ਸੁਰਿੰਦਰ ਸੋਹਲ ਦਾ ‘ਸਰਵਿਸ ਸੈਂਟਰ’ ਤੇ ਸਰਤਾਜ ਦਾ ‘ਯਾਮਹਾ’

ਫਿਰੋਜ਼ਪੁਰ ਦੇ ਸ਼ਾਇਰ ਤਰਲੋਕ ਸਿੰਘ ਜੱਜ ਦੇ ਸ਼ਿਅਰ ਬਿਨ੍ਹਾਂ ਇਜਾਜ਼ਤ ਭੰਨ੍ਹ ਤੋੜ ਸਤਿੰਦਰ ਸਰਤਾਜ ਨਾਮੀਂ ਗਾਇਕ ਵੱਲੋਂ ਗਾਏ ਜਾਣ ਦਾ ਮਸਲਾ ਸਾਹਮਣੇ ਆਉਣ ਤੋਂ ਬਾਅਦ, ਸਰਤਾਜ ਅਤੇ ਉਸਦੀ ਸ਼ਾਇਰੀ ਬਾਰੇ ਇੰਟਰਨੈੱਟ ਉਤੇ ਚਰਚਾ ਮਹੀਨੇ ਭਰ ਤੋਂ ਚਲ ਰਹੀ ਹੈ। ਅੱਜ (12 ਅਪ੍ਰੈਲ 2010), ਤਰਲੋਕ ਸਿੰਘ ਜੱਜ ਵੱਲੋਂ ਦਿੱਤੀ ਗਈ 15 ਦਿਨਾਂ ਵਿਚ ਮਾਫ਼ੀ ਮੰਗਣ ਦੀ ਮੋਹਲਤ ਵੀ ਮੁਕ ਜਾਵੇਗੀ। ਮਸਲਾ ਕੀ ਰੁਖ਼ ਅਖ਼ਤਿਆਰ ਕਰਦਾ ਹੈ, ਇਹ ਤਾਂ ਹਾਲੇ ਵਕਤ ਦੀ ਕੁੱਖ ਵਿਚ ਪਿਆ ਹੈ, ਪਰ ਇਸ ਮਸਲੇ ਨੇ ਸਰਤਾਜ ਦੀ ਗਾਇਕੀ ਅਤੇ ਸ਼ਾਇਰੀ ਦੀ ਪੜ੍ਹਚੋਲ ਕਰਨ (ਅਤੇ ਉਸ ਨੂੰ ਸਵੈ ਪੜ੍ਹਚੋਲ ਕਰਨ) ਦਾ ਮੌਕਾ ਜ਼ਰੂਰ ਦਿੱਤਾ ਹੈ। ਭਾਵੇਂ ਇਸ ਮਸਲੇ ਤੋਂ ਕੁਝ ਵਕਤ ਲਈ ਪੱਲਾ ਛੁਡਾ ਕੇ ਸਰਤਾਜ ਵਿਦੇਸ਼ ਫੇਰੀ ਤੇ ਚਲਾ ਗਿਆ ਹੈ, ਪਰ ਦੁਨੀਆਂ ਦੇ ਕੋਨੇ-ਕੋਨੇ ਵਿਚ ਬੈਠੇ ਵਿਦਵਾਨ ਲਗਾਤਾਰ ਇਹ ਮਸਲਾ ਗੰਭੀਰਤਾ ਨਾਲ ਘੋਖ ਰਹੇ ਹਨ। ਸਰਤਾਜ ਪੱਖੀ ਅਤੇ ਅਦਬ ਦੇ ਹਾਮੀ ਆਪੋ-ਆਪਣੇ ਵਿਚਾਰ ਰੱਖ ਰਹੇ ਹਨ। ਸੰਪੂਰਨ ਰੂਪ ਵਿਚ ਸਰਤਾਜ ਬਾਰੇ ਚਰਚਾ ਕਰਨ ਦੇ ਨਾਲ ਹੀ ਹੁਣ ਕਲਾਮ-ਏ-ਸਰਤਾਜ ਬਾਰੇ ਬਾਰੀਕ ਬੀਨੀ ਨਾਲ ਵਿਚਾਰ ਹੋ ਰਹੀ ਹੈ, ਇਸ ਪੱਖੋਂ ਸ਼ੁਰੂਆਤ ਕੀਤੀ ਹੈ ਨਿਊਯਾਰਕ (ਅਮਰੀਕਾ) ਰਹਿੰਦੇ ਸ਼ਾਇਰ ਸੁਰਿੰਦਰ ਸੋਹਲ ਨੇ। ਇਹ ਲੇਖ ਲਿਖਦੇ ਹੋਏ ਉਹ ਫੋਨ ਰਾਹੀਂ ਆਪਣੇ ਕਈ ਸਾਰੇ ਮਿੱਤਰਾਂ ਨਾਲ ਲਗਾਤਾਰ ਚਰਚਾ ਕਰਦੇ ਰਹੇ, ਸੋ ਚਰਚਾ ਦੇ ਕੁਝ ਨੁਕਤਿਆਂ ਨੇ ਵੀ ਇਸ ਲੇਖ ਵਿਚ ਆਪਣੀ ਥਾਂ ਬਣਾਈ ਹੈ। ਸੋਹਲ ਦੇ ਨਾਲ ਹਰਪਾਲ ਭਿੰਡਰ ਦਾ ਵੀ ਇਸ ਲੇਖ ਵਿਚ ਖਾਸਾ ਯੋਗਦਾਨ ਹੈ, ਸੋ ਇਸ ਸਾਂਝੇ ਲੇਖ ਨੂੰ ਅਸੀ ਦੋਹਾਂ ਵੱਲੋਂ ਤੁਹਾਡੇ ਰੂ-ਬ-ਰੂ ਕਰ ਰਹੇ ਹਾਂ।

(1)

ਅੱਜ-ਕੱਲ੍ਹ ਸਤਿੰਦਰ ਸਰਤਾਜ ਬੇਹੱਦ ਚਰਚਿਤ ਗਾਇਕ ਹੈ। ਉਸਦੇ ਚਰਚਿਤ ਹੋਣ ਦਾ ਕਾਰਨ ਸ਼ਾਇਦ ਇਹ ਵੀ ਹੈ ਕਿ ਲੋਕ ਗਾਇਕੀ ਦੇ ਸ਼ੋਰੀਲੇ ਤੇ ਭੜਕੀਲੇ ਟਰੈਂਡ ਤੋਂ ਅੱਕ ਗਏ ਸਨ ਤੇ ਸਰਤਾਜ ਨੇ ਪੰਜਾਬੀ ਗਾਇਕੀ ਵਿਚ ਬੈਠ ਕੇ ਗਾਉਣ ਦਾ ਰਿਵਾਜ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਇਕ ਠਰੰਮਾ ਲਿਆਉਣ ਦਾ ਯਤਨ ਕੀਤਾ ਹੈ। ਉਸਨੇ ਵਾਰਿਸ ਸ਼ਾਹ ਦੀ ਹੀਰ ਬਹੁਤ ਹੀ ਮੋਹ ਲੈਣੇ ਅੰਦਾਜ਼ ਵਿਚ ਗਾਈ ਹੈ।

ਪਰ ਉਸਦਾ ਗੀਤ ‘ਯਾਹਮਾ’ ਸੁਣ ਕੇ ਹਰ ਕੋਈ ਸੋਚਣ ਲਈ ਮਜਬੂਰ ਹੋ ਸਕਦਾ ਹੈ ਕਿ ਪੰਜਾਬੀ ਗਾਇਕਾਂ ਵਲੋਂ ਗੀਤਾਂ ਦੀ ਚੋਣ ਸੰਜੀਦਗੀ ਨਾਲ ਕਰਨ ਦਾ ਜ਼ਮਾਨਾ ਕਦੋਂ ਆਵੇਗਾ। ਕਈ ਸਾਲ ਪਹਿਲਾਂ ਦਿਲਸ਼ਾਦ ਅਖ਼ਤਰ ਨਾਂ ਦੇ ਇਕ ਗਾਇਕ ਨੇ ‘ਤੂੰ ਗੜਵਾ ਮੈਂ ਤੇਰੀ ਡੋਰ ਵੇ ਮਾਹੀਆ’ ਵਰਗਾ ਸੰਜੀਦਾ ਗੀਤ ਗਾ ਕੇ ਇਕ ਔਰਤ ਦੇ ਮਨੋਭਾਵਾਂ ਨੂੰ ਪ੍ਰਗਟ ਕਰਨ ਦਾ ਯਤਨ ਕੀਤਾ ਸੀ। ਕੁਝ ਮਹੀਨਿਆਂ ਬਾਦ ਉਸੇ ਗਾਇਕ ਨੇ ਗੀਤ ਗਾਇਆ ਸੀ,‘ਦੇਸੀ ਬਾਂਦਰੀ ਵਲੈਤੀ ਚੀਕਾਂ ਮਾਰੇ ਮੁੰਡਿਓ’। ਇੰਝ ਹੀ ਸਰਦੂਲ ਸਿਕੰਦਰ ਨੇ ‘ਫੁੱਲਾਂ ਦੀਏ ਕੱਚੀਏ ਵਪਾਰਨੇ’ ਵਰਗਾ ਬਹੁਤ ਮਕਬੂਲ ਤੇ ਸੰਜੀਦਾ ਗੀਤ ਵੀ ਗਾਇਆ ਅਤੇ ‘ਸਾਨੂੰ ਗਿਟਕਾਂ ਗਿਣਨ ’ਤੇ ਹੀ ਰੱਖ ਲੈ ਨੀ ਬੇਰੀਆਂ ਦੇ ਬੇਰ ਖਾਣੀਏਂ’ ਵਰਗਾ ਗੀਤ ਗਾ ਕੇ ਪੰਜਾਬੀ ਸਾਹਿਤ ਵਿਚ ਇਸ਼ਕ ਮਜਾਜ਼ੀ ਦੀ ਅਮੀਰ ਪਰੰਪਰਾ ਨੂੰ ਹਾਸੋਹੀਣਾ ਬਣਾਇਆ। ਪੰਜਾਬੀ ਦੇ ਗਾਇਕ ਗੀਤਾਂ ਦੀ ਚੋਣ ਵੇਲੇ ਆਪਣੇ ਮਿਆਰ ਨੂੰ ਕਾਇਮ ਕਿਉਂ ਨਹੀਂ ਰੱਖ ਸਕਦੇ? ਪੈਸੇ ਜਾਂ ਸ਼ੋਹਰਤ ਦੀ ਹੋੜ ਵਿਚ ਇਹ ਸੋਚਣ ਦਾ ਵਕਤ ਸ਼ਾਇਦ ਗਾਇਕਾਂ ਕੋਲ ਹੈ ਹੀ ਨਹੀਂ (ਜਾਂ ਸਮਰੱਥਾ ਹੀ ਨਹੀਂ। ਉਂਝ ਉਹ ਸਫ਼ਾਈ ਵਿਚ ਕਹਿ ਦਿੰਦੇ ਹਨ ਕਿ ਅਸੀਂ ਤਾਂ ਉਹੋ ਕੁਝ ਹੀ ਪਰੋਸਦੇ ਹਾਂ, ਜੋ ਲੋਕ ਸੁਣਨਾ ਚਾਹੁੰਦੇ ਹਨ। ਜੇ ਇਹ ਗੱਲ ਹੈ ਤਾਂ ਫਿਰ ਜਗਜੀਤ ਸਿੰਘ, ਗੁਲਾਮ ਅਲੀ, ਮਹਿਦੀ ਹਸਨ ਆਦਿ ਦੀਆਂ ਕੈਸਟਾਂ ਕਿਉਂ ਵਿਕਦੀਆਂ ਹਨ। ਦੂਜੇ ਸ਼ਬਦਾਂ ਵਿਚ ਪੰਜਾਬੀ ਦੇ ਗਾਇਕ ਆਪਣਾ ਮਿਆਰ ਨੀਵਾਂ ਕਰ ਕੇ ਸਰੋਤਿਆਂ ਦੀ ਪੱਧਰ ’ਤੇ ਕਿਉਂ ਆਉਂਦੇ ਹਨ, ਕਿਉਂ ਨਹੀਂ ਉੱਚ-ਪੱਧਰ ਦੇ ਗੀਤ ਗਾ ਕੇ ਸਰੋਤਿਆਂ ਦਾ ਮਿਆਰ ਉੱਚਾ ਚੁੱਕਣ ਦੀ ਕੋਸ਼ਿਸ਼ ਕਰਦੇ)। ਉਂਝ ਵੀ ਜੇਕਰ ਕਿਸੇ ਨੂੰ ਅਫ਼ੀਮ ਖਾਣ ਜਾਂ ਡੋਡੇ ਪੀਣ ਦੀ ਆਦਤ ਪੈ ਜਾਵੇ ਤਾਂ ਕੀ ਅਸੀਂ ਅਫ਼ੀਮ-ਡੋਡੇ ਉਸਦੇ ਸਾਹਮਣੇ ਸਜਾ ਸਜਾ ਕੇ, ਪਰੋਸ ਪਰੋਸ ਕੇ ਰੱਖਾਂਗੇ?

ਸਤਿੰਦਰ ਸਰਤਾਜ ਦਾ ਨਾਮ ਅੱਜ-ਕੱਲ੍ਹ ਹਰ ਇਕ ਦੀ ਜ਼ਬਾਨ ਉੱਤੇ ਹੈ। ਉਹ ਸ਼ਾਇਰੀ ਵੀ ਖ਼ੁਦ ਕਰਦਾ ਹੈ। ਉਸਦੇ ਆਪਣੇ ਸ਼ਬਦਾਂ ਵਿਚ ਉਹ ‘ਮਹਿਫਲ-ਏ-ਸਰਤਾਜ’ ਵਿਚ ਆਪਣੀ ਹੀ ਸ਼ਾਇਰੀ ਪੇਸ਼ ਕਰਦਾ ਹੈ। ਉਹ ਕਿਹੋ ਜਿਹੀ ਕੱਚ-ਘਰੜ ਸ਼ਾਇਰੀ ਕਰਦਾ ਹੈ, ਉਸਦਾ ਨਮੂਨਾ ਦੇਖਿਆ ਜਾ ਸਕਦਾ ਹੈ।

ਜਿਸ ਗੀਤ ਦੀ ਚਰਚਾ ਅਸੀਂ ਕਰਨ ਜਾ ਰਹੇ ਹਾਂ, ਉਸ ਬਾਰੇ ਉਸਨੇ ‘ਮਹਿਫ਼ਲ-ਏ-ਸਰਤਾਜ’ ਦੌਰਾਨ ਇਸ ਤਰ੍ਹਾਂ ਦੀਆਂ ਬੇਥਵੀਆਂ ਮਾਰੀਆਂ ਹਨ-

‘ਮੈਂ ਇਕ ਵਾਕਿਆ ਤੁਹਾਡੇ ਨਾਲ ਸਾਂਝਾ ਕਰਦਾਂ। ਮੈਂ, ਦੇਖੋ ਮੇਰਾ ਸਾਜ਼ ਮੇਰੇ ਹੱਥ ’ਚ ਐ, ਮੈਂ ਜਿਹੜੇ ਵਾਕੇ ਤੁਹਾਡੇ ਨਾਲ ਏਥੇ ਸਟੇਜ ’ਤੇ ਸਾਂਝੇ ਕਰ ਰਿਹਾਂ ਉਹ ਦਰਅਸਲ ਸੱਚੇ ਹੁੰਦੇ ਨੇ ਜੀ। ਇਹ ਮੇਰੀ ਖ਼ੁਸ਼ਨਸੀਬੀ ਐ ਚਲੋ ਕਿਸੇ ਛੋਟੀ ਛੋਟੀ ਗੱਲ ’ਤੇ ਗੀਤ ਔੜ੍ਹ ਜਾਂਦੈ। ਇਕ ਵਾਰੀ ਦੀ ਗੱਲ ਆ, ਮੈਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ’ਚ ਕਾਫੀ ਦੇਰ ਤੋਂ ਪੜ੍ਹਿਆਂ ਵੀ ਆਂ ਹੁਣ ਛੇ ਸਾਲ ਤੋਂ ਉਥੇ ਪੜ੍ਹਾ ਰਿਹਾਂ। ਪਿਛਲੇ ਦਸੰਬਰ ਦੀ ਗੱਲ ਆ ਕਿ ਦੋ ਨੰਬਰ ਹੋਸਟਲ ’ਚ ਅਸੀਂ ਰਹਿੰਦੇ ਸੀ ਤੇ ਉਪਰੋਂ ਮੈਂ ਥੱਲੇ ਉਤਰਿਆਂ ਤੇ ਮੇਰੇ ਕੋਲ ਯਾਮਾ ਸੀਗਾ ਜੀ ਠੱਨਵੇਂ ਮੌਡਲ। ਸੈਕੰਡ ਹੈਂਡ ਈ ਲਿਆ ਸੀ ਵਿਚਾਰਾ, ਪਰ ਲਿਆ ਤਾਂ ਸੀ ਕਿ ਉਹਦਾ ਨੰਬਰ ਗੋਆ ਦਾ ਸੀ। ਸਾਡੇ ਚੰਡੀਗੜ੍ਹ ਗੋਆ ਦੀ ਕਰੇਜ਼ ਬਹੁਤ ਆ। ਨੰਬਰ ਮੈਂ ਦੱਸ ਦਿੰਨਾਂ ਮੋਟਰ ਸੈਕਲ ਮੇਰੇ ਘਰੋਂ ਚੋਰੀ ਹੋਇਆ ਜਿਹੜਾ ਕੋਈ ਇੰਡੀਆ ਜਾਵੇ ਤਾਂ ਦੱਸ ਦਿਉ- ਜੀ ਏ ਜ਼ੀਰੋ ਵਨ ਕਹੱਤਰ ਠਾਸੀ। ਜਿਸ ਕਿਸੇ ਨੂੰ ਵੀ ਮਿਲੇ ਉਹਨੂੰ ਲੋੜੀਂਦਾ ਇਨਾਮ ਵੀ ਦਿੱਤਾ ਜਾਏਗਾ। ਸੋ ਅੱਛਾ ਮੈਂ ਦੱਸ ਰਿਹਾ ਸੀਗਾ ਕਿ ਮੈਂ ਥੱਲੇ ਆਇਆਂ। ਦਸੰਬਰ ਦਾ ਮਹੀਨਾ ਤੁਹਾਨੂੰ ਪਤਾ ਇੰਡੀਆ ਪੰਜਾਬ ਵਿਚ ਬਹੁਤ ਜ਼ਿਆਦਾ ਠੰਢ ਹੁੰਦੀ ਆ। ਥੱਲੇ ਬਾਹਰ ਮੋਟਰ ਸੈਕਲ ਖੜ੍ਹਾ। ਐਨ ਕੜਾਕੇ ਦੀ ਠੰਢ। ਮੈਂ ਆ ਕੇ ਚਾਬੀ ਲਾਈ, ਕਿੱਕ ਮਾਰੀ ਅੱਧੀ ਕਿੱਕ ’ਤੇ ਸਟਾਰਟ ਹੋ ਗਿਆ। ਮੈਂ ਕਿਹਾ ਯਾਰ ਕਮਾਲ ਹੋ ਗਈ ਇਹ ਤਾਂ। ਪੁਰਾਣਾ ਵਿਚਾਰਾ ਮੇਰੇ ਅਰਗਾ ਮੋਟਰ ਸੈਕਲ ਤੇ ਸਟਾਟ ਹੋ ਗਿਆ ਤੇ ਓਥੇ ਮੈਨੂੰ ਓਸੇ ਵਕਤ ਆਮਦ ਹੋਈ, ਇਕ ਸ਼ਾਇਰਾਨਾ ਆਮਦ ਜਿਹੜੀ ਹੋਈ ਤੁਹਾਡੇ ਪੇਸ਼-ਏ-ਖ਼ਿਦਮਤ ਐ-

ਅੱਧੀ ਕਿੱਕ ’ਤੇ ਸਟਾਰਟ ਮੇਰਾ ਯਾਮਾ
ਨੀ ਹੋਰ ਦਸ ਕੀ ਭਾਲਦੀ
ਪਾ ਲਈ ਜੀਨ ਪਰਾਂ ਰੱਖਤਾ ਪਜਾਮਾ
ਨੀ ਹੋਰ ਦਸ ਕੀ ਭਾਲਦੀ।

ਪਹਿਲੀ ਨਜ਼ਰੇ ਇਹ ਗੀਤ ਇਸ ਤਰ੍ਹਾਂ ਲਗਦਾ ਹੈ, ਜਿਵੇਂ ਕਿਸੇ ਸੰਜੀਦਾ ਗੀਤ ਦੀ ਤੀਸਰੇ ਦਰਜੇ ਦੀ ‘ਪੈਰੋਡੀ’ ਹੋਵੇ। (ਕਾਸ਼ ਏਦਾਂ ਵੀ ਹੁੰਦਾ) ਪਰ ਨਹੀਂ, ਇਹ ਤਾਂ ਸਰਤਾਜ ਦਾ ਮੌਲਿਕ ਗੀਤ ਹੈ। ਇਸ ਦੇ ਅਰਥ ਕੀ ਨਿਕਲਦੇ ਹਨ, ਇਹ ਗੀਤ ਕਿਸ ਨੂੰ ਸੰਬੋਧਿਤ ਹੈ, ਇਹ ਗੀਤ ਕੀ ਸੰਦੇਸ਼ ਦਿੰਦਾ ਹੈ ਰੱਬ ਜਾਣੇ। (ਵੈਸੇ ਵੀ ਅਸੀਂ ਤਾਂ ‘ਤੂਤਕ ਤੂਤੀਆਂ’ ਗਿਨੀਜ਼ ਬੁੱਕ ਤੱਕ ਲਿਜਾ ਸਕਦੇ ਹਾਂ, ਸਾਨੂੰ ਅਰਥਾਂ ਅਤੇ ਉਦੇਸ਼ ਨਾਲ ਕੀ?) ਪਰ ਇਥੇ ਅਸੀਂ ਜਿਸ ਗਾਇਕ ਦਾ ਜ਼ਿਕਰ ਕਰ ਰਹੇ ਹਾਂ ਉਸਨੂੰ ਸੁਰ ਅਤੇ ਸ਼ਾਇਰੀ ਦਾ ਸੁਮੇਲ ਕਿਹਾ ਜਾ ਰਿਹਾ ਹੈ। ਉਸਦੇ ਆਪਣੇ ਸ਼ਬਦਾਂ ਵਿਚ ਉਸਨੇ ਬੀਏ ’ਚ ਸੰਗੀਤ ਆਨਰਜ਼ ਵਜੋਂ ਲਿਆ। ਐਮ. ਏ., ਐਮ ਫਿਲ, ਪੀ ਐਚ ਡੀ. ਸੂਫ਼ੀ ਸੰਗੀਤ ਬਾਰੇ ਕੀਤੀ ਹੈ ਅਤੇ ਛੇ ਸਾਲ ਤੋਂ ਯੂਨੀਵਰਸਿਟੀ ਵਿਚ ਪੜ੍ਹਾ ਰਿਹਾ ਹੈ।

ਇਸ ਗੀਤ ਦਾ ਅਗਲਾ ਬੰਦ ਹੈ
ਬੂਟ ਲੈ ਨਈਂ ਹੁੰਦੇ ਮੈਂ
ਬੁਲਟ ਕਿਥੋਂ ਲੈ ਲਵਾਂ।
ਸਾਡਾ ਤਾਂ ਕੋਈ ਅੰਕਲ ਵੀ ਹੈ ਨਈਂ
ਜਿਹਨੂੰ ਕਹਿ ਲਵਾਂ।
ਨਾਲੇ ਪੰਪ ਵਾਲਾ ਕਿਹੜਾ ਸਾਡਾ ਮਾਮਾ
ਨੀ ਹੋਰ ਦੱਸ ਕੀ ਭਾਲਦੀ
ਅੱਧੀ ਕਿੱਕ ’ਤੇ ਸਟਾਰਟ ਮੇਰਾ ਯਾਮਾ
ਨੀ ਹੋਰ ਦਸ ਕੀ ਭਾਲਦੀ।

ਗਾਇਕ ਸਰੋਤਿਆਂ ਦੀ ਜਾਣਕਾਰੀ ਵਿਚ ਵਾਧਾ ਕਰਨ ਜਾਂ ਉਹਨਾਂ ਨੂੰ ਪ੍ਰਭਾਵਿਤ ਕਰਨ ਲਈ ਆਖਦਾ ਹੈ ‘ਬੂਟ’ ਤੇ ‘ਬੁਲਟ’ ਇਹ ਵੀ ਅਨੁਪ੍ਰਾਸ ਅਲੰਕਾਰ ਹੈ। (ਕਿਉਂਕਿ ਦੋਹਾਂ ਸ਼ਬਦਾਂ ਵਿਚ ਪਹਿਲਾਂ ‘ਬੱਬਾ’ ਆਉਂਦਾ ਹੈ) ਉਸਨੂੰ ਇਹ ਵੀ ਨਹੀਂ ਪਤਾ ਕਿ ਅਨੁਪ੍ਰਾਸ ਅਲੰਕਾਰ ਉਦੋਂ ਬਣਦਾ ਹੈ ਜਦੋਂ ਲਗਾਤਾਰ ਤਿੰਨ ਸ਼ਬਦਾਂ ਦੇ ਪਹਿਲੇ ਅੱਖਰ ਇਕ ਹੋਣ ਅਤੇ ਇਹ ਤਿੰਨੇ ਸ਼ਬਦ ਲਗਾਤਾਰ ਮਿਸਰੇ ਵਿਚ ਆਉਣ। (ਜਿਵੇਂ-‘ਦਰਦ ਦਿਲੇ ਦਾ ਕਿੱਦਾਂ ਕਹੀਏ’ ਵਿਚ ਪਹਿਲੇ ਤਿੰਨਾਂ ਸ਼ਬਦਾਂ ਦੇ ਮੁੱਢ ਵਿਚ ‘ਦੱਦਾ’ ਆਉਂਦਾ ਹੈ)। ਜੇਕਰ ਪਹਿਲੇ ਅੱਖਰਾਂ ਵਾਲੇ ਦੋ ਸ਼ਬਦਾਂ ਨੂੰ ਅਨੁਪ੍ਰਾਸ ਦਾ ਭੇਦ ਮੰਨ ਵੀ ਲਈਏ ਤਾਂ ਸ਼ਰਤ ਇਹ ਹੈ ਕਿ ਇਹ ਸ਼ਬਦ ਕੋਲ ਕੋਲ (ਮੇਰਾ ਮਹਿਰਮ, ਸੋਹਣਾ ਸੱਜਣ) ਆਉਣੇ ਚਾਹੀਦੇ ਹਨ। ਜਦਕਿ ਗੀਤ ਵਿਚ ‘ਬੂਟ ਤੇ ਬੁਲਟ’ ਵਿਚ ਸ਼ਬਦਾਂ ਦਾ ਨਹੀਂ ਪੂਰੀ ਸਤਰ ਦਾ ਫਰਕ ਹੈ। ਹਾਂ, ਇਹਨਾਂ ਨਾਲ ਸ਼ਾਬਦਿਕ ਖ਼ੂਬਸੂਰਤੀ ਜ਼ਰੂਰ ਪੈਦਾ ਹੁੰਦੀ ਹੈ।

ਫਿਰ ਸ਼ਾਇਰ+ਗਾਇਕ ਆਖਦਾ ਹੈ-

ਨਾਲੇ ਪੰਪ ਵਾਲਾ ਕਿਹੜਾ ਸਾਡਾ ਮਾਮਾ
ਨੀ ਹੋਰ ਦਸ ਕੀ ਭਾਲਦੀ।

‘ਨੀ ਹੋਰ ਦਸ ਕੀ ਭਾਲਦੀ’ ਵਾਰ ਵਾਰ ਆਉਣ ਕਰਕੇ ਇਥੇ ਵੀ ਉਹ ਮਜਬੂਰੀ ਵਸ ਲਾ ਤਾਂ ਦਿੰਦਾ ਹੈ, ਪਰ ਅਰਥ ਕੋਈ ਨਹੀਂ ਨਿਕਲਦਾ। ਜੇ ਇਸ ਦੀ ਵਾਰਤਕ ਬਣਾਉਣੀ ਹੋਵੇ ਤਾਂ ਇੰਝ ਬਣੇਗੀ-

ਪੰਪ (ਗੈਸ ਸਟੇਸ਼ਨ) ਵਾਲਾ ਸਾਡਾ ਕੋਈ ਮਾਮਾ ਨਹੀਂ ਹੈ, ਨੀ ਤੂੰ ਹੋਰ ਦਸ ਕੀ ਭਾਲਦੀ ਏਂ।

ਬਿਲਕੁਲ ਜਿਵੇਂ ‘ਯਾਰਾਂ ਦਾ ਟਰੱਕ ਬੱਲੀਏ’ ਵਿਚ ਆਉਂਦਾ ਹੈ-

ਜਿੱਥੋਂ ਮਰਜ਼ੀ ਪਰੌਠੇ ਖਾਵੇ, ਨੀ ਯਾਰਾਂ ਦਾ ਟਰੱਕ ਬਲੀਏ।

(ਟਰੱਕ ਨੇ ਪਰੌਠੇ ਥੋੜ੍ਹੋ ਖਾਣੇ ਹਨ!)

ਸਰੋਤਿਆਂ ਨੂੰ ਸੰਬੋਧਨ ਕਰਦਾ ਗਾਇਕ ਆਖਦਾ ਹੈ-‘ਵਿਦਿਆਰਥੀ ਜੀਵਨ ਦੀ ਆਰਥਿਕ ਮੰਦਹਾਲੀ ਦਾ ਵਰਨਣ।’ (ਇਸ ਗੱਲ ’ਤੇ ਸਰੋਤੇ ਹੱਸਦੇ ਹੀ ਨਹੀਂ ਤਾੜੀਆਂ ਵੀ ਮਾਰਦੇ ਹਨ। ਗਾਇਕ ਦਾ ਚਿਹਰਾ ਵੀ ਬਾਗੋ-ਬਾਗ ਹੋ ਜਾਂਦਾ ਹੈ) ਇਹ ਨਿਰਾ ਗ਼ਰੀਬ ਵਿਦਿਆਰਥੀਆਂ ਦਾ ਮਜ਼ਾਕ ਉਡਾਇਆ ਗਿਆ ਹੈ। ਜਿਹੜੇ ਲੋਕ ਆਰਥਿਕ ਮੰਦਹਾਲੀ ਦਾ ਸ਼ਿਕਾਰ ਹੁੰਦੇ ਹਨ, ਉਹ ‘ਬੂਟ’ ਦੀ ਥਾਂ ‘ਬੁਲਿਟ’ ਲੈਣ ਦੀ ਨਹੀਂ ਸੋਚਦੇ, ਉਹਨਾਂ ਨੂੰ ਤਾਂ ਫੀਸਾਂ ਤਾਰਨ ਦੀ ਚਿੰਤਾ ਹੁੰਦੀ ਹੈ।

ਆਖਰੀ ਬੰਦ ਹੈ

ਗਾਇਕ ਕਹਿੰਦਾ ਹੈ-‘ਗ਼ੌਰ ਕਰਿਓ’-

ਬਦਲੇ ਨੇ ਨੇਤਾ ਸ਼ਾਇਦ
ਦਿਨ ਚੰਗੇ ਆਉਣਗੇ।
ਚਿੱਟੀ ਜਿਹੀ ਲੈਂਸਰ ’ਤੇ
ਯਾਰ ਗੇੜੀ ਲਾਉਣਗੇ
ਲਾਹ ਕੇ ਬੁਸ਼ ਮੈਂ ਜਤਾਇਆ ਹੈ ਉਬਾਮਾ
ਨੀ ਹੋਰ ਦਸ ਕੀ ਭਾਲਦੀ।
ਅੱਧੀ ਕਿੱਕ ’ਤੇ ਸਟਾਰਟ ਮੇਰਾ ਯਾਮਾ
ਨੀ ਹੋਰ ਦਸ ਕੀ ਭਾਲਦੀ।

ਇਹ ਗੀਤ ਪੈਰੋਡੀ ਹੈ, ਵਿਅੰਗ ਹੈ, ਹਾਸ-ਰਸ ਹੈ, ਟਾਈਮ ਪਾਸ ਹੈ ਜਾਂ ਕੁਝ ਹੋਰ? ਸਾਡੀ ਸਮਝੋਂ ਬਾਹਰਾ ਹੈ। ਜੇ ਗਾਇਕ ਇਹ ਸੋਚਦਾ ਹੈ ਕਿ ਲੋਕ ਇਹੋ ਜਿਹਾ ਹਲਕਾ-ਫੁਲਕਾ ਸੁਣਨਾ ਪਸੰਦ ਕਰਦੇ ਹਨ, ਤਾਂ ਸਰੋਤਿਆਂ ਨੂੰ ਆਪਣੇ ਅੰਦਰ ਝਾਤੀ ਮਾਰਨੀ ਬਣਦੀ ਹੈ ਕਿ ਸਚਮੁੱਚ ਉਹਨਾਂ ਦਾ ‘ਮਿਆਰ’ ਏਨਾ ਨੀਵਾਂ ਹੈ? ਉਂਝ ਵੀ ਜਦੋਂ ਲੇਖਕ ਵਿਅੰਗ ਜਾਂ ਹਾਸ-ਰਸ ਲਿਖ ਰਿਹਾ ਹੁੰਦਾ ਹਾਂ ਤਾਂ ਲੇਖਕ ਦਾ ਫ਼ਰਜ਼ ਦੁਗਣਾ ਹੋ ਜਾਂਦਾ ਹੈ। ਉਸਨੇ ਲੋਕਾਂ ਨੂੰ ਹਸਾਉਣਾ ਵੀ ਹੁੰਦਾ ਹੈ ਅਤੇ ਸਮਾਜਿਕ ਕੁਰੀਤੀਆਂ, ਅਮਾਨਵੀ ਕਦਰਾਂ-ਕੀਮਤਾਂ ਦੀ ਚੀਰ-ਫਾੜ ਕਰਕੇ ਪਾਠਕਾਂ ਨੂੰ ਸੋਚਣ ਲਈ ਮਜਬੂਰ ਵੀ ਕਰਨਾ ਹੁੰਦਾ ਹੈ। ਇਸ ਦ੍ਰਿਸ਼ਟੀ ਤੋਂ ਉਪਰੋਕਤ ਗੀਤ ਕਿੰਨਾ ਕੁ ਕਾਮਯਾਬ ਹੈ, ਪਾਠਕ ਖ਼ੁਦ ਫ਼ੈਸਲਾ ਕਰ ਸਕਦੇ ਹਨ।

ਜਦੋਂ ਬੰਦਾ ਸ਼ਾਇਰੀ ਆਰੰਭ ਕਰਦਾ ਹੈ ਤਾਂ ਉਸਦੇ ਜੀਵਨ ਦਾ ਪਹਿਲਾ ਪੜਾਅ ‘ਅਭਿਆਸੀ ਦੌਰ’ ਅਖਵਾਉਂਦਾ ਹੈ, ਜਦੋਂ ਉਹ ਤੁਕ-ਬੰਦੀ ਕਰਨ ਦਾ ਅਭਿਆਸ ਕਰਦਾ ਹੈ, ਹੌਲੀ ਹੌਲੀ ਤੁਕ-ਬੰਦੀ ਵਿਚ ਖ਼ਿਆਲ ਫੜ੍ਹਨ ਦਾ ਯਤਨ ਕਰਦਾ ਹੈ। ਹੌਲੀ ਹੌਲੀ ਉਹ ਅਭਿਆਸੀ ਦੌਰ ਦੀ ਅੱਗ ਵਿਚ ਪੱਕਦਾ ਜਾਂਦਾ ਹੈ। ਲੈਅ, ਤੋਲ ਉਸਦੇ ਖ਼ੂਨ ਵਿਚ ਰਚਦਾ ਜਾਂਦਾ ਹੈ। ਬੁਲੰਦ ਤਖ਼ਲੀਅਲ ਆਪਣੇ ਆਪ ਬਹਿਰ-ਵਜ਼ਨ ਵਿਚ ਢਲਣ ਲੱਗ ਪੈਂਦਾ ਹੈ। ਅਭਿਆਸੀ ਦੌਰ ਦੀ ਤੁਕ-ਬੰਦੀ ਭਾਵੇਂ ਉੱਚ-ਪਾਏ ਦੀ ਰਚਨਾ ਨਹੀਂ ਸਿਰਜ ਸਕਦੀ, ਪਰ ਉਹ ਨਿਰਾਰਥਕ ਨਹੀਂ ਹੁੰਦੀ। ਉਸ ਦਾ ਕੁਝ ਨਾ ਕੁਝ ਅਰਥ ਜ਼ਰੂਰ ਨਿਕਲਦਾ, ਫ਼ਰਕ ਸਿਰਫ਼ ਏਨਾ ਹੁੰਦਾ ਹੈ ਕਿ ਲੇਖਕ ਕੋਲ ਉਦੋਂ ਮੌਲਿਕਤਾ ਦੀ ਘਾਟ ਹੁੰਦੀ ਹੈ। ਅਭਿਆਸੀ ਦੌਰ ਦੀ ਭੱਠੀ ਵਿਚ ਪੱਕਣ ਤੋਂ ਬਾਦ ਸ਼ਾਇਰ (ਜੇ ਉਸਦੇ ਅੰਦਰ ਸੱਚਮੁੱਚ ਲਿਖਣ ਦੀ ਚਿਣਗ ਹੈ ਤਾਂ) ਸ਼ਾਇਰੀ ਵਿਚ ਨਵੇਂ ਆਯਾਮ ਪੈਦਾ ਕਰਦਾ ਹੈ।

ਪੰਜਾਬੀ ਦੇ ‘ਸੂਫ਼ੀ’ ਪ੍ਰਭਾਵ ਵਾਲੇ ਗਾਇਕ (+ਗੀਤਕਾਰ) ਸਤਿੰਦਰ ਸਰਤਾਜ ਨੇ ‘ਯਾਮਾ’ ਵਾਲਾ ਗੀਤ ਉਦੋਂ ਗਾਇਆ ਹੈ, ਜਦੋਂ ਉਹ ਚਰਚਿਤ ਹੋ ਚੁੱਕਾ ਹੈ। (ਯੂਨੀਵਰਸਿਟੀ ਦੀ ਪੜ੍ਹਾਈ ਖ਼ਤਮ ਕਰ ਚੁੱਕਾ ਹੈ। ਯੂਨੀਵਰਸਿਟੀ ਵਿਚ ਪੜ੍ਹਾਉਣ ਲੱਗ ਪਿਆ ਹੈ। ਉਸਦੇ ਆਪਣੇ ਬਿਆਨ ਮੁਤਾਬਕ ਇਹ ਗੀਤ ਉਸਨੇ ਪਿਛਲੇ ਸਾਲ ਲਿਖਿਆ ਸੀ। ਜਦੋਂ ਇਹ ਗੀਤ ਲਿਖਿਆ ਗਿਆ, ਉਸਨੂੰ ਯੂਨੀਵਰਸਿਟੀ ਵਿਚ ਪੜ੍ਹਾਉਂਦੇ ਨੂੰ ਪੰਜ ਸਾਲ ਹੋ ਚੁੱਕੇ ਸਨ।) ਪਰ ਇਹ ਗੀਤ ਨਿਰਾਰਥਕ ਹੀ ਨਹੀਂ, ਅਭਿਆਸੀ ਦੌਰ ਤੋਂ ਵੀ ਪਹਿਲੀ ਸਟੇਜ (ਜੇ ਕੋਈ ਹੁੰਦੀ ਹੈ ਤਾਂ) ਦਾ ਹੈ। ਕਿੱਥੇ ਖੜ੍ਹਾ ਹੈ ਸਾਡਾ ਮਿਆਰ, ਪੰਜਾਬੀਓ ਜ਼ਰਾ ਸੋਚੋ!

(2)

ਅਸਲ ਵਿਚ ਅੱਜ ਕੱਲ੍ਹ ਸਾਰਾ ਕੁਝ ਹੀ ਵਿਉਪਾਰਕ ਹੋ ਰਿਹਾ ਹੈ। ਮੰਡੀ ਐਨ ਸਾਡੀਆਂ ਬਰੂਹਾਂ ’ਤੇ ਲਿਆ ਕੇ ਸਜਾਈ ਜਾਂਦੀ ਹੈ। ਮਸ਼ਹੂਰੀਆਂ ਦੀ ਚਕਾਚੌਂਧ ਅੱਖਾਂ ਚੁੰਧਿਆਉਂਦੀ ਹੈ। ਖਪਤਕਾਰ ਦੀ ਸਵੈ-ਨਿਰਣੈ ਕਰਨ ਦੀ ਸਮੱਰਥਾ ਖੁੱਸਦੀ ਹੈ। ਫਾਸਟ ਫੂਡ ਦੇ ਇਸ ਜ਼ਮਾਨੇ ਵਿਚ ਜੋ ਕੁਝ ਪਰੋਸਿਆ ਜਾਂਦਾ ਹੈ, ਖਾ ਲਿਆ ਜਾਂਦਾ ਹੈ। ਇਸ ਮਾਇਕ ਵਰਤਾਰੇ ਵਿਚ ਗ਼ਰੀਬ ਕਿਤੇ ਫਿੱਟ ਨਹੀਂ ਹੁੰਦਾ। ਪੈਸੇ ਦੇ ਜ਼ੋਰ ਨਾਲ ਉਸਨੂੰ ਪਿੱਛੇ ਧੱਕ ਦਿੱਤਾ ਜਾਂਦਾ ਹੈ। ਵੈਸੇ ਸੰਜੀਦਾ ਤੇ ਸੁਰੀਲੇ ਗਾਉਣ ਵਾਲਿਆਂ ਦੀ ਅੱਜ ਵੀ ਕੋਈ ਕਮੀ ਨਹੀਂ। ਲੋੜ ਹੈ ਸਿਰਫ਼ ਉਹਨਾਂ ਨੂੰ ਅੱਗੇ ਲੈ ਕੇ ਆਉਣ ਦੀ। ਸੰਜੀਦਾ ਗਾਇਕੀ ਦੇ ਸਭਿਆਚਾਰ ਨੂੰ ਉਤਸ਼ਾਹਤ ਕਰਨ ਦੀ। ਇਸ ਵਾਸਤੇ ਸਾਨੂੰ ਆਪਣੇ ਸਵਾਦ ਬਦਲਣੇ ਪੈਣਗੇ। ਦੂਜਾ, ਹਲਕਾ ਗਾਉਣ ਵਾਲਿਆਂ ਨੂੰ ਉਤਸ਼ਾਹਿਤ ਕਰਨ ਤੋਂ ਤੌਬਾ ਕਰਨੀ ਪਵੇਗੀ। ਤੀਜਾ, ਸੰਗੀਤ ਦੇ ਵੱਡੇ ਉਸਤਾਦਾਂ ਨੂੰ ਉਸਾਰੂ ਆਲੋਚਨਾ ਕਰਨ ਲਈ ਅੱਗੇ ਆਉਣਾ ਪਵੇਗਾ। ਸੰਗੀਤ ਆਲੋਚਨਾ ਦਾ ਖੇਤਰ ਬਿਲਕੁਲ ਖ਼ਾਲੀ ਪਿਆ ਹੈ। ਪੰਜਾਬ ਵਿਚ ਖੁੰਬਾਂ ਵਾਂਗ ਉੱਗੇ ਗਾਇਕਾਂ ਦਾ ਇਕ ਕਾਰਨ ਇਹ ਵੀ ਹੈ ਕਿ ਉੱਥੇ ਪੁੱਛਣ ਵਾਲਾ ਹੀ ਕੋਈ ਨਹੀਂ। ਪਾਕਿਸਤਾਨੀ ਪੰਜਾਬ ਵਿਚ ਵੀ ਬੇਸੁਰੇ ਹਨ, ਪਰ ਉਹਨਾਂ ਦੀ ਗਿਣਤੀ ਘੱਟ ਹੈ। ਪਾਕਿਸਤਾਨੀਆਂ ਨੇ ਇਕ ਤਾਂ ਸੰਜੀਦਾ ਗੀਤ-ਸੰਗੀਤ ਸੁਣਨ ਦਾ ਸ਼ੌਕ ਨਹੀਂ ਤਿਆਗਿਆ। ਦੂਸਰਾ, ਉਸਤਾਦ ਅਜਿਹੇ ਲੋਕਾਂ ਦੀ ਆਲੋਚਨਾ ਹੀ ਏਨੀ ਤਿੱਖੀ ਕਰ ਦਿੰਦੇ ਹਨ ਕਿ ਉਹ ਮੈਦਾਨ ਵਿਚ ਟਿਕ ਨਹੀਂ ਸਕਦੇ। ਉਹ ਬੰਦੇ ਨੂੰ ਟਿੱਚਰਾਂ ਕਰ ਕਰ ਕੇ ਹੀ ਮਾਰ ਦਿੰਦੇ ਹਨ। (ਉਸਦੇ ਮੁਕਾਬਲੇ ਅਸੀਂ ਹਲਕਾ ਫੁਲਕਾ ਗਾਉਣ ਵਾਲੇ ਬੇਗੁਰੇ ਤੇ ਬੇਸੁਰੇ ਗਾਇਕਾਂ ਨਾਲ ਫੋਟੋਆਂ ਖਿਚਵਾਉਣ ਵਿਚ ਮਾਣ ਮਹਿਸੂਸ ਕਰਦੇ ਹਾਂ) ਪਾਕਿਸਤਾਨ ਵਿਚ ਉਸਤਾਦੀ-ਸ਼ਾਗਿਰਦੀ ਦੀ ਮਹਾਨ ਪਰੰਪਰਾ ਅਜੇ ਵੀ ਕਾਇਮ ਹੈ।

ਸਾਡੇ ਕਈ ਗਾਇਕਾਂ ਨੂੰ ਪੁੱਛੋ ਕਿ ਤੁਸੀਂ ਕਿਸ ਉਸਤਾਦ ਤੋਂ ਕਿੰਨਾ ਚਿਰ ਸਿੱਖਿਆ? ਉਹ ਬੜੇ ਮਾਣ ਨਾਲ ਕਹਿੰਦੇ ਹਨ, ‘ਜੀ ਬਸ ਬਚਪਨ ਤੋਂ ਹੀ ਗਾਉਣ ਦਾ ਸ਼ੌਕ ਸੀ।’ ਕਈ ਕੈਸਿਟਾਂ ਪਹਿਲਾਂ ਕਢਾਉਂਦੇ ਹਨ, ਉਸਤਾਦ ਬਾਅਦ ਵਿਚ ਧਾਰਦੇ ਹਨ। ਸਤਿੰਦਰ ਸਰਤਾਜ ਨੇ ਵੀ ‘ਯੂ ਟਿਊਬ ਦੀ ਇਕ ਇੰਟਰਵਿਊ ਦੌਰਾਨ ਦੱਸਿਆ ਕਿ ਉਸਨੇ ਯੂਨੀਵਰਸਿਟੀ ਤੱਕ ਦੀ ਸੰਗੀਤ ਵਿਦਿਆ ਤਾਂ ਹਾਸਿਲ ਕੀਤੀ ਹੈ, ਪਰ ਬਾਕਾਇਦਾ ਕਿਸੇ ਨੂੰ ਉਸਤਾਦ ਨਹੀਂ ਧਾਰਿਆ। (ਕਲਾ ਵਿਚ ਬਹੁਤ ਸਾਰੀਆਂ ਚੀਜ਼ਾਂ ਅਜਿਹੀਆਂ ਹੁੰਦੀਆਂ ਹਨ, ਜਿਹੜੀਆਂ ਸੀਨਾ-ਬ-ਸੀਨਾ ਉਸਤਾਦਾਂ ਕੋਲੋਂ ਮਿਲਦੀਆਂ ਹਨ ਕਿਤਾਬਾਂ, ਯੂਨੀਵਰਸਿਟੀਆਂ, ਕਾਲਜਾਂ ਵਿਚੋਂ ਨਹੀਂ, ਖ਼ਾਸ ਤੌਰ ’ਤੇ ਸੰਗੀਤ ਦੇ ਖੇਤਰ ਵਿਚ) ਜੇ ਇਕੱਲੀਆਂ ਡਿਗਰੀਆਂ ਵਾਲਿਆਂ ਨੂੰ ਹੀ ਵੱਡੇ ਗਾਇਕ ਮੰਨ ਲਿਆ ਜਾਵੇ ਤਾਂ ਸੰਗੀਤ ਦੇ ਉਹਨਾਂ ਵੱਡੇ ਵੱਡੇ ਮਹਾਂਪੁਰਸ਼ਾਂ ਦੀ ਤੌਹੀਨ ਹੋਵੇਗੀ, ਜਿੰਨਾਂ ਸਾਰੀ ਉਮਰ ਸੰਗੀਤ ਨੂੰ ਅਰਪਣ ਕਰ ਦਿੱਤੀ ਸੀ, ਪਰ ਕੋਈ ਵੀ ਅਕਾਦਮਿਕ ਡਿਗਰੀ ਹਾਸਿਲ ਨਹੀਂ ਸੀ ਕੀਤੀ। ਨਾਵਾਂ ਦੀ ਲਿਸਟ ਬਹੁਤ ਲੰਮੀ ਹੈ।

ਡਿਗਰੀਆਂ ਗਿਣਾਉਣ ਦੀ ਜ਼ਰੂਰਤ ਨਹੀਂ ਹੁੰਦੀ। ਕਿਸੇ ਨੇ ਪੁੱਛਿਆ ਸੀ, ‘ਨਾਈਆ ਕਿੰਨੇ ਕਿੰਨੇ ਲੰਮੇ ਵਾਲ?’ ਨਾਈ ਕਹਿੰਦਾ,‘ਅੱਗੇ (ਝੋਲੀ ਵਿਚ) ਆ ਹੀ ਜਾਣੇ ਆ।’

ਰਸੂਲ ਹਮਜ਼ਾਤੋਵ ਲਿਖਦਾ ਹੈ-

ਇਕ ਵਾਰੀ ਮੁਰੀਦ ਆਪਣੀਆਂ ਤਲਵਾਰਾਂ ਦੇ ਫਾਲਾਂ ਦੀ ਪਾਨ ਬਾਰੇ ਇਕ ਦੂਜੇ ਅੱਗੇ ਸ਼ੇਖੀਆਂ ਮਾਰ ਰਹੇ ਸਨ।…. ਮੁਰੀਦਾਂ ਵਿਚ ਵੱਡੇ ਸ਼ਮੀਲ ਦਾ ਨਾਇਬ ਹਾਜੀ ਮੁਰਾਦ ਵੀ ਸੀ। ਉਹ ਬੋਲਿਆ-‘ਦਰਖ਼ਤ ਦੀ ਠੰਢੀ ਛਾਂ ਹੇਠ ਬੈਠੇ ਤੁਸੀਂ ਕੀ ਬਹਿਸਾਂ ਕਰ ਰਹੇ ਹੋ? ਭਲਕੇ ਪਹੁ ਫੁੱਟਦੀ ਨੂੰ ਹੋਣ ਵਾਲੀ ਲੜਾਈ ਵਿਚ ਤੁਹਾਡੀਆਂ ਤਲਵਾਰਾਂ ਆਪਣੇ ਬਾਰੇ ਆਪ ਦੱਸਣਗੀਆਂ।’

ਸੰਗੀਤ ਤਾਂ ਇਬਾਦਤ ਹੈ, ਸਾਧਨਾ ਹੈ, ਤਪੱਸਿਆ ਹੈ। ਕਿਸੇ ਨੇ ਨੁਸਰਤ ਫ਼ਤਹਿ ਅਲੀ ਖ਼ਾਨ ਨੂੰ ਪੁਛਿਆ ਸੀ, ‘ਤੁਸੀਂ ਰਿਆਜ਼ ਦਾ ਏਨਾ ਵਕਤ ਕਿਵੇਂ ਕੱਢ ਲੈਂਦੇ ਹੋ?’

ਉਹ ਕਹਿਣ ਲੱਗੇ,‘ਜਿਵੇਂ ਸਾਹ ਲੈਣ ਲਈ।’

ਸਤਿੰਦਰ ਸਰਤਾਜ ਸਿਰ ’ਤੇ ਪੱਗ ਬੰਨ੍ਹਦਾ ਹੈ। ਵਾਲ ਵਾਰਿਸ ਸ਼ਾਹ ਵਾਂਗੂੰ ਪਿਛਾਂਹ ਨੂੰ ਪੱਗ ਦੇ ਥੱਲਿਓਂ ਦੀ ਕੱਢ ਕੇ ਰੱਖਦਾ ਹੈ। (ਇੰਟਰਨੈੱਟ ’ਤੇ ਉਸਨੂੰ ‘ਅੱਜ ਦਾ ਵਾਰਿਸ ਸ਼ਾਹ’ ਲਿਖਿਆ ਵੀ ਮਿਲਦਾ ਹੈ)। ਉਸਦੀ ਇਹ ਸੂਰਤ ਦੇਖ ਕੇ ‘ਮੇਰਾ ਦਾਗ਼ਿਸਤਾਨ’ ਦੀਆਂ ਪ੍ਰਸਿੱਧ ਲਾਈਨਾਂ ਯਾਦ ਆ ਜਾਂਦੀਆਂ ਹਨ-‘ਉਸਨੇ ਟਾਲਸਟਾਏ ਦੇ ਟੋਪ ਵਰਗਾ ਟੋਪ ਤਾਂ ਲੈ ਲਿਆ ਹੈ, ਉਹ ਉਸੇ ਤਰ੍ਹਾਂ ਦਾ ਸਿਰ ਕਿੱਥੋਂ ਖ਼ਰੀਦ ਸਕਦਾ ਹੈ?’

ਕਹਾਵਤ ਹੈ-ਉਸਨੂੰ ਚੰਗਾ ਨਾਂ ਤਾਂ ਦੇ ਦਿੱਤਾ ਗਿਆ ਹੈ। ਉਹ ਆਦਮੀ ਕਿਸ ਤਰ੍ਹਾਂ ਦਾ ਬਣੇਗਾ? (ਅਸੀਂ ਵੀ ਸਰਤਾਜ ਨੂੰ ‘ਸੂਫ਼ੀ’ ਕਹਿਣਾ ਸ਼ੁਰੂ ਕਰ ਦਿੱਤਾ ਹੈ। ਬੈਠ ਕੇ ਗਾਉਣ ਨਾਲ ਕੋਈ ਸੂਫ਼ੀ ਜਾਂ ਵਧੀਆ ਗਾਇਕ ਨਹੀਂ ਬਣ ਜਾਂਦਾ, ਇਹ ਵੀ ਦੇਖਣਾ ਬਣਦਾ ਹੈ ਕਿ ਬੈਠ ਕੇ ਉਹ ਗਾ ਕੀ ਰਿਹਾ ਹੈ? )

ਉਂਝ ਇਸ ਵਿਚ ਕੋਈ ਸ਼ੱਕ ਨਹੀਂ, ਸਤਿੰਦਰ ਸਰਤਾਜ ਅੱਜ ਬਹੁਤ ਚਰਚਿਤ ਗਾਇਕ ਹੈ। ਉਸਦੀ ਗਾਇਕੀ ਅਤੇ ਸ਼ਾਇਰੀ ਦਾ ਚਮਕਾਰਾ ਇਕ ਵਾਰ ਤਾਂ ਸਰੋਤੇ ਨੂੰ ਧੁਰ ਅੰਦਰ ਤੱਕ ਪ੍ਰਭਾਵਿਤ ਕਰ ਜਾਂਦਾ ਹੈ, ਪਰ ਇਹ ਚਮਕਾਰਾ ਖ਼ਾਲਿਸ ਸੋਨੇ ਦੀ ਚਮਕ ਦਾ ਨਹੀਂ, ਮੁਲੰਮੇ ਦਾ ਹੈ। ਸਾਡਾ ਮਕਸਦ ਸੋਨੇ ਦੀ ਚਮਕ ਅਤੇ ਮੁਲੰਮੇ ਦੀ ਚਮਕ ਵਿਚ ਅੰਤਰ ਕਰਨਾ ਹੀ ਹੈ। ਉਸਦੀ ਗਾਇਕੀ ਇਕ ਵਾਰ ਤਾਂ ਸਰੋਤੇ ਨੂੰ ਸੰਮੋਹਿਤ ਕਰਨ ਦੀ ਤਾਕਤ ਰੱਖਦੀ ਹੈ, ਪਰ ਜਦੋਂ ਸਰੋਤਾ ਰਤਾ ਕੁ ਸੁਚੇਤ ਹੋ ਕੇ ਉਸ ਸੰਮੋਹਨ ’ਚੋਂ ਬਾਹਰ ਆਉਂਦਾ ਹੈ ਤਾਂ ਉਸ ਅੱਗੇ ਸਤਿੰਦਰ ਸਰਤਾਜ ਦੀ ਗਾਇਕੀ ਤੇ ਸ਼ਾਇਰੀ ਦਾ ਖੋਖਲਾਪਨ ਝੱਟ ਜ਼ਾਹਰ ਹੋ ਜਾਂਦਾ ਹੈ। ਜੇਕਰ ਸਰੋਤੇ ਉਸਦੇ ਬਾਕੀ ਗੀਤਾਂ ਨੂੰ ਵੀ ਜ਼ਰਾ ਧਿਆਨ ਨਾਲ ਦੇਖਣ ਤਾਂ ਇਕ ਸਤਰ ਦਾ ਦੂਸਰੀ ਸਤਰ ਨਾਲ ਕੋਈ ਸੰਬੰਧ ਬਣਦਾ ਨਜ਼ਰ ਨਹੀਂ ਆਉਂਦਾ। ਖ਼ੂਬਸੂਰਤ ਫੁੱਲ ਤਾਂ ਕੋਈ ਵੀ ਚੁਣ ਸਕਦਾ ਹੈ, ਉਹਨਾਂ ਨੂੰ ਸਲੀਕੇ ਨਾਲ ਪਰੋਕੇ ਜਾਂ ਸਲੀਕੇ ਨਾਲ ਬੰਨ੍ਹ ਕੇ ਹਾਰ ਜਾਂ ਗੁਲਦਸਤਾ ਕੋਈ ਕੋਈ ਹੀ ਬਣਾ ਸਕਦਾ ਹੈ। ਸਰਤਾਜ ਨੇ ਸਤਰਾਂ ਤਾਂ ਇਕੱਠੀਆਂ ਕਰਨ ਲਈਆਂ ਹਨ, ਪਰ ਉਹਨਾਂ ਨੂੰ ਥਾਂ ਸਿਰ ਪਰੋਣ ਦਾ ਕਲਾਮਈ ਤਰੀਕਾ ਉਸ ਕੋਲ ਲਗਪਗ ਨਾਂਹ ਦੇ ਬਰਾਬਰ ਹੈ।

ਸਤਿੰਦਰ ਸਰਤਾਜ ਚਰਚਿਤ ਤਾਂ ਹੈ, ਪਰ ਚਰਚਿਤ ਹੋਣ ਅਤੇ ਮਿਆਰੀ ਹੋਣ ਵਿਚ ਬਹੁਤ ਫ਼ਰਕ ਹੁੰਦਾ ਹੈ। ਚਰਚਿਤ ਤਾਂ ਕਿਸੇ ਜ਼ਮਾਨੇ ਵਿਚ ਚਮਕੀਲਾ ਵੀ ਬਹੁਤ ਰਿਹਾ ਸੀ। ਇਹ ਗੱਲ ਸਾਨੂੰ ਪੰਜਾਬੀਆਂ ਨੂੰ ਹਰ ਖੇਤਰ ਵਿਚ ਸਮਝਣ ਦੀ ਲੋੜ ਹੈ ਜੇ ਉਹਨਾਂ ਨੇ ਆਪਣਾ ਕੁਝ ਬਣਾਉਣਾ ਹੈ ਤਾਂ। ਹਰ ਇਕ ਚੀਜ਼ ਦਾ ਅੰਤ ਹੁੰਦਾ ਹੈ। ਹੁਣ ਸ਼ੋਰ-ਸ਼ਰਾਬੇ ਤੇ ਨੱਚਣ-ਭੁੜਕਣ ਵਾਲੇ ਗਾਇਕਾਂ ਦਾ ਸਮਾਂ ਲੱਦਦਾ ਨਜ਼ਰ ਆਉਂਦਾ ਹੈ। ਸ਼ੋਅ ਖ਼ਾਲੀ ਜਾਣ ਲੱਗ ਪਏ ਹਨ। ਗਾਇਕ ਅਤੇ ਪਰਮੋਟਰਾਂ ਦੀ ਆਰਥਿਕਤਾ ਵੀ ਡਾਵਾਂਡੋਲ ਹੋ ਰਹੀ ਹੈ। ਇਸ ਲਈ ਉਹਨਾਂ ਨੂੰ ਇਸ ਮੰਡੀ ਵਿਚ ਕੋਈ ਨਵਾਂ ਬਦਲ ਚਾਹੀਦਾ ਹੈ, ਪਰ ਉਹ ਬਦਲ ਸਤਿੰਦਰ ਸਰਤਾਜ ਹਰਗਿਜ਼ ਨਹੀਂ।

ਇਹ ਲੇਖ ਲਿਖਣ ਦਾ ਸਾਡਾ ਮਕਸਦ ਕਿਸੇ ਵੀ ਵਿਅਕਤੀ ਵਿਸ਼ੇਸ਼ ਨੂੰ ਨਿੱਜੀ ਤੌਰ ’ਤੇ ਨਿਸ਼ਾਨਾ ਬਣਾਉਣਾ ਨਹੀਂ ਹੈ। ਅਸੀਂ ਚੌਲਾਂ ਦੀ ਦੇਗ਼ ਵਿਚੋਂ ਇਕ ਦਾਣਾ ਹੀ ਚੁਗਿਆ ਹੈ। ਇਸ ਦਾ ਉਦੇਸ਼ ਸਿਰਫ਼ ਪੰਜਾਬੀ ਗਾਇਕੀ ਬਾਰੇ ਸੰਜੀਦਾ ਬਹਿਸ ਛੇੜਨ ਦਾ ਹੈ। ਜੇ ਕੋਈ ਵਿਅਕਤੀ ਬਿਨਾ ਕਿਸੇ ਨਿੱਜੀ ਲਾਭ-ਹਾਨੀ ਦੇ ਇਸ ਬਹਿਸ ਨੂੰ ਸੰਜੀਦਗੀ ਨਾਲ ਅੱਗੇ ਤੋਰੇਗਾ ਤਾਂ ਪੰਜਾਬੀ ਗਾਇਕੀ ਦਾ ਭਵਿੱਖ ਜ਼ਰੂਰ ਸੁਨਹਿਰੀ ਹੋਵੇਗਾ।

ਪੋਸਟ ਸਕ੍ਰਪਿਟ

*ਦੀਪ ਜਗਦੀਪ, ਜਿਸ ਦਾ ਸੰਬੰਧ ਸ਼ੁਰੂ ਤੋਂ ਹੀ ਪੱਤਰਕਾਰੀ ਨਾਲ ਰਿਹਾ ਹੈ, ਦੇ ਕਹਿਣ ਮੁਤਾਬਕ, ਸਤਿੰਦਰ ਸਰਤਾਜ ਨੂੰ ਜਦੋਂ ਕੋਈ ਸੰਜੀਦਾ, ਆਲੋਚਨਾਤਮਕ ਜਾਂ ਤਿੱਖਾ ਸਵਾਲ ਪੁੱਛਿਆ ਜਾਂਦਾ ਹੈ ਤਾਂ, ਇਸ ਦਾ ਬਣਦਾ ਜਵਾਬ ਦੇਣ ਦੀ ਥਾਂ ਉਸਨੇ ਇਕ ਵਖਰਾ ਹੀ ਤਰੀਕਾ ਅਪਣਾਇਆ ਹੋਇਆ ਹੈ। ਉਹ ਸ਼ਾਇਰੀ ਕਰਨੀ ਸ਼ੁਰੂ ਕਰਨ ਦਿੰਦਾ ਹੈ। ਉਸਦੀ ਸ਼ਾਇਰੀ ਦੀ ਭੂਲ-ਭੁਲੱਈਆ ਵਿਚ ਗੰਭੀਰ ਸਵਾਲ, ਦਮ ਘੁੱਟ ਕੇ ਮਰ ਜਾਂਦਾ ਹੈ ਅਤੇ ਸਾਧਾਰਨ ਸਰੋਤਾ ਸਰਤਾਜ ਦੇ ਕਾਵਿਮਈ ਅੰਦਾਜ਼ ਵਿਚ ਮੰਤਰ-ਮੁਗਧ ਹੋਇਆ, ਅਸਲੀ ਨਿਸ਼ਾਨੇ ਤੋਂ ਭਟਕ ਜਾਂਦਾ ਹੈ। ਸਵਾਲ-ਕਰਤਾ ਕਦੇ ਤੜਫਦੇ ਸਵਾਲ ਵੱਲ ਅਤੇ ਕਦੇ ਸਰਤਾਜ ਦੇ ਚਿਹਰੇ ’ਤੇ ਫੈਲ ਰਹੀ ਮਸਨੂਈ ਜਿੱਤ ਦੀ ਬਨਾਵਟੀ ਮੁਸਕਰਾਹਟ ਵੱਲ ਦੇਖਦਾ ਰਹਿ ਜਾਂਦਾ ਹੈ।

*ਅਮਰੀਕ ਸਿੰਘ ਨੇ ਪੁਛਿਆ,‘ਯਾਰ, ਇਹ ਸਤਿੰਦਰ ਸਰਤਾਜ ਪਗੜੀ ’ਤੇ ਘੁੰਗਰੂ ਬੰਨ੍ਹਦੈ?

ਮੈਂ ਕਿਹਾ,‘ਪਤਾ ਨਹੀਂ, ਪਰ ਲਗਦੈ ਘੁੰਗਰੂ?’

ਅਮਰੀਕ ਨੇ ਕਿਹਾ, ‘ਮੈਨੂੰ ਇਸ ਗੱਲ ਨਾਲ ਤਾਂ ਕੁਝ ਨਹੀਂ ਕਿ ਉਹ ਗਿੱਟੇ ’ਤੇ ਬੰਨ੍ਹਣ ਵਾਲੀ ਚੀਜ਼ ਪਗੜੀ ’ਤੇ ਬੰਨ੍ਹਦੈ, ਮੈਨੂੰ ਤਾਂ ਡਰ ਇਸ ਗੱਲ ਦੈ ਕਿਤੇ ਪੱਗ ਥੱਲੇ ਬੰਨ੍ਹਣ ਵਾਲੀ ਫਿਫਟੀ ਗਿੱਟੇ ਨਾਲ ਨਾ ਬੰਨ੍ਹ ਲਵੇ।’

ਮੈਂ ਕਿਹਾ, ‘ਯਾਰ ਘੁੰਗਰੂ ਨਹੀਂ ਇਹ ਤਾਂ ਜੁਗਨੀ ਲੱਗਦੀ ਐ?’

ਅਮਰੀਕ ਬੋਲਿਆ, ‘ਫਿਰ ਕੀ ਐ, ਜੁਗਨੀ ਵੀ ਗਲ਼ ’ਚ ਪਾਈਦੀ ਐ। ਆਪਾਂ ਫਿਫਟੀ ਗਿੱਟੇ ਨਾਲੋਂ ਖੋਲ੍ਹ ਕੇ ਗਲ਼ ’ਚ ਪਾ ਦਿੰਨੇ ਆਂ।’

ਦੀਪ ਜਗਦੀਪ ਸਿੰਘ ਨੇ ਦੱਸਿਆ ਅਸਲ ਵਿੱਚ ਇਸਦਾ ਨਾਮ ‘ਸਰਪੇਚ’ ਹੈ, ਜੋ ਇਰਾਨੀ ਮੁਸਲਮਾਨ ਸੱਭਿਆਚਾਰ ਦਾ ਇਕ ਗਹਿਣਾ ਹੈ। (ਉਸ ਮੁਤਾਬਿਕ ਇਸ ਬਾਰੇ ਸਰਤਾਜ ਅਕਸਰ ਆਪਣੇ ਇੰਟਰਵਿਊ ਵਿਚ ਦੱਸਦਾ ਹੈ ਅਤੇ ਨਿੱਕੀ ਜਿਹੀ ਕੁੜੀ ਗੀਤ ਵਿਚ ਵੀ ਇਸਦਾ ਜ਼ਿਕਰ ਹੈ)

ਹਰਪਾਲ ਸਿੰਘ ਭਿੰਡਰ ਨੇ ਕਿਹਾ ਜਦੋਂ ਕਿਸੇ ਕੌਮ ਦੇ ‘ਸਰ’ ਤੌਂ ‘ਤਾਜ’ ਡਿੱਗਦਾ ਫਿਰ ਉਥੇ ਬੇਗਾਨੇ ‘ਸਰਪੇਚ’ ਹੀ ਸੱਜਦੇ ਹੁੰਦੇ ਆ ।

*ਸਰਤਾਜ ਦਾ ਉਪਰੋਕਤ ਗੀਤ ਸੁਣ ਕੇ ਸੁਰਤ ਪਿਛਾਂਹ ਵੱਲ ਪਰਤ ਗਈ। ਜਦੋਂ ਪ੍ਰਯੋਗਸ਼ੀਲ ਦੇ ਨਾਂ ’ਤੇ ਪੰਜਾਬੀ ਵਿਚ ਬੇਹੂਦਾ ਕਵਿਤਾ ਲਿਖ ਹੋਣ ਲੱਗ ਪਈ ਤਾਂ ਕੁਝ ਕਵਿਤਾਵਾਂ ਦ੍ਰਿਸ਼ਟੀਗੋਚਰ ਹੋਈਆਂ। ਇਹ ਪਤਾ ਨਹੀਂ ਕਿਸ ਨੇ, ਕਦੋਂ ਲਿਖੀਆਂ ਸਨ। ਉਸਤਾਦ ਸ਼ਾਇਰ ਉਲਫ਼ਤ ਬਾਜਵਾ ਮਖੌਲ ਵਜੋਂ ਸਾਨੂੰ ਇਹ ਕਵਿਤਾਵਾਂ ਸੁਣਾਉਂਦੇ ਹੋਏ ਆਖਦੇ ਸਨ ਕਿ ਪ੍ਰਯੋਗਵਾਦੀ ਕਵਿਤਾ ਦਾ ਕੀ ਐ, ਇਕ ਸਤਰ ਏਥੋਂ ਫੜ੍ਹ ਲਓ, ਇਕ ਓਥੋਂ।-

ਨੈਣ ਤੇਰੇ ਇੰਝ ਗੋਰੀਏ
ਜਿਉਂ ਬੂਰੀ ਮੱਝ ਦੇ ਸਿੰਗ
ਹਵਾ ਆਈ ਝੜ ਜਾਣਗੇ
ਪਵੇਂਗੀ ਕਿਹੜੇ ਰਾਹ।

ਜਾਂ

ਨਦੀ ਕਿਨਾਰੇ ਝੋਟਾ ਚਰਦਾ
ਮੈਂ ਸਮਝਿਆ ਚੱਕੀਰਾਹਾ
ਧੌਣੋਂ ਫੜ੍ਹ ਕੇ ਦੇਖਣ ਲੱਗੇ
ਪਰਸੋਂ ਨੂੰ ਸੰਗਰਾਂਦ

ਜਾਂ

ਊਠ ’ਤੇ ਚੜ੍ਹਦੀ ਦਾ
ਚੈਨ ’ਚ ਫਸ ਗਿਆ ਪੌਂਚਾ

* ਹਰਪਾਲ ਸਿੰਘ ਭਿੰਡਰ ਕਹਿੰਦਾ ਹੈ, ‘ਬੰਦਾ ਪਿੱਤਲ ਨੂੰ ਪਿੱਤਲ ਕਹਿ ਕੇ ਵੇਚੀ ਜਾਵੇ, ਸਾਨੂੰ ਕੋਈ ਇਤਰਾਜ਼ ਨਹੀਂ, ਪਰ ਇਹ ਤਾਂ ਸੋਨਾ ਕਹਿ ਕੇ ਪਿੱਤਲ ਵੇਚ ਰਿਹਾ ਹੈ। ਲੋਕਾਂ ਨੂੰ ਪ੍ਰਭਾਵ ਸੂਫ਼ੀਵਾਦ ਦਾ ਦੇ ਰਿਹਾ ਹੈ ਤੇ ਸੁਣਾ ਬੇਸਿਰ-ਪੈਰ ਗੀਤ ਰਿਹਾ ਹੈ। ਹੋਕਾ ਕਸਤੂਰੀ ਦਾ ਤੇ ਵੇਚ ਹਿੰਗ ਰਿਹਾ ਹੈ। ਇਸ ਲਈ ਇਹ ਮਿਸ ਪੂਜਾ ਅਤੇ ਬਠਿੰਡਾ-ਨੁਮਾ ਗਾਇਕੀ ਨਾਲੋਂ ਵੀ ਵੱਧ ਖ਼ਤਰਨਾਕ ਰੁਝਾਨ ਹੈ। ਸੂਫ਼ੀ ਤੇ ਸੰਜੀਦਾ ਗਾਇਕੀ ਦੇ ਨਾਂ ’ਤੇ ਧੱਬਾ ਹੈ। ਸੂਫ਼ੀ ਸੰਤਾਂ ਤੇ ਫ਼ਕੀਰਾਂ ਦੀ ਤੌਹੀਨ ਹੈ। ਜੇ ਵਾਕਿਆ ਹੀ ਕਿਸੇ ਨੂੰ ਸੂਫ਼ੀ ਸੰਗੀਤ ਸੁਣਨ ਦਾ ਸ਼ੌਕ ਚੜ੍ਹੇ ਤਾਂ ਉਹ ਹਾਮਦ ਅਲੀ ਬੇਲਾ, ਮੁਹੰਮਦ ਇਕਬਾਲ ਬਾਹੂ, ਆਬਿਦਾ ਪਰਵੀਨ ਜਾਂ ਸਾਈਂ ਜ਼ਹੂਰ ਵਰਗੇ ਗਾਇਕਾਂ ਨੂੰ ਸੁਣੇ। ਵਾਲ਼ ਖਿਲਾਰ ਕੇ ਤੇ ਸਿਰ ਮਾਰ ਕੇ ਕੋਈ ਸੂਫ਼ੀ ਨਹੀਂ ਬਣਦਾ। ਸੂਫ਼ੀਅਤਾ ਦਾ ਘਰ ਬਹੁਤ ਦੂਰ ਹੈ।

*ਕੈਲੇਫੋਰਨੀਆ ਵਿਚ ਵੱਸਦਾ ਅੰਬੇਦਕਰਵਾਦੀ ਸੋਚ ਰੱਖਣ ਵਾਲਾ ਨੌਜਵਾਨ ਸੋਢੀ ਸੁਲਤਾਨ ਸਿੰਘ ਆਖਦਾ ਹੈ,‘ਸਰਤਾਜ ਪੰਜਾਬੀ ਗਾਇਕੀ ਦਾ ਸ਼ੇਖਚਿਲੀ ਹੈ।’

*ਕਾਰਟਰੇਟ ਵਸਦਾ ਹਰਜੀਤ ਸਿੰਘ ਕਹਿੰਦਾ ਹੈ, ‘ਮੈਨੂੰ ਮੇਰੇ ਪੇਂਡੂ ਨੇ ਸਰਤਾਜ ਦੀ ਕੈਸਿਟ ਖਰੀਦਣ ਲਈ ਕਿਹਾ। ਮੈਂ ਦਸ ਡਾਲਰ ਖਰਚ ਕੇ ਸੁਣੀ ਤੇ ਆਪਣੇ ਪੇਂਡੂ ਨੂੰ ਫੋਨ ਕੀਤਾ, ‘ਤੂੰ ਯਾਰ ਮੇਰੇ ਦਸ ਡਾਲਰ ਖੂਹ ਵਿਚ ਸੁਟਵਾ ਦਿੱਤੇ।’

*ਮੈਂ ਅਮਰੀਕ ਸਿੰਘ ਨੂੰ ਕਿਹਾ, ‘ਯਾਰ ਸਰਤਾਜ ਦਾ ਗੀਤ ਹੈ-

ਇਹ ਜੋ ਥੋਨੂੰ ਨਜ਼ਰੀਂ ਆਉਂਦੇ
ਚੋਬਰ ਚੌੜੇ ਸੀਨੇ
ਯਾਰ ਨਗੀਨੇ
ਮਾਂ ਦੇ ਦੀਨੇ

ਉਹ ‘ਮਾਂ ਦੇ ਦੀਨੇ’ ਗਾਲ੍ਹ ਕੱਢ ਹੀ ਕੱਢ ਗਿਆ। ਗਾਲ੍ਹ ਵੀ ਅਜਿਹੀ ਕਿ ਪਿੰਡ ਵਿਚ ਕਿਸੇ ਨੂੰ ‘ਮਾਂ ਦਾ ਦੀਨਾ’ ਕਹਿ ਦਿਉ ਅਗਲਾ ਸਿਰ ਪਾੜ ਦਿੰਦੈ। ਉਂਝ ਵੀ ਸ਼ਾਇਰੀ ਵਰਗੀ ਕੋਮਲ ਕਲਾ ਵਿਚ ‘ਗਾਲ੍ਹ’ ਦਾ ਜਦੋਂ ਇਸਤੇਮਾਲ ਹੋਇਆ ਹੋਵੇਗਾ ਤਾਂ ਕਵਿਤਾ ਨੂੰ ਕਿੰਨੀ ਪੀੜ ਹੋਈ ਹੋਵੇਗੀ।’

ਹਰਪਾਲ ਸਿੰਘ ਭਿੰਡਰ ਨੇ ਗੱਲ ਅਗਾਂਹ ਤੋਰੀ,‘ਪੰਜਾਬੀ ਸਰੋਤੇ ਵਾਕਿਆ ਹੀ ‘ਰੱਬ ਵਰਗੇ’ ਹੁੰਦੇ ਹਨ। ਜਿਵੇਂ ਰੱਬ ਚੋਰਾਂ, ਠਗਾਂ, ਕਾਤਲਾਂ, ਜ਼ਾਲਮਾਂ, ਧੋਖੇਬਾਜ਼ਾਂ, ਕਮੀਨਿਆਂ ਆਦਿ ਸਾਰਿਆਂ ਦੀ ਬਿਨਾਂ ਕਿਸੇ ਦੂਈ-ਦਵੈਤ ਦੇ ਪਾਲਣਾ ਕਰਦਾ ਹੈ, ਇਵੇਂ ਹੀ ਸਾਡੇ ਇਹ ‘ਰੱਬ ਵਰਗੇ’ ਸਰੋਤੇ ਬਿਨਾਂ ਕਿਸੇ ਦੂਈ-ਦਵੈਤ ਦੇ ਇਹਨਾਂ ਊਟ-ਪਟਾਂਗ ਤੇ ਬੇਸੁਰਾ ਗਾਉਣ ਵਾਲੇ ਗਾਇਕਾਂ ਦੇ ਮੇਲੇ ਅਤੇ ਸ਼ੋਅ ਭਰ ਕੇ, ਨੋਟਾਂ ਦੀ ਬਰਖਾ ਕਰਕੇ, ਇਹਨਾਂ ਨਿਮਾਣੇ ਜਿਹੇ ਕਲਾਕਾਰਾਂ ਨੂੰ ‘ਮਾਣ’ ਬਖ਼ਸ਼ਦੇ ਹਨ। ਇਹੋ ਜਿਹੀ ਫ਼ਰਾਖ਼-ਦਿਲੀ ਤਾਂ ਫਿਰ ਰੱਬ ਹੀ ਵਿਖਾ ਸਕਦਾ ਹੈ।’

*ਲੰਬਾ ਸਮਾਂ ਹਰਵਲਭ ਸੰਗੀਤ ਸੰਮੇਲਨ ਦਾ ਆਨੰਦ ਮਾਣਨ ਵਾਲੇ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਹਰਭਜਨ ਸਿੰਘ ਬੈਂਸ ਦਾ ਕਥਨ ਹੈ- ‘ਇਸ ਮੁੰਡੇ ਨੂੰ ਨਾ ਗਾਇਕੀ ਦੀ ਸਮਝ ਹੈ ਨਾ ਸ਼ਾਇਰੀ ਦੀ।’

*ਪੰਜਾਬੀ ਸ਼ਾਇਰ ਉਂਕਾਰਪ੍ਰੀਤ ਨੇ ‘ਸਾਈਂ’ ਵਾਲਾ ਗੀਤ ਸੁਣ ਕੇ ਕਿਹਾ-‘ਇਸ ਗੀਤ ਵਿਚ ਇਹਨਾਂ ਸਤਰਾਂ ਦੀ ਕਮੀ ਹੈ-

ਸਾਈਂ, ਮੈਨੂੰ ਗਾਉਣਾ ਵੀ ਸਿਖਾਈਂ,
ਸਾਈਂ, ਮੈਨੂੰ ਲਿਖਣਾ ਸਿਖਾਈਂ,
ਸਾਈਂ, ਮੈਨੂੰ ਚੋਰੀ ਤੋਂ ਬਚਾਈਂ….।

(ਜ਼ਿਕਰਯੋਗ ਹੈ ਕਿ ਮਿਊਜ਼ਿਕ ਟਾਈਮਜ਼ ਆਨ ਲਾਈਨ ਡਾਟ ਕਾਮ, ਅੰਕ ਅਪ੍ਰੈਲ 2010 (ਪੰਨਾ 7) ਦੇ ਮੁਤਾਬਿਕ ਸਰਤਾਜ ਨੇ ਉਸਤਾਦ ਦਾਮਨ, ਗੁਰਚਰਨ ਰਾਮਪੁਰੀ, ਤਰਲੋਕ ਜੱਜ ਆਦਿ ਸ਼ਾਇਰਾਂ ਦੀ ਸ਼ਾਇਰੀ, ਕਥਿਤ ਤੌਰ ‘ਤੇ ਸਿੱਧੀ ਨਕਲ ਕਰਕੇ ਜਾਂ ਭੰਨ-ਤੋੜ ਕਰਕੇ, ਇਸ ਤਰੀਕੇ ਨਾਲ ਗਾਈ ਹੈ, ਜਿਵੇਂ ਉਹ ਸਰਤਾਜ ਦੀ ਆਪਣੀ ਸ਼ਾਇਰੀ ਹੋਵੇ। ਤਰਲੋਕ ਜੱਜ ਨੇ ਤਾਂ (ਅਜੀਤ ਜਲੰਧਰ 09 ਅਪ੍ਰੈਲ-2010 ਵਿੱਚ ) ਸਰਤਾਜ ‘ਤੇ ਉਸਦੀ ਸ਼ਾਇਰੀ ਬਿਨਾਂ ਇਜਾਜ਼ਤ ਅਤੇ ਬਿਨਾਂ ਕਰੈਡਿਟ ਦਿੱਤੇ, ‘ਮਹਿਫ਼ਲ-ਏ-ਸਰਤਾਜ’ ਵਿੱਚ ਗਾਉਣ ਦਾ ਦੋਸ਼ ਲਾਉਦਿਆਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦੀ ਗੱਲ ਵੀ ਕੀਤੀ ਹੈ।)

* ਤਿਰਛੀ ਨਜ਼ਰ ਦਾ ਲੇਖਕ ਜਸਵੰਤ ਸ਼ਾਦ ਕਹਿੰਦਾ ਹੈ,‘ਅਜੇ ਤਾਂ ਰੋਮੀਓ (ਜੈਜ਼ੀ ਬੀ) ਦੇ ਸੂਲਾਂ ਵਰਗੇ ਤਿੱਖੇ ਵਾਲ ਵੀ ‘ਠਾਂਹ ਨਹੀਂ ਹੋਏ ਕਿ ਇਹ ਇਕ ਨਵਾਂ ਕੋਝਾ ਫੈਸ਼ਨ ਪੰਜਾਬ ਵਿਚ ਚਲਾਵੇਗਾ। ਆਖਰ ਇਹ ਪੱਗ ਥੱਲਿਓਂ ਦੀ ਵਾਲ਼ ਖਿਲਾਰ ਕੇ ਸਿੱਧ ਕੀ ਕਰਨਾ ਚਾਹੁੰਦਾ ਹੈ? ’ ਉਸਨੇ ਦੱਸਿਆ ਕਿ ਇਕ ਦਿਨ ਸਰਤਾਜ ਨੂੰ ਦੇਖ ਕੇ ਉਸਦੇ ਚਾਰ ਕੁ ਸਾਲ ਦੇ ਬੇਟੇ ਨੇ ਉਸਨੂੰ ਸਵਾਲ ਕੀਤਾ-‘ਪਾਪਾ ਏਨੂੰ ‘ਜੂੜੀ’ ਨਹੀਂ ਕਰਨੀ ਆਉਂਦੀ?’

……ਓਧਰ ਬੱਚੇ ਦਾ ਮਾਸੂਮ ਸਵਾਲ ਹਵਾ ਵਿੱਚ ਲਟਕ ਰਿਹਾ ਸੀ ਅਤੇ ਏਧਰ ਅਸੀਂ ਸੁਰ ਤੇ ਸ਼ਾਇਰੀ ਦੀ ‘ਖੁੱਲ੍ਹੀ ਜੂੜੀ’ ਬਾਰੇ ਸੋਚ ਰਹੇ ਸਾਂ…!!!

-ਸੁਰਿੰਦਰ ਸੋਹਲ ਦੇ ਨਾਲ ਹਰਪਾਲ ਭਿੰਡਰ


Updated:

in

, ,

by

Tags:

ਇਕ ਨਜ਼ਰ ਇੱਧਰ ਵੀ

Comments

2 responses to “ਸੁਰਿੰਦਰ ਸੋਹਲ ਦਾ ‘ਸਰਵਿਸ ਸੈਂਟਰ’ ਤੇ ਸਰਤਾਜ ਦਾ ‘ਯਾਮਹਾ’”

  1. Anonymous Avatar
    Anonymous

    ਸੋਹਲ ਜੀ ਪਹਿਲਾ ਇਸ ਸ਼ਕਸ ਦੀ ਜੂੜੀ ਤਾਂ ਕਰਵਾ ਲਾਓ ਜਿਸ ਨਾਲ ਫ਼ੋਨ ਤੇ ਸਲਾਹ ਕਰਕੇ ਤੁਸੀ ਇਹ ਅਲੋਚਨਾ ਕਰੀ ਹੈ……. ਧੰnਵਾਦ

  2. Anonymous Avatar
    Anonymous

    ਇਸ ਲੇਖ ਵਿੱਚੋਂ ਸਿਵਾਏ ਸਤਿੰਦਰ ਸਰਤਾਜ ਵਿਰੁੱਧ ਕਿੜਾਂ ਕੱਢਣ ਦੇ ਹੋਰ ਕੁੱਝ ਨਜ਼ਰ ਨਹੀਂ ਆਇਆ। ਲੇਖ ਨੂੰ ਪੜ੍ਹ ਕੇ ਕੋਈ ਵੀ ਕਹਿ ਸਕਦਾ ਹੈ ਕਿ ਇਹ ਲੇਖ ਖਾਸ ਮਕਸਦ ਲਈ ਲਿਖਿਆ ਗਿਆ ਹੈ, ਉਹ ਮਕਸਦ ਹੈ ਡਾ: ਸਤਿੰਦਰ ਸਰਤਾਜ ਨੂੰ ਨੀਵਾਂ ਦਿਖਾਉਣਾ। ਅਸੀਂ ਓਸੇ ਭਾਸ਼ਾ ਵਿੱਚ ਇਹਦਾ ਜਵਾਬ ਨਹੀਂ ਦੇਣਾ ਚਾਹੁੰਦੇ, ਪਰ ਇਸ ਬੇਹੱਦ ਘਟੀਆ ਜ਼ਹਿਨੀਅਤ ਵਿੱਚੋਂ ਨਿੱਲਕੇ ਲੇਖ ਨੂੰ ਸਿਰੇ ਤੋਂ ਨਕਾਰਦੇ ਹਾਂ।

Leave a Reply

Your email address will not be published. Required fields are marked *

error: ਕਾਪੀ ਕਰਨਾ ਮਨ੍ਹਾਂ ਹੈ। ਲਿਖਤ ਪ੍ਰਾਪਤ ਕਰਨ ਲਈ ਈ-ਮੇਲ ਕਰੋ zordartimes@gmail.com