Reply

error: ਕਾਪੀ ਕਰਨਾ ਮਨ੍ਹਾਂ ਹੈ। ਲਿਖਤ ਪ੍ਰਾਪਤ ਕਰਨ ਲਈ ਈ-ਮੇਲ ਕਰੋ zordartimes@gmail.com