ਕੀ ‘ਡਾਕੂਆਂ ਦਾ ਮੁੰਡਾ’ ਦਾ ਪ੍ਰਚਾਰ ਸੀ ‘ਚਿੱਟੇ ਖ਼ਿਲਾਫ਼ ਕਾਲਾ ਹਫ਼ਤਾ’?
-ਦੀਪ ਜਗਦੀਪ ਸਿੰਘ-ਮੈਂ ਫ਼ਿਲਮ ਦੇਖਣ ਲਈ ਸਿਨੇਮਾ ਵਿਚ ਦਾਖ਼ਲ ਹੋਇਆ ਤਾਂ ਸਾਹਮਣੇ ਅਕਸ਼ੈ ਕੁਮਾਰ ਦਾ ਸੈਨੇਟਰੀ ਪੈਡ ਦਾ ਇਸ਼ਤਿਹਾਰ ਚੱਲ ਰਿਹਾ ਸੀ। ਉਦੋਂ ਹੀ ਮੈਨੂੰ 2018 ਦੇ ਫਰਵਰੀ ਮਹੀਨੇ ਵਿਚ ਸੋਸ਼ਲ ਮੀਡੀਆ ਅਤੇ ਭਾਰਤ ਵਿਚ ਚੱਲੇ ਪੈਡਮੈਨ ਚੈਲੇਂਜ ਦੀ ਯਾਦ ਆਈ। ਲੋਕ ਔਰਤਾਂ ਵੱਲੋਂ ਮਹਾਂਵਾਰੀ ਦੌਰਾਨ ਵਰਤੇ ਜਾਂਦੇ ਸੈਨੇਟਰੀ ਪੈਡ ਹੱਥ ਵਿਚ ਫੜ੍ਹ ਕੇ ਫ਼ੋਟੋ ਖਿੱਚ ਕੇ ਸੋਸ਼ਲ ਮੀਡੀਆ ਉੱਤੇ ਪਾ ਰਹੇ ਸਨ। ਕੁਝ ਹਫ਼ਤੇ ਬਾਅਦ ਹੀ ਅਕਸ਼ੈ ਕੁਮਾਰ ਦੀ ਫ਼ਿਲਮ ਪੈਡਮੈਨ ਰਿਲੀਜ਼ ਹੋਣ ਵਾਲੀ ਸੀ, ਜੋ ਦੱਖਣ ਭਾਰਤ ਦੇ ਇਕ ਆਮ ਵਿਅਕਤੀ ਦੀ ਜੀਵਨੀ ਉੱਤੇ ਆਧਾਰਤ ਸੀ, ਜਿਸ ਨੇ ਆਪਣੀ ਜ਼ਿੰਦਗੀ ਸਸਤੇ ਸੈਨੇਟਰੀ ਪੈਡ ਬਣਾਉਣ ਉੱਤੇ ਲਾ ਦਿੱਤੀ। ਇਹ ਫ਼ਿਲਮ ਵੀ ਸਫ਼ਲ ਰਹੀ ਅਤੇ ਅੱਜ ਕੱਲ੍ਹ ਅਕਸ਼ੈ ਕੁਮਾਰ ਦੇਸ਼ ਅੰਦਰ ਸੈਨੇਟਰੀ ਪੈਡ ਦੇ ਬਰਾਂਡ ਐਂਬੈਸਡਰ ਬਣੇ ਹੋਏ ਹਨ। ਤੁਸੀਂ ਇਸ ਨੂੰ ਇਤਫ਼ਾਕ ਹੀ ਕਹਿ ਸਕਦੇ ਹੋ ਕਿ ਜਿਸ ਫ਼ਿਲਮ ਵਿਚ ਮੈਂ ਅਕਸ਼ੇ ਕੁਮਾਰ ਦਾ ਇਹ ਇਸ਼ਤਿਹਾਰ ਦੇਖ ਰਿਹਾ ਸਾਂ, ਉਹ ਫ਼ਿਲਮ ਸੀ ਨਸ਼ਿਆਂ ਖ਼ਿਲਾਫ਼ ਨਿੱਜੀ ਜੰਗ ਜਿੱਤਣ ਵਾਲੇ ਅਤੇ ਹੁਣ ਨਸ਼ਿਆਂ ਵਿੱਰੁਧ ਪ੍ਰਚਾਰ ਕਰਨ ਵਾਲੇ ਲੇਖਕ-ਪੱਤਰਕਾਰ ਮਿੰਟੂ ਗੁਰੂਸਰ...