ਗੁਰਦਾਸ ਮਾਨ ਦੇ ਨਵੇਂ ਗੀਤ ਦਾ ਅਸਲ ਸੱਚ!

ਦੀਪ ਜਗਦੀਪ ਸਿੰਘ

ਕਰੀਬ ਦੋ ਸਾਲ ਪਹਿਲਾਂ ਗੁਰਦਾਸ ਮਾਨ ਦੇ ਕੈਨੇਡਾ ਦੌਰੇ ਵੇਲੇ ਇਕ ਰੇਡੀਓ ਇੰਟਰਵਿਊ ਦੌਰਾਨ ‘ਏਕ ਦੇਸ਼, ਇਕ ਭਾਸ਼ਾ’ ਦੇ ਸਮਰ1ਥਨ ਵਿਚ ਦਿੱਤੇ ਵਿਵਾਦਤ ਬਿਆਨ ਤੋਂ ਸ਼ੁਰੂ ਹੋਇਆ ਵਿਵਾਦ ਕੁਝ ਅਰਸੇ ਤੋਂ ਠੰਢਾ ਜਿਹਾ ਹੋ ਗਿਆ ਸੀ।  ਗੁਰਦਾਸ ਮਾਨ ਦੀ ਜਨਤਕ ਜੀਵਨ ਤੋਂ ਦੂਰੀ ਮਹਿਸੂਸ ਕਰਾ ਰਹੀ ਸੀ ਕਿ ਉਹ ਵਿਵਾਦ ਪੂਰੀ ਤਰ੍ਹਾਂ ਖ਼ਤਮ ਹੋਣ ਤੱਕ ਚੁੱਪ ਧਾਰੀ ਰੱਖਣ ਨੂੰ ਤਰਜੀਹ ਦੇਣਗੇ।  ਪਰ 7 ਸਤੰਬਰ 2022 ਨੂੰ ਲੰਮੇ ਵਕਫ਼ੇ ਬਾਅਦ ਆਪਣਾ ਨਵਾਂ ਗੀਤ ‘ਗੱਲ ਸੁਣੋ ਪੰਜਾਬੀ ਦੋਸਤੋ’ ਆਪਣੇ ਯੂਟਿਊਬ ਚੈਨਲ ’ਤੇ ਰਿਲੀਜ਼ ਕਰਕੇ ਉਨ੍ਹਾਂ ਦੇ ਇਸ ਸ਼ਾਂਤ ਨਜ਼ਰ ਆ ਰਹੇ ਵਿਵਾਦ ਦੇ ਖੱਖਰ ਨੂੰ ਇਕ ਵਾਰ ਫੇਰ ਛੇੜ ਲਿਆ ਲੱਗਦਾ ਹੈ।

ਆਪਣੇ ਇਸ ਤੱਥ ਆਧਾਰਤ ਵਿਸ਼ਲੇਸ਼ਣੀ ਲੇਖ ਰਾਹੀਂ ਮੈਂ ਇਹ ਸਮਝਣ ਦੀ ਕੋਸ਼ਿਸ਼ ਕੀਤੀ ਹੈ ਕਿ ‘ਗੱਲ ਸੁਣੋ ਪੰਜਾਬੀ ਦੋਸਤੋ’ ਗੀਤ ਦੇ ਬੋਲਾਂ ਤੇ ਦ੍ਰਿਸ਼ਾਂ ਰਾਹੀਂ ਗੁਰਦਾਸ ਮਾਨ ਪੰਜਾਬੀਆਂ ਤੱਕ ਇਸ ਪੂਰੇ ਵਿਵਾਦ ਦੇ ਵੱਖ-ਵੱਖ ਪੱਖਾਂ ਬਾਰੇ ਕੀ ਕਹਿਣਾ ਚਾਹ ਰਹੇ ਹਨ। ਇਸ ਵਾਸਤੇ ਗੀਤ ਦੇ ਬੋਲਾਂ ਤੇ ਵੀਡੀਓ ਵਿਚ ਦਿਖਾਏ ਦ੍ਰਿਸ਼ਾਂ ਨੂੰ ਵਾਪਰੀਆਂ ਘਟਨਾਵਾਂ ਦੇ ਨਾਲ ਜੋੜ ਕੇ ਇਕ-ਇਕ ਨੁਕਤੇ ਦਾ ਬਾਰੀਕੀ ਨਾਲ ਅਧਿਐਨ ਕੀਤਾ ਗਿਆ ਹੈ। ਆਉ ਵੇਖੀਏ ਮਰਜਾਣੇ ਮਾਨ ਗੁਰਦਾਸ ਮਾਨ ਦੇ ਇਸ ਗੀਤ ਦੇ ਬੋਲਾਂ ਤੇ ਦ੍ਰਿਸ਼ਾਂ ਦੇ ਪਿੱਛੇ ਕਿਹੜੇ-ਕਿਹੜੇ ਅਰਥ ਲੁਕੇ ਹੋਏ ਹਨ।

ਆਪਣੀ ਕਲਮ ਖੂਹ ਵਿਚ ਪਾ ਦੇ ਮਾਨਾਂ!

ਗੱਲ ਸੁਣੋ ਪੰਜਾਬੀ ਦੋਸਤੋ ਗੀਤ ਦੀ ਵੀਡੀਓ ਦੀ ਸ਼ੁਰੂਆਤ ਮਾਂ-ਬੋਲੀ ਸੰਬੰਧੀ ਹੋਏ ਵਿਵਾਦ ਬਾਰੇ ਗੁਰਦਾਸ ਮਾਨ ਦੇ ਹੱਕ ਵਿਚ ਭੂਮਿਕਾ ਬੰਨ੍ਹਣ ਦੇ ਨਾਲ ਹੁੰਦੀ ਹੈ।  ਸਭ ਤੋਂ ਪਹਿਲਾਂ ਮਾਨ ਖ਼ਿਲਾਫ਼ ਨਾਰੇ ਸੁਣਾਈ ਦਿੰਦੇ ਹਨ।  ਉਹ ਨਾਅਰੇ ਸੁਣਾਏ ਜਾਂਦੇ ਹਨ ਜੋ ਮਾਨ ਮੁਤਾਬਿਕ ਉਸ ਦੇ ਵਿਰੋਧ ਵਿਚ ਬੋਲੇ ਗਏ ਸਨ।  ਗੁਰਦਾਸ ਮਾਨ ਮੁਰਦਾਬਾਦ ਤੋਂ ਬਾਅਦ ‘ਆਪਣੀ ਕਲਮ ਖੂਹ ਵਿਚ ਪਾ ਦੇ ਮਾਨਾਂ’ ਦੀ ਆਵਾਜ਼ ਸੁਣਾਈ ਦਿੰਦੀ ਹੈ।  ਇਸ ਨਾਅਰੇ ਦੇ ਆਧਾਰ ’ਤੇ ਵੀਡਿਉ ਦਾ ਪੂਰਾ ਮਾਹੌਲ ਇਕ ਪੁਰਾਤਨ ਬਾਉਲੀ ਦੇ ਦੁਆਲੇ ਬਣਾਇਆ ਗਿਆ ਹੈ। ਜਿਸ ਦੀ ਕਹਾਣੀ ਇਸ ਸੁਆਲ ਦੇ ਦੁਆਲੇ ਘੁੰਮਦੀ ਹੈ ਕਿ ਗੁਰਦਾਸ ਮਾਨ ਆਪਣੀ ਕਲਮ ਖੂਹ ਵਿਚ ਸੁੱਟ ਕੇ ਕਲਮੀ ਖ਼ੁਦਕੁਸ਼ੀ ਕਰ ਲਵੇਗਾ ਜਾਂ ਨਹੀਂ?

ਗੁਰਦਾਸ ਮਾਨ ਇਸ ਬਾਉਲੀ ਵਿਚ ਦਾਖ਼ਲ ਹੁੰਦਾ ਹੈ ਤੇ ਹੌਲੀ-ਹੌਲੀ ਪੌੜੀਆਂ ਉਤਰਦਾ ਹੈ।  ਉਸ ਦਾ ਵਿਰੋਧ ਕਰਨ ਵਾਲੇ ਕਈ ਮੰਜ਼ਿਲਾਂ ਤੱਕ ਬਨੇਰਿਆਂ ’ਤੇ ਖੜ੍ਹੇ ਹਨ।  ਉਨ੍ਹਾਂ ਦੇ ਹੱਥ ਵਿਚ ਮਾਨ ਦੇ ਵਿਰੋਧ ਵਿਚ ਲਿਖੀਆਂ ਤਖ਼ਤੀਆਂ ਹਨ।  ਕਾਲੇ ਝੰਡੇ ਹਨ। ਵਿਰੋਧ ਕਰਨ ਵਾਲਿਆਂ ਵਿਚ ਜ਼ਿਆਦਾਤਰ ਦਸਤਾਰਾਂ ਵਾਲੇ ਹਨ।  ਕੁਝ ਪਰਨਿਆਂ ਵਾਲੇ ਹਨ।  ਥੋੜ੍ਹੇ ਜਿਹੇ ਲੋਕ ਮੋਨੇ ਵੀ ਹਨ।  ਪਰ ਮੱਧਮ ਜਿਹੀ ਉਮਰ ਦੇ ਖੁੱਲ੍ਹੀ ਦਾਹੜੀ ਵਾਲੇ ਨੌਜਵਾਨ ਨੂੰ ਖ਼ਾਸ ਤੌਰ ’ਤੇ ਹਾਈਲਾਈਟ ਕੀਤਾ ਗਿਆ ਹੈ, ਜੋ ਵਿਰੋਧ ਕਰਨ ਵਾਲਿਆਂ ਦਾ ਆਗੂ ਲੱਗਦਾ ਹੈ।  ਉਸ ਨੇ ਇਕ ਤਣੀ ਵਾਲਾ ਬੈਗ ਤਿਰਛਾ ਕਰਕੇ ਮੋਢੇ ’ਤੇ ਪਾਇਆ ਹੋਇਆ ਹੈ।  ਇਹ ਤਿਰਛੀ ਤਣੀ ਕਈ ਵਾਰ ਗਾਤਰੇ ਦੇ ਭੁਲੇਖਾ ਪਾਉਂਦੀ ਹੈ। ਫੇਰ ਕਮੈਂਟਰੀ ਸ਼ੁਰੂ ਹੁੰਦੀ ਹੈ।  ਮਾਨ (ਦਰਵੇਸ਼) ਆਪਣੇ ਆਪ ਤੋਂ ਸੁਆਲ ਪੁੱਛਦਾ ਹੈ ਤੇ ਆਪ (ਇਕ ਆਮ ਇਨਸਾਨ) ਹੀ ਜੁਆਬ ਦਿੰਦਾ ਹੈ।

ਉਸ ਨੇ ਪੁੱਛਿਆ ਤੂੰ ਕੌਣ ਹੈਂ? ਮੈਂ ਕਿਹਾ ਇਨਸਾਨ।

ਤੇਰੇ ਦੇਸ਼ ਦੀ ਬੋਲੀ ਕਿਹੜੀ ਏ? ਹਰ ਪ੍ਰਦੇਸ਼ ਦੀ ਆਪਣੀ ਬੋਲੀ, ਹਰ ਬੋਲੀ ਦਾ ਸਨਮਾਨ, ਪਰ ਇਕ ਦੇਸ਼ ਦੀ ਸਾਂਝੀ ਬੋਲੀ ਐਸੀ ਵੀ ਹੋਵੇ, ਹੋਵੇ ਜੋ ਸਭ ਨੂੰ ਪ੍ਰਵਾਨ ਤੇ ਇਕ ਦੂਜੇ ਦੀ ਗੱਲਬਾਤ ਨੂੰ ਹੋਵੇ ਸਮਝਣ ਵਿਚ ਆਸਾਨ।  ਮੈਂ ਪੰਜਾਬਣ ਮਾਂ ਦਾ ਜਾਇਆ, ਪੰਜਾਬੀ ਮੇਰੀ ਜ਼ੁਬਾਨ, ਮੇਰੀ ਆਨ, ਬਾਨ ਤੇ ਸ਼ਾਨ।

ਮਾਂ-ਬੋਲੀ ਦਾ ਮਸਲਾ

ਇਸ ਦੌਰਾਨ ਮਾਨ ਦੇ ਕੈਨੇਡਾ ਟੂਰ ਦਾ ਪੋਸਟਰ ਕੂੜੇ ਵਿਚ ਸੁੱਟਿਆ ਦਿਖਾਇਆ ਗਿਆ ਹੈ। ਇਸ ਪੋਸਟਰ ਵਿਚ ਮਾਨ ਆਪਣੇ ਜਾਣੇ-ਪਛਾਣੇ ਪੋਜ਼ ਵਿਚ ਇਕ ਹੱਥ ਵਿਚ ਡਫ਼ਲੀ ਫੜੀ, ਦੂਜਾ ਹੱਥ ਫ਼ਕੀਰਾਂ ਵਾਂਗ ਉਤਾਂਹ ਚੁੱਕੀ, ਉਂਗਲ ਆਸਮਾਨ ਵੱਲ ਕੀਤੀ ਨਜ਼ਰ ਆ ਰਿਹਾ ਹੈ।  ਇਸ ਪੋਸਟਰ ਨੂੰ ਇਕ ਜੇਸੀਬੀ ਮਸ਼ੀਨ ਬਾਕੀ ਸਾਰੇ ਕੂੜੇ ਨਾਲ ਹੂੰਝ ਕੇ ਲੈ ਜਾਂਦੀ ਹੈ। ਜਿੱਥੇ ਜੇਸੀਬੀ ਮਸ਼ੀਨ ਕੂੜਾ ਸੁੱਟਦੀ ਹੈ, ਉਸ ਵਿਚੋਂ ਇਕ ਬਜ਼ੁਰਗ ਮਾਤਾ ਟੁੱਟੇ ਹੋਏ ਰੰਗ-ਬਰੰਗੇ ਮੋਤੀ ਤੇ ਕਪੜਿਆਂ ਨੂੰ ਸ਼ਿੰਗਾਰਨ ਲਈ ਜੜੇ ਜਾਂਦੇ ਹੋਰ ਸਾਜੋ-ਸਾਮਾਨ ਨੂੰ ਇਕੱਠਾ ਕਰਕੇ ਇਕ ਧਾਗੇ ਵਿਚ ਪਿਰੋ ਰਹੀ ਹੈ। ਅੱਗੇ ਜਾ ਕੇ ਪਤਾ ਚੱਲਦਾ ਹੈ ਕਿ ਇਹ ਮੋਤੀ-ਸਿਤਾਰੇ ਗੁਰਦਾਸ ਮਾਨ ਦੀ ਜਾਣੀ-ਪਛਾਣੀ ਜੈਕਟ ਨਾਲੋਂ ਟੁੱਟੇ ਹੋਏ ਹਨ ਤੇ ਕੂੜੇ ਵਿਚ ਰੁਲ ਰਹੇ ਹਨ। ਇਸ ਤਰ੍ਹਾਂ ਇਹ ਦ੍ਰਿਸ਼ ਰਾਹੀਂ ਇਹ ਦਿਖਾਇਆ ਗਿਆ ਹੈ ਕਿ ਕੈਨੇਡਾ ਟੂਰ ਦੌਰਾਨ ਜਦੋਂ ਰੇਡੀਓ ਇੰਟਰਵਿਊ ਵਿਚ ਉਸ ਨੇ ਭਾਰਤ ਦੇ ਗ੍ਰਹਿ-ਮੰਤਰੀ ਅਮਿਤ ਸ਼ਾਹ ਦੇ ‘ਇਕ ਦੇਸ਼ ਇਕ ਭਾਸ਼ਾ’ ਦੇ ਨਾਅਰੇ ਦੀ ਤਰਜਮਾਨੀ ਕਰਦਾ ਬਿਆਨ ਦਿੱਤਾ ਤਾਂ ਇਸ ਦੇ ਵਿਰੋਧ ਵਿਚ ਆਏ ਲੋਕਾਂ ਨੇ ਉਸ ਦਾ ਸਾਰਾ ਕੈਨੇਡਾ ਟੂਰ ਬਰਬਾਦ ਕਰ ਦਿੱਤਾ। ਉਸ ਦੇ ਪੋਸਟਰ ਪਾੜ ਦਿੱਤੇ।  ਉਸ ਦੀ ਜੈਕੇਟ ਦੇ ਮੋਤੀ-ਸਿਤਾਰੇ ਤੋੜ ਕੇ ਕੂੜੇ ਵਿਚ ਸਿੱਟ ਦਿੱਤੇ। ਉਸ ਨੂੰ ਮਿੱਟੀ ਵਿਚ ਰੋਲ ਦਿੱਤਾ।  ਉਸ ਦ੍ਰਿਸ਼ ਦੇ ਨਾਲ-ਨਾਲ ਕਮੈਂਟਰੀ ਚੱਲਦੀ ਰਹਿੰਦੀ ਹੈ।

ਦੁਨੀਆ ਤੇਰੇ ਲਈ ਕੀ ਐ? ਗੁਰੂ ਨਾਨਕ ਦਾ ਫ਼ੁਰਮਾਨ…

ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ..
ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ॥

ਉਸ ਤੋਂ ਬਾਅਦ ਗੁਰਦਾਸ ਦੇ ਵਿਰੋਧ ਕਰਦੇ ਬੁੱਧੀਜੀਵੀਆਂ ਦੇ ਪ੍ਰਤਿਨਿਧ ਦੇ ਤੌਰ ’ਤੇ ਪ੍ਰੋਫ਼ੈਸਰ ਜਗਰੂਪ ਨਾਮ ਦੇ ਪਾਤਰ ਨਾਲ ਰੇਡੀਓ ਇੰਟਰਵਿਊ ਸੁਣਾਈ ਜਾਂਦੀ ਹੈ।  ਇਹ ਰਿਕਾਰਡ ਕੀਤਾ ਹੋਇਆ ਇੰਟਰਵਿਊ ਪ੍ਰੋਫ਼ੈਸਰ ਜਗਰੂਪ ਦੀ ਕਾਰ ਵਿਚ ਉਸ ਨੂੰ ਆਪ ਸੁਣਦੇ ਹੀ ਦਿਖਾਇਆ ਗਿਆ ਹੈ। ਦ੍ਰਿਸ਼ ਵਿਚ ਪ੍ਰੋਫੈਸਰ ਆਪਣੀ ਪਤਨੀ ਤੇ ਇਕ ਛੋਟੀ ਬੱਚੀ ਦੇ ਨਾਲ ਕਾਰ ਵਿਚ ਕਾਲਜ ਜਾਂਦਾ ਹੋਇਆ ਦਿਖਾਇਆ ਗਿਆ ਹੈ।  ਇੰਟਰਵਿਊ ਵਿਚ ਰੇਡੀਓ ਦਾ ਮੇਜ਼ਬਾਨ ਇਕ ਵਾਰ ਫੇਰ ਸਮਝਾਉਂਦਾ ਹੈ ਕਿ ਇਕ ਦੇਸ਼ ਇਕ ਬੋਲੀ ਕਹਿਣ ਤੋਂ ਗੁਰਦਾਸ ਮਾਨ ਦਾ ਮਤਲਬ ਇਹ ਨਹੀਂ ਸੀ ਕਿ ਪੰਜਾਬ ’ਚੋਂ ਪੰਜਾਬੀ ਖ਼ਤਮ ਕਰ ਦੇਵੋ।  ਉਨ੍ਹੇ ਕਿਹਾ ਸੀ ਕਿ ਸਾਰੇ ਦੇਸ਼ ਦੀ ਇਕ ਸਾਂਝੀ ਜ਼ੁਬਾਨ ਹੋਣੀ ਚਾਹੀਦੀ ਹੈ ਜਿਹੜੀ ਸਾਰਿਆਂ ਨੂੰ ਆਉਂਦੀ ਹੋਵੇ।  ਜੇ ਹੁਣ ਬੰਗਾਲ ਜਾਂਦੇ ਹਾਂ ਤਾਂ ਸਾਰੇ ਬੰਗਾਲੀ ਵਿਚ ਥੋੜ੍ਹੀ ਗੱਲ ਕਰਨਗੇ।  ਤੁਸੀਂ ਆਪ ਆਪਣੀ ਕਿਤਾਬ ‘ਰੂਹ ਪੰਜਾਬ ਦੀ’ ਦਾ ਅਨੁਵਾਦ ਹਿੰਦੀ ਵਿਚ ਕਰਵਾਇਆ ਹੈ।

ਵੀਡੀਓ-ਗੀਤ ਦੀ ਸ਼ੁਰੂਆਤ ਵਿਚ ਹੀ ਪਹਿਲਾਂ ਕਮੈਂਟਰੀ ਤੇ ਦੂਜੀ ਵਾਰ ਰੇਡੀਓ ਇੰਟਰਵਿਊ ਦੇ ਬਹਾਨੇ ਦੋ ਵਾਰ ਜ਼ੋਰ ਦੇ ਕੇ ‘ਇਕ ਦੇਸ਼, ਇਕ ਭਾਸ਼ਾ’ ਦਾ ਪੱਖ ਪੂਰਨਾ, ਇਸ ਨੁਕਤੇ ’ਤੇ ਗੁਰਦਾਸ ਮਾਨ ਦੇ ਸਟੈਂਡ ਨੂੰ ਸਪੱਸ਼ਟ ਕਰਦਾ ਹੈ। ਪਰ ਸੁਆਲ ਪੈਦਾ ਹੁੰਦਾ ਹੈ ਕਿ ਇਸ ਦੇ ਪੱਖ ਵਿਚ ਦਿੱਤੀਆਂ ਦਲੀਲਾਂ ਕਿੰਨੀਆਂ ਵਾਜਿਬ ਹਨ?

ਪਹਿਲੀ ਗੱਲ ਤਾਂ ਗੁਰਦਾਸ ਦੀ ਇਹੀ ਦਲੀਲ ਇੰਨੀ ਵਜ਼ਨਦਾਰ ਨਹੀਂ ਹੈ ਕਿ ਪੱਛਮੀ ਮੁਲਕਾਂ ਵਿਚ ਹਰ ਮੁਲਕ ਦੀ ਇਕ ਸਾਂਝੀ ਬੋਲੀ ਹੈ, ਇਸ ਲਈ ਭਾਰਤ ਦੀ ਵੀ ਇਕ ਸਾਂਝੀ ਬੋਲੀ ਹੋਣੀ ਚਾਹੀਦੀ ਹੈ। ਇਸ ਦਾ ਕਾਰਨ ਇਹ ਹੈ ਕਿ ਨਾ ਤਾਂ ਸਾਰੇ ਇੰਗਲੈਂਡ ਵਿਚ ਇਕੋ ਜਿਹੀ ਅੰਗਰੇਜ਼ੀ ਬੋਲੀ ਜਾਂਦੀ ਹੈ ਅਤੇ ਨਾ ਹੀ ਸਾਰੇ ਅਮਰੀਕਾ ਵਿਚ ਇਕੋ ਤਰ੍ਹਾਂ ਦੀ ਅਮਰੀਕੀ ਅੰਗਰੇਜ਼ੀ ਬੋਲੀ ਜਾਂਦੀ ਹੈ। ਇੱਥੋਂ ਤੱਕ ਕਿ ਦੁਨੀਆ ਦੀ ਸਭ ਤੋਂ ਜ਼ਿਆਦਾ ਆਬਾਦੀ ਵਾਲਾ ਤੇ ਵੱਡੀ ਆਰਥਕ ਤਾਕਤ ਵਾਲੇ ਦੇਸ਼ ਚੀਨ ਦੀ ਚੀਨੀ ਭਾਸ਼ਾ ਦੀਆਂ ਵੀ ਦੋ ਕਿਸਮਾਂ – ਮੈਂਡਰਿਨ ਤੇ ਕੈਟੋਨੀਜ਼ – ਹਨ, ਉਂਝ ਪੂਰੇ ਚੀਨ ਵਿਚ ਸੱਤ ਤਰ੍ਹਾਂ ਦੀ ਚੀਨੀ ਬੋਲੀ ਜਾਂਦੀ ਹੈ।

ਉਨ੍ਹਾਂ ਦੀ ਇਹ ਦਲੀਲ ਕਿ ਬੰਗਾਲ ਵਿਚ ਸਾਰੇ ਬੰਗਾਲੀ ਥੋੜ੍ਹੀ ਬੋਲਣਗੇ ਵੀ ਉਦੋਂ ਕਮਜ਼ੋਰ ਸਾਬਤ ਹੁੰਦੀ ਹੈ, ਜਦੋਂ ਅਸੀਂ ਦੇਖਦੇ ਹਾਂ ਕਿ ਅਨਪੜ੍ਹ ਮੰਨੇ ਜਾਂਦੇ ਪੰਜਾਬੀ ਡਰਾਇਵਰ ਦਹਾਕਿਆਂ ਤੋਂ ਕਲਕੱਤੇ, ਬੰਬੇ, ਗੁਹਾਟੀ ਤੇ ਧੁਰ ਦੱਖਣ ਤੱਕ ਜਾਂਦੇ ਹਨ। ਜ਼ਾਹਿਰ ਹੈ ਇੰਨੇ ਸਾਲਾਂ ਵਿਚ ਉਨ੍ਹਾਂ ਨੇ ਬਿਨਾਂ ਗੱਲ ਕੀਤੇ ਤਾਂ ਕੰਮ ਚਲਾਇਆ ਨਹੀਂ ਹੋਵੇਗਾ।  ਜਦੋਂ ਵਾਹ ਪੈਂਦਾ ਹੈ ਹਰ ਬੰਦਾ ਆਪਣੀ ਲੋੜ ਜੋਗੀ ਬੋਲੀ ਸਿੱਖ ਲੈਂਦਾ ਹੈ। ਦੁਨੀਆ ਭਰ ਦੇ ਪ੍ਰਵਾਸ ਦਾ ਇਤਿਹਾਸ ਦੇਖੀਏ ਤਾਂ ਇਹ ਵਰਤਾਰਾ ਸਦੀਆਂ ਤੋਂ ਤੁਰਿਆ ਆ ਰਿਹਾ ਹੈ।  ਕਹਿਣ ਦਾ ਮਤਲਬ ਇਹ ਕਿ ਜਿਸ ਨੂੰ ਜਦੋਂ ਜਿਸ ਭਾਸ਼ਾ ਦੀ ਲੋੜ ਪਵੇਗੀ, ਉਹ ਆਪਣੀ ਮਰਜ਼ੀ ਨਾਲ ਉਹ ਭਾਸ਼ਾ ਸਿੱਖ ਲਵੇਗਾ।  ਇਸ ਵਾਸਤੇ ਸੰਵਿਧਾਨਕ ਢਾਂਚੇ ਦਾ ਦੁਰ-ਵਰਤੋਂ ਕਰਕੇ ਜ਼ਬਰਦਸਤੀ ਸਮੁੱਚੇ ਦੇਸ਼ ਵਿਚ ਇਕ ਭਾਸ਼ਾ ਲਾਗੂ ਕਰਨ ਦੀ ਲੋੜ ਕਿਉਂ ਹੈ?

ਜਿਸ ਦਾ ਸਿਰਫ਼ ਪੰਜਾਬੀ, ਬੰਗਾਲੀ, ਮਰਾਠੀ, ਹਿੰਦੀ ਜਾਂ ਕਿਸੇ ਵੀ ਬੋਲੀ ਨਾਲ ਸਰਦਾ ਹੈ, ਉਸ ’ਤੇ ਧੱਕੇ ਨਾਲ ਦੇਸ਼ ਦੀ ਇਕ ਸਾਂਝੀ ਬੋਲੀ ਸਿੱਖਣ ਤੇ ਵਰਤਣ ਦਾ ਬੋਝ ਕਿਉਂ ਲੱਦਣਾ ਹੈ।  ਸਾਡੇ ਵਿੱਦਿਅਕ ਢਾਂਚੇ ਵਿਚ ਪਹਿਲਾਂ ਹੀ ਬੋਲੀਆਂ ਸਿਖਾਉਣ ਦਾ ਤ੍ਰੈ-ਭਾਸ਼ੀ ਫਾਰਮੂਲਾ ਚੱਲਦਾ ਹੈ।  ਲਗਪਗ ਸਾਰੇ ਸਕੂਲਾਂ ਵਿਚ ਪੰਜਾਬੀ, ਅੰਗਰੇਜ਼ੀ, ਹਿੰਦੀ ਪੜ੍ਹਾਈ-ਸਿਖਾਈ ਜਾਂਦੀ ਹੈ। ਖ਼ੁਦ ਗੁਰਦਾਸ ਮਾਨ ਨੂੰ ਬੰਬਈ ਰਹਿੰਦਿਆਂ ਕਈ ਦਹਾਕੇ ਹੋ ਗਏ, ਆਪਣੀ ਲੋੜ ਜੋਗੀ ਮਰਾਠੀ ਤਾਂ ਉਨ੍ਹਾਂ ਨੇ ਵੀ ਸਿੱਖ ਲਈ ਹੋਵੇਗੀ।

ਅੱਜ ਜੇ ਸਾਰੇ ਦੇਸ਼ ਦੇ ਲੋਕਾਂ ਦੇ ਆਪਸ ਵਿਚ ਗੱਲ ਕਰਨ ਦੇ ਬਹਾਨੇ ਸਮੁੱਚੇ ਦੇਸ਼ ’ਤੇ ਹਿੰਦੀ ਥੋਪੀ ਜਾਵੇਗੀ ਤਾਂ ਗਲੋਬਲ ਪਿੰਡ ਬਣ ਚੁੱਕੀ ਦੁਨੀਆਂ ਦੇ ਲੋਕਾਂ ਨਾਲ ਸੰਚਾਰ ਕਰਨ ਲਈ ਹੋ ਸਕਦਾ ਹੈ ਕੱਲ੍ਹ ਨੂੰ ਅੰਗਰੇਜ਼ੀ ਦੇਸ਼ ਦੀ ਸਾਂਝੀ ਭਾਸ਼ਾ ਬਣਾਉਣ ਦਾ ਸਿਆਸੀ ਪੈਂਤੜਾ ਚੱਲਿਆ ਜਾਵੇ। ਫੇਰ ਉਦੋਂ ਮਾਨ ਸਾਹਬ ਇਸ ਦਾ ਵੀ ਪੱਖ ਪੂਰ ਦੇਣਗੇ?

ਅੱਜ ਮੁੜ ਤੋਂ ਇਸ ਨੁਕਤੇ ਦਾ ਪੱਖ ਪੂਰਨ ਦੀ ਬਜਾਇ ਗੁਰਦਾਸ ਮਾਨ ਨੂੰ ਜੁਆਬ ਤਾਂ ਇਸ ਗੱਲ ਦਾ ਦੇਣਾ ਚਾਹੀਦਾ ਸੀ ਕਿ ਉਹ ਕਿਹੜੀ ਮਜਬੂਰੀ ਹੈ ਕਿ ਪੰਜਾਬੀ ਮਾਂ-ਬੋਲੀ ਤੁਹਾਡੀ ਆਨ-ਬਾਨ-ਸ਼ਾਨ ਹੁੰਦੇ ਹੋਏ ਤੁਸੀਂ ਹਿੰਦੀ ਮਾਸੀ ਨੂੰ ਪੂਰੇ ਦੇਸ਼ ਵਿਚ ਲਾਗੂ ਕਰਨ ਦੇ ਪੱਖ ਵਿਚ ਖੜ੍ਹੇ ਹੋ ਗਏ ਹੋ?

ਇਸ ਵਿਚ ਕੋਈ ਸ਼ੱਕ ਨਹੀਂ ਕਿ ਭਾਸ਼ਾਵਾਂ ਸਾਰੀਆਂ ਸਿੱਖਣੀਆਂ ਚਾਹੀਦੀਆਂ ਹਨ।  ਪਰ ਕੋਈ ਭਾਸ਼ਾ ਥੋਪੀ ਨਹੀਂ ਜਾਣੀ ਚਾਹੀਦੀ।  ਸਗੋਂ ਇਹ ਤਾਂ ਬੋਲਣ ਵਾਲੇ ਦੀ ਆਪਣੀ ਮਰਜ਼ੀ ਹੋਣੀ ਚਾਹੀਦੀ ਹੈ।  ਗੁਰਦਾਸ ਮਾਨ ਸਾਰੀ ਉਮਰ ਪੂਰੇ ਦੇਸ਼ ਤੇ ਦੁਨੀਆ ਵਿਚ ਸਫ਼ਲ ਸ਼ੋਅ ਲਾਉਂਦੇ ਰਹੇ ਹਨ, ਉਦੋਂ ਉਨ੍ਹਾਂ ਨੇ ਵੀ ਹਰ ਸੂਬੇ ਜਾਂ ਦੇਸ਼ ਦੇ ਹਿਸਾਬ ਨਾਲ ਆਪਣੀ ਭਾਸ਼ਾ ਦੀ ਲੋੜ ਪੂਰੀ ਕੀਤੀ ਹੋਵੇਗੀ।

‘ਬੱਤੀ’ ਬਣਾ ਲੈ!

ਅਗਲਾ ਮਸਲਾ ‘ਬੱਤੀ’ ਵਾਲੀ ਗਾਲ੍ਹ ਬਾਰੇ ਹੈ। ਵੀਡੀਓ ਵਿਚ ਅੱਗੇ ਚੱਲ ਕੇ ਪ੍ਰੋਫ਼ੈਸਰ ਜਗਰੂਪ ਵਿਦੇਸ਼ੀ ਸ਼ੋਅ ਦੌਰਾਨ ਵਿਰੋਧ ਕਰਨ ਵਾਲਿਆਂ ਨੂੰ ਮਾਨ ਵੱਲੋਂ ‘ਬੱਤੀ ਬਣਾਉਣ’ ਵਾਲੀ ਸ਼ਬਦਾਵਲੀ ਵਰਤਣ ਬਾਰੇ ’ਤੇ ਸੁਆਲ ਚੁੱਕਦਾ ਹੈ। ਮੇਜ਼ਬਾਨ ਤਸਲੀਮ ਕਰਦਾ ਹੈ ਕਿ ‘ਬੱਤੀ’ ਵਾਲੀ ਵਾਇਰਲ ਵੀਡੀਓ ਸਭ ਨੇ ਦੇਖੀ ਹੈ, ਪਰ ਉਹ ਗੁਰਦਾਸ ਮਾਨ ਦੀ ਉਸ ਸ਼ਬਦਾਵਲੀ ਨਾਲ ਸਹਿਮਤ ਹੈ ਜਾਂ ਨਹੀਂ, ਇਸ ਬਾਰੇ ਕੁਝ ਨਹੀਂ ਕਹਿੰਦਾ, ਪਰ ਇਹ ਦਲੀਲ ਦਿੰਦਾ ਹੈ ਕਿ ਵੀਡੀਓ ਵਿਚ ਗਾਲ੍ਹ ਕੱਢਦਿਆਂ ਤਾਂ ਮਾਨ ਨੂੰ ਸਭ ਨੇ ਦੇਖਿਆ ਪਰ ਉਸ ਤੋਂ ਪਹਿਲਾਂ ਕੀ ਹੋਇਆ, ਇੱਥੋਂ ਤੱਕ ਗੱਲ ਪਹੁੰਚੀ ਕਿਵੇਂ ਕਿ ਮਾਨ ਗਾਲ੍ਹ ਕੱਢਣ ਲਈ ਮਜਬੂਰ ਹੋਇਆ, ਇਹ ਕਿਸੇ ਨੇ ਨਹੀਂ ਦੇਖਿਆ। ਪ੍ਰੋਫੈਸਰ ਕਹਿੰਦਾ ਹੈ ਕਿ ਗੱਲ ਕਿਵੇਂ ਵੀ ਪਹੁੰਚੀ ਹੋਵੇ ਪਰ ਗੁਰਦਾਸ ਮਾਨ ਵਰਗੀ ਸ਼ਖ਼ਸੀਅਤ ਤੋਂ ‘ਬੱਤੀ’ ਵਰਗੀ ਸ਼ਬਦਾਵਲੀ ਦੀ ਉਮੀਦ ਨਹੀਂ ਸੀ।  ਉਸ ਤੋਂ ਬਾਅਦ ਰੇਡੀਓ ਦੀ ਆਵਾਜ਼ ਮੱਧਮ ਪੈ ਜਾਂਦੀ ਹੈ।  ਪ੍ਰੋਫੈਸਰ ਦੀ ਕਾਰ ਇਕ ਭੀੜੀ ਗਲੀ ਦੇ ਵਿਚਕਾਰ ਇਕ ਬਾਜ਼ਾਰ ਕੋਲ ਪਹੁੰਚਦੀ ਹੈ ਸਾਹਮਣਿਉਂ, ਇਕ ਥਾਰ ਆ ਕੇ ਰਸਤਾ ਬੰਦ ਕਰ ਦਿੰਦੀ ਹੈ।  ਜਿਸ ਵਿਚੋਂ ਦੋ ਮੁੰਡੇ ਉਤਰਦੇ ਹਨ।

ਅੱਗੇ ਦਿਖਾਇਆ ਗਿਆ ਹੈ ਕਿ ਪ੍ਰੋਫ਼ੈਸਰ ਜਗਰੂਪ ਬਹੁਤ ਮਿੱਠਾ ਬੋਲਦਾ ਹੈ।  ਬੇਟਾ ਜੀ ਕਹਿ ਕੇ ਬੁਲਾਉਂਦਾ ਹੈ।  ਪਿਆਰ ਨਾਲ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ।  ਪਰ ਅੱਗੋਂ ਨੌਜਵਾਨ ਉਸ ਨੂੰ ਤੂੰ ਕਹਿ ਕੇ ਬੁਲਾਉਂਦੇ ਹਨ।  ਸਿੱਧਾ ਗਲਾਵੇਂ ਨੂੰ ਪੈ ਜਾਂਦੇ ਹਨ ਤੇ ਮਾਂ ਦੀ ਗਾਲ੍ਹ ਕੱਢਦੇ ਹਨ।  ਜੁਆਬ ਵਿਚ ਪ੍ਰੋਫ਼ੈਸਰ ਜਗਰੂਪ ਉਸ ਨੂੰ ਭੈਣ ਦੀ ਗਾਲ੍ਹ ਕੱਢਦਾ ਹੈ ਤੇ ਵਾਪਸ ਪਿੱਛੇ ਨੂੰ ਧੱਕਦਾ ਹੈ।  ਨਾਲੇ ਗਲਮਾਂ ਛੱਡਣ ਨਹੀਂ ਤਾਂ ਜਾਬ੍ਹਾਂ ਭੰਨਣ ਦੀ ਗੱਲ ਕਹਿੰਦਾ ਹੈ। ਉਨ੍ਹਾਂ ਦੇ ਪਿੱਛੇ ਗੁਰਦਾਸ ਮਾਨ ਦਾ ਪੋਸਟਰ ਲੱਗਿਆ ਨਜ਼ਰ ਆਉਂਦਾ ਹੈ, ਜਿਸ ’ਤੇ ਲਾਲ ਕਾਟੇ ਮਾਰ ਕੇ ਉਸ ਦਾ ਬਾਈਕਾਟ ਕੀਤਾ ਗਿਆ ਹੈ। 

ਉੱਥੇ ਇਕ ਜਵਾਨ ਕੁੜੀ ਮੌਜੂਦ ਹੈ, ਜੋ ਗਾਲ੍ਹਾਂ ਤੇ ਲੜਾਈ ਦੇਖ-ਸੁਣ ਕੇ ਘੁਟਣ ਮਹਿਸੂਸ ਕਰ ਰਹੀ ਹੈ। ਪਿਛਲੇ ਪਾਸੇ ਬੈਠਾ ਸਾਬਤ-ਸੂਰਤ ਗੁਰਸਿੱਖ ਮੁੰਡਾ ਆਪਣੇ ਇਕ ਦੋਸਤ ਨਾਲ ਚਾਹ ਪੀਂਦਾ ਸਭ ਦੇਖ ਰਿਹਾ ਹੈ। ਉਸ ਦੇ ਨਾਲ ਦਾ ਮੁੰਡਾ ਹੱਥਾਂ ਦੇ ਇਸ਼ਾਰੇ ਨਾਲ ਮਜ਼ਾਕ ਕਰ ਰਿਹਾ ਹੈ, ਪਰ ਕੋਈ ਮਸਲਾ ਸੁਲਝਾਉਣ ਲਈ ਅੱਗੇ ਨਹੀਂ ਆ ਰਿਹਾ।  ਕੁਝ ਕਰ ਨਹੀਂ ਰਿਹਾ।  ਇਕ ਦੂਸਰਾ ਮੁੰਡਾ ਆਰਾਮ ਨਾਲ ਬ੍ਰੈਡ ਪਕੌੜਾ ਖਾ ਰਿਹਾ ਹੈ।

ਬੱਤੀ ਵਾਲੀ ਵੀਡੀਓ ਵਾਇਰਲ ਕਰਨ ਵਾਲਿਆਂ ਨੂੰ ਜੁਆਬ…

ਇਕ ਮੁੰਡਾ ਵੀਡੀਓ ਬਣਾ ਕੇ ਵੱਟਸ ਐਪ ’ਤੇ ਭੇਜ ਰਿਹਾ ਹੈ। ਸੋਸ਼ਲ ਮੀਡੀਆ ’ਤੇ ਵੀਡੀਓ ਦਾ ਓਨਾ ਹਿੱਸਾ ਵਾਇਰਲ ਹੋ ਗਿਆ ਹੈ ਜਿਸ ਵਿਚ ਪ੍ਰੋਫ਼ੈਸਰ ਨੇ ਗਾਲ੍ਹ ਕੱਢੀ ਹੈ।  ਲੋਕ ਪ੍ਰੋਫ਼ੈਸਰ ਦੇ ਮੂੰਹੋਂ ਗਾਲ੍ਹ ਸੁਣ ਕੇ ਉਸ ਨੂੰ ਗਾਲ੍ਹਾਂ ਕੱਢ ਰਹੇ ਹਨ।  ਕਿਸੇ ਨੂੰ ਨਹੀਂ ਪਤਾ ਕਿ ਪਹਿਲਾਂ ਗਾਲ੍ਹ ਮੁੰਡੇ ਨੇ ਕੱਢੀ ਸੀ, ਪ੍ਰੋਫੈਸਰ ਦੇ ਗਲਾਵੇਂ ਨੂੰ ਹੱਥ ਵੀ ਮੁੰਡੇ ਨੇ ਹੀ ਪਹਿਲਾਂ ਪਾਇਆ ਸੀ।

ਪ੍ਰੋਫ਼ੈਸਰ ਵਾਲੀ ਇਸ ਪੂਰੀ ਕਹਾਣੀ ਦਾ ਮਨੋਰਥ ਗੁਰਦਾਸ ਮਾਨ ਵੱਲੋਂ ਉਨ੍ਹਾਂ ਲੋਕਾਂ ਨੂੰ ਨਿਸ਼ਾਨੇ ’ਤੇ ਲਿਆਉਣਾ ਹੈ, ਜਿਨ੍ਹਾਂ ਨੇ ਉਸ ਦੀ ‘ਬੱਤੀ’ ਵਾਲੀ ਗਾਲ੍ਹ ਬਾਰੇ ਸੋਸ਼ਲ ਮੀਡੀਆ ’ਤੇ ਨਸੀਹਤ ਭਰੇ ਤਬਸਰੇ ਕੀਤੇ। ਇਸ ਰਾਹੀਂ ਗੁਰਦਾਸ ਮਾਨ ਨੇ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਜਦੋਂ ਕੋਈ ਵੈਲੀ ਟਾਈਪ ਮੁੰਡਾ ਕਿਸੇ ਪੜ੍ਹੇ-ਲਿਖੇ ਵਿਦਵਾਨ ਪ੍ਰੋਫੈਸਰ ਦੇ ਗਲਾਵੇਂ ਨੂੰ ਹੱਥ ਪਾਉਂਦਾ ਹੈ ਤੇ ਉਸ ਨੂੰ ਮਾਂ ਦੀ ਗਾਲ੍ਹ ਕੱਢਦਾ ਹੈ ਤਾਂ ਪ੍ਰੋਫੈਸਰ ਵੀ ਸੁਭਾਵਕ ਹੀ ਜਵਾਬੀ ਕਾਰਵਾਈ ਵਿਚ ਭੈਣ ਦੀ ਗਾਲ੍ਹ ਕੱਢਦਾ ਹੈ ਤੇ ਵਾਪਸ ਉਸ ਵੈਲੀ ਨੂੰ ਧੱਕੇ ਮਾਰਦਾ ਹੈ। ਇਸ ਤਰ੍ਹਾਂ ਉਹ ਕੈਨੇਡਾ ਵਿਚ ਉਸ ਦੇ ਸ਼ੋਅ ਵਿਚ ਆ ਕੇ ਉਸ ਦਾ ਵਿਰੋਧ ਕਰਨ ਵਾਲਿਆਂ ਦੀ ਤੁਲਨਾ ਵੀਡੀਓ ਵਿਚ ਦਿਖਾਏ ਗਏ ਇਨ੍ਹਾਂ ਮੁੰਡਿਆ ਨਾਲ ਕਰ ਰਿਹਾ। ਆਪਣੇ ਆਪ ਨੂੰ ਪ੍ਰੋਫ਼ੈਸਰ ਦੀ ਜਗ੍ਹਾ ਰੱਖ ਕੇ ਉਹ ਆਪਣੇ ਆਪ ਨੂੰ ਪੀੜਿਤ ਵੀ ਸਾਬਤ ਕਰ ਰਿਹਾ ਹੈ ਤੇ ਪ੍ਰੋਫ਼ੈਸਰ ਨੂੰ ਗਾਲ੍ਹ ਬਦਲੇ ਗਾਲ੍ਹ ਕੱਢਦੇ ਦਿਖਾ ਕੇ, ਉਹ ਉਸ ਦੀ ‘ਬੱਤੀ’ ਵਾਲੀ ਗੱਲ ‘ਤੇ ਟਿੱਪਣੀ ਕਰਨ ਵਾਲੇ ਪ੍ਰੋਫ਼ੈਸਰਾਂ ਨੂੰ ਠਿੱਠ ਵੀ ਕਰ ਰਿਹਾ ਹੈ।

ਇਸ ਤਰ੍ਹਾਂ ਗੁਰਦਾਸ ਮਾਨ ਨੇ ਇਹ ਦਰਸਾਇਆ ਹੈ ਕਿ ਜੇ ਇਕ ਪੜ੍ਹਿਆ ਲਿਖਿਆ ਸਿਆਣੀ ਉਮਰ ਦਾ ਚਿੱਟੀ ਦਾਹੜੀ ਵਾਲਾ ਪ੍ਰੋਫੈਸਰ ਗੁੱਸੇ ਵਿਚ ਆ ਕੇ ਸੈਲਫ਼ ਡਿਫ਼ੈਂਸ ਵਿਚ ਗਾਲ੍ਹਾਂ ਕੱਢ ਸਕਦਾ ਹੈ, ਹੱਥੋਪਾਈ ਹੋ ਸਕਦਾ ਹੈ ਤਾਂ ਮੈਂ ਤਾਂ ਇਕ ਨਿਮਾਣਾ ਜਿਹਾ ਕਲਾਕਾਰ ਹਾਂ। ਮੇਰੇ ਚੱਲਦੇ ਸ਼ੋਅ ਵਿਚ ਆ ਕੇ ਕੁਝ ‘ਖ਼ਰੂਦੀ’ ਮੁੰਡਿਆ ਨੇ ਰੌਲਾ ਪਾ ਦਿੱਤਾ।  ਮੇਰੀ ਮਾਂ ਨੂੰ ਗਾਲ੍ਹ ਕੱਢ ਦਿੱਤੀ ਤੇ ਅੱਗੋਂ ਮੈਂ ਉਨ੍ਹਾਂ ਨੂੰ ‘ਬੱਤੀ’ ਵਾਲੀ ਗਾਲ੍ਹ ਕੱਢ ਦਿੱਤੀ ਤਾਂ ਮੈਂ ਕਿਵੇਂ ਗ਼ਲਤ ਹੋ ਗਿਆ। ਗੁਰਦਾਸ ਮਾਨ ਤੋਂ ਤੁਸੀਂ ਗਾਲ੍ਹ ਨਾ ਕੱਢਣ ਦੀ ਉਮੀਦ ਕਿਵੇਂ ਕਰ ਸਕਦੇ ਹੋ। ਇਸ ਸਾਰੀ ਗੱਲ ਦਾ ਜ਼ਿਕਰ ਉਹ ਅੱਗੇ ਜਾ ਕੇ ਗੀਤ ਵਿਚ ਕਰਦਾ ਹੈ, ਜਿਸ ਤੋਂ ਇਹ ਪ੍ਰੋਫ਼ੈਸਰ ਵਾਲੀ ਕਹਾਣੀ ਦਿਖਾਉਣ ਦਾ ਮਨਸ਼ਾ ਹੋਰ ਵੀ ਸਾਫ਼ ਹੋ ਜਾਂਦਾ ਹੈ।

ਨੁਕਤਾ ਇਹ ਹੈ ਕਿ ਦੋ ਪ੍ਰਮੁੱਖ ਮਸਲੇ ਜਿੰਨ੍ਹਾਂ ਕਰਕੇ ਸਾਰਾ ਵਿਵਾਦ ਭਖਿਆ, ਉਨ੍ਹਾਂ ਬਾਰੇ ਗੁਰਦਾਸ ਕੋਲ ਲੋਕਾਂ ਨੂੰ ਦੇਣ ਲਈ ਕੋਈ ਤਸੱਲੀ-ਬਖ਼ਸ਼ ਜੁਆਬ ਨਹੀਂ ਹੈ।

ਕੀ ਹਾਲੇ ਵੀ ਹੈ ਗੁਰਦਾਸ ਮਾਨ ਦੀ ਓਨੀ ਚੜ੍ਹਾਈ?

ਵੀਡੀਓ ਵਿਚ ਜਦੋਂ ਇਹ ਰੌਲਾ ਚੱਲ ਰਿਹਾ ਹੁੰਦਾ ਹੈ ਉਦੋਂ ਹੀ ਗੁਰਦਾਸ ਮਾਨ ਦੀ ਆਵਾਜ਼ ਸੁਣਾਈ ਦਿੰਦੀ ਹੈ। ਗਾਲ੍ਹਾਂ ਤੋਂ ਦੁੱਖੀ ਹੋ ਰਹੀ ਕੁੜੀ ਦੇ ਮੂੰਹੋਂ ਆਪ ਮੁਹਾਰੇ ‘ਗੁਰਦਾਸ ਮਾਨ’ ਦਾ ਨਾਮ ਨਿਕਲ ਜਾਂਦਾ ਹੈ।  ਜਿਸ ਰਾਹੀਂ ਇਹ ਦਰਸਾਇਆ ਗਿਆ ਹੈ ਕਿ ਅੱਜ ਵੀ ਗੁਰਦਾਸ ਮਾਨ ਦੀ ਆਵਾਜ਼ ਸੁਣ ਕੇ ਨੌਜਵਾਨ ਉਸ ਨੂੰ ਪਛਾਣ ਲੈਂਦੇ ਹਨ। ਉਹ ਲੋਕਾਂ ਦੀ ਜ਼ੁਬਾਨ ’ਤੇ ਹੈ।  ਗੁਰਦਾਸ ਮਾਨ ਨੂੰ ਆਉਂਦੇ ਦੇਖ ਕੇ ਕੁਝ ਲੋਕ ਹੈਰਾਨ ਹੁੰਦੇ ਹਨ। ਇਕ ਬੰਦਾ ਚਾਅ ਨਾਲ ਗੁਰਦਾਸ ਮਾਨ ਨੂੰ ਦੇਖ ਰਹੀ ਆਪਣੀ ਘਰਵਾਲੀ ਨੂੰ ਬਾਹੋਂ ਫੜ ਕੇ ਪਰ੍ਹਾਂ ਲੈ ਜਾਂਦਾ ਹੈ। ਇਸ ਬੰਦੇ ਦੇ ਸਿਰ ‘ਤੇ ਦਸਤਾਰ ਬੱਧੀ ਹੈ।  ਇਕ ਬੱਚੀ ਆਈਸ-ਕਰੀਮ ਖਾਂਦੀ-ਖਾਂਦੀ ਇਸ ਨੂੰ ਸੁੱਟ ਕੇ ਭੱਜ ਕੇ ਕੰਧਾਂ-ਦਰਵਾਜਿਆਂ ’ਤੇ ਗੁਰਦਾਸ ਮਾਨ ਖ਼ਿਲਾਫ਼ ਲਿਖੇ ਨਾਅਰੇ ਲੁਕਾਉਣ ਲੱਗ ਜਾਂਦੀ ਹੈ। ਇੱਥੇ ਵੀ ਗੁਰਦਾਸ ਮਾਨ ਦਾ ਬਾਈਕਾਟ ਕਰਨ ਬਦਲੇ ਕਿੱਲੋ ਆਟਾ ਫਰੀ ਦੇਣ ਵਾਲਾ ਵੀ ਦਸਤਾਰ ਵਾਲਾ ਹੀ ਦਿਖਾਇਆ ਗਿਆ ਹੈ। ਨਿੱਕੀ ਕੁੜੀ ਉਸ ਪ੍ਰਤੀ ਆਪਣਾ ਮੋਹ ਦਿਖਾਉਂਦੀ ਹੈ।  ਮਾਨ ਵੀ ਉਸ ਦਾ ਸਿਰ ਪਲੋਸ ਕੇ ਉਸ ਨੂੰ ਪਿਆਰ ਦਿੰਦਾ ਹੈ।  ਇਸ ਰਾਹੀਂ ਇਹ ਦਿਖਾਇਆ ਗਿਆ ਹੈ ਕਿ ਬੱਚੇ ਵੀ ਉਸ ਨੂੰ ਪਿਆਰ ਕਰਦੇ ਹਨ। ਪਰ ਕੁਝ ਆਪੂੰ ਬਣੇ ਧਰਮ ਤੇ ਬੋਲੀ ਦੇ ਠੇਕੇਦਾਰ ਉਸ ਦਾ ਵਿਰੋਧ ਕਰ ਰਹੇ ਹਨ। ਇਸ ਗੱਲ ਦਾ ਵਿਸਥਾਰ ਵੀਡੀਓ ਤੇ ਬੋਲਾਂ ਵਿਚ ਅੱਗੇ ਜਾ ਕੇ ਆਉਂਦਾ ਹੈ।

ਪੰਜਾਬੀਆਂ ਨੂੰ ਉਲਾਮ੍ਹੇ ਤੇ ਮਿਹਣੇ

ਉਸ ਤੋਂ ਬਾਅਦ ਗੀਤ ਦੇ ਬੋਲ ਸ਼ੁਰੂ ਹੁੰਦੇ ਹਨ।  ਜਿਉਂ-ਜਿਉਂ ਗੀਤ ਅੱਗੇ ਵਧਦਾ ਹੈ, ਗੁਰਦਾਸ ਮਾਨ ਵੀ ਅੱਗੇ ਤੁਰਦਾ ਜਾਂਦਾ ਹੈ ਤੇ ਕੁਝ ਗੁਪਤ ਪਰਚੀਆਂ ਰਾਹ ਵਿਚ ਮਿਲਣ ਵਾਲੇ ਨਿਆਣਿਆਂ-ਸਿਆਣਿਆਂ ਨੂੰ ਦਿੰਦਾ ਜਾਂਦਾ ਹੈ।  ਗੀਤ ਦੀਆਂ ਪਹਿਲੀਆਂ ਸਤਰਾਂ ਵਿਚ ਗੁਰਦਾਸ ਮਾਨ ਪੰਜਾਬੀਆਂ ਨੂੰ ਉਲ੍ਹਾਮੇ ਦਿੰਦਾ ਹੋਇਆ ਕਹਿੰਦਾ ਹੈ-

ਗੱਲ ਸੁਣੋ ਪੰਜਾਬੀ ਦੋਸਤੋ ਕੁਝ ਲੈਂਦੇ ਸੋਚ ਵਿਚਾਰ
ਬਿਨ ਸੋਚੇ ਸਮਝੇ ਕੱਢ ਲਈ ਲਫ਼ਜ਼ਾਂ ਦੀ ਤੇਜ਼ ਕਟਾਰ

ਆਵਾਜ਼ ਤਾਂ ਉਹ ਪੰਜਾਬੀਆਂ ਨੂੰ ਦੋਸਤ ਕਹਿ ਕੇ ਮਾਰਦਾ ਹੈ ਪਰ ਉਸੇ ਸਤਰ ਵਿਚ ਆਪਣੇ ਖ਼ਿਲਾਫ਼ ਬੋਲਣ ਵਾਲਿਆਂ ਨੂੰ ਸੋਚ-ਸਮਝ ਤੋਂ ਕੋਰੇ ਦੱਸਦਾ ਹੈ।  ਅਗਲੀ ਸਤਰ ਵਿਚ ਕਹਿੰਦਾ ਹੈ-

ਮੈਥੋਂ ਚੰਦ ਮਿੰਟਾ ਵਿਚ ਖੋਹ ਲਿਆ ਮਾਂ-ਬੋਲੀ ਦਾ ਸਤਿਕਾਰ

ਪੰਜਾਬੀ ਦੁਸ਼ਮਨ ਕਿ ਯਾਰ?

ਇਸ ਤਰ੍ਹਾਂ ਉਹ ਪੰਜਾਬੀ ਦੋਸਤਾਂ ਨੂੰ ਤਾਅਨਾ ਮਾਰਦਾ ਹੈ ਕਿ ਉਸ ਨੇ ਜੋ ਉਮਰ ਭਰ ਮਾਂ-ਬੋਲੀ ਦਾ ਸਤਿਕਾਰ ਕੀਤਾ ਤੇ ਵਧਾਇਆ ਹੈ, ਇਨ੍ਹਾਂ ਬਿਨਾਂ ਸੋਚੇ-ਸਮਝੇ ਬੋਲਣ ਵਾਲੇ ਲੋਕਾਂ ਨੇ ਉਹ ਸਤਿਕਾਰ ਦੋ ਮਿੰਟਾਂ ਵਿਚ ਖੋਹ ਲਿਆ ਹੈ। ਉਹ ਇੱਥੇ ਹੀ ਨਹੀਂ ਰੁਕਦਾ ਬਲਕਿ ਅਗਲੀ ਸਤਰ ਵਿਚ ਇਨ੍ਹਾਂ ਪੰਜਾਬੀ ਦੋਸਤਾਂ ਬਾਰੇ ਆਪਣਾ ਫ਼ੈਸਲਾ ਵੀ ਸੁਣਾਉਂਦਾ ਹੈ-

ਚਲੋ ਅੱਛਾ ਹੋਇਆ ਪਰਖ ਲਏ ਕੁਝ ਦੁਸ਼ਮਨ ਤੇ ਕੁਝ ਯਾਰ

ਇਸ ਤਰ੍ਹਾਂ ਉਹ ਆਪਣੇ ਹੱਕ ਵਿਚ ਬੋਲਣ ਵਾਲਿਆਂ ਨੂੰ ਦੋਸਤ ਤੇ ਵਿਰੋਧ ਵਿਚ ਬੋਲਣ ਵਾਲਿਆਂ ਨੂੰ ਦੁਸ਼ਮਨ ਗਰਦਾਨ ਦਿੰਦਾ ਹੈ। ਨਾਲ ਹੀ ਉਹ ਸਿਰਫ ਆਪਣੇ ਹੱਕ ਵਿਚ ਬੋਲਣ ਵਾਲਿਆਂ ਦੀ ਜੈ-ਜੈ ਕਾਰ ਵੀ ਕਰਦਾ ਹੈ।ਦੇਖੋ ਇਹ ਸਤਰ-

ਮੇਰੇ ਹੱਕ ’ਚ ਬੋਲਣ ਵਾਲਿਓ ਤੁਹਾਡੀ ਸਦਾ ਰਹੇ ਜੈਕਾਰ

ਸਿੱਖ ਦੀ ਪਛਾਣ!

ਜਿਸ ਵੇਲੇ ਗੀਤ ਦੇ ਇਹ ਬੋਲ ਚੱਲ ਰਹੇ ਹਨ ਤਾਂ ਉਸੇ ਦੌਰਾਨ ਉਹ ਸਰਹੱਦ ’ਤੇ ਜੰਗ ਲੜਨ ਜਾ ਰਹੇ ਨੌਜਵਾਨ ਸਿੱਖ ਫ਼ੌਜੀ ਮੁੰਡੇ ਨੂੰ ਭਾਰਤੀ ਫ਼ੌਜ ਦੀ ਵਰਦੀ ਵਿਚ ਦਿਖਾਇਆ ਗਿਆ ਹੈ।  ਉਸ ਦੀ ਮਾਂ ਰੋਂਦੀ ਹੋਈ ਉਸ ਨੂੰ ਜਾਣ ਤੋਂ ਰੋਕਦੀ ਹੈ,  ਜੋ ਇਸ਼ਾਰਾ ਕਰਦਾ ਹੈ ਕਿ ਉਸ ਦੀ ਮਾਂ ਨੂੰ ਡਰ ਹੈ ਕਿ ਸਰਹੱਦ ’ਤੇ ਗਿਆ ਉਸ ਦਾ ਜਵਾਨ ਪੁੱਤ ਸ਼ਾਇਦ ਕਦੇ ਨਾ ਵਾਪਸ ਆਵੇ। ਫ਼ੌਜੀ ਮੁੰਡੇ ਦੀ ਭੈਣ ਮਾਂ ਨੂੰ ਹੌਸਲਾ ਵੀ ਦੇ ਰਹੀ ਹੈ ਤੇ ਸਮਝਾ ਵੀ ਰਹੀ ਹੈ ਕਿ ਵੀਰ ਆਪਣਾ ਫ਼ਰਜ਼ ਨਿਭਾਉਣ ਜਾ ਰਿਹਾ ਹੈ। ਇਸ ਤਰ੍ਹਾਂ ਮੁੰਡਾ ਆਪਣੀ ਮਾਂ ਦੇ ਹੰਝੂਆਂ ਤੇ ਤਰਲਿਆਂ ਨੂੰ ਪਾਸੇ ਕਰਕੇ ਮਾਣ ਨਾਲ ਆਪਣੀ ਡਿਊਟੀ ’ਤੇ ਚਲਾ ਜਾਂਦਾ ਹੈ। ਗੁਰਦਾਸ ਮਾਨ ਉਸ ਨੂੰ ਸਲਾਮ ਕਰਦਾ ਹੈ। 

ਇਸ ਤਰ੍ਹਾਂ ਗੁਰਦਾਸ ਮਾਨ ਆਪਣੇ ਰਾਸ਼ਟਰਵਾਦੀ ਨਜ਼ਰੀਏ ਨੂੰ ਪੇਸ਼ ਕਰਦਾ ਹੈ।  ਇਸ ਦ੍ਰਿਸ਼ ਰਾਹੀਂ ਇਕ ਤਾਂ ਉਹ ਦਰਸਾਉਂਦਾ ਹੈ ਕਿ ਅਸਲੀ ਸਿੱਖ ਨੌਜਵਾਨ ਉਹ ਹਨ ਜੋ ਰਾਸ਼ਟਰ ਲਈ ਸਰਹੱਦ ’ਤੇ ਆਪਣੀ ਜਾਨ ਕੁਰਬਾਨ ਕਰ ਦਿੰਦੇ ਹਨ। ਦੂਸਰਾ ਉਹੀ ਨੌਜਵਾਨ ਉਸ ਦੇ ਸਲਾਮ ਦੇ ਹੱਕਦਾਰ ਹਨ।  ਜਦ ਕਿ ਜਿਹੜੇ ਸਿੱਖ ਦਿੱਖ ਵਾਲੇ ਲੋਕ ਉਸ ਦਾ ਵਿਰੋਧ ਕਰ ਰਹੇ ਹਨ, ਉਹ ਉਸ ਦੇ ਦੁਸ਼ਮਨ ਹਨ। ਅੱਗੇ ਚੱਲ ਕੇ ਉਹ ਉਨ੍ਹਾਂ ਦੇ ਸੱਚੇ ਸਿੱਖ ਹੋਣ ‘ਤੇ ਵੀ ਸੁਆਲ ਖੜ੍ਹੇ ਕਰਦਾ ਹੈ।

ਇਸ ਗੱਲ ਦੀ ਪ੍ਰੋੜ੍ਹਤਾ ਕਰਨ ਲਈ ਤੇ ਇਨ੍ਹਾਂ ਵਿਰੋਧ ਕਰਨ ਵਾਲੇ ‘ਭਟਕ ਗਏ’ ਸਿੱਖਾਂ ਨੂੰ ਗੁਰੂ ਦਾ ਫ਼ਲਸਫ਼ਾ ਯਾਦ ਕਰਵਾਉਣ ਲਈ ਉਹ ਸਿੱਖੀ ਦੀ ਭਾਵਨਾ ਨਾਲ ਲਬਰੇਜ਼ ਇਨ੍ਹਾਂ ਸਤਰਾਂ ਦਾ ਸਹਾਰਾ ਲੈਂਦਾ ਹੈ-

ਸਭ ਸਿੱਖ ਸਜਾਏ ਗੁਰੂ ਨੇ ਇੱਜ਼ਤਾਂ ਦੇ ਪਹਿਰੇਦਾਰ

ਜੋ ਭਲਾ ਮੰਗਣ ਸਰਬੱਤ ਦਾ ਤੇ ਸਿਰ ਵੀ ਦੇਵਣ ਮਾਰ

ਫੇਰ ਉਹ ਹੋਰ ਸਪੱਸ਼ਟ ਕਰਦਾ ਹੈ ਕਿ ਭਾਵੇਂ ਉਸ ਦਾ ਵਿਰੋਧ ਕਰਨ ਵਾਲੇ ਉਸ ਤਰ੍ਹਾਂ ਦੀ ਦਿੱਖ ਵਾਲੇ ਸਨ, ਪਰ ਉਸ ਨੂੰ ਸਮਝ ਜਾਂ ਪਛਾਣ ਨਹੀਂ ਆਈ ਕਿ ਉਹ ਕੌਣ ਸਨ, ਕਿਉਂਕਿ ਉਹ ਉਸ ਦੀ ਨਜ਼ਰ ਵਿਚ ਉੱਪਰ ਦੱਸੇ ਸਿੱਖੀ ਦੇ ਆਸ਼ੇ ਵਾਲੇ ਨਹੀਂ ਸਨ। ਉਹ ਤਾਂ ਉਸ ਦੀ ਇੱਜ਼ਤ ਦੀ ਪਹਿਰੇਦਾਰੀ ਨਹੀਂ ਕਰ ਰਹੇ ਸਨ, ਬਲਕਿ ਉਸ ਦਾ ਵਿਰੋਧ ਕਰ ਰਹੇ ਸਨ ਤੇ ਉਸ ਦੀ ‘ਇੱਜ਼ਤ ਰੋਲ’ ਰਹੇ ਸਨ। ਇਹ ਸਤਰਾਂ ਦੇਖੋ-

ਮੈਨੂੰ ਸਮਝ ਨਾ ਆਈ ਉਹ ਕੌਣ ਸਨ, ਮਾਂ ਬੋਲੀ ਦੇ ਠੇਕੇਦਾਰ

ਆ ਗਏ ਮੁਰਦਾਬਾਦ ਬੁਲਾਂਵਦੇ, ਮੇਰੇ ਚੱਲਦੇ ਸ਼ੋਅ ਵਿਚਕਾਰ

ਇਸ ਤਰ੍ਹਾਂ ਮੁਰਦਾਬਾਦ ਕਰਨ ਵਾਲੇ ਤਾਂ ਉਸ ਦੀ ਨਜ਼ਰ ਵਿਚ ਸਰਬੱਤ ਦਾ ਭਲਾ ਮੰਗਣ ਵਾਲੇ ਨਹੀਂ ਸਨ। ਇੱਥੇ ਸਰਬੱਤ ਦਾ ਭਲਾ ਮੰਗਣ ਦੀ ਗੱਲ ਕਹਿਣ ਵਾਲਾ ਗੁਰਦਾਸ ਮਾਨ ਇਹ ਭੁੱਲ ਜਾਂਦਾ ਹੈ ਕਿ ਕਰੀਬ ਇਕ ਮਿੰਟ ਪਹਿਲਾਂ ਹੀ ਉਸ ਨੇ ਸਰਬੱਤ ਦੇ ਭਲੇ ਵਾਲਾ ਸਿਧਾਂਤ ਭੁਲਾ ਕੇ ਸਿਰਫ ਉਸ ਦੇ ਹੱਕ ਵਿਚ ਬੋਲਣ ਵਾਲਿਆਂ ਦੀ ਹੀ ਜੈ-ਜੈਕਾਰ ਕੀਤੀ ਹੈ।

ਗੀਤ ਦੀ ਸ਼ੁਰੂਆਤੀ ਕਮੈਂਟਰੀ ਵਿਚ ਤਾਂ ਉਹ ਗੁਰੂ ਨਾਨਕ ਦੇ ਇਕ ਨੂਰ ਵਿਚੋਂ ਸਭ ਉਪਜਨ ਵਾਲਿਆਂ ਵਿਚ ਕੋਈ ਚੰਗਾ ਜਾਂ ਮੰਦਾ ਨਾ ਹੋਣ ਵਾਲੇ ਫ਼ੁਰਮਾਨ ਨੂੰ ਹੀ ਆਪਣੀ ਨਜ਼ਰ ਵਿਚ ਦੁਨੀਆ ਦਾ ਸੱਚ ਦੱਸਦਾ ਹੈ, ਪਰ ਇੱਥੇ ਆ ਗੁਰੂ ਨਾਨਕ ਦਾ ਫ਼ਲਸਫ਼ਾ ਵਿਸਾਰਦਿਆਂ ਉਸ ਨੂੰ ਆਪਣੇ ਪੱਖ ਵਾਲੇ ਚੰਗੇ (ਯਾਰ) ਤੇ ਵਿਰੋਧ ਵਾਲੇ ਮੰਦੇ (ਦੁਸ਼ਮਨ) ਲੱਗਣ ਲੱਗ ਜਾਂਦੇ ਹਨ। ਇੱਥੋਂ ਤੱਕ ਕਿ ਉਹ ਗੁਰੂ ਨਾਨਕ ਦਾ ਵੱਟੇ ਮਾਰਨ ਵਾਲਿਆਂ ਨੂੰ ਵੱਸਦੇ ਰਹਿਣ ਤੇ ਟਹਿਲ-ਸੇਵਾ ਕਰਨ ਵਾਲਿਆਂ ਨੂੰ ਉੱਜੜ ਜਾਣ ਦਾ ਵਰ ਦੇਣ ਵਾਲਾ ਫ਼ਲਸਫ਼ਾ ਵੀ ਭੁੱਲ ਜਾਂਦਾ ਹੈ। 

ਡੇਰੇ ਦਾ ਸਾਈਂ ਜਾਂ ਗੁਰੂ ਦਾ ਦਾਸ?

ਜਿਸ ਤਰ੍ਹਾਂ ਉਹ ਆਪਣੇ ਆਪ ਨੂੰ ਦੁਨੀਆਂ ਸਾਹਮਣੇ ਇਕ ਦਰਵੇਸ਼ ਫ਼ਕੀਰ ਵਾਂਗ ਪੇਸ਼ ਕਰਦਾ ਹੈ, ਉਸ ਤੋਂ ਘਟੋ-ਘਟ ਇਹ ਉਮੀਦ ਤਾਂ ਕੀਤੀ ਹੀ ਜਾ ਸਕਦੀ ਹੈ ਕਿ ਉਹ ਆਪਣਾ ਵਿਰੋਧ ਕਰਨ ਵਾਲਿਆਂ ਬਾਰੇ ਮੰਦੀ ਸ਼ਬਦਾਵਲੀ ਨਾ ਵਰਤੇ, ਉਨ੍ਹਾਂ ਨੂੰ ਦੁਸ਼ਮਨ ਮੰਨਣ ਦੀ ਗੱਲ ਤਾਂ ਦੂਰ ਹੈ। ਇਸ ਗੱਲ ਨਾਲ ਹੀ ਉਸ ਦਾ ਫ਼ਕੀਰੀ ਵਾਲਾ ਦਿਖਾਵੇ ਦਾ ਚੋਲਾ ਉਤਰ ਜਾਂਦਾ ਹੈ। ਇੱਥੋਂ ਇਹ ਵੀ ਸਾਫ਼ ਹੁੰਦਾ ਹੈ ਕਿ ਗੁਰੂਆਂ ਤੇ ਸਿੱਖੀ ਦੇ ਫ਼ਲਸਫ਼ੇ ਨੂੰ ਲੋੜ ਪੈਣ ’ਤੇ ਆਪਣੀ ਸਹੂਲਤ ਅਨੁਸਾਰ ਵਰਤ ਲੈਂਦਾ ਹੈ ਤੇ ਆਪ ਵਿਹਾਰ ਵਿਚ ਇਸ ਨੂੰ ਤਿਲਾਂਜਲੀ ਦੇ ਦਿੰਦਾ ਹੈ। ਇਹ ਗੱਲ ਉਸ ਦੀਆਂ ਅਗਲੀਆਂ ਸਤਰਾਂ ਤੋਂ ਹੋਰ ਵੀ ਸਪੱਸ਼ਟ ਹੋ ਜਾਂਦੀ ਹੈ, ਜਦੋਂ ਉਹ ‘ਜਿੱਥੇ ਲੱਗੀ ਆ ਲੱਗੀ ਰਹਿਣ ਦੇ’ ਵਾਲੇ ਆਪਣੇ ਸਾਂਈ ਜੀ ਨੂੰ ਯਾਦ ਕਰਦਿਆਂ, ਰੋਣਹਾਕਾ ਹੋ ਕੇ ਆਪਣੇ ਮੁਰਸ਼ਦ ਨੂੰ ਮਾਈ ਕਹਿ ਕੇ ਪੁਕਾਰਦਾ ਹੈ ਤੇ ਵਿਰੋਧ ਕਰਨ ਵਾਲਿਆਂ ਵੱਲੋਂ ਸਾਈਂ ਦੀ ਫੋਟੋ ਫੜ੍ਹ ਕੇ ਉਸ ਨਾਲ ਦੁਰ-ਵਿਵਹਾਰ ਕਰਨ ਦਾ ਸੁਆਲ ਖੜ੍ਹਾ ਕਰਦਾ ਹੈ। ਦੇਖੋ ਇਹ ਸਤਰਾਂ-

ਹੱਥ ਫੜ੍ਹ ਕੇ ਫੋਟੋ ਸਾਂਈ ਦੀ, ਮੇਰੀ ਮਾਈ ਦੀ, ਜੋ ਕੀਤਾ ਦੁਰ-ਵਿਵਹਾਰ

ਮੇਰੀ ਮਾਂ ਨੂੰ ਗਾਲ੍ਹਾਂ ਕੱਢੀਆਂ, ਕਹਿੰਦੇ ਜੰਮਿਆ ਪੁੱਤ ਗੱਦਾਰ ਨੀ

ਮਾਂ ਨੂੰ ਗੱਦਾਰ ਪੁੱਤ ਜੰਮਣ ਵਾਲੀ ਸਤਰ ਜਿਸ ਤਰ੍ਹਾਂ ਗੁਰਦਾਸ ਮਾਨ ਨੇ ਗਾਈ ਹੈ, ਉਹ ਸਚਮੁੱਚ ਲੂੰ ਕੰਢੇ ਖੜ੍ਹੇ ਕਰਦੀ ਹੈ ਤੇ ਸੋਚਣ ਲਈ ਮਜਬੂਰ ਕਰਦੀ ਹੈ ਕਿ ਪੁੱਤਰਾਂ ਦੀ ਗ਼ਲਤੀ ਲਈ ਮਾਵਾਂ ਨੂੰ ਮੰਦਾ-ਚੰਗਾ ਬੋਲਣਾ ਕਿੰਨਾ ਕੁ ਜਾਇਜ਼ ਹੈ?

ਖ਼ੈਰ, ਇਸ ਤੋਂ ਬਾਅਦ ਉਹ ਦੋਵੇਂ ਹੱਥਾਂ ਦੀ ਬੁੱਕ ਬਣਾ ਕੇ ਉਸ ਵਿਚ ਆਪਣੀ ਕਲਮ ਰੱਖ ਕੇ ਬਾਉਲੀ ਵਿਚ ਤਾਰਨ ਲਈ ਹੱਥ ਅੱਗੇ ਵਧਾਉਂਦਾ ਹੈ।  ਇਸ ਦੌਰਾਨ ਪਿੱਛੇ ਖੜ੍ਹੇ ਦਸਤਾਰਾਂ ਵਾਲੇ ਨੌਜਵਾਨ ਗੁਰਦਾਸ ਵੱਲੋਂ ਕਲਮ ਸੁੱਟੇ ਜਾਣ ਲਈ ਤਿਆਰ ਹੋਣ ’ਤੇ ਤਾੜੀ ਮਾਰ ਕੇ ਖ਼ੁਸ਼ੀ ਮਨਾਉਂਦੇ ਦਿਖਾਏ ਗਏ ਹਨ। ਉਨ੍ਹਾਂ ਵਿਚੋਂ ਚਾਰ ਮੁੰਡਿਆਂ ਦੇ ਹੱਥ ਵਿਚ ‘ਆਪਣੀ ਕਲਮ ਖੂਹ ਵਿਚ ਸੁੱਟ ਦੇ’ ਵਾਲੀਆਂ ਦੋ ਤਖ਼ਤੀਆਂ ਫੜੀਆਂ ਦਿਖਾਈਆਂ ਗਈਆਂ ਹਨ ਤੇ ਇਕ ਮੁੰਡਾ ਗੁਰਦਾਸ ਮਾਨ ਮੁਰਦਾਬਾਦ ਵਾਲੀ ਤਖਤੀ ਫੜੀ ਖੜ੍ਹਾ ਹੈ। ਆਪਣੇ ਸਾਈਂ ਲਈ ਤਰਲਾ ਮਾਰਨ ਤੋਂ ਬਾਅਦ ਇਨ੍ਹਾਂ ਦ੍ਰਿਸ਼ਾਂ ਰਾਹੀਂ ਗੁਰਦਾਸ ਮਾਨ ਕੀ ਦਰਸਾਉਣਾ ਚਾਹੁੰਦਾ ਹੈ?

ਗੁਰਦਾਸ ਜੀ ਕੀ ਦਸਤਾਰਾਂ ਵਾਲੇ ਤੁਹਾਡੇ ਤੋਂ ਕਲਮ ਛੁਡਾਉਣਾ ਚਾਹੁੰਦੇ ਹਨ ਜਾਂ ਉਸ ਕਲਮ ਨਾਲ ਲਿਖਿਆ ਦੋ ਹਰਫ਼ੀ ਮੁਆਫ਼ੀਨਾਮਾ ਚਾਹੁੰਦੇ ਹਨ? ਵਿਚਾਰ ਕਰਿਓ!

ਮੈਂ ਗਾਲ੍ਹ ਕਿਉਂ ਨਾ ਕੱਢਾਂ?

ਆਪਣਾ ਇਹ ਸਾਰਾ ਦੁੱਖ ਦੱਸਣ ਤੋਂ ਬਾਅਦ, ਉਹ ‘ਬੱਤੀ’ ਵਾਲੀ ਗਾਲ੍ਹ ਕੱਢਣ ਲਈ ਆਪਣੀ ਸਫ਼ਾਈ ਇਨ੍ਹਾਂ ਸਤਰਾਂ ਰਾਹੀਂ ਪੇਸ਼ ਕਰਦਾ ਹੈ-

ਮੈਨੂੰ ਕਿਉਂ ਨਾ ਗੁੱਸਾ ਆਂਵਦਾ, ਮੂੰਹੋਂ ਕਿਉਂ ਨਾ ਨਿਕਲਦੀ ਗਾਲ੍ਹ

ਇਸ ਤਰ੍ਹਾਂ ਉਹ ਵਿਰੋਧ ਕਰਨ ਵਾਲਿਆਂ ’ਤੇ ਦੁਸ਼ਮਨ ਦਾ ਠੱਪਾ ਲਾਉਣ, ਉਨ੍ਹਾਂ ਨੂੰ ਕਲਮ ਸੁੱਟਣ ਲਈ ਮਜਬੂਰ ਕਰਨ ਲਈ ਜ਼ਿੰਮੇਵਾਰ ਠਹਿਰਾਉਣ ਤੋਂ ਬਾਅਦ, ਉਹ ਭਰੇ ਪੰਡਾਲ ਵਿਚ ਆਪਣੀ ਕੱਢੀ ਗਈ ਗਾਲ੍ਹ ਨੂੰ ਜਾਇਜ਼ ਠਹਿਰਾਉਂਦਾ ਹੈ।  ਪਰ ਆਪਣੀ ਕੱਢੀ ਹੋਈ ਗਾਲ੍ਹ ਨੂੰ ਗਲ਼ਤੀ ਨਹੀਂ ਮੰਨਦਾ, ਬਲਕਿ ਸੁਆਲ ਕਰਦਾ ਹੈ ਕਿ ਉਸ ਦੇ ਮੂੰਹੋ ਗਾਲ੍ਹ ਕਿਸੇ ਸਾਜਿਸ਼ ਅਧੀਨ ਤਾਂ ਨਹੀਂ ਕਢਵਾਈ ਗਈ। ਸਤਰਾਂ ਦੇਖੋ-

ਮੈਂ ਆਪਣੀ ਮਾਂ ਨੂੰ ਪੁੱਛਿਆ, ਕਰ ਸੁਪਨੇ ਵਿਚ ਸੁਆਲ
ਇਹ ਕੀ ਹੋਇਆ, ਕਿਉਂ ਹੋ ਗਿਆ, ਛੜਯੰਤਰ ਸੀ ਜਾਂ ਚਾਲ

ਇਸ ਤਰ੍ਹਾਂ ਗੁਰਦਾਸ ਮਾਨ ਆਪਣੇ ਗੁੱਸੇ ’ਤੇ ਕਾਬੂ ਨਾ ਰੱਖ ਸਕਣ ਨੂੰ ਵੀ ਕਿਸੇ ਹੋਰ ਦੀ ਸਾਜਿਸ਼ ਬਣਾਉਣ ਦੀ ਕੋਸ਼ਿਸ਼ ਕਰਦਾ ਹੈ, ਪਰ ਸਵਾਲੀਆ ਚਿੰਨ੍ਹ ਲਾ ਕੇ ਇਸ ਨੂੰ ਆਪ ਹੀ ਰੱਦ ਵੀ ਕਰ ਦਿੰਦਾ ਹੈ। ਇਸ ਤਰ੍ਹਾਂ ਕਰਨਾ ਲਾਜ਼ਮੀ ਸੀ ਕਿਉਂਕਿ ਅਗਲੀ ਹੀ ਸਤਰ ਵਿਚ ਉਹ ਆਪਣੇ ਮੂੰਹੋ ਨਿਕਲੀ ਗਾਲ੍ਹ ਤੇ ਉਸ ਵਿਚੋਂ ਪੈਦਾ ਹੋਏ ਵਿਵਾਦ ਨੂੰ ਲੇਖਾਂ ਵਿਚ ਪਹਿਲਾਂ ਤੋਂ ਲਿਖੀ ਹੋਈ ਹੋਣੀ ਦੱਸਦਾ ਹੈ, ਜਿਸ ਨੂੰ ਟਾਲਿਆ ਨਹੀਂ ਜਾ ਸਕਦਾ ਸੀ।  ਇਹ ਗੱਲ ਵੀ ਉਹ ਆਪਣੇ ਮੂੰਹੋ ਕਹਿਣ ਦੀ ਬਜਾਇ ਆਪਣੀ ਮਾਂ ਦੇ ਮੂੰਹੋ ਸੁਪਨੇ ਵਿਚ ਬੁਲਾ ਕੇ ਇਨ੍ਹਾਂ ਸਤਰਾਂ ਰਾਹੀਂ ਪੇਸ਼ ਕਰਦਾ ਹੈ-

ਮਾਂ ਕਹਿੰਦੀ ਪੁੱਤ ਇਹ ਹੋਣੀ ਸੀ, ਹੋਣੀ ਕੋਈ ਨਹੀਂ ਸਕਦਾ ਟਾਲ

ਜਿਉਂ ਹੀ ਗੁਰਦਾਸ ਮਾਨ ਆਪਣੀ ਕਲਮ ਪਾਣੀ ਦੇ ਹਵਾਲੇ ਕਰਨ ਲੱਗਦਾ ਹੈ, ਸੁਪਨੇ ਵਿਚੋਂ ਮਾਂ ਪ੍ਰਤੱਖ ਸਾਹਮਣੇ ਆ ਕੇ, ਉਸ ਨੂੰ ਰੋਕ ਲੈਂਦੀ ਹੈ। ਉਸ ਨੂੰ ਉਸ ਦੀ ਜਾਣੀ-ਪਛਾਣੀ ਝਾਲਰਾਂ-ਮੋਤੀਆਂ ਵਾਲੀ ਜੈਕਟ ਪਵਾਉਂਦੀ ਹੈ।  ਜੋ ਇਸ ਗੱਲ ਦਾ ਐਲਾਨ ਹੈ ਕਿ ਨਾ-ਟਾਲਣਯੋਗ ਹੋਣੀ ਵਾਪਰ ਚੁੱਕੀ ਹੈ।  ਜਿੰਨਾਂ ਵਿਰੋਧ ਹੋਣਾ ਸੀ ਹੋ ਚੁੱਕਾ ਹੈ।  ਪੁੱਤ ਗੁਰਦਾਸ ਵਿਚ ਵਿਰੋਧ ਦੇ ਦਬਾਅ ਹੇਠ ਆ ਕੇ ਆਪਣੀ ਕਲਮ ਦੇ ਫੁੱਲ ਨਾ ਤਾਰ। ਇਸ ਤੋਂ ਬਾਅਦ ਕਲਮ ਗੁਰਦਾਸ ਦੇ ਹੱਥੋਂ ਫੜ੍ਹ ਕੇ ਉਸ ਦੇ ਕਮਰ-ਕੱਸੇ ਵਿਚ ਟੰਗ ਦਿੰਦੀ ਹੈ। ਦੋਵਾਂ ਹੱਥਾਂ ਨਾਲ ਮੱਥਾ ਪਲੋਸ ਕੇ ਅਸੀਸ ਦਿੰਦੀ ਹੈ।

ਸਾਰੇ ਗੁਨਾਹ ਮੁਆਫ਼!

ਪ੍ਰਤੀਕ ਰੂਪ ਵਿਚ ਇਹ ਐਲਾਨ ਹੈ ਕਿ ਵਿਵਾਦ ਤੋਂ ਬਾਅਦ ਸਟੇਜ ਤੇ ਜਨਤਕ ਜੀਵਨ ਤੋਂ ਕਰੀਬ ਦੋ ਸਾਲ ਦੂਰ ਰਹਿਣ ਤੋਂ ਬਾਅਦ ਮਾਨ, ਆਪਣੇ ਪੁਰਾਣੇ ਰੂਪ ਵਿਚ ਤਿਆਰ ਹੋ ਕੇ ਵਾਪਸ ਆ ਗਿਆ ਹੈ। ਉਸ ਦੀ ਮਾਂ ਨੇ ਆਪ ਕੂੜੇ ਵਿਚੋਂ ਚੁਗ ਕੇ ਉਸ ਦੇ ਰੁਲੇ ਹੋਏ ਸਿਤਾਰੇ-ਮੋਤੀ ਜੜ੍ਹ ਕੇ ਉਸ ਲਈ ਉਸ ਦੀ ਰੰਗਲੀ ਜੈਕਟ ਫੇਰ ਤਿਆਰ ਕਰ ਦਿੱਤੀ ਹੈ।  ਯਾਨੀ ਉਸ ਦਾ ਰੁਲਿਆ ਹੋਇਆ ਅਕਸ ਫੇਰ ਤੋਂ ਰੰਗਲਾ ਕਰ ਦਿੱਤਾ ਹੈ। ਉਸ ਦੀ ਕਲਮ ਨੂੰ ਮੁੜ ਸੁਰਜੀਤ ਕਰਨ ਦੀ ਅਸੀਸ ਦੇ ਦਿੱਤੀ ਹੈ।

ਮਾਂ ਤੋਂ ਕਲਮ-ਜੈਕਟ ਦੀ ਅਸੀਸ ਲੈ ਕੇ, ਉਹ ਸਿਰ ਉੱਚਾ ਕਰਕੇ ਵਾਪਸ ਬਾਉਲੀ ਦੀਆਂ ਪੌੜ੍ਹੀਆਂ ਚੜ੍ਹਨ ਲੱਗਦਾ ਹੈ।  ਮਾਂ ਆਪ ਬਾਂਹ ਫੜ੍ਹ ਕੇ ਉਸ ਨੂੰ ਵਾਪਸ ਲੈ ਕੇ ਜਾਂਦੀ ਹੈ। ਇਸ ਤਰ੍ਹਾਂ ਮਾਂ ਹੋਣੀ ਦਾ ਹਵਾਲਾ ਦੇ ਕੇ ਗੁਰਦਾਸ ਪੁੱਤਰ ਨੂੰ ਕਲਮੀ ਖ਼ੁਦਕੁਸ਼ੀ ਕਰਨ ਤੋਂ ਰੋਕ ਦਿੰਦੀ ਹੈ। ਅਗਲੀ ਦ੍ਰਿਸ਼ ਵਿਚ ਸੁਪਨੇ ਵਿਚ ਆਈ ਮਾਂ ਗਾਇਬ ਹੋ ਜਾਂਦੀ ਹੈ ਤੇ ਗੁਰਦਾਸ ਇਕੱਲਾ ਹੀ ਦਗ਼ਦਾ ਚਿਹਰਾ ਲੈ ਕੇ ਪੌੜੀਆਂ ਚੜ੍ਹ ਰਿਹਾ ਹੈ। 

ਉਸ ਨੂੰ ਇੰਝ ਮੁੜਦਾ ਵੇਖ ਵਿਰੋਧ ਕਰਨ ਵਾਲੀ ਭੀੜ ਫੇਰ ਰੋਹ ਵਿਚ ਆ ਕੇ ਬਨੇਰਿਆਂ ਤੋਂ ਉੱਤਰ ਕੇ ਉੱਪਰ ਵਾਲੀ ਪੌੜੀ ’ਤੇ ਨਾਕਾ ਲਾ ਕੇ ਖੜ੍ਹ ਗਈ ਹੈ। ਇਸ ਦੌਰਾਨ ਇਕ ਤਖ਼ਤੀ ਨੂੰ ਜ਼ੋਰ ਦੇ ਕੇ ਕਈ ਵਾਰ ਦਿਖਾਇਆ ਗਿਆ ਹੈ, ਜਿਸ ’ਤੇ ਲਿਖਿਆ ਹੈ ‘ਤੇਰਾ ਨਾਮ ਅਸੀਂ ਮਿੱਟੀ ਵਿਚ ਮਿਲਾ ਦੇਵਾਂਗਾ’ ਜੋ ਆਗੂ ਨਜ਼ਰ ਆਉਂਦੇ ਸਾਬਤ-ਸੂਰਤ ਭਾਈ ਨੇ ਫੜੀ ਹੋਈ ਹੈ।

ਕੀ ਸੱਚਮੁੱਚ ਗੁਰਦਾਸ ਮਾਨ ਦਾ ਵਿਰੋਧ ਕਰਨ ਵਾਲੇ ਕਿਸੇ ਆਗੂ ਜਾਂ ਗਰੁੱਪ ਨੇ ਕਦੇ ਉਸ ਦਾ ਨਾਮ ਮਿੱਟੀ ਵਿਚ ਰੋਲਣ ਵਾਲੀ ਗੱਲ ਕਹੀ ਹੈ? ਜਿੱਥੇ ਤੱਕ ਮੇਰੀ ਸਮਝ ਹੈ ਗੁਰਦਾਸ ਦਾ ਵਿਰੋਧ ਇਕ ਦੇਸ ਇਕ ਭਾਸ਼ਾ ਵਾਲੇ ਬਿਆਨ ਕਰਕੇ ਸੀ। ਉਸ ਤੋਂ ਬਾਅਦ ਉਸ ਵੱਲੋਂ ‘ਬੱਤੀ’ ਵਾਲੀ ਗਾਲ੍ਹ ਕੱਢਣ ਕਰਕੇ ਇਹ ਵਿਰੋਧ ਹੋਰ ਵੀ ਤਿੱਖਾ ਹੋ ਗਿਆ ਸੀ।  ਪਰ ਕਿਸੇ ਨੇ ਇਸ ਵਿਰੋਧ ਦੌਰਾਨ ਉਸ ਦਾ ਨਾਮ ਮਿੱਟੀ ਵਿਚ ਮਿਲਾਉਣ ਦੀ ਗੱਲ ਕਹੀ ਹੋਵੇ ਲੱਗਦਾ ਨਹੀਂ। ਬਤੌਰ ਕਲਾਕਾਰ ਕੋਈ ਉਸ ਦੇ ਨਾਮ-ਸ਼ੌਹਰਤ ਦਾ ਵਿਰੋਧੀ ਸੀ, ਇਸ ਦਾ ਕੋਈ ਪ੍ਰਮਾਣ ਸਾਹਮਣੇ ਨਹੀਂ ਆਇਆ। ਜਦੋਂ ਦਾ ਵਿਵਾਦ ਸ਼ੁਰੂ ਹੋਇਆ ਸੀ, ਸੁਹਿਰਦ ਪੰਜਾਬੀਆਂ ਨੇ ਗੁਰਦਾਸ ਵੱਲੋਂ ਸਿਰਫ਼ ਮੁਆਫ਼ੀ ਮੰਗ ਲਏ ਜਾਣ ਦੀ ਉਮੀਦ ਕੀਤੀ ਸੀ।

ਇਹ ਸੱਚ ਹੈ ਕਿ ਇਕ ਖ਼ਾਸ ਡੇਰੇ ਨਾਲ ਜੁੜੇ ਹੋਣ ਕਰਕੇ ਕੁਝ ਹਲਕਿਆਂ ਨੇ ਗੁਰਦਾਸ ਮਾਨ ’ਤੇ ਆਪਣੀ ਸ਼ੌਹਰਤ ਦਾ ਇਸਤੇਮਾਲ ਪੰਜਾਬ ਵਿਚ ਡੇਰਾਵਾਦ ਵਧਾਉਣ ਲਈ ਕਰਨ ਦਾ ਸਖ਼ਤ ਇਤਰਾਜ਼ ਜ਼ਰੂਰ ਜਤਾਇਆ ਸੀ। ਨਾਲ ਹੀ ਸਲਾਹ ਦਿੱਤੀ ਸੀ ਖ਼ੁਦ ਨੂੰ ਗੁਰੂ ਦਾ ਦਾਸ ਕਹਾਉਣ ਵਾਲਾ ਗੁਰਦਾਸ ਡੇਰਿਆਂ ਦਾ ਖਹਿੜਾ ਛੱਡ ਕੇ ਗੁਰੂ ਦੀ ਸ਼ਰਨ ਵਿਚ ਆ ਜਾਵੇ। ਜਿਸ ਦੇ ਜੁਆਬ ਗੁਰਦਾਸ ਮਾਨ ਨੇ ‘ਜਿੱਥੇ ਲੱਗੀ ਆ ਤਾਂ ਸਾਡੀ ਲੱਗੀ ਰਹਿਣਦੇ’ ਗੀਤ ਲਿਖ ਕੇ ਦਿੱਤਾ ਸੀ। ਪਰ ਕੀ ਇਸ ਗੱਲ ਕਰਕੇ ਗੁਰਦਾਸ ਦਾ ਨਾਮ ਮਿੱਟੀ ਵਿਚ ਮਿਲਾ ਦੇਣਾ ਚਾਹੁੰਦਾ ਸੀ, ਇਹ ਸੁਆਲ ਬਹੁਤ ਗੁੰਝਲਦਾਰ ਹੈ। ਇੰਝ ਲੱਗਦਾ ਹੈ ਕਿ ਇਸ ਗੀਤ ਰਾਹੀਂ ਗੁਰਦਾਸ ਨੇ ਇਸ ਮਸਲੇ ਨੂੰ ਹੋਰ ਉਲਝਾ ਲਿਆ ਹੈ।

ਵੀਡਿਓ ਵਿਚ ਅੱਗੇ ਦੇਖਦੇ ਹਾਂ ਤਾਂ ਗੁਰਦਾਸ ਸਿਖਰਲੀ ਪੌੜੀ ’ਤੇ ਪਹੁੰਚਦਾ ਹੈ ਤਾਂ ਸਿਆਣੇ ਨਜ਼ਰ ਆਉਂਦੇ ਲੰਮੀ ਦਾਹੜੀ ਵਾਲੇ ਉਸ ਆਗੂ ਭਾਈ ਵੱਲ ਇਕ ਪਰਚੀ ਵਧਾਉਂਦਾ ਹੈ।  ਜਿਸ ਨੂੰ ਲੈਣ ਤੋਂ ਇਨਕਾਰ ਕਰਦਾ ਹੋਇਆ ਉਹ ਭਾਈ ਹੱਥ ਮਾਰ ਕੇ ਪਰਚੀ ਹੇਠਾਂ ਸੁੱਟ ਦਿੰਦਾ ਹੈ। ਇਸ ਤਰ੍ਹਾਂ ਇਕ ਵਾਰ ਫ਼ੇਰ ਇਕ ਸਾਬਤ-ਸੂਰਤ ਆਗੂ ਨੂੰ ਸੰਵਾਦ ਕਰਨ ਤੋਂ ਇਨਕਾਰੀ ਕੱਟੜ ਵਿਰੋਧੀ ਵੱਜੋਂ ਦਰਸਾਇਆ ਗਿਆ ਹੈ।

ਬੋਲੇ ਸੋ ਨਿਹਾਲ!

ਇਸ ਵਾਰ ਗੁਰਦਾਸ ਉਸ ਦੇ ਗੁੱਸੇ ਅੱਗੇ ਝੁਕਣ ਵਾਲਾ ਨਹੀਂ ਹੈ।  ਮਾਂ ਤੋਂ ਮਿਲੇ ਥਾਪੜੇ ਤੋਂ ਬਾਅਦ ਉਹ ਅੱਖਾਂ ਵਿਚ ਮਾਣ ਭਰ ਕੇ ਉਸ ਆਗੂ ਵੱਲ ਮੁਸਕੜੀਏ ਦੇਖਦਾ ਹੈ ਤੇ ਉਸ ਦੇ ਨਾਲ ਖੜ੍ਹੇ ਇਕ ਨਵੀਂ ਉਮਰ ਦੇ ਪਰਨੇ ਵਾਲੇ ਸਰਦਾਰ ਮੁੰਡੇ ਦਾ ਮੂੰਹ ਪਲੋਸਦਾ ਹੈ, ਜੋ ਮਾਨ ਵੱਲ ਮਾਸੂਮੀਅਤ ਭਰੀਆਂ ਸਵਾਲੀਆਂ ਨਜ਼ਰਾਂ ਨਾਲ ਦੇਖ ਰਿਹਾ ਹੈ। ਉਸ ਨੂੰ ਗੁਜ਼ਾਰਿਸ਼ ਭਰੀ ਤੱਕਣੀ ਨਾਲ ਤੱਕਦੇ ਹੋਏ ਇਸ ਸਤਰ ਦੇ ਨਾਲ ਸਮਝੌਤੀ ਦਿੰਦਾ ਹੈ-

ਉੱਥੇ ਮੁਰਦਾਬਾਦ ਨੀ ਬੋਲਦੀ ਜਿੱਥੇ ਬੋਲੇ ਸੋ ਨਿਹਾਲ

ਇਸ ਸਤਰ ਰਾਹੀਂ ਉਹ ਨਵੀਂ ਪੀੜ੍ਹੀ ਦੇ ਪਰਨੇ ਵਾਲੇ ਨੌਜਵਾਨ ਨੂੰ ਇਸ਼ਾਰਾ ਕਰਦਾ ਹੈ ਕਿ ਮੁਰਦਾਬਾਦ ਬੋਲਣ ਵਾਲੇ, ਸਹਿਜ ਤੋਂ ਕੋਰੇ, ਸੰਵਾਦ ਤੋਂ ਭੱਜਣ ਵਾਲੇ ਆਗੂ ਨਹੀਂ ਹੋ ਸਕਦੇ। ਤੂੰ ਇਹ ਪਰਚੀ ਚੁੱਕ ’ਤੇ ਬੋਲੇ ਸੋ ਨਿਹਾਲ ਹੋ ਜਾ।  ਇਹ ਸਤਰ ਬੋਲਦਿਆਂ ਗੁਰਦਾਸ ਮਾਨ ਬੋਲੇ ਸੋ ਨਿਹਾਲ ਦਾ ਜ਼ੈਕਾਰਾ ਅਲਾਪ ਦੇ ਨਾਲ ਗੂੰਜਾ ਦਿੰਦਾ ਹੈ। 

ਮੀਂਹ ਪੈਣ ਲੱਗ ਜਾਂਦਾ ਹੈ।  ਵਿਰੋਧ ਕਰਨ ਵਾਲੇ ਮੀਂਹ ਵਿਚ ਭਿੱਜ ਜਾਂਦੇ ਹਨ। ਪ੍ਰਤੀਕਾਤਮਕ ਤੌਰ ’ਤੇ ਉਹ ਗੁਰਦਾਸ ਮਾਨ ਦੀ ਬੋਲੇ ਸੋ ਨਿਹਾਲ ਪ੍ਰਤੀ ਸ਼ਰਧਾ ਤੇ ਸੁਭਾਅ ਦੀ ਹਲੀਮੀ ਦੀ ਬਾਰਿਸ਼ ਵਿਚ ਭਿੱਜ ਜਾਂਦੇ ਹਨ।  ਗੁਰਦਾਸ ਦੇ ਮੂੰਹੋਂ ਨਿਕਲੇ ‘ਬੋਲੇ ਸੋ ਨਿਹਾਲ’ ਦੇ ਜੈਕਾਰੇ ਨਾਲ ਹੋਈ ਵਰਖਾ ਨਾਲ ਸਭ ਦੇ ਮਨ ਧੋਤੇ ਜਾਂਦੇ ਹਨ। ਸਾਰਿਆਂ ਦੇ ਸਿਰ ਝੁਕ ਜਾਂਦੇ ਹਨ।  ਹੱਥ ਜੁੜ ਜਾਂਦੇ ਹਨ।

ਇਸ ਦੇ ਨਾਲ ਹੀ ਕੰਧ ’ਤੇ ਕੋਲੇ ਨਾਲ ਲਿਖਿਆ, ‘ਮਾਨਾਂ ਆਪਣੀ ਕਲਮ ਖੂਹ ਵਿਚ ਸੁੱਟ ਦੇ’ ਮੀਂਹ ਨਾਲ ਧੋਤਾ ਜਾਂਦਾ ਹੈ। ਉਸੇ ਮੀਂਹ ਵਿਚ ਉਸ ਖ਼ਿਲਾਫ਼ ਨਾਰੇਬਾਜ਼ੀ ਕਰ ਰਹੇ ਨੌਜਵਾਨ ਵੀ ਭਿੱਜ ਜਾਂਦੇ ਹਨ।  ਉਨ੍ਹਾਂ ਹੱਥ ਫੜੀਆਂ ਤਖ਼ਤੀਆਂ ’ਤੇ ਮਾਨ ਦਾ ਨਾਮ ਮਿੱਟੀ ਵਿਚ ਮਿਲਾਉਣ ਦੇ ਨਾਅਰੇ ਵੀ ਧੋਤੇ ਜਾਂਦੇ ਹਨ। ਗੁਰਦਾਸ ਦੀ ਬਾਂਹ ਜੈਕਾਰੇ ਨਾਲ ਇਕ ਦਾ ਇਸ਼ਾਰਾ ਕਰਦੀ ਹੋਈ ਆਸਮਾਨ ਵੱਲ ਖੜ੍ਹੀ ਹੈ।  ਦ੍ਰਿਸ਼ ਫ੍ਰੀਜ਼ ਹੋ ਜਾਂਦਾ ਹੈ।

ਪਰਚੀਆਂ ਦਾ ਭੇਤ!

ਇੱਥੋਂ ਹੀ ਪਰਚੀਆਂ ਖੁੱਲ੍ਹਣੀਆਂ ਸ਼ੁਰੂ ਹੁੰਦੀਆਂ ਹਨ।  ਨਾਲ ਹੀ ਇਕ-ਇਕ ਕਰਕੇ ਪਰਚੀਆਂ ਦਾ ਰਾਜ਼ ਵੀ ਖੁੱਲ੍ਹਦਾ ਹੈ।  ਪਹਿਲੀ ਪਰਚੀ ਬੂਟ ਪਾਲਸ਼ ਕਰਨ ਵਾਲੇ ਮੁੰਡੇ ਦੀ ਖੁੱਲ੍ਹਦੀ ਹੈ, ਜਿਸ ’ਤੇ ਲਿਖਿਆ ਹੈ ‘ਰੋਟੀ ਹੱਕ ਦੀ ਖਾਈਏ ਜੀ, ਭਾਵੇਂ ਬੂਟ ਪਾਲਸ਼ਾਂ ਕਰੀਏ’।  ਅਗਲੀ ਪਰਚੀ ਪ੍ਰੋਫੈਸਰ ਜਗਰੂਪ ਦੀ ਖੁੱਲ੍ਹਦੀ ਹੈ ਤੇ ਉਸ ਨੂੰ ਦੱਸਦੀ ਹੈ, ‘ਬੇ-ਕਦਰੇ ਲੋਕਾਂ ਵਿਚ, ਕਦਰ ਗਵਾ ਲਏਂਗਾ’। ਇੱਥੇ ਗੁਰਦਾਸ ਇਕ ਵਾਰ ਫੇਰ ਆਪਣੀ ਹੋਣੀ ਵੱਲ ਇਸ਼ਾਰਾ ਕਰਕੇ ਉਸ ਦੇ ਹਿੰਦੀ-ਪ੍ਰਸਤੀ ਵਾਲੇ ਬਿਆਨ ਤੇ ਬੱਤੀ ਵਾਲੀ ਗਾਲ੍ਹ ਦਾ ਵਿਰੋਧ ਕਰਨ ਵਾਲਿਆਂ ਨੂੰ ਬੇਕਦਰੇ ਦਾ ਤਗਮਾ ਦੇਣ ਤੋਂ ਗੁਰੇਜ਼ ਨਹੀਂ ਕਰਦਾ।  

ਅਗਲੀ ਪਰਚੀ ਫ਼ੌਜੀ ਪੁੱਤ ਦੀ ਮਾਂ ਖੋਲ੍ਹਦੀ ਹੈ ਜੋ ‘ਸਰਬੰਸ ਦਾਨੀਆਂ ਵੇ ਦੇਣਾ ਕੌਣ ਦੇਊਗਾ ਤੇਰਾ’ ਚੇਤੇ ਕਰਵਾਉਂਦੀ ਹੈ ਤੇ ਫ਼ੌਜ ਵਿਚ ਸ਼ਹੀਦ ਹੋਏ ਘਰ ਦੇ ਬੰਦਿਆਂ ਦੀ ਤਸਵੀਰ ਸਾਹਮਣੇ ਖੜ੍ਹੀ ਮਾਂ ਆਪਣੇ ਅੱਥਰੂ ਪੂੰਝ ਦਿੰਦੀ ਹੈ।  ਫੇਰ ਪਰਚੀ ਖੋਲ੍ਹਣ ਦੀ ਵਾਰੀ ਅੰਗਰੇਜ਼ੀ ਮੀਡੀਅਮ ਸਕੂਲ ਵਿਚ ਪੜ੍ਹਦੇ ਉਸ ਬੱਚੇ ਦੀ ਆਉਂਦੀ ਹੈ, ਜਿਹੜਾ ਪੰਜਾਬੀ ਮੀਡੀਅਮ ਸਕੂਲ ਵਿਚ ਪੜ੍ਹਦੇ ਬੱਚੇ ਦਾ ਮਜ਼ਾਕ ਉਡਾਉਂਦਾ ਹੈ।  ਮੀਂਹ ਵਿਚ ਇਕੱਲਾ ਛੱਤਰੀ ਤਾਣੀ ਬੈਠਾ ਇਹ ਅੰਗਰੇਜ਼ੀ ਮੀਡੀਅਮ ਵਾਲਾ ਬੱਚਾ ਪਰਚੀ ਵਿਚ ‘ਪੰਜਾਬੀ ਜ਼ਬਾਨੇ ਨੀ ਰਕਾਨੇ ਮੇਰੇ ਦੇਸ ਦੀਏ’ ਪੜ੍ਹ ਕੇ ਨਾਲ ਬੈਠੇ ਮੀਂਹ ਵਿਚ ਭਿੱਜਦੇ ਪੰਜਾਬੀ ਮੀਡੀਅਮ ਵਾਲੇ ਬੱਚੇ ਨੂੰ ਵੀ ਛੱਤਰੀ ਹੇਠ ਲੈ ਲੈਂਦਾ ਹੈ। ਮਿੱਟੀ ਨਾਲ ਮੂੰਹ ਲਬੇੜੀ ਖੜ੍ਹੀ ਨਿੱਕੀ ਜਿਹੀ ਬਾਲੜੀ ਦੀ ਪਰਚੀ ਖੁੱਲ੍ਹ ਕੇ ਉਸ ਨੂੰ ਕਹਿੰਦੀ ਹੈ, ‘ਕੁੜੀਏ ਕਿਸਮਤ ਪੁੜੀਏ ਤੈਨੂੰ ਐਨਾ ਪਿਆਰ ਦਿਆਂ’। 

ਇੱਥੋਂ ਦ੍ਰਿਸ਼ ਵਾਪਸ ਉੱਥੇ ਹੀ ਆਉਂਦਾ ਹੈ, ਜਿੱਥੇ ਬੋਲੇ ਸੋ ਨਿਹਾਲ ਦੇ ਜੈਕਾਰੇ ਨਾਲ ਗੁਰਦਾਸ ਮਾਨ ਦੀ ਬਾਂਹ ਖੜ੍ਹੀ ਹੈ।  ਫ਼੍ਰੀਜ਼ ਹੋਇਆ ਦ੍ਰਿਸ਼ ਚੱਲ ਪੈਂਦਾ ਹੈ।  ਬਾਂਹ ਥੱਲੇ ਜਾਂਦੀ ਹੈ ਤੇ ਮਾਨ ਵਿਰੋਧ ਕਰਨ ਵਾਲਿਆਂ ਮੁੰਡਿਆਂ ਦੀ ਕਤਾਰ ਨੂੰ ਥਾਏਂ ਖੜ੍ਹਾ ਛੱਡ ਉੱਪਰਲੀਆਂ ਪੌੜੀਆਂ ਚੜ੍ਹਨ ਲੱਗਦਾ ਹੈ। ਹੌਲੀ ਉਮਰ ਦਾ ਪਰਨੇ ਵਾਲਾ ਮੁੰਡਾ ਆਗੂ ਭਾਈ ਵੱਲੋਂ ਹੱਥ ਮਾਰ ਕੇ ਸੁੱਟੀ ਹੋਈ ਮਾਨ ਦੀ ਦਿੱਤੀ ਪਰਚੀ ਚੁੱਕਦਾ ਹੈ।  ਪਰਚੀ ਖੋਲ੍ਹਦਾ ਹੈ, ਜਿਸ ਵਿਚ ਲਿਖਿਆ ਹੈ-

ਮਾਂ ਮੇਰੀ ਨੇ ਮਿੱਟੀ ਜੰਮੀ
ਨਾਂ ਰੱਖਿਆ ਮਰਜਾਣਾ

ਇੱਥੇ ਪਰਨੇ ਵਾਲੇ ਮੁੰਡੇ ਦਾ ਮੂੰਹ ਪਲੋਸਣ ਤੇ ਆਗੂ ਭਾਈ ਵੱਲ ਮੁਸਕੜੀਏ ਝਾਕਣ ਦਾ ਰਾਜ਼ ਖੁੱਲ੍ਹਦਾ ਹੈ।  ਦਰਅਸਲ ਗੁਰਦਾਸ ਮਾਨ ਦਾ ਇਹ ਇਸ਼ਾਰਾ ਹੁੰਦਾ ਹੈ ਕਿ ਤੁਸੀਂ ਭਾਵੇਂ ਵਿਰੋਧ ਕਰੀ ਜਾਓ, ਪਰ ਤੁਹਾਡੀ ਨਵੀਂ ਪੀੜ੍ਹੀ ਨੂੰ ‘ਮਾਣ ਮਰਜਾਣੇ’ ਦੀ ਹਲੀਮੀ ਬਾਰੇ ਪਤਾ ਹੈ। ਉਹ ਤੁਹਾਡੀਆਂ ਗੱਲਾਂ ਵਿਚ ਨਹੀਂ ਆਵੇਗੀ, ਬਲਕਿ ਮੇਰੀਆਂ ਪਰਚੀਆਂ ਵਿਚਲੇ ਸੱਚ ਨਾਲ ਖੜ੍ਹੇਗੀ।

ਗੁਰਦਾਸ ਮਾਨ ਦਰਸਾਉਂਦਾ ਹੈ ਕਿ ਪਰਚੀਆਂ ਵਿਚਲਾ ਸੱਚ ਅਸਲ ਵਿਚ ਉਸ ਵੱਲੋਂ ਗਾਏ ਉਸ ਦੇ ਕਦੇ ਨਾ ਭੁਲਾਏ ਜਾ ਸਕਣ ਵਾਲੇ ਗੀਤ ਹਨ।  ਜਿਨ੍ਹਾਂ ਨੇ ਹਰ ਪੀੜ੍ਹੀ ਨੂੰ ਕਿਰਤ ਕਰਨ, ਬੇ-ਕਦਰਿਆਂ ਤੋਂ ਬਚ ਕੇ ਰਹਿਣ, ਸਰਬੰਸ ਦਾਨੀ ਗੁਰੂ ਪਾਤਸ਼ਾਹ ਤੋਂ ਪ੍ਰੇਰਨਾ ਲੈ ਕੇ ਖ਼ੁਸ਼ੀ-ਖ਼ੁਸ਼ੀ ਆਪਾ ਵਾਰਨ, ਮਾਂ-ਬੋਲੀ ਦਾ ਸਤਿਕਾਰ ਕਰਨ ਤੇ ਕੁੜੀਆਂ ਨੂੰ ਪਿਆਰ ਕਰਨ ਵਰਗੇ ਸਬਕ ਦਿੱਤੇ ਹਨ। 

ਇਸ ਤਰ੍ਹਾਂ ਉਹ ਆਪਣੇ ਸਬਕ ਦੇਣ ਵਾਲੇ ਗੀਤਾਂ ਬਦਲੇ ਆਪਣੇ ਮਨ-ਮਰਜ਼ੀ ਦੇ ‘ਇਕ ਦੇਸ਼, ਇਕ ਬੋਲੀ’ ਵਰਗੇ ਬਿਆਨ ਦੇਣ ਦਾ ਹੱਕ ਮੰਗਦਾ ਹੈ। ਵਿਰੋਧ ਕਰਨ ਵਾਲਿਆਂ ਨੂੰ ਗਾਲ੍ਹ ਕੱਢਣ ਦੀ ਖੁੱਲ੍ਹ ਮੰਗਦਾ ਹੈ।

ਇੱਥੇ ਆਪਣੇ ਚਰਚਿਤ ਗੀਤਾਂ ਵਾਲੀਆਂ ਪਰਚੀਆਂ ਬੱਚਿਆਂ ਤੇ ਚੜ੍ਹਦੀ ਉਮਰ ਵਾਲਿਆਂ ਦੇ ਹੱਥ ਵਿਚ ਫੜਾਉਣ ਰਾਹੀਂ ਇਹ ਵੀ ਦਰਸਾਇਆ ਗਿਆ ਹੈ ਕਿ ਗੁਰਦਾਸ ਮਾਨ ਦੀ ਗੀਤਾਂ ਰੂਪੀ ਦੇਣ ਨੂੰ ਨਵੀਂ ਪੀੜ੍ਹੀ ਨੇ ਆਪਣੇ ਹੱਥਾਂ ਵਿਚ ਸੰਭਾਲ ਲਿਆ ਹੈ, ਉਸ ਦੀ ਟੇਕ ਵੀ ਉਸੇ ਨਵੀਂ ਪੀੜ੍ਹੀ ’ਤੇ ਹੈ, ਜੋ ਉਸ ਗੀਤਾਂ ਦੀ ਵਿਰਾਸਤ ਨੂੰ ਅੱਗੇ ਲੈ ਜਾਏਗੀ ਤੇ ਉਨ੍ਹਾਂ ਨੂੰ ਕਦੇ ਵੀ ਭੁੱਲਣ ਜਾਂ ਮਿੱਟੀ ਵਿਚ ਰੁਲਣ ਨਹੀਂ ਦੇਵੇਗੀ।

ਇਸੇ ਕਰਕੇ ਇਸ ਤੋਂ ਬਾਅਦ ਸਾਰੇ ਕਾਲੇ ਝੰਡੇ ਤੇ ਵਿਰੋਧ ਵਾਲੀਆਂ ਤਖ਼ਤੀਆਂ ਹੇਠਾਂ ਡਿੱਗ ਪੈਂਦੇ ਹਨ। ਬਾਰਸ਼ ਦੀ ਆਵਾਜ਼ ਤੇਜ਼ ਹੁੰਦੀ ਹੈ ਤੇ ਵਿਰੋਧ ਕਰਨ ਵਾਲੇ ਲੋਕ ਜਾਂਦੇ ਹੋਏ ਮਾਨ ਦੀ ਪਿੱਠ ਵੱਲ ਵੇਖ ਰਹੇ ਹਨ।

ਮੁੱਕਦੀ ਗੱਲ

ਉਪਰੋਕਤ ਚਰਚਾ ਰਾਹੀਂ ਗੁਰਦਾਸ ਮਾਨ ਦੇ ਗੀਤ ‘ਗੱਲ ਸੁਣੋ ਪੰਜਾਬੀ ਦੋਸਤੋ’ ਦੇ ਵਿਸ਼ਲੇਸ਼ਣ ਨਾਲ ਸਮਝਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਮਾਂ-ਬੋਲੀ ਦੇ ਸਵਾਲ ਤੋਂ ਸ਼ੁਰੂ ਹੋ ਕੇ ਗਾਲ੍ਹ ਤੱਕ ਪਹੁੰਚੇ ਇਸ ਵਿਵਾਦ ਬਾਰੇ ਗੁਰਦਾਸ ਮਾਨ ਦਾ ਕੀ ਨਜ਼ਰੀਆ ਹੈ। 

ਗੀਤ ਦੇ ਅੰਤ ਵਿਚ ਮਾਨ ਨੇ ਤਾਂ ਇਹੀ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਇਸ ਗੀਤ ਦੀ ਬਾਰਸ਼ ਨਾਲ ਉਸ ਦੇ ਕਿਰਦਾਰ ’ਤੇ ਲੱਗੀ ਸਾਰੀ ਕਾਲਖ ਧੋਤੀ ਜਾਵੇਗੀ।  ਵਿਰੋਧ ਕਰਨ ਵਾਲੇ ਭਾਵੇਂ ਵਿਰੋਧ ਕਰਦੇ ਰਹਿਣ ਪਰ ਆਮ ਲੋਕ ਉਸ ਦੀ ਦੇਣ ਦਾ ਸਤਿਕਾਰ ਕਰਦੇ ਹੋਏ ਉਸ ਨੂੰ ਸਮਝ ਜਾਣਗੇ ਤੇ ਉਸ ਨੂੰ ਪਹਿਲਾਂ ਵਾਂਗ ਪਿਆਰ ਕਰਦੇ ਰਹਿਣਗੇ।

ਉਸ ਨੇ ਦਲੀਲ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਉਨ੍ਹਾਂ ਹਾਲਾਤ ਵਿਚ ਉਸ ਦਾ ਗਾਲ੍ਹ ਕੱਢਣਾ ਜਾਇਜ਼ ਸੀ। ਨਾਲ ਹੀ ਇਕ ਵਾਰ ਸ਼ੁਰੂਆਤੀ ਕਮੈਂਟਰੀ ਵਿਚ ਤੇ ਦੂਜੀ ਵਾਰ ਰੇਡੀਓ ਇੰਟਰਵਿਊ ਦੇ ਬਹਾਨੇ ਉਸ ਨੇ ਦੋ ਵਾਰ ਜ਼ੋਰ ਦੇ ਕੇ ਆਪਣੇ ‘ਇਕ ਦੇਸ਼, ਇਕ ਭਾਸ਼ਾ’ ਦੇ ਨੁਕਤੇ ਨੂੰ ਸਹੀ ਦੱਸਣ ਤੇ ’ਤੇ ਡਟੇ ਰਹਿਣ ਦਾ ਵੀ ਐਲਾਨ ਕੀਤਾ ਹੈ।  ਇਸ ਦੇ ਨਾਲ ਹੀ ਉਸ ਨੇ ਦੋਹਰਾਇਆ ਹੈ ਕਿ ਇਸ ਨੁਕਤੇ ਦੇ ਹੱਕ ਵਿਚ ਹੋਣ ਦੇ ਬਾਵਜੂਦ ਉਹ ਪੰਜਾਬੀ ਮਾਂ-ਬੋਲੀ ਦਾ ਪੁੱਤ ਹੈ ਤੇ ਪੰਜਾਬੀ ਉਸ ਆਨ-ਬਾਨ-ਸ਼ਾਨ ਹੈ।

ਪਰ ਉਹ ਇਸ ਗੱਲ ਦਾ ਜੁਆਬ ਨਹੀਂ ਦਿੰਦਾ ਕਿ ਹਰ ਦ੍ਰਿਸ਼ ਵਿਚ ਦਸਤਾਰਾਂ ਵਾਲਿਆਂ ਨੂੰ ਹੀ ਆਪਣੇ ਵਿਰੋਧ ਵਿਚ ਖੜ੍ਹਾ ਹੋਇਆ ਕਿਉਂ ਦਿਖਾਉਂਦਾ ਹੈ। ਜੇ ਸਰਬੰਸਦਾਨੀ ਦਾ ਓਟ ਆਸਰਾ ਤੱਕ ਕੇ ਫ਼ੌਜ ਵਿਚ ਕੁਰਬਾਨ ਕਰਨ ਲਈ ਆਪਣੇ ਸਾਰੇ ਜੀਅ ਭੇਜਣ ਵਾਲੀ ਸੁਆਣੀ ਆਪਣੇ ਹੰਝੂ ਪੂੰਝ ਸਕਦੀ ਹੈ ਤਾਂ ਗੁਰੂ ਦਾ ਦਾਸ ਬਣ ਕੇ ਗੁਰਦਾਸ ਸਰਬੰਸਦਾਨੀ ਦੇ ਵਾਰਸਾਂ ਦੇ ਮਨ ਦੇ ਤੌਖਲੇ ਪੂੰਝਣ ਦਾ ਹੀਲਾ ਕਿਉਂ ਨਹੀਂ ਕਰਦਾ। ਕਦੇ ਉਹਨਾਂ ਨੂੰ ਦਮਨਕਾਰੀਆਂ ਦੇ ਰੂਪ ਵਿਚ ਆਪਣੇ ਤੋਂ ਉਪਰਲੇ ਪਾਏਦਾਨ ਤੇ ਖੜ੍ਹੇ ਤੇ ਕਦੇ ਭਿੱਜ ਕੇ ‘ਨਿੰਮੋਝੂਣੇ’ ਹੋਏ ਉਸ ਤੋਂ ਹੇਠਲੇ ਪਾਏਦਾਨ ‘ਤੇ ਖੜ੍ਹੇ ਉਪਰਲੇ ਪਾਏਦਾਨਾਂ ‘ਤੇ ਚੜ੍ਹਦੇ ਗੁਰਦਾਸ ਦੀ ਪਿੱਠ ਦੇਖਦੇ ਕਿਉਂ ਛੱਡ ਜਾਂਦਾ ਹੈ।

ਉਹ ਕਿਉਂ ਦਿਖਾਉਂਦਾ ਹੈ ਕਿ ਸਵਾਲ ਕਰਨ ਵਾਲੇ ਲੋਕ ਇਕੋ ਪਾਏਦਾਨ ‘ਤੇ ਅੜੇ ਖੜ੍ਹੇ ਹਨ। ਉਹ ਅਗਾਂਹ ਨਿਕਲ ਗਿਆ ਹੈ। ਉਹ ਇਹ ਕਿਉਂ ਭੁੱਲ ਜਾਂਦਾ ਹੈ ਕਿ ਉਹ ਅੱਜ ਉਹ ਜਿਸ ਵੀ ਪਾਏਦਾਨ ‘ਤੇ ਹੈ, ਉਸ ਨੂੰ ਉੱਥੇ ਪਹੁੰਚਾਉਣ ਵਾਲੇ ਇਹੀ ਲੋਕ ਹਨ?

ਫੇਰ ਉਹ ਕਿਉਂ ਨਹੀਂ ਪੰਗਤ ਵਿਚ ਇਨ੍ਹਾਂ ਦੇ ਨਾਲ ਬੈਠ ਕੇ ਸੰਗਤ ਸਜਾਉਂਦਾ, ਕਿਉਂ ਨਹੀਂ ਇਨ੍ਹਾਂ ਦੇ ਨਾਲ ਤੁਰਦਾ ਤੇ ਇਨ੍ਹਾਂ ਨੂੰ ਨਾਲ ਤੋਰਦਾ? ਕੀ ਇਹ ਬਹੁਤ ਔਖਾ ਰਸਤਾ ਹੈ?

ਖ਼ੈਰ ਗੁਰਦਾਸ ਨੇ ਤਾਂ ਆਪਣੇ ਸਾਰੇ ਪੱਖਾਂ ਨੂੰ ਇਸ ਕਰੀਬ ਸਾਢੇ ਅੱਠ ਮਿੰਟ ਦੇ ਗੀਤ ਰਾਹੀਂ ਪੂਰੇ ਜ਼ੋਰ ਨਾਲ ਪੰਜਾਬੀਆਂ ਅੱਗੇ ਰੱਖ ਦਿੱਤਾ ਹੈ।  ਹੁਣ ਦੇਖਣਾ ਇਹ ਹੋਵੇਗਾ ਕਿ ਪੰਜਾਬੀ ਉਸ ਦੇ ਇਸ ਪੱਖ ’ਤੇ ਮੋਹਰ ਲਾਉਂਦੇ ਹਨ ਜਾਂ ਇਸ ਨੂੰ ‘ਬੱਤੀ’ ਬਣਾਉਣ ਦੀ ਸਲਾਹ ਦਿੰਦੇ ਹਨ।

ਮੇਰਾ ਨਿੱਜੀ ਵਿਚਾਰ ਹੈ ਕਿ ਪੰਜਾਬੀਆਂ ਦਾ ਫ਼ੈਸਲਾ ਕੋਈ ਵੀ ਹੋਵੇ ਪਰ ਕਿਸੇ ਦੇ ਕਸੂਰ ਦੀ ਸਜ਼ਾ ਉਸ ਦੇ ਮਾਪਿਆਂ ਖ਼ਾਸ ਕਰ ਮਾਂ-ਭੈਣ-ਧੀ ਨੂੰ ਮੰਦਾ-ਚੰਗਾ ਬੋਲ ਕੇ ਨਹੀਂ ਦੇਣੀ ਚਾਹੀਦੀ।

ਦੀਪ ਜਗਦੀਪ ਸਿੰਘ

ਜ਼ੋਰਦਾਰ ਟਾਈਮਜ਼ ਇਕ ਸੁਤੰਤਰ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਇਮਾਨਦਾਰੀ, ਨਿਰਪੱਖਤਾ, ਨਿਡਰਤਾ ਤੇ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ।

ਇਸ ਤਰ੍ਹਾਂ ਦੀਆਂ ਹੋਰ ਲਿਖਤਾਂ ਲਈ ਸਾਡੇ ਨਾਲ ਫੇਸਬੁੱਕ, ਵੱਟਸ-ਐਪ ’ਤੇ ਇੰਸਟਾਗ੍ਰਾਮ ’ਤੇ ਜੁੜੋ। ਜਿਸ ਐਪ ’ਤੇ ਸਾਡੇ ਨਾਲ ਜੁੜਨਾ ਚਾਹੋ, ਉਸ ਐਪ ਦੇ ਨਾਮ ’ਤੇ ਕਲਿੱਕ ਕਰੋ।

ਜ਼ੋਰਦਾਰ ਟਾਈਮਜ਼ ਇਕ ਸੁਤੰਤਰ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਇਮਾਨਦਾਰੀ, ਨਿਰਪੱਖਤਾ, ਨਿਡਰਤਾ ਤੇ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ।

ਇਸ ਤਰ੍ਹਾਂ ਦੀਆਂ ਹੋਰ ਲਿਖਤਾਂ ਲਈ ਸਾਡੇ ਨਾਲ ਫੇਸਬੁੱਕ, ਵੱਟਸ-ਐਪ ’ਤੇ ਇੰਸਟਾਗ੍ਰਾਮ ’ਤੇ ਜੁੜੋ। ਜਿਸ ਐਪ ’ਤੇ ਸਾਡੇ ਨਾਲ ਜੁੜਨਾ ਚਾਹੋ, ਉਸ ਐਪ ਦੇ ਨਾਮ ’ਤੇ ਕਲਿੱਕ ਕਰੋ।


Updated:

in

by

Tags:

Comments

2 responses to “ਗੁਰਦਾਸ ਮਾਨ ਦੇ ਨਵੇਂ ਗੀਤ ਦਾ ਅਸਲ ਸੱਚ!”

  1. ਤਰਲੋਚਨ Avatar
    ਤਰਲੋਚਨ

    ਬਹੁਤ ਹੀ ਸਟੀਕ/ਸੰਤੁਲਿਤ ਟਿੱਪਣੀ ਹੈ।

    1. zordartimes Avatar

      ਧੰਨਵਾਦ ਜੀਓ!

Leave a Reply

error: ਕਾਪੀ ਕਰਨਾ ਮਨ੍ਹਾਂ ਹੈ। ਲਿਖਤ ਪ੍ਰਾਪਤ ਕਰਨ ਲਈ ਈ-ਮੇਲ ਕਰੋ zordartimes@gmail.com