ਚੱਕ ਜਵਾਨਾ: ਕਹਾਣੀ ਤੇ ਸੁਨੇਹਾ ਭਾਰੂ

ਫ਼ਿਲਮ ਸਮੀਖਿਆ/ਦੀਪ ਜਗਦੀਪ ਸਿੰਘ

ਬੇਹਤਰੀਨ ਅਦਾਕਾਰੀ, ਦਿਲ ਨੂੰ ਛੋਹ ਲੈਣ ਵਾਲਾ ਸੰਗੀਤ ਅਤੇ ਵਾਜਿਬ ਸੁਨੇਹੇ ਦੇ ਵਿਚਕਾਰ ਚੰਗੀ ਕਹਾਣੀ ਕਿਤੇ ਗੁਆਚ ਕੇ ਰਹਿ ਗਈ। ਗੁਰਦਾਸ ਮਾਨ ਦੀ ਚਿਰਾਂ ਤੋਂ ਉਡੀਕੀ ਜਾ ਰਹੀ ਇਸ ਫ਼ਿਲਮ ਤੋਂ ਦਰਸ਼ਕਾਂ ਨੂੰ ਜਿੰਨ੍ਹੀਆਂ ਆਸਾ ਸਨ, ਉਨ੍ਹਾਂ ‘ਤੇ ਇਹ ਪੂਰੀ ਤਰ੍ਹਾਂ ਖਰੀ ਨਹੀਂ ਉਤਰਦੀ। ਕਮਜ਼ੋਰ ਪਟਕਥਾ ਦਰਸ਼ਕਾਂ ਨੂੰ ਆਪਣੇ ਨਾਲ ਜੋੜ ਸਕਣ ਵਿਚ ਅਸਫ਼ਲ ਰਹਿ ਗਈ।ਉਂਝ ਕਹਾਣੀ ਨਸ਼ਾਖੋਰੀ ਦੀ ਬੀਮਾਰੀ ਨਾਲ ਪੀੜਿਤ ਨੌਜਵਾਨਾਂ ਦੀ ਮਾਨਸਿਕਤਾ, ਮਾਪਿਆਂ ਅਤੇ ਸਮਾਜ ਦੇ ਉਨ੍ਹਾਂ ਪ੍ਰਤਿ ਵਿਵਹਾਰ ਅਤੇ ਇਸ ਸੱਮਸਿਆ ਦੇ ਹੱਲ ਲਈ ਲੋੜੀਂਦੇ ਨੁਕਤਿਆਂ ਉੱਪਰ ਗੰਭੀਰਤਾ ਨਾਲ ਚਾਨਣਾ ਪਾਉਂਦੀ ਹੈ।

ਚੱਕ ਜਵਾਨਾ ਦੀ ਕਹਾਣੀ ਬਿਲਕੁਲ ਸਿੱਧੀ ਸਾਦੀ ਹੈ। ਭਾਰਤ ਦੀ ਸਮੁੰਦਰੀ ਫੌਜ (ਨੇਵੀ) ਦਾ ਕੈਪਟਨ ਗੁਰਜੀਤ ਸਿੰਘ (ਗੁਰਦਾਸ ਮਾਨ)
ਆਪਣੇ ਮਾਪਿਆਂ ਦੀ ਚਿੰਤਾਵਾਂ ਦੂਰ ਕਰਨ ਲਈ ਛੁੱਟੀ ਲੈ ਕੇ ਪਿੰਡ ਆਉਂਦਾ ਹੈ ਤਾਂ ਉਸ ਨੂੰ ਪਤਾ ਲੱਗਦਾ ਹੈ ਕਿ ਉਸਦਾ ਲਾਡਲਾ ਭਰਾ ਰਾਜਾ (ਗੌਰਵ ਕੱਕੜ) ਅਤੇ ਉਸਦੇ ਦੋਸਤ ਨਸ਼ਿਆਂ ਵਿਚ ਡੁੱਬੇ ਹੋਏ ਹਨ, ਜਿਸ ਕਰ ਕੇ ਸਭ ਦੇ ਪਰਿਵਾਰ ਘੋਰ ਨਿਸ਼ਾਰਾ ਅਤੇ ਦੁੱਖ ਝੱਲ ਰਹੇ ਹਨ। ਕੈਪਟਨ ਬਹੁਤ ਹੀ ਸੰਜੀਦਗੀ ਅਤੇ ਉਸਾਰੂ ਸੋਚ ਨਾਲ ਇਨ੍ਹਾਂ ਨੌਜਵਾਨਾਂ ਦੀ ਮਾਨਸਿਕਤਾ ਨੂੰ ਸਮਝਦੇ ਹੋਏ ਉਨ੍ਹਾਂ ਨੂੰ ਨਸ਼ਿਆਂ ਦੀ ਦਲਦਲ ਵਿਚੋਂ ਕਢ ਕੇ ਸਿਹਤਮੰਦ ਜ਼ਿੰਦਗੀ ਜਿਉਣ ਲਈ ਪ੍ਰੇਰਨ ਵਾਸਤੇ ਇਕ ਵੱਖਰਾ ਰਾਹ ਅਪਣਾਉਂਦਾ ਹੈ। ਨੌਜਵਾਨ ਉਸਦੇ ਚੈਲੰਜ ਨੂੰ ਕਬੂਲਦਿਆਂ ਨਸ਼ਿਆਂ ਉੱਪਰ ਜਿੱਤ ਪਾਉਂਦੇ ਹਨ। ਇੱਥੇ ਤੱਕ ਕਹਾਣੀ ਠੀਕ ਠਾਕ ਹੈ ਅਤੇ ਕੁਝ ਹੱਦ ਤੱਕ ਆਪਣੇ ਨਾਲ ਜੋੜੀ ਰੱਖਦੀ ਹੈ। ਜਦੋਂ ਕੈਪਟਨ ਦੀ ਟੀਮ ਮੈਚ ਜਿੱਤ ਜਾਂਦੀ ਹੈ ਤਾਂ ਇੰਝ ਮਹਿਸੂਸ ਹੁੰਦਾ ਹੈ ਕਿ ਫ਼ਿਲਮ ਮੁੱਕ ਗਈ ਹੈ, ਕਿਉਂ ਕਿ ਜਿਸ ਦੂਸਰੇ ਮਸਲੇ ਤੇ ਕਹਾਣੀ ਅੱਗੇ ਵਧਾਈ ਗਈ ਹੈ, ਉਹ ਪਹਿਲੇ ਹਿੱਸੇ ਵਿਚ ਚੰਗੀ ਤਰ੍ਹਾਂ ਉਭਾਰਿਆ ਹੀ ਨਹੀਂ ਗਿਆ। ਦੂਸਰੇ ਹਿੱਸੇ ਵਿਚ ਅਚਾਨਕ ਉਹ ਮਸਲਾ ਇਨ੍ਹਾਂ ਗੰਭੀਰ ਬਣ ਜਾਂਦਾ ਹੈ, ਜਿਸਦਾ ਸ਼ੁਰੂਆਤ ਵਿਚ ਨਾ-ਮਾਤਰ ਹੀ ਜ਼ਿਕਰ ਹੈ। ਨਾਲ ਹੀ ਇੰਝ ਮਹਿਸੂਸ ਹੁੰਦਾ ਹੈ ਕਿ ਲੇਖਕ ਅਤੇ ਨਿਰਦੇਸ਼ਕ ਨੌਜਵਾਨਾਂ ਨੂੰ ਉਪਦੇਸ਼ ਦੇਣ ਲਈ ਕਹਾਣੀ ਨੂੰ ਅੱਗੇ ਤੋਰ ਰਹੇ ਹਨ। ਨਸ਼ਿਆਂ ਦੇ ਚੱਕਰਵਿਊ ਵਿਚੋਂ ਕੱਢ ਕੇ ਕੈਪਟਨ ਨੌਜਵਾਨਾਂ ਨੂੰ ਰਾਜਨੀਤੀ ਵਿਚ ਸ਼ਾਮਿਲ ਹੋ ਕੇ ਸਾਮਾਜਿਕ ਸਰੋਕਾਰਾਂ ਨਾਲ ਜੋੜਨ ਦੀ ਕੌਸ਼ਿਸ਼ ਕਰਦਾ ਹੈ, ਜਿਸ ਕਰ ਕੇ ਪਹਿਲਾਂ ਤੋਂ ਸੱਤਾ ਤੇ ਕਾਬਿਜ ਸੌੜੀ ਸਿਆਸੀ ਸੋਚ ਵਾਲੀ ਧਿਰ (ਸਰਪੰਚ ਦੇ ਕਿਰਦਾਰ ਵਿਚ ਮਰਹੂਮ ਗੁਰਕੀਰਤਨ) ਉਸ ਦੇ ਰਾਹ ਵਿਚ ਆ ਖੜ੍ਹਦੇ ਹਨ। ਅਖੀਰ ਕੈਪਟਨ ਦੀ ਸਿਆਸੀ ਜਿੱਤ ਵੀ ਹੁੰਦੀ ਹੈ ਅਤੇ ਕੈਪਟਨ ਮੀਡੀਆ ਦੇ ਰਾਹੀਂ ਨੌਜਵਾਨਾਂ ਨੂੰ ਸੁਨੇਹਾ ਦੇ ਕੇ ਕਹਾਣੀ ਮੁਕਾ ਦਿੰਦਾ ਹੈ।

ਚੱਕ ਜਵਾਨਾ ਦਾ ਸੱਭ ਤੋਂ ਮਜਬੂਤ ਪੱਖ ਇਸਦੇ ਅਦਾਕਾਰ ਅਤੇ ਉਨ੍ਹਾਂ ਦੀ ਅਦਾਕਾਰੀ ਹੈ। ਕੈਪਟਨ ਦੇ ਕਿਰਦਾਰ ਵਿਚ ਗੁਰਦਾਸ ਮਾਨ ਪੂਰੀ ਤਰ੍ਹਾਂ ਸਹਿਜ ਹੈ। ਇਕ ਵੱਡੇ ਭਰਾ ਦੇ ਜਿੰਮੇਵਾਰਾਨਾ ਕਿਰਦਾਰ ਨੂੰ ਉਨ੍ਹਾਂ ਨੇ ਬਹੁਤ ਹੀ ਜਿੰਮੇਦਾਰੀ ਨਾਲ ਨਿਭਾਇਆ ਹੈ। ਛੋਟੇ ਨਸ਼ੇੜੀ ਭਰਾ ਦੇ ਕਿਰਦਾਰ ਵਿਚ ਗੌਰਵ ਕੱਕੜ ਵੀ ਜਚਿਆ ਹੈ। ਬੇਰੁਜ਼ਗਾਰ ਮਾਸਟਰ ਜੱਸੀ ਦਾ ਕਿਰਦਾਰ ਨਿਭਾਉਂਦੇ ਹੋਏ ਰਾਣਾ ਰਣਬੀਰ ਬੇਰੁਜ਼ਗਾਰੀ ਕਾਰਨ ਨਸ਼ੇ ਵੱਲ ਰੁਚਿਤ ਹੋਏ ਨੌਜਵਾਨਾਂ ਦੇ ਦਰਦ ਨੂੰ ਬਖੂਬੀ ਬਿਆਨ ਕਰਦਾ ਹੈ। ਟੱਲੀ ਦੇ ਕਿਰਦਾਰ ਵਿਚ ਪ੍ਰਦੀਪ ਜੋਸ਼ੀ ਨਸ਼ੇ ਦੇ ਗੁਲਾਮ ਹੋ ਚੁੱਕੇ ਨੌਜਵਾਨ ਦੀ ਮਾਨਸਿਕਤਾ ਨੂੰ ਭਾਵੁਕਤਾ ਨਾਲ ਪਰਦੇ ਤੇ ਉਤਾਰਦਾ ਹੈ। ਬਹੁਤ ਸਾਰੇ ਦ੍ਰਿਸ਼ਾਂ ਵਿਚ ਉਹ ਬਾਕੀ ਕਲਾਕਾਰਾਂ ਤੇ ਭਾਰੂ ਪੈਂਦਾ ਹੈ ਅਤੇ ਉਨ੍ਹਾਂ ਦ੍ਰਿਸ਼ਾਂ ਵਿਚ ਜਿਨ੍ਹਾਂ ਵਿਚ ਉਹ ਇੱਕਲਾ ਹੈ, ਦਰਸ਼ਕਾਂ ਦੇ ਜ਼ਿਹਨ ਤੇ ਡੂੰਘੀ ਛਾਪ ਛੱਡਦਾ ਹੈ। ਚੋਣਾਂ ਦੌਰਾਨ ਨਸ਼ੇ ਦਾ ਲਾਲਚ ਦੇ ਕੇ ਕੈਪਟਨ ਦੀ ਟੀਮ ਨੂੰ ਰਾਹ ਤੋਂ ਭਟਕਾਉਣ ਲਈ ਕੀਤੀ ਗਈ ਸਾਜਿਸ਼ ਵਾਲੇ ਦ੍ਰਿਸ਼ ਵਿਚ ਜਦੋਂ ਟੱਲੀ ਜੀਪ ਤੇ ਰੱਖੀ ਨਸ਼ੇ ਦੀ ਪੁੜੀ ਪਹਿਲਾਂ ਵਗਾਹ ਸੁੱਟਦਾ ਹੈ ਤੇ ਫਿਰ ਮੁੜ ਚੁੱਕਣ ਆਉਂਦਾ ਹੈ, ਉਹ ਚੱਕ ਜਵਾਨਾਂ ਦਾ ਸਭ ਤੋਂ ਸਿਖਰਲਾ ਦ੍ਰਿਸ਼ ਹੈ, ਇਸ ਵਿਚ ਪ੍ਰਦੀਪ ਜੋਸ਼ੀ ਨੇ ਆਪਣੀ ਚਿਹਰੇ ਦੇ ਹਾਵ-ਭਾਵਾਂ ਨਾਲ ਨਸ਼ੇੜੀ ਨੌਜਵਾਨ ਦੀ ਛੇਤੀ ਹਥਿਆਰ ਸੁੱਟ ਦੇਣ ਵਾਲੀ ਮਾਨਸਿਕਤਾ ਨੂੰ ਭਾਵੁਕਤਾ ਨਾਲ ਬਿਨਾਂ ਬੋਲਿਆਂ ਬਿਆਨ ਕੀਤਾ ਹੈ। ਇਸ ਤੋਂ ਅਗਲੇ ਹੀ ਦ੍ਰਿਸ਼ ਵਿਚ ਲੰਬੇ ਸਮੇਂ ਬਾਦ ਮਿਲੇ ਨਸ਼ੇ ਨੂੰ ਬੇਮੁਹਾਰੇ ਹੋ ਕੇ ਪੀ ਜਾਣ ਦੇ ਹਾਵ-ਭਾਵਾਂ ਰਾਹੀਂ ਉਹ ਬਿਨਾਂ ਬੋਲੇ ਵੀ ਡੂੰਘੀ ਗੱਲ ਕਹਿ ਜਾਂਦਾ ਹੈ। ਆਪਣੀ ਇਸ ਅਦਾਕਾਰੀ ਸਦਕਾ ਪ੍ਰਦੀਪ ਖਾਸ ਤੌਰ ਤੇ ਦਰਸ਼ਕਾਂ ਦੀਆਂ ਨਜ਼ਰਾਂ ਵਿਚ ਚੜ੍ਹਦਾ ਹੈ। ਵਿਦੇਸ਼ ਜਾਣ ਦੇ ਸੁਪਨੇ ਦੇਖਦਾ ਡਾਲਰ ਸਿੰਘ (ਕਰਮਜੀਤ ਅਨਮੋਲ) ਵੀ ਆਪਣੀ ਮਾਂਜੀ ਹੋਈ ਅਦਾਕਾਰੀ ਨਾਲ ਆਪਣਾ ਕਿਰਦਾਰ ਵਧੀਆ ਢੰਗ ਨਾਲ ਨਿਭਾ ਗਿਆ ਹੈ। ਸਿੱਧਰੇ ਦੇ ਕਿਰਦਾਰ ਵਿਚ ਪ੍ਰਿੰਸ ਕੇ. ਜੇ ਸਿੰਘ ਵੀ ਪ੍ਰਭਾਵ ਛੱਡਦਾ ਹੈ। ਰਾਣਾ ਰਣਬੀਰ ਨਾਲ ਤਕਰਾਰ ਵਾਲੇ ਸੀਨ ਵਿਚ ਬੋਲੇ ਗਏ ਆਪਣੇ ਇਕ ਸੰਵਾਦ ਨਾਲ ਹੀ ਉਹ ਸ਼ੇਕਸਪੀਅਰ ਦੇ ‘ਸਿਆਣੇ ਪਾਗਲ’ ਵਾਲਾ ਪਾਤਰ ਹੋ ਨਿਬੜਦਾ ਹੈ। ਸੋਨਲ ਮਿਨੋਚਾ ਕੋਲ ਕਰਨ ਲਈ ਕੁਝ ਨਹੀਂ ਸੀ। ਕੈਪਟਨ ਦੀ ਪਤਨੀ ਦੇ ਰੂਪ ਵਿਚ ਜੋਨਿਤਾ ਡੋਡਾ ਵੀ ਬੱਸ ਪਰਿਵਾਰ ਦੇ ਦੁੱਖ-ਸੁੱਖ ਵਿਚ ਸਾਥ ਦੇਣ ਵਾਲੀ ਔਰਤ ਦਾ ਕਿਰਦਾਰ ਠੀਕ-ਠਾਕ ਨਿਭਾ ਗਈ। ਗੁਰਕੀਰਤ ਅਤੇ ਹੈਰੀ ਸ਼ਰਨ ਨਕਾਰਾਤਮਕ ਕਿਰਦਾਰਾਂ ਵਿਚ ਆਪਣੀ ਸੁਚੱਜੀ ਅਦਾਕਾਰੀ ਰਾਹੀਂ ਤਨਾਅ ਪੈਦਾ ਕਰਨ ਵਿਚ ਸਫ਼ਲ ਰਹੇ।
ਚੱਕ ਜਵਾਨਾ ਦਾ ਸੰਗੀਤ ਪਹਿਲਾਂ ਹੀ ਦਰਸ਼ਕਾਂ ਦੇ ਦਿਲ ‘ਤੇ ਆਪਣਾ ਰੰਗ ਚੜ੍ਹ ਚੁੱਕਾ ਹੈ, ਲੱਗਭਗ ਸਾਰੇ ਗੀਤ ਕਹਾਣੀ ਵਿਚ ਘੁਲ-ਮਿਲ ਜਾਂਦੇ ਹਨ, ਪਰ ਦੋਵੇਂ ਰੁਮਾਂਟਿਕ ਗੀਤ ਜਬਰਦਸਤੀ ਫਿੱਟ ਕੀਤੇ ਹੋਏ ਮਹਿਸੂਸ ਹੁੰਦੇ ਹਨ। ਉਂਝ ਇਹ ਦੋਵੇਂ ਹੀ ਗੀਤ ਬਹੁਤ ਹੀ ਮਿੱਠੇ ਹਨ।
ਬਤੌਰ ਨਿਰਦੇਸ਼ਕ ਸਿਮਰਜੀਤ ਸਿੰਘ ਦੀ ਇਹ ਪਹਿਲੀ ਕੋਸ਼ਿਸ਼ ਸੀ, ਜੇ ਕਿ ਕਾਫੀ ਹੱਦ ਤੱਕ ਸਫ਼ਲ ਰਹੀ, ਪਰ ਕਹਾਣੀ ਵਾਲੇ ਮਾਮਲੇ ਵਿਚ ਉਸ ਨੂੰ ਹਾਲੇ ਕਾਫ਼ੀ ਮਿਹਨਤ ਕਰਨ ਦੀ ਲੋੜ ਹੈ। ਪ੍ਰੋਡਿਊਸਰ ਰੁਪਿੰਦਰ ਚਾਹਲ ਨਾਲ ਮਿਲ ਕੇ ਲਿਖੀ ਕਹਾਣੀ ਵਿਚ ਨਾਟਕੀ ਮੋੜਾਂ ਅਤੇ ਬੰਨ੍ਹ ਕੇ ਰੱਖਣ ਵਾਲੇ ਘਟਨਾਕ੍ਰਮ ਦੀ ਘਾਟ ਰੜਕਦੀ ਹੈ, ਜਿਸ ਕਰ ਕੇ ਫ਼ਿਲਮ ਸਿੱਧੀ-ਸਾਦੀ ਜਿਹੀ ਬਣ ਗਈ ਹੈ। ਇਸੇ ਤਰ੍ਹਾਂ ਬਾਲੀ ਜੰਜੂਆ ਅਤੇ ਮਨਜੀਤ ਮਾਨ ਵੀ ਇਕ ਕਮਜ਼ੋਰ ਕਹਾਣੀ ਦੀ ਤਣੀ ਹੋਈ ਪਟਕਥਾ ਸਿਰਜਣ ਵਿਚ ਅਸਫ਼ਲ ਰਹੇ ਹਨ। ਖਾਸ ਕਰ ਕੇ ਸਰਪੰਚ ਨਾਲ ਕੈਪਟਨ ਦੀ ਖਹਿ ਬਾਜੀ ਨੂੰ ਪਹਿਲੇ ਹਿੱਸੇ ਵਿਚ ਪੂਰੀ ਤਰ੍ਹਾਂ ਉਭਾਰਿਆ ਨਹੀਂ ਗਿਆ। ਜਿਸ ਕਰ ਕੇ ਕਹਾਣੀ ਲੰਬੀ ਖਿੱਚਦੀ ਹੋਈ ਮਹਿਸੂਸ ਹੁੰਦੀ ਹੈ। ਰਜੇਸ਼ ਵਸ਼ਿਸ਼ਟ ਦੇ ਸੰਵਾਦ ਠੀਕ-ਠਾਕ ਹਨ। ਸੰਪਾਦਨ, ਕਲਾ ਅਤੇ ਐਕਸ਼ਨ ਵੀ ਵਾਜਿਬ ਹਨ।

ਗੁਰਦਾਸ ਮਾਨ ਅਤੇ ਰੰਗਮੰਚ ਦੇ ਮਾਂਜੇ ਹੋਏ ਕਲਾਕਾਰਾਂ ਦੀ ਅਦਾਕਾਰੀ ਅਤੇ ਨਸ਼ਾਖੋਰੀ ਜਿਹੇ ਸਾਮਾਜਿਕ ਮਸਲਿਆਂ ਨਾਲ ਨਜਿੱਠਣ ਦੇ ਸਹੀ ਨੁਕਤੇ ਸਮਝਣ ਲਈ ਚੱਕ ਜਵਾਨਾ ਜਰੂਰ ਦੇਖੀ ਜਾਣੀ ਚਾਹੀਦੀ ਹੈ, ਪਰ ਜੇ ਤੁਸੀ ਸਿਰਫ਼ ਭਰਪੂਰ ਮੰਨੋਰੰਜਨ ਦੀ ਆਸ ਲੈ ਕੇ ਫ਼ਿਲਮ ਦੇਖਣ ਜਾਵੋਗੇ ਤਾਂ ਨਿਰਾਸ਼ਾ ਹੀ ਹੋਵੇਗੀ।


Updated:

in

, , ,

by

ਇਕ ਨਜ਼ਰ ਇੱਧਰ ਵੀ

Comments

Leave a Reply

Your email address will not be published. Required fields are marked *

error: ਕਾਪੀ ਕਰਨਾ ਮਨ੍ਹਾਂ ਹੈ। ਲਿਖਤ ਪ੍ਰਾਪਤ ਕਰਨ ਲਈ ਈ-ਮੇਲ ਕਰੋ zordartimes@gmail.com