ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ (Vinesh Phogat) ਨੂੰ ਪੈਰਿਸ ਉਲੰਪਿਕਸ (Paris Olympics 2024) ਵਿੱਚ 100 ਗ੍ਰਾਮ ਭਾਰ ਵੱਧ ਹੋਣ ਕਰ ਕੇ ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਉਸ ਦੇ ਡਾਕਟਰ ਉੱਤੇ ਸਵਾਲ ਖੜ੍ਹੇ ਹੋ ਰਹੇ ਸਨ। ਬਹੁਤ ਸਾਰੀਆਂ ਸੋਸ਼ਲ ਮੀਡੀਆ ਪੋਸਟਾਂ ਵਿੱਚ ਇਹ ਦਾਅਵਾ ਕੀਤਾ ਗਿਆ ਕਿ ਵਿਨੇਸ਼ ਦਾ ਡਾਕਟਰ ਅੰਬਾਨੀ (Ambani) ਆਂ ਦੇ ਹਸਪਤਾਲ ਨਾਲ ਸੰਬੰਧਤ ਡਾਕਟਰ ਹੈ। ਇਸ ਤਰ੍ਹਾਂ ਵਿਨੇਸ਼ ਦਾ ਭਾਰ ਵੱਧਣ ਦੇ ਮਾਮਲੇ ਵਿੱਚ ਡਾਕਟਰ ਦੀ ਭੂਮਿਕਾ ‘ਤੇ ਸੁਆਲ ਖੜ੍ਹੇ ਕੀਤੇ ਗਏ। ਪਿਛਲੇ ਦਿਨੀਂ ਵਿਨੇਸ਼ ਨੇ ਇਕ ਪੋਸਟ ਲਿਖ ਕੇ ਆਪਣੇ ਡਾਕਟਰ ਨੂੰ ਰੱਬ ਦਾ ਭੇਜਿਆ ਫ਼ਰਿਸ਼ਤਾ ਦੱਸਿਆ ਹੈ। ਆਖ਼ਰ ਵਿਨੇਸ਼ ਨੇ ਆਪਣੇ ਡਾਕਟਰ ਦੀ ਤਾਰੀਫ਼ ਕਿਉਂ ਕੀਤੀ ਹੈ? ਕੀ ਵਿਨੇਸ਼ ਦਾ ਡਾਕਟਰ ਦਾ ਅੰਬਾਨੀ (Ambani) ਨਾਲ ਕੋਈ ਸੰਬੰਧ ਹੈ? ਕੀ ਵਿਨੇਸ਼ ਦਾ ਭਾਰ ਵਧਾਉਣ ਵਿੱਚ ਉਨ੍ਹਾਂ ਦੀ ਭੂਮਿਕਾ ਹੈ? ਆਉ ਇਨ੍ਹਾਂ ਸਵਾਲਾਂ ਦੇ ਜੁਆਬ ਲੱਭਦੇ ਹਾਂ:
ਵਿਨੇਸ਼ ਦੀ ਜਿੱਤ
ਪੈਰਿਸ ਉਲੰਪਿਕਸ (Paris Olympics 2024) ਵਿੱਚ ਚੱਲ ਹੋਈਆਂ ਉਲੰਪਿਕ ਖੇਡਾਂ 2024 ਦੌਰਾਨ 50 ਕਿੱਲੋਗ੍ਰਾਮ ਭਾਰ ਫਰੀ ਸਟਾਈਲ ਰੈਸਲਿੰਗ ਕੈਟੇਗਰੀ ਵਿੱਚ ਸ਼ਾਮਲ ਭਾਰਤ ਦੀ ਪਹਿਲਵਾਲ ਵਿਨੇਸ਼ ਫੋਗਾਟ (Vinesh Phogat) ਨੇ 6 ਅਗਸਤ 2024 ਨੂੰ ਪਹਿਲੇ ਪ੍ਰੀ-ਕੁਆਰਟਰ ਫਾਈਨਲ ਵਿੱਚ ਜਪਾਨ ਦੀ ਯੁਈ ਸੁਸਾਕੀ (Yui Susaki) ਨੂੰ ਹਰਾਇਆ। ਯੁਈ ਸੁਸਾਕੀ (Yui Susaki) ਚਾਰ ਵਾਰ ਦੀ ਵਿਸ਼ਵ ਚੈਂਪੀਅਨ ਹੈ। ਟੋਕੀਓ ਓਲੰਪਿਕ ਵਿੱਚ ਉਸ ਨੇ ਗੋਲਡ ਮੈਡਲ ਜਿੱਤਿਆ ਸੀ। ਸੰਸਾਰ ਭਰ ਦੀ ਰੇਸਲਿੰਗ ਦੀ ਰੈਂਕਿੰਗ ਵਿੱਚ ਪਹਿਲੇ ਨੰਬਰ ‘ਤੇ ਹੈ। ਵਿਨੇਸ਼ ਨੇ ਕੁਆਰਟਰ ਫਾਈਲਨ ਵਿੱਚ ਯੂਕਰੇਨ ਦੀ ਭਲਵਾਨ ਓਕਸਾਨਾ ਲਿਵਾਚ (Oksana Livach) ਨੂੰ ਹਰਾਇਆ ਸੀ। ਉਸੇ ਦਿਨ ਸੈਮੀਫਾਈਨਲ ਵਿੱਚ ਵਿਨੇਸ਼ ਨੇ ਕਿਊਬਾ ਦੀ ਗੁਜ਼ਮੈਨ ਲੋਪੇਜ਼ (Guzman Lopez) ਨੂੰ 5-0 ਨਾਲ ਹਰਾਇਆ। ਇਕ ਦਿਨ ਵਿੱਚ ਤਿੰਨ ਵੱਡੇ ਖਿਡਾਰੀਆਂ ਨੂੰ ਹਰਾ ਕੇ ਉਸ ਨੇ ਫ਼ਾਈਨਲ ਵਿੱਚ ਜਗ੍ਹਾ ਪੱਕੀ ਕਰ ਲਈ। ਖੇਡ ਮਾਹਿਰਾਂ ਦਾ ਮੰਨਣਾ ਸੀ ਕਿ ਜੇ ਉਸ ਦੀ ਖੇਡ ਇਸੇ ਤਰ੍ਹਾਂ ਜਾਰੀ ਰਹੀ ਤਾਂ ਫ਼ਾਈਨਲ ਮੁਕਾਬਲੇ ਵਿੱਚ ਉਹ ਗੋਲਡ ਮੈਡਲ ਜਿੱਤ ਸਕਦੀ ਸੀ। ਨਹੀਂ ਤਾਂ ਚਾਂਦੀ ਦਾ ਮੈਡਲ ਤਾਂ ਪੱਕਾ ਹੀ ਸੀ।
ਵਿਨੇਸ਼ ਦਾ ਸੁਪਨਾ ਟੁੱਟਿਆ!
ਅਗਲੇ ਦਿਨ ਹੋਣ ਵਾਲੇ ਫ਼ਾਈਨਲ ਮੁਕਾਬਲੇ ਤੋਂ ਪਹਿਲਾਂ ਹੀ ਵਿਨੇਸ਼ ਫੋਗਾਟ ਦਾ ਸੁਪਨਾ ਟੁੱਟ ਗਿਆ। ਉਸ ਦਿਨ 100 ਗਰਾਮ ਭਾਰ ਜ਼ਿਆਦਾ ਆਉਣ ਕਰ ਕੇ ਉਸ ਨੂੰ ਅਯੋਗ ਕਰਾਰ ਦੇ ਦਿੱਤਾ ਗਿਆ। ਜਿੱਤ ਦੇ ਇੰਨੀ ਨੇੜੇ ਜਾ ਕੇ ਇਸ ਤਰ੍ਹਾਂ ਮੁਕਾਬਲੇ ਵਿੱਚ ਬਾਹਰ ਹੋ ਜਾਣ ਦਾ ਸਦਮਾ ਵਿਨੇਸ਼ ਨੂੰ ਤਾਂ ਲੱਗਣਾ ਹੀ ਸੀ। ਪੁਰੀ ਦੁਨੀਆ ਵਿੱਚ ਵਿਨੇਸ਼ ਦੇ ਪ੍ਰਸ਼ੰਸਕਾਂ ਨੂੰ ਵੀ ਜ਼ੋਰਦਾਰ ਝਟਕਾ ਲੱਗਿਆ। ਸਾਰੇ ਉਸ ਦਾ ਹੌਸਲਾ ਵਧਾਉਣ ਲੱਗੇ ਅਤੇ ਉਸ ਨੂੰ ਦੇਸ਼ ਦੀ ਸ਼ੇਰਨੀ ਅਤੇ ਜੇਤੂ ਕਰਾਰ ਦਿੱਤਾ।
ਭਾਰ ਵਧਾਉਣ ਦੀ ਸਾਜਿਸ਼?
ਭਾਰ ਵਧਾਉਣ ਦੀ ਸਾਜਿਸ਼? ਸਾਰੇ ਜਾਣਦੇ ਹਨ ਕਿ 2023 ਵਿੱਚ ਵਿਨੇਸ਼ (Vinesh Phogat) ਨੇ ਭਾਰਤ ਦੀ ਰੈਸਲਿੰਗ ਫੈਡਰੇਸ਼ਨ ਨੇ ਮੁਖੀ ਅਤੇ ਭਾਜਪਾ ਸਾਂਸਦ ਬ੍ਰਿਜ ਭੂਸ਼ਣ ਸ਼ਰਨ ਸਿੰਘ (Brij Bhushan Sharan Singh) ‘ਤੇ ਜਿਨਸੀ ਸੋਸ਼ਣ ਕਰਨ ਦਾ ਦੋਸ਼ ਲਾਇਆ ਸੀ। ਇਸ ਖ਼ਿਲਾਫ਼ ਵਿਨੇਸ਼ (Vinesh Phogat) ਸਮੇਤ ਦਰਜਨਾਂ ਖਿਡਾਰਨਾਂ ਨੇ ਦਿੱਲੀ ਦੇ ਜੰਤਰ-ਮੰਤਰ ਵਿਖੇ ਧਰਨਾ ਲਾਇਆ। ਸਰਕਾਰ ਵੱਲੋਂ ਕੋਈ ਸਹਿਯੋਗ ਨਾ ਮਿਲਣ ਦੇ ਰੋਸ ਵੱਜੋਂ 28 ਮਈ 2023 ਨੂੰ ਸੰਸਦ ਵੱਲ ਕੱਢੇ ਗਏ ਰੋਸ ਮਾਰਚ ਦੌਰਾਨ ਤਿਰੰਗਾ ਲੈ ਕੇ ਚੱਲ ਰਹੀ ਵਿਨੇਸ਼ ਫੋਗਾਟ (Vinesh Phogat) ਨਾਲ ਪੁਲਸ ਨੇ ਖਿੱਚ-ਧੂਹ ਕੀਤੀ ਸੀ।
ਵਿਨੇਸ਼ (Vinesh Phogat) ਦੇ ਸਮਰਥਕਾਂ ਦਾ ਮੰਨਣਾ ਹੈ ਕਿ ਉਹ ਭਾਜਪਾ ਸਰਕਾਰ ਤੇ ਰੈਸਲਿੰਗ ਫੈਡੇਸ਼ਨ ਦੀਆਂ ਅੱਖਾਂ ਵਿੱਚ ਰੜਕ ਰਹੀ ਸੀ। ਅਜਿਹੇ ਵਿੱਚ ਉਸ ਦੀ ਜਿੱਤ ਨੂੰ ਉਹ ਕਿਵੇਂ ਬਰਦਾਸ਼ਤ ਕਰ ਸਕਦੇ ਸਨ। ਦੇਸ਼ ਭਰ ਵਿੱਚ ਵਿਨੇਸ਼ (Vinesh Phogat) ਦਾ ਭਾਰ ਵੱਧ ਆਉਣ ਦੇ ਮਾਮਲੇ ਵਿੱਚ ਸਾਜਿਸ਼ ਹੋਣ ਦੀ ਚਰਚਾ ਹੋਣ ਲੱਗੀ। ਸੋਸ਼ਲ ਮੀਡੀਆ ਸਵਾਲ ਪੁੱਛੇ ਜਾਣ ਲੱਗੇ। ਵਿਨੇਸ਼ (Vinesh Phogat) ਦੇ ਨਾਲ ਗਈ ਟੀਮ ਸਵਾਲਾਂ ਦੇ ਘੇਰੇ ਵਿੱਚ ਆ ਗਈ। ਇਕ ਪੋਸਟ ਵੀ ਵਾਇਰਲ ਹੋਣ ਲੱਗੀ ਜਿਸ ਵਿੱਚ ਵਿਨੇਸ਼ (Vinesh Phogat) ਨੇ ਉਸ ਨਾਲ ਸਾਜਿਸ਼ ਕੀਤੇ ਜਾਣ ਦੀ ਸੰਭਾਵਨਾ ਜਤਾਈ ਸੀ। ਇਸ ਤਰ੍ਹਾਂ ਵਿਨੇਸ਼ (Vinesh Phogat) ਨਾਲ ਗਈ ਟੀਮ ਵਿੱਚੋਂ ਉਸ ਦੇ ਡਾਕਟਰ ਦਿਨਸ਼ਾ ਪਾਰਦੀਵਾਲਾ (Dr. Dinshaw Pardiwala) ਬਾਰੇ ਸੁਆਲ ਖੜ੍ਹੇ ਕੀਤੇ ਗਏ। ਕਿਹਾ ਗਿਆ ਕਿ ਉਹ ਅੰਬਾਨੀ (Ambani) ਦੇ ਹਸਪਤਾਲ ਦੇ ਡਾਕਟਰ ਹਨ।
ਕੌਣ ਹੈ ਡਾਕਟਰ ਦਿਨਸ਼ਾ ਪਾਰਦੀਵਾਲਾ?
ਟਾਈਮਜ਼ ਆਫ਼ ਇੰਡੀਆ ਦੀ ਇਕ ਰਿਪੋਰਟ ਮੁਤਾਬਕ ਡਾ, ਦਿਨਸ਼ਾ ਪਾਰਦੀਵਾਲਾ (Dr. Dinshaw Pardiwala) ਖੇਡਾਂ ਨਾਲ ਸੰਬੰਧਤ ਡਾਕਟਰੀ ਲਈ ਇਕ ਮਾਹਿਰ ਡਾਕਟਰ ਮੰਨੇ ਜਾਂਦੇ ਹਨ। ਹਾਲ ਹੀ ਵਿੱਚ ਉਨ੍ਹਾਂ ਨੇ ਭਾਰਤੀ ਵਿਕਟ ਕੀਪਰ ਰਿਸ਼ਭ ਪੰਤ (Rishabh Pant) ਦੀ ਸਰਜਰੀ ਕੀਤੀ ਸੀ। ਸਚਿਨ ਤੇਂਦੁਲਕਰ (Sachin Tendulkar), ਯੁਵਰਾਜ ਸਿੰਘ (Yuvraj Singh), ਜਸਪ੍ਰੀਤ ਬੁਮਰਾਹ (Jasprit Bumrah) ਅਤੇ ਰਵਿੰਦਰ ਜਡੇਜਾ (Ravindra Jadeja) ਦਾ ਉਹ ਇਲਾਜ ਕਰ ਚੁੱਕੇ ਹਨ।
ਅੰਗਰੇਜ਼ੀ ਅਖ਼ਬਾਰ ਟਾਈਮਜ਼ ਆਫ਼ ਇੰਡੀਆ ਦੀ ਇਸੇ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਡਾਕਟਰ ਪਾਰਦੀਵਾਲਾ (Dr. Dinshaw Pardiwala) ਇਸ ਵੇਲੇ ਮੁੰਬਈ ਦੇ ਕੋਕੀਲਾਬੇਨ ਹਸਪਤਾਲ ਵਿੱਚ ਆਰਥੋਸਕੋਪੀ ਅਤੇ ਸ਼ੋਲਡਰ ਸਰਵਿਸ ਦੇ ਡਾਇਰੈਕਟਰ ਹਨ।
ਵਿਨੇਸ਼ (Vinesh Phogat) ਨੂੰ ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ ਡਾਕਟਰ ਪਾਰਦੀਵਾਲਾ (Dr. Dinshaw Pardiwala) ਨੇ ਭਾਰਤੀ ਉਲੰਪਿਕ ਟੀਮ ਦੀ ਮੁੱਖੀ ਪੀਟੀ ਊਸ਼ਾ (PT Usha) ਦੇ ਨਾਲ ਇਕ ਵੀਡੀਉ ਬਿਆਨ ਜਾਰੀ ਕੀਤਾ ਸੀ। ਬਿਆਨ ਵਿੱਚ ਉਨ੍ਹਾਂ ਨੇ ਵਿਨੇਸ਼ ਫੋਗਾਟ (Vinesh Phogat) ਦਾ ਵਜ਼ਨ ਘਟਾਏ ਜਾਣ ਬਾਰੇ ਜਾਣਕਾਰੀ ਦਿੱਤੀ ਸੀ।
ਵਿਨੇਸ਼ ਨੇ ਕਿਉਂ ਕਿਹਾ ਡਾਕਟਰ ਰੱਬ ਦਾ ਭੇਜਿਆ ਫ਼ਰਿਸ਼ਤਾ?
ਸੋਸ਼ਲ ਮੀਡੀਆ ‘ਤੇ ਜਦੋਂ ਡਾਕਟਰ ਪਾਰਦੀਵਾਲਾ (Dr. Dinshaw Pardiwala) ਬਾਰੇ ਚਰਚਾ ਚੱਲ ਰਹੀ ਸੀ, ਉਸੇ ਦੌਰਾਨ ਵਿਨੇਸ਼ ਫੋਗਾਟ (Vinesh Phogat) ਨੇ 16 ਅਗਸਤ 2024 ਨੂੰ ਸੋਸ਼ਲ ਮੀਡੀਆ ਉੱਤੇ ਇਕ ਪੋਸਟ ਲਿਖੀ। ਪੋਸਟ ਵਿੱਚ ਵਿਨੇਸ਼ (Vinesh Phogat) ਨੇ ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ ਪਹਿਲੀ ਵਾਰ ਦੱਸਿਆ ਕਿ ਉਸ ਰਾਤ ਕੀ ਹੋਇਆ ਸੀ। ਅੱਖਾਂ ਵਿੱਚ ਹੰਝੂ ਲਿਆ ਦੇਣ ਵਾਲੀ ਵਿਨੇਸ਼ (Vinesh Phogat) ਦੀ ਇਹ ਪੂਰੀ ਪੋਸਟ ਪੰਜਾਬੀ ਵਿੱਚ ਇੱਥੇ ਪੜ੍ਹੀ ਜਾ ਸਕਦੀ ਹੈ। ਭਾਵੁਕ ਪੋਸਟ ਵਿੱਚ ਵਿਨੇਸ਼ (Vinesh Phogat) ਨੇ ਆਪਣੀ ਪੂਰੀ ਟੀਮ ਬਾਰੇ ਬਹੁਤ ਹੀ ਭਾਵੁਕ ਗੱਲਾਂ ਕੀਤੀਆਂ ਹਨ।
ਆਪਣੀ ਪੋਸਟ ਵਿੱਚ ਡਾਕਟਰ ਪਾਰਦੀਵਾਲਾ (Dr. Dinshaw Pardiwala) ਨੂੰ ਵਿਨੇਸ਼ (Vinesh Phogat) ਨੇ ਡਾਕਟਰ ਦੇ ਰੂਪ ਵਿੱਚ ਰੱਬ ਦਾ ਭੇਜਿਆ ਫ਼ਰਿਸ਼ਤਾ ਦੱਸਿਆ ਹੈ। ਵਿਨੇਸ਼ (Vinesh Phogat) ਲਿਖਦੀ ਹੈ: “ਡਾਕਟਰ ਦਿਨਸ਼ਾ ਪਾਰਦੀਵਾਲਾ (Dr. Dinshaw Pardiwala), ਇਹ ਭਾਰਤੀ ਖੇਡਾਂ ਦੀ ਦੁਨੀਆ ਵਿੱਚ ਕੋਈ ਨਵਾਂ ਨਾਮ ਨਹੀਂ। ਮੇਰੇ ਲਈ ਤੇ ਮੈਨੂੰ ਲਗਦਾ ਹੈ ਹੋਰ ਕਈ ਭਾਰਤੀ ਖਿਡਾਰੀਆਂ ਲਈ, ਉਹ ਸਿਰਫ਼ ਡਾਕਟਰ ਨਹੀਂ ਡਾਕਟਰ ਦੇ ਰੂਪ ਵਿੱਚ ਰੱਬ ਦਾ ਭੇਜਿਆ ਫ਼ਰਿਸ਼ਤਾ ਹੈ। ਜਦੋਂ ਸੱਟਾਂ ਲੱਗਣ ਕਰ ਕੇ ਮੈਂ ਆਪਣੇ ਆਪ ‘ਤੇ ਭਰੋਸਾ ਕਰਨਾ ਛੱਡਾ ਦਿੱਤਾ, ਉਨ੍ਹਾਂ ਦੀ ਹੀ ਸੋਚ, ਕੰਮ ਅਤੇ ਭਰੋਸਾ ਸੀ ਜਿਸ ਨੇ ਮੈਨੂੰ ਮੁੜ ਪੱਬਾਂ ਭਾਰ ਕਰ ਦਿੱਤਾ। ਉਨ੍ਹਾਂ ਨੇ ਇਕ ਵਾਰ ਨਹੀਂ ਬਲਕਿ ਤਿੰਨ ਵਾਰ (ਦੋ ਵਾਰ ਗੋਡੇ ਅਤੇ ਇਕ ਵਾਰ ਕੂਹਣੀ ਦਾ) ਮੇਰਾ ਓਪਰੇਸ਼ਨ ਕੀਤਾ ਤੇ ਮੈਨੂੰ ਦਿਖਾਇਆ ਕਿ ਮਨੁੱਖੀ ਸਰੀਰ ਕਿਵੇਂ ਬਾਰ-ਬਾਰ ਟੁੱਟ ਕੇ ਫੇਰ ਜੁੜ ਸਕਦਾ ਹੈ। ਆਪਣੇ ਕੰਮ ਤੇ ਭਾਰਤੀ ਖੇਡਾਂ ਪ੍ਰਤੀ ਉਨ੍ਹਾਂ ਦਾ ਸਮਰਪਣ, ਦਿਆਲਤਾ ਅਤੇ ਇਮਾਨਦਾਰੀ ‘ਤੇ ਕੋਈ ਤਾਂ ਕੀ ਰੱਬ ਵੀ ਸ਼ੱਕ ਨਹੀਂ ਕਰ ਸਕਦਾ। ਮੈਂ ਉਨ੍ਹਾਂ ਤੇ ਉਨ੍ਹਾਂ ਦੀ ਟੀਮ ਵੱਲੋਂ ਕੀਤੇ ਕਾਰਜਾਂ ਅਤੇ ਸਮਪਰਣ ਲਈ ਉਨ੍ਹਾਂ ਦੀ ਸਦਾ ਸ਼ੁਕਰਗੁਜ਼ਾਰ ਰਹਾਂਗੀ। ਭਾਰਤੀ ਖਿਡਾਰੀਆਂ ਦੇ ਦਲ ਦੇ ਨਾਲ ਉਨ੍ਹਾਂ ਦੀ ਪੈਰਿਸ ਉਲੰਪਿਕਸ (Paris Olympics 2024) ਵਿੱਚ ਮੌਜੂਦਗੀ ਸਾਰੇ ਸਾਥੀ ਖਿਡਾਰੀਆਂ ਲਈ ਰੱਬ ਦਾ ਤੋਹਫ਼ਾ ਸੀ।”
ਕੀ ਇਸ ਤੋਂ ਬਾਅਦ ਡਾਕਟਰ ਬਾਰੇ ਸੋਸ਼ਲ ਮੀਡੀਆ ਉੱਤੇ ਚੱਲ ਰਹੀਆਂ ਚਰਚਾਵਾਂ ਨੂੰ ਵਿਰਾਮ ਲੱਗੇਗਾ? ਜਾਂ ਲੋਕ ਹੁਣ ਇਹ ਸਭ ਕੁਝ ਭੁੱਲ ਕੇ ਅੱਗੇ ਵੱਧ ਚੁੱਕੇ ਹਨ?
ਇਸ ਤਰ੍ਹਾਂ ਦੀਆਂ ਹੋਰ ਲਿਖਤਾਂ ਲਈ ਸਾਡੇ ਨਾਲ ਫੇਸਬੁੱਕ, ਵੱਟਸ-ਐਪ ’ਤੇ ਇੰਸਟਾਗ੍ਰਾਮ ’ਤੇ ਜੁੜੋ। ਜਿਸ ਐਪ ’ਤੇ ਸਾਡੇ ਨਾਲ ਜੁੜਨਾ ਚਾਹੋ, ਉਸ ਐਪ ਦੇ ਨਾਮ ’ਤੇ ਕਲਿੱਕ ਕਰੋ।
ਜ਼ੋਰਦਾਰ ਟਾਈਮਜ਼ ਇਕ ਸੁਤੰਤਰ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਇਮਾਨਦਾਰੀ, ਨਿਰਪੱਖਤਾ, ਨਿਡਰਤਾ ਤੇ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ।
ਸਿਆਸਤ । ਮਨੋਰੰਜਨ । ਸਭਿਆਚਾਰ । ਜੀਵਨ ਜਾਚ । ਸਿਹਤ । ਸਾਹਿਤ । ਕਿਤਾਬਾਂ
Leave a Reply