ਸ਼੍ਰੀਲੰਕਾ ਦੇ ਭਾਰਤ ਲਈ ਸਬਕ

-ਦੀਪ ਜਗਦੀਪ ਸਿੰਘ-

ਸ਼੍ਰੀਲੰਕਾ (Sri Lanka) ਅੱਜ ਜਿਸ ਸਥਿਤੀ ਵਿਚ ਪਹੁੰਚ ਗਿਆ ਹੈ, ਉਸ ਪਿੱਛੇ ਦੋ ਵੱਡੇ ਕਾਰਨ ਹਨ: ਭਿ੍ਰਸ਼ਟਾਚਾਰ ਤੇ ਪਰਿਵਾਰਵਾਦ। ਸੰਨ ੨੦੧੯ ਵਿਚ ਸ਼੍ਰੀਲੰਕਾਂ ਦੀ ਜਨਤਾ ਨੇ ਰਾਸ਼ਟਰਪਤੀ (President) ਗੋਟਬਾਯਾ ਰਾਜਪਕਸ਼ੇ (Gotabaya Rajapaksa) ਨੂੰ ਸੱਤਾ ਸੌਂਪੀ ਤਾਂ ਉਨ੍ਹਾਂ ਤੋਂ ਭਾਰੀ ਉਮੀਦਾਂ ਸਨ। ਪਰ ਰਾਸ਼ਟਰਪਤੀ ’ਤੇ ਭਾਰੂ ਪਰਿਵਾਰਵਾਦ ਤੇ ਸਮੁੱਚੇ ਢਾਂਚੇ ਵਿਚ ਫੈਲਿਆਂ ਭਿ੍ਰਸ਼ਟਾਚਾਰ ਇਨ੍ਹਾਂ ਉਮੀਦਾਂ ’ਤੇ ਪਾਣੀ ਫੇਰ ਗਿਆ। ਗੋਡਿਆਂ ਪਰਨੇ ਆ ਪਈ ਆਰਥਿਕਤਾ ਤੇ ਮਹਿੰਗਾਈ ਨੇ ਲੋਕਾਂ ਦਾ ਲੱਕ ਤੋੜ ਦਿੱਤਾ। ਰਾਸ਼ਟਰਪਤੀ ਕੋਰੋਨਾ ਤੇ ਯੂਰਪ ਵਿਚਲੀ ਜੰਗ ਦਾ ਬਹਾਨਾ ਲਾ ਕੇ ਸਰਕਾਰ ਦੀਆਂ ਕਮਜ਼ੋਰੀਆਂ ’ਤੇੇ ਪਰਦਾ ਪਾਉਣ ਦੀ ਕੋਸ਼ਿਸ ਕਰਦੇ ਰਹੇ। ਪਰ ਜਦੋਂ ਆਟਾ ੮੫ ਰੁਪਏ ਤੋਂ ੩੦੦ ਰੁਪਏ ਕਿਲੋ ਹੋ ਗਿਆ। ਦੇਸ਼ ਵਿਚ ਪੈਟਰੋਲ ਦੀ ਕਮੀ ਹੋ ਗਈ। ਪੰਪਾਂ ’ਤੇ ਅੰਤਹੀਣ ਕਤਾਰਾਂ ਲੱਗ ਗਈਆਂ। ਬਿਜਲੀ ਦੇ ਦਰਸ਼ਨ ਹੋਣੇ ਬੰਦ ਹੋ ਗਏ ਤਾਂ ਲੋਕਾਂ ਕੋਲ ਸੜਕਾਂ ’ਤੇ ਉਤਰਨ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਸੀ।

sri-lanka-president-home-occupied

ਆਖ਼ਰਕਾਰ ਰਾਸ਼ਟਰਪਤੀ (President) ਨੂੰ ਆਪਣੀਆਂ ਨੀਤੀਆਂ ਬਾਰੇ ਕੁਝ ਗ਼ਲਤੀਆਂ ਪ੍ਰਵਾਨ ਕਰਨੀਆਂ ਪਈਆਂ। ਇਨ੍ਹਾਂ ਵਿਚ ਦੇਸ਼ ਦੀ ਕਰ ਨੀਤੀ ਜਿਸ ਨੇ ਸਰਕਾਰੀ ਖ਼ਜ਼ਾਨੇ ਨੂੰ ਵੱਡਾ ਘਾਟਾ ਪਵਾਇਆ। ਖੇਤੀ ਖਾਦ ਦੀ ਨੀਤੀ ਨੇ ਝੋਨੇ, ਚਾਹ, ਰਬੜ ਤੇ ਨਾਰੀਅਲ ਦਾ ਝਾੜ ਬੇਤਹਾਸ਼ਾ ਘਟਾ ਦਿੱਤਾ। ਰੁਪਏ ਦੀ ਕੀਮਤ ਨੂੰ ਮਸਨੂਈ ਤੌਰ ’ਤੇ ਇਕੋ ਮੁੱਲ ’ਤੇ ਰੱਖਣ ਦੀ ਜ਼ਿੱਦ ਨੇ ਅਰਥਚਾਰੇ ਨੂੰ ਪਤਾਲ ਵਿਚ ਪਹੁੰਚਾ ਦਿੱਤਾ। ਕੌਮਾਂਤਰੀ ਮੁਦਰਾ ਫੰਡ ਨਾਲ ਵਿਚਾਰ-ਵਟਾਂਦਰਾ ਕਰਨ ਤੋਂ ਟਾਲਾ ਵੱਟੀ ਰੱਖਣਾ ਆਰਥਕਿਤਾ ਨੂੰ ਸੰਭਾਲਣ ਦੀਆਂ ਸੰਭਾਵਨਾਂ ਨੂੰ ਸੁੰਗੇੜਦਾ ਗਿਆ। ਹੱਦਾਂ ਬੰਨ੍ਹੇ ਤੋੜ ਕੇ ਫੈਲਿਆ ਪਰਿਵਾਰਵਾਦ ਤੇ ਭਿ੍ਰਸ਼ਟਾਚਾਰ ਨਾ ਮੁਆਫ਼ ਕੀਤਾ ਜਾਣ ਵਾਲਾ ਗੁਨਾਹ ਬਣ ਗਿਆ।

ਨਤੀਜਤਨ ਪੂਰਾ ਦੇਸ਼ ਸੜਕਾਂ ’ਤੇ ਉਤਰ ਆਇਆ। ਦੂਰ-ਦੁਰਾਡੇ ਦੇ ਲੋਕਾਂ ਨੇ ਸਰਕਾਰੀ ਮਸ਼ੀਨਰੀ ਦੇ ਰੋਜ਼ਾਨਾ ਕਾਰਜਾਂ ਵਿਚ ਅੰਗਦ ਦਾ ਪੈਰ ਗੱਡ ਦਿੱਤਾ। ਜਿਸ ਨਾਲ ਕੁਝ ਹੀ ਮਹੀਨਿਆਂ ਵਿਚ ਸਮੁੱਚੀ ਸਰਕਾਰੀ ਮਸ਼ੀਨਰੀ ਜਾਮ ਹੋ ਗਈ। ਸਰਕਾਰ ਵਿਰੋਧੀ ਅਰਗਲਿਆ ਲਹਿਰ ਦੇ ਤੇਜ਼ੀ ਨਾਲ ਫੈਲਣ ਨਾਲ ਸਰਕਾਰ ਦੇ ਉੱਚ ਅਹੁਦਿਆਂ ’ਤੇ ਬੈਠਿਆਂ ਨੂੰ ਅਹੁਦਿਆਂ ਛੱਡ ਕੇ ਭੱਜਣਾ ਪਿਆ।

ਰਾਸ਼ਟਰਪਤੀ ਦਾ ਭਰਾ ਬਾਸਿਲ ਰਾਜਪਕਸ਼ੇ ਆਪਣਾ ਵਿੱਤ ਮੰਤਰਾਲਾ ਛੱਡ ਕੇ ਭੱਜ ਗਿਆ, ਜਦ ਕਿ ਵੱਡਾ ਭਰਾ ਮਹਿੰਦਾ ਰਾਜਪਕਸ਼ੇ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਜ਼ਿੰਮੇਵਾਰੀ ਛੱਡ ਗਿਆ। ਲੋਕਾਂ ਦੀ ਮੰਗ ਸੀ ਕਿ ਰਾਸ਼ਟਰਪਤੀ ’ਤੇ ਉਸ ਦਾ ਪਰਿਵਾਰ ਸਾਰੇ ਸੰਸਦ ਮੈਂਬਰਾਂ ਸਮੇਤ ਅਸਤੀਫ਼ਾ ਦੇ ਕੇ ਆਪਣਾ ਅਹੁਦਾ ਛੱਡਣ। ਸਰਬ ਪਾਰਟੀ ਮੀਟਿੰਗ ਸੱਦ ਕੇ ਚੋਣਵੇਂ ਮੈਂਬਰਾਂ ਦੀ ਕੈਬਨਿਟ ਨੂੰ ਇਕ ਸਾਲ ਲਈ ਅੰਤਰਿਮ ਸਰਕਾਰ ਸੌਂਪ ਦਿੱਤੀ ਜਾਵੇ। ਇਹ ਸਰਕਾਰ ਰਾਜਪਕਸ਼ੇ ਦੀਆਂ ਨੀਤੀਆਂ ਵਿਚ ਸੋਧਾਂ ਕਰਕੇ ਦੇਸ਼ ਨੂੰ ਪਟੜੀ ’ਤੇ ਲਿਆਵੇ ਤੇ ਸਾਲ ਦੇ ਅੰਦਰ ਆਮ ਚੋਣਾਂ ਕਰਵਾਵੇ।

ਇੱਥੇ ਇਹ ਜ਼ਿਕਰ ਕਰਨਾ ਵੀ ਬਣਦਾ ਹੈ ਕਿ ਆਰਥਿਕਤਾ ਨੂੰ ਖੋਰਾ ਲਾਉਣ ਵਾਲੀਆਂ ਨੀਤੀਆਂ ਵਿਚ ਉਹ ਕਾਰਜ ਵੀ ਸ਼ਾਮਲ ਸਨ ਜਿਨ੍ਹਾਂ ਨੂੰ ਵੱਡੇ ਵਿਕਾਸ ਪ੍ਰੋਜੈਕਟ ਕਹਿ ਕੇ ਪ੍ਰਚਾਰਿਆ ਗਿਆ। ਅਸਲ ਵਿਚ ਉਨ੍ਹਾਂ ’ਤੇ ਅਰਬਾਂ ਰੁਪਏ ਕਰਜ਼ਾ ਲੈ ਕੇ ਫੂਕੇ ਗਏ, ਪਰ ਉਨ੍ਹਾਂ ਦਾ ਕੋਈ ਫ਼ਾਇਦਾ ਲੋਕਾਂ ਜਾਂ ਦੇਸ਼ ਦੇ ਖ਼ਜ਼ਾਨੇ ਨੂੰ ਨਹੀਂ ਹੋਣਾ ਸੀ।

ਇਸ ਵਿਚ ਸਭ ਤੋਂ ਵਿਵਾਦਤ ਪ੍ਰੋਜੈਕਟ ਸੀ ਲੋਟਸ ਟਾਵਰ (Lotus Tower)। ਇਸ ਨੂੰ ਖਿੱਤੇ ਦਾ ਸਭ ਤੋਂ ਉੱਚਾ ਟਾਵਰ ਬਣਾਉਣ ਦੇ ਦਾਅਵੇ ਨਾਲ ਉਸਾਰਿਆ ਜਾ ਰਿਹਾ ਸੀ। ਜਿਸ ’ਤੇ ਕਰੀਬ ੧੦੩ ਮਿਲੀਅਨ ਅਮਰੀਕੀ ਡਾਲਰ ਖਰਚੇ ਜਾਣੇ ਸਨ। ਇਹ ਪੈਸਾ ਵਿਸ਼ਵ ਬੈਂਕ (World Bank) ਤੋਂ ਕਰਜ਼ੇ ਦੇ ਰੂਪ ਵਿਚ ਲਿਆ ਗਿਆ। ਲੱਗਦਾ ਹੈ ਜਿਵੇਂ ਰਾਜਪਕਸ਼ੇ (Gotabaya Rajapaksa) ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਦੀ ਨਕਲ ਕਰਨ ’ਤੇ ਉਤਾਰੂ ਸਨ, ਜਿਨ੍ਹਾਂ ਨੇ ਅਰਬਾਂ ਰੁਪਏ ਖ਼ਰਚ ਕੇ ਪਟੇਲ ਦਾ ਸਭ ਤੋਂ ਉੱਚਾ ਬੁੱਤ ਬਣਾਇਆ। ਪਰ ਕੋਰੋਨਾ ਕਾਲ ਵਿਚ ਮਜ਼ਦੂਰ ਪੈਦਲ ਤੁਰਨ ਲਈ ਮਜ਼ਬੂਰ ਹੋਏ ਤੇ ਕਈਆਂ ਦੀ ਜਾਨ ਗਈ। ਦੂਜੀ ਲਹਿਰ ਵਿਚ ਆਕਸੀਜਨ ਦੀ ਘਾਟ ਕਰਕੇ ਲੋਕਾਂ ਦੀ ਜਾਨ ਗਈ। ਪਟੇਲ ਦੀ ਉੱਚੀ ਮੂਰਤੀ ਖੜ੍ਹੀ ਲਾਸ਼ਾਂ ਨੂੰ ਮੂੰਹ ਚਿੜਾਉਂਦੀ ਰਹੀ।

ਸ਼੍ਰੀਲੰਕਾਂ ਵਿਚ ਵੀ ਇਸ ਵੇਲੇ ਇਹੀ ਹਾਲ ਹੈ। ਲੋਕ ਰੋਟੀ ਤੇ ਇਲਾਜ ਖੁਣੋਂ ਜਾਨ ਗੁਆ ਰਹੇ ਹਨ। ਵਧੀ ਮਹਿੰਗਾਈ ਕਰਕੇ ਵਿਦਿਆਰਥੀ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਤੋਂ ਨਾਮ ਕਟਾ ਰਹੇ ਹਨ। ਵਿਦਿਆਰਥੀ, ਵਕੀਲ ਤੇ ਕਿਰਤੀ ਜੱਥੇਬੰਦੀਆਂ ਲਗਾਤਾਰ ਸੜਕਾਂ ’ਤੇ ਉਤਰ ਕਿ ਸਰਕਾਰ ਨੂੰ ਸੱਤਾ ਛੱਡਣ ਦਾ ਦਬਾਅ ਬਣਾ ਰਹੀ ਸੀ। ਆਖ਼ਰਕਾਰ ਉਹ ਦਿਨ ਆ ਗਿਆ, ਵੋਟਾਂ ਪਾ ਕੇ ਚੁਣੇ ਗਏ ਜਦੋਂ ਰਾਸ਼ਟਰਪਤੀ ਨੂੰ ਮੂੰਹ ਲੁਕਾ ਕੇ ਚੋਰੀ ਛਿਪੇ ਭੱਜਣਾ ਪਿਆ।

ਰਾਸ਼ਟਰਪਤੀ ਭਵਨ, ਪ੍ਰਧਾਨ ਮੰਤਰੀ ਨਿਵਾਸ ਤੇ ਸਰਕਾਰੀ ਇਮਾਰਤਾਂ ’ਤੇ ਲੋਕਾਂ ਦਾ ਕਬਜ਼ਾ ਹੋ ਗਿਆ ਹੈ। ਐਮਰਜੇਂਸੀ ਦਾ ਐਲਾਨ ਕੀਤਾ ਗਿਆ ਹੈ। ਆਰਜ਼ੀ ਰਾਸ਼ਟਰਪਤੀ ਰਾਨਿਲ ਵਿਕਰਮਸਿੰਘੇ ਨੇ ਪੁਲਸ ਤੇ ਫ਼ੌਜ ਨੂੰ ਖੁੱਲ੍ਹੇ ਅਖ਼ਤਿਆਰ ਦੇ ਦਿੱਤੇ ਹਨ ਕਿ ਉਹ ਪ੍ਰਦਰਸ਼ਨਕਾਰੀਆਂ ਨੂੰ ਜਿਵੇਂ ਮਰਜ਼ੀ ਚਾਹੁੰਣ ਸਰਕਾਰੀ ਇਮਾਰਤਾਂ ਤੋਂ ਬਾਹਰ ਕੱਢਣ।

ਭਾਰਤ ਦੀ ਸਰਕਾਰ ਨੂੰ ਜਿੱਥੇ ਸ਼੍ਰੀਲੰਕਾਂ (Sri Lanka) ਤੋਂ ਇਹ ਸਬਕ ਲੈਣ ਦੀ ਲੋੜ ਹੈ ਕਿ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਕੀਤੇ ਬਣਾਈਆਂ ਗਈਆਂ ਨੀਤੀਆਂ ਆਖ਼ਰਕਾਰ ਉਨ੍ਹਾਂ ਦੀ ਸੱਤਾ ਨੂੰ ਮਿੱਟੀ ਵਿਚ ਮਿਲਾ ਦੇਣਗੀਆਂ। ਇਹ ਹਾਲਾਤ ਕਿਸਾਨ ਮੋਰਚੇ ਦੌਰਾਨ ਸਰਕਾਰ ਨੇ ਦੇਖ ਹੀ ਲਏ ਹਨ। ਦੂਜਾ ਸਬਕ ਇਹ ਹੈ ਕਿ ਲੋਕਾਂ ਦਾ ਵਿਸ਼ਵਾਸ ਜਿੱਤਣ ਦਾ ਤਰੀਕਾ ਲੋਕਾਂ ਨਾਲ ਸੰਵਾਦ ਰਚਾਉਣਾ ਹੈ। ਲੋਕਾਂ ਦਾ ਦਮਨ ਕਦੇ ਵੀ ਸਰਕਾਰ ਦੀ ਉਮਰ ਨਹੀਂ ਵਧਾ ਸਕਦਾ। ਇਹ ਵੀ ਇਕ ਕੋਈ ਵੀ ਆਰਥਕ ਨੀਤੀ ਉਦੋਂ ਤੱਕ ਆਰਥਿਕਤਾ ਨੂੰ ਨਹੀਂ ਬਚਾ ਸਕਦੀ, ਜਦੋਂ ਤੱਕ ਲੋਕਾਂ ਨੂੰ ਰੋਟੀ ਤੇ ਰੁਜ਼ਗਾਰ ਨਹੀਂ ਮਿਲਦਾ।

ਸ਼੍ਰੀਲੰਕਾਂ (Sri Lanka) ਤੋਂ ਲੋਕਾਂ ਲਈ ਸਬਕ ਹੈ ਕਿ ਸ਼ਾਂਤਮਈ-ਏਕਤਾ ਵਾਲਾ ਸੰਘਰਸ਼ ਦੁਨੀਆ ਦਾ ਵੱਡੇ ਤੋਂ ਵੱਡਾ ਤਖ਼ਤ ਹਿਲਾ ਸਕਦਾ ਹੈ। ਸ਼੍ਰੀਲੰਕਾਂ ਦੀ ਬਾਰ ਐਸੋਸੀਏਸ਼ਨ ਤੋਂ ਲੈ ਕੇ ਵਿਦਿਆਰਥੀ ਜੱਥੇਬੰਦੀਆਂ ਤੱਕ ਸਭ ਨੇ ਲੋਕਾਂ ਨੂੰ ਇਕ ਹੀ ਅਪੀਲ ਕੀਤੀ ਕਿ ਉਹ ਸੜਕਾਂ ’ਤੇ ਉਤਰਨ, ਪ੍ਰਦਸ਼ਨ ਕਰਨ, ਪਰ ਸਰਕਾਰੀ ਸੰਪੱਤੀ ਜਾਂ ਵਿਅਕਤੀਆਂ ਨੂੰ ਨੁਕਸਾਨ ਨਾ ਪਹੁੰਚਾਉਣ। ਇਸ ਵੇਲੇ ਜਦੋਂ ਸਮੁੱਚੇ ਸਰਕਾਰੀ ਤੰਤਰ ’ਤੇ ਜਨਤਾ ਦਾ ਕਬਜ਼ਾ ਹੈ ਤਾਂ ਵੀ ਇਹ ਅਪੀਲਾਂ ਕੀਤੀਆਂ ਜਾ ਰਹੀਆਂ ਹਨ। ਨਤੀਜਤਨ ਸ਼੍ਰੀਲੰਕਾਂ ਵਿਚ ਤਖ਼ਤਾ ਪਲਟ ਦਾ ਅਮਲ ਜ਼ਿਆਦਾਤਰ ਸ਼ਾਂਤਮਈ ਰਿਹਾ ਹੈ। ਜਿੱਤ ਆਖ਼ਰ ਲੜਦੇ ਲੋਕਾਂ ਦੀ ਹੀ ਹੁੰਦੀ ਹੈ।

ਜ਼ੋਰਦਾਰ ਟਾਈਮਜ਼ ਇਕ ਸੁਤੰਤਰ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਇਮਾਨਦਾਰੀ, ਨਿਰਪੱਖਤਾ, ਨਿਡਰਤਾ ਤੇ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ।
ਜ਼ੋਰਦਾਰ ਟਾਈਮਜ਼ ਇਕ ਸੁਤੰਤਰ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਇਮਾਨਦਾਰੀ, ਨਿਰਪੱਖਤਾ, ਨਿਡਰਤਾ ਤੇ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ।

Updated:

in

by

Tags:

ਇਕ ਨਜ਼ਰ ਇੱਧਰ ਵੀ

Comments

Leave a Reply

error: ਕਾਪੀ ਕਰਨਾ ਮਨ੍ਹਾਂ ਹੈ। ਲਿਖਤ ਪ੍ਰਾਪਤ ਕਰਨ ਲਈ ਈ-ਮੇਲ ਕਰੋ zordartimes@gmail.com