ਭਾਰਤ ਨੇ ਚੀਨ ਨੂੰ ਪਛਾੜਨ ਲਈ ਕਮਰ ਕੱਸੀ!

0 0
Read Time:8 Minute, 17 Second

-ਦੀਪ ਜਗਦੀਪ ਸਿੰਘ-

ਆਰਥਕ ਤੇ ਫ਼ੌਜੀ ਤਾਕਤ ਦੇ ਮਾਮਲੇ ਵਿਚ ਚੀਨ ਅਮਰੀਕਾ ਵਰਗੀ ਮਹਾਂ-ਸ਼ਕਤੀ ਨੂੰ ਪਛਾੜਨ ਲਈ ਪੱਬਾਂ ਭਾਰ ਹੋਇਆ ਬੈਠਾ ਹੈ। ਭਾਰਤ ਸਰਕਾਰ 2026-27 ਤੱਕ ਪੰਜ ਟ੍ਰੀਲੀਅਨ ਦੇ ਅਰਥਚਾਰੇ ਦੇ ਦਾਅਵਿਆਂ ਨਾਲ ਆਰਥਕ ਮਹਾਂਸ਼ਕਤੀ ਬਣਨ ਦੇ ਦਾਅਵੇ ਕਰ ਰਿਹਾ ਹੈ। ਉੱਥੇ ਹੀ ਚੀਨ ਦੀਆਂ ਕੰਪਿਊਟਰ ਐਪਲੀਕੇਸ਼ਨਾਂ ਬੰਦ ਕਰਕੇ ਉਸ ’ਤੇ ਪਾਬੰਦੀਆਂ ਲਾਉਣ ਦੀ ਦਗਮਜ਼ੇ ਮਾਰ ਰਿਹਾ ਹੈ। ਇਸ ਤਰ੍ਹਾਂ ਭਾਰਤ ਚੀਨ ਨੂੰ ਆਰਥਕ ਜਾਂ ਤਕਨੀਕੀ ਖੇਤਰ ਵਿਚ ਕਦੋਂ ਤੱਕ ਪਛਾੜੇਗਾ ਕਹਿਣਾ ਮੁਸ਼ਕਲ ਹੈ। ਪਰ ਇਕ ਮਾਮਲੇ ਵਿਚ ਭਾਰਤ ਨੇ ਚੀਨ ਨੂੰ ਪਛਾੜਨ ਵਾਸਤੇ ਕਮਰ ਕੱਸ ਲਈ ਹੈ। ਸੰਯੁਕਤ ਰਾਸ਼ਟਰ ਦੀ ਮੰਨੀਏ ਤਾਂ ਇਕ ਮਾਮਲੇ ਵਿਚ ਤਾਂ ਭਾਰਤ ਚੀਨ ਨੂੰ ਅਗਲੇ ਸਾਲ ਭਾਵ 2023 ਵਿਚ ਪਛਾੜ ਹੀ ਦੇਵੇਗਾ। ਇਹ ਮਾਮਲਾ ਹੈ ਆਬਾਦੀ ਦਾ।

World Population

ਦੱਸ ਦਈਏ ਕਿ 11 ਜੁਲਾਈ ਨੂੰ ਵਿਸ਼ਵ ਆਬਾਦੀ ਦਿਵਸ ਮਨਾਇਆ ਗਿਆ ਤੇ ਇਸੇ ਦਿਨ ਸੰਯੁਕਤ ਰਾਸ਼ਟਰ ਨੇ ਦੁਨੀਆ ਦੀ ਆਬਾਦੀ ਬਾਰੇ ਹੈਰਾਨੀਜਨਕ ਅੰਕੜੇ ਜਾਰੀ ਕੀਤੇ। ਇਸ ਵਿਚੋਂ ਭਾਰਤ ਲਈ ਸਭ ਤੋਂ ਅਹਿਮ ਅੰਕੜਾ ਇਹ ਹੈ ਕਿ 2023 ਵਿਚ ਭਾਰਤ ਆਬਾਦੀ ਦੇ ਮਾਮਲੇ ਵਿਚ ਚੀਨ ਨੂੰ ਪਛਾੜ ਕੇ ਦੁਨੀਆ ਦਾ ਸਭ ਤੋਂ ਜ਼ਿਆਦਾ ਆਬਾਦੀ ਵਾਲਾ ਪਹਿਲੇ ਨੰਬਰ ਦਾ ਮੁਲਕ ਬਣ ਸਕਦਾ ਹੈ। ਰਿਪੋਰਟ ਮੁਤਾਬਕ 2022 ਵਿਚ ਭਾਰਤ ਦੀ ਆਬਾਦੀ 1.412 ਅਰਬ ਹੋ ਜਾਵੇਗੀ ਜਦ ਕਿ ਚੀਨ ਦੀ ਆਬਾਦੀ 1.426 ਅਰਬ ਹੋਵਗੀ। 2023 ਵਿਚ ਭਾਰਤ ਦੀ ਆਬਾਦੀ ਚੀਨ ਦੀ ਆਬਾਦੀ ਤੋਂ ਵਧ ਹੋ ਜਾਵੇਗੀ। 2050 ਤੱਕ ਇਹ ਫ਼ਰਕ ਹੋਰ ਵੀ ਵਧਦਾ ਜਾਵੇਗਾ। ਭਾਰਤ ਦੀ ਆਬਾਦੀ 2050 ਵਿਚ 1.668 ਬਿਲੀਅਨ ਹੋਵੇਗੀ ਤੇ ਚੀਨ ਦੀ 1.317 ਬਿਲੀਅਨ ਹੋਵੇਗੀ। ਇਸ ਤਰ੍ਹਾਂ ਭਾਰਤ ਵੱਡੇ ਫ਼ਰਕ ਨਾਲ ਆਬਾਦੀ ਦੇ ਮਾਮਲੇ ਵਿਚ ਚੀਨ ਨੂੰ ਪਿੱਛੇ ਛੱਡਦਿਆਂ ਪਹਿਲੇ ਨੰਬਰ ’ਤੇ ਆ ਜਾਵੇਗਾ।

ਇਸ ਦੇ ਨਾਲ ਹੀ 2022 ਵਿਚ ਦੁਨੀਆ ਦੀ ਕੁੱਲ ਆਬਾਦੀ 8 ਅਰਬ ਹੋ ਜਾਵੇਗੀ ਤੇ ਇਸੇ ਸਾਲ ਦੁਨੀਆ ਦੇ ਅੱਠ ਅਰਬਵੇਂ ਮਨੁੱਖ ਦਾ ਜਨਮ ਹੋਵੇਗਾ। ਸਿਹਤ ਸਹੂਲਤਾਂ ਵਿਚ ਸੁਧਾਰ ਤੇ ਜੱਚਾ-ਬੱਚਾ ਮੌਤ ਦਰ ਵਿਚ ਆਈ ਘਾਟ ਨੇ ਮੌਤ ਦੀ ਦਰ ਘਟਾ ਦਿੱਤੀ ਹੈ। ਇਸ ਦੇ ਨਾਲ ਹੀ ਸੰਯੁਕਤ ਰਾਸ਼ਟਰ ਨੇ ਯਾਦ ਕਰਵਾਇਆ ਹੈ ਕਿ ਧਰਤੀ ਦੀ ਸੰਭਾਲ ਦੀ ਸਾਡੀ ਸਾਂਝੀ ਜ਼ਿੰਮੇਵਾਰੀ ਹੈ। ਇਸ ਵੇਲੇ ਧਰਤੀ ਤੇਜ਼ੀ ਨਾਲ ਵਧਦੀ ਆਬਾਦੀ ਤੇ ਅਸਾਵੇਂ ਵਿਕਾਸ ਦੇ ਦੋਹਰੇ ਦਬਾਅ ਅਧੀਨ ਹੈ। ਜਿਸ ਕਰਕੇ ਤੇਜ਼ੀ ਨਾਲ ਸਮੁੱਚੇ ਵਾਤਾਵਰਨ ਵਿਚ ਤਬਦੀਲੀਆਂ ਆ ਰਹੀਆਂ ਹਨ। ਮੌਸਮਾਂ ਵਿਚ ਬਦਲੀ ਨਾਲ ਫ਼ਸਲਾਂ ਦੇ ਝਾੜ ਘਟ ਰਹੇ ਹਨ। ਜਿਸ ਨਾਲ ਵਧਦੀ ਆਬਾਦੀ ਦੀ ਖ਼ੁਰਾਕ ਸੁਰੱਖਿਆ ਦਾ ਸੰਕਟ ਪੈਦਾ ਹੋਣ ਦੇ ਖ਼ਦਸ਼ੇ ਜਤਾਏ ਜਾ ਰਹੇ ਹਨ।

ਇਸ ਵੇਲੇ ਪ੍ਰਦੂਸ਼ਣ ਦੇ ਮਾਮਲੇ ਵਿਚ ਦੁਨੀਆ ਬਹੁਤ ਤਰੱਕੀ ਨਾਲ ਅੱਗੇ ਵਧ ਰਹੀ ਹੈ। ਜਲ, ਜੰਗਲ ਤੇ ਜ਼ਮੀਨ ਨੂੰ ਲਗਾਤਾਰ ਖੋਰਾ ਲਾਇਆ ਜਾ ਰਿਹਾ ਹੈ। ਜਿਸ ਦਾ ਨਤੀਜਾ ਸੁਨਾਮੀਆਂ, ਸੋਕਾ, ਹੜ੍ਹ ਤੇ ਕੋਰੋਨਾ ਵਰਗੀਆਂ ਬਿਮਾਰੀਆਂ ਦੇ ਰੂਪ ਵਿਚ ਨਿਕਲ ਰਿਹਾ ਹੈ। ਜਿਸ ਨਾਲ ਜੀਵਿਤ ਆਬਾਦੀ ਦੀ ਹੋਂਦ ਦੀ ਲੜਾਈ ਹੋਰ ਵੀ ਮੁਸ਼ਕਲ ਹੁੰਦੀ ਜਾ ਰਹੀ ਹੈ। ਇਕ ਆਮ ਮਨੁੱਖ ਦੇ ਜਿਉਂਦੇ ਰਹਿਣ ਦੀ ਕੀਮਤ ਲਗਾਤਾਰ ਵਧਦੀ ਜਾ ਰਹੀ ਹੈ ਤੇ ਸਨਮਾਨਯੋਗ ਜੀਵਨ ਜਿਓਣ ਤੇ ਰੋਜ਼ੀ-ਰੋਟੀ ਕਮਾਉਣ ਦੇ ਮੌਕੇ ਲਗਾਤਾਰ ਘਟਦੇ ਜਾ ਰਹੇ ਹਨ।

ਆਕਸਫੇਮ ਇੰਟਰਨੈਸ਼ਨਲ ਦੀ 2021 ਦੀ ਰਿਪੋਰਟ ਮੁਤਾਬਕ ਭਾਰਤ ਦੇ ਚੋਟੀ ਦੀ 1 ਫ਼ੀਸਦੀ ਆਬਾਦੀ ਦੇਸ਼ ਦੇ 77 ਫ਼ੀਸਦੀ ਸਰਮਾਏ ਦੀ ਮਾਲਕ ਹੈ। ਦੇਸ਼ ਦੇ ਦੋ ਅਮੀਰ ‘ਅ’ ਭਾਵ ਅੰਬਾਨੀ ਤੇ ਅਡਾਨੀ ਔਸਤਨ 90-90 ਬਿਲੀਅਨ ਡਾਲਰ ਦੇ ਮਾਲਕ ਹਨ, ਜੋ ਦੇਸ਼ ਦੇ ਕੁੱਲ ਸਰਮਾਏ ਦਾ 1.4% ਬਣਦਾ ਹੈ। ਦੂਜੇ ਪਾਸੇ ਦੇਸ਼ ਦੀ 60% ਆਬਾਦੀ ਵਿਸ਼ਵ ਬੈਂਕ ਦੀ ਦਰਸਾਈ ਗ਼ਰੀਬੀ ਰੇਖਾ ਲਗਪਗ 250 ਰੁਪਏ ਦਿਹਾੜੀ ਤੋਂ ਘਟ ਨਾਲ ਗ਼ੁਜ਼ਾਰਾ ਕਰਨ ਲਈ ਮਜਬੂਰ ਹੈ। ਇਹ ਵੀ ਸਮਝਣ ਵਾਲੀ ਗੱਲ ਹੈ ਕਿ ਭਾਰਤ ਦੇ 80 ਫ਼ੀਸਦੀ ਕਿਰਤੀ ਗ਼ੈਰ-ਸੰਗਠਿਤ ਖੇਤਰ ਵਿਚ ਕੰਮ ਕਰਦੇ ਹਨ ਤੇ ਦੇਸ਼ ਦੀ ਵਿਕਾਸ ਦਰ ਵਿਚ 50 ਫ਼ੀਸਦੀ ਦਾ ਯੋਗਦਾਨ ਦਿੰਦੇ ਹਨ। ਅਫ਼ਸੋਸ ਦੀ ਗੱਲ ਇਹ ਹੈ ਕਿ ਇਸ ਖੇਤਰ ਵਿਚ ਰੋਜ਼ਗਾਰ ਦੇ ਮੌਕੇ ਲਗਾਤਾਰ ਘਟ ਰਹੇ ਹਨ। ਵਧਦੀ ਮਹਿੰਗਾਈ ਨੇ ਇਸ ਖੇਤਰ ’ਤੇ ਨਿਰਭਰ ਕਾਮਿਆਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਨਤੀਜਤਨ ਐਸ. ਬੀ. ਆਈ ਦੀ ਰਿਪੋਰਟ ਮੁਤਾਬਕ ਭਾਰਤ ਦਾ ਗ਼ੈਰ-ਰਸਮੀ ਅਰਥਚਾਰਾ 2017-18 ਦੇ 52% ਤੋਂ ਸੁੰਗੜ ਕੇ 2020-21 ਵਿਚ 15-20 ਫ਼ੀਸਦੀ ਰਹਿ ਗਿਆ ਹੈ। ਇਸ ਨੇ ਅਮੀਰ ਨੂੰ ਹੋਰ ਅਮੀਰ ਤੇ ਗ਼ਰੀਬ ਨੂੰ ਹੋਰ ਗ਼ਰੀਬ ਕਰ ਦਿੱਤਾ ਹੈ।

ਆਬਾਦੀ ਦੇ ਮਾਮਲੇ ਵਿਚ ਪਹਿਲੇ ਨੰਬਰ ’ਤੇ ਆਉਣ ਨਾਲ 56 ਇੰਚ ਵਾਲੇ ਪ੍ਰਧਾਨ ਮੰਤਰੀ ਦਾ ਸੀਨਾ ਸ਼ਾਇਦ ਹੋਰ ਵੀ ਚੌੜਾ ਹੋ ਜਾਵੇ, ਪਰ ਉਨ੍ਹਾਂ ਤੋਂ ਸੁਆਲ ਪੁੱਛਣਾ ਬਣਦਾ ਹੈ ਕਿ ਗ਼ਰੀਬ ਤੇ ਅਮੀਰ ਵਿਚ ਚੌੜੇ ਹੁੰਦੇ ਪਾੜੇ ਨੂੰ ਘਟਾਉਣ ਲਈ ਉਨ੍ਹਾਂ ਕੋਲ ਕੀ ਯੋਜਨਾ ਹੈ। ਖ਼ਾਸ ਕਰ ਉਦੋਂ ਜਦੋਂ ਕਿਹਾ ਜਾਂਦਾ ਹੈ ਕਿ ਉਨ੍ਹਾਂ ਦੀ ਸਰਕਾਰ ਅਡਾਨੀ-ਅੰਬਾਨੀ ਦੀ ਸਰਕਾਰ ਹੈ। ਪਿਛਲੇ ਸਾਲ ਲਿਆਂਦੇ ਗਏ ਖੇਤੀ ਕਾਨੂੰਨ ਕਾਰਪੋਰੇਟ ਪੱਖੀ ਅਰਥਚਾਰੇ ਨੂੰ ਮਜ਼ਬੂਤ ਕਰਨ ਦੀ ਚਾਰਾਜੋਈ ਲੱਗਦੇ ਸਨ। ਅਜਿਹੀਆਂ ਅਨੇਕ ਯੋਜਨਾਵਾਂ ਹਨ ਜਿਨ੍ਹਾਂ ਨੇ ਅਮੀਰਾਂ ਨੂੰ ਲਾਭ ਪਹੁੰਚਾ ਕੇ ਗ਼ਰੀਬਾਂ ਨੂੰ ਉਨ੍ਹਾਂ ਦੇ ਦਿਹਾੜੀਦਾਰ ਬਣਾਉਣ ਤੱਕ ਸੀਮਿਤ ਕਰ ਦੇਣਾ ਹੈ। ਸੁਆਲ ਪੈਦਾ ਹੁੰਦਾ ਹੈ ਕਿ ਸਰਕਾਰ ਨੇ ਇਸ ਵੱਡੀ ਆਬਾਦੀ ਨੂੰ ਅੰਡਾਨੀ-ਅੰਬਾਨੀ ਵਰਗੇ ਸਰਮਾਏਦਾਰਾਂ ਦੇ ਦਿਹਾੜੀਦਾਰ ਤੇ ਖ਼ਪਤਕਾਰ ਹੀ ਬਣਾਉਣਾ ਹੈ ਜਾਂ ਇਨ੍ਹਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਸਰਕਾਰ ਵਾਲੀ ਕੋਈ ਜ਼ਿੰਮੇਵਾਰੀ ਵੀ ਨਿਭਾਉਣੀ ਹੈ?

ਭਾਰਤੀ ਅਰਥਚਾਰੇ ਦੇ ਨਿਗਰਾਨੀ ਕੇਂਦਰ ਵੱਲੋਂ ਜਾਰੀ ਬੇਰੋਜ਼ਗਾਰੀ ਦੇ ਤਾਜ਼ਾ ਅੰਕੜਿਆਂ ਮੁਤਾਬਕ ਜੂਨ 2022 ਵਿਚ 13 ਮਿਲੀਅਨ ਲੋਕ ਬੇਰੋਜ਼ਗਾਰ ਹੋ ਗਏ ਹਨ। ਜਿਸ ਨਾਲ ਰੋਜ਼ਗਾਰ ਪ੍ਰਾਪਤ ਆਬਾਦੀ ਦੀ ਗਿਣਤੀ 403 ਮਿਲੀਅਨ ਤੋਂ ਘਟ ਕੇ 390 ਮਿਲੀਅਨ ਰਹਿ ਗਈ ਹੈ। ਇਸ ਵਿਚੋਂ 8 ਮਿਲੀਅਨ ਰੋਜ਼ਗਾਰ ਖ਼ਰਾਬ ਮਾਨਸੂਨ ਕਰਕੇ ਪੇਂਡੂ ਖੇਤਰਾਂ ਵਿਚ ਘਟੇ ਹਨ। ਇਸ ਦੇ ਨਾਲ ਹੀ ਢਾਈ ਮਿਲੀਅਨ ਨੌਕਰੀਪੇਸ਼ਾ ਲੋਕਾਂ ਦੀ ਨੌਕਰੀ ਗਈ ਹੈ।

ਦੇਸ਼ ਵਿਚ ਸਿੱਖਿਆ, ਸਿਹਤ ਤੇ ਰੋਜ਼ਗਾਰ ਦੇ ਤਹਿਸ-ਨਹਿਸ ਹੋ ਚੁੱਕੇ ਢਾਂਚੇ ਨੂੰ ਦਰੁੱਸਤ ਕੀਤੇ ਬਿਨਾਂ ਤੇਜ਼ੀ ਨਾਲੋ ਵਧਦੀ ਆਬਾਦੀ ਦਾ ਦਬਾਅ ਝੱਲਿਆ ਜਾਣਾ ਮੁਸ਼ਕਿਲ ਹੈ। ਇਸ ਨੇ ਇਕ ਪਾਸੇ ਲੋਕਾਂ ਵਿਚ ਰੋਸ ਹੋਰ ਵਧਾਉਣਾ ਹੈ, ਉੱਥੇ ਹੀ ਸਾਧਨ ਸੰਪੰਨ ਤੇ ਸਾਧਨ ਹੀਣ ਦਾ ਪਾੜਾ ਹੋਰ ਵਧਾਉਣਾ ਹੈ। ਜਿਸ ਕਰਕੇ ਦੇਸ਼ ਵਿਚ ਅਪਰਾਧ ਤੇ ਗ਼ੈਰ-ਕਾਨੂੰਨੀ ਕਾਰਵਾਈਆਂ ਦੇ ਵਧਣ ਦਾ ਮਾਹੌਲ ਪੈਦਾ ਹੋਣਾ ਹੈ। ਨਾਲੇ ਅੰਨ੍ਹੇਵਾਹ ਕੀਤਾ ਜਾ ਰਿਹਾ ਉਦਯੋਗਿਕ ਵਿਕਾਸ ਵਾਤਾਵਰਨ ਨੂੰ ਬੁਰੀ ਤਰ੍ਹਾਂ ਤਬਾਹ ਕਰਕੇ ਭਿਆਨਕ ਕੁਦਰਤੀ ਆਫ਼ਤਾਂ ਤੇ ਗੰਭੀਰ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ।

ਸਰਕਾਰ ਜੀ, ਜੇ ਹੁਣ ਨਾ ਜਾਗੇ ਤਾਂ ਫੇਰ ਤੁਹਾਨੂੰ ਜਗਾਉਣ ਤੇ ਸੱਤਾ ਤੋਂ ਭਜਾਉਣ ਦਾ ਹੀਲਾ ਕਰਨ ਲਈ ਭੁੱਖੀ ਤਿ੍ਰਹਾਈ ਜਨਤਾ ਨੇ ਤੁਹਾਡੀਆਂ ਬਰੂਹਾਂ ’ਤੇ ਢੁੱਕ ਜਾਣਾ ਹੈ। ਕੀ ਉਸ ਤੋਂ ਪਹਿਲਾਂ ਜਾਗ ਜਾਓਗੇ ਸਰਕਾਰ!

ਜ਼ੋਰਦਾਰ ਟਾਈਮਜ਼ ਇਕ ਸੁਤੰਤਰ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ, ਧਾਰਮਿਕ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਇਮਾਨਦਾਰੀ, ਨਿਰਪੱਖਤਾ, ਨਿਡਰਤਾ ਤੇ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ।

ਬਿਹਤਰੀਨ ਪੰਜਾਬੀ ਸਾਹਿਤ ਪੜ੍ਹੋਬਿਹਤਰੀਨ ਪੰਜਾਬੀ ਕਿਤਾਬਾਂ ਪੜ੍ਹੋ ਜ਼ੋਰਦਾਰ ਟਾਈਮਜ਼ ਹਿੰਦੀਜ਼ੋਰਦਾਰ ਟਾਈਮਜ਼ ਅੰਗਰੇਜ਼ੀ

Happy
Happy
0 %
Sad
Sad
0 %
Excited
Excited
0 %
Sleepy
Sleepy
0 %
Angry
Angry
0 %
Surprise
Surprise
0 %

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *

error: ਕਾਪੀ ਕਰਨਾ ਮਨ੍ਹਾਂ ਹੈ। ਲਿਖਤ ਪ੍ਰਾਪਤ ਕਰਨ ਲਈ ਈ-ਮੇਲ ਕਰੋ zordartimes@gmail.com