ਲੁਧਿਆਣਾ: 4 ਜਨਵਰੀ (ਜਸਟ ਪੰਜਾਬੀ ਰਿਪੋਰਟਰ): ਪੰਜਾਬੀ ਗਾਇਕੀ ਵਿਚ ਵੱਖਰੀ ਪੇਸ਼ਕਾਰੀ ਕਰ ਕੇ ਚਰਚਾ ਵਿਚ ਆਏ ਗਾਇਕ ਸਤਿੰਦਰ ਸਰਤਾਜ ਨੇ ਹੁਣ ਰੁੱਖ ਬਚਾਉਣ ਦੀ ਮੁਹਿੰਮ ਵਿਚ ਯੋਗਦਾਨ ਦੇਣ ਦਾ ਐਲਾਨ ਕੀਤਾ ਹੈ।
ਲੁਧਿਆਣਾ ਦੇ ਇਕ ਆਲੀਸ਼ਾਨ ਹੋਟਲ ਵਿਚ ਹੋਈ ਇਕ ਪੱਤਰਕਾਰ ਮਿਲਣੀ ਵਿਚ ਇਕ ਵਾਤਾਵਰਣ ਸੰਭਾਲ ਸਵੈ-ਸੇਵੀ ਸੰਸਥਾ ਨੇਚਰ ਟ੍ਰੀ ਫਾਉਂਡੇਸ਼ਨ ਦੇ ਪ੍ਰਧਾਨ ਬਲਵਿੰਦਰ ਸਿੰਘ ਲੱਖੇਵਾਲੀ ਨੇ ਸਰਤਾਜ ਨੂੰ ਪੰਜ ਸਾਲਾਂ ਲਈ ਸੰਸਥਾ ਦਾ ‘ਬਰੈਂਡ ਐਂਬੈਸਡਰ’ ਬਣਾਏ ਜਾਣ ਦਾ ਐਲਾਨ ਕੀਤਾ। ਲੱਖੇਵਾਲੀ ਮੁਤਾਬਕ ਸਰਤਾਜ ਨੇ ਇਹ ਕਦਮ ਕੈਨੇਡਾ ਰਹਿੰਦੇ ਪ੍ਰਵਾਸੀ ਪੰਜਾਬੀ ਪ੍ਰਮੋਟਰ ਇਕਬਾਲ ਮਾਹਲ ਦੀ ਪ੍ਰੇਰਨਾ ਨਾਲ ਚੁੱਕਿਆ ਹੈ।ਜ਼ਿਕਰਯੋਗ ਹੈ ਕਿ ਇਕਬਾਲ ਮਾਹਲ ਨੇ ਹੀ ਸਰਤਾਜ ਨੂੰ ਦੇਸ਼-ਵਿਦੇਸ਼ ਦੇ ਮੰਚਾਂ ਉੱਤੇ ਪੇਸ਼ ਕਰ ਕੇ ਗਾਇਕੀ ਦੇ ਪਿੜ ਵਿਚ ਉਤਾਰਿਆ ਸੀ।ਇਸ ਮੌਕੇ ਸਤਿੰਦਰ ਸਰਤਾਜ ਨੂੰ ਚਿੱਤਰਕਾਰ ਸੁਖਵੰਤ ਵੱਲੋਂ ਚਿਤਰਿਆ ਗਿਆ ਸ਼ਿਵ ਕੁਮਾਰ ਬਟਾਲਵੀ ਦੀ ਰੁੱਖਾਂ ਬਾਰੇ ਲਿਖੀ ਕਵਿਤਾ ਦਾ ਪੋਸਟਰ ਭੇਂਟ ਕੀਤਾ ਗਿਆ।
ਸਰਤਾਜ ਨੂੰ ਪੋਸਟਰ ਭੇਂਟ ਕਰਦੇ ਹੋਏ ਬਲਵਿੰਦਰ ਸਿੰਘ ਲੱਖੇਵਾਲੀ |
ਇਸ ਮੌਕੇ ਸਤਿੰਦਰ ਸਰਤਾਜ ਨੇ ਆਖਿਆ ਕਿ ਨੇਚਰ ਟ੍ਰੀ ਫਾਉਂਡੇਸ਼ਨ ਲਈ ਉਹ ਰੁੱਖ ਦੀ ਸਲਾਮਤੀ ਅਤੇ ਵਾਤਾਵਰਨ ਸੰਭਾਲ ਸੰਬੰਧੀ ਇਕ ਵਿਸ਼ਸ਼ ਨਜ਼ਮ ਲਿਖ ਕੇ ਆਪਣੀ ਆਵਾਜ਼ ਵਿਚ ਰਿਕਾਰਡ ਕਰ ਕੇ ਇਸ ਸੰਸਥਾ ਨੂੰ ਭੇਂਟ ਕਰਨਗੇ।ਇਸ ਤੋਂ ਪਹਿਲਾਂ ਵੀ ਉਹ ਆਪਣੇ ਗੀਤ ਮੋਤੀਆ, ਚਮੇਲੀ... ਰਾਹੀਂ ਪੰਜਾਬ ਤੋਂ ਅਲੋਪ ਹੋ ਰਹੇ ਰਵਾਇਤੀ ਫੁੱਲਾਂ ਅਤੇ ਰੁੱਖਾਂ ਦੀ ਖੂਬਸੂਰਤੀ ਬਿਆਨ ਕਰ ਚੁੱਕੇ ਹਨ।
ਇਕਬਾਲ ਮਾਹਲ ਨੇ ਆਖਿਆ ਕਿ ਹਰ ਕਲਾਕਾਰ ਨੂੰ ਸਮਾਜ ਲਈ ਸਾਰਥਿਕ ਕਾਰਜ ਵਿਚ ਯੋਗਦਾਨ ਦੇਣਾ ਚਾਹੀਦਾ ਹੈ। ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਪ੍ਰਧਾਨ ਗੁਰਭਜਨ ਸਿੰਘ ਗਿੱਲ ਨੇ ਆਖਿਆ ਕਿ ਸਤਿੰਦਰ ਸਰਤਾਜ ਰਾਹੀਂ ਵੀ ਇਹ ਸੁਨੇਹਾ ਪੂਰੇ ਸਮਾਜ ਲਈ ਸਾਰਥਿਕ ਬਣੇਗਾ। ਪੱਤਰਕਾਰ ਮਿਲਣੀ ਦੌਰਾਨ ਲੋਕ ਭਲਾਈ ਪਾਰਟੀ ਦੇ ਪ੍ਰਧਾਨ ਬਲਵੰਤ ਸਿੰਘ ਰਾਮੂਵਾਲੀਆ, ਕਮਲਜੀਤ ਨੀਲੋਂ, ਪਵਨਦੀਪ ਖੰਨਾ, ਡਾ: ਹੀਰਾ ਸਿੰਘ ਆਦਿ ਹਾਜ਼ਰ ਸਨ।
No comments:
Post a comment