Bir Singh Controversy: ਸ਼ਹਾਦਤ, ਸੈਲਫ਼ੀਆਂ ਤੋਂ ਭੰਗੜੇ ਤੱਕ?

Bir Singh Controversy: ਸ਼ਹਾਦਤ, ਸੈਲਫ਼ੀਆਂ ਤੋਂ ਭੰਗੜੇ ਤੱਕ?
Bir Singh Controversy: ਸ਼ਹਾਦਤ, ਸੈਲਫ਼ੀਆਂ ਤੋਂ ਭੰਗੜੇ ਤੱਕ?

ਗਾਇਕ ਬੀਰ ਸਿੰਘ (Bir Singh) ਦਾ ਸ੍ਰੀਨਗਰ ਦੀ ਧਰਤੀ ‘ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ () ਦੇ 350ਵੀਂ ਸ਼ਹਾਦਤ ਦੇ ਸਮਾਗਮ ਮੌਕੇ ਭੰਗੜਾ ਪਾਉਣ ਤੇ ਪਵਾਉਣ ਦਾ ਮਸਲਾ ਸਾਡੇ ਸਾਹਮਣੇ ਹੈ।

ਸਮਾਗਮ ਦੇ ਸੱਦਾ ਪੱਤਰ ਉੱਤੇ ਇਸ ਨੂੰ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਅਤੇ ਸੂਫ਼ੀ ਗਾਇਨ ਦਾ ‘ਆਤਮ ਗਾਇਨ’ ਦੱਸਿਆ ਗਿਆ ਹੈ। ਕੀ ਇਹ ਆਤਮ ਗਾਇਨ ਰੰਗਾ ਰੰਗ ਪ੍ਰੋਗਰਾਮ ਵਿੱਚ ਅਚਾਨਕ ਹੀ ਬਦਲ ਗਿਆ ਜਾਂ ਇਸ ਦਾ ਕੋਈ ਪੈਟਰਨ ਹੈ?

ਦਰ ਅਸਲ ਇਹ ਪਹਿਲੀ ਘਟਨਾ ਨਹੀਂ ਹੈ। ਬੀਰ ਸਿੰਘ ਦੇ ਮਸਲੇ ਦੀ ਵੀ ਗੱਲ ਕਰਦੇ ਹਾਂ। ਪਹਿਲੀ ਘਟਨਾ ਬਾਰੇ ਗ਼ੌਰ ਫ਼ਰਮਾਉ!

27 ਅਪ੍ਰੈਲ 2025 ਨੂੰ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਵਿਖੇ ਵੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਇੱਕ ਕਵੀਸ਼ਰੀ ਦਰਬਾਰ ਕਰਵਾਇਆ ਗਿਆ। ਇਸ ਕਵੀਸ਼ਰੀ ਦਰਬਾਰ ਵਿੱਚ ਵੀ ਗੁਰੂ ਸਾਹਿਬ ਦੀ ਸ਼ਹਾਦਤ ਦੇ ਸਮਾਨਾਂਤਰ ਸਾਹਿਤ ਸਭਾਈ ਹਉਮੈ ਅਤੇ ਮਰਿਆਦਾ ਦੀ ਅਵੱਗਿਆ ਦਾ ਨੰਗਾ ਚਿੱਟਾ ਨਾਚ ਦੇਖਣ ਨੂੰ ਮਿਲਿਆ ਸੀ।

ਕਵੀਸ਼ਰੀ ਦਰਬਾਰ ਵਿੱਚ ਮੰਚ ਇਸ ਤਰ੍ਹਾਂ ਬਣਾਇਆ ਗਿਆ ਸੀ ਕਿ ਤਿੰਨ ਮੈਂਬਰੀ ਕਵੀਸ਼ਰਾਂ ਦੇ ਜੱਥੇ, ਇੱਕ ਬੰਦੇ ਦੇ ਬੋਲਣ ਵਾਲੇ ਡਾਈਸ ਜਿੰਨੀ ਜਗ੍ਹਾ ਵਿੱਚ ਇਕ ਖੂੰਜੇ ਵਿੱਚ ਖੜ੍ਹ ਕੇ ਕਵੀਸ਼ਰੀ ਰਾਹੀਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦੇ ਲਾਸਾਨੀ ਇਤਿਹਾਸ ਨੂੰ ਸ਼ਰਧਾਮਈ ਵੈਰਾਗਮਈ ਭਾਵਨਾ ਨਾਲ ਬਿਆਨ ਕਰ ਰਹੇ ਸਨ। ਜਦ ਕਿ ਪੂਰੀ ਸਟੇਜ ਦਾ ਕੇਂਦਰੀ ਹਿੱਸਾ ਦਰਜਨ ਦੇ ਕਰੀਬ ਪ੍ਰਧਾਨਾਂ ਦੇ ਪ੍ਰਧਾਨਗੀ ਮੰਡਲ ਨੇ ਘੇਰਿਆ ਹੋਇਆ ਸੀ, ਜੋ ਮੰਚ ਉੱਤੇ ਬੈਠੇ ਹਾਸਾ ਠੱਠਾ ਕਰਨ ਤੋਂ ਲੈ ਕੇ ਇੱਕ ਦੂਜੇ ਨਾਲ ਸੈਲਫ਼ੀਆਂ ਖਿੱਚਣ ਵਿੱਚ ਮਗਨ ਸਨ। ਉਹਨਾਂ ਨੂੰ ਕੋਈ ਪਰਵਾਹ ਨਹੀਂ ਸੀ ਕਿ ਉਨਾਂ ਦੇ ਸੱਜੇ ਪਾਸੇ ਇੱਕ ਖੂੰਜੇ ਵਿੱਚ ਕਵੀਸ਼ਰੀ ਦਰਬਾਰ ਚੱਲ ਰਿਹਾ ਹੈ, ਉਹਨਾਂ ਦਾ ਸੈਲਫੀ ਤੇ ਮਖੌਲੀਆ ਦਰਬਾਰ ਉਸੇ ਸਟੇਜ ਦੇ ਵਿਚਕਾਰ ਜੋ ਚੱਲ ਰਿਹਾ ਸੀ।

ਹੈਰਾਨੀ ਦੀ ਗੱਲ ਨਹੀਂ ਕਿ ਇਸ ਪ੍ਰਧਾਨਗੀ ਮੰਡਲ ਵਿੱਚ ਸਭਾ ਦਾ ਮੁੱਖ ਪ੍ਰਬੰਧਕ ਸੀਪੀਆਈ ਦਾ ਕਾਮਰੇਡ, ਕਥਿਤ ਬੁੱਧੀਜੀਵੀ, ਕਵੀਸ਼ਰੀ ਦੀ ਵੱਡਾ ਉਸਤਾਦ ਸਦਾਉਂਦੀ ਸ਼ਖਸ਼ੀਅਤ, ਆਮ ਆਦਮੀ ਪਾਰਟੀ ਦਾ ਕਿਸੇ ਬੋਰਡ ਦਾ ਮੁਖੀ ਅਤੇ ਆਪਣਾ ਕਵੀਸ਼ਰੀ ਸਕੂਲ ਤੇ ਜੱਥਾ ਚਲਾਉਂਦਾ ਇੱਕ ਨੌਜਵਾਨ ਆਗੂ, ਇਹ ਬਹੁਤ ਸਾਰੇ ਐਨਆਰਆਈ ਸਪੋਂਸਰ, ਲੇਖਕ ਤੇ ਪੱਤਰਕਾਰ ਸ਼ਾਮਲ ਸਨ। ਇਹੀ ਨਹੀਂ ਜਿਵੇਂ-ਜਿਵੇਂ ਨਵੇਂ ਪ੍ਰਧਾਨ ਆਈ ਜਾਂਦੇ ਸਨ, ਮੰਚ ‘ਤੇ ਉਵੇਂ-ਉਵੇਂ ਕੁਰਸੀਆਂ ਵੱਧਦੀਆਂ ਜਾਂਦੀਆਂ। ਇਕ ਵੇਲੇ ਮੰਚ ‘ਤੇ ਕੁਰਸੀ ਰੱਖਣ ਦੀ ਤਾਂ ਛੱਡੋ ਖੜ੍ਹਨ ਦੀ ਵੀ ਜਗ੍ਹਾ ਨਹੀਂ ਸੀ।

ਉਸ ਤੋਂ ਵੀ ਜ਼ਿਆਦਾ ਹੈਰਾਨੀ ਦੀ ਗੱਲ ਹੈ ਕਿ ਇਸ ਕਵੀਸ਼ਰੀ ਦਰਬਾਰ ਦਾ ਪ੍ਰਬੰਧਕ ਤੇ ਸੰਚਾਲਕ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨਾਲ ਸੰਬੰਧਿਤ ਇੱਕ ਧਾਰਮਿਕ ਸਟੇਜੀ ਕਵੀ ਸੀ ਜੋ ਦੁਨੀਆ ਭਰ ਦੇ ਗੁਰਦੁਆਰਿਆਂ ਵਿੱਚ ਗੁਰੂ ਦੀ ਮਹਿਮਾ ਦੇ ਛੰਦ ਤੇ ਕਬਿੱਤ ਗਾਉਣ ਲਈ ਜਾਣਿਆ ਜਾਂਦਾ ਹੈ।

ਮੌਕੇ ‘ਤੇ ਜਦੋਂ ਮੈਂ ਉਸ ਨੂੰ ਟੋਕਿਆ ਤੇ ਪੁੱਛਿਆ ਕਿ ਕੀ ਕਵੀਸ਼ਰੀ ਦਰਬਾਰ ਵਿੱਚ ਇਸ ਤਰ੍ਹਾਂ ਦੇ ਆਪਹੁਦਰੇ ਪ੍ਰਧਾਨਗੀ ਮੰਡਲ ਬਿਠਾਉਣ ਦਾ ਕੋਈ ਰਿਵਾਜ਼ ਹੈ ਤਾਂ ਉਸਨੇ ਮੰਨਿਆ ਕਿ ਨਹੀਂ। ਜਦੋਂ ਉਸ ਨੂੰ ਕਿਹਾ ਗਿਆ ਕਿ ਇਸ ਤਰ੍ਹਾਂ ਤਾਂ ਗੁਰੂ ਘਰ ਦੀ ਲਾਸਾਨੀ ਕਵੀਸ਼ਰੀ ਦੀ ਮਰਿਆਦਾ ਭੰਗ ਹੋ ਰਹੀ ਹੈ ਤਾਂ ਉਸਨੇ ਹੱਸ ਕੇ ਟਾਲਣਾ ਹੀ ਬੇਹਤਰ ਸਮਝਿਆ। ਉਸ ਨੂੰ ਟਾਲਦੇ ਦੇਖ ਕੇ ਦਾਸ ਨੂੰ ਇਹ ਵੀ ਕਹਿਣਾ ਪਿਆ ਕਿ ਕਾਮਰੇਡਾਂ ਨੇ ਤਾਂ ਸਾਹਿਤਕ ਦਰਬਾਰ ਕਹਿ ਕੇ ਪੱਲਾ ਛੁਡਾ ਲੈਣਾ ਹੈ, ਤੁਸੀਂ ਕਿਉਂ ਗੁਰੂ ਦੇ ਸਿੱਖ ਹੋ ਕੇ ਇਨ੍ਹਾਂ ਕਾਮਰੇਡਾਂ ਪਿੱਛੇ ਲੱਗ ਕੇ ਗੁਰੂ ਘਰ ਦੀ ਮਰਿਆਦਾ ਭੰਗ ਕਰਨ ਦੇ ਭਾਗੀ ਬਣ ਰਹੇ ਹੋ? ਇਸ ਦਾ ਉਸ ਕੋਲ ਕੋਈ ਜਵਾਬ ਨਹੀਂ ਸੀ।

ਉਂਝ ਉਸ ਦਾ ਜਵਾਬ ਦੇਣ ਵੱਲ ਧਿਆਨ ਹੁੰਦਾ ਵੀ ਕਿਵੇਂ, ਉਹ ਤਾਂ ਵਿਦੇਸ਼ਾਂ ਤੋਂ ਆਏ ਆਪਣੇ ਮਿੱਤਰਾਂ ਤੇ ਪ੍ਰਸ਼ੰਸ਼ਕਾਂ ਵੱਲੋਂ ਮੰਚ ਤੋਂ ਕੀਤੀਆਂ ਜਾ ਰਹੀਆਂ ਪ੍ਰਸ਼ੰਸਾਵਾਂ ‘ਤੇ ਹੀ ਮੰਤਰ ਮੁਗਧ ਸੀ। ਨਾਲੇ ਮੰਚ ਸੰਚਾਲਨ ਕਰਦਿਆਂ ਉਸ ਦਾ ਬਾਰ-ਬਾਰ ਦਾਅਵਾ ਸੀ ਕਿ 72 ਸਾਲਾਂ ‘ਚ ਪੰਜਾਬੀ ਭਵਨ ‘ਚ ਪਹਿਲੀ ਵਾਰ ਹੋਣ ਵਾਲਾ ਕਵੀਸ਼ਰੀ ਦਰਬਾਰ, ਉਸ ਦੇ ਨਿੱਜੀ ਚੈਨਲ ‘ਤੇ ਲਾਈਵ ਚੱਲ ਰਿਹਾ ਸੀ। ਉਸ ਨੇ ਇਸ ਗੱਲ ਵੱਲ ਗ਼ੌਰ ਨਹੀਂ ਕੀਤਾ ਕਿ ਗੁਰੂ ਕਾਲ ਤੋਂ ਲੈ ਕੇ ਇੰਨੀਆਂ ਸਦੀਆਂ ਵਿੱਚ ਉਸ ਦੇ ਸੰਚਾਲਨ ਵਿੱਚ ਹੀ ਗੁਰੂ ਘਰ ਦੀ ਮਰਿਆਦਾ ਭੰਗ ਹੋ ਰਹੀ ਸੀ। ਨਾ ਹੀ ਉਸ ਨੂੰ ਰੱਤੀ ਭਰ ਅਹਿਸਾਸ ਸੀ ਕਿ ਉਸ ਦੇ ਯੂਟੀਊਬ ‘ਤੇ ਚੱਲ ਰਹੇ ਲਾਈਵ ਵਿੱਚ ਦੁਨੀਆ ਭਰ ਵਿੱਚ ਬੈਠੇ ਲੋਕ ਕਵੀਸ਼ਰੀ ਦਰਬਾਰ ਤੋਂ ਧਿਆਨ ਭਟਕਾ ਰਹੇ ਪ੍ਰਧਾਨਗੀ ਮੰਡਲ ਦੀਆਂ ਆਪਹੁਦਰੀਆਂ ਤੇ ਸੈਲਫੀਆਂ ਦੇ ਪੋਜ਼ ਵੀ ਦੇਖ ਰਹੇ ਸਨ।

ਹੋਰ ਤਾਂ ਹੋਰ ਅਕੈਡਮੀ ਦਾ ਕਾਮਰੇਡ ਮੁੱਖ ਪ੍ਰਬੰਧਕ ਕਥਿਤ ਬੁੱਧੀਜੀਵੀ ਮੰਚ ਤੋਂ ਦਿੱਤੇ ਭਾਸ਼ਣ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਜਾਂ ਸ਼ਹਾਦਤ ਬਾਰੇ ਤਾਂ ਕੁਝ ਨਹੀਂ ਬੋਲਿਆ ਪਰ ਸਾਹਿਤ ਅਕਾਦਮੀ ਦੇ ਲੇਖਕਾਂ ਦੇ ਵੱਖ-ਵੱਖ ਧੜਿਆਂ ਬਾਰੇ ਸਿਆਸੀ ਟਿੱਪਣੀਆਂ ਕਰਨ ‘ਤੇ ਉਸ ਨੇ ਪੂਰਾ ਜ਼ੋਰ ਲਾਇਆ।

ਇਸੇ ਤਰ੍ਹਾਂ ਪ੍ਰਧਾਨਗੀ ਮੰਡਲ ਵਿੱਚ ਬੈਠੇ ਕਰੀਬ ਦਰਜਨ ‘ਪ੍ਰਧਾਨਾਂ’ ਨੇ ਵੀ ਆਪਣੇ ਪ੍ਰਧਾਨਗੀ ਭਾਸ਼ਣਾਂ ਵਿੱਚ ਗੁਰੂ ਸਾਹਿਬ ਬਾਰੇ ਗੁਰੂ ਸਾਹਿਬ ਦੀ ਸ਼ਹਾਦਤ ਬਾਰੇ ਕੋਈ ਗੱਲ ਨਹੀਂ ਕੀਤੀ। ਸਭ ਦਾ ਧਿਆਨ ਆਪਣੀ ਪ੍ਰਸ਼ੰਸਾ ਕਰਨ ਜਾਂ ਆਪਣੀ ਕਵਿਤਾ ਸੁਣਾਉਣ ਤੱਕ ਲੱਗਾ ਰਿਹਾ। ਸ਼ਾਇਦ ਇੱਕ ਜਾਂ ਦੋ ਬੰਦਿਆਂ ਨੇ ਹੀ ਗੁਰੂ ਸਾਹਿਬ ਦੀ ਗੱਲ ਕੀਤੀ।

ਸੋ ਇਸ ਤਰ੍ਹਾਂ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸਮਰਪਿਤ 72 ਸਾਲਾਂ ‘ਚ ਪਹਿਲੀ ਵਾਰ ਕੀਤਾ ਗਿਆ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦਾ ਕਵੀਸ਼ਰੀ ਦਰਬਾਰ ਗੁਰਮਤਿ ਦੀ ਮਰਿਆਦਾ ਨੂੰ ਭੰਗ ਕਰਦਾ ਹੋਇਆ ਸੰਪੰਨ ਹੋਇਆ।

ਬੀਤੇ ਦਿਨੀਂ ਜੋ ਬੀਰ ਸਿੰਘ ਨੇ ਕੀਤਾ ਤੇ ਜਿੰਨਾ ਪ੍ਰਬੰਧਕਾਂ ਦੀ ਹਾਜ਼ਰੀ ਵਿੱਚ ਹੋਇਆ ਭਾਵੇਂ ਉਹ ਪੰਜਾਬੀ ਭਵਨ ਵਾਲੇ ਕਵੀਸ਼ਰੀ ਦਰਬਾਰ ਦਾ ਹਿੱਸਾ ਨਹੀਂ ਸਨ ਪਰ ਸਾਹਿਤ ਸਭਾਈ ਸੁਭਾਅ ਪੱਖੋਂ ਉਹ ਇਹਨਾਂ ਵਰਗੇ ਹੀ ਹਨ।

ਬੀਰ ਸਿੰਘ ਵੱਲੋਂ ਵੀਡੀਓ ਜਾਰੀ ਕਰਕੇ ਐਲਾਨਿਆ ਗਿਆ ਮਾਫ਼ੀਨਾਮਾ ਵੀ ਬੋਗਸ ਅਤੇ ਸਰਕਾਰੀ ਜਿਹਾ ਲੱਗ ਰਿਹਾ ਹੈ। ਜਿਵੇਂ ਸਰਕਾਰ ਕਿਸੇ ਵੱਡੇ ਘਪਲੇ ਵਿੱਚ ਵੱਡੇ ਚਿਹਰਿਆਂ ਤੇ ਰੁਤਬਿਆਂ ਨੂੰ ਬਚਾਉਣ ਲਈ ਹੇਠਲੇ ਮੁਲਾਜ਼ਮਾਂ ਨੂੰ ਬਰਖ਼ਾਸਤ ਕਰਕੇ ਕਾਰਵਾਈ ਕਰਨ ਦਾ ਢੋਂਗ ਕਰ ਦਿੰਦੀ ਹੈ, ਉਵੇਂ ਹੀ ਅੱਜ ਬੀਰ ਸਿੰਘ ਨੇ ਆਪਣੀ ਇੱਕ ਨਿੱਜੀ ਟੀਮ ਨੂੰ ਬਰਖ਼ਾਸਤ ਕਰਕੇ ਆਪਣੇ ਆਪ ਨੂੰ ਪਾਕ ਸਾਫ਼ ਕਰਨ ਦੀ ਚਾਰਾਜੋਈ ਕੀਤੀ ਹੈ।

ਸੋਚਣ ਵਾਲੀ ਗੱਲ ਇਹ ਹੈ ਕਿ ਜੇ ਬੀਰ ਸਿੰਘ ਨੂੰ ਪਤਾ ਹੀ ਨਹੀਂ ਕਿ ਉਹ ਕਿੱਥੇ ਜਾ ਰਿਹਾ ਹੈ ਤੇ ਉੱਥੇ ਕੀ ਸਮਾਗਮ ਹੈ ਤਾਂ ਉਹ ਉਥੇ ਕਰਨ ਕੀ ਜਾ ਰਿਹਾ ਹੈ? ਕੀ ਉਸ ਦੀ ਮੈਨੇਜਮੈਂਟ ਟੀਮ ਉਸ ਨੂੰ ਨਹੀਂ ਦੱਸਦੀ ਕਿ ਉਹ ਵਿਆਹ ਦੇ ਸਮਾਗਮ ਦੀ ਬੁਕਿੰਗ ਹੈ ਜਾਂ ਧਾਰਮਿਕ ਸਮਾਗਮ ਦੀ ਬੁਕਿੰਗ ਹੈ। ਜਦੋਂ ਬੀਰ ਸਿੰਘ ਗਾਇਕੀ ਦੇ ਮੁਕਾਬਲੇ ਦੀ ਜੱਜਮੈਂਟ ‘ਤੇ ਜਾਂਦਾ ਹੈ, ਉਦੋਂ ਉਸਨੂੰ ਪਤਾ ਨਹੀਂ ਹੁੰਦਾ ਕਿ ਉਹ ਜੱਜ ਦੇ ਤੌਰ ‘ਤੇ ਜਾ ਰਿਹਾ ਹੈ। ਲੱਗਦਾ ਹੈ ਸਾਰੇ ਹੀ ਮੰਨਦੇ ਹਨ ਕਿ ਸੰਗਤ ਭੋਲੀ ਹੈ ਤੇ ਸੰਗਤ ਦੀਆਂ ਅੱਖਾਂ ਵਿੱਚ ਘੱਟਾ ਪਾਇਆ ਜਾ ਸਕਦਾ ਹੈ। ਜਦ ਕਿ 2 ਦਸੰਬਰ 2024 ਦੀ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਕਾਰਵਾਈ ਨੇ ਦੱਸ ਦਿੱਤਾ ਹੈ ਕਿ ਸੰਗਤ ਇੰਨੀ ਵੀ ਭੋਲੀ ਨਹੀਂ। ਬੀਰ ਸਿੰਘ ਦਾ ਬਣਦਾ ਤਾਂ ਇਹ ਹੈ ਕਿ ਗਲ ਵਿੱਚ ਪੱਲਾ ਪਾ ਕੇ ਸ੍ਰੀ ਅਕਾਲ ਤਖਤ ਸਾਹਿਬ ‘ਤੇ ਪੇਸ਼ ਹੋ ਕੇ ਭੁੱਲ ਬਖ਼ਸ਼ਾ ਸਕਦਾ ਹੈ, ਗੁਰੂ ਬਖਸ਼ਣਹਾਰ ਹੈ, ਇਹ ਤਾਂ ਉਸਨੇ ਆਪ ਹੀ ਕਿਹਾ ਹੈ। ਗੁਰੂ ਪਰ ਬਖ਼ਸ਼ੇਗਾ ਤਾਂ ਜੇ ਗੁਰੂ ਦਾ ਸਿੱਖ ਆਪਣੀ ਭੁੱਲ ਮੰਨੇਗਾ… ਮੈਨੇਜਮੈਂਟ ‘ਤੇ ਪਾ ਕੇ ਤਾਂ ਭੁੱਲਾਂ ਬਖਸ਼ਾਈਆਂ ਨਹੀਂ ਜਾ ਸਕਦੀਆਂ…

ਦਰਅਸਲ ਇਹ ਸਾਰਾ ਮਸਲਾ ਸਾਹਿਤ ਸਭਾਈ ਘੇਰੇ ਦਾ ਹੈ। ਜਿਸ ਬਾਰੇ ਮੈਂ ਬਾਰ-ਬਾਰ ਆਵਾਜ਼ ਵੀ ਉਠਾਉਂਦਾ ਰਿਹਾ ਹਾਂ, ਸੁਚੇਤ ਵੀ ਕਰਦਾ ਰਿਹਾ ਹਾਂ ਅਤੇ ਨੁਕਸਾਨ ਵੀ ਝੱਲਦਾ ਰਿਹਾ ਹਾਂ। ਇੱਥੇ ਬੀਰ ਸਿੰਘ ਵੀ ਇੱਕ ਖ਼ਾਸ ਸਾਹਿਤਕ ਘੇਰੇ ਦਾ ਹੀ ਬੰਦਾ ਹੈ। ਕੀ ਉਸ ਘੇਰੇ ਨੂੰ ਬੀਰ ਸਿੰਘ ਨੂੰ ਕਿਸੇ ਸਮਾਗਮ ਵਿੱਚ ਸੱਦਣ ਲਈ ਮੈਨੇਜਮੈਂਟ ਨਾਲ ਸੰਪਰਕ ਕਰਨ ਦੀ ਲੋੜ ਹੈ? ਮੈਨੂੰ ਨਹੀਂ ਲਗਦਾ। ਉਸ ਦਾ ਸਿੱਧਾ ਸੰਪਰਕ ਸਭ ਤੋਂ ਵੱਡੇ ਪ੍ਰਬੰਧਕ ਨਾਲ ਹੋਵੇਗਾ। ਉਹ ਪਹਿਲਾਂ ਵੀ ਅਜਿਹੇ ਘੇਰਿਆਂ ਦੇ ਸਮਾਗਮਾਂ ਵਿੱਚ ਸ਼ਾਮਿਲ ਹੁੰਦਾ ਰਿਹਾ ਹੈ।

ਨਾਲੇ ਮੈਨੇਜਮੈਂਟ ਨੇ ਸਿਰਫ਼ ਕੈਲੰਡਰ ਤੇ ਆਉਣ ਜਾਣ ਦੇ ਪ੍ਰਬੰਧ ਕਰਨੇ ਹੁੰਦੇ ਹਨ, ਸਟੇਜ ਤੇ ਕੀ ਗਾਉਣਾ ਹੈ ਤੇ ਕੀ ਨਹੀਂ ਗਾਉਣਾ, ਇਸ ਦਾ ਪ੍ਰਬੰਧ ਮੈਨੇਜਮੈਂਟ ਨੇ ਥੋੜ੍ਹੀ ਕਲਾਕਾਰ ਨੇ ਆਪ ਕਰਨਾ ਹੁੰਦਾ ਹੈ। ਕੀ ਬੀਰ ਸਿੰਘ ਵਰਗਾ ਕਲਾਕਾਰ ਕੋਈ ਹੋਮਵਰਕ ਕਰਦਾ ਹੀ ਨਹੀਂ? ਬੜੇ ਅਫ਼ਸੋਸ ਦੀ ਗੱਲ ਹੈ।

ਘੇਰੇ ਦਾ ਮੰਤਵ ਅਤੇ ਸਮੱਸਿਆ ਇਹ ਹੈ ਕਿ ਉਸਨੇ ਆਪਣੇ ਘੇਰੇ ਦੇ ਹਰ ਬੰਦੇ ਨੂੰ ਹਰ ਵਰਤਾਰੇ ਉੱਤੇ ਫਿੱਟ ਕਰਨਾ ਹੁੰਦਾ ਹੈ। ਘੇਰਾ ਕਦੇ ਵੀ ਇਹ ਨਹੀਂ ਕਰਦਾ ਕਿ ਜਿਸ ਵਿਸ਼ੇ ਬਾਰੇ ਸਮਾਗਮ ਹੈ ਉਸ ਨਾਲ ਸੰਬੰਧਿਤ ਸ਼ਖ਼ਸੀਅਤਾਂ ਨੂੰ ਉਸ ਵਿੱਚ ਸ਼ਾਮਿਲ ਕੀਤਾ ਜਾਵੇ ਬਲਕਿ ਘੇਰਾ ਇਹ ਕਰਦਾ ਹੈ ਕਿ ਆਪਣੇ ਘੇਰੇ ਵਿੱਚੋਂ ਉਨ੍ਹਾਂ ਬੰਦਿਆਂ ਨੂੰ ਲੱਭਿਆ ਜਾਵੇ ਜਿਸ ਨੂੰ ਉਸ ਵਿਸ਼ੇ ਉੱਤੇ ਫਿੱਟ ਕੀਤਾ ਜਾ ਸਕਦਾ ਹੈ। ਘੇਰਾ ਇਹ ਨਹੀਂ ਕਹਿੰਦਾ ਕਿ ਫਲਾਣਾ ਬੰਦਾ ਉਸ ਵਿਸ਼ੇ ਦਾ ਜਾਣਕਾਰ ਨਹੀਂ ਹੈ ਬਲਕਿ ਘੇਰਾ ਇਹ ਕਹਿੰਦਾ ਹੈ ਕਿ ਇਹ ਉਸ ਵਿਸ਼ੇ ਦਾ ‘ਦੂਜਾ ਪਾਸਾ’ ਹੈ। ਘੇਰਾ ਹਰ ਮਰਿਆਦਾ ਦੇ ਉਲਟ ਵਰਤਾਰੇ ਨੂੰ ਅਮਰਿਆਦਾ ਕਹਿਣ ਦੀ ਬਜਾਏ ਉਸਨੂੰ ਦੂਜਾ ਪਾਸਾ ਕਹਿ ਕੇ ਵਾਜਿਬ ਠਹਿਰਾਉਂਦਾ ਹੈ।

ਜੇ ਤੁਸੀਂ ਇਸ ਤਰ੍ਹਾਂ ਦੇ ਸਾਹਿਤਕ ਘੇਰੇ ਦੇ ਇਤਿਹਾਸ ਨੂੰ ਧਿਆਨ ਨਾਲ ਦੇਖੋ ਤਾਂ ਇਸ ਘੇਰੇ ਦੇ ਕੁਝ ਕੁ ਵਿਦਵਾਨ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਤੱਕ, ਹਰ ਸਾਹਿਤਕ, ਸਮਾਜਿਕ, ਸੱਭਿਆਚਾਰਕ ਵਰਤਾਰੇ ਤੇ ਵਿਚਾਰਧਾਰਾ ਦੇ ਵੀ ਮਾਹਿਰ ਹਨ, ਸਿਆਸੀ ਉਥਲ-ਪੁਥਲ ਤੋਂ ਲੈ ਕੇ ਟੈਕਨੋਲਜੀ ਦੀ ਘੇਰਾਬੰਦੀ ਤੱਕ ਹਰ ਵਿਸ਼ੇ ਦੇ ਵਿਦਵਾਨ ਹਨ। ਮੌਕਾ ਆਉਂਦਾ ਹੈ ਤਾਂ ਉਹ ਕਲਾ ਤੋਂ ਲੈ ਕੇ ਆਰਟੀਫਿਸ਼ਅਲ ਇੰਟੈਲੀਜੈਂਸ ਤੋਂ ਹੁੰਦੇ ਹੋਏ, ਮੀਡੀਆ ਤੇ ਸੋਸ਼ਲ ਮੀਡੀਆ ਤੱਕ ਦੇ ਵੀ ਵਿਦਵਾਨ ਹੋ ਜਾਂਦੇ ਹਨ।

ਸਰਕਾਰਾਂ, ਅਦਾਰੇ ਤੇ ਵਰਤਾਰੇ ਬਦਲਦੇ ਹਨ, ਵਿਸ਼ੇ ਤੇ ਸਥਾਨ ਨਵੇਂ ਸ਼ਾਮਲ ਹੋ ਜਾਂਦੇ ਹਨ ਪਰ ਵਿਦਵਾਨ ਤੇ ਚਿਹਰੇ ਉਹੀ ਰਹਿੰਦੇ ਹਨ। ਹਰ ਥਾਂ ‘ਤੇ ਫਿੱਟ ਹੋ ਜਾਂਦੇ ਹਨ, ਹਰ ਥਾਂ ‘ਤੇ ਫਿੱਟ ਕਰ ਲਏ ਜਾਂਦੇ ਹਨ। ਇਸੇ ਕਰਕੇ ਪੂਰੇ ਘੇਰੇ ਵਿੱਚ ਸਭ ਵਿਦਵਾਨ ਹਨ ਪਰ ਕੋਈ ਇਕ-ਦੂਜੇ ਨੂੰ ਟੋਕਣ ਜਾਂ ਰੋਕਣ ਵਿੱਚ ਯਕੀਨ ਨਹੀਂ ਰੱਖਦਾ।

ਜੋ ਬੀਰ ਸਿੰਘ ਨੇ ਸ਼ਹਾਦਤ ਤੇ ਭੰਗੜਾ ਪਾਇਆ ਹੈ ਤੇ ਪਵਾਇਆ ਹੈ ਇਹ ਇਸੇ ਘੇਰਾਬੰਦੀ ਦਾ ਨਤੀਜਾ ਹੈ। ਜੇ ਇਤਿਹਾਸ ਫਰੋਲਿਆ ਜਾਵੇ ਤਾਂ ਬਹੁਤ ਸਾਰੇ ਵਰਕੇ ਲੱਭਣਗੇ ਜਦੋਂ ਘੇਰਿਆਂ ਦੀਆਂ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਪੇਸ਼ ਹੋਣ ਦੀਆਂ ਸਥਿਤੀਆਂ ਪੈਦਾ ਹੋਈਆਂ ਹੋਣਗੀਆਂ। ਉਹ ਗੱਲ ਵੱਖਰੀ ਹੈ ਕਿ ਪਹਿਲਾਂ ਵੀ ਸੁਰਖ਼ਰੂ ਹੋ ਕੇ ਨਿਕਲਦੇ ਰਹੇ ਹੋਣਗੇ ਤੇ ਅੱਗੇ ਵੀ ਸੁਰਖ਼ਰੂ ਹੋ ਕੇ ਨਿਕਲਦੇ ਰਹਿਣਗੇ। ਇਹੀ ਘੇਰੇ ਦੀ ਤਾਕਤ ਹੈ।

ਪਰ ਹੁਣ ਇਹ ਭਰਮ ਨਹੀਂ ਰਹਿ ਜਾਣਾ ਚਾਹੀਦਾ ਕਿ ਸੰਗਤ ਨੂੰ ਕੁਝ ਨਹੀਂ ਪਤਾ। ਗੁਰੂ ਜਾਣੀ ਜਾਣ ਹੈ ਸੰਗਤ ਸਭ ਦੇਖ ਕੇ ਵੀ ਗੁਰੂ ਦੇ ਭਾਣੇ ਵਿੱਚ ਹੈ।

ਇਸ ਮੌਕੇ ਮੈਂ ਸਮੂਹ ਸਿੱਖ ਨੌਜਵਾਨਾਂ ਨੂੰ ਇਹ ਜ਼ਰੂਰ ਬੇਨਤੀ ਕਰੂੰਗਾ ਕਿ ਇਸ ਵਰਤਾਰੇ ਬਾਰੇ ਸਿਧਾਂਤਕ ਤੇ ਸੰਗਤੀ ਰੂਪ ਵਿੱਚ ਆਪਣੀ ਭਰਵੀਂ ਪ੍ਰਤਿਕਿਰਿਆ ਤਾਂ ਜ਼ਰੂਰ ਦੇਣ ਪਰ ਗੁਰੂ ਵੱਲੋਂ ਬਖ਼ਸ਼ੇ ਬਿਬੇਕ ਦਾ ਪੱਲਾ ਜ਼ਰੂਰ ਫੜ ਕੇ ਰੱਖਣ ਨਹੀਂ ਤਾਂ ਘੇਰਿਆਂ ਦਾ ਪੁਰਾਣਾ ਪੈਂਤਰਾ ਹੈ ਕਿ ਪਹਿਲਾਂ ਸੰਗਤ ਦੇ ਹਿਰਦਿਆਂ ਨੂੰ ਠੇਸ ਪਹੁੰਚਾਉਂਦੇ ਹਨ ਤੇ ਜਦੋਂ ਰੋਸ ਵਿੱਚ ਆਈ ਸੰਗਤ ਜੋਸ਼ ਦਿਖਾਉਂਦੀ ਹੈ ਤਾਂ ਘੇਰੇ ਜੋਸ਼ ਨੂੰ ਨਿੰਦਣ ਦਾ ਬਹਾਨਾ ਬਣਾ ਕੇ ਰੋਸ ਨੂੰ ਰੱਦ ਕਰਨ ਦੇ ਆਹਰ ਵਿੱਚ ਜੁੱਟ ਜਾਂਦੇ ਹਨ।

ਅਰਦਾਸ ਕਰਦੇ ਹਾਂ ਕਿ ਸਤਿਗੁਰ ਸੱਚੇ ਪਾਤਸ਼ਾਹ ਸਾਨੂੰ ਸਭ ਨੂੰ ਸੁਮੱਤ ਬਖਸ਼ਣ!

ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣ!

ਚੜ੍ਹਦੀ ਕਲਾ!

Bir Singh Controversy: Gurmat Maryada Violations, Selfies to Bhangra Trend

ਜ਼ੋਰਦਾਰ ਟਾਈਮਜ਼ ਇਕ ਸੁਤੰਤਰ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਇਮਾਨਦਾਰੀ, ਨਿਰਪੱਖਤਾ, ਨਿਡਰਤਾ ਤੇ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ।

ਇਸ ਤਰ੍ਹਾਂ ਦੀਆਂ ਹੋਰ ਲਿਖਤਾਂ ਲਈ ਸਾਡੇ ਨਾਲ ਫੇਸਬੁੱਕ, ਵੱਟਸ-ਐਪ ’ਤੇ ਇੰਸਟਾਗ੍ਰਾਮ ’ਤੇ ਜੁੜੋ। ਜਿਸ ਐਪ ’ਤੇ ਸਾਡੇ ਨਾਲ ਜੁੜਨਾ ਚਾਹੋ, ਉਸ ਐਪ ਦੇ ਨਾਮ ’ਤੇ ਕਲਿੱਕ ਕਰੋ।


Updated:

in

by

Comments

Leave a Reply