Saturday, 23 June 2018

Film Review | Asees | ਆਸੀਸ

-ਦੀਪ ਜਗਦੀਪ ਸਿੰਘ-
ਰੇਟਿੰਗ 3/5

ਅਕਸਰ ਫ਼ਿਲਮਾਂ ਦੇ ਟਰੇਲਰ ਧੋਖੇਬਾਜ ਹੁੰਦੇ ਹਨ। ਹਰਜੀਤਾ, ਖਿੱਦੋ-ਖੁੰਡੀ, ਸੱਜਣ ਸਿੰਘ ਰੰਗਰੂਟ, ਮੇਜਰ ਜੋਗਿੰਦਰ ਸਿੰਘ ਦੇ ਟਰੇਲਰ ਅਜਿਹੇ ਨੇ ਜਿਨ੍ਹਾਂ ਜਿਹੜੇ ਧੋਖੇਬਾਜ ਸਾਬਤ ਹੋਏ ਅਤੇ ਜਿੰਨੇ ਵੱਡੇ ਧੋਖੇ ਇਨ੍ਹਾਂ ਨੇ ਦਿੱਤੇ ਉਨ੍ਹਾਂ ਤੋਂ ਮੈਂ ਸ਼ਾਇਦ ਕਦੀ ਉਭਰ ਨਾ ਸਕਾਂ। ਇਹੋ ਜਿਹਾ ਈ ਧੋਖਾ ਰਾਣਾ ਰਣਬੀਰ ਦੀ ਫ਼ਿਲਮ ਅਸੀਸ ਦੇ ਟਰੇਲਰ ਨੇ ਕੀਤਾ, ਬੱਸ ਫ਼ਰਕ ਇੰਨਾ ਸੀ ਕਿ ਟਰੇਲਰ ਦੇਖ ਕੇ ਮੈਨੂੰ ਫ਼ਿਲਮ ਤੋਂ ਕੋਈ ਬਹੁਤੀ ਆਸ ਨਹੀਂ ਬੱਝੀ ਸੀ, ਪਰ ਇਸ ਟਰੇਲਰ ਨੇ ਐਸਾ ਧੋਖਾ ਦਿੱਤਾ ਕਿ ਫ਼ਿਲਮ ਟਰੇਲਰ ਨਾਲੋਂ ਕਿਤੇ ਜ਼ਿਆਦਾ ਚੰਗੀ ਫ਼ਿਲਮ ਸਾਬਤ ਹੋ ਗਈ। ਮੈਂ ਆਪਣੀ ਸੀਟ ਦੇ ਪਿੱਛੋਂ ਆਵਾਜ਼ ਸੁਣੀ, ‘ਰਾਣਾ ਰਣਬੀਰ ਤੋਂ ਐਨੀ ਜ਼ਿਆਦਾ ਉਮੀਦ ਤਾਂ ਹੈ ਨੀ ਸੀ’। ਜੇ ਪੰਜਾਬੀ ਫ਼ਿਲਮਾਂ ਦੇ ਟਰੇਲਰ ਇਹੋ ਜਿਹੇ ਧੋਖੇ ਦੇਣ ਲੱਗ ਜਾਣ ਤਾਂ ਮੈਂ ਰੋਜ਼ ਧੋਖਾ ਖਾਣ ਨੂੰ ਤਿਆਰ ਹਾਂ। ਸੋ, ਗੱਲ ਕਰਦੇ ਹਾਂ, ਆਸੀਸ ਦੀ ਕਹਾਣੀ ਦੀ...
ਆਸੀਸ ਦੀ ਕਹਾਣੀ ਬਹੁਤ ਹੀ ਸਾਦੀ ਹੈ ਅਤੇ ਕਾਫ਼ੀ ਹੱਦ ਤੱਕ ਅੰਦਾਜ਼ਾ ਲੱਗ ਜਾਂਦਾ ਹੈ। ਇਹ ਕਹਾਣੀ ਹੈ ਇਕ ਪੁੱਤ ਵੱਲੋਂ ਆਪਣੀਆਂ ਮਾਂ ਦੀਆਂ ਰੀਝਾਂ ਪੂਰੀਆਂ ਕਰਨ ਦੀ ਦਾਸਤਾਨ ਅਤੇ ਇਕ ਮਾਂ ਦਾ ਆਪਣੇ ਗੁਆਚੇ ਪੁੱਤ ਨੂੰ ਲੱਭਣ ਦਾ ਸਫ਼ਰ। ਪਿੰਡ ਰਹਿੰਦੀ ਬੀਬੀ ਸਿੰਘ ਕੌਰ (ਰੂਪਿੰਦਰ ਰੂਪੀ) ਦੇ ਪੰਜ ਧੀਆਂ ਪੁੱਤ ਹਨ ਜਿਸ ਦਾ ਘਰਵਾਲਾ ਅੱਲਾ ਸਿੰਘ (ਗਿੱਪੀ ਗਰੇਵਾਲ) ਸਵਰਗਵਾਸ ਹੋ ਚੁੱਕਾ ਹੈ। ਬੀਬੀ ਦੇ ਪੁੱਤ ਨੇ ਪ੍ਰਾਪਰਟੀ ਡੀਲਰ ਪ੍ਰੋਫ਼ੈਸਰ, ਇਨਕਲਾਬ ਝੰਡਾ, ਅਸੀਸ (ਰਾਣਾ ਰਣਬੀਰ), ਗਾਇਕ ਕ੍ਰਾਂਤੀ (ਰਘਬੀਰ ਬੋਲੀ) ਅਤੇ ਧੀ ਹੈ ਨਿੰਦੋ (ਅਵਰਿੰਦਰ ਕੌਰ)। ਮਾਂ ਕੋਲ ਆਸੀਸ ਰਹਿੰਦਾ ਭੋਲਾ-ਭਾਲਾ, ਰੱਬ ਦਾ ਬੰਦਾ, ਮਾਂ ਦਾ ਲਾਡਾ, ਛੜਾ ਤੇ ਵਿਹਲਾ ਹੈ। ਬਾਕੀ ਚਾਰੇ ਵਿਆਹੇ-ਵਰ੍ਹੇ, ਨੌਕਰੀਆਂ ਲੱਗੇ, ਸ਼ਹਿਰ ਰਹਿੰਦੇ ਅਤੇ ਜ਼ਮੀਨ-ਜਾਇਦਾਦ ਦੇ ਲਾਲਚੀ ਅਤੇ ਅੱਜ ਦੇ ਜ਼ਮਾਨੇ ਦੇ ਹਿਸਾਬ ਨਾਲ ਸਿਆਣੇ-ਬਿਆਣੇ ਹਨ।

ਕਹਾਣੀ ਫ਼ਲੈਸ਼ ਬੈਕ ਵਿਚ ਸ਼ੁਰੂ ਹੁੰਦੀ ਹੈ ਇਕ ਰਾਤ ਮਾਂ ਦੀਆਂ ਰੀਝਾਂ ਪੂਰੀਆਂ ਕਰਨ ਆਸੀਸ ਘਰੋਂ ਗਿਆ ਤੇ ਇਕ ਐਸੀ ਮੁਸੀਬਤ ਵਿਚ ਫ਼ਸ ਗਿਆ ਕਿ ਕਈ ਦਿਨ ਘਰ ਨਹੀਂ ਮੁੜਿਆ। ਇੱਧਰ ਆਸੀਸ ਆਖ਼ਰੀ ਸਾਹ ਲੈ ਰਿਹਾ ਹੈ ਤੇ ਓਧਰ ਮਾਂ ਲਾਡੇ ਪੁੱਤ ਨੂੰ ਲੱਭਦੀ ਮਰਨ ਕੰਢੇ ਪੁੱਜਦੀ ਜਾਂਦੀ ਐ। ਇੱਥੋਂ ਹੀ ਕਹਾਣੀ ਫ਼ਲੈਸ਼ ਬੈਕ ਵਿਚ ਜਾਂਦੀ ਹੈ। ਆਖ਼ਰ ਅਸੀਸ ਕਿਉਂ ਤੇ ਕਿਵੇਂ ਇਸ ਮੁਸੀਬਤ ਵਿਚ ਫਸਿਆ? ਆਖ਼ਰ ਉਹ ਕਿੱਥੇ ਹੈ ਅਤੇ ਕਿਵੇਂ ਨਿਕਲੇਗਾ? ਬਾਕੀ ਧੀਆਂ ਪੁੱਤਰ ਜ਼ਮੀਨ ਵੰਡਾ ਕੇ ਸਾਥ ਛੱਡ ਗਏ ਅਤੇ ਪੁਲਿਸ ਵੀ ਕੋਈ ਰਾਹ-ਰਸਤਾ ਨਹੀਂ ਦੇ ਰਹੀ। ਹੁਣ ਬੁੱਢੜੀ ਬਿਮਾਰ ਲਾਚਾਰ ਮਾਂ ਆਪਣੇ ਪੁੱਤ ਨੂੰ ਲੱਭਣ ਲਈ ਕੀ ਕਰੇ? ਇਸ ਤਰ੍ਹਾਂ ਬਹੁਤ ਸ਼ਾਨਦਾਰ ਸੰਘਣੇ ਸਸਪੈਂਸ ਨਾਲ ਫ਼ਿਲਮ ਦੀ ਜ਼ੋਰਦਾਰ ਸ਼ੁਰੂਆਤ ਹੁੰਦੀ ਹੈ, ਜਿਹੜੀ ਤੁਹਾਨੂੰ ਅੰਤ ਤੱਕ ਸੋਚਣ ਲਈ ਮਜਬੂਰ ਕਰ ਦਿੰਦੀ ਹੈ ਕਿ ਹੁਣ ਹੋਏਗਾ ਕੀ? ਕੀ ਹੋਏਗਾ ਉਸ ਲਈ ਤਾਂ ਫ਼ਿਲਮ ਦੇਖਣੀ ਪੈਣੀ ਐ...

ਉਸ ਤੋਂ ਅੱਗੇ ਫ਼ਿਲਮ ਦੇ ਦੋ ਜ਼ਬਰਦਸਤ ਮੋੜ ਆਉਂਦੇ ਹਨ। ਆਸੀਸ ਅਚਾਨਕ ਉਸ ਘਰ ਵਿਚ, ਉਸ ਮੰਜੀ ਤੇ ਲੰਮਾ ਪਿਆ ਹੁੰਦਾ ਹੈ ਜਿੱਥੇ ਉਮੀਦ ਵੀ ਨਹੀਂ ਕੀਤੀ ਜਾ ਸਕਦੀ ਸੀ ਤੇ ਫਿਰ ਇੰਟਰਵਲ ਤੋਂ ਐਨ ਪਹਿਲਾਂ ਉਸ ਘਰ ਦਾ ਇਕ ਰਾਜ਼ ਖੋਲ੍ਹਦਾ, ਜੋ ਕਹਾਣੀ ਨੂੰ ਹੋਰ ਸੰਘਣਾ ਬਣਾ ਦਿੰਦਾ ਹੈ।ਵੈਸੇ ਤਾਂ ਕਹਾਣੀ ਨੂੰ ਮਾਂ-ਪੁੱਤ ਦੇ ਰਿਸ਼ਤੇ ਦੀ ਕਹਾਣੀ ਵੱਜੋਂ ਪਰਚਾਰਿਆ ਗਿਆ ਹੈ ਪਰ ਮੈਨੂੰ ਇਹ ਕਹਾਣੀ ਇਕ ਔਰਤ ‘ਸਿੰਘ ਕੌਰ’ ਦੀ ਹੋਣੀ ਦੀ ਕਹਾਣੀ ਲੱਗੀ, ਜਿਸ ਵਿਚ ਪੁੱਤਰ ਇਕ ਛੋਟੀ ਜਿਹੀ ਭੂਮਿਕਾ ਨਿਭਾ ਰਿਹਾ ਹੈ। ਸਿੰਘ ਕੌਰ, ਬਤੌਰ ਧੀ ਦਾਣਾ ਪਾਣੀ ਦੀ ਬਸੰਤ ਕੌਰ ਦੀ ਯਾਦ ਕਰਵਾਉਂਦੀ ਹੈ ਅਤੇ ਬਤੌਰ ਮਾਂ ਪੰਜਾਬ 1984 ਦੇ ਸ਼ਿਵੇ ਦੀ ਮਾਂ ਸਤਵੰਤ ਕੌਰ ਦੀ। ਸਿੰਘ ਕੌਰ ਆਪਣੇ ਪੇਕੇ ਜਾਣ ਨੂੰ ਤਰਸਦੀ ਹੈ ਤੇ ਆਖ਼ਰ ਆਪਣਾ ਪੁੱਤ ਵੀ ਗਵਾ ਲੈਂਦੀ ਹੈ। ਉਹ ਪੁੱਤ ਜੋ ਮਾਂ ਦੀਆਂ ਰੀਝਾਂ ਦੀ ਬੇੜੀ ਨੂੰ ਕਿਤੇ ਪਾਰ ਲਾਉਣਾ ਚਾਹੁੰਦਾ ਹੈ।


ਇਸ ਤਰ੍ਹਾਂ ਗੁੰਨੀ ਹੋਈ ਕਹਾਣੀ ਨਾਲ ਬਤੌਰ ਫ਼ਿਲਮ ਲੇਖਕ ਰਾਣਾ ਰਣਬੀਰ ਨੇ ਇਕ ਵਾਰ ਫੇਰ ਸਾਬਤ ਕੀਤਾ ਹੈ ਕਿ ਉਹ ਸਕਰੀਨ ਰਾਈਟਿੰਗ ਲਈ ਬਣਿਆ ਹੈ, ਜਿਸ ਦੀ ਝਲਕ ਉਹ ਆਪਣੀਆਂ ਲਿਖੀਆਂ ਪਿਛਲੀਆਂ ਫ਼ਿਲਮਾਂ ਵਿਚ ਅਤੇ ਆਪਣੇ ਨਾਵਲੈਟ 20 ਨਵੰਬਰ ਵਿਚ ਦਿਖਾ ਚੁੱਕਿਆ ਐ, ਜਿਹੜਾ ਨਾਵਲੈਟ ਘੱਟ ਤੇ ਫ਼ਿਲਮੀ ਜ਼ਿਆਦਾ ਸੀ। ਜਿਹੜੇ ਵੱਖਰੀਆਂ ਤੇ ਅਰਥਪੂਨਰ ਫ਼ਿਲਮਾਂ ਬਣਾਉਣ ਦਾ ਦਾਅਵਾ ਕਰਦੇ ਹਨ ਉਨ੍ਹਾਂ ਨੂੰ ਫ਼ਿਲਮ ਦੀ ਕਹਾਣੀ ਕਹਿਣ ਦਾ ਵੱਲ ਸਿੱਖਣ ਲਈ ਇਹ ਫ਼ਿਲਮ ਜ਼ਰੂਰ ਦੇਖਣੀ ਚਾਹੀਦੀ ਹੈ। ਜੇ ਕਿਤੇ ਪੰਜਾਬ ਵਿਚ ਫ਼ਿਲਮ ਲੇਖਣੀ ਦਾ ਕੋਈ ਸਕੂਲ ਸ਼ੁਰੂ ਹੁੰਦਾ ਹੈ ਤਾਂ ਇਸ ਨੂੰ ਉਸ ਦੇ ਕੋਰਸ ਵਿਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। ਰਾਣਾ ਰਣਬੀਰ ਨੇ ਇਕ ਖ਼ੂਬਸੂਰਤ ਸੰਵਾਦ ਲਿਖਿਆ ਹੈ, ਜੋ ਸਰਦਾਰ ਸੋਹੀ ਨੇ ਅਦਾ ਕੀਤਾ ਕਿ ‘ਬੰਦਾ ਇਕ ਖ਼ਾਨਾ ਬਣਾ ਲੈਂਦੇ ਤੇ ਫਿਰ ਸਾਰੀ ਉਮਰ ਉਸੇ ਵਿਚ ਰਹਿੰਦੈ’। ਇਹ ਫ਼ਿਲਮ ਪੰਜਾਬੀ ਫ਼ਿਲਮਾ ਵਿਚ ਕਹਾਣੀ ਕਹਿਣ ਦੇ ਮਾਮਲੇ ਵਿਚ ਉਹ ਖ਼ਾਨਾ ਤੋੜਦੀ ਹੈ।

ਪਰ!
ਪਰ!!
ਪਰ!!!

ਉਹ ਇਸ ਕਹਾਣੀ ਦੇ ਕਿਰਦਾਰਾਂ ਨੂੰ ਇਕ ਖ਼ਾਨੇ ਵਿਚ ਬੰਦ ਵੀ ਕਰ ਦਿੰਦੀ ਹੈ। ਜੋ ਸ਼ੁਰੂ ਤੋਂ ਲੈ ਕੇ ਅੰਤ ਤੱਕ ਇਕੋ ਜਿਹੇ ਹੀ ਰਹਿੰਦੇ ਹਨ ਕਹਾਣੀ ਦਾ ਸਫ਼ਰ ਚੱਲਦਾ ਰਹਿੰਦਾ ਹੈ, ਪਰ ਕਿਰਦਾਰ ਨਹੀਂ ਬਦਲਦੇ। ਮਾਂ ਕਹਿੰਦੀ ਤਾਂ ਹੈ ਕਿ ਉਸ ਲਈ ਸਾਰੇ ਬੱਚੇ ਬਰਾਬਰ ਨੇ ਪਰ ਸ਼ੁਰੂ ਤੋਂ ਇਕ ਪੁੱਤ (ਆਸੀਸ) ਉਹਦਾ ਲਾਡਾ ਹੈ ਅਤੇ ਬਾਕੀ ਧੀਆਂ ਪੁੱਤਾਂ ਨਾਲ ਉਹ ਅੜਬ ਹੈ। ਇਸੇ ਤਰ੍ਹਾਂ ਆਸੀਸ ਪੁੱਤ ਮਾਂ ਦਾ ਬਾਹਲਾ ਖ਼ਿਆਲ ਰੱਖਦਾ ਹੈ ਤੇ ਬਾਕੀ ਧੀਆਂ ਪੁੱਤ ਜ਼ਮੀਨ ਜਾਇਦਾਦ ਦੇ ਲਾਲਚੀ ਹਨ। ਅੰਤ ਤੱਕ ਨਾ ਲਾਲਚੀ-ਧੀਆਂ ਪੁੱਤ ਬਦਲਦੇ ਹਨ ਨਾ ਮਾਂ ਦਾ ਉਨ੍ਹਾਂ ਪ੍ਰਤੀ ਅੜਬਪੁਣਾ ਬਦਲਦਾ ਹੈ। ਇੱਥੋਂ ਤੱਕ ਕਿ ਮਾਂ ਲਾਲਚੀ ਬੱਚਿਆਂ ਨੂੰ ਬਦਲਣ ਲਈ ਕੋਈ ਕੋਸ਼ਿਸ ਕਰਦੀ ਵੀ ਨਜ਼ਰ ਨਹੀਂ ਆਉਂਦੀ ਤੇ ਬੱਚੇ ਵੀ ਭਾਵੇਂ ਵਾਧੂ ਜ਼ਮੀਨ ਦੇ ਲਾਲਚ ਵਿਚ ਹੀ ਸਹੀ ਥੋੜ੍ਹੇ ਜਿਹੇ ਵੀ ਬਲਦਣ ਦੀ ਕੋਸ਼ਿਸ ਨੀ ਕਰਦੇ ਬਲਕਿ ਅੰਤ ਵਿਚ ਵੀ ਸਿੱਧੇ ਆ ਕੇ ਜ਼ਮੀਨ ਮੰਗ ਲੈਂਦੇ ਹਨ। ਜੇ ਕੋਈ ਬਦਲਦਾ ਹੈ ਤਾਂ ਆਸੀਸ, ਪਹਿਲਾਂ ਉਹ ਬਾਕੀ ਭੈਣ-ਭਾਈਆਂ ਨੂੰ ਸਿਰ ਅੱਖਾਂ ਤੇ ਬਿਠਾਉਂਦਾ ਹੈ ਤੇ ਅੰਤ ਵਿਚ ਉਸ ਦਾ ਵਿਹਾਰ ਦੇਖਣ ਵਾਲਾ ਹੈ ਜਾਂ ਫਿਰ ਬਦਲਦਾ ਹੈ ਆਸੀਸ ਦਾ ਨਾਨਾ, ਇਹ ਤਬਦੀਲੀ ਵੀ ਮਹਿਸੂਸ ਕਰਨ ਵਾਲੀ ਹੈ।


ਜੋ ਦੂਜੀ ਵੱਡੀ ਸਮੱਸਿਆ ਰਾਣਾ ਰਣਬੀਰ ਦੇ ਕਿਰਦਾਰਾਂ ਦੀ ਮੈਨੂੰ ਲੱਗਦੀ ਹੈ, ਉਨ੍ਹਾਂ ਦਾ ਇਕ-ਪਰਤੀ ਹੋਣਾ, ਜਿਹੜੇ ਕਿਰਦਾਰ ਚੰਗੇ ਨੇ ਉਹ ਇੰਨੇ ਜ਼ਿਆਦਾ ਚੰਗੇ ਹਨ ਕਿ ਉਨ੍ਹਾਂ ’ਚ ਕੋਈ ਖ਼ਾਮੀ ਹੈ ਹੀ ਨਹੀਂ ਅਤੇ ਜਿਹੜੇ ਬੁਰੇ ਨੇ ਉਹ ਐਨੇ ਬੁਰੇ ਹਨ ਕਿ ਦੂਰ-ਦੂਰ ਤੱਕ ਉਨ੍ਹਾਂ ’ਚ ਚੰਗਿਆਈ ਦਾ ਨਾਮੋ-ਨਿਸ਼ਾਨ ਨਜ਼ਰ ਨਹੀਂ ਆਉਂਦਾ, ਜੋ ਯਥਾਰਪੂਰਨ ਨਹੀਂ ਲੱਗਦਾ। ਵੈਸੇ ਵੀ ਹੁਣ ਅਰਸਾ ਹੋ ਗਿਆ, ਜਦੋਂ ਫ਼ਿਲਮਾਂ ਵਿਚ ਸਿਰਫ਼ ਬਲੈਕ ਐਂਡ ਵਾੲ੍ਹੀਟ ਕਿਰਦਾਰ ਹੁੰਦੇ ਸਨ, ਹੁਣ ਹਰ ਕਿਰਦਾਰ ਇਕ ਗ੍ਰੇ ਕਿਰਦਾਰ ਹੈ, ਜਿਸ ਦੀ ਮਿਸਾਲ ਵਿਚ ਜੂਪੇ ਦੀ ਸਹੇਲੀ ਨੇ ਨਿਭਾਇਆ ਹੈ, ਜੋ ਸ਼ੁਰੂਆਤ ਵਿਚ ਉਸ ਦੇ ਪਿਆਰ ਵਿਚ ਪਾਗ਼ਲ ਦਿਖਾਈ ਹੈ ਅਤੇ ਫਿਰ ਇਸ ਤਰ੍ਹਾਂ ਦੀ ਪਲਟੀ ਮਾਰਦੀ ਹੈ ਕਿ ਪੂਰੀ ਖੇਡ ਹੀ ਬਦਲ ਜਾਂਦੀ ਹੈ। ਬਾਕੀ ਕਿਰਦਾਰ ਬਸ ਕਠਪੁਤਲੀਆਂ ਹਨ, ਉਨ੍ਹਾਂ ਦੀ ਆਪਣੀ ਕੋਈ ਹੋਂਦ ਨਹੀਂ। ਇਸ ਦਾ ਇਕ ਕਾਰਨ ਇਹ ਵੀ ਹੈ ਕਿ ਲੇਖਕ ਰਾਣੇ ਨੇ ਆਪਣੇ ਪਾਤਰ ਆਸੀਸ ਦੇ ਕਿਰਦਾਰ ਦੀਆਂ ਸਾਰੀਆਂ ਪਰਤਾਂ ਦਿਖਾਉਣ ਉੱਤੇ ਸਾਰਾ ਜ਼ੋਰ ਲਾ ਦਿੱਤਾ, ਜਿਸ ਕਰਕੇ ਬਾਕੀ ਕਿਰਦਾਰਾਂ ਲਈ ਨਾ ਸਮਾਂ ਬਚਿਆ ਅਤੇ ਨਾ ਸੰਭਾਵਨਾ। ਪਰ ਜੇਕਰ ਬਾਕੀ ਕਿਰਦਾਰਾਂ ਨੂੰ ਜੇ ਖੋਲ੍ਹਿਆ ਜਾਂਦਾ ਤਾਂ ਕਹਾਣੀ ਹੋਰ ਦਿਲਚਸਪ ਬਣਨੀ ਸੀ। ਦੂਸਰੀ ਵੱਡੀ ਸਮੱਸਿਆ ਹਰ ਕਿਰਦਾਰ ਦਾ ਪ੍ਰਵਚਨੀ ਹੋਣਾ ਹੈ, ਆਸੀਸ, ਆਸੀਸ ਦੀ ਬੀਬੀ, ਆਸੀਸ ਦਾ ਨਾਨਾ, ਰੇਸ਼ਮ (ਨੇਹਾ ਪਵਾਰ), ਸੇਵਕ (ਪਰਦੀਪ ਸਰਾਂ) ਇਹ ਸਾਰੇ ਬੁੱਧੀਜੀਵੀਆਂ ਵਾਂਗ ਹਰ ਦ੍ਰਿਸ਼ ਵਿਚ ਪ੍ਰਵਚਨ ਹੀ ਦਿੰਦੇ ਰਹਿੰਦੇ ਹਨ, ਇੱਥੋਂ ਤੱਕ ਕਿ ਸੁਹਾਗਰਾਤ ਵੇਲੇ ਵੀ ਰੇਸ਼ਮ ਆਸੀਸ ਨੂੰ ਪ੍ਰਵਚਨ ਦਿੰਦੀ ਹੈ, ਜਦ ਕਿ ਉਹੀ ਗੱਲ ਨੂੰ ਬਹੁਤ ਰੁਮਾਂਟਿਕ ਅੰਦਾਜ਼ ਨਾਲ ਕਿਹਾ ਜਾ ਸਕਦਾ ਸੀ। ਜਿੰਨੇ ਸਾਧਾਰਨ ਜ਼ਿੰਦਗੀ ਵਾਲੇ ਕਿਰਦਾਰ ਨੇ ਉਨ੍ਹਾਂ ਦੀਆਂ ਗੱਲਾਂ ਅਤੇ ਸ਼ਬਦਾਵਲੀ ਦੋਵੇਂ ਹੀ ਉਨ੍ਹਾਂ ਨਾਲ ਮੇਲ ਨਹੀਂ ਖਾਂਦੇ। ਪਿੰਡਾਂ ਵਾਲੇ ਵੀ ਸਿਆਣੀਆਂ ਗੱਲਾ ਕਰਦੇ ਹਨ ਪਰ ਉਨ੍ਹਾਂ ਦੀ ਭਾਸ਼ਾ ਕਾਵਿ-ਗ੍ਰੰਥਾਂ ਵਾਲੀ ਨਹੀਂ ਹੁੰਦੀ। ਇਸ ਕਰਕੇ ਲੇਖਕ ਰਾਣਾ ਆਪ ਹੀ ਆਪਣੇ ਕਿਰਦਾਰਾਂ ਵਿਚੋਂ ਬੋਲਦਾ ਨਜ਼ਰ ਆਉਂਦਾ ਹੈ। ਕਿਰਦਾਰਾਂ ਦੀ ਇਕ ਖ਼ਾਸੀਅਤ ਹੈ ਉਨ੍ਹਾਂ ਦੇ ਨਾਮ ਅਤੇ ਉਨ੍ਹਾਂ ਦੇ ਪ੍ਰਤੀਕਾਤਮ ਸੁਨੇਹੇ। ਖ਼ਾਸ ਕਰ ਕਾਮਰੇਡ ਦਾ ਨਾਮ ਅੱਲਾ ਸਿੰਘ ਅਤੇ ਨਾਨੇ ਦਾ ਨਾਮ ਰਾਮ ਸਿੰਘ। ਅੱਲਾ ਸਿੰਘ ਦਾ ਕਿਰਦਾਰ ਆਮ ਪੰਜਾਬੀਆਂ ਨੂੰ ਪਸੰਦ ਆਏਗਾ ਤੇ ਕੱਟੜ ਕਾਮਰੇਡਾਂ ਨੂੰ ਤੰਗ ਕਰੇਗਾ। ਕਿਰਦਾਰਾਂ ਦੀ ਬੋਲੀ ਪੰਜਾਬੀ ਵਿਦਵਾਨਾਂ ਜਾਂ ਉਹ ਨੌਜਵਾਨ ਜੋ ਸਾਹਿਤ ਜਾਂ ਪੜ੍ਹਨ-ਲਿਖਣ ਵਿਚ ਰੁਚੀ ਰੱਖਧੇ ਹਨ, ਖ਼ਾਸ ਕਰ ਨਰਿੰਦਰ ਸਿੰਘ ਕਪੂਰ ਦੇ ਪ੍ਰਸ਼ੰਸਕ ਹਨ, ਉਨ੍ਹਾਂ ਨੂੰ ਬਹੁਤ ਚੰਗੀ ਲੱਗੇਗੀ ਤੇ ਉਹ ਫ਼ਿਲਮ ਬਹੁਤ ਸਲਾਹੁਣਗੇ ਵੀ, ਪਰ ਆਮ ਨਵੀਂ ਪੀੜ੍ਹੀ ਲਈ ਇਹ ਥੋੜ੍ਹੀ ਓਵਰਡੋਜ਼ ਹੋ ਜਾਵੇਗੀ। ਇਸ ਮਾਮਲੇ ਵਿਚ ਰਾਣਾ ਰਣਬੀਰ ਨੇ ਨਾਵਲੈੱਟ 20 ਨਵੰਬਰ ਵਿਚ ਖ਼ਾਸੀ ਮਿਹਨਤ ਕੀਤੀ ਸੀ, ਪਰ ਫ਼ਿਲਮ ਰਾਹੀਂ ਉਹ ਸ਼ਾਇਦ ਆਪਣੀ ਵਿਦਵਤਾ ਸਾਬਿਤ ਕਰਨ ਦੀ ਕੋਸ਼ਿਸ ਵਿਚ ਲਗਦਾ ਹੈ।


ਨਿਰਦੇਸ਼ਨ ਦੇ ਮਾਮਲੇ ਵਿਚ ਸਕਰੀਨਪਲੇਅ ਨੂੰ ਪਰਦੇ ਉੱਤੇ ਉਤਾਰਨ ਦੀ ਰਾਣਾ-ਰਣਬੀਰ ਨੇ ਭਰਪੂਰ ਕੋਸ਼ਿਸ ਕੀਤੀ ਹੈ। ਕਹਾਣੀ ਦੀ ਮੰਗ ਅਨੁਸਾਰ ਦ੍ਰਿਸ਼, ਘਟਨਾਵਾਂ ਅਤੇ ਸੰਵਾਦ ਖ਼ੂਬਸੂਰਤੀ ਨਾਲ ਫ਼ਿਲਮਾਏ ਅਤੇ ਜੋੜੇ ਗਏ ਹਨ, ਕਹਾਣੀ ਕਿਤੋਂ ਵੀ ਟੁੱਟਦੀ ਨਹੀਂ। ਪਰ ਇਕ ਤਾਂ ਬਹੁਤ ਜ਼ਿਆਦਾ ਸਿਨੇਮਾਈ ਖੁੱਲ੍ਹ ਲਈ ਗਈ ਹੈ, ਕਈ ਥਾਵਾਂ ਤਾਂ ਬੇਲੋੜੀ ਜਿਸ ਤੋਂ ਬਿਨਾਂ ਸਰ ਸਕਦਾ ਸੀ। ਦੂਜਾ ਮਸਲਾ ਹੈ ਰਫ਼ਤਾਰ, ਜ਼ੋਰਦਾਰ ਸ਼ੁਰੂਆਤ ਤੋਂ ਬਾਅਦ ਪਹਿਲੇ ਹਿੱਸੇ ਵਿਚ ਅਤੇ ਦੂਜੇ ਹਿੱਸੇ ਵਿਚ ਆਪਣੇ ਵਿਆਹ ਦੀ ਗਾਥਾ ਸੁਣਾਉਣ ਦੇ ਨੇੜੇ-ਤੇੜੇ ਰਫ਼ਤਾਰ ਹੇਠਾਂ ਚਲੀ ਜਾਂਦੀ ਹੈ, ਰਾਣੇ ਨੇ ਇਨ੍ਹਾਂ ਹਿੱਸਿਆਂ ਨੂੰ ਮਨੋਰੰਜਕ ਬਣਾਉਣ ਦੀ ਕੋਸ਼ਿਸ਼ ਕੀਤੀ ਹੈ, ਪਰ ਜੇ ਥੋੜ੍ਹੀ ਰਫ਼ਤਾਰ ਹੁੰਦੀ ਤਾਂ ਪਕੜ ਹੋਰ ਵੀ ਮਜ਼ਬੂਤ ਹੋਣੀ ਸੀ। 

ਅਦਾਕਾਰੀ ਦੇ ਮਾਮਲੇ ਵਿਚ ਰਾਣਾ ਰਣਬੀਰ ਨੇ ਸ਼ਾਇਦ ਆਪਣੇ ਆਪ ਨੂੰ ਪਹਿਲੀ ਵਾਰ ਇੰਨੀਆ ਸਾਰੀਆਂ ਪਰਤਾਂ ਪਰਦੇ ਉੱਤੇ ਉਤਾਰਨ ਦਾ ਮੌਕਾ ਦਿੱਤਾ ਹੈ, ਐਕਸ਼ਨ (ਸਾਰਾ ਐਕਸ਼ਨ ਕੁਲਜਿੰਦਰ ਸਿੱਧੂ ਕੋਲ ਸੀ) ਛੱਡ ਕੇ ਬਾਕੀ ਸਾਰੇ ਹੀ ਹਾਵ-ਭਾਵ ਰਾਣੇ ਨੇ ਆਸੀਸ ਦੇ ਰੂਪ ਵਿਚ ਬਾਖ਼ੂਬੀ ਨਿਭਾਏ ਹਨ। ਇਸ ਤੋਂ ਬਾਅਦ ਰਾਣਾ ਰਣਬੀਰ ਨੂੰ ਆਪਣੇ ਅਗਲੇ ਕਿਰਦਾਰ ਵੀ ਸੋਚ ਸਮਝ ਕੇ ਚੁਣਨੇ ਪੈਣਗੇ ਤੇ ਆਪਣੀ ਪਬਲਿਕ ਇਮੇਜ਼ ਉੱਤੇ ਵੀ ਕੰਮ ਕਰਨਾ ਪਵੇਗਾ। ਮਾਂ ਦੇ ਕਿਰਦਾਰ ਵਿਚ ਰੁਪਿੰਦਰ ਰੂਪੀ ਨੇ ਜਾਨ ਪਾ ਦਿੱਤੀ ਹੈ ਅਤੇ ਮਾਸੀ ਦੇ ਕਿਰਦਾਰ ਵਿਚ ਸੀਮਾ ਕੌਸ਼ਲ ਵੀ ਖ਼ਰੀ ਉਤਰੀ ਐ। ਕੁਲਜਿੰਦਰ ਸਿੱਧੂ ਵੀ ਪਹਿਲਾਂ ਨਾਲੋਂ ਕਾਫ਼ੀ ਬਿਹਤਰ ਅਤੇ ਪੂਰੀ ਤਰ੍ਹਾਂ ਕਿਰਦਾਰ ਵਿਚ ਲੱਗਿਆ। ਸਰਦਾਰ ਸੋਹੀ ਤਾਂ ਫਿਰ ਹੈ ਹੀ ਸਰਦਾਰ ਸੋਹੀ ਤੇ ਉਨ੍ਹਾਂ ਦਾ ਸਰਦਾਰ ਸੋਹੀ ਵਾਲਾ ਅੰਦਾਜ਼ ਦੇਖਣ ਨੂੰ ਮਿਲਿਆ। ਹੈਰਾਨ ਕਰਦਾ ਹੈ ਪਰਦੀਪ ਸਰਾਂ, ਉਸ ਨੇ ਆਪਣਾ ਕਿਰਦਾਰ ਪੂਰੇ ਆਤਮ-ਵਿਸ਼ਵਾਸ ਨਾਲ ਸੰਭਾਲਿਆ ਹੈ ਅਤੇ ਸੰਵਾਦ ਅਦਾਇਗੀ ਵਿਚ ਲਾਜਵਾਬ ਰਿਹਾ। ਹਾਵ-ਭਾਵ ਦੇ ਮਾਮਲੇ ਵਿਚ ਹੋਰ ਨਿਖਾਰ ਆ ਸਕਦਾ ਹੈ ਪਰ ਕਿਰਦਾਰ ਦੇ ਹਿਸਾਬ ਨਾਲ ਵਾਜਿਬ ਰਹੇ।ਸੈਮੁਅਲ ਜੌਹਨ ਆਪਣੀ ਮੌਜੂਦਗੀ ਦਾ ਅਹਿਸਾਸ ਕਰਵਾਉਂਦਾ ਹੈ ਤੇ ਨੇਹਾ ਪਵਾਰ ਬਸ ਠੀਕ-ਠਾਕ ਐ।ਵਿਜੈ ਟੰਡਨ ਤੇ ਮਲਕੀਤ ਰੌਣੀ ਤੋਂ ਇਲਾਵਾ ਬਾਕੀ ਸਾਰੇ ਹੀ ਕਿਰਦਾਰ ਨਕਲੀ-ਨਕਲੀ ਲੱਗੇ। ਅਵਰਿੰਦਰ ਕੌਰ ਦਾ ਤਾਂ ਲਗਪਗ ਹਰ ਸੀਨ ਵਿਚ ਹੀ ਮੇਕਅਪ ਓਵਰ ਲੱਗਾ। 

ਸਿਨੇਮੈਟੋਗ੍ਰਾਫ਼ੀ ਅਤੇ ਐਡਿਟਿੰਗ ਫ਼ਿਲਮ ਦੀ ਲੋੜ ਅਨੁਸਾਰ ਮਾਹੌਲ ਸਿਰਜਣ ਵਿਚ ਕਾਮਯਾਬ ਰਹੇ। ਬੈਕਗ੍ਰਾਉਂਡ ਸਕੋਰ ਕੁਝ-ਕੁਝ ਥਾਵਾਂ ਉੱਤੇ ਲਾਊਡ ਮਹਿਸੂਸ ਹੋਇਆ ਪਰ ਸਮੁੱਚੇ ਰੂਪ ਕਹਾਣੀ ਦਾ ਮਾਹੌਲ ਬਣਾਈ ਰੱਖਣ ਵਿਚ ਠੀਕ-ਠਾਕ ਰਿਹਾ। ਫ਼ਿਲਮ ਦੀ ਕਹਾਣੀ ਦੇ ਹਿਸਾਬ ਨਾਲ ਦੋ ਗੀਤ ਚੰਨ ਅਤੇ ਹਾਕਮ ਫਿੱਟ ਬੈਠਦੇ ਹਨ। 

ਸਿਰਫ਼ ਮਾਂ ਨੂੰ ਪਿਆਰ ਕਰਨ ਵਾਲਿਆਂ ਨੂੰ ਹੀ ਨਹੀਂ ਬਲਕਿ ਹਰ ਕੁੜੀ ਜਿਸ ਨੇ ਜ਼ਿੰਦਗੀ ਵਿਚ ਕਦੇ ਕਿਸੇ ਨੂੰ ਵੀ ਪਿਆਰ ਕੀਤਾ ਹੈ, ਹਰ ਉਸ ਮੁੰਡੇ ਨੂੰ ਵੀ ਜਿਸ ਨੇ ਕਦੇ ਕਿਸੇ ਕੁੜੀ ਨੂੰ ਘਰੋਂ ਭਜਾਉਣ ਬਾਰੇ ਸੋਚਿਆ ਹੈ ਤੇ ਹਰ ਬਾਪ ਨੂੰ ਜਿਸ ਦੀਆਂ ਧੀਆਂ ਹਨ। ਇਹ ਫ਼ਿਲਮ ਦੇਖ ਲੈਣੀ ਚਾਹੀਦੀ ਹੈ। ਜਿਹੜੇ ਸਿਰਫ਼ ਐਟਰਟੇਨਮੈਂਟ... ਐਂਟਰਟੇਨਮੈਂਟ... ਐਂਟਰਟੇਨਮੈਂਟ... ਲਈ ਫ਼ਿਲਮਾਂ ਦੇਖਦੇ ਹਨ, ਉਹ ਵੀ ਇਕ ਵਾਰ ਖ਼ਤਰਾ ਮੁੱਲ ਲੈ ਸਕਦੇ ਹਨ। ਕੀ ਪਤਾ, ਐਂਟਰਟੇਨਮੈਂਟ ਦੀ ਆਸੀਸ ਮਿਲ ਜਾਵੇ!

ਸੋ, ਆਸੀਸ ਦੀ ਜ਼ੋਰਦਾਰ ਕਹਾਣੀ ਅਤੇ ਪਟਕਥਾ ਲਈ ਮੇਰੇ ਵੱਲੋਂ 5 ਵਿਚੋਂ 3 ਸਟਾਰ

ਤੁਹਾਨੂੰ ਇਹ ਫ਼ਿਲਮ ਰਿਵੀਯੂ ਚੰਗਾ ਲੱਗੇ ਤਾਂ ਲਾਈਕ ਜ਼ਰੂਰ ਕਰਨਾ, ਯਾਦ ਨਾਲ ਦੋਸਤਾਂ ਨਾਲ ਸ਼ੇਅਰ ਕਰ ਦੇਣਾ।

ਆਪਣੀ ਰਾਏ ਤੁਸੀਂ ਹੇਠਾਂ ਕਮੈਂਟ ਵਿਚ ਵੀ ਦੇ ਸਕਦੇ ਹੋ। 
ਇਹ ਫ਼ਿਲਮ ਸਮੀਖਿਆ ਤੁਸੀਂ ਵੀਡਿਉ ਦੇ ਰੂਪ ਵਿਚ ਦੇਖ/ਸੁਣ ਵੀ ਸਕਦੇ ਹੋ। ਜੋ ਹੇਠਾਂ ਦਿੱਤੀ ਗਈ ਹੈ:


ਜ਼ੋਰਦਾਰ ਟਾਈਮਜ਼ ਇਕ ਸੁਤੰਤਰ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ, ਧਾਰਮਿਕ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਅਾਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ 25 ਰੁਪਏ ਤੋਂ ਲੈ ਕੇ 10 ਹਜ਼ਾਰ ਤੱਕ ਜਿੰਨੀ ਚਾਹੋਂ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। ਧੰਨਵਾਦ

1 comment:

  1. How to Play Casino: Easy Guide to playing slots on
    Casino games are bj 사이트 played by 4 หาเงินออนไลน์ players, the average air jordan 18 retro men red to me time they take turns is around how can i buy jordan 18 white royal blue 14:20. The 우리 계열 house is divided into three distinct categories: the house

    ReplyDelete