Saturday, 22 July 2017

Film Review | The Black Prince | ਫ਼ਿਲਮ ਸਮੀਖਿਆ: ਦ ਬਲੈਕ ਪ੍ਰਿੰਸ

ਸਿੱਖ ਰਾਜ ਦੇ ਆਖ਼ਰੀ ਮਹਾਰਾਜੇ ਦੇ ਸਿਆਹ ਦਾਸਤਾਨ
-ਦੀਪ ਜਗਦੀਪ ਸਿੰਘ-
ਰੇਟਿੰਗ 2/5

‘ਦ ਬਲੈਕ ਪ੍ਰਿੰਸ’, ਮਹਾਰਾਜਾ ਰਣਜੀਤ ਸਿੰਘ ਦੇ ਫ਼ਰਜ਼ੰਦ ਅਤੇ ਲਾਹੌਰ ਦਰਬਾਰ ਦੇ ਆਖ਼ਰੀ ਮਹਾਰਾਜਾ ਦਲੀਪ ਸਿੰਘ ਦੀ ਆਪਣੇ ਵਜੂਦ ਦੀ ਤਲਾਸ਼ ਦਾ ਇਤਿਹਾਸਕ ਦਸਤਾਵੇਜ਼ ਹੈ।
 
ਜੇ ਤੁਸੀਂ ਸਿਰਫ਼ ਮਨੋਰੰਜਨ ਲਈ ਫ਼ਿਲਮ ਦੇਖਦੇ ਹੋ ਜਾਂ ਜ਼ਿੰਦਗੀ ਦੀਆਂ ਦੁੱਖ-ਤਕਲੀਫ਼ਾਂ ਭੁੱਲ ਕੇ ਕੁਝ ਦੇਰ ਲਈ ਸਕੂਨ ਦੀ ਦੁਨੀਆ ਵਿਚ ਜਾਣਾ ਚਾਹੁੰਦੇ ਹੋ, ਤੁਸੀਂ ਧਰਮ ਵਿਚ ਵਿਸ਼ਵਾਸ ਨਹੀਂ ਰੱਖਦੇ, ਖ਼ਾਸ ਕਰ ਸਿੱਖ ਧਰਮ ਵਿਚ ਤੁਹਾਡੀ ਕੋਈ ਦਿਲਚਸਪੀ ਨਹੀਂ ਤਾਂ ਇਹ ਫ਼ਿਲਮ ਬਿਲਕੁਲ ਵੀ ਤੁਹਾਡੇ ਲਈ ਨਹੀਂ ਹੈ। ਇਸਦੇ ਬਾਵਜੂਦ ਜੇਕਰ ਤੁਸੀਂ ‘ਦ ਬਲੈਕ ਪ੍ਰਿੰਸ’ ਦੇਖਣਾ ਚਾਹੁੰਦੇ ਹੋ ਤਾਂ ਜ਼ਾਹਿਰ ਹੈ ਕਿ ਤੁਸੀਂ ਯਥਾਰਥ ਉੱਤੇ ਆਧਾਰਿਤ ਕੁਝ ਵੱਖਰੀ ਕਿਸਮ ਦਾ ਸਿਨੇਮਾ ਦੇਖਣ ਵਿਚ ਦਿਲਚਸਪੀ ਰੱਖਦੇ ਹੋ, ਉਸਦੇ ਬਾਵਜੂਦ ਤੁਹਾਨੂੰ ਬਹੁਤ ਜ਼ਿਆਦਾ ਉਮੀਦ ਲੈ ਕੇ ਇਹ ਫ਼ਿਲਮ ਨਹੀਂ ਦੇਖਣ ਜਾਣਾ ਚਾਹੀਦਾ ਕਿਉਂਕਿ ‘ਦ ਬਲੈਕ ਪ੍ਰਿੰਸ’ ਦੇ ਪਹਿਲੇ ਕਰੀਬ ਚਾਲ੍ਹੀ ਮਿੰਟ ਵਿਚ ਤੁਹਾਨੂੰ ਥਕਾ ਦੇਣ ਵਾਲੇ ਅਕਾਊਪੁਣੇ ਨਾਲ ਰੂਬਰੂ ਹੋਣਾ ਪਵੇਗਾ। ਇਹ ਜਾਣ ਲੈਣਾ ਇਸ ਲਈ ਵੀ ਜ਼ਰੂਰੀ ਹੈ ਕਿਉਂਕਿ ਇਕ ਸੌ ਅਠਾਰਾਂ ਮਿੰਟ ਦੀ ਇਸ ਫ਼ਿਲਮ ਵਿਚ ਕੋਈ ਇੰਟਰਵਲ ਨਹੀਂ ਹੈ। ਜੇ ਹੁਣ ਵੀ ਤੁਸੀਂ ਇਹ ਫ਼ਿਲਮ ਦੇਖਣਾ ਚਾਹੁੰਦੇ ਹੋ ਤਾਂ ਇਹ ਪੱਕੀ ਗੱਲ ਹੈ ਕਿ ਤੁਸੀਂ ਚੰਗੇ ਸਿਨੇਮਾ ਦੇ ਮੁਰੀਦ ਹੋ, ਸੋ ਆਉ ਤੁਹਾਨੂੰ ਦੱਸਦੇ ਹਾਂ ਕਿ ਕੀ ਕਹਿੰਦੇ ਹਨ ‘ਦ ਬਲੈਕ ਪ੍ਰਿੰਸ’-

ਸਾਬਕਾ ਭਾਰਤੀ ਰਾਜਦੂਤ ਅਤੇ ਅੰਗਰੇਜ਼ੀ ਲੇਖਕ ਨਵਤੇਜ ਸਰਨਾ ਦੇ ਮਹਾਰਾਜਾ ਦਲੀਪ ਸਿੰਘ ਦੀ ਜ਼ਿੰਦਗੀ ਉੱਤੇ ਆਧਾਰਿਤ ਨਾਵਲ ‘ਦ ਐਗ਼ਜ਼ਾਇਲ’ (ਜਲਾਵਤਨੀ) ਅਤੇ ਦੋ ਹੋਰ ਅੰਗਰੇਜ਼ੀ ਕਿਤਾਬਾਂ ਨੂੰ ਆਧਾਰ ਬਣਾ ਕੇ ਭਾਰਤੀ ਮੂਲ ਦੇ ਬਰਤਾਨਵੀ ਅਦਾਕਾਰ, ਲੇਖਕ, ਨਿਰਦੇਸ਼ਕ ਅਤੇ ਨਿਰਮਾਤਾ ਕਵੀ ਰਾਜ ਵੱਲੋਂ ਲਿਖੀ ਗਈ ਪਟਕਥਾ ਉੱਪਰ ਬਣੀ ਹੈ ਫ਼ਿਲਮ ਦ ਬਲੈਕ ਪ੍ਰਿੰਸ। ਫ਼ਿਲਮ ਦੀ ਸ਼ੁਰੂਆਤ ਉੱਥੋਂ ਹੁੰਦੀ ਹੈ ਜਿੱਥੇ ਨੌਜਵਾਨ ਦਲੀਪ ਸਿੰਘ (ਸਤਿੰਦਰ ਸਰਤਾਜ) ਬਹੁਤ ਜੱਦੋ-ਜਹਿਦ ਦੇ ਬਾਅਦ ਆਪਣੀ ਮਾਂ ਮਹਾਰਾਣੀ ਜਿੰਦਾ (ਸ਼ਬਾਨਾ ਆਜ਼ਮੀ) ਨੂੰ ਮਿਲਣ ਜਾਂਦਾ ਹੈ ਅਤੇ ਉਸਨੂੰ ਆਪਣੇ ਨਾਲ ਇੰਗਲੈਂਡ ਲੈ ਆਉਂਦਾ ਹੈ। ਉਦੋਂ ਤੱਕ ਇਸਾਈ ਪਰਿਵਾਰ ਦੇ ਮਾਹੌਲ ਵਿਚ ਪਲ ਕੇ ਉਹ ਪੂਰੀ ਪੱਕਾ ਇਸਾਈ ਬਣ ਚੁੱਕਾ ਹੈ ਅਤੇ ਇੰਗਲੈਂਡ ਦੀ ਮਹਾਰਾਣੀ ਵਿਕਟੋਰੀਆ ਵੱਲੋਂ ਮਿਲਦੀ ਪੈਨਸ਼ਨ ਅਤੇ ਸ਼ਾਹੀ ਸਹੂਲਤਾਂ ਦਾ ਪੂਰਾ ਆਨੰਦ ਮਾਣ ਰਿਹਾ ਹੈ। ਮਹਾਰਾਣੀ ਵਿਕਟੋਰੀਆ (ਅਮਾਂਡਾ ਰੂਟ) ਦੇ ਨਾਲ ਉਸਦੀ ਨਿੱਘੀ ਨੇੜਤਾ ਹੈ ਜੋ ਉਸਨੂੰ ਪਿਆਰ ਨਾਲ ‘ਬਲੈਕ ਪ੍ਰਿੰਸ’ (ਸਾਂਵਲਾ ਰਾਜਕੁਮਾਰ) ਆਖਦੀ ਹੈ। ਪੰਜ ਸਾਲ ਦੀ ਉਮਰ ਵਿਚ ਖੁੱਸ ਗਈ ਮਾਂ ਮਹਾਰਾਣੀ ਜਿੰਦਾ ਦੀ ਮਮਤਾ ਦੇ ਕਲਾਵੇ ਵਿਚ ਆ ਕੇ ਆਪਣੇ ਤ੍ਰਾਸਦੀਆਂ ਭਰੇ ਅਤੀਤ ਨਾਲ ਰੂਬਰੂ ਹੁੰਦਾ ਹੈ। ਮਾਂ ਅਤੇ ਅਪਣੇ ਸੇਵਕ ਅਰੂੜ ਸਿੰਘ (ਰੂਪ ਮਗੋਂ) ਤੋਂ ਮਿਲੀ ਜਾਣਕਾਰੀ ਨਾਲ ਉਸ ਅੰਦਰ ਆਪਣੇ ਵਜੂਦ, ਆਪਣੀ ਪਛਾਣ ਅਤੇ ਆਪਣੀਆਂ ਜੜਾਂ ਬਾਰੇ ਜਾਣਨ ਦੀ ਤਾਂਘ ਪੈਦਾ ਹੁੰਦੀ ਹੈ। ਈਸਾਈ ਅਤੇ ਸਿੱਖ ਦੋ ਸਭਿਅਤਾਵਾਂ ਦੇ ਵਿਚ ਝੂਲਦਾ ਮਹਾਰਾਜਾ ਦਲੀਪ ਆਪਣੀ ਮਾਂ ਦੀ ਮੌਤ ਤੋਂ ਬਾਅਦ ਮਾਂ ਦੀ ਆਖ਼ਰੀ ਇੱਛਾ ਖ਼ਾਤਰ ਅਤੇ ਆਪਣੇ ਅਸਲ ਪਛਾਣ ਵਾਪਸ ਹਾਸਲ ਕਰਨ ਖ਼ਾਤਰ ਪੰਜਾਬ ਵੱਲ ਚਾਲੇ ਪਾ ਦਿੰਦਾ ਹੈ। ਪਰ ਇਹ ਯਾਤਰਾ ਇੰਨੀ ਆਸਾਨ ਨਹੀਂ ਹੁੰਦੀ, ਬਰਤਾਨੀਆ ਹਕੂਮਤ ਨਹੀਂ ਚਾਹੁੰਦੀ ਕਿ ਉਹ ਹਿੰਦੁਸਤਾਨ ਜਾਵੇ ਅਤੇ ਅੰਗਰੇਜ਼ ਹਕੂਮਤ ਦੇ ਸਭ ਤੋਂ ਮੁਸ਼ਕਿਲ ਨਾਲ ਕਾਬੂ ਵਿਚ ਆਉਣ ਵਾਲੇ ਲਾਹੌਰ ਦਰਬਾਰ ਦੀ ਸਲਤਨਤ ਨੂੰ ਮੁੜ ਖੜ੍ਹਾ ਕਰੇ। ਇਸ ਲਈ ਮਹਾਰਾਣੀ ਵਿਕਟੋਰੀਆ ਅਤੇ ਉਸਦੇ ਅਫ਼ਸਰ ਉਸਦੇ ਰਾਹ ਵਿਚ ਰੋੜੇ ਅਟਕਾਉਂਦੇ ਹਨ। ਦਲੀਪ ਸਿੰਘ ਆਪਣੇ ਵਤਨ, ਆਪਣੀ ਮਿੱਟੀ ਵੱਲ ਵਾਪਸ ਪਰਤਨ ਲਈ ਕੀ-ਕੀ ਯਤਨ ਕਰਦਾ ਹੈ ਅਤੇ ਉਸਦਾ ਕੀ ਹਸ਼ਰ ਹੁੰਦਾ ਹੈ, ਬਾਕੀ ਦੀ ਫ਼ਿਲਮ ਇਸ ਕਹਾਣੀ ਨੂੰ ਬਿਆਨ ਕਰਦੀ ਹੈ।

Film Review | The Black Prince | Satinder Sartar | Shabana Azmi


ਇਸ ਫ਼ਿਲਮ ਰਾਹੀਂ ਕਵੀ ਰਾਜ ਨੇ ਪੰਜਾਬ ਦੇ ਇਤਿਹਾਸ ਦਾ ਉਹ ਅਧਿਆਇ ਫੋਲਣ ਦੀ ਕੋਸ਼ਿਸ ਕੀਤੀ ਹੈ ਜਿਸ ਬਾਰੇ ਇਤਿਹਾਸਕਾਰ ਅਤੇ ਵਿਦਵਾਨ ਇਕਮਤ ਨਹੀਂ ਹਨ। ਆਮ ਦਰਸ਼ਕਾਂ ਲਈ ਇਹ ਇਤਿਹਾਸ ਦੀ ਯਾਤਰਾ ਦੀ ਰੋਮਾਂਚਕ ਕਹਾਣੀ ਹੋ ਸਕਦੀ ਸੀ ਬਸ਼ਰਤੇ ਇਸਦੀ ਪੇਸ਼ਕਾਰੀ ਇਸ ਤਰ੍ਹਾਂ ਦੀ ਹੁੰਦੀ ਕਿ ਇਹ ਦਰਸ਼ਕਾਂ ਨੂੰ ਦੋ ਘੰਟੇ ਬੰਨ੍ਹ ਕੇ ਬਿਠਾਈ ਰੱਖ ਸਕਦੀ। ਅਫ਼ਸੋਸ ਕਵੀ ਰਾਜ ਦੀ ਪਟਕਥਾ ਇਹ ਕ੍ਰਿਸ਼ਮਾ ਨਹੀਂ ਕਰ ਸਕੀ। ਫ਼ਿਲਮ ਦੇ ਸ਼ੁਰੂਆਤੀ ਹਿੱਸੇ ਵਿਚ ਜਿਸ ਤਰ੍ਹਾਂ ਮਹਾਰਾਣੀ ਜਿੰਦਾ ਅਤੇ ਦਲੀਪ ਸਿੰਘ ਨੂੰ ਇਕ ਮਹਿਲ ਵਿਚ ਬਿਠਾ ਕੇ ਅਤੀਤ ਦੀ ਕਹਾਣੀ ਸੁਣਾਈ ਗਈ ਹੈ ਉਹ ਬਹੁਤ ਹੀ ਨੀਰਸ ਲੱਗਦੀ ਹੈ। ਭਾਵੇਂ ਕਿ ਬਤੌਰ ਨਿਰਦੇਸ਼ਕ ਕਵੀ ਰਾਜ ਨੇ ਅਤੀਤ ਦੀਆਂ ਕੁਝ ਝਲਕੀਆਂ ਵਿਚ-ਵਿਚ ਫਲੈਸ਼ਬੈਕ ਰਾਹੀਂ ਦਿਖਾਉਣ ਦੀ ਕੋਸ਼ਿਸ਼ ਕੀਤੀ, ਪਰ ਜੋ ਬਿਰਤਾਂਤ ਪਰਦੇ ਉੱਤੇ ਵਾਪਰਦਾ ਹੋਇਆ ਨਜ਼ਰ ਨਾ ਆਉਣ ਕਰਕੇ, ਉਸ ਨੂੰ ਵਰਨਣ ਵਿਚ ਪੇਸ਼ ਕਰਨਾ ਬਹੁਤ ਹੀ ਜ਼ਿਆਦਾ ਬੋਝਲ ਹੋਣ ਲੱਗਦਾ ਹੈ। ਸ਼ਬਾਨਾ ਆਜ਼ਮੀ ਦੀ ਦਮਦਾਰ ਅਦਾਕਾਰੀ ਨਾਲ ਇਨ੍ਹਾਂ ਦ੍ਰਿਸ਼ਾਂ ਵਿਚ ਜਾਨ ਫੂਕਣ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਸ਼ੁਰੂਆਤ ਵਿਚ ਹੀ ਕਹਾਣੀ ਦਾ ਲਗਭਗ ਇਕ ਬਿੰਦੂ ਉੱਤੇ ਖੜ੍ਹੇ ਰਹਿਣਾ ਦਰਸ਼ਕਾਂ ਨੂੰ ਉਬਾਸੀਆਂ ਲੈਣ ਲਈ ਮਜਬੂਰ ਕਰਦਾ ਹੈ। ਹਾਂ, ਅੰਗਰੇਜ਼ ਹਕੂਮਤ ਪ੍ਰਤੀ ਆਪਣਾ ਗੁੱਸਾ ਜ਼ਾਹਿਰ ਕਰਨ ਲਈ ਮਹਾਰਾਣੀ ਜਿੰਦਾਂ ਵੱਲੋਂ ਵਰਤਿਆ ਗਿਆ ਵਿਅੰਗਮਈ ਅੰਦਾਜ਼ ਜ਼ਰੂਰ ਕੁਝ ਪਲਾਂ ਲਈ ਹਸਾਉਂਦਾ ਹੈ। ਮਹਾਰਾਣੀ ਜਿੰਦਾ ਦੀ ਮੌਤ ਤੋਂ ਬਾਅਦ ਕਹਾਣੀ ਰਫ਼ਤਾਰ ਫੜ੍ਹਦੀ ਹੈ ਅਤੇ ਦਲੀਪ ਸਿੰਘ ਦੀ ਬੇਬਸੀ ਦਾ ਗਹਿਰਾ ਰੰਗ ਲਗਾਤਾਰ ਪਰਦੇ ਉੱਤੇ ਉਕੇਰਦੀ ਹੈ। ਧੀਮੀ ਸ਼ੁਰੂਆਤ ਤੋਂ ਬਾਅਦ ਕਈ ਜਗ੍ਹਾ ਉੱਤੇ ਨਿਰਦੇਸ਼ਕ ਨੇ ਫ਼ਿਲਮ ਨੂੰ ਕਈ ਛੜੱਪੇ ਲਗਵਾਏ ਹਨ। ਇਸ ਤਰ੍ਹਾਂ ਜਿਨ੍ਹਾਂ ਥਾਵਾਂ ਉੱਤੇ ਬਾਰੀਕੀ ਦੀ ਲੋੜ ਸੀ, ਉਹ ਤੇਜ਼ੀ ਨਾਲ ਲੰਘ ਜਾਂਦੀਆਂ ਹਨ। 


ਨਿਰਦੇਸ਼ਕ ਨੇ ਦਲੀਪ ਸਿੰਘ ਦੇ ਆਪਣੀਆਂ ਦੋਵੇਂ ਪਤਨੀਆਂ ਨਾਲ ਰਿਸ਼ਤਿਆਂ ਦੀਆਂ ਪਰਤਾਂ ਫੋਲਣ ਤੋਂ ਵੀ ਗੁਰੇਜ਼ ਕੀਤਾ ਹੈ। ਇੱਥੋਂ ਤੱਕ ਕਿ ਜਦ ਉਹ ਆਪਣੀ ਪਹਿਲੀ ਪਤਨੀ ਅਤੇ ਉਸ ਤੋਂ ਹੋਏ ਬੱਚਿਆਂ ਨੂੰ ਇਸ ਲਈ ਛੱਡ ਕੇ ਆ ਜਾਂਦਾ ਹੈ ਕਿ ਉਸਦੀ ਜ਼ਿੰਦਗੀ ਦਾ ਮਕਸਦ ਆਪਣੇ ਵਤਨ ਪਰਤਨ ਅਤੇ ਆਪਣਾ ਰਾਜ ਮੁੜ ਸਥਾਪਿਤ ਕਰਨਾ ਬਣ ਚੁੱਕਾ ਹੁੰਦਾ ਹੈ, ਫਿਰ ਉਹ ਪੈਰਿਸ ਰਿਹਾਇਸ਼ ਦੌਰਾਨ ਆਪਣੀ ਸਹਿਯੋਗੀ ਨਾਲ ਕਿਉਂ ਰਿਸ਼ਤਾ ਜੋੜ ਲੈਂਦਾ ਹੈ, ਇਸ ਬਾਰੇ ਫ਼ਿਲਮ ਕੁਝ ਵੀ ਨਹੀਂ ਦੱਸਦੀ। ਦਿਲੀਪ ਸਿੰਘ ਦੇ ਵਤਨ ਜਾਣ ਬਾਰੇ ਉਸਦੀ ਪਹਿਲੀ ਪਤਨੀ ਦੀ ਕੀ ਸੋਚ ਸੀ ਉਹ ਤਾਂ ਜ਼ਾਹਿਰ ਕੀਤੀ ਗਈ ਹੈ ਪਰ ਇਸ ਸਾਰੀ ਜੱਦੋ-ਜਹਿਦ ਵਿਚ ਦਿਲੀਪ ਸਿੰਘ ਆਪਣੀਆਂ ਪਤਨੀਆਂ ਅਤੇ ਬੱਚਿਆਂ ਬਾਰੇ ਕੀ ਸੋਚਦਾ ਹੈ, ਇਸ ਅਧਿਆਇ ਨੂੰ ਖੋਲ੍ਹਣ ਦਾ ਯਤਨ ਨਹੀਂ ਕੀਤਾ ਗਿਆ। ਜਿਸ ਨਾਲ ਇੰਝ ਮਹਿਸੂਸ ਹੁੰਦਾ ਹੈ ਕਿ ਉਹ ਆਪਣੇ ਪਰਿਵਾਰ ਪ੍ਰਤੀ ਨਿਰਦਈ ਅਤੇ ਬੇਪ੍ਰਵਾਹ ਸੀ। ਅੰਤ ਵਿਚ ਫਿਰ ਉਹ ਆਪਣੇ ਬੇਟੇ ਤੋਂ ਆਪਣੇ ਅਧੂਰੇ ਸੁਪਨੇ ਪੂਰੇ ਕਰਨ ਦੀ ਉਮੀਦ ਕਰਦਾ ਹੈ, ਜਿਸਨੂੰ ਉਹ ਵੇਲਾ ਵਿਹਾ ਚੁੱਕੇ ਹੋਣ ਦੀ ਗੱਲ ਕਹਿ ਕੇ ਝਿੜਕਦੇ ਹੋਏ ਖਾਰਜ ਕਰ ਦਿੰਦਾ ਹੈ। ਕਹਾਣੀ ਦਾ ਸਭ ਤੋਂ ਦਮਦਾਰ ਪਹਿਲੂ ਇਸ ਦਾ ਅੰਤ ਹੈ, ਜਿਸ ਵਿਚ ਪੈਰਿਸ ਦੇ ਇਕ ਹੋਟਲ ਦੇ ਕਮਰੇ ਵਿਚ ਆਖ਼ਰੀ ਸਾਹ ਲੈ ਰਹੇ ਦਲੀਪ ਸਿੰਘ ਦੀ ਬੇਬਸੀ ਨੂੰ ਬਖ਼ੂਬੀ ਪਰਦੇ ਉੱਤੇ ਉਤਾਰਿਆ ਗਿਆ ਹੈ, ਇਹ ਦ੍ਰਿਸ਼ ਭਾਵੁਕ ਕਰ ਜਾਂਦਾ ਹੈ। ਉਸ ਤੋਂ ਬਾਅਦ ਦੇ ਵਰਣਨ ਵਿਚ ਦੱਸਿਆ ਗਿਆ ਹੈ ਕਿ ਦਲੀਪ ਸਿੰਘ ਦੀ ਸਿੱਖ ਰਹਿਤ ਮਰਿਆਦਾ ਅਨੁਸਾਰ ਉਸਦਾ ਅੰਤਿਮ ਸਸਕਾਰ ਉਸਦੇ ਆਪਣੇ ਵਤਨ ਕਰਨ ਦੀ ਆਖ਼ਰੀ ਇੱਛਾ ਨੂੰ ਨਜ਼ਰਅੰਦਾਜ਼ ਕਰਕੇ ਉਸਨੂੰ ਵਿਦੇਸ਼ੀ ਧਰਤੀ ਉੱਤੇ ਦਫ਼ਨ ਕਰ ਦਿੱਤਾ ਜਾਂਦਾ ਹੈ। ਉਸਦੀ ਲਾਸ਼ ਭਾਰਤ ਲਿਆ ਕੇ ਅੰਤਿਮ ਰਸਮਾਂ ਪੂਰੀਆਂ ਕਰਨ ਦੀ ਕੋਸ਼ਿਸ ਅੱਜ ਵੀ ਜਾਰੀ ਹੈ। ਇਹ ਵੀ ਅਫ਼ਸੋਸ ਦੀ ਗੱਲ ਹੈ ਕਿ ਉਸਦਾ ਕੋਈ ਵਾਰਿਸ ਨਹੀਂ ਬਚਿਆ ਅਤੇ ਕਦੇ ਯਮੁਨਾ ਤੋਂ ਲੈ ਕੇ ਕਾਬੁਲ-ਕੰਧਾਰ ਤੱਕ ਰਾਜ ਕਰਨ ਵਾਲੇ ਲਾਹੌਰ ਦਰਬਾਰ ਦਾ ਨਾਮੋ-ਨਿਸ਼ਾਨ ਤੱਕ ਮਿਟ ਗਿਆ।

ਫ਼ਿਲਮ ਦੀ ਜਾਨ ਸ਼ਬਾਨਾ ਆਜ਼ਮੀ ਦੀ ਅਦਾਕਾਰੀ ਹੈ। ਬਹੁਤ ਹੀ ਸੀਮਿਤ ਭੂਮਿਕਾ ਵਿਚ ਉਹ ਆਪਣੀ ਛਾਪ ਛੱਡ ਜਾਂਦੇ ਹਨ। ਪੰਜਾਬੀ ਸੰਵਾਦਾਂ ਵਿਚ ਕਿਤੇ-ਕਿਤੇ ਲਹਿਜੇ ਦੀ ਸਮੱਸਿਆ ਹੈ ਪਰ ਇਸਦਾ ਕਾਰਨ ਇਹ ਵੀ ਹੈ ਕਿ ਪੰਜਾਬੀ ਅਨੁਵਾਦ ਕੀਤੇ ਗਏ ਸੰਵਾਦ ਕਾਫ਼ੀ ਹੱਦ ਤੱਕ ਕਿਤਾਬੀ ਜਿਹੇ ਲੱਗਦੇ ਹਨ, ਜਿਨ੍ਹਾਂ ਨੂੰ ਗ਼ੈਰ-ਪੰਜਾਬੀ ਕਲਾਕਾਰ ਲਈ ਬੋਲਣਾ ਵੈਸੇ ਹੀ ਮੁਸ਼ਕਿਲ ਹੈ। ਵੇਸ਼ਭੂਸ਼ਾ ਅਤੇ ਪਰਦੇ ਉੱਤੇ ਦਿੱਖ ਦੇ ਮਾਮਲੇ ਵਿਚ ਸਤਿੰਦਰ ਸਰਤਾਜ ਜੱਚਿਆ ਹੈ, ਪਰ ਅਦਾਕਾਰੀ ਦੇ ਮਾਮਲੇ ਵਿਚ ਜਿਸ ਤਰ੍ਹਾਂ ਦੀ ਗਹਿਰਾਈ ਦੀ ਲੋੜ ਸੀ, ਉਸਦੀ ਘਾਟ ਰੜਕਦੀ ਹੈ। ਪੂਰੀ ਫ਼ਿਲਮ ਦੌਰਾਨ ਜ਼ਿਆਦਾਤਰ ਦ੍ਰਿਸ਼ਾਂ ਵਿਚ ਉਸਦੇ ਚਿਹਰੇ ਉੱਤੇ ਮਾਯੂਸੀ ਦੀ ਪਰਤ ਚੜ੍ਹੀ ਰਹਿੰਦੀ ਹੈ ਅਤੇ ਬਦਲਦੇ ਮਾਹੌਲ ਦੇ ਬਾਵਜੂਦ ਉਸਦੇ ਹਾਵ-ਭਾਵਾਂ ਵਿਚ ਕੋਈ ਤਬਦੀਲੀ ਨਹੀਂ ਆਉਂਦੀ। ਮਹਾਰਾਣੀ ਵਿਕਰੋਟਰੀਆ ਦੇ ਕਿਰਦਾਰ ਵਿਚ ਅਮਾਂਡਾ ਰੂਟ ਠੀਕ-ਠਾਕ ਹੈ ਜਦਕਿ ਦਲੀਪ ਨੂੰ ਪਾਲਣ ਪੋਸਣ ਵਾਲੇ ਅੰਗਰੇਜ਼ ਦੀ ਭੂਮਿਕਾ ਵਿਚ ਡਾ. ਲੀਗਨ ਦਾ ਕਿਰਦਾਰ ਨਿਭਾ ਰਹੇ ਜੇਸਨ ਫਲੇਮਿੰਗ ਨੇ ਕਮਾਲ ਦੀ ਅਦਾਕਾਰੀ ਕੀਤੀ ਹੈ। 


ਪੰਜਾਬੀ ਫ਼ਿਲਮ ਦਾ ਗੀਤ-ਸੰਗੀਤ ਕਾਬਿਲੇ ਤਾਰੀਫ਼ ਹੈ। ਜਿੱਥੇ ਸਤਿੰਦਰ ਸਰਤਾਜ ਨੇ ਹਰ ਦ੍ਰਿਸ਼ ਦੇ ਹਿਸਾਬ ਨਾਲ ਲੋੜੀਂਦੇ ਗੀਤ ਢੁੱਕਵੀਂ ਕਾਵਿਕ ਸ਼ਬਦਾਵਲੀ ਵਿਚ ਲਿਖੇ ਹਨ, ਉੱਥੇ ਹੀ ਗਾਏ ਵੀ ਦਿਲ ਨੂੰ ਧੂਹ ਪਾਉਣ ਵਾਲੀ ਆਵਾਜ਼ ਵਿਚ ਹਨ। ਖ਼ਾਸ ਕਰ ਦਰਦਾਂ ਵਾਲਾ ਦੇਸ਼ ਬਹੁਤ ਹੀ ਪ੍ਰਭਾਵਸ਼ਾਲੀ ਬਣਿਆ ਹੈ, ਜਿਸ ਨੂੰ ਪ੍ਰੇਮ, ਹਰਦੀਪ ਦਾ ਸੰਗੀਤ ਚਾਰ-ਚੰਨ ਲਾਉਂਦਾ ਹੈ। ਜੌਰਜ ਕੈਲਿਸ ਦਾ ਪਿੱਠਵਰਤੀ ਸੰਗੀਤ ਉਦਾਸ ਕਹਾਣੀ ਦਾ ਮਾਹੌਲ ਸਿਰਜਣ ਵਿਚ ਅਹਿਮ ਭੂਮਿਕਾ ਨਿਭਾਉਂਦਾ ਹੈ। ਮਨਮੋਹਕ ਸ਼ਾਹੀ ਅਜਾਇਬ ਘਰਾਂ, ਮਹਿਲਾਂ ਅਤੇ ਇਤਿਹਾਸਕ ਥਾਵਾਂ ਉੱਪਰ ਫ਼ਿਲਮਾਈ ਗਈ ਦ ਬਲੈਕ ਪ੍ਰਿੰਸ ਦੇ ਦ੍ਰਿਸ਼ਾਂ ਨੂੰ ਸਿਨੇਮੈਟੋਗ਼੍ਰਾਫ਼ਰ ਐਰੋਨ ਸੀ. ਸਮਿੱਥ ਨੇ ਬਹੁਤ ਹੀ ਬਿਹਤਰੀਨ ਤਰੀਕੇ ਨਾਲ ਪਰਦੇ ਉੱਪਰ ਉਤਾਰਿਆ ਹੈ। ਜ਼ਿਆਦਾਤਰ ਮਹਿਲਾਂ ਦੇ ਅੰਦਰ ਫ਼ਿਲਮਾਏ ਗਏ ਦ੍ਰਿਸ਼ ਮੋਮਬੱਤੀਆਂ ਦੀ ਲੋਅ ਵਾਲੇ ਮਾਹੌਲ ਨੂੰ ਕਲਾਤਮਕਤਾ ਨਾਲ ਸਿਰਜਦੇ ਹਨ। ਫ਼ਿਲਮ ਦੀ ਐਡਿਟਿੰਗ ਹੋਰ ਬਿਹਤਰ ਹੋ ਸਕਦੀ ਸੀ।ਸਮੁੱਚੇ ਰੂਪ ਵਿਚ ਦ ਬਲੈਕ ਪ੍ਰਿੰਸ ਫ਼ਿਲਮ ਨਾਲੋਂ ਟੀਵੀ ਸੀਰੀਅਲ ਜ਼ਿਆਦਾ ਲੱਗਦਾ ਹੈ।

ਇਸ ਤਰ੍ਹਾਂ ਪੰਜਾਬ ਦੇ ਇਤਿਹਾਸ ਬਾਰੇ ਹਾਲੀਵੁੱਡ ਵਿਚ ਅੰਗਰੇਜ਼ੀ ਅਤੇ ਹਿੰਦੀ ਦੇ ਨਾਲ-ਨਾਲ ਪੰਜਾਬੀ ਭਾਸ਼ਾ ਵਿਚ ਬਣੀ ਪੰਜ ਮਿਲੀਅਰ ਡਾਲਰ ਦੇ ਬਜਟ ਵਾਲੀ ਫ਼ਿਲਮ ਤੋਂ ਜਿੰਨੀਆਂ ਵੱਡੀਆਂ ਉਮੀਦਾਂ ਸਨ, ਉਨੀਆਂ ਪੂਰੀਆਂ ਨਹੀਂ ਹੁੰਦੀਆਂ ਪਰ ਜੇਕਰ ਤੁਸੀਂ ਇਤਿਹਾਸ ਦੇ ਅਣਫ਼ੋਲੇ ਅਧਿਆਇ ਵੱਡੇ ਪਰਦੇ ਉੱਪਰ ਦੇਖਣਾ ਚਾਹੁੰਦੇ ਹੋ ਅਤੇ ਧੀਮੀ ਰਫ਼ਤਾਰ ਨੂੰ ਬਰਦਾਸ਼ਤ ਕਰ ਸਕਦੇ ਹੋ ਤਾਂ ਇਹ ਫ਼ਿਲਮ ਦੇਖ ਸਕਦੇ ਹੋ।
*ਦੀਪ ਜਗਦੀਪ ਸਿੰਘ ਸੁਤੰਤਰ ਪੱਤਰਕਾਰ, ਫ਼ਿਲਮ ਅਤੇ ਟੀਵੀ ਲੇਖਕ ਅਤੇ ਗੀਤਕਾਰ ਹੈ।

ਜ਼ੋਰਦਾਰ ਟਾਈਮਜ਼ ਇਕ ਸੁਤੰਤਰ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ, ਧਾਰਮਿਕ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਅਾਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ 25 ਰੁਪਏ ਤੋਂ ਲੈ ਕੇ 10 ਹਜ਼ਾਰ ਤੱਕ ਜਿੰਨੀ ਚਾਹੋਂ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। ਧੰਨਵਾਦ

No comments:

Post a Comment