![]() |
Punjabi Cinema Golden Honours |
ਸਮਾਰੋਹ ਦੀ ਸ਼ੁਰੂਆਤ ਆਪਣੇ ਨਿਰਧਾਰਤ ਸਮੇਂ ਤੋਂ ਕਰੀਬ ਤਿੰਨ ਘੰਟੇ ਦੇਰ ਨਾਲ ਲਘੂ ਫ਼ਿਲਮਾਂ ਦੀ ਪੇਸ਼ਕਾਰੀ ਨਾਲ ਹੋਈ। ਪ੍ਰਚਾਰ ਦੀ ਘਾਟ, ਪ੍ਰਬੰਧਕੀ ਕਮੀਆਂ ਦੇ ਨਾਲ ਹੀ ਦਰਸ਼ਕਾਂ ਦੀ ਗ਼ੈਰ-ਹਾਜ਼ਰੀ ਵੀ ਇਸ ਦੇਰੀ ਦਾ ਕਾਰਨ ਬਣੀ। ਆਖ਼ਰ ਸੀ.ਟੀ. ਇੰਸਟੀਚਿਊਟ ਦੇ ਹੋਸਟਲ ਵਿਚ ਰਹਿ ਰਹੇ ਵਿਦਿਆਰਥੀਂ ਦੀ ਆਮਦ ਨਾਲ ਸਮਾਰੋਹ ਦਾ ਆਗਾਜ਼ ਹੋ ਸਕਿਆ। ਮੰਚ ਸੰਚਾਲਨ ਕਰਦਿਆਂ ਪੰਜਾਬੀ ਯੂਨੀਵਰਸਟੀ ਦੇ ਯੂਥ ਵੇਲਫੇਅਰ ਵਿਭਾਗ ਦੇ ਡਾਇਰੈਕਟਰ, ਉੱਘੇ ਰੰਗਕਰਮੀ, ਨਾਟ-ਲੇਖਕ, ਨਿਰਦੇਸ਼ਕ ਅਤੇ ਅਦਾਕਾਰ ਸਤੀਸ਼ ਵਰਮਾ ਨੇ ਇਸ ਸਮਾਰੋਹ ਨੂੰ ਪੰਜਾਬੀ ਸਿਨੇਮਾ ਵਿਚ ਸਾਰਥਕ ਸਿਨੇਮਾ ਦੀ ਆਮਦ ਲਈ ਸ਼ੁਭ ਸ਼ਗਨ ਦੱਸਿਆ। ਫ਼ਿਲਮ ਪੇਸ਼ਕਾਰੀ ਦੀ ਸ਼ੂਰੁਆਤ ਇਕਲੌਤੀ ਨਿਰਦੇਸ਼ਕਾ ਵਿਸ਼ਵਜੋਤ ਮਾਨ ਦੀ ਫ਼ਿਲਮ ਕੈਟਰਪਿਲਰ ਨਾਲ ਹੋਈ। ਦੇਸ਼ ਵਿਚ ਲਗਾਤਾਰ ਵੱਧ ਰਹੀਆਂ ਬਲਾਤਕਾਰ ਦੀਆਂ ਘਟਨਾਵਾਂ ਦੀ ਪਿੱਠ ਭੂਮੀ ’ਤੇ ਬਣੀ ਇਸ ਹਿੰਦੀ ਫ਼ਿਲਮ ਵਿਚ ਵਾਸਨਾ ਦੇ ਪਿੱਛੇ ਕੰਮ ਕਰਦੀ ਮਾਨਸਿਕਤਾ ਨੂੰ ਦਿਮਾਗ ਵਿੱਚੋਂ ਕੱਢ ਕੇ ਪਰਦੇ ਉੱਤੇ ਉਤਾਰਿਆ ਗਿਆ। ਇਸ ਫ਼ਿਲਮ ਨੇ ਇਸ ਮਨੋਵਿਗਿਆਨਕ ਤੱਥ ਨੂੰ ਮੁੜ ਸਥਾਪਿਤ ਕਰਨ ਦੀ ਕੌਸ਼ਿਸ਼ ਕੀਤੀ ਕਿ ਵਾਸਨਾ ਦਾ ਵਹਸ਼ੀਪਣ ਦਿਮਾਗ ਵਿਚ ਹੀ ਕੇਂਦਰਿਤ ਹੁੰਦਾ ਹੈ, ਅੰਗ ਤਾਂ ਸਿਰਫ਼ ਉਸ ਦਾ ਮਾਧਿਅਮ ਬਣਦੇ ਹਨ। ਬਿਹਤਰ ਵਿਸ਼ੇ ’ਤੇ ਬਣੀ ਹੋਣ ਦੇ ਬਾਵਜੂਦ ਫ਼ਿਲਮ ਦੀ ਕਮਜ਼ੋਰ ਤਕਨੀਕ, ਨਿਰੰਤਰਤਾ ਵਿਚ ਅਟਕਾਅ ਅਤੇ ਬੋਲੋੜੇ ਦੁਹਰਾਅ ਨੇ ਇਸ ਨੂੰ ਔਸਤ ਦਰਜੇ ਦੀ ਫ਼ਿਲਮ ਬਣਾ ਦਿੱਤਾ। ਭਾਵੇਂ ਕਿ ਫ਼ਿਲਮ ਦਿਖਾਏ ਜਾਣ ਤੋਂ ਬਾਅਦ ਮਾਨ ਨੇ ਤਕਨੀਕੀ ਖ਼ਰਾਬੀ ਲਈ ਪ੍ਰਬੰਧਕਾਂ ਦੇ ਇੰਤਜ਼ਾਮ ਨੂੰ ਜ਼ਿੰਮੇਵਾਰ ਦੱਸਿਆ। ਫ਼ਿਰ ਵੀ ਇਕ ਮਹਿਲਾ ਫ਼ਿਲਮਕਾਰ ਵੱਲੋਂ ਅਜਿਹੇ ਬੋਲਡ ਵਿਸ਼ੇ ਬਾਰੇ ਐਨੇ ਬੋਲਡ ਅੰਦਾਜ਼ ਵਿਚ ਫ਼ਿਲਮ ਬਣਾਉਣਾ ਹੀ ਸ਼ਲਾਘਾਯੋਗ ਕਿਹਾ ਜਾ ਸਕਦਾ ਹੈ। ਉਸ ਤੋਂ ਬਾਅਦ ਪਰਦਾਪੇਸ਼ ਹੋਈ ਓਜਸਵੀ ਸ਼ਰਮਾ ਦੀ ਫ਼ਿਲਮ ਕਮਲੇ ਨੇ ਅੱਜ ਦੇ ਵਿਦਿਆਰਥੀਆਂ ਦੇ ਪੜ੍ਹਾਈ ਅਤੇ ਸਮਾਜ ਪ੍ਰਤਿ ਅਣਗਹਿਲੀ ਭਰੇ ਵਤੀਰੇ ਨੂੰ ਮਨੋਰੰਜਕ ਅੰਦਾਜ਼ ਵਿਚ ਪੇਸ਼ ਕੀਤਾ। ਜਿਸ ਨੂੰ ਹਾਲ ਵਿਚ ਹਾਜ਼ਰ ਗਿਣਤੀ ਦੇ ਵਿਦਿਆਰਥੀਆਂ ਨੇ ਖ਼ੂਬ ਪਸੰਦ ਕੀਤਾ। ਇਸੇ ਲੜੀ ਵਿਚ ਅਗਲੀ ਫ਼ਿਲਮ ਪੇਸ਼ ਹੋਈ ਸੁਨੀਲ ਕਟਾਰੀਆ ਦੀ ਔਨੈਸਟੀ ਇਸ ਦ ਬੈਸਟ ਪਾਲਿਸੀ। ਇਕ ਮਿੰਟ ਤੋਂ ਵੀ ਘੱਟ ਲੰਬਾਈ ਦੀ ਇਸ ਫ਼ਿਲਮ ਵਿਚ ਮੌਜੂਦਾ ਦੌਰ ਦੀ ਈਮਨਦਾਰੀ ਉੱਪਰ ਬਹੁਤ ਹੀ ਹਲਕੇ ਦਰਜੇ ਦਾ ਵਿਅੰਗ ਕੱਸਿਆ ਗਿਆ। ਅਫ਼ਸੋਸ ਦੀ ਗੱਲ ਤਾਂ ਇਹ ਸੀ ਕਿ ਫ਼ਿਲਮ ਵਿੱਚੋਂ ਅੱਜ ਦੀਆਂ ਨੌਜਵਾਨ ਕੁੜੀਆਂ ਨੂੰ ਦੋਗਲੀਆਂ, ਧੋਖੇਬਾਜ਼ ਅਤੇ ਬੇਈਮਾਨ ਦਿਖਾਉਣ ਵਾਲੀ ਹਲਕੇ ਪੱਧਰ ਦੀ ਮਰਦ-ਪ੍ਰਧਾਨ ਮਾਨਸਿਕਤਾ ਸਾਫ਼ ਝਲਕਦੀ ਸੀ। ਜਿਹੋ ਜਿਹੀ ਬੇਈਮਾਨੀ ਇਸ ਫ਼ਿਲਮ ਵਿਚ ਕੁੜੀਆਂ ਨੂੰ ਕਰਦਿਆਂ ਦਿਖਾਇਆ ਗਿਆ ਹੈ, ਉਸ ਜਿਹੀਆਂ ਅਤੇ ਉਸ ਤੋਂ ਵੀ ਕੋਝੀਆਂ ਬੇਈਮਾਨੀਆਂ ਸਮਾਜ ਵਿਚ ਮਰਦਾਂ ਵੱਲੋਂ ਕੀਤੀਆਂ ਜਾਂਦੀਆਂ ਹਨ, ਪਰ ਫ਼ਿਲਮਕਾਰ ਨੇ ਮਰਦ ਮਾਨਸਿਕਤਾ ਨੂੰ ਖੁਸ਼ ਕਰ ਕੇ ਕੁਝ ਪਲਾਂ ਦੀ ਵਾਹਵਾਹੀ ਖੱਟਣ ਲਈ ਸਾਮੰਤਵਾਦੀ ਸੋਚ ਨੂੰ ਹੀ ਉਤਸ਼ਾਹਤ ਕੀਤਾ ਹੈ। ਸ਼ਹਿਰੀ ਨਜ਼ਰੀਏ ਨਾਲ ਬਣਾਈ ਗਈ ਇਹ ਫ਼ਿਲਮ ਨਾ ਸਿਰਫ਼ ਛੋਟੇ-ਛੋਟੇ ਕਸਬਿਆਂ ਅਤੇ ਪਿੰਡਾਂ ਦੀਆਂ ਸ਼ਹਿਰ ਪੜ੍ਹਨ ਜਾਂਦੀਆਂ ਕੁੜੀਆਂ ਦੇ ਮਾਪਿਆਂ ਦੇ ਮਨਾਂ ਵਿਚ ਬੇਵਿਸ਼ਵਾਸੀ ਭਰਦੀ ਹੈ, ਬਲਕਿ ਕੁੜੀਆਂ ਨੂੰ ਲੰਮੇ ਸੰਘਰਸ਼ ਤੋਂ ਬਾਅਦ ਮਿਲੀਆਂ ਨਿੱਕੀਆਂ-ਨਿੱਕੀਆਂ ਖੁੱਲ੍ਹਾਂ ਉੱਪਰ ਬੰਦਿਸ਼ਾਂ ਲਾਉਣ ਲਈ ਵੀ ਉਤਸ਼ਾਹਤ ਕਰਦੀ ਹੈ। ਅਰਥ-ਭਰਪੂਰ ਸਿਨੇਮਾਂ ਦੇ ਨਾਮ ’ਤੇ ਦਿਖਾਈ ਗਈ ਇਹ ਫ਼ਿਲਮ ਵਿਸ਼ੇ ਪੱਖੋਂ ਮਜ਼ਬੂਤ ਹੋਣ ਦੇ ਬਾਵਜੂਦ ਕਹਾਣੀ ਪੱਖੋਂ ਸਭ ਤੋਂ ਹਲਕੀ ਫ਼ਿਲਮ ਹੋ ਨਿੱਬੜੀ। ਅਜਿਹੀ ਪੇਸ਼ਕਾਰੀ ਵਿਚੋਂ ਅਜਿਹੀਆਂ ਫ਼ਿਲਮਾਂ ਬਣਾਉਣ ਵਾਲੇ ਫ਼ਿਲਮਕਾਰਾਂ ਦੀ ਮਾਨਸਿਕਤਾ ਦਾ ਅੰਦਾਜ਼ਾ ਸਹਿਜੇ ਹੀ ਲਾਇਆ ਜਾ ਸਕਦਾ ਹੈ। ਹੋਰ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਹ ਫ਼ਿਲਮ ਪੰਜਾਬੀ ਯੂਨੀਵਰਸਿਟੀ ਦੇ ਵੱਲੋਂ ਸਹਾਇਤਾ ਪ੍ਰਾਪਤ ਪ੍ਰੋਜੈਕਟ ਦਾ ਹਿੱਸਾ ਹੈ। ਇਸ ਫ਼ਿਲਮ ਤੋਂ ਬਾਅਦ ਆਈ ਵਿਦੇਸ਼ ਰਹਿੰਦੇ ਨੌਜਵਾਨ ਫ਼ਿਲਮਕਾਰ ਮਨਦੀਪ ਔਜਲਾ ਦੀ ਗਾਇਕਾਂ ਜਸਬੀਰ ਜੱਸੀ ਅਤੇ ਅਮਰ ਨੂਰੀ ਦੀਆਂ ਅਹਿਮ ਭੂਮਿਕਾਵਾਂ ਵਾਲੀ ਫ਼ਿਲਮ ਆਬ। ਇਸ ਫ਼ਿਲਮ ਵਿਚ ਗੁਰਬਾਣੀ ਵਿਚ ਦਰਸਾਈ ਪਾਣੀ ਦੀ ਮਹੱਤਤਾ ਨੂੰ ਆਧਾਰ ਬਣਾ ਕੇ ਮੌਜੂਦਾ ਅਤੇ ਆਉਣ ਵਾਲੇ ਦੌਰ ਵਿਚ ਪਾਣੀ ਦੀ ਘਾਟ ਦੀ ਸਮੱਸਿਆ ਨੂੰ ਉਭਾਰਿਆ ਗਿਆ। ਬਿਹਤਰੀਨ ਗ੍ਰਾਫ਼ਿਕਸ ਅਤੇ ਬੰਨ੍ਹ ਕੇ ਰੱਖਣ ਵਾਲੀ ਪੇਸ਼ਕਾਰੀ ਨੇ ਇਸ ਫ਼ਿਲਮ ਨੂੰ ਦੇਖਣਯੋਗ ਬਣਾ ਦਿੱਤਾ। ਸਮਾਜ ਦੇ ਇਕ ਹੋਰ ਅਹਿਮ ਮਸਲੇ, ਸਮਾਜ ਵੱਲੋਂ ਠੁਕਰਾਏ ਗਏ ਬਜ਼ੁਰਗਾਂ ਦੀ ਸਥਿਤੀ ਨੂੰ ਉਭਾਰਦੀ ਦਸਤਾਵੇਜੀ ਫ਼ਿਲਮ ਰਿੰਕਲਜ਼ ਆਫ਼ ਲਾਈਫ਼ ਰਾਹੀਂ ਜਰਨੈਲ ਸਿੰਘ ਨੇ ਬਜ਼ੁਰਗਾਂ ਦੇ ਚਿਹਰਿਆਂ ’ਤੇ ਉਭਰ ਆਈਆਂ ਲਕੀਰਾਂ ਰਾਹੀਂ ਉਨ੍ਹਾਂ ਦੀ ਹੋਣੀ ਦੀ ਤਸਵੀਰ ਦਿਖਾਈ। ਇਹੋ ਜਿਹੇ ਵਿਸ਼ਿਆਂ ’ਤੇ ਬਣੀਆਂ ਫ਼ਿਲਮਾਂ ਦੀ ਸ਼ਹਿਰ-ਸ਼ਹਿਰ, ਪਿੰਡ-ਪਿੰਡ ਪੇਸ਼ਕਾਰੀ ਦੀ ਅਹਿਮ ਲੋੜ ਹੈ। ਅੰਤ ਵਿਚ ਪੇਸ਼ ਕੀਤੀ ਗਈ ਸਭ ਤੋਂ ਵੱਡੀ ਅਰਥ ਭਰਪੂਰ ਫ਼ਿਲਮ ਸੁੱਤਾ ਨਾਗ। ਗੀਤਕਾਰੀ ਵਿਚ ਨਾਮਣਾ ਖੱਟ ਚੁੱਕੇ ਸੂਝਵਾਨ ਗੀਤਕਾਰ ਅਤੇ ਕਲਾਤਮਕ ਸਮਾਜ ਸੇਵੀ ਅਮਰਦੀਪ ਸਿੰਘ ਗਿੱਲ ਨੇ ਇਸ ਫ਼ਿਲਮ ਰਾਹੀਂ ਫ਼ਿਲਮਕਾਰੀ ਵਿਚ ਕਦਮ ਧਰਿਆ ਹੈ। ਸਾਰਥਕ ਸਿਨੇਮਾ ਦੇ ਨਾਮ ਉੱਪਰ ਪੇਸ਼ ਕੀਤੀਆਂ ਗਈਆਂ ਸਾਰੀਆਂ ਫ਼ਿਲਮਾਂ ਵਿਚੋਂ ਇਸੇ ਫ਼ਿਲਮ ਨੂੰ ਅਸਲ ਵਿਚ ਸਾਰਥਕ ਸਿਨੇਮਾ ਕਿਹਾ ਜਾ ਸਕਦਾ ਹੈ। ਪੰਜਾਬੀ ਦੇ ਨਾਮਵਰ ਕਹਾਣੀਕਾਰ ਰਾਮ ਸਰੂਪ ਅਣਖੀ ਦੀ ਕਹਾਣੀ ’ਤੇ ਬਣੀ ਸੁੱਤਾ ਨਾਗ ਰਾਹੀਂ ਨਾ ਸਿਰਫ਼ ਅਮਰਦੀਪ ਪੰਜਾਬੀ ਲੋਕਾਈ ਅਤੇ ਮਾਹੌਲ ਦਾ ਅਸਲੀ ਸਰੂਪ ਪਰਦੇ ਉੱਤੇ ਉਤਾਰਦਾ ਹੈ, ਬਲਕਿ ਉਹ ਇਸ ਰਾਹੀਂ ਪੰਜਾਬੀ ਔਰਤ ਦੀ ਹੋਣੀ ਦੀ ਅਸਲ ਤਸਵੀਰ ਉਭਾਰਦਿਆਂ, ਸਮਾਜ ਦੇ ਨਕਾਬਪੋਸ਼ ਮੂੰਹ ’ਤੇ ਕਰਾਰੀ ਚਪੇੜ ਮਾਰਦਾ ਹੈ। ਇਸ ਦੇ ਨਾਲ ਹੀ ਉਹ ਬਿਨ੍ਹਾਂ ਪ੍ਰਚਾਰ ਵਾਲੀ ਸੁਰ ਫੜੇ ਔਰਤ ਨੂੰ ਸੁਨੇਹਾ ਦਿੰਦਾ ਹੈ ਕਿ ਜੇ ਉਸ ਨੇ ਆਪਣੀ ਹੋਂਦ ਅਤੇ ਪਛਾਣ ਦੇ ਹੱਕ ਲੈਣੇ ਹਨ ਤਾਂ ਉਸ ਨੂੰ ਇਸ ਮਰਦ ਮਾਨਸਿਕਤਾ ਉੱਪਰ ਬਹੁਤੀ ਟੇਕ ਰੱਖਣ ਦੀ ਬਜਾਇ ਆਪ ਹੰਭਲਾ ਮਾਰਨਾ ਪਵੇਗਾ। ਕੁਲ ਸਿੱਧੂ ਵੱਲੋਂ ਨਿਭਾਇਆ ਗਿਆ ਮੋਢੀ ਕਿਰਦਾਰ ਇਸ ਫ਼ਿਲਮ ਦੀ ਜਾਨ ਹੈ। ਕੁਲ ਨੇ ਇਸ ਫ਼ਿਲਮ ਰਾਹੀਂ ਇਹ ਵੀ ਸਾਬਤ ਕਰ ਦਿਖਾਇਆ ਹੈ ਕਿ ਬਿਨ੍ਹਾਂ ਜਿਸਮ ਦੀ ਨੁਮਾਇਸ਼ ਕੀਤੇ ਪਿਆਰ, ਸਹਿਵਾਸ ਅਤੇ ਅਪਣੱਤ ਦੀ ਸ਼ਿੱਦਤ ਨੂੰ ਮਹਿਸੂਸ ਕਰਵਾਇਆ ਜਾ ਸਕਦਾ ਹੈ। ਕੁਲ ਸਿੱਧੂ ਵੱਲੋਂ ਪਿਆਰ ਅਤੇ ਨਫ਼ਰਤ ਭਰੇ ਦ੍ਰਿਸ਼ਾਂ ਵਿਚ ਦਿਖਾਈ ਗਈ ਸਹਿਜਤਾ ਕਰਕੇ ਅਮਰਦੀਪ ਨੂੰ ਫ਼ਿਲਮਾਂਕਣ ਲਈ ਬਹੁਤ ਸਕਾਰਾਤਮਕ ਮਾਹੌਲ ਮਿਲਿਆ, ਜੋ ਉਭਰਵੇਂ ਰੂਪ ਵਿਚ ਪਰਦੇ ਉੱਪਰ ਨਜ਼ਰ ਆਉਂਦਾ ਹੈ। ਫ਼ਿਲਮ ਦੀ ਠੇਠ ਮਲਵਈ ਬੋਲੀ, ਅਦਾਕਾਰਾਂ ਦੀ ਸਹਿਜ ਅਦਾਕਾਰੀ, ਰੌਸ਼ਨੀਆਂ ਦਾ ਸਹੀ ਤਾਲ-ਮੇਲ ਅਤੇ ਪਿੱਠਵਰਤੀ ਸੰਗੀਤ ਫ਼ਿਲਮ ਨੂੰ ਸਿਨੇਮਾ ਦਾ ਉੱਤਮ ਨਮੂਨਾ ਬਣਾ ਦਿੰਦੇ ਹਨ। ਕਹਿ ਸਕਦੇ ਹਾਂ ਕਿ ਪੰਜਾਬੀ ਵਿਚ ਸਾਰਥਕ ਅਤੇ ਸਿਨੇਮਾ ਨੂੰ ਇੱਕਠੇ ਕਰਨਾ ਹੀ ਔਖਾ ਕਾਰਜ ਹੈ। ਉੱਪਰ ਜ਼ਿਕਰ ਕੀਤੀਆਂ ਫ਼ਿਲਮਾਂ ਵਿਚੋਂ ਕੋਈ ਫ਼ਿਲਮ ਸਾਰਥਕ ਕਹੀ ਜਾ ਸਕਦੀ ਹੈ ਅਤੇ ਕੋਈ ਸਿਨੇਮਾ, ਪਰ ਸਾਰਥਕ ਅਤੇ ਸਿਨੇਮਾ ਦੋਹਾਂ ਦਾ ਸੁਮੇਲ ਸਿਰਫ਼ ਸੁੱਤਾ ਨਾਗ ਵਿਚ ਹੀ ਦੇਖਣ ਨੂੰ ਮਿਲਿਆ।
ਦੂਜੇ ਪੜਾਅ ਵਿਚ ਪੰਜਾਬੀ ਸਿਨੇਮਾ ਦੀ ਦਸ਼ਾ ਅਤੇ ਦਿਸ਼ਾ ਬਾਰੇ ਵਿਚਾਰ ਚਰਚਾ ਕੀਤੀ ਗਈ। ਇਸ ਚਰਚਾ ਦਾ ਸੰਚਾਲਨ ਪੰਜਾਬੀ ਯੂਨੀਵਰਸਟੀ ਦੇ ਯੂਥ ਵੇਲਫੇਅਰ ਵਿਭਾਗ ਦੇ ਡਾਇਰੈਕਟਰ, ਉੱਘੇ ਰੰਗਕਰਮੀ, ਨਾਟ-ਲੇਖਕ, ਨਿਰਦੇਸ਼ਕ ਅਤੇ ਅਦਾਕਾਰ ਸਤੀਸ਼ ਵਰਮਾ ਨੇ ਕੀਤਾ। ਵਿਚਾਰ ਚਰਚਾ ਵਿਚ ਪੰਜਾਬੀ ਸਿਨੇਮਾ ਦੇ ਸੁਪਰ ਸਟਾਰ ਸਤੀਸ਼ ਕੌਲ, ਪਯੋਰ ਪੰਜਾਬੀ ਅਤੇ ਮੇਰੇ ਯਾਰ ਕਮੀਨੇ ਫ਼ਿਲਮ ਦੇ ਨਿਰਦੇਸ਼ਕ ਮੁਨੀਸ਼ ਸ਼ਰਮਾ, ਯੂ ਐਂਡ ਮੀਂ ਅਤੇ ਰੱਬ ਤੋਂ ਸੋਹਣਾ ਇਸ਼ਕ ਫ਼ਿਲਮ ਦੇ ਨਿਰਦੇਸ਼ਕ ਜਸਵਿੰਦਰ ਵਿੱਕੀ ਜੇ, ਹੀਰ ਐਂਡ ਹੀਰੋ ਦੇ ਅਦਾਕਾਰ ਪ੍ਰੀਤ ਭੁੱਲਰ, ਪੰਜਾਬੀ ਫ਼ਿਲਮਾਂ ਦੇ ਡਿਸਟ੍ਰੀਬਿਊਟਰ ਮੁਨੀਸ਼ ਸਾਹਨੀ, ਉਭਰਦੇ ਕਲਾਕਾਰ ਸੁਨੀਲ ਕਟਾਰੀਆ ਅਤੇ ਸਤੀਸ਼ ਵਰਮਾ ਦੇ ਬੇਟੇ ਪਰਮੀਸ਼ ਵਰਮਾ ਸ਼ਾਮਲ ਸਨ। ਦਰਸ਼ਕਾਂ ਵਿਚ ਬੈਠੇ ਰੇਡੀਓ ਮੰਤਰਾ ਦੇ ਆਰ ਜੇ ਹੈਰੀ, ਆਰ ਜੇ ਮਨਪ੍ਰੀਤ, ਅਦਾਕਾਰ ਹਰਪਾਲ, ਗਾਇਕ ਅਤੇ ਅਦਾਕਾਰ ਰਾਏ ਜੁਝਾਰ, ਲੇਖਕ ਅਤੇ ਫ਼ਿਲਮ ਸਮੀਖਿਅਕ ਅੰਮ੍ਰਿਤਬੀਰ ਕੌਰ, ਪੰਜਾਬੀ ਗਰੂਵਜ਼ ਵੈੱਬਸਾਈਟ ਦੇ ਸੰਪਾਦਕ ਵਿਸ਼ਾਲ ਨੇ ਪੰਜਾਬੀ ਸਿਨੇਮਾ ਦੇ ਮੌਜੂਦਾ ਹਾਲਾਤ ਬਾਰੇ ਅਹਿਮ ਸਵਾਲ ਪੁੱਛ ਕੇ ਬਹਿਸ ਨੂੰ ਹੋਰ ਵੀ ਭੱਖਵੀਂ ਬਣਾ ਦਿੱਤਾ। ਉਪਰੋਕਤ ਸ਼ਖ਼ਸੀਅਤਾਂ ਵੱਲੋਂ ਦਿੱਤੇ ਗਏ ਵਿਚਾਰਾਂ ਦਾ ਨਿਚੋੜ ਕੱਢਦਿਆਂ ਸਤੀਸ਼ ਕੌਲ ਨੇ ਕਿਹਾ ਕਿ ਪੰਜਾਬੀ ਸਿਨੇਮਾ ਦੇ ਮੌਜੂਦਾ ਦੌਰ ਵਿਚ ਫ਼ਿਲਮਕਾਰੀ ਵਿਚ ਸਭ ਤੋਂ ਵੱਡੀ ਕਮਜ਼ੋਰ ਕੜੀ ਨਿਰਮਾਤਾ ਹੈ, ਜੋ ਬਾਕੀ ਕਲਾਕਾਰਾਂ ਅਤੇ ਤਕਨੀਸ਼ੀਅਨਾਂ ਨੂੰ ਆਜ਼ਾਦੀ ਨਾਲ ਕੰਮ ਨਹੀਂ ਕਰਨ ਦਿੰਦਾ। ਜਦੋਂ ਤੱਕ ਸਿਰਜਣਾਤਮਕ ਅਤੇ ਉਸਾਰੂ ਸੋਚ ਵਾਲੇ ਨਿਰਮਾਤਾ ਫ਼ਿਲਮਾਂ ਬਣਾਉਣ ਤਾਂ ਹੀ ਪੰਜਾਬੀ ਸਿਨੇਮਾ ਤਰੱਕੀ ਦੀ ਲੀਹ ’ਤੇ ਅੱਗੇ ਵੱਧ ਸਕਦਾ ਹੈ। ਬਹਿਸ ਦੌਰਾਨ ਮਾਹੌਲ ਉਦੋਂ ਹਾਸੋਹੀਣਾ ਹੋ ਗਿਆ ਜਦੋਂ ਰੇਡੀਓ ਮੰਤਰਾ ਦੇ ਆਰ. ਜੇ. ਹੈਰੀ ਅਤੇ ਮਨਪ੍ਰੀਤ ਕੌਰ ਵੱਲੋਂ ਅਰਥ-ਭਰਪੂਰ ਸਿਨੇਮਾ ਦੇ ਪ੍ਰਚਾਰ ਵਿਚ ਫ਼ਿਲਮ ਨਿਰਮਾਤਾਵਾਂ ਵੱਲੋਂ ਦਿਖਾਈ ਜਾਂਦੀ ਢਿੱਲ ਬਾਰੇ ਸਿੱਧਾ ਅਤੇ ਤਿੱਖਾ ਸਵਾਲ ਪੁੱਛਿਆ ਗਿਆ। ਪੈਨਲ ਵਿਚ ਹਾਜ਼ਰ ਕੋਈ ਵੀ ਸੱਜਣ ਇਸ ਦਾ ਢੁੱਕਵਾਂ ਜਵਾਬ ਨਾ ਦੇ ਸਕਿਆ ਅਤੇ ਦੋਵਾਂ ਆਰ. ਜੇ. ਵੱਲੋਂ ਇਸ ਸਵਾਲ ਨੂੰ ਲਗਾਤਾਰ ਉਠਾਏ ਜਾਣ ’ਤੇ ਉਭਰਦੇ ਕਲਾਕਾਰ ਸੁਨੀਲ ਕਟਾਰੀਆ ਤੈਸ਼ ਵਿਚ ਆ ਗਏ। ਬਹਿਸ ਦਾ ਬਦਲਦਾ ਰੁੱਖ ਦੇਖ ਕੇ ਸਤੀਸ਼ ਵਰਮਾ ਨੇ ਮੌਕਾ ਸੰਭਾਲਿਆ। ਉਸ ਤੋਂ ਬਾਅਦ ਕਟਾਰੀਆਂ ਕਾਫ਼ੀ ਦੇਰ ਮੰਚ ਤੋਂ ਗੈਰ-ਹਾਜ਼ਿਰ ਰਹੇ। ਇਸੇ ਤਰ੍ਹਾਂ ਇਕ ਸਵਾਲ ਦੇ ਜਵਾਬ ਵਿਚ ਪਹਿਲਾਂ ਪਰਮੀਸ਼ ਵਰਮਾ ਵੀ ਪੁੱਛੇ ਗਏ ਸਵਾਲ ਨੂੰ ਸਮਝੇ ਬਗ਼ੈਰ ਗਰਮ ਜਵਾਬ ਦਿੰਦੇ ਰਹੇ, ਪਰ ਜਦੋਂ ਸਵਾਲ ਕਰਤਾ ਨੇ ਸਵਾਲ ਦੋਹਰਾਇਆ ਤਾਂ ਉਨ੍ਹਾਂ ਨੂੰ ਆਪਣੀ ਗਲਤੀ ਮੰਨਣੀ ਪਈ। ਬਹਿਸ ਵਿਚ ਇਕ ਹੋਰ ਰੌਚਕ ਅਤੇ ਅਹਿਮ ਗੱਲ ਇਹ ਰਹੀ ਕਿ ਸਤੀਸ਼ ਵਰਮਾ ਨੇ ਸਵਿਕਾਰ ਕੀਤਾ ਕਿ ਦੋ ਫ਼ਿਲਮਾਂ ਲਿਖਣ ਅਤੇ ਦੋ ਫ਼ਿਲਮਾਂ ਵਿਚ ਅਦਾਕਾਰੀ ਕਰਨ ਤੋਂ ਬਾਅਦ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਸਾਹਿਤਕਾਰੀ ਵਿਚ ਉਨ੍ਹਾਂ ਨੂੰ ਕਿਤੇ ਬਿਹਤਰ ਪਛਾਣ ਅਤੇ ਰੁਤਬਾ ਪਹਿਲਾਂ ਹੀ ਹਾਸਲ ਹੈ ਅਤੇ ਉਹ ਉਸੇ ਵੱਲ ਵੱਧ ਝੁਕਾਅ ਰੱਖਣਾ ਚਾਹੁਣਗੇ। ਵਰਮਾ ਦਾ ਇਹ ਈਮਾਨਦਾਰੀ ਭਰਿਆ ਬਿਆਨ ਉਨ੍ਹਾਂ ਦੀ ਵੱਡੀ ਸ਼ਖ਼ਸੀਅਤ ਨੂੰ ਹੋਰ ਵੀ ਵਡੇਰੀ ਕਰਦਾ ਹੈ। ਇਸੇ ਤਰ੍ਹਾਂ ਕੁਝ ਸਫ਼ਲ ਪੰਜਾਬੀ ਫ਼ਿਲਮਾਂ ਤੋਂ ਹੋਣ ਵਾਲੀ ਕਮਾਈ ਦੀ ਸਹੀ ਵੰਡ ਅਤੇ ਸਿਨੇਮੇ ਦੇ ਭਲੇ ਲਈ ਉਸ ਦੀ ਵਰਤੋਂ ਬਾਰੇ ਪੁੱਛੇ ਗਏ ਇਕ ਸਵਾਲ ਦੇ ਜਵਾਬ ਵਿਚ ਚਰਚਿਤ ਚਰਿੱਤਰ ਅਭਿਨੇਤਾ ਹਰਪਾਲ ਸਿੰਘ ਨੇ ਕਿਹਾ ਕਿ ਇਸ ਤਰ੍ਹਾਂ ਹੋਣ ਵਾਲੀ ਕਮਾਈ ਦਾ ਇਕ ਹਿੱਸਾ ਅਰਥ-ਭਰਪੂਰ ਫ਼ਿਲਮਾਂ ਬਣਾਉਣ ’ਤੇ ਜ਼ਰੂਰ ਲਗਾਉਣਾ ਚਾਹੀਦਾ ਹੈ ਤਾਂ ਜੋ ਸ਼ੁੱਧ ਮਨੋਰੰਜਨ ਵਾਲੀਆਂ ਫ਼ਿਲਮਾਂ ਦੇ ਨਾਲ-ਨਾਲ ਸਮਾਜਕ ਮਸਲਿਆਂ ਬਾਰੇ ਵੀ ਫ਼ਿਲਮਾਂ ਬਣ ਸਕਣ ਅਤੇ ਪੰਜਾਬੀ ਸਿਨੇਮਾ ਸਮਾਜ ਵਿਚ ਆਪਣਾ ਸਾਰਥਕ ਰੋਲ ਨਿਭਾ ਸਕੇ। ਬਹਿਸ ਦਾ ਅੰਤ ਪੰਜਾਬੀ ਸਿਨੇਮਾ ਪ੍ਰਤੀ ਸਕਾਰਾਤਮਕ ਸੋਚ ਵਾਲੇ ਸਮਰੱਥ ਸਿਰਜਾਣਾਤਕ ਨਿਰਮਾਤਾ, ਨਿਰਦੇਸ਼ਕਾਂ, ਲੇਖਕਾਂ ਅਤੇ ਅਦਾਕਾਰਾਂ ਦੀ ਸ਼ਮੂਲੀਅਤ ਦੀ ਆਸ ਪ੍ਰਗਟਾ ਕੇ ਕੀਤਾ ਗਿਆ। ਜਿਸ ਦਾ ਨਿਚੋੜ ਇਹ ਕੱਢਿਆ ਗਿਆ ਕਿ ਜਦੋਂ ਤੱਕ ਫ਼ਿਲਮ ਕਲਾ ਨੂੰ ਸਮਝਣ ਵਾਲੇ ਪ੍ਰੋਡਿਊਸਰ, ਫ਼ਿਲਮਕਾਰੀ ਵਿਚ ਨਿਪੁੰਨ ਨਿਰਦੇਸ਼ਕ, ਚੰਗੇ ਵਿਸ਼ਿਆਂ ਬਾਰੇ ਨਿਪੁੰਨਤਾ ਨਾਲ ਲਿਖਣ ਵਾਲੇ ਫ਼ਿਲਮ ਲੇਖਕ ਅਤੇ ਸਮਾਜ ਪ੍ਰਤੀ ਆਪਣੀ ਜਿੰਮੇਵਾਰੀ ਸਮਝਣ ਵਾਲੇ ਅਦਾਕਾਰ ਇੱਕਠੇ ਨਹੀਂ ਹੁੰਦੇ ਉਦੋਂ ਤੱਕ ਪੰਜਾਬੀ ਸਿਨੇਮਾ ਮੌਜੂਦਾ ਦਸ਼ਾ ਅਤੇ ਦਿਸ਼ਾ ਤੋਂ ਉੱਭਰ ਨਹੀਂ ਸਕਦਾ। ਆਸ ਪ੍ਰਗਟਾਈ ਗਈ ਕਿ ਫ਼ਿਲਮ ਉਦਯੋਗ ਨਾਲ ਜੁੜੀਆਂ ਸ਼ਖ਼ਸ਼ੀਅਤਾਂ ਇਸ ਮਸਲੇ ’ਤੇ ਇੱਕਠੇ ਹੋ ਕੇ ਵਿਚਾਰ ਕਰਨਗੀਆਂ।
ਤੀਸਰੇ ਪੜਾਅ ਵਿਚ ਸੀ.ਟੀ ਇੰਸਟੀਚਿਊਟ ਦੇ ਵੱਡੇ ਹਾਲ ਵਿਚ ਸਨਮਾਨ ਸਮਾਰੋਹ ਦੀ ਸ਼ੁਰੂਆਤ ਪੰਜਾਬੀ ਸਿਨੇਮਾ ਦੇ ਇਤਿਹਾਸ ਅਤੇ ਇਸ ਦੇ ਉਨਾਸੀ ਸਾਲਾਂ ਦੇ ਸਫ਼ਰ ਉੱਤੇ ਝਾਤ ਪਾਉਂਦੀ ਦਸਤਾਵੇਜ਼ੀ ਫ਼ਿਲਮ ਦਿਖਾ ਕੇ ਕੀਤੀ ਗਈ। ਉਸ ਤੋਂ ਬਾਅਦ ਸ਼ੁਰੂ ਹੋਈ ਸਨਮਾਨਾਂ ਦੀ ਲੜੀ ਵਿਚ ਪੰਜਾਬੀ ਸਿਨੇਮਾ ਦੇ ਉੱਘੇ ਅਭਿਨੇਤਾ ਸਤੀਸ਼ ਕੌਲ ਨੂੰ ਲਾਈਫ਼ ਟਾਈਮ ਅਚੀਵਮੈਂਟ ਸਨਮਾਨ ਭੇਂਟ ਕੀਤਾ ਗਿਆ। ਬੱਤਰਾ ਸ਼ੋਅਬਿਜ਼ ਦੇ ਨਿਰਮਾਤਾ ਕਪਿਲ ਬੱਤਰਾ ਅਤੇ ਰਾਜਨ ਬੱਤਰਾ ਨੂੰ ਸਟਾਰ ਮੇਕਰਜ਼ ਆਫ਼ ਪੰਜਾਬੀ ਸਿਨੇਮਾ, ਗੀਤਕਾਰ ਅਤੇ ਫ਼ਿਲਮਕਾਰ ਅਮਰਦੀਪ ਸਿੰਘ ਗਿੱਲ ਨੂੰ ਮੈਜਿਸ਼ਿਅਨ ਆਫ਼ ਵਰਡਜ਼, ਜਸਪਿੰਦਰ ਚੀਮਾ ਨੂੰ ਫੇਸ ਆਫ਼ ਪੰਜਾਬੀਅਤ, ਸਰਬਜੀਤ ਚੀਮਾ ਨੂੰ ਰੰਗਲਾ ਸਟਾਰ ਆਫ਼ ਪੰਜਾਬ, ਜਸਪਾਲ ਸਿੰਘ ਨੂੰ ਪ੍ਰੌਮਿਸਿੰਗ ਕੈਰੇਕਟਰ ਆਰਟਿਸਟ, ਅੰਬਰ ਵਸ਼ਿਸ਼ਟ ਨੂੰ ਸਿੰਗਿੰਗ ਸੈਨਸ਼ੇਸ਼ਨ ਆਫ਼ ਪੰਜਾਬ, ਡਾਇਰੈਕਸ਼ਨ ਲਈ ਮੁਨੀਸ਼ ਸ਼ਰਮਾ ਅਤੇ ਜਸਵਿੰਦਰ ਸਿੰਘ, ਪ੍ਰੋਮਿਸਿੰਗ ਐਕਟਰ ਦਾ ਸਨਮਾਨ ਯੁਵਰਾਜ ਹੰਸ, ਪ੍ਰੀਤ ਭੁੱਲਰ, ਬੱਲੀ ਰਿਆੜ, ਜਿੰਮੀ ਸ਼ਰਮਾ, ਵਰਸੈਟਾਈਲ ਸਟਾਰ ਸਨਮਾਨ ਹਰੀਸ਼ ਵਰਮਾ, ਪੰਜਾਬੀ ਸਿਨੇਮਾ ਪ੍ਰੋਮੋਸ਼ਨ ਆਨਰਜ਼ ਮੁਨੀਸ਼ ਸਾਹਨੀ, ਇਸ ਦੇ ਨਾਲ ਹੀ ਜੈਸਮੀਨ ਸਿੰਘ, ਸੁਨੀਲ ਕਟਾਰੀਆ, ਪਰਮਜੀਤ ਫਰੀਦਕੋਟ, ਸੁਧੀਰ ਭੱਲਾ ਅਤੇ ਪਰਮੀਸ਼ ਵਰਮਾ ਨੂੰ ਵਿਸ਼ੇਸ਼ ਸਨਮਾਨ ਦਿੱਤੇ ਗਏ। ਸਰਬਜੀਤ ਚੀਮਾ ਨੇ ਆਪਣੇ ਜਾਣੇ-ਪਛਾਣੇ ਅੰਦਾਜ਼ ਵਿਚ ਬਿਨਾਂ ਸਾਜ਼ਾਂ ਦੇ ਹੀ ਆਪਣੀ ਗਾਇਕੀ ਦਾ ਰੰਗ ਬੰਨ੍ਹ ਦਿੱਤਾ। ਭਾਵੇਂ ਦਰਸ਼ਕਾਂ ਦੇ ਰੂਪ ਵਿਚ ਵਿਦਿਆਰਥੀਆਂ ਦੀ ਗਿਣਤੀ ਹਾਲ ਦੇ ਮੁਕਾਬਲੇ ਆਟੇ ਵਿਚ ਲੂਣ ਬਰਾਬਰ ਸੀ, ਪਰ ਉਨ੍ਹਾਂ ਨੇ ਕਲਾਕਾਰਾਂ ਦੀਆਂ ਪੇਸ਼ਕਾਰੀਆਂ ਦਾ ਭਰਪੂਰ ਲੁਤਫ਼ ਲਿਆ ਅਤੇ ਉਤਸ਼ਾਹ ਜ਼ਾਹਿਰ ਕੀਤਾ। ਚੀਮਾ ਦੇ ਨਾਲ ਹੀ ਯੁਵਰਾਜ ਹੰਸ, ਹਰੀਸ਼ ਵਰਮਾ, ਰਾਏ ਜੁਝਾਰ, ਅੰਬਰ ਵਸ਼ਿਸ਼ਟ ਨੇ ਵੀ ਗੀਤ ਗਾ ਕੇ ਹਾਜ਼ਰੀ ਲਵਾਈ। ਇਸ ਮੌਕੇ ਹੰਸ ਰਾਜ ਹੰਸ ਦੇ ਵੱਡੇ ਬੇਟੇ ਅਤੇ ਯੁਵਰਾਜ ਹੰਸ ਦੇ ਵੱਡੇ ਭਰਾ ਦੀ ਪਹਿਲੀ ਫ਼ਿਲਮ ਮੈਰਿਜ ਦਾ ਗੈਰਿਜ ਦੀ ਪਹਿਲੀ ਝਲਕ ਦਿਖਾਈ ਗਈ। ਹਾਸਰਸ ਕਲਾਕਾਰ ਸੁਰਿੰਦਰਜੀਤ ਪਤੀਲਾ ਦੀ ਵੀਡਿਓ ਫ਼ਿਲਮ ਦੀ ਵੀ ਝਲਕ ਦਿਖਾਈ ਗਈ। ਪ੍ਰਬੰਧਕਾਂ ਵੱਲੋਂ ਤਿਆਰ ਕੀਤੀ ਗਈ ਸੂਚੀ ਮੁਤਾਬਿਕ ਪੈਂਤੀ ਤੋਂ ਵੱਧ ਕਲਾਕਾਰਾਂ ਨੂੰ ਸਨਮਾਨ ਦਿੱਤੇ ਜਾਣੇ ਸਨ, ਪਰ ਵਾਅਦਾ ਕਰਕੇ ਵੀ ਨਾ ਆਉਣ ਵਾਲੇ ਬਹੁਤੇ ਫ਼ਿਲਮੀ ਕਲਾਕਾਰਾਂ ਦੇ ਕਰਕੇ ਕਸੂਤੀ ਸਥਿਤੀ ਵਿਚ ਫਸੇ ਪ੍ਰਬੰਧਕਾਂ ਨੇ ਕੁਝ ਕਲਾਕਾਰਾਂ ਨੂੰ ਉਨ੍ਹਾਂ ਦੀ ਗੈਰ-ਹਾਜ਼ਿਰੀ ਵਿਚ ਹੀ ਸਨਮਾਨਿਤ ਕੀਤਾ। ਇਕ ਪਾਸੇ ਉਹ ਨਾਮੀ ਕਲਾਕਾਰ ਸਨ ਜਿਹੜੇ ਐਨ ਮੌਕੇ ਧੋਖਾ ਦੇ ਗਏ ਅਤੇ ਦੂਜੇ ਪਾਸੇ ਇਕ ਕਲਕਾਰ ਅਜਿਹਾ ਵੀ ਸੀ, ਜਿਸ ਨੇ ਐਨ ਮੌਕੇ ਮਜਬੂਰੀ ਵੱਸ ਨਾ ਆਉਣ ਦੀ ਹਾਲਤ ਵਿਚ ਉਚੇਚੇ ਤੌਰ ‘ਤੇ ਆਪਣੇ ਮਾਤਾ ਜੀ ਨੂੰ ਭੇਜਿਆ। ਇਹ ਕਲਾਕਾਰ ਹੈ ਗੁੜ ਨਾਲੋਂ ਇਸ਼ਕ ਮਿੱਠਾ ਸਮੇਤ ਕਈ ਫ਼ਿਲਮਾਂ ਵਿਚ ਆਪਣੀ ਅਦਾਕਾਰੀ ਦੇ ਜੌਹਰ ਦਿਖਾ ਚੁੱਕਿਆ ਨੌਜਵਾਨ ਅਦਾਕਾਰ ਜਿੰਮੀ ਸ਼ਰਮਾ, ਜਿਸ ਦੀ ਗ਼ੈਰ-ਹਾਜ਼ਰੀ ਵਿਚ ਉਸ ਦਾ ਸਨਮਾਨ ਉਸ ਦੇ ਮਾਤਾ ਜੀ ਨੇ ਹਾਸਲ ਕੀਤੀ।
ਜਦੋਂ ਅਸੀਂ ਪੰਜਾਬੀ ਸਿਨੇਮਾ ਗੋਲਡਨ ਆਨਰਜ਼ ਦਾ ਜ਼ਿਕਰ ਕਰ ਰਹੇ ਹਾਂ ਤਾਂ ਇਸ ਮੌਕੇ ਪੰਜਾਬੀ ਸਿਨੇਮਾ ਵਿਚ ਇਸ ਰੁਝਾਨ ਦੀ ਸ਼ੁਰੂਆਤ ਦੀ ਗੱਲ ਕਰਨੀ ਬਣਦੀ ਹੈ। ਜ਼ਿਕਰਯੋਗ ਹੈ ਕਿ ਅਜਿਹੇ ਉਪਰਾਲੇ ਦੀ ਸ਼ੁਰੂਆਤ ਸੰਨ 2007 ਅੰਮ੍ਰਿਤਸਰ ਦੀ ਸੁਰ ਸਾਂਝ ਸੰਸਥਾ ਵੱਲੋਂ ਬਹੁਤ ਵੱਡੇ ਪੱਧਰ ’ਤੇ ਉਦੋਂ ਕੀਤੀ ਗਈ ਸੀ, ਜਦੋਂ ਕਿਸੇ ਨੇ ਪੰਜਾਬੀ ਸਿਨੇਮਾ ਦੇ ਮਾਣ-ਸਨਮਾਨ ਬਾਰੇ ਸੋਚਿਆ ਵੀ ਨਹੀਂ ਸੀ। ਪੰਜਾਬੀ ਸਿਨੇਮਾ ਗੋਲਡਨ ਆਰਨਰਜ਼ ਸਮਾਗਮ ਨਵਤੇਜ ਸੰਧੂ ਦੀ ਸੁਰ-ਸਾਂਝ ਸੰਸਥਾ ਵੱਲੋਂ ਸ਼ੁਰੂ ਕੀਤੇ ਗਏ ਉਸੇ ਸਮਾਗਮ ਦੀ ਤਰਜ਼ ਅਤੇ ਪ੍ਰੇਰਨਾ ਤੋਂ ਸ਼ੁਰੂ ਕੀਤਾ ਗਿਆ ਇਕ ਹੋਰ ਸਮਾਗਮ ਹੈ। ਇਸ ਵਿਚ ਕੋਈ ਹੈਰਾਨੀ ਦੀ ਗੱਲ ਵੀ ਨਹੀਂ ਕਿ ਪੰਜਾਬੀ ਕੈਨਵਸ ਦੇ ਸੰਸਥਾਪਕ ਰਤੀਸ਼ ਗੁਪਤਾ ਮੁੱਢ ਤੋਂ ਹੀ ਸੁਰ ਸਾਂਝ ਸੰਸਥਾ ਦੇ ਸਾਬਕਾ ਮੈਂਬਰ ਹਨ ਅਤੇ ਪਿਛਲੇ ਸਾਲ ਤੱਕ ਸੁਰ ਸਾਂਝ ਨਾਲ ਜੁੜੇ ਰਹੇ ਹਨ। ਸੁਰ ਸਾਂਝ ਨਾਲ ਜੁੜ ਕੇ ਉਨ੍ਹਾਂ ਇੰਨੇ ਵੱਡੇ ਕਾਰਜ ਦੀ ਗੁੜਤੀ ਓਥੋਂ ਹੀ ਲਈ ਹੈ। ਛੋਟੀਆਂ-ਮੋਟੀਆਂ ਪ੍ਰਬੰਧਕੀ ਕਮੀਆਂ ਦੇ ਬਾਵਜੂਦ ਆਪਣੇ ਤੌਰ ’ਤੇ ਸਫ਼ਲ ਸਮਾਗਮ ਕਰਵਾ ਕੇ ਉਨ੍ਹਾਂ ਨੇ ਇਸੇ ਗੱਲ ਦੀ ਹੀ ਗਵਾਹੀ ਦਿੱਤੀ ਹੈ ਕਿ ਸੁਰ ਸਾਂਝ ਸੰਸਥਾ ਤੋਂ ਮਿਲੀ ਕਾਮਯਾਬ ਸਮਾਗਮ ਕਰਵਾਉਣ ਦੀ ਸਿੱਖਿਆ ਉਨ੍ਹਾਂ ਨੇ ਬਖੂਬੀ ਅਪਣਾਈ ਹੈ। ਸੁਰ ਸਾਂਝ ਦੇ ਪਹਿਲੇ ਸਮਾਗਮ ਵਿਚ ਪੰਜਾਬੀ ਸਿਨੇਮਾ ਦੇ ਕਈ ਵੱਡੇ ਹਸਤਾਖ਼ਰ ਮੁੰਬਈ ਤੋਂ ਵੀ ਆਏ ਸਨ ਅਤੇ ਸਿਨਮੇ ਦੇ ਨਾਲ-ਨਾਲ ਅੰਮ੍ਰਿਤਸਰ ਦੀ ਆਰਟ ਗੈਲਰੀ ਵਿਚ ਪੰਜਾਬੀ ਦੀਆਂ ਕਲਾਸਿਕ ਫ਼ਿਲਮਾਂ ਦਿਖਾਈਆਂ ਗਈਆਂ ਸਨ। ਉਸ ਦੇ ਮੁਕਾਬਲੇ ਪੰਜਾਬੀ ਸਿਨੇਮਾ ਗੋਲਡਨ ਆਨਰਜ਼ ਦੀ ਮੱਧਮ ਸ਼ੁਰੂਆਤ ਇਸ ਦੇ ਉਜਲੇ ਭਵਿੱਖ ਦੀ ਤਸਵੀਰ ਜ਼ਰੂਰ ਦਿਖਾਉਂਦੀ ਹੈ। ਸਮਾਰੋਹ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬੀ ਕੈਨਵਸ ਦੇ ਸੰਸਥਾਪਕ ਰਤੀਸ਼ ਗੁਪਤਾ ਨੇ ਦਾਅਵਾ ਕੀਤਾ ਕਿ ਗੋਆ ਵਿਚ ਹੁੰਦੇ ਸਾਲਾਨਾ ਕੌਮਾਂਤਰੀ ਪੱਧਰ ਦੇ ਫ਼ਿਲਮ ਮੇਲੇ ਵਰਗਾ ਹੀ ਪੰਜਾਬੀ ਫ਼ਿਲਮਾਂ ਦਾ ਮੇਲਾ ਕਰਵਾਉਣ ਦਾ ਸੁਪਨਾ ਪੂਰਾ ਕਰਨ ਲਈ ਉਨ੍ਹਾਂ ਨੇ ਸ਼ੁਰੂਆਤ ਇਸ ਸਮਾਰੋਹ ਤੋਂ ਕੀਤੀ ਹੈ। ਜਿਸ ਵਿਚ ਉਨ੍ਹਾਂ ਨੇ ਕਿਸੇ ਸਰਕਾਰੀ ਜਾਂ ਗ਼ੈਰ-ਸਰਕਾਰੀ ਸੰਸਥਾ ਤੋਂ ਕੋਈ ਆਰਥਿਕ ਸਹਿਯੋਗ ਨਹੀਂ ਲਿਆ। ਭਵਿੱਖ ਵਿਚ ਉਹ ਆਪਣਾ ਵੱਡਾ ਸੁਪਨਾ ਵੀ ਜ਼ਰੂਰ ਪੂਰਾ ਕਰ ਦਿਖਾਉਣਗੇ। ਇਸ ਮੌਕੇ ਸਤੀਸ਼ ਕੌਲ ਨੇ ਆਪਣੀ ਕਮਾਈ ਵਿਚੋਂ 10 ਫੀਸਦੀ ਹਿੱਸਾ ਪੰਜਾਬੀ ਕੈਨਵਸ ਨੂੰ ਦੇਣ ਦਾ ਐਲਾਨ ਕਰਨ ਦੇ ਨਾਲ ਹੀ, ਪੰਜਾਬੀ ਚੈਨਲਾਂ ਨੂੰ ਇਹ ਸਮਾਰੋਹ ਪ੍ਰਸਾਰਿਤ ਕਰਨ ਲਈ ਢੁੱਕਵਾਂ ਸਮਾਂ ਦੁਵਾਉਣ ਅਤੇ ਮੁੰਬਈ ਜਾ ਕੇ ਧਰਮਿੰਦਰ ਅਤੇ ਅਮਿਤਾਬ ਬੱਚਨ ਵਰਗੇ ਨਾਮੀ ਕਲਾਕਾਰਾਂ ਨੂੰ ਇਸ ਮੇਲੇ ਵਿਚ ਸ਼ਾਮਲ ਹੋਣ ਲਈ ਮਨਾਉਣ ਵਿਚ ਸਹਿਯੋਗ ਕਰਨ ਦਾ ਦਾਅਵਾ ਵੀ ਕੀਤਾ।
Leave a Reply