ਮੇਲ ਕਰਾਦੇ ਰੱਬਾ: ਬਾਲੀਵੁੱਡ ਮਸਾਲਾ, ਪੰਜਾਬੀ ਤੜਕਾ, ਵਾਧੂ ਖੜਕਾ-ਦੜਕਾ

ਫ਼ਿਲਮ ਸਮੀਖਿਆ/ਦੀਪ ਜਗਦੀਪ ਸਿੰਘ

‘ਮੇਲ ਕਰਾਦੇ ਰੱਬਾ’ ਵਪਾਰਕ ਤੌਰ ‘ਤੇ ਭਾਵੇਂ ਸਫ਼ਲ ਫ਼ਿਲਮ ਹੋਵੇ, ਪਰ ਸਮਾਜਕ ਕਦਰਾਂ-ਕੀਮਤਾਂ ਨੂੰ ਢਾਹ ਲਾਉਂਦੀ ਹੈ। ਫ਼ਿਲਮ ਦਾ ਨਾਰਾ ‘ਹਾਕੀ ਦੀ ਤਾਕਤ ਕਲਮ ਦੀ ਤਾਕਤ ਨਾਲੋਂ ਵੱਧ ਹੈ’ ਨੌਜਵਾਨਾਂ, ਖ਼ਾਸ ਕਰਕੇ ਪੰਜਾਬੀਆਂ ਨੂੰ ਪੜ੍ਹਾਈ ਛੱਡ ਕੇ ਹਿੰਸਾ ਅਪਣਾਉਣ ਦੀ ਸਲਾਹ ਦਿੰਦਾ ਹੈ, ਉਹ ਵੀ ਕਿਸੇ ਕ੍ਰਾਂਤੀਕਾਰੀ ਸਮਾਜਕ ਬਦਲਾਅ ਲਈ ਨਹੀਂ, ਬਲਕਿ ਆਪਣੀ ਫੌਕੀ ਅਣਖਨੁਮਾ ਹਉਮੈ, ਦੌਲਤ ਅਤੇ ਵਾਧੂ ਦੀ ਟੌਹਰ ਦਿਖਾਉਣ ਲਈ ਅਤੇ ਕਿਸੇ ਸੋਹਣੀ ਕੁੜੀ ਦਾ ਦਿਲ ਜਿੱਤਣ ਲਈ।

ਜੇ ਦੋ ਹਰਫ਼ੀ ਗੱਲ੍ਹ ਕਰਾਂ ਤਾਂ, ਮੇਲ ਕਰਾਦੇ ਰੱਬਾ ਪੰਜਾਬੀ ਵਿਚ ਬਣਾਈ ਗਈ ਆਮ ਬਾਲੀਵੁੱਡ ਮਸਾਲਾ ਫ਼ਿਲਮ ਹੈ, ਜਿਸ ਵਿਚ ਕਥਿਤ ਪੰਜਾਬਿਅਤ ਦੀ ਟੌਹਰ ਦਾ ਤੜਕਾ ਲਾਇਆ ਗਿਆ ਹੈ। ਮੁੰਡ੍ਹੀਰ ਨੂੰ ਇਹ ਫ਼ਿਲਮ ਪਸੰਦ ਆਏਗੀ, ਕਿਉਂ ਕਿ ਉਹ ਇਦਾਂ ਦੀ ਫੋਕੀ ਟੌਹਰ ਅਤੇ ਦਿਖਾਵੇ ਨੂੰ ਪਸੰਦ ਕਰਦੀ ਹੈ, ਪੰਜਾਬੀ ਮੁਟਿਆਰਾਂ ਵੀ ਸੀਰਤ (ਨੀਰੂ ਬਾਜਵਾ) ਦੇ ਕਿਰਦਾਰ ਵਿਚ ਖੁਦ ਦੀ ਝਲਕ ਦੇਖ ਸਕਦੀਆਂ ਹਨ, ਕਿਉਂ ਕਿ ਇਹ ਕਿਰਦਾਰ ਉਨ੍ਹਾਂ ਦੇ ਦਿਲੀ ਅਹਿਸਾਸਾਂ ਅਤੇ ਜਜ਼ਬਾਤਾਂ ਨੂੰ ਦਰਸਾਉਂਦਾ ਹੈ।


ਫ਼ਿਲਮ ਦੀ ਕਹਾਣੀ ਬਿਲਕੁਲ ਸਾਧਾਰਣ ਹੈ ਤੇ ਸ਼ੁਰੂ ਹੁੰਦੇ ਹੀ ਪੂਰੀ ਦੀ ਪੂਰੀ ਸਮਝੀ ਜਾ ਸਕਦੀ ਹੈ। ਮੁੱਖ ਕਿਰਦਾਰ ਰਾਜਬੀਰ ਗਿੱਲ (ਜਿੰਮੀ ਸ਼ੇਰਗਿੱਲ) ਅਤੇ ਨਿਹਾਲ (ਗਿੱਪੀ ਗਰੇਵਾਲ) ਦੋਵੇਂ ਇਕੋ ਯੂਨੀਵਰਸਿਟੀ ਵਿਚ ਪੜ੍ਹਦੇ ਹਨ। ਦੋਨਾਂ ਦੀ ਆਪੋ ਵਿਚ ਬਣਦੀ ਨਹੀਂ ਤੇ ਇਕ ਦੂਜੇ ਨੂੰ ਨੀਵਾ ਦਿਖਾਉਣ ਦਾ ਕੌਈ ਮੌਕਾ ਹੱਥੋਂ ਨਹੀਂ ਜਾਣ ਦਿੰਦੇ, ਪਰ ਇਸ ਖਹਿਬਾਜੀ ਦਾ ਕੋਈ ਕਾਰਣ ਫ਼ਿਲਮ ਦੇ ਅੰਤ ਤੱਕ ਨਹੀਂ ਸਮਝ ਆਉਂਦਾ। ਫ਼ਿਲਮ ਦੀ ਸ਼ੁਰੂਆਤ ਵਿਚ ਰਾਜਬੀਰ ਇੱਕ ਮੁੰਡੇ ਨੂੰ ਹਾਕੀ ਨਾਲ ਬੁਰੀ ਤਰ੍ਹਾਂ ਕੁੱਟ ਰਿਹਾ ਹੈ। ਨਿਹਾਲ ਆਉਂਦਾ ਤਾਂ ਉਸ ਨੂੰ ਬਚਾਉਣ ਲਈ ਹੈ, ਪਰ ਨਾ ਉਹ ਫੱਟੜ ਮੁੰਡੇ ਨੂੰ ਰਾਜਬੀਰ ਦੇ ਹੱਥੋਂ ਛੁਡਾਉਂਦਾ ਹੈ ਤੇ ਨਾ ਹੀ ਉਸ ਨੂੰ ਬਚਾਉਣ ਲਈ ਕੁਝ ਕਰਦਾ ਹੈ। ਬੱਸ ਆਪਣੀ ਟੌਹਰ ਦਿਖਾਉਂਦੇ ਹੋਇਆ ਭਾਰੇ ਭਾਰੇ ਡਾਇਲੌਗ ਬੋਲਦਾ ਹੈ, ਜਿਸਤੇ ਉਸਨੂੰ ਖੂਬ ਤਾੜੀਆਂ ਮਿਲਦੀਆਂ ਹਨ।ਇਹੋ ਜਿਹੇ ਕਈ ਦ੍ਰਿਸ਼ ਹਨ, ਜਿਨ੍ਹਾਂ ‘ਚ ਲੱਗਦਾ ਹੈ ਕਿ ਉਹ ਬੱਸ ਹੁਣ ਲੜ ਈ ਪੈਣਗੇ, ਪਰ ਫਾਲਤੂ ਦੀ ਡਾਇਲੌਗਬਾਜ਼ੀ ਤੋਂ ਸਿਵਾ ਕੁਝ ਨਹੀਂ ਹੁੰਦਾ। ਇਕ ਵਾਰ ਦੋਹਾਂ ਦੇ ਚੇਲੇਨੁਮਾ ਦੋਸਤ ਜ਼ਰੂਰ ਆਪੋ ਵਿਚ ਲੜਦੇ ਹਨ। ਭਾਵੇਂ ਕਿ ਇਹ ਪੂਰੀ ਡਰਾਮੇਬਾਜ਼ੀ ਫ਼ਿਲਮ ਦੀ ਮੁੱਖ ਕਹਾਣੀ ਨੂੰ ਅੱਗੇ ਵਧਾਉਣ ਵਿਚ ਮਦਦ ਕਰਦੀ ਹੈ, ਪਰ ਆਪਣੇ ਆਪ ਵਿਚ ਅਰਥਹੀਣ ਜਾਪਦੀ ਹੈ।

ਕੁੰਡੀਆਂ ਦੇ ਸਿੰਗ ਫਸਾਉਣ ਤੋਂ ਸ਼ੁਰੂ ਹੋਈ ਕਹਾਣੀ ਉਦੋਂ ਮੁਹੱਬਤ ਅਤੇ ਨਫ਼ਰਤ ਦੀ ਕਹਾਣੀ ਵਿਚ ਤਬਦੀਲ ਹੋ ਜਾਂਦੀ ਹੈ, ਜਦੋਂ ਕੋਲੋਂ ਲੰਘਦੀ ਸੀਰਤ ਨਾਲ ਰਾਜਬੀਰ ਦੀਆਂ ਅੱਖਾਂ ਚਾਰ ਹੁੰਦੀਆਂ ਹਨ। ਰਾਜਬੀਰ ਪਹਿਲੀ ਨਜ਼ਰੇ ਸੀਰਤ ਨੂੰ ਪਿਆਰ ਕਰ ਬਹਿੰਦਾ ਹੈ ਅਤੇ ਸੀਰਤ ਉਸ ਦੇ ਹਿੰਸਕ ਰੂਪ ਨੂੰ ਦੇਖ ਕੇ ਦਿਲੋਂ ਨਫ਼ਰਤ ਕਰਨ ਲੱਗਦੀ ਹੈ। ਇੱਥੋਂ ਕਹਾਣੀ ਸਾਧਾਰਨ ਰੁਖ਼ ਅਖ਼ਤਿਆਰ ਕਰ ਲੈਂਦੀ ਹੈ। ਜਿਸ ਵੇਲੇ ਇਕ ਪਾਸੇ ਰਾਜਬੀਰ, ਸੀਰਤ ਦਾ ਦਿਲ ਜਿੱਤਣ ਲਈ ਕੁਝ ਵਿਲੱਖਣ ਕਾਰਨਾਮੇ ਕਰਦਾ ਹੈ ਅਤੇ ਆਪਣੇ ਇਰਾਦੇ ਵਿਚ ਸਫ਼ਲ ਹੋ ਜਾਂਦਾ ਹੈ, ਦੂਜੇ ਪਾਸੇ ਸੀਰਤ ਦੇ ਮਾਪਿਆਂ ਨੂੰ ਰਾਜਬੀਰ ਦੀ ਅਸਲੀਅਤ ਪਤਾ ਲੱਗ ਜਾਂਦੀ ਹੈ। ਦੋਹਾਂ ਦਾ ਪਿਆਰ ਰਿਸ਼ਤੇ ਵਿਚ ਤਬਦੀਲ ਹੋਣ ਤੋਂ ਪਹਿਲਾਂ ਹੀ ਟੁੱਟ ਜਾਂਦਾ ਹੈ।

ਕਹਾਣੀ ਵਿਚ ਕੁਝ ਇਹੋ ਜਿਹੀਆਂ ਖਾਮੀਆਂ ਹਨ, ਜੋ ਇਸ ਨੂੰ ਸੱਚਾਈ ਤੋਂ ਕੋਹਾਂ ਦੂਰ ਲੈ ਜਾਂਦੀਆਂ ਹਨ। ਰਿਸ਼ਤਾ ਲੈ ਕੇ ਘਰ ਆਾਏ ਰਾਜਬੀਰ ਨੂੰ ਸੀਰਤ ਜਦੋਂ ਬੁਰਾ-ਭਲਾ ਕਹਿੰਦੀ ਹੈ, ਉਦੋਂ ਰਾਜਬੀਰ ਮਾਂ ਉਸ ਦੀ ਨਾਲ ਵਾਲੀ ਕੁਰਸੀ ਤੇ ਬੈਠੀ ਚੁੱਪਚਾਪ ਸੁਣਦੀ ਰਹਿੰਦੀ ਹੈ। ਇਹ ਕਿਵੇਂ ਹੋ ਸਕਦਾ ਹੈ ਕਿ ਕੁੜੀ ਪੁੱਤ ਨੂੰ ਬੁਰਾ ਭਲਾ ਕਹੇ ਤੇ ਮਾਂ ਬਿਨ੍ਹਾਂ ਮੱਥੇ ਵੱਟ ਪਾਏ ਚੁੱਪਚਾਪ ਸੁਣਦੀ ਰਹੇ। ਅੱਗੇ ਜਾ ਕੇ ਦਿਲ ਵਾਲੀ ਕੋਠੀ ਗੀਤ ਦੌਰਾਨ ਉਹੀ ਸੀਰਤ, ਰਾਜਬੀਰ ਨਾਲ ਠੁਮਕੇ ਮਾਰ ਕੇ ਨੱਚਦੀ ਹੈ, ਜਿਹੜੀ ਘੜੀ ਕੁ ਪਲ ਪਹਿਲਾਂ ਉਸ ਨੂੰ ਦੇਖਣਾ ਵੀ ਪਸੰਦ ਨਹੀਂ ਕਰਦੀ ਸੀ।ਹੋਈ ਨਾ ਹੈਰਾਨੀ!!!

ਇਹ ਤਾਂ ਕੁਝ ਵੀ ਨਹੀਂ, ਅੱਗੇ ਜਾ ਕੇ ਸੀਰਤ ਤੇ ਨਿਹਾਲ ਦਾ ਵਿਆਹ ਤੈਅ ਹੁੰਦਾ ਹੈ। ਘਰ-ਪਰਿਵਾਰ ਵਾਲੇ ਪਹਿਲਾਂ ਹੀ ਮੈਰਿਜ ਪੈਲੇਸ ਵਿਚ ਬੈਠੇ ਹਨ, ਜਦਕਿ ਸੀਰਤ ਅਤੇ ਨਿਹਾਲ ਦੋਵੇ ਮੋਢੇ ਨਾਲ ਮੋਢਾ ਜੋੜੀ ਹਾਲ ਵਿਚ ਦਾਖਿਲ ਹੁੰਦੇ ਹਨ ਤੇ ਆ ਕੇ ਸਜਾਈਆਂ ਹੋਈਆਂ ਕੁਰਸੀਆਂ ਤੇ ਬਹਿ ਜਾਂਦੇ ਹਨ। ਭਲਾ ਇਸ ਤਰ੍ਹਾਂ ਲਾੜਾ-ਲਾੜੀ ਕਦੋਂ ਤੋਂ ਪੰਜਾਬ ਦੇ ਵਿਆਹਾਂ ਵਿਚ ਆਉਣ ਲੱਗ ਪਏ। ਹੈਰਾਨੀ ਤਾਂ ਇਹ ਵੀ ਹੋਈ ਕਿ ਜਿਹੜੀ ਸੀਰਤ ਨੂੰ ਨਿਹਾਲ ਦੀ ਫੋਟੋ ਦੇਖਣਾ ਵੀ ਗਵਾਰਾ ਨਹੀਂ ਸੀ, ਉਹ ਕਿਵੇਂ ਉਸੇ ਨਿਹਾਲ ਦੇ ‘ਘਰੋਂ ਹੀ’ ਉਸ ਨਾਲ ਤਿਆਰ ਹੋ ਕੇ ਆਉਂਦੀ ਹੈ। 

ਅਦਾਕਾਰੀ ਦੀ ਗੱਲ ਕਰੀਏ ਤਾਂ ਜਿੰਮੀ ਸ਼ੇਰਗਿੱਲ ਨੇ ਇਕ ਵਾਰ ਫੇਰ ਸਾਬਿਤ ਕੀਤਾ ਹੈ ਕਿ ਉਹ ਕਿਰਦਾਰ ਦੇ ਰੂਪ ਵਿਚ ਖੁਦ ਨੂੰ ਢਾਲਣ ਵਿਚ ਕੋਈ ਕਸਰ ਨਹੀਂ ਛੱਡਦਾ। ਨਾ ਸਿਰਫ਼ ਉਸ ਨੇ ਰਾਜਬੀਰ ਦਾ ਕਿਰਦਾਰ ਨਿਭਾਇਆ ਹੈ, ਬਲਕਿ ਉਸ ਨੂੰ ਪਰਦੇ ‘ਤੇ ਜਿਊਂਦਾ ਕਰ ਦਿਖਾਇਆ ਹੈ। ਜਿੰਮੀ ਪੰਜਾਬੀ ਸਿਨੇਮਾ ਦਾ ਚਿਹਰਾ ਬਣਨ ਦਾ ਮਾਦਾ ਰੱਖਦਾ ਹੈ, ਬਸ਼ਰਤੇ ਕਿ ਉਹ ਪੰਜਾਬੀ ਬੋਲਣ ਦੇ ਅੰਦਾਜ਼ ਉੱਪਰ ਥੋੜ੍ਹੀ ਮਿਹਨਤ ਕਰੇ। ਗਿੱਪੀ ਗਰੇਵਾਲ ਵੀ ਅਦਾਕਾਰੀ ਅਤੇ ਸੰਵਾਦ ਅਦਾਇਗੀ ਦੇ ਮਾਮਲੇ ਵਿਚ ਆਸ ਨਾਲੋਂ ਇੱਕੀ ਸਾਬਤ ਹੋਇਆ ਹੈ। ਆਪਣੇ ਕਿਰਦਾਰ ਵਿਚ ਉਹ ਖਰਾ ਉਤਰਿਆ ਹੈ ਤੇ ਅੰਤ ਨਕਾਰਾਤਮਕ ਕਿਰਦਾਰ ਵਾਲਾ ਨਾਇਕ ਹੋ ਨਿਬੜਦਾ ਹੈ। ਉਂਝ ਇਹ ਹਾਲੇ ਉਸਦੀ ਪਹਿਲੀ ਫ਼ਿਲਮ ਹੈ, ਸੋ ਉਸ ਵੱਲੋਂ ਭਵਿੱਖ ਵਿਚ ਹੋਰ ਸਿੱਖਣ ਕੇ ਦਰਸ਼ਕਾਂ ਦੀ ਕਚਹਿਰੀ ਵਿਚ ਹਾਜ਼ਿਰ ਹੋਣ ਦੀ ਆਸ ਹੈ। ਛੋਟੇ, ਪਰੰਤੂ ਪ੍ਰਭਾਵਸ਼ਾਲੀ ਕਿਰਦਾਰ ਰਾਹੀਂ ਉਸ ਨੇ ਵੱਡੇ ਪਰਦੇ ਵੱਲ ਕਦਮ ਵਧਾਉਣ ਲਈ ਪਹਿਲੀ ਫ਼ਿਲਮ ਦੀ ਸਟੀਕ ਚੋਣ ਕੀਤੀ ਹੈ, ਪਰ ਭਵਿੱਖ ਵਿਚ ਉਸ ਉੱਪਰ ਨਾਂ-ਪੱਖੀ ਕਿਰਦਾਰਾਂ ਦਾ ਠੱਪਾ ਲੱਗ ਜਾਣ ਦਾ ਵੀ ਖਤਰਾ ਹੈ। ਸੀਰਤ ਦੇ ਕਿਰਦਾਰ ਵਿਚ ਨੀਰੂ ਬਾਜਵਾ ਦੀ ਦਿੱਖ ਅਤੇ ਅਦਾਕਾਰੀ ਵਿਚ ਕਾਫ਼ੀ ਨਿਖਾਰ ਆਇਆ ਹੈ। ਹੁਣੇ-ਹੁਣੇ ਕਸਰਤ ਕਰ ਕੇ ਬਣਾਈ ਗਈ ਛਮਕ ਜਿਹੀ ਮੁਟਿਆਰ ਵਾਲੀ ਕਾਇਆ ਦਰਸ਼ਕਾਂ ਦਾ ਦਿਲ ਟੁੰਬਦੀ ਹੈ। ਭਾਵੁਕਤਾ ਵਾਲੇ ਦ੍ਰਿਸ਼ਾਂ ਵਿਚ ਉਸਦੀ ਪ੍ਰੱਪਕ ਅਦਾਕਾਰੀ ਉੱਘੜ ਕੇ ਸਾਹਮਣੇ ਆਉਂਦੀ ਹੈ। ਉਸਦੇ ਪਿਤਾ ਨਾਲ ਰਾਜਬੀਰ ਦੀ ਗਰਮਾ-ਗਰਮ ਬਹਿਸ ਤੋਂ ਬਾਅਦ ਜਦੋਂ ਉਹ ਪਿਆਰ ਦੇ ਕੌਲ ਤੋਂ ਮੁਨਕਰ ਹੋ ਜਾਂਦਾ ਹੈ ਅਤੇ ਇਕ ਹਿੰਸਕ ਲੜਾਕੂ ਮੁੰਡੇ ਵਾਂਗ ਪੇਸ਼ ਆਉਂਦਾ ਹੈ (ਜੋ ਕਿ ਇਕ ਦਿਖਾਵਾ ਮਾਤਰ ਹੁੰਦਾ ਹੈ) ਤਾਂ ਪ੍ਰੇਮਿਕਾ ਦੇ ਚੂਰ-ਚੂਰ ਹੋਏ ਦਿਲ ਦੀਆਂ ਭਾਵਨਾਵਾਂ ਨੂੰ ਨੀਰੂ ਆਪਣੇ ਚਿਹਰੇ ਰਾਹੀਂ ਬਖੂਬੀ ਪ੍ਰਗਟਾਉਂਦੀ ਹੈ। ਚੰਗੀ ਅਦਾਕਾਰੀ ਦੇ ਨਾਲ ਜੇ ਉਹ ਭਵਿੱਖ ਵਿਚ ਦਰਸ਼ਕਾਂ ਵਿਚ ਹਰਮਨ ਪਿਆਰੀ ਹੋਣਾ ਚਾਹੁੰਦੀ ਹੈ ਤਾਂ ਆਪਣੇ ਪਹਿਰਾਵੇ ਦਾ ਨੀਰੂ ਨੂੰ ਗੰਭੀਰਤਾ ਨਾਲ ਖਿਆਲ ਰੱਖਣਾ ਪਵੇਗਾ। ਉਂਝ ਜੀਂਨਸ-ਟੌਪ ਵਾਲੇ ਪਹਿਰਾਵੇ ਵਿਚ ਭਾਵੇਂ ਉਹ ਖੂਬਸੂਰਤ ਲੱਗਦੀ ਹੈ, ਪਰ ਜਦੋਂ ਉਹ ਆਪਣੇ ਟੌਪ ਦਾ ਗਲਾ ਡੌਲਿਆਂ ਤੱਕ ਹੇਠਾਂ ਤੱਕ ਖਿੱਚ ਕੇ ਪਾਉਂਦੀ ਹੈ ਤਾਂ ਪਤਾ ਲੱਗਦਾ ਹੈ ਕਿ ਇਸ ਤਰ੍ਹਾਂ ਜਾਣ ਬੁੱਝ ਕੇ ਕੀਤਾ ਹੋਇਆ ਹੈ ਅਤੇ ਬੇਹੱਦ ਭੱਦਾ ਲੱਗਦਾ ਹੈ। ਇਹ ਉਦੋਂ ਹੋਰ ਵੀ ਬੁਰਾ ਲੱਗਦਾ ਹੈ, ਜਦੋਂ ਉਸੇ ਦ੍ਰਿਸ਼ ਵਿਚ ਲਾਡ ਨਾਲ ਸੀਰਤ ਦਾ ਪਿਤਾ ਆਪਣੀ ਧੀ ਦੇ ਅਣਕੱਜੇ ਮੋਢੇ ਤੇ ਹੱਥ ਰੱਖਦਾ ਹੈ। ਪੰਜਾਬੀ ਪਹਿਰਾਵੇ ਵਿਚ ਉਹ ਬਹੁਤ ਸੋਹਣੀ ਫੱਬਦੀ ਹੈ। ਫ਼ਿਲਮ ਵਿਚਲੀ ਕਾਮੇਡੀ ਅਤੇ ਸਾਰੇ ਕਾਮੇਡਿਅਨ ਕਮਾਲ ਦੇ ਹਨ। ਜਸਵਿੰਦਰ ਭੱਲਾ ਆਪਣੇ ਕਿਰਦਾਰ ਵਿਚ ਬੇਹੱਦ ਪ੍ਰਭਾਵਸ਼ਾਲੀ ਰਿਹਾ ਹੈ, ਖ਼ਾਸ ਕਰ ਕੇ ਰਾਜਬੀਰ ਨੂੰ ‘ਵਿਆਹ ਦਾ ਲੱਡੂ’ ਖਾਣ ਲਈ ਮਨਾਉਣ ਵਾਲਾ ਦ੍ਰਿਸ਼ ਕਮਾਲ ਦਾ ਹੈ ਅਤੇ ਬਹੁਤ ਖੂਬਸੂਰਤੀ ਨਾਲ ਫ਼ਿਲਮਾਇਆ ਗਿਆ ਹੈ। ਭੋਟੂ ਸ਼ਾਹ-ਕਾਕੇ ਸ਼ਾਹ ਵੀ ਆਪਣੇ ਕਿਰਦਾਰ ਨਾਲ ਇਨਸਾਫ਼ ਕਰ ਗਏ ਹਨ। ਅਮਰ ਨੂਰੀ, ਭਾਵੇਂ ਕਿ ਚਿਹਰੇ ਤੋਂ ੳੇੁਸਦੀ ਉਮਰ ਸਾਫ ਨਜ਼ਰ ਆਈ (ਜੋ ਕਿ ਉਹਦੇ ਕਿਰਦਾਰ ਲਈ ਜਰੂਰੀ ਸੀ), ਵੀ ਛੜੀ ਰਾਣੋ  ਦੇ ਕਿਰਦਾਰ ਵਿਚ ਆਪਣੀ ਅਦਾਕਾਰੀ ਦਾ ਲੋਹਾ ਮਨਵਾਉਣ ਵਿਚ ਕਾਮਯਾਬ ਰਹੀ ਹੈ। ਸ਼ਿਵਇੰਦਰ ਮਾਹਲ (ਸੀਰਤ ਦਾ ਪਿਤਾ) ਰੇਲਵੇ ਲਾਈਨਾਂ ਦੇ ਆਰ-ਪਾਰ ਫਿਲਮਾਏ ਗਏ ਦ੍ਰਿਸ਼ ਵਿਚ ਰਾਜਬੀਰ ਦੇ ਰੂ-ਬ-ਰੂ ਹੁੰਦਿਆਂ ਉਹ ਵਿਆਹੁਣਯੋਗ ਧੀ ਦੇ ਪਿਤਾ ਦਾ ਕਿਰਦਾਰ ਬਖੂਬੀ ਨਿਭਾ ਗਿਆ ਹੈ। ਬਾਕੀ ਸਾਰੀਆਂ ਅਦਾਕਾਰਾਂ ਵੀ ਆਪਣੇ ਆਪਣੇ ਕਿਰਦਾਰ ਵਿਚ ਚੰਗੀਆਂ ਲੱਗੀਆਂ ਹਨ। ਪੰਗਾ ਗੀਤ ਨਾਲ ਚਰਚਾ ਵਿਚ ਚੱਲ ਰਿਹਾ ਗਾਇਕ ਦਿਲਜੀਤ ਦਰਸ਼ਕਾਂ ਲਈ ਤੋਹਫ਼ਾ ਸਾਬਿਤ ਹੁੰਦਾ ਹੈ। ਦੋ ਕੁ ਮਿੰਟ ਦੇ ਦ੍ਰਿਸ਼ ਲਈ, ਉਸਦੀ ਅਦਾਕਾਰੀ ਬਾਰੇ ਕੋਈ ਵੀ ਟਿੱਪਣੀ ਕਰਨੀ ਕਾਹਲ ਵਾਲੀ ਗੱਲ ਹੋਵੇਗੀ, ਪਰੰਤੂ ਜਿਸ ਤਰ੍ਹਾਂ ਉਸ ਨੂੰ ਦਿਖਾਇਆ ਗਿਆ ਹੈ, ਇਹੋ ਜਿਹੇ ਦ੍ਰਿਸ਼ ਫ਼ਿਲਮ ਵਿਚ ਰੱਖਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਇਹ ਲੇਖਕ/ਨਿਰਦੇਸ਼ਕ ਦਾ ਸੋਚਿਆ ਸਮਝਿਆ ਸਮਾਜਿਕ ਕਦਰਾਂ-ਕੀਮਤਾਂ ਨੂੰ ਢਾਹ ਲਾਉਂਦਾ ਦ੍ਰਿਸ਼ ਹੈ। ਇਹ ਫ਼ਿਲਮ ਵਿਚ ਦਿੱਤੇ ਗਏ ਸੁਨੇਹੇ ‘ਪਿਆਰ ਕਿਸੇ ਵੀ ਇਨਸਾਨ ਨੂੰ ਸੁਧਾਰ ਸਕਦਾ ਹੈ’ ਦੇ ਖਿਲਾਫ਼ ਭੁਗਤਦਾ ਹੈ ਅਤੇ ਨਕਾਰਾਤਮ ਸੁਨੇਹਾ ਦਿੰਦਾ ਹੈ। ਹੈਰਾਨੀ ਦੀ ਗੱਲ੍ਹ ਤਾਂ ਇਹ ਹੈ ਕਿ ਦਿਲਜੀਤ ਨੇ ਪੜ੍ਹਾਈ ਛੱਡ ਕੇ ਹਾਕੀ ਕਿਉਂ ਚੁੱਕੀ ਇਸਦਾ ਕੋਈ ਵਾਜਿਬ ਕਾਰਨ ਵੀ ਉਹ ਨਹੀਂ ਦੱਸਦਾ। ਇਹ ਨੌਜਵਾਨ ਵਿਰੋਧੀ ਸੁਨੇਹਾ ਹੈ, ਜੋ ਉਨ੍ਹਾਂ ਨੂੰ ਸਿੱਖਿਆ ਦੀ ਬਜਾਇ ਹਿੰਸਾ ਅਪਣਾਉਣ ਲਈ ਪ੍ਰੇਰਿਤ ਕਰਦਾ ਹੈ।ਇਹੀ ਨਹੀਂ ਇਹ ਦ੍ਰਿਸ਼ ਪੜ੍ਹਾਈ ਵਿਚ ਮੱਲਾਂ ਮਾਰਨ ਵਾਲੇ ਨੌਜਵਾਨਾਂ ਦਾ ਅਪਮਾਨ ਵੀ ਹੈ ਤੇ ਪੰਜਾਬ ਦੇ ਸਨਮਾਨਿਤ ਹਾਕੀ ਖਿਡਾਰੀਆਂ ਦੀ ਸਾਖ਼ ਨੂੰ ਵੀ ਸੱਟ ਲਾਉਂਦਾ ਹੈ, ਜਿਨ੍ਹਾਂ ਨੇ ਹਾਕੀ ਦੀ ਖੇਡ ਨਾਲ ਨੌਜਵਾਨਾਂ ਨੂੰ ਉਸਾਰੂ ਰਾਹ ‘ਤੇ ਤੋਰਿਆ ਸੀ।

ਨਿਰਦੇਸ਼ਕ ਨਵਨੀਤ ਸਿੰਘ ਨੇ ਕਹਾਣੀ ਨੂੰ ਪਰਦੇ ਰਾਹੀਂ ਸੁਣਾਉਣ/ਦਿਖਾਉਣ ਲਈ ਕਾਫ਼ੀ ਮਿਹਨਤ ਕੀਤੀ ਹੈ, ਜੋ ਪਰਦੇ ਤੇ ਸਾਫ਼ ਝਲਕਦੀ ਹੈ। ਭਾਵੇਂ ਕੇ ਕਈ ਦ੍ਰਿਸ਼ਾਂ ਦੇ ਸਿਰੇ ਚੰਗੀ ਤਰ੍ਹਾਂ ਨਹੀਂ ਜੁੜੇ ਹੋਏ ਅਤੇ ਹੋਰ ਸੱਪਸ਼ਟ ਵਿਸਤਾਰ ਮੰਗਦੇ ਹਨ, ਪਰ ਨਿਰਦੇਸ਼ਕ ਇਕ ਚੰਗੀ ਦਿੱਖ ਵਾਲੀ ਬਾਲੀਵੁੱਡ ਵਰਗੀ ਫ਼ਿਲਮ ਬਣਾਉਣ ਵਿਚ ਸਫ਼ਲ ਰਿਹਾ ਹੈ। ਪਟਕਥਾ ਨੂੰ ਹੋਰ ਕੱਸਿਆ ਜਾ ਸਕਦਾ ਸੀ। ਆਪਣੀ ਅਦਾਕਾਰਾਂ ਦੀ ਟੀਮ ਨਾਲ ਨਵਨੀਤ ਦਾ ਤਾਲਮੇਲ ਵੀ ਕਮਾਲ ਦਾ ਹੈ, ਖ਼ਾਸ ਕਰ ਗਿੱਪੀ ਗਰੇਵਾਲ ਨੂੰ ਬਤੌਰ ਅਦਾਕਾਰ ਸਥਾਪਿਤ ਕਰਨ ਲਈ ਉਸ ਨੇ ਮਜ਼ਬੂਤ ਫਿਲਮਾਂਕਣ ਅਤੇ ‘ਸਪੈਸ਼ਲ ਇਫੈਕਟਸ’ ਦਾ ਇਸਤੇਮਾਲ ਕੀਤਾ ਹੈ। ਬੱਸ, ਜਿੰਮੀ ਤੇ ਗਿੱਪੀ ਦੇ ਟਕਰਾਅ ਵਿਚ ਵਾਜਿਬ ਕਾਰਣ ਦਾ ਨਾ ਹੋਣਾ ਰੜਕਦਾ ਹੈ।ਬਹੁਤ ਵਾਰ ਨਿਰਦੇਸ਼ਕ ਫ਼ਿਲਮ ਦੀ ਲੰਬਾਈ ਘੱਟ ਰੱਖਣ ਲਈ ਕਾਹਲ ਵਿਚ ਲਗਦਾ ਹੈ।‘ਮੇਲ ਕਰਾਦੇ ਰੱਬਾ’ ਵਰਗੀ ਕਿਆਸੀ ਜਾ ਸਕਣ ਵਾਲੀ ਕਹਾਣੀ ਦੀ ਸਿਨੇਮੈਟੋਗ੍ਰਾਫੀ ਹੀ ਸਭ ਤੋਂ ਦਿਲ ਖਿੱਚਵੀਂ ਹੈ। ਹਰਮੀਤ ਸਿੰਘ ਨੇ ਕਈ ਦ੍ਰਿਸ਼ਾ ਵਿਚ ਅਹਿਸਾਸ ਕਰਵਾਇਆ ਹੈ ਕਿ ਉਹ ਕੈਮਰਾ ਤੇ ਨਿਰਦੇਸ਼ਨ ਦੋਵੇਂ ਸੰਭਾਲ ਰਹੇ ਹਨ। ਐਕਸ਼ਨ ਬਹੁਤ ਨਾਟਕੀ ਹੈ। ਫ਼ਿਲਮ ਦਾ ਲੇਖਕ ਵਧਾਈ ਦਾ ਪਾਤਰ ਹੈ। ਕਈ ਡਾਇਲੌਗ ਸਹਿਜੇ ਹੀ ਜ਼ੁਬਾਨ ਤੇ ਚੜ੍ਹਨ ਵਾਲੇ ਅਤੇ ਵਧੀਆ ਲੇਖਣੀ ਦਾ ਨਮੂਨਾ ਹਨ।

ਸੰਗੀਤ ਫ਼ਿਲਮ ਦਾ ਮੁੱਖ ਆਕਰਸ਼ਣ ਹੈ, ਜੋ ਦਰਸ਼ਕਾਂ ਨੂੰ ਸਿਨੇਮਾਂ-ਘਰਾਂ ਤੱਕ ਖਿੱਚ ਲਿਆਉਂਦਾ ਹੈ। ਗੀਤ ‘ਪੰਜਾਬੀ ਮੁੰਡੇ’ ਸ਼ੁਰੂਆਤ ਵਿਚ ਹੀ ਦਰਸ਼ਕਾਂ ਨੂੰ ਚਾਅ ਚੜ੍ਹਾ ਦਿੰਦਾ ਹੈ ਤੇ ਆਤਿਫ਼ ਦਾ ਗੀਤ ‘ਰੋਣਾ ਛੱਡ ਤਾ’ ਭਾਵੁਕਤਾ ਦੀ ਸਿਖ਼ਰ ਤੇ ਲੈ ਜਾਂਦਾ ਹੈ। ‘ਦਿਲ ਵਾਲੀ ਕੋਠੀ’ ਮਸਤੀ ਤੇ ਮੁਹੱਬਤ ਦਾ ਰੰਗ ਚੜ੍ਹਾਉਂਦਾ। ਟਾਈਟਲ ਗੀਤ, ਭਾਵੇਂ ਕਿ ਕਹਾਣੀ ਵਿਚ ਪੂਰੀ ਤਰ੍ਹਾਂ ਫਿੱਟ ਹੁੰਦਾ ਹੈ, ਪਰ ਇਸ ਦੀ ਤਰਜ਼ ਇੰਨੀ ਰਫ਼ਤਾਰ ਵਾਲੀ ਹੈ ਕਿ ਐਸ. ਐਮ. ਸ਼ਾਦਿਕ ਦੇ ਲਿਖੇ ਬੋਲ ਸਪੱਸ਼ਟ ਸੁਣਾਈ ਨਹੀਂ ਦਿੰਦੇ। ਕੀ ਤੁਹਾਨੂੰ ਜਸਬੀਰ ਜੱਸੀ ਵੱਲੋਂ ਗਾਏ ਬੋਲ ‘ਤੇਰੇ ਹੱਥ ਯਾਰ ਨੂੰ ਮਿਲਾਉਣ ਵਾਲੀ ਡੋਰ ਹੈ’ ਸਮਝ ਆਏ। ਮੈਨੂੰ ਤਾਂ ਸਮਝਣ ਲਈ ਬਹੁਤ ਮਿਹਨਤ ਕਰਨੀ ਪਈ। ਗਿੱਪੀ ਦਾ ਗੀਤ (ਜੋ ਕਿ ਆਖ਼ਰੀ ਵੇਲੇ ਫ਼ਿਲਮ ਵਿਚ ਫਿੱਟ ਕੀਤਾ ਗਿਆ) ਉਸਨੂੰ ਚਾਹੁੰਣ ਵਾਲਿਆਂ ਨੂੰ ਸੰਤੁਸ਼ਟ ਨਹੀਂ ਕਰਦਾ। ਇਕ ਤਾਂ ਇਹ ਗੀਤ ਫ਼ਿਲਮ ਮੁੱਕਣ ਤੇ ਆਉਂਦਾ ਹੈ, ਦੂਸਰਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਖਤਮ ਵੀ ਹੋ ਜਾਂਦਾ ਹੈ।

ਅੰਤ ਵਿਚ ਮੁੱਕਦੀ ਗੱਲ੍ਹ ਇਹ ਹੈ ਕਿ ‘ਮੇਲ ਕਰਾਦੇ ਰੱਬਾ’ ਇਕ ਆਮ ਬਾਲੀਵੁੱਡ ਮਸਾਲਾ ਫ਼ਿਲਮ ਵਰਗੀ ਪੰਜਾਬੀ ਫ਼ਿਲਮ ਹੈ, ਜਿਹੜੀ ਟਿਕਟ ਖਿੜਕੀ ‘ਤੇ ਧਮਾਕਾ ਤਾਂ ਕਰ ਸਕਦੀ ਹੈ, ਪਰ ਲੰਬੇ ਸਮੇਂ ਤੱਕ ਯਾਦ ਨਹੀਂ ਰੱਖੀ ਜਾ ਸਕਦੀ। ਪੰਜਾਬੀ ਸਿਨੇਮਾ ਨੂੰ ਉਤਸ਼ਾਹਿਤ ਕਰਨ ਦੇ ਨਾਂ ਤੇ ਅਸੀ ਢਾਹੂ ਵਿਚਾਰ ਘਰ ਨਹੀਂ ਲਿਜਾ ਸਕਦੇ, ਖਾਸ ਕਰ ਉਦੋਂ ਜਦੋਂ, ਪੰਜਾਬ ਦੇ ਗੱਭਰੂ ਪਹਿਲਾਂ ਹੀ ਫੋਕੀ ਟੌਹਰ ਦੇ ਨਾਂ ਤੇ ਝਗੜਿਆਂ ਵਿਚ ਪੈ ਕਿ ਅਦਾਲਤਾਂ ਮੂਹਰੇ ਲੰਬੀਆਂ ਕਤਾਰਾਂ ਵਿਚ ਖੜ੍ਹੇ ਤਰੀਕਾਂ ਭੁਗਤ ਰਹੇ ਨੇ।


ਇਕ ਚੰਗੀ ਦਿੱਖ, ਗਿੱਪੀ ਗਰੇਵਾਲ ਦੇ ਨਵੇਂ ਕਿਰਦਾਰ ਅਤੇ ਮੁੱਹਬਤ ਦਾ ਰੰਗ ਮਾਣਨ ਲਈ ਇਹ ਫ਼ਿਲਮ ਦੇਖੀ ਜਾ ਸਕਦੀ ਹੈ, ਪਰ ਜੇ ਤੁਸੀ ਇਕ ਅਰਥ ਭਰਪੂਰ ਫ਼ਿਲਮ ਦੇਖਣਾ ਚਾਹੁੰਦੇ ਹੋ ਤਾਂ ‘ਮੇਲ ਕਰਾਦੇ ਰੱਬਾ’ ਤੋਂ ਤੌਬਾ ਕਰਨਾ ਹੀ ਬਿਹਤਰ ਹੈ।


Read this Review In English. Click Here–> Movie Review: Mel Karade Rabba

Updated:

in

, ,

by

ਇਕ ਨਜ਼ਰ ਇੱਧਰ ਵੀ

Comments

Leave a Reply

Your email address will not be published. Required fields are marked *

error: ਕਾਪੀ ਕਰਨਾ ਮਨ੍ਹਾਂ ਹੈ। ਲਿਖਤ ਪ੍ਰਾਪਤ ਕਰਨ ਲਈ ਈ-ਮੇਲ ਕਰੋ zordartimes@gmail.com