
ਜੰਗ ਦਾ 1 ਸਾਲ
ਇਜ਼ਰਾਈਲ ਗਜ਼ਾ ਪੱਟੀ ਦੀ ਜੰਗ 7 ਅਕਤੂਬਰ 2023 ਨੂੰ ਹਮਾਸ ਨਾਮਕ ਜੱਥੇਬੰਦੀ ਵੱਲੋਂ ਇਜ਼ਰਾਈਲ ‘ਤੇ ਅਚਾਨਕ ਰਾਕੇਟ ਹਮਲੇ ਕਰਨ ਤੋਂ ਬਾਅਦ ਸ਼ੁਰੂ ਹੋਈ। ਗਜ਼ਾ ਪੱਟੀ ਵਿੱਚ ਸਰਗਰਮ ਹਮਾਸ ਜੱਥੇਬੰਦੀ ਨੇ ਹਜ਼ਾਰਾਂ ਰਾਕੇਟਾਂ ਦਾ ਹਮਲਾ ਕਰ ਕੇ ਇਜ਼ਰਾਈਲ ਦੇ ਆਧੁਨਿਕ ਸੁਰੱਖਿਆ ਢਾਂਚੇ ਵਿੱਚ ਸੰਨ੍ਹ ਲਾਈ। ਇਸ ਦੌਰਾਨ ਹਮਾਸ ਨਾਲ ਸੰਬੰਧਤ ਕਈ ਹਮਲਾਵਰ ਇਜ਼ਰਾਈਲ ਵਿੱਚ ਦਾਖ਼ਲ ਹੋ ਗਏ। ਇਜ਼ਰਾਈਲ ਦੇ ਫ਼ੌਜੀ ਅਤੇ ਨਾਗਰਿਕ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ ਗਿਆ। ਹਮਲੇ ਦੌਰਾਨ 1195 ਇਜ਼ਰਾਈਲੀ ਅਤੇ ਵਿਦੇਸ਼ੀ ਲੋਕ ਮਾਰੇ ਗਏ ਜਿਨ੍ਹਾਂ ਵਿੱਚ 815 ਆਮ ਨਾਗਰਿਕ ਸ਼ਾਮਲ ਸਨ। ਹਮਾਸ ਨੇ 251 ਇਜ਼ਰਾਈਲੀ ਤੇ ਵਿਦੇਸ਼ੀ ਨਾਗਰਿਕਾਂ ਨੂੰ ਬੰਧਕ ਬਣਾ ਲਿਆ। ਹਮਾਸ ਦੀ ਮੰਗ ਸੀ ਕਿ ਫ਼ਿਲਸਤੀਨੀ ਕੈਦੀਆਂ ਤੇ ਹਿਰਾਸਤ ਵਿੱਚ ਲਏ ਗਏ ਲੋਕਾਂ ਨੂੰ ਰਿਹਾ ਕੀਤਾ ਜਾਵੇ।
ਇਜ਼ਰਾਈਲ ਦਾ ਜਵਾਬੀ ਹਮਲਾ
ਹਮਾਸ ਦੇ ਹਮਲੇ ਦੇ ਜਵਾਬ ਵਿੱਚ ਇਜ਼ਰਾਈਲ ਨੇ ਪਹਿਲਾਂ ਆਪਣੇ ਇਲਾਕੇ ਵਿੱਚ ਵੜੇ ਹਮਾਸ ਹਮਲਾਵਰਾਂ ਨਾਲ ਨਜਿੱਠਿਆ। ਫਿਰ 27 ਅਕਤੂਬਰ 2023 ਨੂੰ ਗਜ਼ਾ ਪੱਟੀ ‘ਤੇ ਜ਼ੋਰਦਾਰ ਹਵਾਈ ਹਮਲਾ ਕਰ ਦਿੱਤਾ। ਇਹ ਹੁਣ ਤੱਕ ਦੇ ਇਤਿਹਾਸ ਵਿੱਚ ਸਭ ਤੋਂ ਵੱਡਾ ਹਮਲਾ ਸੀ। ਉਦੋਂ ਤੋਂ ਹੁਣ ਤੱਕ ਕਰੀਬ 40,000 ਫ਼ਿਲਸਤੀਨੀ ਮਾਰੇ ਗਏ ਹਨ। ਮਰਨ ਵਾਲਿਆਂ ਵਿੱਚੋਂ ਅੱਧੇ ਔਰਤਾਂ ਅਤੇ ਬੱਚੇ ਹਨ।
ਇਜ਼ਰਾਈਲ ਨੇ ਗਜ਼ਾ ਪੱਟੀ ਵਿਚ ਮੁੱਢਲੀਆਂ ਜ਼ਰੂਰੀ ਵਸਤਾਂ ਦੀ ਸਪਲਾਈ ‘ਤੇ ਵੀ ਸਖ਼ਤ ਪਾਬੰਦੀਆਂ ਆਇਦ ਕੀਤੀਆਂ। ਜਿਸ ਨਾਲ ਉੱਥੇ ਸਿਹਤ ਸਹੂਲਤਾਂ ਦਾ ਵੱਡਾ ਨੁਕਸਾਨ ਹੋਇਆ। ਵੱਡੀ ਤਬਾਹੀ ਕਰ ਕੇ ਭੁੱਖਮਰੀ ਦੇ ਹਾਲਾਤ ਬਣੇ ਹੋਏ ਹਨ। ਇਜ਼ਰਾਈਲੀ ਫ਼ੌਜ ਦੇ ਹਮਲੇ ਨਾਲ ਗਜ਼ਾ ਪੱਟੀ ਦੇ ਅੱਧੇ ਤੋਂ ਜ਼ਿਆਦਾ ਘਰ ਤਬਾਹ ਹੋ ਚੁੱਕੇ ਹਨ। ਬਹੁਤੇ ਸਕੂਲ, ਕਾਲਜ ਤੇ ਯੂਨੀਵਰਸਿਟੀਆਂ ਮਿੱਟੀ ਵਿੱਚ ਮਿਲ ਚੁੱਕੇ ਹਨ। ਕਰੀਬ 2.3 ਮਿਲੀਅਨ ਫ਼ਿਲਿਸਤੀਨੀਆਂ ਦੀ ਆਬਾਦੀ ਸੜਕਾਂ ‘ਤੇ ਆ ਗਈ ਹੈ।
ਦੁਨੀਆ ਭਰ ਵਿਚ ਜੰਗਬੰਦੀ ਦੀਆਂ ਕੋਸ਼ਿਸ਼ਾਂ ਜਾਰੀ ਹਨ ਪਰ ਜੰਗ ਗਜ਼ਾ ਪੱਟੀ ਤੋਂ ਵੱਧਦੀ ਹੋਈ, ਲੈਬਨਾਨ ਤੱਕ ਪਹੁੰਚ ਚੁੱਕੀ ਹੈ। ਇਸ ਵਿੱਚ ਈਰਾਨ ਵੀ ਸ਼ਾਮਲ ਹੋ ਚੁੱਕਾ ਹੈ। ਇਜ਼ਰਾਈਲ ਖ਼ਿਲਾਫ਼ ਇਹ ਜੰਗ ਹਮਾਸ, ਹਿਜ਼ਬੁੱਲਾ ਤੇ ਹੋਤੀ ਨਾਮਕ ਬਾਗ਼ੀ ਜੱਥੇਬੰਦੀਆਂ ਵੱਲੋਂ ਲੜੀ ਜਾ ਰਹੀ ਹੈ। ਇਨ੍ਹਾਂ ਜੱਥੇਬੰਦੀਆਂ ਨੂੰ ਕਈ ਦੇਸ਼ਾਂ ਵੱਲੋਂ ਅੱਤਵਾਦੀ ਜੱਥੇਬੰਦੀਆਂ ਐਲਾਨਿਆ ਗਿਆ ਹੈ। ਈਰਾਨ, ਲੈਬਨਾਨ ਸਮੇਤ ਕਈ ਮੁਸਲਮਾਨ ਦੇਸ਼ ਇਨ੍ਹਾਂ ਜੱਥੇਬੰਦੀਆਂ ਦਾ ਸਹਿਯੋਗ ਕਰਦੇ ਹਨ।
ਲੇਬਨਾਨ ਵਿੱਚ ਪੇਜਰ ਹਮਲੇ
ਜੰਗ ਦਾ ਨਵਾਂ ਰੂਪ ਉਸ ਵੇਲੇ ਦੇਖਣ ਨੂੰ ਮਿਲਿਆ ਜਦੋਂ ਲੇਬਨਾਨ ਵਿੱਚ 17 ਸਤੰਬਰ 2024 ਨੂੰ ਅਚਾਨਕ ਪੇਜਰਾਂ ਵਿੱਚ ਧਮਾਕੇ ਹੋਣ ਲੱਗੇ। ਪੇਜਰ ਧਮਾਕਿਆਂ ਵਿੱਚ 9 ਮੌਤਾਂ ਹੋਈਆਂ ਤੇ ਕਰੀਬ 3000 ਲੋਕ ਜ਼ਖ਼ਮੀ ਹੋ ਗਏ। ਅਗਲੇ ਦਿਨ ਵਾਕੀ-ਟਾਕੀ ਵਿੱਚ ਵੀ ਧਮਾਕੇ ਹੋਏ। ਇਜ਼ਰਾਈਲ ਨੇ 24 ਸਤੰਬਰ 2024 ਨੂੰ ਲੇਬਨਾਨ ਵਿੱਚ ਬੰਬਾਰੀ ਕੀਤੀ। ਹਮਲਿਆਂ ਦਾ ਨਿਸ਼ਾਨਾ ਲੇਬਨਾਨ ਦੀ ਹਥਿਆਰਬੰਦ ਜੱਥੇਬੰਦੀ ਹਿਜ਼ਬੁੱਲਾ ਦੇ ਮੈਂਬਰਾਂ ਸਨ।
ਖਾਮੇਨੇਈ ਦੀ ਲਲਕਾਰ
ਈਰਾਨ 1 ਅਕਤੂਬਰ 2024 ਨੂੰ ਇਜ਼ਰਾਈਲ ਉੱਤੇ ਮਿਜ਼ਾਇਲ ਹਮਲਾ ਕਰ ਕੇ ਸ਼ਾਮਲ ਹੋ ਗਿਆ। ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਾਮੇਨੇਈ ਨੇ ਸ਼ੁਕਰਵਾਰ ਨੂੰ ਇਜ਼ਰਾਈਲ ’ਤੇ ਅਪਣੇ ਦੇਸ਼ ਦੇ ਤਾਜ਼ਾ ਮਿਜ਼ਾਈਲ ਹਮਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜੇਕਰ ਲੋੜ ਪਈ ਤਾਂ ਉਹ ਦੁਬਾਰਾ ਅਜਿਹਾ ਕਰਨ ਲਈ ਤਿਆਰ ਹੈ।
Leave a Reply