Monday, 25 April 2016

ਫ਼ਿਲਮ ਸਮੀਖਿਆ । ਵਿਸਾਖੀ ਲਿਸਟ

ਦੀਪ ਜਗਦੀਪ ਸਿੰਘ
ਰੇਟਿੰਗ 2/5

ਵਿਸਾਖੀ ਲਿਸਟ ਇਕ ਹੋਰ ਅਜਿਹੀ ਪੰਜਾਬੀ ਫ਼ਿਲਮ ਹੈ ਜਿਸਨੂੰ ਫ਼ਿਲਮਕਾਰ ਦੇ ਜ਼ਬਰਦਸਤੀ ਵਾਲੇ ਫਾਰਮੂਲੇ ਦੀ ਭੇਂਟ ਚੜ੍ਹਾ ਦਿੱਤਾ ਹੈ। ਜੇ ਕਿਤੇ ਫ਼ਿਲਮ ਵਿਚ ਕਾਮੇਡੀ ਵਾਲਾ ਵਾਧੂ ਖੋਟ ਨਾ ਪਾਇਆ ਹੁੰਦਾ ਤਾਂ ਫ਼ਿਲਮ ਖਰੇ ਮਨੋਰੰਜਨ ਅਤੇ ਦਿਲਚਸਪੀ ਨਾਲ ਭਰਪੂਰ ਹੋਣੀ ਸੀ। ਉਂਝ ਫ਼ਿਲਮ ਦਰਸ਼ਕਾਂ ਨੂੰ ਕੁਝ ਹੱਦ ਤੱਕ ਆਪਣੇ ਨਾਲ ਜੋੜੀ ਰੱਖਦੀ ਹੈ ਅਤੇ ਮਨੋਰੰਜਨ ਵੀ ਕਰਦੀ ਹੈ, ਪਰ ਫਿਰ ਵੀ ਅਸੀਂ ਹੁਣ ਸਮੀਪ ਕੰਗ ਤੋਂ ਜ਼ਿਆਦਾ ਪਰਪੱਕ ਫ਼ਿਲਮਾਂ ਦੀ ਉਮੀਦ ਕਰਦੇ ਹਾਂ।
 
ਜਰਨੈਲ (ਜਿੰਮੀ ਸ਼ੇਰਗਿੱਲ) ਅਤੇ ਤਰਸੇਮ (ਸੁਨੀਲ ਗਰੋਵਰ ਗੁੱਥੀ) ਦੋਵੇਂ ਛੋਟੇ-ਮੋਟੇ ਜੁਰਮਾਂ ਕਰਕੇ ਜੇਲ੍ਹ ਵਿਚ ਹਨ ਪਰ ਇਨ੍ਹਾਂ ਜੁਰਮਾਂ ਪਿੱਛੇ ਉਨ੍ਹਾਂ ਦੀ ਜ਼ਿੰਦਗੀ ਦੇ ਭਾਵੁਕ ਕਿੱਸੇ ਜੁੜੇ ਹੋਏ ਹਨ। ਦੋ ਵਾਰ ਜੇਲ੍ਹ ਵਿਚੋਂ ਭੱਜਣ ਤੋਂ ਅਸਫ਼ਲ ਰਹਿਣ ਤੋਂ ਬਾਅਦ ਤੀਜੀ ਵਾਰ ਸੁਰੰਗ ਪੁੱਟ ਕੇ ਭੱਜਣ ਦੀ ਪੂਰੀ ਤਿਆਰੀ ਵਿਚ ਬੈਠੇ ਤਰਸੇਮ ਤੋਂ ਫ਼ਿਲਮ ਦੀ ਕਹਾਣੀ ਸ਼ੁਰੂ ਹੁੰਦੀ ਹੈ। ਉਦੋਂ ਹੀ ਜਰਨੈਲ ਨੂੰ ਪਤਾ ਲੱਗਦਾ ਹੈ ਕਿ ਉਸਦੀ ਮੰਗੇਤਰ ਅਮਨ (ਸ਼ਰੂਤੀ ਸੋਢੀ) ਦਾ ਵਿਆਹ ਕਿਸੇ ਹੋਰ ਨਾਲ ਅਗਲੇ ਦਿਨ ਹੋਣ ਵਾਲਾ ਹੈ। ਤਰਸੇਮ ਦੇ ਜ਼ੋਰ ਪਾਉਣ ’ਤੇ ਜਰਨੈਲ ਵੀ ਉਸੇ ਰਾਤ ਜੇਲ੍ਹ ਵਿਚੋਂ ਭੱਜ ਜਾਂਦਾ ਹੈ। ਇਤਫ਼ਾਕ ਨਾਲ ਅਗਲੇ ਦਿਨ ਵਿਸਾਖੀ ਹੈ। ਦਿਨ ਚੜ੍ਹਨ ਤੋਂ ਪਹਿਲਾਂ ਤਰਸੇਮ ਆਪਣੇ ਬੱਚੇ ਨੂੰ ਮਿਲਣ ਚਲਾ ਜਾਂਦਾ ਹੈ ਜਦਕਿ ਜਰਨੈਲ ਆਪਣੀ ਮੰਗੇਤਰ ਨੂੰ ਘਰੋਂ ਕੱਢ ਲਿਆਂਉਂਦਾ ਹੈ। ਹਾਲੇ ਦਿਨ ਚੜ੍ਹਦਾ ਹੀ ਹੈ ਅਤੇ ਦੋਵੇਂ ਆਪਣੀ-ਆਪਣੀ ਜ਼ਿੰਦਗੀ ਨੂੰ ਸਿੱਧੇ ਰਸਤੇ ਪਾਉਣ ਬਾਰੇ ਸੋਚ ਹੀ ਰਹੇ ਹਨ ਕਿ ਕਹਾਣੀ ਵਿਚ ਨਵਾਂ ਮੋੜ ਆ ਜਾਂਦਾ ਹੈ। 

ਕੈਦੀਆਂ ਦੀ ਭਲਾਈ ਦਾ ਜਾਮਨ ਜੇਲ੍ਹਰ ਜਲੌਰ ਜੌਹਲ (ਜਸਵਿੰਦਰ ਭੱਲਾ) ਜੇਲ੍ਹ ਮੰਤਰੀ ਨਾਲ ਨਿੱਜੀ ਰਸੂਖ਼ ਕਰਕੇ ਦੋਵਾਂ ਦੇ ਚੰਗੇ ਚਾਲ-ਚਲਨ ਦੇ ਆਧਾਰ ਤੇ ਦੋਵਾਂ ਦੀ ਸਜ਼ਾ ਮਾਫ਼ ਕਰਵਾ ਦਿੰਦਾ ਹੈ। ਹੁਣ ਵਿਸਾਖੀ ਵਾਲੀ ਸ਼ਾਮ ਜੇਲ੍ਹ ਵਿਚ ਹੋਣ ਵਾਲੇ ਇਕ ਸਮਾਗਮ ਦੌਰਾਨ ਦੋਹਾਂ ਨੂੰ ਜੇਲ੍ਹ ਮੰਤਰੀ ਨੇ ਰਿਹਾਅ ਕਰਨਾ ਹੈ ਪਰ ਉਹ ਤਾਂ ਦੋਵੇਂ ਪਹਿਲਾਂ ਹੀ ਜੇਲ੍ਹ ਵਿਚੋਂ ਭੱਜ ਚੁੱਕੇ ਹਨ। ਕਿਵੇਂ ਉਹ ਦੋਵੇਂ ਰਿਹਾ ਹੋ ਕੇ ਜੇਲ੍ਹ ਵਿਚੋਂ ਬੇਦਾਗ਼ ਨਿਕਲਣਗੇ? ਕੀ ਜੇਲ੍ਹਰ ਉਨ੍ਹਾਂ ਨੂੰ ਵਾਪਸ ਜੇਲ੍ਹ ਵਿਚ ਸੱਦ ਕੇ ਉਨ੍ਹਾਂ ਦੀ ਰਸਮੀ ਰਿਹਾਈ ਕਰਵਾ ਕੇ ਆਪਣੀ ਨੌਕਰੀ ਬਚਾ ਸਕੇਗਾ? ਫ਼ਿਲਮ ਵਿਸਾਖੀ ਲਿਸਟ ਦੀ ਕਹਾਣੀ ਏਸੇ ਸ਼ਸ਼ੋਪੰਜ ਦੇ ਦੁਆਲੇ ਬੁਣੀ ਗਈ ਹੈ।

film review vaisakhi list jimmy shergillਵੈਭਵ ਸੁਮਨ ਦੀ ਲਿਖੀ ਕਹਾਣੀ ਵਿਚ ਅੱਗੇ ਕੀ ਹੋਣ ਵਾਲਾ ਹੈ ਇਸਦਾ ਅੰਦਾਜ਼ਾ ਬਹੁਤ ਆਸਾਨੀ ਨਾਲ ਲੱਗ ਜਾਂਦਾ ਹੈ ਅਤੇ ਇਸ ਵਿਚ ਸਮੀਪ ਕੰਗ ਦਾ ਕਮੇਡੀ ਵਾਲਾ ਤੜਕਾ ਲੱਗਿਆ ਹੋਇਆ ਹੈ।ਸੱਚ ਹੈ ਕਿ ਸਮੀਪ ਨੇ ਕੈਰੀ ਔਨ ਜੱਟਾ ਵਰਗੀ ਕਾਮੇਡੀ ਫ਼ਿਲਮ ਨਾਲ ਪੰਜਾਬੀ ਸਿਨੇਮਾ ਵਿਚ ਇਕ ਵੱਖਰੀ ਛਾਪ ਛੱਡੀ ਪਰ ਉਦੋਂ ਤੋਂ ਹੀ ਉਹ ਲਗਾਤਾਰ ਉਸਦੇ ਅਸਰ ਵਿਚ ਹਨ। ਇਕ ਤੋਂ ਬਾਅਦ ਇਕ ਉਹ ਕੈਰੀ ਔਨ ਜੱਟਾ ਹੀ ਬਣਾਈ ਜਾ ਰਹੇ ਹਨ, ਜਿਸ ਵਿਚ ਕਿਰਦਾਰ ਅਤੇ ਥਾਵਾਂ ਬਦਲ ਜਾਂਦੀਆਂ ਹਨ ਪਰ ਫ਼ਿਲਮ ਉਹੋ-ਜਿਹੀ ਹੀ ਰਹਿੰਦੀ ਹੈ। ਇਸ ਵਾਰ ਵੈਭਵ ਸੁਮਨ ਨੇ ਉਨ੍ਹਾਂ ਨੁੰ ਇਕ ਬਿਲਕੁਲ ਨਵੇਕਲੀ ਕਹਾਣੀ ਦੀ ਰੈਸਿਪੀ ਦਿੱਤੀ ਸੀ ਪਰ ਵੈਭਵ ਅਤੇ ਸ਼੍ਰੇਆ ਸ੍ਰੀਵਾਸਤਵ ਦਾ ਸਕਰੀਨਪਲੇਅ ਸਮੀਪ ਕੰਗ ਨੇ ਆਪਣੀ ਜੋਟੀਦਾਰ ਸੰਵਾਦ ਲੇਖਕ ਨਰੇਸ਼ ਕਥੂਰੀਆਂ ਨਾਲ ਰਲ਼ ਕੇ ਲੋੜੋਂ ਵੱਧ ਪਕਾ ਲਿਆ ਅਤੇ ਇਸ ਵਿਚ ਹਲਕੇ ਪੱਧਰ ਦੀ ਕਮੇਡੀ ਦਾ ਕੁਝ ਜ਼ਿਆਦਾ ਹੀ ਤੜਕਾ ਲਾ ਦਿੱਤਾ। 
 

ਇਸੇ ਕਰਕੇ ਪਹਿਲੇ ਹਿੱਸੇ ਵਿਚ ਸਹਿਜ ਚਾਲ ਚਲਦੇ ਪੰਘੂੜੇ ਦੀ ਸਵਾਰੀ ਵਰਗੀ ਫ਼ਿਲਮ ਦੀ ਕਹਾਣੀ ਦੂਜੇ ਹਿੱਸੇ ਵਿਚ ਆ ਕੇ ਪਹਾੜ ‘ਤੇ ਚੜ੍ਹਦੇ ਬੁੱਢੇ ਖੱਚਰ ਦੀ ਚਾਲ ਵਾਲੀ ਹੋ ਗਈ। ਖ਼ਾਸ ਕਰ ਪੱਤਰਕਾਰ ਕੁੜੀਆਂ ਦੀ ਹਾਜ਼ਰੀ ਵਿਚ ਜੇਲ੍ਹਰ ਵੱਲੋਂ ਬੋਲੇ ਗਏ ਦੋ-ਅਰਥੀ ਸੰਵਾਦਾਂ ਕਰਕੇ ਪਰਿਵਾਰਾਂ ਨਾਲ ਇਹ ਫ਼ਿਲਮ ਦੇਖਣ ਵਾਲਿਆਂ ਨੂੰ ਔਖਾ ਮਹਿਸੂਸ ਹੋ ਸਕਦਾ ਹੈ। ਇਨ੍ਹਾਂ ਬੇਲੋੜੇ ਦ੍ਰਿਸ਼ਾਂ ਤੋਂ ਬਿਨ੍ਹਾਂ ਫ਼ਿਲਮ ਦਾ ਦੂਜਾ ਹਿੱਸਾ ਤੇਜ਼ ਚਾਲ ਅਤੇ ਜ਼ਿਆਦਾ ਸਮਝਦਾਰੀ ਵਾਲੇ ਅੰਤ ਵੱਲ ਵਧ ਸਕਦਾ ਸੀ।

ਹਾਸਿਲ, ਅ ਵੈਨੱਸਡੇਅ ਅਤੇ ਸਾਹਿਬ, ਬੀਵੀ ਔਰ ਗੈਂਗਸਟਰ ਫ਼ਿਲਮਾਂ ਵਿਚ ਯਾਦਗਾਰ ਕਿਰਦਾਰ ਨਿਭਾਉਣ ਵਾਲੇ ਜਿੰਮੀ ਸ਼ੇਰਗਿਲ ਆਪਣੇ ਪੰਜਾਬੀ ਦਰਸ਼ਕਾਂ ਨੂੰ ਪ੍ਰਭਾਵਿਤ ਕਰਨ ਵਿਚ ਅਸਫ਼ਲ ਰਹੇ ਹਨ। ਸਮਝ ਨਹੀਂ ਆਉਂਦੀ ਕਿਉਂ ਹਰ ਪੰਜਾਬੀ ਫ਼ਿਲਮ ਤੋਂ ਬਾਅਦ ਉਨ੍ਹਾਂ ਦੇ ਕਿਰਦਾਰਾਂ ਵਿਚਲੇ ਹਾਵ-ਭਾਵ ਲਗਾਤਾਰ ਗਾਇਬ ਕਿਉਂ ਹੁੰਦੇ ਜਾ ਰਹੇ ਹਨ। ਲਗਦੈ ਜਾਂ ਤਾਂ ਫ਼ਿਲਮ ਸ਼ੁਰੂ ਹੋਣ ਤੋਂ ਬਾਅਦ ਉਨ੍ਹਾਂ ਦੀ ਆਪਣੇ ਕਿਰਦਾਰ ਵਿਚ ਦਿਲਚਸਪੀ ਮੁੱਕ ਜਾਂਦੀ ਹੈ ਜਾਂ ਪੰਜਾਬੀ ਬੋਲਣ ਵਿਚ ਔਖਿਆਈ ਮਹਿਸੂਸ ਕਰਦੇ ਹੋਏ ਉਨ੍ਹਾਂ ਦਾ ਸਾਰਾ ਜ਼ੋਰ ਇਸ ਪਾਸੇ ਲੱਗ ਜਾਂਦਾ ਹੈ ਅਤੇ ਉਹ ਲੋੜੀਂਦੇ ਹਾਵ-ਭਾਵ ਵੱਲ ਧਿਆਨ ਨਹੀਂ ਜਾਂਦਾ। 

ਸੁਨੀਲ ਗਰੋਵਰ ਉਰਫ਼ ਗੁੱਥੀ ਨੇ ਕੁਝ ਭਾਵੁਕ ਦ੍ਰਿਸ਼ਾਂ ਵਿਚ ਪ੍ਰਭਾਵਿਤ ਤਾਂ ਕੀਤਾ ਪਰ ਆਪਣੀ ਪਹਿਲੀ ਪੰਜਾਬੀ ਫ਼ਿਲਮ ਵਿਚ ਉਹ ਬਤੌਰ ਇਕੱਲੇ ਪਿਤਾ ਜਾਂ ਗਰੀਬ ਖਿਡੋਣੇ ਵੇਚਣ ਵਾਲੇ ਦੇ ਰੂਪ ਵਿਚ ਬਹੁਤਾ ਪ੍ਰਭਾਵ ਨਹੀਂ ਛੱਡ ਸਕੇ। ਸ਼ਾਇਦ ਸਮੀਪ ਕੰਗ ਨੇ ਉਨ੍ਹਾਂ ਦਾ ਗੁੱਥੀ ਵਾਲਾ ਕਿਰਦਾਰ ਜ਼ਿਆਦਾ ਭੁੰਨਾਉਣ ਦੀ ਕੋਸ਼ਿਸ ਕੀਤੀ ਜਿਸ ਕਰਕੇ ਉਹ ਆਪਣਾ ਮੂਲ ਕਿਰਦਾਰ ਜ਼ਿਆਦਾ ਨਹੀਂ ਨਿਭਾ ਸਕੇ। ਭਾਵੇਂ ਕਿ ਸੁਨੀਲ ਨੇ ਗੁੱਥੀ ਵਾਲੇ ਕਪੜੇ ਨਹੀਂ ਸਨ ਪਾਏ ਹੋਏ ਪਰ ਬਹੁਤ ਦ੍ਰਿਸ਼ਾਂ ਵਿਚ ਉਸਦੇ ਹਾਵ-ਭਾਵ, ਅੰਦਾਜ਼ ਅਤੇ ਬੋਲਚਾਲ ਗੁੱਥੀ ਵਾਲੀ ਹੀ ਰਹੀ। 
 

ਜਸਵਿੰਦਰ ਭੱਲਾ ਬਾਰੇ ਮੈਂ ਪਹਿਲਾਂ ਵੀ ਕਈ ਵਾਰ ਕਹਿ ਚੁੱਕਾਂ ਹਾਂ ਕਿ ਹੁਣ ਉਨ੍ਹਾਂ ਨੂੰ ਅੱਗੇ ਵੱਧਣਾ ਚਾਹੀਦਾ ਹੈ। ਬੀਨੂੰ ਢਿੱਲੋਂ, ਬੀਐੱਨ ਸ਼ਰਮਾ ਅਤੇ ਬਾਲ ਮੁਕੰਦ ਸ਼ਰਮਾ ਲਈ ਵੀ ਇਹੋ ਸਲਾਹ ਹੈ। ਪ੍ਰਿੰਸ ਕੰਵਲਜੀਤ ਸਿੰਘ ਨੂੰ ਇਕ ਵਾਰ ਫੇਰ ਪੂਰੀ ਤਰ੍ਹਾਂ ਮੌਕਾ ਨਹੀਂ ਦਿੱਤਾ ਗਿਆ। ਉਸਨੂੰ ਵੀ ਹੁਣ ਆਪਣੇ ਕਿਰਦਾਰ ਚੁਣਨ ਵਿਚ ਥੋੜ੍ਹਾ ਸੰਜਮੀ ਹੋਣਾ ਪਵੇਗਾ। ਸ਼ਰੂਤੀ ਸੋਢੀ ਪੰਜਾਬੀ ਪਹਿਰਾਵੇ ਅਤੇ ਅੰਦਾਜ਼ ਵਿਚ ਜੱਚਦੀ ਹੈ ਪਰ ਉਸਨੂੰ ਆਪਣੀ ਬੋਲੀ, ਸੰਵਾਦ ਅਦਾਇਗੀ ਅਤੇ ਹਾਵ-ਭਾਵ ਉੱਤੇ ਕਾਫ਼ੀ ਮਿਹਨਤ ਕਰਨੀ ਪਵੇਗੀ। ਫ਼ਿਲਮ ਦਾ ਗੀਤ-ਸੰਗੀਤ ਬਹੁਤ ਹੀ ਪ੍ਰਭਾਵਸ਼ਾਲੀ ਅਤੇ ਪਟਕਥਾ ਦੇ ਨਾਲ ਤੁਰਦਾ ਹੈ। ਪਿੱਠਵਰਤੀ ਸੰਗੀਤ ਅਤੇ ਸਿਨੇਮੈਟੋਗ੍ਰਾਫ਼ੀ ਵੀ ਸਟੀਕ ਹੈ। ਇਕ ਵਾਰ ਦੇਖਣਯੋਗ ਇਸ ਫ਼ਿਲਮ ਨੂੰ ਦੋ ਸਟਾਰ ਦਿੱਤੇ ਜਾ ਸਕਦੇ ਹਨ।

No comments:

Post a Comment