ਰੇਡੀਓ ਸ਼ੋਅ – ਇੱਧਰਲੀਆਂ ਉੱਧਰਲੀਆਂ ਬਖ਼ਸ਼ਿੰਦਰੀਆਂ – 5

zordar-times-punjabi-logo

ਸੀਨੀਅਰ ਪੱਤਰਕਾਰ ਬਖ਼ਸ਼ਿੰਦਰ ਦਾ ਤਾਜ਼ਾ ਖ਼ਬਰਾਂ ਬਾਰੇ ਠੇਠ ਪੰਜਾਬੀ ਬੋਲੀ ਵਿਚ ਤਬਸਰਾ ਕਰਦਾ ਰੇਡੀਓ ਪ੍ਰੋਗਰਾਮ ਇੱਧਰੀਆਂ ਓੱਧਰਲੀਆਂ ਬਖ਼ਸ਼ਿੰਦਰੀਆਂ ਦਾ ਚੌਥਾ ਐਪੀਸੋਡ ਹਾਜ਼ਰ ਹੈ।

ਸੁਰਖ਼ੀਆਂ

ਇਸ ਐਪੀਸੋਡ ਵਿਚ ਬਖ਼ਸ਼ਿੰਦਰ ਨੇ ਇਸ ਹਫ਼ਤੇ ਕੁਝ ਚਰਚਾ ਵਿਚ ਰਹੀਆਂ ਤੇ ਵਿਵਾਦਤ ਖ਼ਬਰਾਂ ਦੀ ਭੀੜ ਵਿਚ ਗੁਆਚ ਗਈ ਕੁਝ ਖ਼ਬਰਾਂ ਬਾਰੇ ਤਬਸਰਾ ਆਪਣੇ ਬਖ਼ਸ਼ਿੰਦਰੀ ਅੰਦਾਜ਼ ਵਿਚ ਤਬਸਰਾ ਕੀਤਾ ਹੈ। ਇਨ੍ਹਾਂ ਵਿਚ ਕੁਝ ਪ੍ਰਮੁੱਖ ਸੁਰਖ਼ੀਆਂ ਦਾ ਵੇਰਵਾ ਇੱਥੇ ਦਿੱਤਾ ਜਾ ਰਿਹਾ ਹੈ।

  • ਕਤਲ ਦੇ ਮਾਮਲੇ ਵਿਚ ਹੋਇਆ ਕਰੇਗੀ ਉਮਰ ਕੈਦ
  • ਨਾਸਾ ਦਾ ਰਾਕਟ ਉੱਡਣ ਤੋਂ ਪਹਿਲਾਂ ਹੀ ਅੜਿਆ
  • ਰਾਹੁਲ ਗਾਂਧੀ ਨੇ ‘ਗਿੱਲਾ’ ਕਰ ਲਿਆ ਆਟਾ
  • ਗੋਰੇ ਨੇ ਆਪਣੇ ਜੁਆਕ ਦਾ ਨਾਂ ਰੱਖਿਆ ਪਕੌੜਾ
  • ਧਰਨੇ ਵਾਲਿਆਂ ਨੇ ਸਮੁੰਦਰੀ ਜਹਾਜ਼ ਦਾ ਇੰਜਣ ਕੀਤਾ ਜਾਮ
  • ਬਿਨਾਂ ਫੁੱਲਾਂ ਵਾਲੀ ਭੰਗ ਨੇ ਕਰਵਾਈ ਜ਼ਮਾਨਤ
  • ਨਵੀਂ ਦਿੱਲੀ ਦਾ ਸਟੇਸ਼ਨ ਬੜਾ ਫ਼ਿਲਮੀ ਹੈ

ਖ਼ਬਰਾਂ ਦਾ ਪੂਰਾ ਤਬਸਰਾ ਸੁਣਨ ਲਈ ਹੇਠਾਂ ਜਾ ਕੇ ਪਲੇਅ ਬਟਨ ਦਬਾਓ

ਸੁਣੋ ਰੇਡੀਓ ਪ੍ਰੋਗਰਾਮ ਇੱਧਰੀਲਆਂ ਓੱਧਰਲੀਆਂ ਬਖ਼ਸ਼ਿੰਦਰੀਆਂ – ਐਪੀਸੋਡ – 5

ਹੋਰ ਰੇਡੀਓ ਪ੍ਰੋਗਰਾਮ ਸੁਣਨ ਲਈ ਕਲਿੱਕ ਕਰੋ

ਕਤਲ ਦੇ ਮਾਮਲੇ ਵਿਚ ਹੋਇਆ ਕਰੇਗੀ ਉਮਰ ਕੈਦ

ਭਾਰਤੀ ਦੰਡ ਵਿਧਾਨ ਦੀ ਦਫ਼ਾ 302 ਅਧੀਨ ਕਤਲ ਦੇ ਮੁਜਰਮ ਕਰਾਰ ਦਿੱਤੇ ਗਏ ਕਿਸੇ ਵਿਅਕਤੀ ਨੂੰ ਘੱਟ ਤੋਂ ਘੱਟ ਵੀ, ਉਮਰ ਕੈਦ ਦੀ ਸਜ਼ਾ ਲਾਜ਼ਮੀ ਦਿੱਤੀ ਜਾਇਆ ਕਰੇਗੀ। ਇਹ ਗੱਲ ਭਾਰਤ ਦੀ ਸੁਪਰੀਮ ਕੋਰਟ ਨੇ ਪਿਛਲੇ ਦਿਨੀਂ ਕਹੀ ਏ।
ਜਸਟਿਸ ਐੱਮ. ਆਰ. ਸ਼ਾਹ ਤੇ ਜਸਟਿਸ ਕ੍ਰਿਸ਼ਨਾ ਮੁਰਾਰੀ ਤੇ ਆਧਾਰਤ ਇਕ ਮੁਨਸਿਫ਼ ਮੰਡਲ ਨੇ ਪਿਛਲੇ ਦਿਨੀਂ ਇਹ ਫ਼ਰਮਾਨ ਜਾਰੀ ਕਰਦਿਆਂ ਕਿਹਾ ਏ ਕਿ ਜੇ ਕੋਈ ਮੁਲਜ਼ਮ ਕਤਲ ਦੇ ਦੋਸ਼ ਵਿਚ, ਦਫ਼ਾ 302 ਅਧੀਨ ਮੁਜਰਮ ਕਰਾਰ ਦਿੱਤਾ ਜਾਂਦਾ ਏ ਤਾਂ ਉਸ ਨੂੰ ਉਮਰ ਕੈਦ ਤੋਂ ਘੱਟ ਸਜ਼ਾ ਨਹੀਂ ਦਿੱਤੀ ਜਾ ਸਕੇਗੀ।
ਉਨ੍ਹਾਂ ਨੇ ਇਹ ਵੀ ਕਿਹਾ ਏ ਕਿ ਇਹੋ ਜਿਹੇ ਕਿਸੇ ਮੁਲਜ਼ਮ ਨੂੰ, ਇਸ ਤੋਂ ਘੱਟ ਸਜ਼ਾ ਦੇਣਾ, ਦਫ਼ਾ 302 ਦੇ ਖ਼ਿਲਾਫ਼ ਹੋਏਗਾ।
ਇਨ੍ਹਾਂ ਜੱਜਾਂ ਨੇ ਕਿਹਾ ਏ ਕਿ ਦਫ਼ਾ 302 ਦੇ ਮੁਜਰਮ ਨੂੰ ਮੌਤ ਦੀ ਸਜ਼ਾ ਦੇਣਾ, ਉਮਰ ਕੈਦ ਕਰਨਾ ਅਤੇ ਜੁਰਮਾਨਾ ਕਰਨਾ ਬਣਦਾ ਏ।
ਇਸ ਲਈ, ਇਸ ਦਫ਼ਾ ਦੇ ਮੁਜਰਮ ਨੂੰ ਘੱਟ ਤੋਂ ਘੱਟ ਸਜ਼ਾ, ਉਮਰ ਕੈਦ ਤੇ ਜੁਰਮਾਨਾ ਤਾਂ ਹੋਣੀ ਹੀ ਚਾਹੀਦੀ ਏ।
ਸੁਪਰੀਮ ਕੋਰਟ ਨੇ ਇਹ ਹੁਕਮ, ਮੱਧ ਪ੍ਰਦੇਸ਼ ਸਰਕਾਰ ਵੱਲੋਂ, ਮੱਧ ਪ੍ਰਦੇਸ਼ ਹਾਈ ਕੋਰਟ ਦੇ ਇਕ ਫ਼ੈਸਲੇ ਵਿਰੁੱਧ ਕੀਤੀ ਹੋਈ ਇਕ ਅਪੀਲ ਦੀ ਸੁਣਵਾਈ ਕਰਦਿਆਂ ਆਪਣਾ ਫ਼ੈਸਲਾ ਸੁਣਾਉਂਦਿਆਂ ਜਾਰੀ ਕੀਤਾ ਏ।
ਮੱਧ ਪ੍ਰਦੇਸ਼ ਹਾਈਕੋਰਟ ਨੇ ਨੰਦੂ ਉਰਫ਼ ਨੰਦੂਆ ਨਾਂ ਦੇ ਇਕ ਮੁਜਰਮ ਨੂੰ, ਉਮਰ ਕੈਦ ਦੇਣ ਦੇ ਸਬੰਧ ਵਿਚ ਉਸ ਵੱਲੋਂ ਕੀਤੀ ਹੋਈ ਇਕ ਅਪੀਲ ਮੰਨਦਿਆਂ, ਉਸ ਵੱਲੋਂ ਸੁਣਵਾਈ ਅਧੀਨ ਕੱਟੀ ਹੋਈ ਸੱਤ ਸਾਲ, ਦਸ ਮਹੀਨਿਆਂ ਦੀ ਕੈਦ, ਦਸ ਸਾਲਾਂ ਦੀ ਮੰਨ ਕੇ, ਉਸ ਦੀ ਕੈਦ ਦੀ ਸਜ਼ਾ ਘਟਾ ਦਿੱਤੀ ਸੀ।
ਸੁਪਰੀਮ ਕੋਰਟ ਨੇ ਹਾਈ ਕੋਰਟ ਦਾ ਫ਼ੈਸਲਾ ਰੱਦ ਕਰ ਕੇ, ਮੁਜਰਮ ਦੀ ਉਮਰ ਕੈਦ ਦੀ ਸਜ਼ਾ ਬਹਾਲ ਕਰ ਦਿੱਤੀ।

ਨਾਸਾ ਦਾ ਰਾਕਟ ਉੱਡਣ ਤੋਂ ਪਹਿਲਾਂ ਹੀ ਅੜਿਆ

ਅਮਰੀਕੀ ਪੁਲਾੜ ਏਜੰਸੀ ਨਾਸਾ ਦਾ, ਚੰਦ ਵੱਲ਼ ਉਡਾਣ ਭਰਨ ਵਾਲ਼ਾਂ ਵਾਲ਼ਾ ਨਵਾਂ ਰਾਕਿਟ, ਉਸ ਦਾ ਤੇਲ ਚੋ ਜਾਣ ਦੀ ਵਜ੍ਹਾ ਨਾਲ਼ ਉੱਡਣੋਂ ਰਹਿ ਗਿਆ ਏ। ਇਹ ਗੱਲ, ਪਿਛਲੇ ਸਨਿੱਚਰਵਾਰ ਦੀ ਏ।
ਜੇ ਇਹ ਉਦਘਾਟਨੀ ਰਾਕਿਟ, ਉਡਾਣ ਭਰ ਜਾਂਦਾ ਤਾਂ ਅਮਰੀਕਾ ਦਾ, ਚੰਦ ਸਰ ਕਰਨ ਦਾ ਨਵਾਂ ਪ੍ਰੋਗਰਾਮ ਸ਼ੁਰੂ ਹੋ ਜਾਣਾ ਸੀ।
ਇਹ ਉਡਾਣ ਦੁਬਾਰਾ ਕਰਾਉਣ ਲਈ, ਜੇ ਕੁੱਝ ਮਹੀਨੇ ਨਾ ਲੱਗੇ ਤਾਂ ਕੁੱਝ ਹਫ਼ਤੇ ਲਾਜ਼ਮੀ ਲੱਗ ਜਾਣਗੇ।
ਇਹ ਖ਼ਬਰ ਅਮਰੀਕੀ ਸ਼ਹਿਰ, ਕੇਪ ਕੈਨਾਵਰਲ ਤੋਂ ਆਈ ਏ।
ਇਸ ਤੋਂ ਕੁੱਝ ਹੀ ਦਿਨ ਪਹਿਲਾਂ, ਨਾਸਾ ਵੱਲੋਂ ਬਣਾਏ ਹੋਏ, ਇਸ ਬਹੁਤ ਹੀ ਜ਼ਬਰਦਸਤ ਰਾਕਿਟ ਵਿਚੋਂ ਹਾਈਡਰੋਜਨ ਗੈਸ ਲੀਕ ਕਰ ਗਈ ਸੀ।
ਇਹ ਸਾਰੇ ਯੱਭ ਪੈਂਦੇ ਦੇਖ ਕੇ, ਮਾਹਰਾਂ ਨੇ ਇਹ ਰਾਕਿਟ, ਠੀਏ ਤੋਂ ਲਾਹ ਲੈਣ ਦਾ ਫ਼ੈਸਲਾ ਕਰ ਲਿਆ।
ਇਕ ਅੰਦਾਜ਼ੇ ਮੁਤਾਬਕ, ਅਕਤੂਬਰ ਦੇ ਆਖ਼ਰ ਤਕ, ਇਹ ਰਾਕਿਟ, ਠੀਏ ਤੋਂ ਲਾਹੇ ਰਹਿਣ ਦੇ ਆਸਾਰ ਬਣ ਗਏ ਨੇ।
ਇਸ ਦੌਰਾਨ ਨਾਸਾ ਦੇ ਪ੍ਰਸ਼ਾਸਕ ਬਿੱਲ ਨੈਲਸਨ ਨੇ ਕਿਹਾ ਹੈ ਕਿ ਇਸ ਰਾਕਿਟ ਰਾਹੀਂ ਚਾਰ ਬੰਦੇ, ਚੰਦ ਵੱਲ ਤੋਰਨ ਤੋਂ ਪਹਿਲਾਂ, ਰਾਕਿਟ ਅਤੇ ਉਨ੍ਹਾਂ ਬੰਦਿਆਂ ਦਾ ਬਚਾਅ ਯਕੀਨੀ ਬਣਾਉਣਾ ਜ਼ਰੂਰੀ ਏ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਜ਼ਰੂਰਤ ਤਾਂ ਹੈ ਹੀ, ਸਾਡੀ ਤਰਜੀਹ ਵੀ ਏ।
ਇਕ ਗੱਲ ਤਾਂ ਪੱਕੀ ਏ ਕਿ ਰਾਕਿਟ ਦੇ ਪੂਰੀ ਤਰ੍ਹਾਂ ਸਹੀ ਹੋ ਜਾਣ ਤੋਂ ਪਹਿਲਾਂ, ਇਸ ਨੂੰ ਉਡਾਉਣ ਦਾ ਸੁਆਲ ਹੀ ਨਹੀਂ ਏ।

ਰਾਹੁਲ ਗਾਂਧੀ ਨੇ ‘ਗਿੱਲਾ’ ਕਰ ਲਿਆ ਆਟਾ

ਆਪਣੀਆਂ ਤਕਰੀਰਾਂ ਵਿਚ, ਕਈ ਤਰ੍ਹਾਂ ਦੇ ਕਮਾਲ ਕਰਨ ਲਈ, ਬਦਨਾਮੀ ਦੀ ਹੱਦ ਤਕ ਮਸ਼ਹੂਰ, ਕਾਂਗਰਸ ਦੇ ਉੱਪ ਪ੍ਰਧਾਨ ਰਾਹੁਲ ਗਾਂਧੀ ਨੇ ਪਿਛਲੇ ਦਿਨੀਂ, ਆਟੇ ਦੀ ਗਿਣਤੀ-ਮਿਣਤੀ ਕਿੱਲੋ ਗ੍ਰਾਮਾਂ ਦੀ ਥਾਂ, ਲਿਟਰਾਂ ਵਿਚ ਕਰ ਦਿੱਤੀ।
ਉਹ, ਭਾਰਤੀ ਜਨਤਾ ਪਾਰਟੀ ਦੇ ਰਾਜ ਵਿਚ, ਚੀਜ਼ਾਂ ਮਹਿੰਗੀਆਂ ਹੋਣ ਦੀਆਂ ਮਿਸਾਲਾਂ ਦੇ ਰਹੇ ਸਨ ਕਿ ਉਹ, ਆਟਾ ਜੋ ਬਾਈਸ ਰੂਪਏ ਪ੍ਰਤੀ ਲਿਟਰ ਹੋਤਾ ਥਾ, ਆਜ ਚਾਲੀਸ ਰਪਏ ਲਿਟਰ ਬਿਕ ਰਹਾ ਹੈ। ਬੋਲ ਗਏ।
ਇਹ ਬੋਲਦਿਆਂ ਹੀ ਉਨ੍ਹਾਂ ਨੂੰ ਆਪਣੀ ਗ਼ਲਤੀ ਦਾ ਤਾਂ ਅਹਿਸਾਸ ਹੋ ਗਿਆ ਸੀ, ਪਰ ਉਨ੍ਹਾਂ ਦੇ ਵਿਰੋਧੀਆਂ ਨੇ, ਇਸ ਤਕਰੀਰ ਦੀ ਵਿਡੀਓ ਰਿਕਾਰਡਿੰਗ ਸੋਸ਼ਲ ਮੀਡੀਏ ਤੇ ਚੜ੍ਹਾ ਕੇ ਵਾਇਰਲ ਕਰ ਦਿੱਤੀ।

ਗੋਰੇ ਨੇ ਆਪਣੇ ਜੁਆਕ ਦਾ ਨਾਂ ਰੱਖਿਆ ਪਕੌੜਾ

ਬਰਤਾਨੀਆ ਵਿਚ ਇਨ੍ਹੀਂ ਦਿਨੀਂ ਲੋਕ, ਭਾਰਤੀ ਨੁਕਲਾਂ ਤੇ ਖਾਣਿਆਂ ਦੇ ਇੰਨੇ ਦੀਵਾਨੇ ਹੋ ਚੁੱਕੇ ਨੇ ਕਿ ਉਨ੍ਹਾਂ ਨੇ ਆਪਣੇ ਬੱਚਿਆਂ ਦੇ ਨਾਂ ਪਕੌੜਾ, ਚਿਕਨ ਟਿੱਕਾ ਤੇ ਹੋਰ ਪਤਾ ਨਹੀਂ ਕੀ-ਕੀ ਰੱਖਣੇ ਸ਼ੁਰੂ ਕਰ ਦਿੱਤੇ ਨੇ।
ਬਰਤਾਨੀਆ ਦੇ ਨਿਊ ਟਾਊਨ ਐਬੇ ਚ ਅੱਜ-ਕੱਲ੍ਹ ਮਾਪੇ ਆਪਣੇ ਬੱਚਿਆਂ ਦੇ ਨਾਂ, ਆਪਣੇ ਮਨਭਾਉਂਦੇ ਖਾਣਿਆਂ ਦੇ ਨਾਂਵਾਂ ਤੇ ਰੱਖ ਰਹੇ ਨੇ।
ਇਕ ਜੋੜੇ ਨੇ ਤਾਂ ਕੇਕ ਉੱਤੇ ਟਿਕਾਈਆਂ ਹੋਈਆਂ ਚੈਰੀਆਂ ਦੇ ਨਾਂ ਤੇ, ਆਪਣੇ ਬੱਚੇ ਦਾ ਨਾਂ ਚੈਰੀ ਰਖਿਆ ਏ।
ਇਸ ਸ਼ਹਿਰ ਦੇ ਇਕ ਮਸ਼ਹੂਰ ਰੈਸਟੋਰੈਂਟ ਕੈਪਟਨਜ਼ ਟੇਬਲ ਦੇ ਮਾਲਕਾਂ ਨੇ, ਪਿੱਛੇ ਜਿਹੇ ਹੀ ਸੋਸ਼ਲ ਮੀਡੀਆ ਉੱਤੇ, ਇਕ ਦਿਲ ਟੁੰਬਵੀਂ ਖ਼ਬਰ ਸਾਂਝੀ ਕੀਤੀ ਸੀ ਕਿ ਉਨਾਂ ਦੇ ਰੈਸਟੋਰੈਂਟ ਦੇ ਇਕ ਪੱਕੇ ਗਾਹਕ ਜੋੜੇ ਨੇ, ਉਨ੍ਹਾਂ ਅੱਗੇ ਇਹ ਭੇਤ ਖੋਲ੍ਹਿਆ ਏ ਕਿ ਉਨ੍ਹਾਂ ਨੇ ਆਪਣੇ ਨਵਜੰਮੇ ਬੱਚੇ ਦਾ ਨਾਂ, ਉਸ ਰੈਸਟੋਰੈਂਟ ਵਿਚ ਬਣਦੇ, ਉਨ੍ਹਾਂ ਦੇ ਮਨਭਾਉਂਦੇ ਖਾਜੇ ਦੇ ਨਾਂ ਤੇ ਰੱਖਿਆ ਹੋਇਆ ਏ ਤੇ ਉਸ ਮਨਭਾਉਂਦੇ ਖਾਜੇ ਦਾ ਨਾਂ ਪਕੌੜਾ ਏ।

ਧਰਨੇ ਵਾਲਿਆਂ ਨੇ ਸਮੁੰਦਰੀ ਜਹਾਜ਼ ਦਾ ਇੰਜਣ ਕੀਤਾ ਜਾਮ

ਹੁਣ ਤਕ ਤੁਸੀਂ, ਹੜਤਾਲੀ ਮੁਲਾਜ਼ਮਾਂ ਵੱਲੋਂ, ਜ਼ਮੀਨੀ ਆਵਾਜਾਈ ਰੋਕਣ ਜਾ ਠੱਪ ਕਰਨ ਸਬੰਧੀ ਖ਼ਬਰਾਂ ਹੀ ਸੁਣਦੇ ਰਹੇ ਹੋ।
ਅੱਜ, ਸਮੁੰਦਰੀ ਜਹਾਜ਼, ਬੰਦਰਗਾਹ ਉੱਤੇ ਤੁਰਨ ਲਈ ਤਿਆਰ ਹੋਣ ਦੇ ਬਾਵਜੂਦ, ਇਕ ਦਿਨ ਰੋਕੀ ਰੱਖਣ ਦੀ ਖ਼ਬਰ ਵੀ ਸੁਣ ਲਓ।
ਪਿਛਲੇ ਮਹੀਨੇ, ਯਾਨੀ ਅਗੱਸਤ ਦੀ 14 ਤਾਰੀਖ਼ ਨੂੰ, ਵੈਨਕੂਵਰ ਤੋਂ ਅਲਾਸਕਾ ਜਾਣ ਵਾਲ਼ਾ ਕਰੂਜ਼ ਯਾਨੀ ਸਮੁੰਦਰੀ ਜਹਾਜ਼, ਜਿਸ ਦਾ ਨਾਂ ਸੈਲੀਬ੍ਰਿਟੀ ਇਕਲਿਪਸ ਦੱਸਿਆ ਗਿਆ ਏ, ਕਿਸ਼ਤੀਆਂ ਦੇ ਮਲਾਹਾਂ ਦੀ ਹੜਤਾਲ ਦੀ ਵਜ੍ਹਾ ਨਾਲ ਵਾਹਵਾ ਚਿਰ, ਬੰਦਰਗਾਹ ਉੱਤੇ ਰੋਕੀ ਰੱਖਿਆ ਗਿਆ।
ਇਸ ਜਾਹਾਜ਼ ਵਿਚ ਸਵਾਰ ਹਜ਼ਾਰਾਂ ਮੁਸਾਫ਼ਰ, ਜਹਾਜ਼ ਦੇ ਬਾਹਰੀ ਬਰਾਂਡਿਆਂ ਵਿਚ ਖੜ੍ਹੇ ਦਿਸਦੇ ਰਹੇ।
ਦੇਰ ਨਾਲ਼ ਆਈਆਂ ਖ਼ਬਰਾਂ ਅਨੁਸਾਰ ਇਹ ਜਹਾਜ਼, 14 ਅਗੱਸਤ ਨੂੰ ਅਲਾਸਕਾ ਵੱਲ ਰਵਾਨਾ ਕੀਤਾ ਜਾਣਾ ਸੀ, ਪਰ ਆਪਣੀ ਮੰਜ਼ਿਲ ਵੱਲ ਉਸ ਦੀ ਰਵਾਨਗੀ, ਇਕ ਦਿਨ ਚਿਰਾਕੀ ਹੋ ਗਈ।
ਇਸ ਵਜ੍ਹਾ ਨਾਲ਼, ਜਹਾਜ਼ ਦੇ ਮੁਸਾਫ਼ਰ ਕਾਫੀ ਪ੍ਰੇਸ਼ਾਨ ਰਹੇ।
ਇਹ ਜਹਾਜ਼, 14 ਅਗਸਤ (ਐਤਵਾਰ) ਨੂੰ ਲੌਢੇ ਵੇਲ਼ੇ 4 ਵਜੇ ਰਵਾਨਾ ਹੋਣਾ ਸੀ, ਫੇਰ ਜਹਾਜ਼ ਠਿੱਲ ਪਏ ਹੋਣ ਦੀਆਂ ਤਸਵੀਰਾਂ ਨਸ਼ਰ ਹੋ ਗਈਆਂ ਸਨ।
ਫਿਰ ਇਸ ਜਹਾਜ਼ ਕੁੱਝ ਬੰਦਰਗਾਹਾਂ ਤੇ ਨਾ ਰੋਕੇ ਜਾਣ ਦਾ ਫ਼ੈਸਲਾ ਕਰ ਲਿਆ ਗਿਆ ਸੀ ਤਾਂ ਕਿ ਇਕ ਹਫ਼ਤੇ ਵਿਚ ਹੀ ਸਫ਼ਰ ਪੂਰਾ ਕੀਤਾ ਜਾ ਸਕੇ।

ਬਿਨਾਂ ਫੁੱਲਾਂ ਵਾਲੀ ਭੰਗ ਨੇ ਕਰਵਾਈ ਜ਼ਮਾਨਤ

ਕੈਨੇਡਾ ਵਿਚ ਹਰ ਦੂਜੇ-ਚੌਥੇ ਦਿਨ, ਭੰਗ ਸਬੰਧੀ ਖ਼ਬਰ ਬਣਦੀ ਰਹਿੰਦੀ ਹੈ।
ਪਰ ਪਿਛਲੇ ਦਿਨੀਂ ਮੁੰਬਈ ਹਾਈ ਕੋਰਟ ਨੇ ਭਾਰਤ ਵਿਚ ਵੀ ਭੰਗ ਦੀ ਖ਼ਬਰ ਬਣਾ ਛੱਡੀ।
ਹਾਈ ਕੋਰਟ ਨੇ ਨਸ਼ੀਲੇ ਪਦਾਰਥ, ਵਪਾਰਕ ਮਾਤਰਾ ਵਿਚ ਰੱਖਣ ਦੇ ਇਕ ਕੇਸ ਵਿਚ, ਦੋਸ਼ੀ ਕਰਾਰ ਦਿੱਤੇ ਹੋਏ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤੇ ਜਾਣ ਤੋਂ ਪਹਿਲਾਂ ਹੀ, ਜ਼ਮਾਨਤ ਦਿੰਦਿਆਂ ਇਹ ਦਲੀਲ ਦਿੱਤੀ ਕਿ ਭੰਗ ਦੇ ਜਿਸ ਬੂਟੇ ਨੂੰ, ਫੁੱਲ ਜਾਂ ਫ਼ਲ ਨਹੀਂ ਲੱਗਿਆ, ਉਸ ਨੂੰ ਗਾਂਜੇ ਦੇ ਸ਼੍ਰੇਣੀ ਵਿਚ ਨਹੀਂ ਰੱਖਿਆ ਜਾ ਸਕਦਾ।
ਇਸ ਫ਼ੈਸਲੇ ਵਿਚ ਇਹ ਵੀ ਕਿਹਾ ਗਿਆ ਕਿ ਜ਼ਬਤ ਕੀਤੇ ਗਏ ਬੂਟੇ, ਫੁੱਲਾਂ ਜਾਂ ਫ਼ਲਾਂ ਤੋਂ ਬਗ਼ੈਰ ਹਨ ਤੇ ਇਸ ਤਰ੍ਹਾਂ ਦੇ ਬੂਟੇ ਕਾਨੂੰਨੀ ਦਾਇਰੇ ਵਿਚ ਨਹੀਂ ਆਉਂਦੇ।
ਜਸਟਿਸ ਭਾਰਤੀ ਡਾਂਗਰੇ ਨੇ 29 ਅਗਸਤ ਨੂੰ ਦਿੱਤੇ ਇਸ ਹੁਕਮ ਵਿਚ, ਇਹ ਵੀ ਦਰਜ ਕੀਤਾ ਹੋਇਆ ਏ ਕਿ ਨਾਰਕੌਟਿਕਸ ਕੰਟਰੋਲ ਬਿਊਰੋ ਵੱਲੋਂ ਮੁਲਜ਼ਮ ਦੇ ਘਰੋਂ ਜ਼ਬਤ ਕੀਤੇ ਹੋਏ ਪਦਾਰਥ, ਤੇ ਬਿਊਰੋ ਵੱਲੋਂ ਰਸਾਇਣਕ ਵਿਸ਼ਲੇਸ਼ਣ ਲਈ ਭੇਜ ਗਏ ਨਮੂਨੇ ਵਿਚ ਫ਼ਰਕ ਏ।
ਗ੍ਰਿਫ਼ਤਾਰੀ ਤੋਂ ਬਚਣ ਖ਼ਾਤਰ, ਮੁਲਜ਼ਮ ਕੁਨਾਲ ਕੱਦੂ ਵੱਲੋਂ ਦਾਇਰ ਕੀਤੀ ਹੋਈ ਜ਼ਮਾਨਤ ਪਟੀਸ਼ਨ ਦੀ ਸੁਣਵਾਈ ਕਰਦਿਆਂ ਹੀ ਅਦਾਲਤ ਨੇ ਇਹ ਹੁਕਮ ਸੁਣਾਇਆ ਏ।

ਨਵੀਂ ਦਿੱਲੀ ਦਾ ਸਟੇਸ਼ਨ ਬੜਾ ਫ਼ਿਲਮੀ ਹੈ

ਆਪਣੇ ਭਾਰਤ ਮਹਾਨ ਦੀ ਸਰਕਾਰ ਤੇ ਉਸ ਦਾ ਰੇਲਵੇ ਮੰਤਰਾਲਾ, ਰੇਲਵੇ ਦੀਆਂ ਸੇਵਾਵਾਂ ਸੁਧਾਰਨ ਦੀ ਥਾਂ, ਆਪਣੇ ਰੇਲਵੇ ਸਟੇਸ਼ਨਾਂ ਦਾ ਹਾਰ ਸਿੰਗਾਰ ਕਰ ਕੇ ਉਨ੍ਹਾਂ ਦਾ ਟੌਹਰ ਬਣਾਉਣ ਵਿਚ ਰੁੱਝਿਆ ਹੋਇਆ ਲੱਗਦਾ ਏ।
ਇਸੇ ਹੀ ਸਕੀਮ ਅਧੀਨ, ਨਵੀਂ ਦਿੱਲੀ ਦੇ ਰੇਲਵੇ ਸਟੇਸ਼ਨ ਨੂੰ ਸਜਾਉਣ-ਧਜਾਉਣ ਵਿਚ, ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਨੂੰ ਵੀ ਮਾਤ ਪਾਉਣ ਦੇ ਹੀਲੇ ਕਰਦਿਆਂ, ਇਸ ਰੇਲਵੇ ਸਟੇਸ਼ਨ ਦੀ ਇਮਾਰਤ ਦਾ ਨਮੂਨਾ, ਹੈਰੀ ਪੌਟਰ ਦੇ ਸੈੱਟ ਤੋਂ ਵੀ ਕਿਤੇ ਵੱਧ ਅਜਬ-ਗਜਬ ਬਣਵਾਇਆ ਗਿਆ ਏ।
ਓਦਾਂ ਇਹ ਤਸਵੀਰ ਜਾਂ ਨਮੂਨਾ ਦੇਖਣ ਵਾਲ਼ੇ ਨੂੰ, ਇਸ ਤੋਂ ਕੋਈ ਧਾਰਮਕ ਜਾਂ ਅਧਿਆਤਮਕ ਅਹਿਸਾਸ ਨਹੀਂ ਹੁੰਦਾ, ਸਗੋਂ ਐਂ ਲੱਗਦਾ ਹੈ ਕਿ ਉਹ, ਕਿਸੇ ਵਿਗਿਆਨਕ ਜਾਂ ਪੁਲਾੜੀ ਫ਼ਿਲਮ ਦੇ ਸੈੱਟ ਦੀ ਮੂਰਤ ਦੇਖ ਰਿਹਾ ਹੋਵੇ।
ਭਾਰਤੀ ਰੇਲਵੇ ਮੰਤਰਾਲੇ ਨੇ ਇਹ ਤਸਵੀਰ ਟਵੀਟ ਕਰਦਿਆਂ, ਉਸ ਨਾਲ਼ ਇਹ ਫੜ੍ਹ ਜਿਹੀ ਮਾਰੀ ਹੋਈ ਏ ਕਿ ਨਵੀਂ ਦਿੱਲੀ ਰੇਲਵੇ ਸਟੇਸ਼ਨ ਦੀ ਇਮਾਰਤ ਦਾ ਇਹ ਨਮੂਨਾ, ਇਸ ਰੇਲਵੇ ਸਟੇਸ਼ਨ ਨੂੰ ਇਕ ਨਵੇਂ ਯੁੱਗ ਵਿਚ ਪ੍ਰਵੇਸ਼ ਕਰਾਉਣ ਦਾ ਹੀਲਾ ਹੋਵੇਗਾ।
ਇਸੇ ਤਰ੍ਹਾਂ ਹੀ ਰੇਲਵੇ ਮੰਤਰਾਲੇ ਨੇ ਭਾਰਤ ਦੇ 1253 ਰੇਲਵੇ ਸਟੇਸ਼ਨਾਂ ਦਾ ਕਾਇਆਕਲਪ ਕਰਨ ਦਾ ਫ਼ੈਸਲਾ ਕੀਤਾ ਹੋਇਆ ਏ ਤੇ ਇਨ੍ਹਾਂ ਵਿਚੋਂ 1215 ਰੇਲਵੇ ਸਟੇਸ਼ਨਾਂ ਦੀ ਕਾਇਆ ਸੁਧਾਰੀ ਜਾ ਚੁੱਕੀ ਹੈ, ਜਦੋਂ ਕਿ ਬਾਕੀ ਦੇ ਸਟੇਸ਼ਨ, ਇਸ ਸਾਲ ਤੇ ਅਗਲੇ ਸਾਲ ਵਿਚ ਨਵਿਉਂ ਸਿਰਿਉਂ ਢਾਹ-ਬਣਾ ਲਏ ਜਾਣਗੇ।
ਹਾਲ ਦੀ ਘੜੀ ਇਹ ਖ਼ਬਰਦਾਰ ਤਾਂ ਇਹੋ ਸੋਚੀ ਜਾਂਦੈ ਕਿ ਜਦੋਂ ਨਵੀਂ ਦਿੱਲੀ ਦਾ, ਨਵਾਂ ਰੇਲਵੇ ਸਟੇਸ਼ਨ ਉਸਾਰਨ ਲਈ, ਨਵੀਂ ਦਿੱਲੀ ਦਾ, ਪੁਰਾਣਾ ਸਟੇਸ਼ਨ ਢਾਹ ਦਿੱਤਾ ਜਾਊਗਾ ਤਾਂ ਦੇਸ਼ ਭਰ ਨੂੰ ਜਾਣ ਲਈ ਰੇਲ ਗੱਡੀਆਂ ਫੜਨ ਵਾਲ਼ੇ ਮੁਸਾਫ਼ਰ, ਗੱਡੀਆਂ ਕਿੱਥੋਂ ਫੜਿਆ ਕਰਨਗੇ।

ਜ਼ੋਰਦਾਰ ਟਾਈਮਜ਼ ਇਕ ਸੁਤੰਤਰ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਇਮਾਨਦਾਰੀ, ਨਿਰਪੱਖਤਾ, ਨਿਡਰਤਾ ਤੇ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ।
ਜ਼ੋਰਦਾਰ ਟਾਈਮਜ਼ ਇਕ ਸੁਤੰਤਰ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਇਮਾਨਦਾਰੀ, ਨਿਰਪੱਖਤਾ, ਨਿਡਰਤਾ ਤੇ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ।

Updated:

in

by

ਇਕ ਨਜ਼ਰ ਇੱਧਰ ਵੀ

Comments

2 responses to “ਰੇਡੀਓ ਸ਼ੋਅ – ਇੱਧਰਲੀਆਂ ਉੱਧਰਲੀਆਂ ਬਖ਼ਸ਼ਿੰਦਰੀਆਂ – 5”

  1. ਹਰਮਿੰਦਰ ਸਵੀਟ Avatar
    ਹਰਮਿੰਦਰ ਸਵੀਟ

    ਰੋਚਕ ਖ਼ਬਰਾਂ

    1. zordartimes Avatar

      ਧੰਨਵਾਦ ਜੀ।

Leave a Reply

error: ਕਾਪੀ ਕਰਨਾ ਮਨ੍ਹਾਂ ਹੈ। ਲਿਖਤ ਪ੍ਰਾਪਤ ਕਰਨ ਲਈ ਈ-ਮੇਲ ਕਰੋ zordartimes@gmail.com