Film Review | ਦੰਗਲ, ਧਾਕੜ ਹੈ

0 0
Read Time:14 Minute, 10 Second

ਦੀਪ ਜਗਦੀਪ ਸਿੰਘ
ਰੇਟਿੰਗ 4/5

ਹਿੰਦੀ ਸਿਨੇਮਾ ਦੇ ਜੰਗਲ ਵਿਚ ਵੱਡੇ-ਵੱਡੇ ਸੂਪਰ ਸਟਾਰ ਭਲਵਾਨ ਆਉਂਦੇ ਹਨ, ਅਖਾੜੇ ਵਿਚ ਦਾਅ ਲਾਉਂਦੇ ਹਨ, ਕੁਝ ਕਈ ਸੌ ਕਰੋੜ ਦੀ ਟ੍ਰਾਫ਼ੀ ਜਿੱਤ ਕੇ ਵੀ ਮੂੰਹ ਪਰਨੇ ਡਿੱਗ ਪੈਂਦੇ ਹਨ ਅਤੇ ਕਈ ਟਿਕਟ ਖਿੜਕੀ ’ਤੇ ਸਾਹ ਲੈਣ ਤੋਂ ਵੀ ਪਹਿਲਾਂ ਦਮ ਤੋੜ ਦਿੰਦੇ ਹਨ,

 

ਪਰ ਉਨ੍ਹਾਂ ਦਾ ਦਾਅ ਅਜਿਹਾ ਹੁੰਦਾ ਹੈ ਜੋ ਦਰਸ਼ਕਾਂ ਦੇ ਦਿਲ ਉੱਤੇ ਧੋਬੀ ਪਟਕਾ ਮਾਰ ਦਿੰਦਾ ਹੈ। ਉਨ੍ਹਾਂ ਵਿਚੋਂ ਕੁਝ ਭਲਵਾਨ ਬੱਸ ਆਪਣੀ ਹਿੱਕ ਥਾਪੜਦੇ ਰਹਿੰਦੇ ਹਨ ਪਰ ਜਿਹੜੇ ਦਰਸ਼ਕਾਂ ਦਾ ਦਿਲ ਜਿੱਤ ਲੈਣ ਉਹ ਅਸਲੀ ਭਲਵਾਨ ਕਹਾਣੀ ਹੁੰਦੀ ਹੈ। ਦੰਗਲ ਵਿਚ ਵੀ ਜਿਹੜੀ ਅਸਲੀ ਭਲਵਾਨ ਹੈ, ਉਹ ਕਹਾਣੀ ਹੈ, ਇਸ ਲਈ ਦੰਘਲ ਧਾਕੜ ਹੈ ਅਤੇ ਟਿਕਟ ਖਿੜਕੀ ਉੱਤੇ ਦੰਗਲ ਦਾ ਮੰਗਲ ਲੰਮਾ ਚੱਲੇਗਾ।

ਉਂਝ ਤਾਂ ਦੰਗਲ ਦੀ ਕਹਾਣੀ ਅਜਿਹੀ ਹੈ ਜਿਸ ਦਾ ਅੰਦਾਜ਼ਾ ਸਹਿਜੇ ਹੀ ਲੱਗ ਜਾਂਦਾ ਹੈ ਅਤੇ ਉਹ ਉਸੇ ਮਿੱਥੀ ਉਹ ਪਟੜੀ ਉੱਤੇ ਦੌੜਦੀ ਜਾਂਦੀ ਹੈ ਜਿਸ ਵਿਚ ਨਾਇਕ ਹਰ ਮੁਸ਼ਕਿਲ ਪਾਰ ਕਰਦਾ ਹੋਇਆ ਜਿੱਤ ਜਾਂਦਾ ਹੈ। ਦੰਗਲ ਨੂੰ ਦੇਖਦਿਆਂ ਇਹ ਭਰਮ ਪੈਦਾ ਹੋ ਸਕਦਾ ਹੈ ਕਿ ਅਸਲੀ ਨਾਇਕ ਕੌਣ ਹੈ। ਆਪਣਾ ਸੁਪਨਾ ਪੂਰਾ ਕਰਨ ਲਈ ਸਮਾਜ ਦੀ ਹਰ ਰਵਾਇਤੀ ਨੂੰ ਤੋੜਨ ਅਤੇ ਪੂਰੀ ਦੁਨੀਆਂ ਨਾਲ ਦੰਗਲ ਕਰਨ ਨੂੰ ਤਿਆਰ ਮਹਾਂਵੀਰ ਫੋਗਟ (ਆਮੀਰ ਖ਼ਾਨ)? ਜਾਂ ਆਪਣੇ ਪੱਪਾ ਦਾ ਸੁਪਨਾ (ਜੋ ਬਾਅਦ ਵਿਚ ਉਨ੍ਹਾਂ ਦਾ ਆਪਣਾ ਸੁਪਨਾ ਵੀ ਬਣ ਜਾਂਦਾ ਹੈ) ਪੂਰਾ ਕਰਨ ਲਈ ਆਪਣਾ ਬਚਪਨ ਦਾਅ ’ਤੇ ਲਾਉਣ ਵਾਲੀਆਂ ਗੀਤਾ (ਜ਼ਾਇਰਾ ਵਸੀਮ ਤੇ ਫ਼ਾਤਿਮਾ ਸਨਾ ਖ਼ਾਨ) ਅਤੇ ਬਬੀਤ (ਸੁਹਾਨੀ ਭਟਨਾਗਰ ਤੇ ਸਾਨਿਆ ਮਲਹੋਤਰਾ)? ਜਾਂ ਆਪਣੇ ਪਤੀ ਦੇ ਜਨੂੰਨ ਦੇ ਸਾਹਮਣੇ ਨਾ ਸਿਰਫ਼ ਆਪਣੇ ਆਪ ਨੂੰ ਬਲਕਿ ਆਪਣੀ ਮਮਤਾ ਨੂੰ ਵੀ ਸਮਰਪਿਤ ਕਰ ਦੇਣ ਵਾਲੀ ਸ਼ੋਭਾ ਕੌਰ (ਸਾਕਸ਼ੀ ਤੰਵਰ)? ਜਾਂ ਆਪਣੇ ਤਾਏ ਦੇ ਜਨੂੰਨ ਦੇ ਚੱਕਰ ਵਿਚ ਆਪਣੀ ਹਰਿਆਣਵੀਂ ਮਰਦਾਨਗੀ ਛੱਡ ਕੇ ਆਪਣੀਆਂ ਹੀ ਭੈਣਾਂ ਤੋਂ ਕੁੱਟ ਖਾਣ ਵਾਲਾ ਓਂਕਾਰ (ਅਪਾਰਸ਼ਕਤੀ ਖ਼ੁਰਾਣਾ ਤੇ ਰਿਤਵਿਕ ਸਾਹੋਰ)? ਜਾਂ ਫਿਰ ਨੈਸ਼ਨਲ ਸਪੋਰਟਸ ਅਥਾਰਟੀ ਦਾ ਉਹ ਮੁਖੀ ਜੋ ਖੇਡ ਸੰਸਥਾਵਾਂ ਦੇ ਨਿਕੰਮੇ ਮਾਹੌਲ ਵਿਚ ਆਪਣੇ ਹੀ ਮਹਿਕਮੇ ਦੇ ਕੋਚ ਦੀ ਥਾਂਵੇਂ ਇਕ ਦੇਸੀ ਪਹਿਲਵਾਨ ਉੱਪਰ ਭਰੋਸਾ ਕਰਦਾ ਹੈ? ਜਾਂ ਫਿਰ ਚਿਕਨ ਵਾਲਾ ਜਿਹੜਾ ਮਹਿੰਗਾਈ ਦੇ ਦੌਰ ਵਿਚ ਵੀ ਸੌ ਰੁਪਏ ਵਾਲਾ ਮੁਰਗਾ ਪੱਚੀ ਰੁਪਏ ਵਿਚ ਦੇਣ ਲਈ ਰਾਜ਼ੀ ਹੋ ਜਾਂਦਾ ਹੈ, ਜਿਸ ਬਿਨਾਂ ਗੀਤਾ-ਬਬੀਤਾ ਦਾ ਭਲਵਾਨ ਬਣਨਾ ਨਾਮੁਮਕਿਨ ਸੀ? 
aamir khan film review dangal in punjabi
ਅਸਲ ਵਿਚ ਦੰਗਲ ਦੇ ਅਖਾੜੇ ਵਿਚ ਸਾਰੇ ਨਾਇਕ ਲੱਗਦੇ ਹਨ, ਬਿਲਕੁਲ ਉਵੇਂ ਜਿਵੇਂ ਏਕ ਵਿਲੇਨ ਵਿਚ ਹਰ ਕਿਰਦਾਰ ਹੀ ਖਲ਼ਨਾਇਕ ਹੈ। ਇਨ੍ਹਾਂ ਸਾਰਿਆਂ ਵਿਚਾਲੇ ਜੇ ਕੋਈ ਨਾਇਕ ਹੈ ਤਾਂ ਨਿਖਿਲ ਮਲਹੋਤਰਾ, ਸ਼੍ਰੇਅਸ ਜੈਨ, ਪਿਯੂਸ਼ ਗੁਪਤਾ ਅਤੇ ਨਿਤੇਸ਼ ਤਿਵਾੜੀ ਦੀ ਕਹਾਣੀ ਅਤੇ ਪਟਕਥਾ ਜੋ ਸ਼ੁਰੂ ਤੋਂ ਹੀ ਪੂਰੀ ਕਹਾਣੀ ਪਤਾ ਲੱਗ ਜਾਣ ਦੇ ਬਾਵਜੂਦ ਪਰਤ ਦਰ ਪਰਤ ਇਸ ਤਰ੍ਹਾਂ ਖੁੱਲ੍ਹਦੀ ਹੈ ਕਿ ਆਖ਼ਰੀ ਫ਼ਰੇਮ ਤੱਕ ਦਰਸ਼ਕ ਇਸੇ ਸ਼ਸ਼ੋਪੰਜ ਵਿਚ ਪਿਆ ਰਹਿੰਦਾ ਹੈ ਕਿ ਗੀਤਾ ਜਿੱਤੇਗੀ ਤਾਂ ਸਹੀ ਪਰ ਜਿੱਤੇਗੀ ਕਿਵੇਂ, ਜੋ ਜਿੱਤ ਉਸ ਦੀ ਹੋ ਕੇ ਵਿਚ ਅਸਲ ਵਿਚ ਮਹਾਵੀਰ ਦੀ ਜਿੱਤਹ ਹੋਵੇਗੀ। ਉੱਪਰਲੀ ਪਰਤ ਵਿਚ ਇਹ ਕਹਾਣੀ ਨਾਰੀ ਦੀ ਤਾਕਤ ਅਤੇ ਬਰਾਬਰੀ ਦੇ ਹੱਕ ਦੀ ਲੱਗਦੀ ਹੈ, ਪਰ ਥੋੜ੍ਹੀ ਜਿਹੀ ਡੂੰਘਾਈ ਵਿਚ ਜਾਂਦਿਆਂ ਹੀ ਪਤਾ ਲੱਗਦਾ ਹੈ ਕਿ ਅਸਲ ਵਿਚ ਇਹ ਪਰਿਵਾਰ ਦੇ ਮਾਲਕ ਮਹਾਵੀਰ ਫ਼ੋਗਟ ਦੇ ਅਧੂਰੇ ਸੁਪਨੇ ਦੇ ਪੂਰੇ ਹੋਣ ਦੀ ਕਹਾਣੀ ਹੈ, ਜਿਸ ਨੂੰ ਪੂਰਾ ਕਰਨ ਲਈ ਉਸ ਦੀਆਂ ਧੀਆਂ ਸਿਰਫ਼ ਇਕ ਮਾਧਿਅਮ ਬਣਦੀਆਂ ਹਨ। ਇਹ ਤਰ੍ਹਾਂ ਦੰਗਲ ਦਾ ਨਾਰੀਵਾਦ ਕਹਾਣੀ ਦਾ ਮੁੱਖ ਧੁਰਾ ਨਹੀਂ ਬਲਕਿ ਗੰਨੇ ਦੇ ਰਸ ਦਾ ਗੁੜ੍ਹ ਬਣਾਉਣ ਮਗਰੋਂ ਬਚਿਆ ਸੀਰਾ ਜਾਂ ਵਾਇਆ ਮਾਧਿਅਮ ਹੈ। ਮਹਾਵੀਰ ਵੱਲੋਂ ਕੁੜੀਆਂ ਨੂੰ ਸਮਾਜ ਦੇ ਖ਼ਿਲਾਫ਼ ਜਾ ਕੇ ਮੁੰਡਿਆਂ ਵਾਂਗੂੰ ਭਲਵਾਨ ਬਣਾਉਣ ਦਾ ਪ੍ਰੇਰਣਾ ਸਰੋਤ ਕੁੜੀਆਂ ਦੀ ਬਰਾਬਰੀ ਦੇ ਹੱਕ ਦੀ ਸੋਚ ਵਿਚੋਂ ਨਹੀਂ ਬਲਕਿ ਆਪਣਾ ਸੁਪਨਾ ਪੂਰੇ ਹੋਣ ਦੀ ਸੰਭਾਵਨਾ ਵਿਚੋਂ ਫੁੱਟਦਾ ਹੈ। ਇਹ ਸਰੋਤ ਪੈਦਾ ਕਰਨ ਵਾਲੀ ਕਾਰਵਾਈ ਵੀ ਉਹ ਹੈ ਜਿਸਨੂੰ ਆਮ ਤੌਰ ’ਤੇ ਮਰਦਾਂ ਦਾ ਜਮਾਂਦਰੂ ਹੱਕ ਮੰਨਿਆ ਜਾਂਦਾ ਹੈ, ਮਾਰ-ਕੁਟਾਈ। ਖ਼ੈਰ ਜੋ ਵੀ ਹੋਵੇ ਇਹ ਘਟਨਾ ਮਹਾਵੀਰ ਅੰਦਰ ਮੁੰਡਾ ਨਾ ਜੰਮਣ ਦੀ ਨਿਰਾਸ਼ਾ ਨੂੰ ਦੂਰ ਕਰਕੇ ਕੁੜੀਆਂ ਨੂੰ ਸੋਨੇ ਦਾ ਤਗਮਾ ਜਿੱਤ ਕੇ ਲਿਆਉਣ ਲਈ ਤਿਆਰ ਕਰਨ ਦੀ ਭਾਵਨਾ ਪੈਦਾ ਤਾਂ ਕਰ ਹੀ ਦਿੰਦੀ ਹੈ। ਇਹ ਆਪਣੇ ਆਪ ਵਿਚ ਇਕ ਮਹੱਤਵਪੂਰਨ ਮਾਨਸਿਕ ਤਬਦੀਲੀ ਹੈ।
ਕਹਾਣੀ ਦੀ ਸਭ ਤੋਂ ਵੱਡੀ ਖ਼ਾਸੀਅਤ ਹੈ ਪਹਿਲੇ ਦਸ ਮਿੰਟਾਂ ਵਿਚ ਹੀ ਇਹ ਅਹਿਮ ਮੋੜ ਆ ਜਾਂਦਾ ਹੈ ਅਤੇ ਵੀਹ ਮਿੰਟ ਪੂਰੇ ਹੁੰਦਿਆਂ ਕਹਾਣੀ ਆਪਣੇ ਟੀਚੇ ਵੱਲ ਤੇਜ਼ ਦੌੜ ਪੈਂਦੀ ਹੈ। ਬਾਵਜੂਦ ਇਸਦੇ ਕਹਾਣੀ ਲਗਾਤਾਰ ਮਨੋਰੰਜਕ ਅਤੇ ਦਿਲਚਸਪ ਬਣੀ ਰਹਿੰਦੀ ਹੈ, ਪਰ ਆਪਣੇ ਟੀਚੇ ਤੋਂ ਭਟਕਦੀ ਨਹੀਂ। ਇਹ ਵੀਹ ਮਿੰਟ ਇਸ ਗੱਲ ਦੀ ਮਿਸਾਲ ਹਨ ਕਿ ਸ਼ੁਰੂਆਤ ਵਿਚ ਦਰਸ਼ਕਾਂ ਨੂੰ ਫ਼ਿਲਮ ਨਾਲ ਜੋੜਨ ਵਾਸਤੇ ਉਸ ਵਿਚ ਮਨੋਰੰਜਨ ਜ਼ਬਰਦਸਤੀ ਉੱਪਰੋਂ ਠੂਸਣ ਦੀ ਲੋੜ ਨਹੀਂ ਹੁੰਦੀ, ਉਸਨੂੰ ਕਹਾਣੀ ਦੇ ਅੰਦਰੋਂ ਹੀ ਪੈਦਾ ਕੀਤਾ ਜਾ ਸਕਦਾ ਹੈ। ਇੱਥੋਂ ਲੈ ਕੇ ਅੰਤ ਤੱਕ ਕਹਾਣੀ ਦਾ ਗ੍ਰਾਫ਼ ਇਕ ਮਿੱਥੀ ਹੋਈ ਰਫ਼ਤਾਰ ਨਾਲ ਫੈਲਦਾ ਜਾਂਦਾ ਹੈ ਅਤੇ ਪਟਕਥਾ ਕਸੀ ਵੀ ਰਹਿੰਦੀ ਹੈ। ਉਂਝ ਤਾਂ ਨਿਰਦੇਸ਼ਕ ਨੇ ਕਈ ਥਾਵਾਂ ਉੱਤੇ ਨਾਟਕੀਅਤਾ ਅਤੇ ਫ਼ਿਲਮਕਾਰੀ ਦੀ ਸਹੂਲਤ ਵਾਸਤੇ ਬੇਲੋੜੀ ਸੁਤੰਤਰਾ ਵੀ ਲਈ ਹੈ, ਪਰ ਕਹਾਣੀ ਵਿਚ ਬੱਝਿਆ ਦਰਸ਼ਕ ਉਨ੍ਹਾਂ ਗੱਲਾਂ ਨੂੰ ਨਜ਼ਰਅੰਦਾਜ਼ ਕਰਦਾ ਹੋਇਆ ਕੁਰਸੀ ਦੇ ਸਿਰੇ ਉੱਤੇ ਚਿਪਕਿਆ ਰਹਿੰਦਾ ਹੈ। ਅੰਤ ਵਿਚ ਜਾ ਕੇ ਜਿਸ ਤਰ੍ਹਾਂ ਨਿਰਦੇਸ਼ਕ ਨਾਟਕੀਅਤਾ ਨੂੰ ਦੂਹਰੀਆਂ-ਚੌਹਰੀਆਂ ਗੁੰਝਲਾਂ ਪਾਉਂਦਾ ਹੈ, ਫਿਰ ਉਨ੍ਹਾਂ ਨੂੰ ਹੌਲੀ-ਹੌਲੀ ਖੌਲ੍ਹਦਾ ਹੈ, ਇਹ ਇਕ ਜ਼ੋਰਦਾਰ ਅੰਤ ਦੀ ਮਿਸਾਲ ਬਣ ਜਾਂਦਾ ਹੈ। ਇਹੀ ਗੱਲ ਦੰਗਲ ਦੀ ਇਕ ਬੁੱਝੀ ਹੋਈ ਬੁਝਾਰਤ ਵਰਗੀ ਕਹਾਣੀ ਨੂੰ ਉਹ ਗੁੰਝਲਦਾਰ ਬੁਝਾਰਤ ਵੀ ਬਣਾ ਦਿੰਦੀ ਹੈ, ਜੋ ਹੱਲ ਕਿਵੇਂ ਹੁੰਦੀ ਹੈ, ਇਹ ਦੇਖਣਾ ਰੋਮਾਂਚਕ ਹੋ ਜਾਂਦਾ ਹੈ। ਇਹ ਤਾਂ ਪਤਾ ਹੈ ਕਿ ਗੀਤਾ ਫ਼ਾਈਨਲ ਜਿੱਤ ਲਵੇਗੀ, ਪਰ ਫ਼ਾਈਨਲ ਕੁਸ਼ਤੀ ਸ਼ੁਰੂ ਹੋਣ ਤੋਂ ਐਨ ਪਹਿਲਾਂ ਜਿਵੇਂ ਮਹਾਂਵੀਰ ਇਕ ਅਜੀਬ ਮੁਸੀਬਤ ਵਿਚ ਫੱਸ ਜਾਣ ਕਰਕੇ ਅਖਾੜੇ ਵਿਚ ਨਹੀਂ ਪਹੁੰਚਦਾ, ਇਹ ਘੁੰਡੀ ਇਸ ਬੁੱਝੀ ਹੋਈ ਗੱਲ ਵਿਚ ਇਕ ਗੰਢ ਹੋਰ ਪਾ ਦਿੰਦੀ ਹੈ ਕਿ ਗੀਤਾ ਮਹਾਵੀਰ ਦੀ ਗ਼ੈਰ-ਹਾਜ਼ਰੀ ਵਿਚ ਗੀਤਾ ਕਿਵੇਂ ਜਿੱਤ ਸਕੇਗੀ? ਇਕ ਘੁੰਡੀ ਇਹ ਵੀ ਹੈ ਕਿ ਕੀ ਮਹਾਵੀਰ ਉਸ ਮੁਸੀਬਤ ਵਿਚੋਂ ਨਿਕਲ ਸਕੇਗਾ? ਜੇ ਨਿਕਲੇਗਾ ਤਾਂ ਕੀ ਉਹ ਮੈਚ ਖ਼ਤਮ ਹੋਣ ਤੋਂ ਪਹਿਲਾਂ ਨਿਕਲ ਸਕੇਗਾ ਜਾਂ ਨਹੀਂ? ਅਨੇਕ ਸਵਾਲ ਇਕੋ ਵੇਲੇ ਦਰਸ਼ਕ ਦੀ ਸੰਵੇਦਨਾ ਨੂੰ ਘੁੱਟ ਕੇ ਉਦੋਂ ਤੱਕ ਜਕੜੀ ਰੱਖਦੇ ਹਨ, ਜਦੋਂ ਤੱਕ ਰਾਸ਼ਟਰੀ ਗੀਤ ਦੀ ਧੁਨ ਨਹੀਂ ਵੱਜਦੀ। ਇਹੀ ਇਸ ਕਹਾਣੀ ਅਤੇ ਪਟਕਥਾ ਦੀ ਸਾਰਥਕਤਾ ਹੈ। ਕਹਾਣੀ ਜਿੱਥੇ ਸੁਪਨਿਆਂ ਅਤੇ ਅਸਲੀਅਤ ਵਿਚਲੇ ਪਾੜੇ ਵਾਸਤੇ ਹੌਂਸਲੇ ਦਾ ਪੁਲ਼ ਬਣਦੀ ਹੈ ਉੱਥੇ ਹੀ ਰਿਸ਼ਤਿਆਂ, ਮਿੱਟੀ ਅਤੇ ਜੜ੍ਹਾਂ ਵੱਲ ਮੁੜਨ ਅਤੇ ਜੁੜੇ ਰਹਿਣ ਦੀ ਨੀਂਹਾਂ ਉੱਤੇ ਖੜ੍ਹੀ ਹੈ।

ਤਿਵਾੜੀ ਦੀ ਬਤੌਰ ਨਿਰਦੇਸ਼ਕ ਹੁਣ ਤੱਕ ਆਈਆਂ ਤਿੰਨ ਫ਼ਿਲਮਾਂ ਚਿੱਲਰ ਪਾਰਟੀ, ਭੂਤਨਾਥ ਰਿਟਰਨਜ਼ ਅਤੇ ਦੰਗਲ ਤੇ ਬਤੌਰ ਲੇਖਕ ਨਿੱਲ ਬਟੇ ਸੰਨਾਟਾ ਵਿਚ ਇਕ ਸਾਂਝੀ ਗੱਲ ਹੈ- ਬੱਚਿਆਂ ਦੇ ਮੁੱਖ ਕਿਰਦਾਰ। ਇਨ੍ਹਾਂ ਚਾਰਾਂ ਫ਼ਿਲਮਾਂ ਵਿਚ ਬੱਚਿਆਂ ਦੇ ਕਿਰਦਾਰਾਂ ਦੀ ਪੇਸ਼ਕਾਰੀ ਨੂੰ ਦੇਖ ਕੇ ਮਹਿਸੂਸ ਹੁੰਦਾ ਹੈ ਕਿ ਤਿਵਾੜੀ ਬੱਚਿਆਂ ਦੀ ਮਨੋਸਥਿਤੀ ਅਤੇ ਵਿਵਹਾਰ ਨੂੰ ਬਹੁਤ ਬਰੀਕੀ ਨਾਲ ਫੜਦਾ ਹੈ ਅਤੇ ਬਖ਼ੂਬੀ ਪੇਸ਼ ਕਰਦਾ ਹੈ। ਉਨ੍ਹਾਂ ਦੇ ਬੱਚਿਆਂ ਦੇ ਕਿਰਦਾਰਾਂ ਵਿਚ ਬਚਪਨ ਅਤੇ ਸੰਵੇਦਨਾਂ ਸਾਫ਼ ਝਲਕਦੀ ਹੈ ਅਤੇ ਬੱਚੇ ਦਰਸ਼ਕਾਂ ਨੂੰ ਆਪਣੇ ਨਾਲ ਜੋੜਨ ਵਿਚ ਕੋਈ ਕਸਰ ਨਹੀਂ ਛੱਡਦੇ।
ਆਮੀਰ ਖ਼ਾਨ ਨੇ ਆਪਣੇ ਆਪ ਨੂੰ ਕਿਰਦਾਰ ਵਿਚ ਢਾਲਣ ਦੀ ਕੋਈ ਕਸਰ ਇਸ ਵਾਰ ਵੀ ਨਹੀਂ ਛੱਡੀ। ਜਿੰਨੀ ਬਾਰੀਕੀ ਨਾਲ ਲੇਖਕ ਅਤੇ ਨਿਰਦੇਸ਼ਕ ਨੇ ਕਿਰਦਾਰ ਘੜੇ ਨੇ, ਆਮੀਰ ਸਮੇਤ ਸਾਰੇ ਹੀ ਕਲਾਕਾਰ ਉਸ ਵਿਚ ਪੂਰੀ ਤਰ੍ਹਾਂ ਖਰੇ ਉੱਤਰ ਗਏ ਹਨ। ਚਾਰੇ ਨਵੀਆਂ ਕੁੜੀਆਂ ਨੇ ਗੀਤਾ ਅਤੇ ਬਬੀਤਾ ਦੇ ਬਚਪਨ ਅਤੇ ਜਵਾਨੀ ਦੇ ਕਿਰਦਾਰਾਂ ਵਿਚ ਜਾਨ ਪਾ ਦਿੱਤੀ ਹੈ ਅਤੇ ਭਲਵਾਨੀ ਦੀ ਤਕਨੀਕ ਨੂੰ ਰੂਹ ਤੱਕ ਵਸਾ ਲਿਆ ਹੈ। ਬਾਲ ਓਂਕਾਰ ਦੇ ਰੂਪ ਵਿਚ ਰਿਤਵਿਕ ਸਾਹੋਰ ਅਤੇ ਜਵਾਨ ਓਂਕਾਰ ਦੇ ਰੂਪ ਵਿਚ ਅਪਾਰਸ਼ਕਤੀ ਖ਼ੁਰਾਣਾ ਢਿੱਡ ਵਿਚ ਕੁਤਕੁਤਾੜੀਆਂ ਕੱਢਦਾ ਹੈ ਅਤੇ ਆਪਣੀ ਹਾਜ਼ਰੀ ਨਾਲ ਫ਼ਿਲਮ ਵਿਚ ਚਾਕਲੇਟੀ ਹੀਰੋ ਦੀ ਘਾਟ ਮਹਿਸੂਸ ਨਹੀਂ ਹੋਣ ਦਿੰਦਾ। ਭੈਣਾ ਨਾਲ ਉਸ ਦੀ ਜੁਗਲਬੰਦੀ ਇਹੋ ਜਿਹੀ ਬਣੀ ਹੈ ਕਿ ਫ਼ਿਲਮ ਉੱਤੇ ਅਲੜ੍ਹਪੁਣੇ ਦਾ ਰੰਗ ਚੜ੍ਹ ਜਾਂਦਾ ਹੈ। 
ਫ਼ਿਲਮ ਦਾ ਇਕ ਹੋਰ ਜ਼ੋਰਦਾਰ ਅਤੇ ਲੁਕਿਆ ਹੋਇਆ ਨਾਇਕ ਹੈ ਗੀਤਕਾਰ ਅਮਿਤਾਭ ਭੱਟਾਚਾਰੀਆ। ਉਸਦੇ ਲਿਖੇ ਇਕ-ਇਕ ਸ਼ਬਦ ਵਿਚੋਂ ਕਹਾਣੀ ਦੀ ਆਤਮਾ ਝਲਕਦੀ ਹੈ ਅਤੇ ਹਰਿਆਣਵੀਂ ਬੋਲੀ ਦਾ ਚਟਕਾਰਾ ਵੀ ਭਰਪੂਰ ਹੈ। ਹਰ ਗੀਤ ਪਟਕਥਾ ਵਿਚ ਇਸ ਤਰ੍ਹਾਂ ਫਿੱਟ ਬਹਿ ਜਾਂਦਾ ਹੈ ਜਿਵੇਂ ਕਿਸੇ ਸੂਟ ਦੀ ਗਵਾਚੀ ਹੋਈ ਟਾਕੀ ਹੋਵੇ। ਪਟਕਥਾ ਵਿਚ ਲਗਾਤਾਰ ਚੱਲਦੇ ਟਾਈਟਲ ਗੀਤ ਨੂੰ ਦਲੇਰ ਮਹਿੰਦੀ ਦੀ ਦਮਦਾਰ ਆਵਾਜ਼ ਬੀਰ-ਰਸ ਦਾ ਰੰਗ ਚਾੜ੍ਹ ਦਿੰਦੀ ਹੈ। ਧਾਕੜ ਗੀਤ ਵਿਚ ਰਫ਼ਤਾਰ ਦਾ ਰੈਪ ਉਸਦੇ ਅੰਦਾਜ਼ ਤੋਂ ਬਿਲਕੁਲ ਵੱਖਰਾ ਹੈ, ਜਿਸ ਵਿਚ ਫ਼ਿਲਮ ਦੀ ਆਤਮਾ ਹੈ। ਸਾਰੇ ਹੀ ਗਾਇਕਾਂ ਨੇ ਗੀਤਾਂ ਦੇ ਬੋਲਾਂ ਵਿਚ ਜਾਨ ਪਾ ਦਿੱਤੀ ਹੈ ਅਤੇ ਪ੍ਰੀਤਮ ਦਾ ਸੰਗੀਤ ਉਨ੍ਹਾਂ ਨੂੰ ਹੋਰ ਵੀ ਉਘਾੜਦਾ ਹੈ। ਪ੍ਰੀਤਮ ਦਾ ਹੀ ਪਿੱਠਵਰਤੀ ਸੰਗੀਤ ਨਦੀ ਦੇ ਅੰਦਰ ਵਹਿੰਦੀ ਧਾਰਾ ਵਾਂਗ ਪਟਕਥਾ ਦੇ ਪਿੱਛੇ-ਪਿੱਛੇ ਪੂਰੀ ਲੈਅ ਨਾਲ ਚੱਲਦਾ ਹੈ। ਫ਼ਿਲਮ ਦੀ ਕੱਸੀ ਹੋਈ ਪਟਕਥਾ ਦਾ ਸਿਹਰਾ ਸੰਪਾਦਕ ਬੱਲੂ ਸਲੂਜਾ ਨੂੰ ਵੀ ਜਾਂਦਾ ਹੈ। ਸੇਤੂ ਦੇ ਕੈਮਰੇ ਵਿਚੋਂ ਲੰਘ ਕੇ ਦੰਗਲ ਦੇ ਅਖਾੜੇ ਅਤੇ ਇਨਡੋਰ ਰੈਸਲਿੰਗ ਸਟੇਡਿਅਮ ਅਸਲੀਅਤ ਦੇ ਨੇੜੇ ਲੱਗਦੇ ਹਨ।
ਭਲਵਾਨੀ ਦੇ ਵਿਸ਼ੇ ਨਾਲ ਸਬੰਧਿਤ ਹੋਣ ਕਰਕੇ ਸਲਮਾਨ ਖ਼ਾਨ ਦੀ ਸੁਲਤਾਨ ਅਤੇ ਆਮੀਰ ਖ਼ਾਨ ਦੀ ਦੰਗਲ ਦੀ ਤੁਲਨਾ ਹੋਣੀ ਲਾਜ਼ਮੀ ਹੈ। ਹੁਣ ਜਦੋਂ ਦੋਵਾਂ ਨੇ ਟਵੀਟ ਕਰਕੇ ਇਸ ਦੀ ਤੁਲਨਾ ਵਾਲੀ ਅੱਗ ਵਿਚ ਘਿਓ ਵੀ ਪਾ ਦਿੱਤਾ ਹੈ ਤਾਂ ਫ਼ਿਲਮ ਦੇ ਇੰਟਰਵਲ ਦੌਰਾਨ ਲੋਕਾਂ ਵੱਲੋਂ ਕੀਤੀ ਜਾ ਰਹੀ ਇਸ ਤੁਲਨਾ ਦੀ ਗੱਲ ਸੁਣਨਾ ਅਜੀਬ ਨਹੀਂ ਲੱਗਿਆ। ਦੋਵਾਂ ਫ਼ਿਲਮਾਂ ਵਿਚ ਮੂਲ ਫ਼ਰਕ ਇਹ ਹੈ ਕਿ ਸੁਲਤਾਨ ਦੀ ਕਹਾਣੀ ਸਲਮਾਨ ਖ਼ਾਨ ਨੂੰ ਕੇਂਦਰ ਵਿਚ ਰੱਖ ਕੇ ਬੁਣੀ ਗਈ ਲੱਗਦੀ ਹੈ, ਜਿਸਦਾ ਧੁਰਾ ਸ਼ੁਰੂ ਤੋਂ ਅਖ਼ੀਰ ਤੱਕ ਸੁਲਤਾਨ ਦੇ ਰੂਪ ਵਿਚ ਸਲਮਾਨ ਹੀ ਬਣਿਆ ਰਹਿੰਦਾ ਹੈ। ਇੰਟਰਵਲ ਤੋਂ ਬਾਅਦ ਤਾਂ ਪੂਰੀ ਪਟਕਥਾ ਉੱਤੇ ਸੁਲਤਾਨ ਹੀ ਛਾਅ ਜਾਂਦੇ ਹਨ। ਜਦ ਕਿ ਦੰਗਲ ਦੀ ਆਤਮਾ ਭਾਵਂ ਮਹਾਂਵੀਰ ਫੋਗਟ ਦਾ ਸੁਪਨਾ ਅਤੇ ਉਸਦੀ ਮਿਹਨਤ ਹੈ ਪਰ ਪਟਕਥਾ ਵਿਚ ਮੁੱਖ ਕਿਰਦਾਰ ਗੀਤਾ ਅਤੇ ਬਬਿਤਾਹੀ ਸਾਹਮਣੇ ਰਹਿੰਦੇ ਹਨ। ਫ਼ਿਲਮ ਨੂੰ ਸਿਖ਼ਰ ਤੱਕ ਵੀ ਗੀਤਾ ਹੀ ਲੈ ਕੇ ਜਾਂਦੀ ਹੈ, ਜਿਸ ਰਾਹੀਂ ਮਹਾਂਵੀਰ ਦਾ ਸੁਪਨਾ ਪੂਰਾ ਹੁੰਦਾ ਹੈ ਅਤੇ ਉਹ ਅੰਤ ਵਿਚ ਜਿੱਤ ਦੀ ਖ਼ੁਸ਼ੀ ਹਾਸਲ ਕਰਦਾ ਹੈ। ਉਂਝ ਵੀ ਸੁਲਤਾਨ ਇਕ ਕੋਰੀ ਕਲਪਨਾ ਉੱਤੇ ਆਧਾਰਿਤ ਸੀ ਜਦਕਿ ਦੰਗਲ ਮਹਾਵੀਰ ਦੇ ਰੂਪ ਵਿਚ ਦਰਜ ਇਕ ਇਤਿਹਾਸ ਦਾ ਸਿਨੇਮਾਈ ਪੁਨਰਕਥਨ ਹੈ।

ਦੰਗਲ ਫ਼ਿਲਮ ਕਿਤੇ-ਕਿਤੇ ਸਿਨੇਮਾਈ ਉਲਾਰਤਾ ਅਤੇ ਤਕਨੀਕੀ ਟੱਪਲੇ ਵੀ ਮੌਜੂਦ ਹਨ, ਜਿਵੇਂ ਕਿ ਆਖ਼ਰੀ ਦ੍ਰਿਸ਼ ਵਿਚ ਗੀਤਾ ਵੱਲੋਂ ਵਿਰੋਧੀ ਖਿਡਾਰਣ ਨੂੰ ਚੁੱਕਣ ਤੋਂ ਲੈ ਕੇ ਵਾਪਸ ਥੱਲੇ ਸੁੱਟਣ ਤੱਕ ਉਸ ਦੇ ਪੈਰਾਂ ਦੀ ਜਗ੍ਹਾ ਬਦਲੀ ਹੋਈ ਹੈ। ਫ਼ਿਲਮ ਦਾ ਹਰ ਕਿਰਦਾਰ ਪਿਕਚਰ ਪਰਫ਼ੈਕਟ ਹੋਣ ਦਾ ਤਾਂ ਜਿਵੇਂ ਭਾਰਤੀ ਸਿਨੇਮਾ ਨੂੰ ਵਰਦਾਨ ਦੇ ਰੂਪ ਵਿਚ ਸਰਾਪ ਹੀ ਮਿਲਿਆ ਹੋਇਆ ਹੈ। ਦੰਗਲ ਵਿਚ ਇਸ ਸਰਾਪ ਤੋਂ ਮੁਕਤ ਨਹੀਂ ਹੈ। ਜਿਵੇਂ ਭਾਗ ਮਿਲਖ਼ਾ ਭਾਗ ਮਿਲਖਾ ਸਿੰਘ ਦੀ 1956 ਦੀ ਮੈਲਬੌਰਨ ਓਲੰਪਿਕ ਅਤੇ 1960 ਦੀ ਰੋਮ ਦੀ ਸਮਰ ਓਲੰਪਿਕ ਵਿਚ ਵੱਡੀ ਹਾਰ ਨਾਲੋਂ ਜ਼ਿਆਦਾ ਪਾਕਿਸਤਾਨ ਨਾਲ ਹੋਈ ਮਿੱਤਰਤਤਾ ਦੌੜ ਦੀ ਜਿੱਤ ਨੂੰ ਜ਼ਿਆਦਾ ਵੱਡੀ ਬਣਾ ਕੇ ਪੇਸ਼ ਕਰਦਾ ਹੈ, ਠੀਕ ਉਸੇ ਤਰ੍ਹਾਂ ਦੰਗਲ ਗੀਤਾ ਦੀ 2010 ਦੀ ਕਾਮਨਵੈਲਥ ਦੀ ਸੁਨਹਿਰੀ ਜਿੱਤ ਨਾਲ, 2012 ਦੀ ਓਲੰਪਿਕ ਦੀ ਹਾਰ ਨੂੰ ਫ਼ਿਲਮੀ ਪਰਦੇ ਦੇ ਹਾਸ਼ੀਏ ਵੱਲ ਧੱਕ ਦਿੰਦਾ ਹੈ। ਸ਼ਾਇਦ ਸਾਡਾ ਦਰਸ਼ਕ ਘੱਟੋ-ਘੱਟ ਸਿਨੇਮਾ ਦੇ ਪਰਦੇ ਉੱਤੇ ਹਾਰਿਆ ਹੋਇਆ ਅੰਤ ਹਾਲੇ ਨਹੀਂ ਦੇਖਣਾ ਚਾਹੁੰਦਾ। ਖ਼ੈਰ, ਦੰਗਲ ਦੀ ਇਸ ਜਿੱਤ ਨੂੰ 4 ਸਟਾਰ ਤਾਂ ਦਿੱਤੇ ਹੀ ਜਾ ਸਕਦੇ ਹਨ।
Happy
Happy
0 %
Sad
Sad
0 %
Excited
Excited
0 %
Sleepy
Sleepy
0 %
Angry
Angry
0 %
Surprise
Surprise
0 %

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *

error: ਕਾਪੀ ਕਰਨਾ ਮਨ੍ਹਾਂ ਹੈ। ਲਿਖਤ ਪ੍ਰਾਪਤ ਕਰਨ ਲਈ ਈ-ਮੇਲ ਕਰੋ zordartimes@gmail.com