ਰੇਡੀਓ ਸ਼ੋਅ – ਇੱਧਰਲੀਆਂ ਉੱਧਰਲੀਆਂ ਬਖ਼ਸ਼ਿੰਦਰੀਆਂ – 7

0 0
Read Time:11 Minute, 15 Second
zordar-times-punjabi-logo

ਸੀਨੀਅਰ ਪੱਤਰਕਾਰ ਬਖ਼ਸ਼ਿੰਦਰ ਦਾ ਤਾਜ਼ਾ ਖ਼ਬਰਾਂ ਬਾਰੇ ਠੇਠ ਪੰਜਾਬੀ ਬੋਲੀ ਵਿਚ ਤਬਸਰਾ ਕਰਦਾ ਰੇਡੀਓ ਪ੍ਰੋਗਰਾਮ ਇੱਧਰੀਆਂ ਓੱਧਰਲੀਆਂ ਬਖ਼ਸ਼ਿੰਦਰੀਆਂ ਦਾ ਛੇਵਾਂ ਐਪੀਸੋਡ ਹਾਜ਼ਰ ਹੈ।

ਸੁਰਖ਼ੀਆਂ

ਇਸ ਐਪੀਸੋਡ ਵਿਚ ਬਖ਼ਸ਼ਿੰਦਰ ਨੇ ਇਸ ਹਫ਼ਤੇ ਕੁਝ ਚਰਚਾ ਵਿਚ ਰਹੀਆਂ ਤੇ ਵਿਵਾਦਤ ਖ਼ਬਰਾਂ ਦੀ ਭੀੜ ਵਿਚ ਗੁਆਚ ਗਈ ਕੁਝ ਖ਼ਬਰਾਂ ਬਾਰੇ ਤਬਸਰਾ ਆਪਣੇ ਬਖ਼ਸ਼ਿੰਦਰੀ ਅੰਦਾਜ਼ ਵਿਚ ਤਬਸਰਾ ਕੀਤਾ ਹੈ। ਇਨ੍ਹਾਂ ਵਿਚ ਕੁਝ ਪ੍ਰਮੁੱਖ ਸੁਰਖ਼ੀਆਂ ਦਾ ਵੇਰਵਾ ਇੱਥੇ ਦਿੱਤਾ ਜਾ ਰਿਹਾ ਹੈ।

  • ਆਟੋ ਵਾਲੇ ਨੇ ਕੇਜਰੀਵਾਲ ਘੇਰਿਆ
  • ਕੱਲ੍ਹ ਨੂੰ ਕੁੜੀਆਂ ਨਿਰੋਧ ਮੰਗਣਗੀਆਂ – ਹਰਜੋਤ ਕੌਰ
  • ਸ਼ੱਕ ਦੀ ਕੋਈ ਸਜ਼ਾ ਨਹੀਂ – ਸੁਪਰੀਮ ਕੋਰਟ
  • ਹੈਲੀਕਾਪਟਰ ਹੇਠਾਂ ਲਮਕ ਕੇ ਡੰਡ ਮਾਰਨ ਦਾ ਵਰਲਡ ਰਿਕਾਰਡ
  • ਬਿਨਾਂ ਕਪੜਿਆਂ ਵਾਲਾ ਅਨੋਖਾ ਫ਼ੈਸ਼ਨ ਸ਼ੋਅ
  • ਰਾਸ਼ਟਰਪਤੀ ਐਵਾਰਡ ਮਿਲਣ ‘ਤੇ ਫ਼ਿਲਮਕਾਰ ਦਾ ਪਿੰਡ ਵਿਚ ਮਾਣ-ਤਾਣ
  • ਦਿੱਲੀ ਮੈਟਰੋ ਵਿਚ ਠੁਮਕੇ ਤੇ ਠੁਮਕ
  • ਕੀ ‘ਤਬਾਹੀ’ ਫੇਰ ਮਚਾਊ ਤਬਾਹੀ?

ਖ਼ਬਰਾਂ ਦਾ ਪੂਰਾ ਤਬਸਰਾ ਸੁਣਨ ਲਈ ਹੇਠਾਂ ਜਾ ਕੇ ਪਲੇਅ ਬਟਨ ਦਬਾਓ

ਸੁਣੋ ਰੇਡੀਓ ਪ੍ਰੋਗਰਾਮ ਇੱਧਰੀਲਆਂ ਓੱਧਰਲੀਆਂ ਬਖ਼ਸ਼ਿੰਦਰੀਆਂ – ਐਪੀਸੋਡ – 7

ਬਖ਼ਸ਼ਿੰਦਰ ਦੇ ਬਾਕੀ ਲੇਖ ਪੜ੍ਹਨ ਤੇ ਰੇਡੀਓ ਪ੍ਰੋਗਰਾਮ ਸੁਣਨ ਲਈ ਕਲਿੱਕ ਕਰੋ

ਆਟੋ ਵਾਲੇ ਨੇ ਕੇਜਰੀਵਾਲ ਘੇਰਿਆ

ਅਜੇ ਬਹੁਤਾ ਸਮਾਂ ਨਹੀਂ ਹੋਇਆ ਜਦੋਂ ਵਿਕਰਮ ਦੰਤਾਨੀ ਨਾਂ ਦੇ ਜਿਸ ਆਟੋ ਰਿਕਸ਼ੇਵਾਲ਼ੇ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਆਪਣੇ ਘਰ ਨੇਂਦਾ ਖੁਆਇਆ ਸੀ।
ਉਸ ਵੇਲ਼ੇ ਮੀਡੀਆ ਨੇ ਇਹ ਖ਼ਬਰ, ਬਹੁਤ ਮਟਕਾਈ ਸੀ।
ਹੁਣ ਉਹੀ ਰਿਕਸ਼ੇਵਾਲ਼ਾ, ਭਾਰਤੀ ਜਨਤਾ ਪਾਰਟੀ ਵੱਲ ਉੱਲਰ ਗਿਆ ਏ ਤਾਂ ਵੀ ਉਸ ਨੂੰ ਬਹੁਤ ਵੱਡੀ ਖ਼ਬਰ ਬਣਾਇਆ ਜਾ ਰਿਹਾ ਏ।
ਇਹ ਪਲਟੀ ਮਾਰਨ ਦੇ ਸਬੰਧ ਵਿਚ ਹੁਣ ਉਹ ਰਿਕਸ਼ੇਵਾਲ਼ਾ ਇਹ ਕਹਿ ਰਿਹਾ ਏ ਕਿ ਉਸ ਨੂੰ, ਉਦੋਂ ਇਹ ਪਤਾ ਨਹੀਂ ਸੀ ਕਿ ਉਸ ਦੇ ਘਰ ਨੇਂਦਾ ਖਾ ਕੇ, ਕੇਜਰੀਵਾਲ ਸਾਹਬ, ਇਸ ਵਿਚੋਂ ਸਿਆਸੀ ਧਾਰਾਂ ਚੋਣਗੇ।

ਕੱਲ੍ਹ ਨੂੰ ਕੁੜੀਆਂ ਨਿਰੋਧ ਮੰਗਣਗੀਆਂ – ਹਰਜੋਤ ਕੌਰ

ਬਿਹਾਰ ਦੇ ਕਿਸੇ ਸਕੂਲ ਵਿਚ ਹੋ ਰਹੇ, ਕਿਸੇ ਸਮਾਗਮ ਵਿਚ, ਸੂਬੇ ਦੇ ਇਸਤਰੀ ਤੇ ਬਾਲ ਵਿਕਾਸ ਨਿਗਮ ਦੀ ਮੁਖੀ ਤੇ ਆਈ. ਏ. ਐੱਸ. ਅਧਿਕਾਰੀ ਹਰਜੋਤ ਕੌਰ ਬੰਮਰਾਹ ਵੱਲੌਂ, ਨੌਵੀਂ-ਦਸਵੀਂ ਜਮਾਤ ਦੀਆਂ ਵਿਦਿਆਰਥਣਾਂ ਨਾਲ਼ ਅਜੀਬ ਜਿਹੀ ਕੁੱਤੇਖਾਣੀ ਕਰਨ ਦੀ ਖ਼ਬਰ ਮਿਲੀ ਏ।
ਨੌਵੀਂ-ਦਸਵੀ ਜਮਾਤ ਦੀਆਂ ਕੁੜੀਆਂ ਵਿਚੋਂ ਕਿਸੇ ਨੇ ਇਸ ਅਫ਼ਸਰਨੀ ਨੂੰ ਬਹੁਤ ਹੀ ਨਿਮਰਤਾ ਨਾਲ਼ ਕਿਹਾ, ਸਰਕਾਰ ਸਾਨੂੰ ਵਰਦੀਆਂ ਵਗ਼ੈਰਾ ਸਭ ਕੁੱਝ ਦਿੰਦੀ ਹੈ ਤਾਂ ਉਹ ਸਾਨੂੰ ਵੀਹ-ਤੀਹ ਰੁਪਏ ਦੇ ਭਾਅ ਤੇ ਸੈਨੀਟਰੀ ਨੈਪਕਿਨਜ਼ ਨਹੀਂ ਦੇ ਸਕਦੀ?
ਇਸ ਸੁਆਲ ਦਾ ਜੁਆਬ ਵਿਚ ਬੀਬੀ ਬੰਮਰਾਹ ਨੇ ਕਿਹਾ, ਇਹ ਜਿਹੜੀਆਂ, ਇਸ ਕੁੜੀ ਦਾ ਸੁਆਲ ਸੁਣ ਕੇ ਤਾੜੀਆਂ ਮਾਰ ਰਹੀਆਂ ਨੇ, ਮੈਨੂੰ ਇਹ ਤਾਂ ਦੱਸਣ ਕਿ ਇਨ੍ਹਾਂ ਦੀਆਂ, ਇਨ੍ਹਾਂ ਮੰਗਾਂ ਦਾ ਕਿਤੇ ਕੋਈ ਅੰਤ ਵੀ ਏ! ਕੱਲ੍ਹ ਨੂੰ ਤੁਸੀਂ ਕਹੋਂਗੀਆਂ ਕਿ ਸਰਕਾਰ ਸਾਨੂੰ, ਪਾਉਣ ਲਈ ਜੀਨਾਂ ਵੀ ਦੇਵੇ, ਸੁਹਣੀਆਂ-ਸੁਹਣੀਆਂ ਜੁੱਤੀਆਂ ਵੀ ਲੈ ਕੇ ਦੇਵੇ ਤੇ ਫਿਰ ਭਲ਼ਕ ਨੂੰ ਪਰਿਵਾਰ ਨਿਯੋਜਨ ਦੇ ਮਾਮਲੇ ਵਿਚ ਨਿਰੋਧ ਵੀ ਦੇਵੇ। ਤੁਸੀਂ ਸਭ ਕੁੱਝ ਮੁਫ਼ਤ ਕਿਉਂ ਭਾਲਦੀਆਂ ਹੋ?
ਇੱਥੇ ਗ਼ੌਰ ਕਰਨਾ ਬਣਦੈ ਕਿ ਭਾਵੇਂ ਇਸ ਕੁੜੀ ਨੇ ਕੋਈ ਚੀਜ਼, ਸਸਤੇ ਭਾਅ ਦੁਆਉਣ ਦੀ ਮੰਗ ਹੀ ਕੀਤੀ ਸੀ, ਪਰ ਇਸ ਅਫ਼ਸਰਨੀ ਨੇ ਇਸ ਨੂੰ ਮੁਫ਼ਤਖ਼ੋਰੀ ਨਾਲ਼ ਜੋੜ ਕੇ, ਕੁੜੀਆਂ ਨਾਲ਼ ਲਾਹ-ਪਾਹ ਕਿਉਂ ਕੀਤੀ?
ਫਿਰ ਆਪਣੇ ਜੁਆਬ ਵਿਚ ਨਿਰੋਧ ਵੀ ਮੁਫ਼ਤ ਮੁਹੱਈਆ ਕਰਨਾ ਸ਼ਾਮਲ ਕਰ ਕੇ, ਅੱਲ੍ਹੜ ਵਰੇਸ ਦੀਆਂ ਕੁੜੀਆਂ ਨੂੰ ਇਸ ਤਰ੍ਹਾਂ ਠਿੱਠ ਕਰਨ ਦਾ ਹੀਲਾ ਕਿਉਂ ਕੀਤਾ?
ਇਨ੍ਹਾਂ ਸੁਆਲਾਂ ਨੂੰ ਉਭਾਰਦਿਆਂ, ਇਸ ਸਮਾਗਮ ਦਾ ਇਕ ਵਿਡੀਓ, ਇੰਟਰਨੈੱਟ ਉੱਤੇ ਦੇਖਿਆ ਜਾ ਸਕਦੈ।
ਇਹੋ ਜਿਹੀ ਹਾਲਤ ਦੇ ਸਬੰਧ ਵਿਚ ਹੀ ਸਿਆਣਿਆਂ ਨੇ ਫ਼ਰਮਾਇਆ ਹੋਇਐ ਕਿ ਸੁਆਲ ਕਣਕ, ਜੁਆਬ ਛੋਲੇ!

ਸ਼ੱਕ ਦੀ ਕੋਈ ਸਜ਼ਾ ਨਹੀਂ – ਸੁਪਰੀਮ ਕੋਰਟ

ਕਿਸੇ ਵਿਅਕਤੀ ਨੂੰ ਮਹਿਜ਼ ਸ਼ੱਕ ਦੇ ਆਧਾਰ ਤੇ ਮੁਲਜ਼ਮ ਤੋਂ ਮੁਜਰਮ ਨਹੀਂ ਠਹਿਰਾਇਆ ਜਾ ਸਕਦਾ।
ਇਹ ਗੱਲ ਅਸੀਂ ਹੀ ਨਹੀਂ, ਭਾਰਤ ਦੀ ਸੁਪਰੀਮ ਕੋਰਟ ਨੇ ਵੀ ਕਹੀ ਏ।
ਅਦਾਲਤ ਨੇ ਹਾਲ ਹੀ ਵਿਚ, ਇਕ ਮੁਲਜ਼ਮ ਨੂੰ ਬਰੀ ਕਰਦਿਆਂ ਕਿਹਾ ਸੀ ਕਿ ਸ਼ੱਕ ਭਾਵੇਂ ਕਿੰਨਾ ਵੀ ਜ਼ਬਰਦਸਤ ਕਿਉਂ ਨਾ ਹੋਵੇ, ਉਹ ਕਿਸੇ ਨੂੰ ਮੁਜਰਮ ਕਰਾਰ ਦੇਣ ਲਈ ਕਾਫੀ ਨਹੀਂ ਹੁੰਦੈ।
ਇਕ ਫ਼ੈਸਲਾ ਸੁਣਾਉਂਦਿਆਂ ਜਸਟਿਸ ਬੀ. ਆਰ. ਗਵਈ ਤੇ ਜਸਟਿਸ ਪੀ. ਐੱਸ ਨਰਸਿਮਹਾ ਨੇ ਇਸ ਗੱਲ ਤੇ ਖ਼ਾਸ ਤੌਰ ਤੇ ਜ਼ੋਰ ਦਿੱਤਾ ਕਿ ਸ਼ੱਕ ਜ਼ੋਰਦਾਰ ਹੋਣ ਦੇ ਬਾਵਜੂਦ, ਮੁਲਜ਼ਮ ਨੂੰ ਮੁਜਰਮ ਸਾਬਤ ਕਰਨਾ ਬਹੁਤ ਜ਼ਰੂਰੀ ਹੁੰਦੈ।
ਜੱਜਾਂ ਨੇ ਇਹ ਫ਼ੈਸਲਾ, ਪੰਜਾਬ-ਹਰਿਆਣਾ ਹਾਈ ਕੋਰਟ ਵੱਲੋਂ ਕਿਸੇ ਨੂੰ ਦਫ਼ਾ 302 ਅਧੀਨ, ਕਤਲ ਦਾ ਮੁਜਰਮ ਕਰਾਰ ਦੇਣ ਦੇ ਖ਼ਿਲਾਫ਼ ਦਾਇਰ ਕੀਤੀ ਹੋਈ ਇਕ ਅਪੀਲ ਦੀ ਸੁਣਵਾਈ ਕਰਦਿਆਂ ਸੁਣਾਇਆ।
ਇਸ ਕੇਸ ਵਿਚ, ਇਹ ਗੱਲ ਸਾਬਤ ਹੋ ਚੁੱਕੀ ਸੀ, ਕਿ ਜਿਸ ਲਾਸ਼ ਦੇ ਪੋਸਟ ਮੌਰਟਮ ਦੀ ਰਿਪੋਰਟ ਦੇ ਆਧਾਰ ਤੇ ਕਥਿਤ ਮੁਲਜ਼ਮ ਨੂੰ ਸਜ਼ਾ ਸੁਣਾਈ ਹੋਈ ਸੀ, ਉਹ ਸਬੰਧਤ ਮਕਤੂਲ ਦੀ ਨਹੀਂ ਸੀ।

ਹੈਲੀਕਾਪਟਰ ਹੇਠਾਂ ਲਮਕ ਕੇ ਡੰਡ ਮਾਰਨ ਦਾ ਵਰਲਡ ਰਿਕਾਰਡ

ਦੋ ਡੱਚ ਗਭਰੂਆਂ ਨੇ ਇਕ ਚਲਦੇ ਹੈਲੀਕਾਪਟਰ ਹੇਠਲੇ ਪਾਈਪਾਂ ਜਿਹਿਆਂ ਨਾਲ਼ ਲਮਕ ਕੇ, ਇਕ ਮਿੰਟ ਵਿਚ 24-25 ਲਮਕਵੇਂ ਡੰਡ ਮਾਰ ਕੇ, ਆਪਣੇ ਨਾਂ ਗਿੰਨੀਜ਼ ਬੁੱਕ ਔਫ ਵਰਲਡ ਰੈਕਰਡਜ਼ ਵਿਚ ਦਰਜ ਕਰਾ ਲਏ ਨੇ।
ਇੰਨਾ ਹੀ ਨਹੀਂ, ਇਨ੍ਹਾਂ ਮੁੰਡਿਆਂ ਨੇ ਇਹ ਕਾਰਨਾਮਾ, ਦੋ ਵਾਰ ਕਰ ਕੇ ਦਿਖਾਇਆ।
ਗਿੰਨੀਜ਼ ਵਰਲਡ ਰੈਕਰਡਜ਼ ਦੀ ਵੈੱਬਸਾਈਟ ਅਨੁਸਾਰ, ਇਨ੍ਹਾਂ ਗਭਰੂਆਂ ਦੇ ਨਾਂ ਸਟੈਨ ਬਰੂਇਨਿੰਕ, ਜਿਸ ਨੂੰ ਯੂਟਿਊਬਰ ਸਟੈਨ ਬਰਾਊਨੀ ਵੀ ਕਿਹਾ ਜਾਂਦੈ ਤੇ ਅਰਜਨ ਅਲਬਰਜ਼ ਨੇ।
ਇਨ੍ਹਾਂ ਦੋਹਾਂ ਨੇ ਇਹ ਕਾਰਨਾਮਾ, ਬੈਲਜੀਅਮ ਵਿਚ ਐਂਟਵਰਪ ਦੇ ਹੋਏਵੇਨੇਨ ਏਅਰਫੀਲਡ ਵਿਚ ਕਰ ਕੇ ਦਿਖਾਇਆ।
ਇਸ ਮੌਕੇ ਤੇ ਬਣਾਇਆ ਹੋਇਆ ਵਿਡੀਓ, ਇੰਟਰਨੈੱਟ ਉੱਤੇ ਦੇਖ-ਦੇਖ ਕੇ, ਲੋਕਾਂ ਨੇ ਘਸਾ ਸੁੱਟਿਆ ਏ।

ਰਾਸ਼ਟਰਪਤੀ ਐਵਾਰਡ ਮਿਲਣ ‘ਤੇ ਫ਼ਿਲਮਕਾਰ ਦਾ ਪਿੰਡ ਵਿਚ ਮਾਣ-ਤਾਣ

ਦਸਤਾਵੇਜ਼ੀ ਫਿਲਮ ਦ ਸੇਵੀਅਰ : ਬ੍ਰਿਗੇਡੀਅਰ ਪ੍ਰੀਤਮ ਸਿੰਘ ਨੂੰ 68ਵੇਂ ਨੈਸ਼ਨਲ ਫ਼ਿਲਮ ਐਵਾਰਡ ਸਮਾਗਮ ਵਿਚ ਸਭ ਤੋਂ ਵਧੀਆ ਖੋਜ ਭਰਪੂਰ ਫ਼ਿਲਮ ਵਜੋਂ ਮਾਣੇ-ਸਨਮਾਨੇ ਜਾਣ ਮਗਰੋਂ, ਇਸ ਫ਼ਿਲਮ ਦੇ ਨੌਜੁਆਨ ਨਿਰਦੇਸ਼ਕ ਡਾ. ਪਰਮਜੀਤ ਸਿੰਘ ਕੱਟੂ ਨੂੰ, ਉਨ੍ਹਾਂ ਦੇ ਪਿੰਡ ਕੱਟੂ ਦੇ ਲੋਕਾਂ ਵੱਲੋਂ ਆਪਣੇ ਸਿਰ-ਚੁੱਕਣ ਤੇ ਸਨਮਾਨਣ ਦੀ ਖ਼ਬਰ ਆਈ ਏ।। ਇਸ ਸਬੰਧ ਵਿਚ ਡਾ. ਕੱਟੂ ਦਾ ਕਹਿਣ ਏ ਕਿ ਜਿੱਦਣ ਦਾ ਉਨ੍ਹਾਂ ਦੀ ਫ਼ਿਲਮ ਨੂੰ, ਭਾਰਤ ਦੀ ਰਾਸ਼ਟਰਪਤੀ ਦਰੋਪਦੀ ਮੁਰਮੂ ਦੇ ਹੱਥੋਂ, ਇਹ ਇਨਾਮ ਮਿਲਿਐ, ਓਦਣ ਦਾ ਹੀ ਉਨ੍ਹਾਂ ਦਾ ਦਿਲ, ਆਪਣੇ ਪਿੰਡ ਜਾਣ ਨੂੰ ਕਰੀ ਜਾਂਦਾ ਸੀ।
ਉਨ੍ਹਾਂ ਨੇ ਇਹ ਵੀ ਕਿਹੈ ਭਾਵੇਂ ਉਨ੍ਹਾਂ ਦਾ ਪਿੰਡ ਕੱਟੂ, ਉਨ੍ਹਾਂ ਦੇ ਨਾਂ ਨਾਲ਼ ਜੁੜਿਆ ਰਹਿਣ ਦੀ ਵਜ੍ਹਾ ਨਾਲ਼ ਹਮੇਸ਼ਾ ਉਨ੍ਹਾਂ ਦੇ ਨਾਲ਼ ਰਹਿੰਦੈ, ਪਰ ਪਿੰਡ ਦੀ ਮਿੱਟੀ ਤਾਂ ਪਿੰਡ ਜਾ ਕੇ ਹੀ ਨਸੀਬ ਹੁੰਦੀ ਏ।
ਮੇਰਾ ਪਿੰਡ ਮੈਨੂੰ ਮੇਰੀਆਂ ਜੜ੍ਹਾਂ ਦਾ ਅਹਿਸਾਸ ਕਰਾਉਂਦਾ ਰਹਿੰਦਾ ਹੈ। ਡਾ. ਕੱਟੂ ਫ਼ਰਮਾਉਂਦੇ ਨੇ।
ਉਨ੍ਹਾਂ ਨੇ ਆਪਣੇ ਪਿੰਡ ਦੇ ਲੋਕਾਂ ਵੱਲੋਂ ਉਨ੍ਹਾਂ ਨੂੰ ਦਿੱਤਾ ਹੋਇਆ ਮਾਣ-ਤਾਣ, ਆਪਣੇ ਮਾਪਿਆਂ, ਪਰਿਵਾਰ ਅਤੇ ਆਪਣੇ ਪਿੰਡ ਨੂੰ ਸਮਰਪਣ ਕਰ ਦਿੱਤੈ।

ਦਿੱਲੀ ਮੈਟਰੋ ਵਿਚ ਠੁਮਕੇ ਤੇ ਠੁਮਕਾ

ਹਾਲ ਹੀ ਵਿਚ ਇਸ ਦੇ ਇਕ ਡੱਬੇ ਵਿਚ ਸਫ਼ਰ ਕਰਨ ਦੌਰਾਨ, ਇਕ ਨੱਢੀ ਵੱਲੋਂ ਨੱਚੀ ਜਾਣ ਦਾ ਇਕ ਵਿਡੀਓ, ਇੰਟਰਨੈੱਟ ਉੱਤੇ ਵਾਰ-ਵਾਰ ਤੇ ਬਹੁਤ ਵਾਰ ਦੇਖਿਆ ਜਾ ਰਿਹੈ। ਜਦੋਂ ਉਹ ਕੁੜੀ ਨੱਚ ਰਹੀ ਸੀ ਤਾਂ ਉਸ ਦੀ ਇਕ ਸਹੇਲੀ ਉਸ ਦਾ ਵਿਡੀਓ ਬਣਾਈ ਜਾ ਰਹੀ ਸੀ। ਬਾਅਦ ਵਿਚ ਉਸ ਨੇ, ਉਹ ਵਿਡੀਓ, ਇੰਸਟਾਗ੍ਰਾਮ ਉੱਤੇ ਚੜ੍ਹਾ ਦਿੱਤਾ ਸੀ।

ਬਿਨਾਂ ਕਪੜਿਆਂ ਵਾਲਾ ਅਨੋਖਾ ਫ਼ੈਸ਼ਨ ਸ਼ੋਅ

ਝੱਗੀ ਸੀਂਤੀ ਦਰਜੀਆਂ ਨੇ, ਮੇਰੀ ਜੱਗ-ਜਹਾਨੋਂ ਬਾਹਰੀ
ਹੋ ਸਕਦੈ ਕੱਲ੍ਹ-ਕਲੋਤਰ ਨੂੰ, ਇਹੋ ਜਿਹਾ ਕੋਈ ਗੀਤ ਵੀ ਸੁਣਨ ਵਿਚ ਆ ਜਾਵੇ।
ਇਸ ਤਰ੍ਹਾਂ ਕਹਿਣ ਦੀ ਵਜ੍ਹਾ ਬਣਿਆ, ਇਕ ਫੈਸ਼ਨ ਸ਼ੋਅ।
ਕੌਪਰਨੀ ਸ਼ੋਅ ਨਾਂ ਦੇ ਇਕ ਫੈਸ਼ਨ ਸ਼ੋਅ ਦੇ ਆਖ਼ਰੀ ਦੌਰ ਵਿਚ ਬੇਲਾ ਹਦੀਦ ਨਾਂ ਦੀ ਇਕ ਸੁੰਦਰੀ, ਆਪਣੇ ਹੱਥਾਂ ਤੇ ਇਕ ਜਾਂਘੀਏ ਜਿਹੇ ਦੇ ਸਹਾਰੇ ਆਪਣੇ ਪਿੰਡੇ ਦਾ ਨੰਗ ਢਕਣ ਦੇ ਹੀਲੇ ਕਰਦਿਆਂ, ਦੌੜਦੀ ਹੋਈ ਮੰਚ ਉੱਤੇ ਆਈ।
ਉਸ ਦੇ ਆਉਣ ਸਾਰ, ਮੰਚ ਤੇ ਮੌਜੂਦ ਦੋ ਆਦਮੀਆਂ ਨੇ, ਉਸ ਦੇ ਪਿੰਡੇ ਉੱਤੇ ਚਿੱਟਾ ਰੰਗ ਛਿੜਕਣਾ ਸ਼ੁਰੂ ਕਰ ਦਿੱਤਾ। ਇਸ ਕਾਰਵਾਈ ਨਾਲ਼, ਉਸ ਬੀਬੀ ਦੇ ਪਿੰਡੇ ਦਾ ਨੰਗੇਜ ਲੁਕ ਗਿਆ।
ਇੱਥੇ ਦੱਸਣਾ ਬਣਦਾ ਹੈ ਕਿ ਉਸ ਕੁੜੀ ਦੇ ਪਿੰਡੇ ਉੱਤੇ ਛਿੜਕਿਆ ਗਿਆ ਉਹ ਰੰਗ, ਜਿਸ ਨੂੰ ਫੈਬਰੀਕੈਨ ਕਿਹਾ ਗਿਆ ਏ, ਇਕ ਨਵੀਂ ਕਿਸਮ ਦਾ ਤਰਲ ਕੱਪੜਾ ਹੀ ਏ।
ਇਹ ਰੰਗ ਆਠਰ ਕੇ ਕੱਪੜੇ ਵਰਗਾ ਹੀ ਬਣ ਜਾਂਦੈ।
ਇਸ ਕੱਪੜੇ ਦੇ ਬੜੇ ਚਰਚੇ ਨੇ। ਕੁੱਝ ਲੋਕ ਕਹਿੰਦੇ ਨੇ ਕਿ ਪਾਉਣ ਲਈ ਇਹ ਕੱਪੜਾ, ਨਾ ਸੀਣਾ ਪੈਂਦੈ, ਨਾ ਹੀ ਇਸ ਨੂੰ ਬਟਨ ਲਾਉਣੇ ਪੈਂਦੇ ਨੇ।

ਕੀ ‘ਤਬਾਹੀ’ ਫੇਰ ਮਚਾਊ ਤਬਾਹੀ?

ਕਾਫੀ ਸਮਾਂ ਹੋ ਗਿਆ, ਇਕ ਪੰਜਾਬੀ ਫ਼ਿਲਮ ਤਬਾਹੀ ਆਈ ਸੀ ਤੇ ਉਹ ਬਹੁਤ ਹੀ ਕਮਾਊ ਸਿੱਧ ਹੋਈ ਸੀ।
ਹੁਣ ਉਸ ਫ਼ਿਲਮ ਦੀ ਕਾਮਯਾਬੀ ਦਾ ਸਹਾਰਾ ਲੈਂਦਿਆਂ, ਫ਼ਿਲਮ ਨਿਰਮਾਤਾ ਬਲਬੀਰ ਟਾਂਡਾ ਤੇ ੳੇਨ੍ਹਾਂ ਦੇ ਸਾਥੀਆਂ ਨੇ ਤਬਾਹੀ ਰਿਲੋਡਡ ਨਾਂ ਦੀ ਇਕ ਪੰਜਾਬੀ ਫ਼ਿਲਮ ਬਣਾ ਲਈ ਏ।
ਇਸ ਫ਼ਿਲਮ ਦੇ ਪੋਸਟਰ ਦੇਖ ਕੇ ਲੱਗਦਾ ਹੈ ਕਿ ਇਸ ਫ਼ਿਲਮ ਵਿਚ ਪੰਜਾਬ ਦੀ ਸਿਆਸਤ ਉੱਤੇ ਵਿਅੰਗ ਕੀਤਾ ਗਿਆ ਏ।
ਇਸ ਫ਼ਿਲਮ ਵਿਚ ਤਕਰੀਬਨ ਸਾਰੇ ਹੀ ਚਿਹਰੇ ਨਵੇਂ ਨੇ।
ਪੰਜਾਬ ਦੀਆਂ ਜਿਨ੍ਹਾਂ ਸਿਆਸੀ ਸ਼ਖ਼ਸੀਅਤਾਂ ਵੱਲ ਵਿਅੰਗ-ਬਾਣ ਚਲਾਏ ਗਏ ਲੱਗਦੇ ਨੇ, ਉਹ ਵੀ ਹੁਣ ਪੰਜਾਬ ਦੇ ਸਿਆਸੀ ਦ੍ਰਿਸ਼ ਤੋਂ ਬਾਹਰ ਹੋ ਚੁੱਕੀਆਂ ਨੇ।
ਫਿਰ ਵੀ ਇਹ ਫ਼ਿਲਮ ਬਣਾਉਣ ਵਾਲ਼ੇ, ਇਸ ਫ਼ਿਲਮ ਵੱਲੋਂ ਸਫ਼ਲਤਾ ਦੇ ਪੱਖੋਂ ਤਬਾਹੀ ਮਚਾਉਣ ਦੀ ਆਸ ਰੱਖਦੇ ਨੇ।

ਬਿਹਤਰੀਨ ਪੰਜਾਬੀ ਸਾਹਿਤ ਪੜ੍ਹੋਬਿਹਤਰੀਨ ਪੰਜਾਬੀ ਕਿਤਾਬਾਂ ਪੜ੍ਹੋ ਜ਼ੋਰਦਾਰ ਟਾਈਮਜ਼ ਹਿੰਦੀਜ਼ੋਰਦਾਰ ਟਾਈਮਜ਼ ਅੰਗਰੇਜ਼ੀ

ਜ਼ੋਰਦਾਰ ਟਾਈਮਜ਼ ਇਕ ਸੁਤੰਤਰ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ, ਧਾਰਮਿਕ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਇਮਾਨਦਾਰੀ, ਨਿਰਪੱਖਤਾ, ਨਿਡਰਤਾ ਤੇ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ।
Happy
Happy
100 %
Sad
Sad
0 %
Excited
Excited
0 %
Sleepy
Sleepy
0 %
Angry
Angry
0 %
Surprise
Surprise
0 %

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *

error: ਕਾਪੀ ਕਰਨਾ ਮਨ੍ਹਾਂ ਹੈ। ਲਿਖਤ ਪ੍ਰਾਪਤ ਕਰਨ ਲਈ ਈ-ਮੇਲ ਕਰੋ zordartimes@gmail.com