Sukhbir Badal ਸੁਖਬੀਰ ਬਾਦਲ ਭਵਿੱਖ ਕੀ?

Sukhbir Badal, Akali at Akal Takhat
Sukhbir Badal at Akal Takhat – ਤਨਖ਼ਾਹ ਲੱਗਣ ਤੋਂ ਬਾਅਦ ਗਲ ਵਿੱਚ ਪਾਈ ਤਖ਼ਤੀ ਨਾਲ


ਆਖ਼ਰਕਾਰ ਸਮੁੱਚੇ ਸਿੱਖ ਪੰਥ ਨੂੰ ਜਿਸ ਘੜੀ ਦੀ ਉਡੀਕ ਸੀ, ਉਹ ਆ ਗਈ। ਸਾਰਿਆਂ ਦਾ ਧਿਆਨ 2 ਦਸੰਬਰ 2024 ਨੂੰ ਅਕਾਲ ਤਖ਼ਤ ਦੀ ਫ਼ਸੀਲ ‘ਤੇ ਲੱਗਿਆ ਹੋਇਆ ਸੀ। ਪੰਜ ਸਿੰਘ ਸਹਿਬਾਨਾਂ ਨੇ ਅਕਾਲ ਤਖ਼ਤ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਰਹੇ ਸੁਖਬੀਰ ਬਾਦਲ ਤੇ ਅਕਾਲੀ ਆਗੂਆਂ ਦੇ ਗੁਨਾਹਾਂ ਦੀ ਸੂਚੀ ਪੜ੍ਹੀ ਗਈ। ਸਭ ਤੋਂ ਪਹਿਲਾਂ ਸੁਖਬੀਰ ਬਾਦਲ ਖ਼ਿਲਾਫ਼ ਲੱਗੀਆਂ ਸ਼ਿਕਾਇਤਾਂ ਅਨੁਸਾਰ ਉਨ੍ਹਾਂ ਨੂੰ ਗੁਨਾਹਾਂ ਸੰਬੰਧੀ ਸਵਾਲ ਪੁੱਛੇ ਗਏ। ਜੱਥੇਦਾਰ ਸਾਹਬ ਨੇ ਕਿਹਾ ਕਿ ਜੁਆਬ ਹਾਂ ਜਾਂ ਨਾਂ ਵਿੱਚ ਦਿਉ।

ਸੁਖਬੀਰ ਬਾਦਲ ਵੱਲੋਂ ਜੱਥੇਦਾਰਾਂ ਨੂੰ ਚੰਡੀਗੜ੍ਹ ਕੋਠੀ ਬੁਲਾ ਕੇ ਸੌਦ ਸਾਧ ਦੇ ਮੁਆਫ਼ੀਨਾਮਾ ਸੰਬੰਧੀ ਗੁਨਾਹ ਦੇ ਸਵਾਲ ਨੂੰ ਤਿੰਨ ਵਾਰ ਟਾਲਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਪਹਿਲਾਂ ਸੁਖਬੀਰ ਨੇ ਕੁਝ ਸਵਾਲਾਂ ਦੇ ਜੁਆਬ ਵਿੱਚ “ਹਾਂ ਜੀ” ਕਿਹਾ। ਪਰੰਤੂ ਡੇਰਾ ਮੁਖੀ ਦੇ ਮੁਆਫ਼ੀਨਾਮੇ ਸੰਬੰਧੀ ਸਿੱਧਾਂ ਜੁਆਬ ਦੇਣ ਦੀ ਜੀ ਬਜਾਇ ਸੁਖਬੀਰ ਬਾਦਲ ਨੇ ਕਿਹਾ, “ਬਹੁਤ ਭੁੱਲਾਂ ਹੋਈਆਂ ਹਨ। ” ਗਿਆਨੀ ਰਘਬੀਰ ਸਿੰਘ ਜੀ ਨੇ ਤਾੜਨਾ ਕਰਦਿਆਂ ਕਿਹਾ ਕਿ “ਹਾਂ ਜਾਂ ਨਾ ਵਿੱਚ ਜੁਆਬ ਦਿਉ। ” ਤਿੰਨ ਵਾਰ ਟਾਲਣ ਦੀ ਅਸਫ਼ਲ ਕੋਸ਼ਿਸ਼ ਤੇ ਜਥੇਦਾਰ ਸਾਹਿਬ ਦੇ ਸਮਝਾਉਣ ਤੋਂ ਬਾਅਦ ਆਖ਼ਰਕਾਰ ਸੁਖਬੀਰ ਨੇ “ਹਾਂ ਜੀ” ਕਿਹਾ।

ਸੁਖਬੀਰ ਬਾਦਲ ਦੇ ਗੁਨਾਹਾਂ ਦੀ ਸੂਚੀ

ਪਹਿਲਾ: ਤੁਸੀਂ ਅਕਾਲੀ ਸਰਕਾਰ ‘ਚ ਰਹਿੰਦਿਆਂ ਪੰਥਕ ਮੁੱਦਿਆ ਨੂੰ ਵਿਸਾਰਨ ਦਾ ਗੁਨਾਹ ਕੀਤਾ ਹੈ ਜਾਂ ਨਹੀਂ ?

ਇਸ ਦੇ ਜੁਆਬ ਵਿੱਚ ਸੁਖਬੀਰ ਬਾਦਲ ਨੇ “ਹਾਂ ਜੀ” ਕਿਹਾ।

ਦੂਸਰਾ: ਸਿੱਖਾਂ ਦਾ ਕਤਲ ਕਰਨ ਵਾਲੇ ਜ਼ਾਲਮ ਅਫਸਰਾਂ ਨੂੰ ਤਰੱਕੀਆ ਤੋ ਪਰਿਵਾਰਾਂ ਨੂੰ ਟਿਕਟਾਂ ਦਿੱਤੀਆਂ, ਗੁਨਾਹ ਕੀਤਾ ਹੈ ਜਾਂ ਨਹੀਂ?

ਇਸ ਦੇ ਜੁਆਬ ਵਿੱਚ ਵੀ ਸੁਖਬੀਰ ਬਾਦਲ ਨੇ ਕਿਹਾ “ਹਾਂ ਜੀ”। ਇਹ ਮਾਮਲਾ ਸੁਮੇਧ ਸੈਣੀ ਵਰਗੇ ਪੁਲਸ ਅਫ਼ਸਰਾਂ ਨੂੰ ਬਾਦਲ ਸਰਕਾਰ ਦੌਰਾਨ ਪੰਜਾਬ ਦਾ ਡੀਜੀਪੀ ਬਣਾਉਣ ਬਾਰੇ ਹੈ। ਇਨ੍ਹਾਂ ਪੁਲਸ ਅਫ਼ਸਰਾਂ ‘ਤੇ ਖਾੜਕੂਵਾਦ ਦੇ ਦੌਰ ਵਿੱਚ ਸਿੱਖ ਨੌਜਵਾਨਾਂ ਦੇ ਝੂਠੇ ਪੁਲਸ ਮੁਕਾਬਲੇ ਦੋਸ਼ ਲਗਦੇ ਹਨ। ਪੂਰਵ ਡੀਜੀਪੀ ਇਜ਼ਹਾਰ ਆਲਮ, ਜਿਨ੍ਹਾਂ ਨੇ ਆਲਮ ਸੈਨਾ ਦੀ ਸਥਾਪਨਾ ਕੀਤੀ, ਉਨ੍ਹਾਂ ਦੀ ਪਤਨੀ ਨੂੰ ਟਿਕਟ ਦਿੱਤੀ ਅਤੇ ਉਨ੍ਹਾਂ ਨੂੰ ਮੁੱਖ ਸੰਸਦੀ ਸਕੱਤਰ ਬਣਾਇਆ। ਇਹ ਦੋਸ਼ ਲੰਮੇ ਸਮੇਂ ਤੋਂ ਸਿੱਖ ਸਿਆਸਤ ਵਿੱਚ ਵਿਵਾਦ ਦਾ ਕਾਰਨ ਬਣੇ ਹੋਏ ਹਨ।

ਤੀਸਰਾ: ਰਾਮ ਰਹੀਮ ‘ਤੇ ਕੇਸ ਵਾਪਸ ਕਰਵਾਉਣ ਦਾ ਗੁਨਾਹ ਕੀਤਾ ਹੈ ਜਾਂ ਨਹੀਂ ?

“ਹਾਂ ਜੀ” ਕਹਿ ਕੇ ਸੁਖਬੀਰ ਨੇ ਇਸ ਸੁਆਲ ਦਾ ਵੀ ਜੁਆਬ ਦਿੱਤਾ। ਅਕਾਲੀ ਸਰਕਾਰ ਨੇ ਰਾਮ ਰਹੀਮ ’ਤੇ ਦਰਜ ਮਾਮਲਾ ਵਾਪਸ ਲਿਆ ਸੀ। ਇਹ ਮੰਨਿਆ ਗਿਆ ਸੀ ਕਿ 2007 ਵਿੱਚ ਸਲਾਬਤਪੁਰਾ ਵਿੱਚ ਸੱਚਾ ਸੌਦਾ ਡੇਰੇ ਦੇ ਮੁਖੀ ਗੁਰਮੀਤ ਰਾਮ ਰਹੀਮ ਨੇ ਦਸਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਨਕਲ ਕਰਦੇ ਹੋਏ, ਉਨ੍ਹਾਂ ਦੇ ਵਰਗਾ ਚੋਲਾ ਪਾ ਕੇ ਜਾਮੇ-ਇੰਸਾ ਪਿਆਉਣ ਦਾ ਨਾਟਕ ਰਚਿਆ ਸੀ। ਉਸ ਵੇਲੇ ਗੁਰਮੀਤ ਰਾਮ ਰਹੀਮ ਦੇ ਖਿਲਾਫ਼ ਪੁਲਿਸ ਕੇਸ ਵੀ ਦਰਜ ਕੀਤਾ ਗਿਆ ਸੀ, ਪਰ ਬਾਅਦ ਵਿੱਚ ਅਕਾਲੀ ਸਰਕਾਰ ਨੇ ਸਜ਼ਾ ਦੇਣ ਦੀ ਥਾਂ ਇਸ ਮਾਮਲੇ ਨੂੰ ਹੀ ਵਾਪਸ ਲੈ ਲਿਆ।

ਚੌਥਾ: ਬਿਨ੍ਹਾਂ ਮੰਗੇ ਰਾਮ ਰਹੀਮ ਨੂੰ ਮੁਆਫ਼ੀ ਦਿਵਾਈ, ਮੁਆਫ਼ੀ ਦੇਣ ਲਈ ਜਥੇਦਾਰਾਂ ਨੂੰ ਚੰਡੀਗੜ੍ਹ ਬੁਲਾਇਆ, ਤੁਸੀਂ ਗੁਨਾਹ ਕੀਤਾ ਹੈ ਜਾਂ ਨਹੀਂ ?

ਇਸ ਸਵਾਲ ਦਾ ਸਿੱਧਾ ਜੁਆਬ ਦੇਣ ਦੀ ਬਜਾਇ ਸੁਖਬੀਰ ਬਾਦਲ ਨੇ “ਬਹੁਤ ਭੁੱਲਾਂ ਹੋਈਆਂ” ਕਹਿ ਕੇ ਟਾਲਣ ਦੀ ਕੋਸ਼ਿਸ਼ ਕੀਤੀ ਪਰ ਆਖ਼ਰਕਾਰ “ਹਾਂ ਜੀ” ਕਹਿ ਕੇ ਕਬੂਲ ਕੀਤਾ। ਗੁਰਮੀਤ ਰਾਮ ਰਹੀਮ ਵੱਲੋਂ ਕੀਤੀਆਂ ਪੰਥ ਵਿਰਧੀ ਸਰਗਰਮੀਆਂ ਕਰ ਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਨੇ ਕਾਰਵਾਈ ਕਰਦੇ ਹੋਏ ਡੇਰਾ ਮੁਖੀ ਨੂੰ ਸਿੱਖ ਪੰਥ ਤੋਂ ਛੇਕ ਦਿੱਤਾ ਸੀ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ ਪ੍ਰਭਾਵ ਦਾ ਇਸਤੇਮਾਲ ਕਰਦੇ ਹੋਏ ਡੇਰਾ ਮੁਖੀ ਨੂੰ ਮੁਆਫ਼ੀ ਦਿਵਾਈ ਸੀ। ਦੋਸ਼ ਇਹ ਵੀ ਲੱਗੇ ਕਿ ਮੁਆਫ਼ੀਨਾਮੇ ਸੰਬੰਧੀ ਗੱਲ ਕਰਨ ਲਈ ਉਨ੍ਹਾਂ ਤਖ਼ਤ ਸਹਿਬਾਨਾਂ ਦੇ ਜਥੇਦਾਰਾਂ ਨੂੰ ਆਪਣੀ ਚੰਡੀਗੜ੍ਹ ਸਥਿਤ ਕੋਠੀ ਬੁਲਾਇਆ। ਡੇਰਾ ਮੁਖੀ ਨੂੰ ਮੁਆਫ਼ੀ ਮਿਲਣ ਤੋਂ ਬਾਅਦ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਨੂੰ ਸਿੱਖ ਪੰਥ ਦੇ ਗੁੱਸੇ ਅਤੇ ਰੋਸ ਦਾ ਸਾਹਮਣਾ ਕਰਨਾ ਪਿਆ। ਆਖਿਰਕਾਰ, ਸ਼੍ਰੀ ਅਕਾਲ ਤਖ਼ਤ ਸਾਹਿਬ ਨੇ ਡੇਰਾ ਮੁਖੀ ਨੂੰ ਦਿੱਤੀ ਮੁਆਫ਼ੀ ਦਾ ਫ਼ੈਸਲਾ ਵਾਪਸ ਲੈ ਲਿਆ।

ਪੰਜਵਾਂ: ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੋਣੇ, ਵਿਵਾਦਿਤ ਪੋਸਟਰ ਲੱਗਣੇ, ਸਰੂਪਾਂ ਦੇ ਅੰਗ ਪਾੜ ਕੇ ਖਿਲਾਰਣੇ, ਤੁਸੀਂ ਦੋਸ਼ੀਆਂ ਦੀ ਪੁਸ਼ਤਪਨਾਹੀ ਕੀਤੀ, ਬਹਿਬਲਕਲਾਂ ਗੋਲੀਕਾਂਡ, ਤੁਹਾਡੀ ਸਰਕਾਰ ਵੇਲੇ ਹੋਇਆ, ਤੁਸੀਂ ਗੁਨਾਹ ਮੰਨਦੇ ਹੋ ਜਾਂ ਨਹੀਂ?

ਇਸ ਦੋਸ਼ ਨੂੰ ਵੀ ਸੁਖਬੀਰ ਬਾਦਲ ਨੇ “ਹਾਂ ਜੀ” ਕਹਿ ਕੇ ਕਬੂਲ ਕੀਤਾ। ਜ਼ਿਕਰਯੋਗ ਹੈ ਕਿ 1 ਜੂਨ 2015 ਨੂੰ ਕੁਝ ਅਨਸਰਾਂ ਨੇ ਬੁਰਜ ਜਵਾਹਰ ਸਿੰਘ ਵਾਲਾ (ਫ਼ਰੀਦਕੋਟ) ਦੇ ਗੁਰਦੁਆਰਾ ਸਾਹਿਬ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਚੋਰੀ ਕਰ ਲਈ। ਇਸ ਦੌਰਾਨ ਭੜਕਾਊ ਪੋਸਟ ਲਾਏ ਗਏ ਜਿੰਨਾਂ ਵਿੱਚ ਭੱਦੀ ਸ਼ਬਦਾਵਲੀ ਵਰਤੀ ਹੋਈ ਸੀ। ਫਿਰ 12 ਅਕਤੂਬਰ 2015 ਨੂੰ ਬਰਗਾੜੀ (ਫ਼ਰੀਦਕੋਟ) ਦੇ ਗੁਰਦੁਆਰਾ ਸਾਹਿਬ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ 110 ਅੰਗ ਚੁਰਾ ਕੇ ਬਾਹਰ ਸੁੱਟ ਦਿੱਤੇ।

ਇਸ ਨਾਲ ਸਿੱਖ ਪੰਥ ਵਿੱਚ ਭਾਰੀ ਗੁੱਸਾ ਫੈਲ ਗਿਆ। ਅਕਾਲੀ ਦਲ ਦੀ ਸਰਕਾਰ ਅਤੇ ਤਤਕਾਲੀ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਇਸ ਮਾਮਲੇ ਦੀ ਸਮੇਂ ਸਿਰ ਜਾਂਚ ਨਹੀਂ ਕੀਤੀ। ਦੋਸ਼ੀਆਂ ਨੂੰ ਸਜ਼ਾ ਦਿਵਾਉਣ ਵਿੱਚ ਅਸਫ਼ਲ ਰਹੇ। ਇਸ ਕਾਰਨ ਪੰਜਾਬ ਦੇ ਹਾਲਾਤ ਬਿਗੜ ਗਏ ਅਤੇ ਕੋਟਕਪੂਰਾ ਤੇ ਬਹਿਬਲ ਕਲਾਂ ਵਿੱਚ ਦੁਖਦਾਈ ਘਟਨਾਵਾਂ ਵਾਪਰੀਆਂ।

ਛੇਵਾਂ: ਤੁਸੀਂ SGPC ਨੂੰ ਕਹਿ ਕੇ ਰਾਮ ਰਹੀਮ ਨੂੰ ਮੁਆਫ਼ੀ ਨੂੰ ਸਹੀਂ ਠਹਿਰਾਉਣ ਲਈ ਅਖ਼ਬਾਰਾਂ ‘ਚ ਇਸ਼ਤਿਹਾਰ ਦਿੱਤੇ ਗੋਲਕ ਦੀ ਗ਼ਲਤ ਵਰਤੋਂ ਕੀਤੀ, ਤੁਸੀਂ ਗੁਨਾਹ ਕੀਤਾ ਹੈ ਜਾਂ ਨਹੀਂ?

ਇਸ ਗੁਨਾਹ ਨੂੰ ਕਬੁਲ ਕਰਦਿਆਂ ਵੀ ਸੁਖਬੀਰ ਬਾਦਲ ਨੇ “ਹਾਂ ਜੀ” ਕਿਹਾ। ਇਹ ਗੁਨਾਹ ਗੁਰਮੀਤ ਰਾਮ ਰਹੀਮ ਨੂੰ ਮੁਆਫ਼ੀ ਦੁਆਉਣ ਤੋਂ ਬਾਅਦ ਕੀਤਾ ਗਿਆ ਦੱਸਿਆ ਜਾਂਦਾ ਹੈ। ਡੇਰਾ ਮੁਖੀ ਦੀ ਮੁਆਫ਼ੀ ਤੋਂ ਬਾਅਦ ਸਿੱਖ ਪੰਥ ਵਿੱਚ ਫ਼ੈਲੇ ਰੋਸ ਨੂੰ ਸ਼ਾਂਤ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਖ਼ਬਾਰਾਂ ਵਿੱਚ ਮੁਆਫ਼ੀ ਨੂੰ ਜਾਇਜ਼ ਠਹਿਰਾਉਣ ਲਈ ਕਰੀਬ 90 ਲੱਖ ਰੁਪਏ ਦੇ ਇਸ਼ਤਿਹਾਰ ਦਿੱਤੇ ਗਏ ਦੱਸੇ ਜਾਂਦੇ ਹਨ।

ਇਸੇ ਸਿਲਸਿਲੇ ਵਿੱਚ ਸ਼੍ਰੋਮਣੀ ਕਮੇਟੀ ਦੀ ਉਸ ਵੇਲੇ ਦੀ ਅੰਤ੍ਰਿੰਗ ਕਮੇਟੀ ਦੇ ਮੈਂਬਰਾਂ ਨੂੰ ਬੁਲਾਇਆ ਗਿਆ ਸੀ। ਮੈਂਬਰਾਂ ਨੇ ਸੰਗਤ ਦੀ ਹਾਜ਼ਰੀ ਵਿੱਚ ਜਥੇਦਾਰ ਸਾਹਿਬਾਨ ਨੂੰ ਸਪੱਸ਼ਟੀਕਰਨ ਦਿੱਤਾ ਕਿ ਇਸ ਸੰਬੰਧੀ ਮਤੇ ਨੂੰ ਕਮੇਟੀ ਵਿੱਚ ਨਹੀਂ ਵਿਚਾਰਿਆ ਗਿਆ ਬਲਕਿ ਬਾਅਦ ਵਿੱਚ ਪੁਸ਼ਟ ਕਰਨ ਲਈ ਕਿਹਾ ਗਿਆ। ਬਾਅਦ ਵਿੱਚ ਵੀ ਇਸ ਦਾ ਵਿਰੋਧ ਨਾ ਕਰਨ ਲਈ ਅਤੇ ਇਸ ਨੂੰ ਪੁਸ਼ਟ ਕਰਨ ਲਈ ਅੰਤ੍ਰਿੰਗ ਕਮੇਟੀ ਮੈਂਬਰਾਂ ਨੂੰ ਵੀ ਤਨਖ਼ਾਹ ਲਾਈ ਗਈ।

ਚੰਦੂਮਾਜਰਾ ਨੇ ਕੀਤੀ ਜੱਥੇਦਾਰਾਂ ਨਾਲ ਬਹਿਸ

ਜ਼ਿਕਰਯੋਗ ਹੈ ਕਿ ਅਕਾਲ ਤਖ਼ਤ ‘ਤੇ ਇਹ ਪੇਸ਼ੀ ਦਾ ਮੌਕਾ ਬਣਾਉਣ ਪਿੱਛੇ ਸ਼੍ਰੋਮਣੀ ਅਕਾਲੀ ਦਲ ਦੇ ਬਾਗ਼ੀ ਧੜੇ ਦੇ ਆਗੂ ਪ੍ਰੋਫ਼ੈਸਰ ਪ੍ਰੇਮ ਸਿੰਘ ਚੰਦੂਮਾਜਰਾ ਦਾ ਹੀ ਹੱਥ ਹੈ। ਅਕਾਲ ਤਖ਼ਤ ‘ਤੇ ਪੇਸ਼ੀ ਦੌਰਾਨ ਚੰਦੂਮਾਜਰਾ ਜੱਥੇਦਾਰ ਸਾਹਿਬਾਨ ਨਾਲ ਬਹਿਸਬਾਜ਼ੀ ਕਰਦੇ ਨਜ਼ਰ ਆਏ। ਜੱਥੇਦਾਰ ਸਾਹਿਬ ਨੇ ਜਦੋਂ ਕਿਹਾ ਕਿ ਜਿਨ੍ਹਾਂ ਵੀ ਅਕਾਲੀ ਆਗੂਆਂ ਨੇ ਡੇਰਾ ਮੁਖੀ ਦੇ ਮੁਆਫ਼ੀਨਾਮੇ ਦਾ ਸਮਰਥਨ ਕੀਤਾ ਉਹ ਸੁਖਬੀਰ ਬਾਦਲ ਦੇ ਪਿੱਛੇ ਖੜ੍ਹੇ ਹੋ ਜਾਣ, ਬਾਕੀ ਦੂਜੇ ਪਾਸੇ ਖੜ੍ਹੇ ਹੋ ਜਾਣ। ਇਸ ‘ਤੇ ਚੰਦੂਮਾਜਰਾ ਦੂਜੇ ਪਾਸੇ ਚਲੇ ਗਏ।

ਗਿਆਨੀ ਹਰਪ੍ਰੀਤ ਸਿੰਘ ਅਕਾਲ ਤਖ਼ਤ ਦੀ ਫ਼ਸੀਲ ਤੋਂ ਬਾਕਾਇਦਾ ਨਾਮ ਲੈ ਕੇ ਕਿਹਾ ਕਿ ਨੇ ਚੰਦੂਮਾਜਰਾ ਸਮਰਥਨ ਕਰਨ ਵਾਲਿਆਂ ਦੇ ਨਾਲ ਖੜ੍ਹੇ ਹੋਣ।

ਇਸ ‘ਤੇ ਚੰਦੂਮਾਜਰਾ ਨੇ ਜੁਆਬ ਦਿੱਤਾ ਕਿ ਉਨ੍ਹਾਂ ਨੇ ਸਮਰਥਨ ਨਹੀਂ ਕੀਤਾ। ਗਿਆਨੀ ਹਰਪ੍ਰੀਤ ਸਿੰਘ ਨੇ ਇਕ ਵਾਰ ਫ਼ੇਰ ਤਾਕੀਦ ਕੀਤੀ ਕਿ ਉਨ੍ਹਾਂ ਕੋਲ ਚੰਦੂਮਾਜਰਾ ਦੇ ਬਿਆਨ ਮੌਜੂਦ ਹਨ, ਉਹ ਅਕਾਲ ਤਖ਼ਤ ‘ਤੇ ਝੂਠ ਨਾ ਬੋਲਣ ਅਤੇ ਸਮਰਥਨ ਵਾਲੇ ਪਾਸੇ ਖੜ੍ਹੇ ਹੋ ਜਾਣ।

Sukhbir Badal, Akali at Akal Takhat
Sukhbir Badal and Akali at Akal Takhat ਅਕਾਲ ਤਖ਼ਤ ਦੀ ਫ਼ਸੀਲ ਸਾਹਮਣੇ ਹੱਥ ਬੰਨ੍ਹ ਕੇ ਖੜ੍ਹੇ ਸਮੂਹ ਅਕਾਲੀ ਆਗੂ

ਚੰਦੂਮਾਰਜਾ ਨੇ ਕਿਹਾ ਕਿ ਉਨ੍ਹਾਂ ਨੇ ਕਦੇ ਵੀ ਸਮਰਥਨ ਨਹੀਂ ਕੀਤਾ ਤੇ ਨਾ ਹੀ ਕਦੇ ਬਿਆਨ ਜਾਰੀ ਕੀਤੇ। ਜੇ ਕੋਈ ਬਿਆਨ ਹਨ ਤਾਂ ਦਿਖਾ ਦਿਉੇ। ਇਸ ‘ਤੇ ਗਿਆਨੀ ਹਰਪ੍ਰੀਤ ਸਿੰਘ ਨੇ ਅਖ਼ਬਾਰਾਂ ਦੇ ਬਿਆਨ ਪੜ੍ਹ ਕੇ ਸੁਣਾਉਣੇ ਸ਼ੁਰੂ ਕਰ ਦਿੱਤੇ। ਸੰਗਤ ਨੇ ਉਸੇ ਵੇਲੇ ਜੈਕਾਰੇ ਲਾਉਣੇ ਸ਼ੁਰੂ ਕਰ ਦਿੱਤੇ।

ਅਖ਼ਬਾਰਾਂ ਵਿੱਚੋਂ ਪੱਤਰਕਾਰਾਂ ਦੇ ਨਾਮ ਸਮੇਤ ਬਿਆਨ ਪੜ੍ਹੇ ਜਾਣ ਦੇ ਬਾਵਜੂਦ ਚੰਦੂਮਾਰਜਾ ਬਜਿੱਦ ਰਹੇ ਕਿ ਇਹ ਬਿਆਨ ਉਨ੍ਹਾਂ ਨੇ ਨਹੀਂ ਦਿੱਤੇ। ਇਸ ‘ਤੇ ਜੱਥੇਦਾਰ ਸਾਹਿਬ ਨੇ ਕਿਹਾ ਕਿ ਫਿਰ ਇਨ੍ਹਾਂ ਬਿਆਨਾਂ ਬਾਰੇ ਆਪਣਾ ਖੰਡਨ ਦਿਖਾ ਦਿਉ। ਚੰਦੂਮਾਜਰਾ ਨੇ ਕਿਹਾ ਕਿ ਖੰਡਨ ਦੇ ਬਿਆਨ ਉਨ੍ਹਾਂ ਨੇ ਨਹੀਂ ਦਿੱਤੇ। ਇਸ ‘ਤੇ ਜੱਥੇਦਾਰ ਸਾਹਿਬ ਨੇ ਕਿਹਾ ਕਿ ਇਕ ਸਿਰੇ ਤੋਂ ਦੂਜੇ ਸਿਰੇ ਤੱਕ ਜਾ ਕੇ ਮਾਈਕ ਵਿੱਚ ਬੋਲ ਕੇ ਇਹ ਸਾਰੀ ਗੱਲ ਸੰਗਤ ਨੂੰ ਦੱਸੋ। ਚੰਦੂਮਾਜਰਾ ਨੇ ਇਸ ਹੁਕਮ ਦਾ ਪਾਲਣ ਕੀਤਾ। ਜੱਥੇਦਾਰ ਸਾਹਿਬ ਨੇ ਤਾੜਨਾ ਕਰਦਿਆਂ ਇਹ ਵੀ ਕਿਹਾ ਕਿ ਤੁਸੀਂ ਸੰਸਦ ਮੈਂਬਰ ਰਹਿ ਚੁੱਕੇ ਹੋ, ਤੁਹਾਨੂੰ ਆਪਣੇ ਬਿਆਨਾਂ ਬਾਰੇ ਸਮਝ ਹੋਣੀ ਚਾਹੀਦੀ ਹੈ।

ਕੀ ਹੋਵੇਗਾ ਸੁਖਬੀਰ ਬਾਦਲ ਦਾ ਭਵਿੱਖ

ਸੁਖਬੀਰ ਬਾਦਲ ਨੂੰ ਜੁਲਾਈ 2024 ਵਿੱਚ ਅਕਾਲ ਤਖਤ ਤੋਂ ਤਨਖਾਹੀਆ ਕਰਾਰ ਦਿੱਤਾ ਗਿਆ। ਦਸੰਬਰ 2024 ਵਿੱਚ ਸੁਖਬੀਰ ਬਾਦਲ ਨੂੰ ਅਕਾਲ ਤਖ਼ਤ ਦੀ ਫ਼ਸੀਲ ਤੋਂ ਪੰਜ ਸਿੰਘ ਸਾਹਿਬਾਨ ਵੱਲੋਂ ਤਨਖ਼ਾਹ ਲਾਈ ਗਈ। ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੂੰ ਸੁਖਬੀਰ ਬਾਦਲ ਦਾ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਮੰਜ਼ੂਰ ਕਰਨ ਦਾ ਹੁਕਮ ਜਾਰੀ ਕੀਤਾ। ਡੇਰਾ ਮੁਖੀ ਦੇ ਮੁਆਫ਼ੀਨਾਮੇ ਦੇ ਹੱਕ ਵਿੱਚ ਅਖ਼ਬਾਰਾਂ ਵਿੱਚ ਦਿੱਤੇ ਇਸ਼ਤਿਹਾਰ ਦੀ ਰਕਮ ਵਿਆਜ਼ ਸਮੇਤ ਮੋੜਨ ਦਾ ਹੁਕਮ ਵੀ ਸੁਖਬੀਰ ਬਾਦਲ ਨੂੰ ਸੁਣਾਇਆ ਗਿਆ। ਇਸ ਦੇ ਨਾਲ ਹੀ ਦਰਬਾਰ ਸਾਹਿਬ ਦੇ ਬਾਹਰ ਦਰਵਾਜ਼ੇ ‘ਤੇ ਸੇਵਾਦਾਰਾਂ ਵਾਲਾ ਚੋਲਾ ਪਾ ਕੇ, ਹੱਥ ਵਿਚ ਬਰਛਾ ਤੇ ਗਲ ਵਿੱਚ ਤਨਖਾਹੀਏ ਵਾਲੀ ਤਖ਼ਤੀ ਪਾ ਕੇ ਸੇਵਾ ਕਰਨ ਦਾ ਹੁਕਮ ਵੀ ਜਾਰੀ ਕੀਤਾ ਗਿਆ।

ਹੁਕਮਨਾਮੇ ਵਿੱਚ ਦਰਬਾਰ ਸਾਹਿਬ ਵਿੱਚ ਮੌਜੂਦ ਪਖ਼ਾਨੇ ਸਾਫ਼ ਕਰਨ ਦੀ ਨੂੰ ਵੀ ਕਿਹਾ ਗਿਆ ਹੈ ਪਰ ਸੁਖਬੀਰ ਦੇ ਪੈਰ ‘ਤੇ ਪਲਸਤਰ ਲੱਗੇ ਹੋਣ ਕਰ ਕੇ ਬਦਲਵੀਂ ਤਨਖ਼ਾਹ ਵੀ ਸੁਣਾਈ ਗਈ ਹੈ। ਨਾਲ ਹੀ ਦਰਬਾਰ ਸਾਹਿਬ ਵਿਖੇ ਲੰਗਰ ਵਿੱਚ ਭਾਂਡੇ ਮਾਂਜਣ, ਕੀਰਤਨ ਸੁਣਨ ਤੇ ਪਾਠ ਕਰਨ ਦੀ ਤਨਖ਼ਾਹ ਵੀ ਲਾਈ ਗਈ ਹੈ। ਤਨਖ਼ਾਹ ਸੰਪੂਰਨ ਹੋਣ ‘ਤੇ ਭੁੱਲਾਂ ਬਖ਼ਸ਼ਾਉਣ ਦੀ ਅਰਦਾਸ ਕਰਨ ਦਾ ਹੁਕਮ ਵੀ ਸੁਣਾਇਆ ਗਿਆ ਹੈ। ਇਸ ਦੇ ਨਾਲ ਹੀ 11000 ਰੁਪਏ ਦੀ ਅਰਦਾਸ ਅਤੇ 11000 ਹਜ਼ਾਰ ਰੁਪਏ ਦੀ ਕੜਾਹ ਪ੍ਰਸਾਦ ਦੀ ਦੇਗ਼ ਕਰਾਉਣ ਦਾ ਹੁਕਮ ਵੀ ਸੁਣਾਇਆ ਗਿਆ ਹੈ। ਕੁਝ ਲੋਕਾਂ ਨੂੰ ਦੇਖਣ ਵਿੱਚ ਇਹ ਤਨਖ਼ਾਹ ਬਹੁਤ ਘੱਟ ਲੱਗ ਸਕਦੀਆਂ ਹਨ। ਸਿੱਖ ਰਹਿਤ ਮਰਿਯਾਦਾ ਨੂੰ ਜਾਣਨ ਵਾਲੇ ਸਮਝਦੇ ਹਨ ਕਿ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋਣਾ ਤੇ ਆਪਣੇ ਸਾਰੇ ਗੁਨਾਹ ਮੰਨਣ ਦੀ ਜੋ ਪ੍ਰਕਿਰਿਆ ਹੈ, ਉਹ ਹੀ ਸਭ ਤੋਂ ਵੱਡੀ ਤਨਖ਼ਾਹ ਹੈ।

ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਸੱਤਾ ਦੇ ਨਸ਼ੇ ਵਿੱਚ ਸੁਖਬੀਰ ਬਾਦਲ ਤੇ ਅਕਾਲੀ ਦਲ ਦੇ ਆਗੂ ਪੰਥ ਵਿਰੋਧੀ ਫ਼ੈਸਲੇ ਕਰਦੇ ਰਹੇ।

ਹਉਮੈ ਨਾਲ ਭਰੀਆਂ ਇਨ੍ਹਾਂ ਕਰਵਾਈਆਂ ਤੋਂ ਬਾਅਦ ਇਨ੍ਹਾਂ ਆਗੂਆਂ ਦੀ ਸਾਖ਼ ਆਮ ਸੰਗਤ ਵਿੱਚ ਖ਼ਤਮ ਹੋ ਗਈ ਹੈ। ਇਸ ਦਾ ਸਬੂਤ ਪਿਛਲੀਆਂ ਲੋਕ ਸਭਾ, ਵਿਧਾਨ ਸਭਾ ਤੇ ਜਿਮਨੀ ਚੋਣਾਂ ਵਿੱਚ ਮਿਲੀ ਹਾਰ ਹੈ। ਇੱਥੋਂ ਤੱਕ ਕਿ ਇਸ ਵਾਰ ਤਨਖਾਹੀਆ ਕਰਾਰ ਹੋਣ ਕਰ ਕੇ ਸ਼੍ਰੋਮਣੀ ਅਕਾਲੀ ਦਲ ਜਿਮਨੀ ਚੋਣ ਵੀ ਨਹੀਂ ਲੜ ਸਕਿਆ। ਸਿਆਸੀ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਸਾਰੇ ਬੱਜਰ ਗੁਨਾਹ ਮੰਨ ਲੈਣ ਤੋਂ ਬਾਅਦ ਇਨ੍ਹਾਂ ਆਗੂਆਂ ਦੀ ਸ਼੍ਰੋਮਣੀ ਅਕਾਲੀ ਦਲ ਦੇ ਰਾਹੀਂ ਸਿਆਸੀ ਵਾਪਸੀ ਅਸੰਭਵ ਹੀ ਹੈ। ਜੇ ਇਹ ਆਗੂ ਕੋਈ ਸਿਆਸੀ ਤਿਕੜਮ ਲਾ ਕੇ ਵਾਪਸ ਆਉਣ ਦੀ ਕੋਸ਼ਿਸ਼ ਵੀ ਕਰਨਗੇ ਤਾਂ ਸੰਗਤ ਇਨ੍ਹਾਂ ਨੂੰ ਮੂੰਹ ਨਹੀਂ ਲਾਵੇਗੀ। ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਇਨ੍ਹਾਂ ਸਿਆਸੀ ਆਗੂਆਂ ਦਾ ਭਵਿੱਖ ਕੀ ਬਣਦਾ ਹੈ।

ਫ਼ਿਲਹਾਲ ਜੱਥੇਦਾਰ ਸਾਹਿਬਾਨ ਨੇ ਸੁਖਬੀਰ ਬਾਦਲ ਸਮੇਤ ਅਕਾਲੀ ਦਲ ਦੇ ਮੌਜੂਦਾ ਆਗੂਆਂ ਦੇ ਅਸਤੀਫ਼ੇ ਮੰਜ਼ੂਰ ਕਰ ਕੇ ਨਵੇਂ ਸਿਰੇ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਕਰਨ ਦਾ ਹੁਕਮ ਸੁਣਾਇਆ ਹੈ। ਸਵਾਲ ਇਹ ਹੈ ਕਿ ਕੀ ਇਸ ਤੋਂ ਬਾਅਦ ਅਕਾਲੀ ਦਲ ਨਵੇਂ ਰੂਪ ਵਿੱਚ ਵਾਪਸੀ ਕਰੇਗਾ ਜਾਂ ਮੁੜ ਉਹੀ ਪੁਰਾਣੀ ਸਿਆਸਤ ਅਕਾਲੀ ਦਲ ‘ਤੇ ਕਾਬਜ਼ ਹੋ ਜਾਵੇਗੀ?

ਇਹ ਲੇਖ ਅੰਗਰੇਜ਼ੀ ਵਿੱਚ ਪੜ੍ਹੋ

ਜ਼ੋਰਦਾਰ ਟਾਈਮਜ਼ ਇਕ ਸੁਤੰਤਰ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਇਮਾਨਦਾਰੀ, ਨਿਰਪੱਖਤਾ, ਨਿਡਰਤਾ ਤੇ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ।

ਇਸ ਤਰ੍ਹਾਂ ਦੀਆਂ ਹੋਰ ਲਿਖਤਾਂ ਲਈ ਸਾਡੇ ਨਾਲ ਫੇਸਬੁੱਕ, ਵੱਟਸ-ਐਪ ’ਤੇ ਇੰਸਟਾਗ੍ਰਾਮ ’ਤੇ ਜੁੜੋ। ਜਿਸ ਐਪ ’ਤੇ ਸਾਡੇ ਨਾਲ ਜੁੜਨਾ ਚਾਹੋ, ਉਸ ਐਪ ਦੇ ਨਾਮ ’ਤੇ ਕਲਿੱਕ ਕਰੋ।


Updated:

in

,

by

Comments

Leave a Reply

error: ਕਾਪੀ ਕਰਨਾ ਮਨ੍ਹਾਂ ਹੈ। ਲਿਖਤ ਪ੍ਰਾਪਤ ਕਰਨ ਲਈ ਈ-ਮੇਲ ਕਰੋ zordartimes@gmail.com