ਪਿੱਛੋਂ ਸਾਂਭਾ ਵੀ ‘ਦੀਵਾਰ’ ਫ਼ਿਲਮ ਦੇ ਅਮਿਤਾਬ ਬੱਚਨ ਦੀ ਸੁਰ ਵਿਚ ਬੋਲਿਆ, “ਮੇਰੇ ਕੋਲ ਵੱਡੇ ਸਿਤਾਰੇ ਨੇ, ਗਲੈਮਰ ਏ, ਪ੍ਰਮੋਸ਼ਨ ਏ, ਤੇਰੇ ਕੋਲ ਕੀ ਏ ਚੰਨੋ?” ਉਸ ਵੇਲੇ ਤਾਂ ਚੰਨੋਂ ਸ਼ਸੀ ਕਪੂਰ ਵਾਂਗੂੰ ਬੱਸ ਇਹੀ ਕਹਿ ਸਕੀ, “ਮੇਰੇ ਕੋਲ ਕਹਾਣੀ ਏ।”
ਚੰਨੋ ਦੀਆਂ ਗੱਲਾਂ ’ਚ ਆ ਕੇ ਗੱਬਰ ਨੂੰ ਬਿਨ੍ਹਾਂ ਦੱਸੇ ਸਾਂਭਾ ਲੁਧਿਆਣੇ ਦੇ ਮਲਟੀਪਲੈਕਸ ਵਿਚੋਂ ‘ਚੰਨੋ ਕਮਲੀ ਯਾਰ’ ਦੀ ਦੇਖ ਕੇ ਮੁੜਿਆ ਤਾਂ ਆਉਂਦਿਆਂ ਗੱਬਰ ਨੇ ਘੇਰ ਲਿਆ, ਪੇਸ਼ ਹੈ ਅੱਖੀਂ ਡਿੱਠਾ ਹਾਲ-
“ਓਏ ਸਾਂਭਿਆ, ਚੱਲ ਦੱਸ ਚੰਨੋ ਨੇ ਕਿੰਨੇ ਭਰਮ ਤੋੜੇ ਨੇ ਉਏ!”
“ਪੰਜ ਸਰਦਾਰ!”
“ਹੀਰੋਈਨ ਇੱਕ ’ਤੇ ਭਰਮ ਤੋੜੇ ਪੰਜ, ਬੜੀ ਬੇਇੰਨਸਾਫ਼ੀ ਕੀਤੀ ਊ ਉਏ!”
“ਨਈਂ ਸਰਦਾਰ, ਉਹ ’ਕੱਲੀ ਕਿੱਥੇ, ਉਹਦੇ ਨਾਲ ਡਾਇਰੈਕਟਰ ਪੰਕਜ ਬੱਤਰਾ ਅਤੇ ਲੇਖਕ ਨਰੇਸ਼ ਕਥੂਰੀਆਂ ਵੀ ਨੇ, ਸਰਦਾਰ। ਨਾਲੇ ਉਹ ਐਕਟਰ ਏ ਨਾ, ਬਿਨੂੰ ਢਿੱਲੋ, ਉਹ ਵੀ ਤਾਂ ਸੀ ਨਾ ਲੀਡ ਰੋਲ ’ਚ। ਬਾਹਲਾ ਰੁਆਇਆ ਪਤੰਦਰ ਨੇ, ਸਰਦਾਰ।”
“ਕੀ ਕਹਿਤਾ ਈ ਓਏ ਸਾਂਭਿਆ, ਉਹ ਤਾਂ ਹਰ ਫ਼ਿਲਮ ਵਿਚ ਹਸਾਂਉਂਦਾ ਈ ਉਏ, ਇਸ ਵਾਰ ਰੁਆ ਕਿਵੇਂ ਦਿੱਤਾ ਹੋਏ, ਬੜੀ ਬੇਇੰਨਸਾਫ਼ੀ ਆ ਉਏ।”
“ਸਰਦਾਰ, ਇਸ ਵਾਰ ਉਸਨੇ ਕਮੇਡੀ ਆਲੀਆਂ ਯਬਲੀਆਂ ਨੀ ਮਾਰੀਆਂ, ਐਕਟਿੰਗ ਕੀਤੀ ਆ ਸਰਦਾਰ, ਐਕਟਿੰਗ! ”
“ਅੱਛਾ! ਉਏ, ਫਿਰ ਤਾਂ ਉਸਨੂੰ ਸਜ਼ਾ ਮਿਲੇਗੀ, ਜ਼ਰੂਰ ਮਿਲੇਗੀ।”
“ਉਹ ਕਿਹੜੀ ਸਰਦਾਰ?”
“ਹੁਣ ਉਸਨੂੰ ਸਿਰਫ਼ ਉਹੀ ਰੋਲ ਮਿਲਣਗੇ ਜਿਸ ਵਿਚ ਐਕਟਿੰਗ ਕਰਨੀ ਪਊ। ਨਾਲੇ ਤੂੰ ਗੱਲ ਨਾ ਬਦਲ, ਫਟਾਫਟ ਦੱਸ ਕਿਹੜੇ-ਕਿਹੜੇ ਭਰਮ ਤੋੜੇ ਨੇ ਓਏ ਚੰਨੋ ਨੇ?”
“ਸਰਦਾਰ, ਸਭ ਤੋਂ ਵੱਡਾ ਭਰਮ ਤੇ ਇਹੀ ਤੋੜਿਆ ਕਿ ਪੰਜਾਬੀ ਫ਼ਿਲਮਾਂ ਕਮੇਡੀ ਤੋਂ ਬਿਨ੍ਹਾਂ ਨੀਂ ਬਣ ਸਕਦੀਆਂ। ਦੂਜਾ ਕਮੇਡੀ ਕਲਾਕਾਰ ਸਿਰਫ਼ ਕਮੇਡੀ ਕਰ ਸਕਦੇ ਨੇ। ਤੀਜਾ ਹੀਰੋਇਨ ਸਿਰਫ਼ ਗਲੈਮਰ ਲਈ ਹੁੰਦੀ ਏ। ਚੌਥਾ ਹੀਰੋਈਨ ਫ਼ਿਲਮ ਦਾ ‘ਹੀਰੋ’ ਨਹੀਂ ਹੋ ਸਕਦੀ। ਪੰਜਵਾਂ ਕਮੇਡੀ ਫ਼ਿਲਮਾਂ ਲਿਖਣ ਵਾਲਾ ਸੰਜੀਦਾ ਫ਼ਿਲਮ ਨਹੀਂ ਲਿਖ ਸਕਦਾ।”
“ਗਲਤ ਜਵਾਬ ਈ ਉਏ ਸਾਂਭਿਆ, ਭਰਮ ਇਕ ਹੋਰ ਵੀ ਟੁੱਟਾ ਈ?”
“ਉਹ ਕਿਹੜਾ ਸਰਦਾਰ?”
“ਇਹੀ ਕਿ ਗੱਬਰ ਤੋਂ ਪੁੱਛੇ ਬਿਨਾਂ ਕੋਈ ਫ਼ਿਲਮ ਨੀ ਦੇਖਣ ਜਾ ਸਕਦਾ, ਤੂੰ ਜੋ ਮੈਥੋਂ ਬਿਨਾਂ ਪੁੱਛੇ ਵੇਖ ਆਇਆ ਉਏ, ਸਾਂਭਿਆ। ਜੇ ਜਾਨ ਪਿਆਰੀ ਊ ਤਾਂ ਚੱਲ ਛੇਤੀ ਦੱਸ ਸਟੋਰੀ ਕੀ ਏ ਫ਼ਿਲਮ ਦੀ, ਕੀ ਏ ਸਟੋਰੀ?”
“ਦੱਸਦਾਂ ਸਰਦਾਰ, ਦੱਸਦਾਂ, ਆਹ ਇਕ ਪਿੰਡ ਦਾ ਮੁੰਡਾ ਤਾਜੀ (ਬਿਨੂੰ ਢਿੱਲੋਂ) ਬਚਪਨ ਤੋਂ ਚੰਨੋ (ਨੀਰੂ ਬਾਜਵਾ) ਨੂੰ ਕਰਦਾ ਸੀ ਪਿਆਰ, ਪਰ ਪਤੰਦਰ ਤੋਂ ਦੱਸ ਈ ਨੀ ਹੋਇਆ ਕਦੀ। ਚੰਨੋਂ ਦਾ ਵਿਆਹ ਹੋ ਗਿਆ ਬਾਹਰਲੇ ਮੁੰਡੇ ਜੀਤ (ਜੱਸੀ ਗਿੱਲ) ਨਾਲ ਅਤੇ ਵਿਆਹ ਕਰਾਕੇ ਉਹ ਚਲਾ ਗਿਆ ਕਨੇਡਾ। ਹੁਣ ਚੰਨੋ ਮਾਂ ਬਣਨ ਵਾਲੀ ਏ ਤੇ ਜੀਤ ਦਾ ਫ਼ੋਨ ਆਉਣੋ ਹੱਟ ਗਿਆ। ਤਾਜੀ ਨੂੰ ਪਤਾ ਲੱਗਿਆ ਤਾਂ ਉਹ ਗੁਰਦੁਆਰੇ ਆਈ ਚੰਨੋ ਨੂੰ ਜਾ ਮਿਲਿਆ। ਚੰਨੋ ਕਹਿੰਦੀ ਮੈਨੂੰ ਕਨੇਡਾ ਲੈ ਕੇ ਜਾ। ਤਾਜੀ ਨੇ ਸੋਚਿਆ ਜੀਤ ਤਾਂ ਜਾਅਲੀ ਆ, ਨਾ ਉਹਨੇ ਲੱਭਣਾ ਤੇ ਨਾ ਚੰਨੋ ਨੇ ਉਹਦੇ ਨਾਲ ਵੱਸਣਾ, ਇਸੇ ਬਹਾਨੇ ਚੰਨੋ ਉਹਦੇ ਪੱਲੇ ਪੈਜੂ, ਸੋ ਉਹਨੂੰ ਖੁਸ਼ ਕਰਨ ਨੂੰ ਤੁਰ ਪਿਆ ਆਪਣੀ ਜ਼ਮੀਨ ਵੇਚ ਕੇ ਉਹਦੇ ਨਾਲ ਕਨੇਡਾ। ਵਿਚਾਰੀ ਚੰਨੋ ਅੱਠ ਮਹੀਨੇ ਦਾ ਕੁੱਖ ’ਚ ਪਲਦਾ ਜਵਾਕ ਅਤੇ ਤਾਜੀ ਆਪਣਾ ਟੁੱਟ ਜਿਹਾ ਦਿਲ ਲੈ ਕੇ ਲੱਭਣ ਲੱਗ ਪੇ ਜੀਤ ਨੂੰ ਕਨੇਡਾ ਦੀਆਂ ਸੜਕਾਂ ਤੇ। ਸਰਦਾਰ, ਡਾਇਰੈਕਟਰ ਪੰਕਜ ਬੱਤਰਾ ਨੇ ਸਸਪੈਂਸ ਬਾਹਲਾ ਰੱਖਿਆ ਸੋਟਰੀ ’ਚ।”
“ਓਏ ਸਾਂਭਿਆ, ਅੱਜ ਤੱਕ ਐਸਾ ਕੋਈ ਸਸਪੈਂਸ ਨੀ ਬਣਿਆ ਉਏ ਜਿਹੜਾ ਗੱਬਰ ਨੂੰ ਪਤਾ ਨਾ ਲੱਗੇ। ਤੂੰ ਇਹ ਦੱਸ ਕਿਸੇ ਨੇ ਚੱਜ ਦੀ ਐਕਟਿੰਗ ਵੀ ਕੀਤੀ ਜਾਂ ਉਈਂ ਭੁੜਕੀ ਗਏ?”
“ਸਰਦਾਰ ਜੇ ਸੱਚ ਬੋਲਿਆਂ ਤਾਂ ਮਾਰੋਗੇ ਤਾਂ ਨਈਂ।”
“ਉਹ ਤਾਂ ਗੋਲੀ ਚੱਲਣ ਤੋਂ ਬਾਅਦ ਪਤਾ ਲੱਗੂ ਉਏ, ਤੂੰ ਫਟਾਫੱਟ ਜ਼ੁਬਾਨ ਚਲਾ।”
“ਸੱਚ ਦੱਸਾਂ ਸਰਦਾਰ, ਪਹਿਲਾਂ ਤਾਂ ਮੈਂ ਸੋਚਿਆ ਆਹ ਬੀਨੂੰ ਨੂੰ ਕੀ ਲੋੜ ਪੈਗੀ ਸੀ ਐਂਵੀ ਸੀਰੀਅਸ ਜਿਹਾ ਰੋਲ ਕਰਨ ਦੀ। ਚੱਲੋ ਮੰਨ ਲਿਆ ਕਰ ਵੀ ਲਿਆ, ਪਰ ਆਹ ਸਮਝ ਨੀ ਲੱਗੀ ਬਈ ਪਤੰਦਰ ਐਨੀ ਇਮੋਸ਼ਨਲ ਜੀ ਐਕਟਿੰਗ ਕਰ ਕਿਵੇਂ ਗਿਆ। ਬੇਬੇ ਦੀ ਕਸਮ ਸਰਦਾਰਾ, ਪਤੰਦਰ ਨੇ ਕਈ ਥਾਈਂ ਰੌਣ ਕੱਢਾ ’ਤਾ। ਸਰਦਾਰ ਆਹ ਜਿਹੜਾ ਡਾਇਰੈਕਟਰ ਆ ਨਾ ਬੱਤਰਾ ਲਿਆ ਤਾਂ ਇਨ੍ਹੇ ਪੰਗਾ ਈ ਸੀ, ਬਈ ਦਾਹੜੀ ਜੇ ਆਲੇ ਬੰਦੇ ਨੂੰ ਬਣਾ ਤਾ ਚੱਕ ਕੇ ਰੁਮਾਂਟਿਕ ਹੀਰੋ, ਪਰ ਬੀਨੂੰ ਕਿਹੜਾ ਘੱਟ ਨਿਕਲਿਆ ਉਹ ਕਹਿੰਦਾ ਕਿ ਮੈਨੂੰ ਮੌਕਾ ਤਾਂ ਦਿਉ, ਮੈਂ ਤਾਂ ਹੌਲੀਵੁੱਡ ਦੀ ਬਸੰਤੀ ਵੀ ਪੱਟ ਲਊਂ। ਇਹ ਗੱਲ ਅੱਡ ਆ ਕਿ ਚੰਨੋ ਤਾਂ ਪਹਿਲਾਂ ਈ ਜੀਤ ਦੀ ਪੱਟੀ ਹੋਈ ਸੀ, ਸਰਦਾਰ।”
“ਤੇ ਉਹ ਛੱਮਕਛੱਲੋ? ਚੰਨੋ!”
“ਸਰਦਾਰ, ਪਹਿਲੀ ਵਾਰ ਨੀਰੂ ਬਾਜਵਾ ਖ਼ਾਲਸ ਪੰਜਾਬਣ ਲੱਗੀ ਆ। ਬਿਲਕੁਲ ਪਿੰਡਾਂ ਆਲੀ ਭੋਲੀ ਅਰਗੀ, ਉਹੀ ਪੰਜਾਬੀ ਸੂਟ, ਉਹੀ ਚਾਲ, ਡਾਇਲੌਗ ਵੀ ਬੋਲੇ ਪੰਜਾਬੀ ਆਲੇ, ਬੱਸ ਡੰਗ ਟਪਾਉਣ ਜੋਗੇ। ਆਹ ਨਾਲੇ ਕਹਿੰਦੇ ਜਦੋਂ ਸ਼ੂਟਿੰਗ ਚੱਲਦੀ ਸੀ ਫ਼ਿਲਮ ਦੀ, ਨੀਰੂ ਸੱਚੀ-ਮੁੱਚੀ ਅੱਠ ਮਹੀਨੇ ਦੀ ਪੇਟੋਂ ਸੀ, ਤਾਂਹੀ ਮੈਂ ਕਹਾਂ ਆਹ ਵਾਲੇ ਰੋਲ ’ਚ ਐਨੀ ਫਿੱਟ ਕਿਵੇਂ ਬਹਿਗੀ। ਵੈਸੇ ਉਹਦੇ ਚਿਹਰੇ ਤੋਂ, ਖ਼ਾਸ ਕਰ ਉਹਦੀਆਂ ਪਲਕਾਂ ਤੋਂ ਉਹਦੀ ਉਮਰ ਦਿਸਣ ਲੱਗ ਪਈ ਆ ਹੁਣ, ਪਰ ਆਹ ਵਾਲਾ ਰੋਲ, ਉਹਦੀ ਉਮਰ ਦੇ ’ਸਾਬ ਜੇ ਨਾਲ ਜਮਾਂ ਈ ਫਿੱਟ ਸੀ ਉਹਦੇ ਤੇ। ਤਾਜੀ ਦੀ ਬੇਬੇ ਦੇ ਰੋਲ ’ਚ ਅਨੀਤਾ ਦੇਵਗਣ ਨੇ ਤਾਂ ਮੈਨੂੰ ਮੇਰੀ ਬੇਬੇ ਚੇਤੇ ਕਰਾ ਤੀ ਸਰਦਾਰਾ, ਰਾਣਾ ਰਣਬੀਰ ਅਤੇ ਕਰਮਜੀਤ ਅਨਮੋਲ ਨੇ ਵੀ ਠੀਕ ਠਾਕ ਕੰਮ ਕੱਢ ਤਾ। ਜੱਸੀ ਗਿੱਲ ਊਂ ਤਾਂ ਪਤੰਦਰ ਬਾਹਲਾ ਸੋਹਣਾ ਪਰ ਜੇ ਕਿਤੇ ਆਪਣੇ ਚਿਹਰੇ ਹਾਵ-ਭਾਵ ਤੇ ਡਾਇਲੌਗ ਬੋਲਣ ’ਤੇ ਮਿਹਨਤ ਕਰ ਲਵੇ ਨਾ, ਚੱਲ ਸਕਦਾ ਉਹਦਾ ਵੀ ਕੰਮ, ਐਕਟਿੰਗ ਆਲਾ।”
“ਓਏ ਇੱਦੂ ਪਹਿਲਾਂ ਕਿ ਮੇਰੀ ਬਾਰਾਂ ਬੋਰ੍ਹ ਦੀ ਤੇਰੀ ਪੁੜਪੁੜੀ ਦੀ ਡਾਇਰੈਕਸ਼ਨ ਲੱਭੇ, ਤੂੰ ਫਟਾਫਟ ਡਾਇਰੈਕਟਰ ਦੀ ਪੋਲ-ਪੱਟੀ ਖੋਲ੍ਹ ਦੇ।”
“ਓ ਵੀ ਦੱਸਦਾਂ ਸਰਦਾਰ, ਪੰਕਜ ਬੱਤਰਾ ਨੇ ਫ਼ਿਲਮ ਦੀ ਕਹਾਣੀ ਤਾਂ ਐਨ ਖਿੱਚ ਕੇ ਰੱਖੀ, ਸ਼ੁਰੂਆਤ ਤੋਂ ਫ਼ਿਲਮ ਸਿੱਧੀ ਮਸਲੇ ਤੇ ਆ ਜਾਂਦੀ ਆ, ਪਰ ਪਹਿਲੇ ਹਾਫ਼ ‘’ਚ ਜੀਤ ਨੂੰ ਲੱਭਣ ਵਾਲੇ ਸੀਨ ਬਾਹਲੇ ਖਿੱਚ ਜੇ ਦਿੱਤੇ ਉਹਨੇ, ਉਬਾਸੀਆਂ ਕੱਢਾਤੀਆਂ।ਇੰਟਰਵਲ ਤੇ ਆ ਕੇ ਕਹਾਣੀ ਸਿਖ਼ਰ ਜਿਹੇ ਤੇ ਗਈ ਤਾਂ ਸੀ, ਪਰ ਦੂਜੇ ਹਾਫ਼ ਵਿਚ ਫਿਰ ਉਹੀ ਵਿਲੇਨ ਦੇ ਘਰ ਵੜਨ ਵਾਲੇ ਸੀਨ ਬਾਹਲੇ ਲਮਕਾ ਲਏ। ਕਹਾਣੀ ਤਾਂ ਹੌਲੀ-ਹੌਲੀ ਖੁੱਲ੍ਹ ਈ ਗਈ। ਸਸਪੈਂਸ ਤਾਂ ਸਰਦਾਰ ਥੋਡੇ ਵਰਗੇ ਬਾਹਲੇ ਸਿਆਣੇ ਬੰਦੇ ਨੂੰ ਈ ਸਮਝ ਆਇਆ ਹੋਣਾ। ਪਰ ਆਹ ਐਂਡ ਤੇ ਆ ਕੇ ਘਸੁੰਨ-ਮੁੱਕੀ ਜੀ ਬਾਹਲੀ ਕਾਹਲੀ ਜੀ ‘ਚ ਮੁਕਾਗੇ, ਜਿਵੇਂ ਬੱਸ ਲੜ੍ਹਨ ਦੀ ਫਾਰਮੈਲਟੀ ਜਿਹੀ ਕਰਨੀ ਹੋਵੇ। ਹਾਲੇ ਲੱਗਦਾ ਸੀ, ਬਈ ਤਾਜੀ ਆਪਣੀ ਬੇਬੇ ਕੋਲ ਜਾਊ, ਪਰ ਸਿਨੇਮੇ ਆਲੇ ਸਾਨੂੰ ਕਹਿੰਦੇ ਚਲੋ ਘਰਾਂ ਨੂੰ ਲੋਏ, ਲੋਏ, ਮੁੱਕਗੀ ਫ਼ਿਲਮ।”
“ਓਏ ਫ਼ਿਲਮ ਦੀ ਬਾਹਲੀ ਤਰੀਫ਼ ਜਿਹੀ ਕਰੀ ਜਾਣੈ, ਲੱਗਦੈ ਤੂੰ ਇਕ-ਅੱਧੀ ਨੀ ਛੇ ਗੋਲੀਆਂ ਖਾਏਂਗਾ ਮੇਰੇ ਤੋਂ… ਆਹ ਪਤਤੰਦਰ ਡਾਇਰੈਕਟਰ ਤੇ ਰਾਈਟਰ ਨੇ ਕੋਈ ਤਾਂ ਝੱਪ ਖਾਧਾ ਹੋਣੈ?”
“ਉਹ ਸਰਦਾਰਾ ਕਾਹਨੂੰ ਮੈਨੂੰ ਕੁਟਾਉਣੈ ਤੂੰ, ਜੇ ਨਾ ਦੱਸਿਆਂ ਤੂੰ ਗੋਲੀ ਮਾਰਨ ਨੂੰ ਫਿਰਦੈਂ ਜੇ ਦੱਸ ਦੇਵਾਂ ਤਾਂ ਆਹ ਪੰਕਜ ਬੱਤਰੇ ਤੇ ਨਰੇਸ਼ ਕਥੂਰੀਏ ਨੇ ਮੇਰੇ ਤੇ ਪਟਾ ਚਾੜ੍ਹ ਦੇਣੈ।”
“ਚੱਲ ਤੇਰੀ ਜਾਣ ਬਖ਼ਸ਼ ਦੂੰਗਾ, ਜੇ ਤੂੰ ਇਹ ਦੱਸ ਦੇਵੇਂ ਕਿ ਚੰਨੋ ਦੇ ਬੇਬੇ ਬਾਪੂ ਕਿੱਥੇ ਸੀ? ਕੀ ਉਹ ਪਿੰਡ ’ਚ ਕੱਲੀ ਰਹਿੰਦੀ ਸੀ? ਤਾਜੀ ਨਾਲ ਬਾਹਰ ਜਾਣ ਦਾ ਫੈਸਲਾ ਉਨ੍ਹੇ ਆਪਣੀ ਮਰਜ਼ੀ ਨਾਲ ਈ ਕਰ ਲਿਆ, ਕਿਸੇ ਨੂੰ ਪੁੱਛਿਆ ਦੱਸਿਆ ਨੀ, ਕਿਸੇ ਨੇ ਰੋਕਿਆ-ਟੋਕਿਆ ਨੀ? ਆਪਣੇ ਪੰਜਾਬ ’ਚ ਕਿਹੜਾ ਘੱਲ ਦਿੰਦੇ ਉਏ ਕੁੜੀ ਨੂੰ ਐਂ ਕਿਸੇ ਭੂੰਡ ਜਿਹੇ ਨਾਲ, ਉਹ ਵੀ ਜਦੋਂ ਅਗਲੀ ਦੇ ਜਵਾਕ ਹੋਣ ਵਾਲਾ ਹੋਵੇ। ਉਹ ਨਾਲੇ ਮੈਨੂੰ ਵੀ ਦੱਸ ਦੇ ਕਿਹੜਾ ਏਜੰਟ ਆ ਉਏ, ਜਿਹੜਾ ਰਾਤੋਂ-ਰਾਤ ਕਨੇਡਾ ਦਾ ਵੀਜ਼ਾ ਲਵਾ ਦਿੰਦਾ ਉਏ? ਮੈਂ ਤਾਂ ਆਪ 5 ਮੁੰਡਿਆਂ ਤੋਂ ਪੈਸੇ ਫੜੇ ਹੋਏ ਨੇ, ਮੇਰਾ ਵੀ ਕੰਮ ਬਣਜੂ। ਆਹ ਵੀ ਦੱਸਦੇ ਕਿਹੜਾ ਪੰਜ ਏਕੜ ਜ਼ਮੀਨ ਤੜਕੇ ਈ ਬੈਅ ਕਰਾ ਦਿੰਦਾ, ਮਹੀਨਾ ਤਾਂ ਇੱਥੇ ਪਟਵਾਰੀ ਨੀ ਲੱਭਦਾ? ਹਾਂ ਸੱਚ, ਉਹ ਸੀਨ ਚੇਤੇ ਈ, ਜਦੋਂ ਸਰਦਾਰ ਵਿਲਨ ਇਕ ਮੁੰਡੇ ਨੂੰ ਇਸ ਲਈ ਕੁੱਟਦਾ ਕਿ ਉਹਨੇ ਮਾਲ ਗਾਇਬ ਕਰਤਾ, ਪਰ ਜਦੋਂ ਤਾਜੀ ਮਾਲ ਗਾਇਬ ਕਰਦਾ ਉਹ ਉਹਨੂੰ ਵੱਡੇ ਬਦਮਾਸ਼ ਜੈਕ ਕੋਲੇ ਭੇਜ ਦਿੰਦਾ। ਬਈ ਪੁੱਛਣ ਆਲਾ ਹੋਵੇ, ਕਿਉਂ ਹੁਣ ਤੇਰੇ ਕੁੱਟਣ ਆਲੇ ਸੈੱਲ ਮੁੱਕਗੇ? ਨਾਲੇ ਜਿਹੜਾ ਆਹ ਤਾਜੀ ਦੇ ਗਲ਼ ’ਚ ਕੈਮਰਾ ਪਾਇਆ ਹੁੰਦਾ, ਉਹ ਉਦੋਂ ਵੀ ਸਾਰਾ ਕੁਝ ਦਿਖਾਈ ਜਾਂਦਾ, ਜਦੋਂ ਤਾਜੀ ਰਗੜੇ ਖਾ ਕੇ ਮੂਧਾ ਪਿਆ ਹੁੰਦਾ। ਓਏ ਸਾਂਭਿਆ, ਇਹੋ ਜਿਹਾ ਕੈਮਰਾ ਮੈਨੂੰ ਵੀ ਮੰਗਾਦੇ ਬੱਤਰਾ ਸਾਹਬ ਕੋਲੋਂ। ਨਾਲੇ ਟੋਨੀ ਨੇ ਤਾਂ ਤਿੰਨਾਂ ਨੂੰ ਦੇਖਿਆ ਹੁੰਦਾ ਤੇ ਉਨ੍ਹਾਂ ਦੇ ਸ਼ੂਟਰ ਨੇ ਵੀ ਦੇਖ ਲਿਆ ਸੀ, ਫੇਰ ਵੀ ਬਦਮਾਸ਼ ਉਨ੍ਹਾਂ ਨੂੰ ਪਛਾਣਦੇ ਕਿਉਂ ਨਹੀਂ ਉਏ, ਕਦੇ ਕੁੱਤਾ ਲੱਭਣ, ਕਦੇ ਹਾਕੀ ਖੇਡਣ ਲੱਗ ਜਾਂਦੇ ਉਨ੍ਹਾਂ ਨਾਲ। ਐਨੇ ਭੋਲੇ ਬਦਮਾਸ਼ ਕਿੱਥੋਂ ਲਿਆਏ ਯਾਰ ਬੱਤਰਾ ਸਾਹਬ? ਦੱਸ ਸਾਂਭੇ, ਨਹੀਂ ਗੋਲੀ ਖਾ ਤੇ ਹੋ ਜਾ ਲਾਂਭੇ।
ਇਦੂੰ ਪਹਿਲਾਂ ਕੇ ਗੱਬਰ ਕੁਝ ਕਰਦਾ, ਸਾਂਭਾ ਬੇਹੋਸ਼ ਹੋ ਕੇ ਡਿੱਗ ਪਿਆ।
ਗੱਬਰ ਉਹਨੂੰ ਹਿਲਾ ਕੇ ਕਹਿੰਦਾ, “ਉਏ ਸਾਂਭਿਆ ਉੱਡ ਯਾਰ, ਰੇਟਿੰਗ ਤਾਂ ਦੇ ਜਾ ਘੱਟੋ-ਘੱਟ ਫ਼ਿਲਮ ਦੀ। (ਸਾਂਭਾ ਹਿੱਲਦਾ ਨੀ) ਲੱਗਦਾ ਇਹਦੀ ਤਾਂ ਢਿੱਬਰੀ ਟੈਟ ਹੋਗੀ। ਚੱਲ ਗੱਬਰ ਸਿੰਘ ਆਪ ਈ ਦਿੰਦਾ ਰੇਟਿੰਗ, ਆਹ ਚੱਕੋ, ਡਿਸ਼ਕੈਯੂੰ, ਡਿਸ਼ਕੈਯੂੰ, ਡਿਸ਼ਕੈਯੂੰ, ਢਿਚਕੂੰ… ਸਾਢੇ ਤਿੰਨ ਗੋਲੀਆਂ ਦੀ ਰੇਟਿੰਗ…”
ਪਿੱਛੋਂ ਕਾਲੀਆ ਡਰਦਾ-ਡਰਦਾ ਬੋਲਿਆ, “ਪਰ ਸਰਦਾਰ ਥੋਨੂੰ ਫ਼ਿਲਮ ਦੀਆਂ ਸਾਰੀਆਂ ਖ਼ਾਮੀਆਂ ਦਾ ਪਤਾ ਕਿਵੇਂ ਲੱਗਿਆ?”
“ਉਏ ਖੋਤੇ ਦਿਉ ਪੁੱਤਰੋ, ਮੈਂ ਸਾਂਭੇ ਦੇ ਪਿੱਛੇ ਆਲੀ ਸੀਟ ਤੇ ਬੈਠਾ ਫ਼ਿਲਮ ਦੇਖਦਾ ਸੀ। ਥੋਨੂੰ ਕੀ ਲੱਗਿਆ ਸਾਂਭਾ ਫ਼ਿਲਮ ਦੇਖ ਆਉ ਤੇ ਸਰਦਾਰ ਪਿੱਛੇ ਰਹਿਜੂ। ਹਾ…ਹਾ…ਹਾ…”
“ਵਾਹ ਸਰਦਾਰ, ਚੰਨੋ ਤਾਂ ਬਾਹਲੀ ਕਮਾਲ ਦੀ ਨਿੱਕਲੀ!”
ਡਿੰਸ਼ਕਿਯੂੰ! ਕਾਲੀਆਂ ਢੇਰ!
***
*ਇਸ ਰਿਵੀਊ ਦੇ ਸਾਰੇ ਪਾਤਰ ਕਾਲਪਨਿਕ ਅਤੇ ਸ਼ੋਅਲੇ ਫ਼ਿਲਮ ਦੇ ਕਿਰਦਾਰਾਂ ਉੱਪਰ ਆਧਾਰਿਤ ਹਨ। ਡਾਇਲੌਗ ਵਿਚ ਵਰਤੀ ਗਈ ਸ਼ਬਦਾਵਲੀ ਕੇਵਲ ਪ੍ਰਤੀਕਾਤਮਕ ਹੈ, ਸਾਡਾ ਮਕਸਦ ਕਿਸੇ ਨੂੰ ਵੀ ਠੇਸ ਪਹੁੰਚਾਉਣਾ ਨਹੀਂ ਹੈ। ਅਸੀਂ ਸਾਰੇ ਕਲਾਕਾਰਾਂ ਅਤੇ ਫ਼ਿਲਮ ਦੇ ਟੈਕਨੀਕਲ ਸਟਾਫ਼ ਦਾ ਪੂਰਾ ਸਤਿਕਾਰ ਕਰਦੇ ਹਾਂ। ਧੰਨਵਾਦ!
Leave a Reply