ਫ਼ਿਲਮ ਸਮੀਖਿਆ l ਜੱਟ ਬੁਆਏਜ਼ ਪੁੱਤ ਜੱਟਾਂ ਦੇ

0 0
Read Time:10 Minute, 2 Second
-ਦੀਪ ਜਗਦੀਪ ਸਿੰਘ-
‘ਜੱਟ ਬੁਆਏਜ਼ ਪੁੱਤ ਜੱਟਾਂ ਦੇ’ ਦੀ ਪਹਿਲੀ ਝਲਕ ਤੋਂ ਜਿਹੋ ਜਿਹੀ ਕਹਾਣੀ ਦੀ ਉਮੀਦ ਸੀ, ਕਹਾਣੀ ਤਾਂ ਉਹੀ ਨਿਕਲੀ, ਪਰ ਇਸ ਵਿਚ ਕੁਝ ਨਵਾਂਪਣ ਦੇਖਣ ਨੂੰ ਜ਼ਰੂਰ ਮਿਲਿਆ। ਕਹਾਣੀ ਉਹੀ ਹੈ ਪੁੱਤ ਜੱਟਾਂ ਦੇ ਜਾਂ ਜੱਟ ‘ਤੇ ਜ਼ਮੀਨ ਵਾਲੀ ਕਿ ਇਕ ਜੱਟ ਹੈ, ਉਹਦੇ ਕੋਲ ਬਾਹਲੀ ਜ਼ਮੀਨ ਹੈ, ਖੁੱਲ੍ਹਾ ਖਾਂਦਾ ਪੀਂਦਾ ਹੈ ਅਤੇ ਇਲਾਕੇ ਵਿਚ ਪੂਰੀ ਚੜ੍ਹਤ ਹੈ, ਇਕ ਸ਼ਰੀਕ ਹੈ, ਉਹਦੀ ਅੱਖ ਜੱਟ ਦੀ ਜ਼ਮੀਨ ‘ਤੇ ਹੈ, ਉਹ ਚਾਲ ਚੱਲਦਾ ਹੈ, ਖੜਕਾ-ਦੜਕਾ ਹੁੰਦਾ ਹੈ ਅਤੇ ਅਖ਼ੀਰ ਸ਼ਰੀਕ ਚਿੱਤ ਹੋ ਜਾਂਦੈ ਅਤੇ ਜੱਟ ਦਾ ਵਾਲ ਵਿੰਗਾ ਨਹੀਂ ਹੁੰਦਾ। 

ਇਸ ਫ਼ਿਲਮ ਦੀ ਕਹਾਣੀ ਇਸ ਤੋਂ ਅੱਗੇ ਸ਼ੁਰੂ ਹੁੰਦੀ ਹੈ। ਇਸ ਵਾਰ ਜੱਟ ਇਕ ਨਹੀਂ ਹੈ ਦੋ ਭਰਾਵਾਂ ਵਰਗੇ ਯਾਰ (ਗੁੱਗੂ ਗਿੱਲ ਅਤੇ ਓਮ ਪੁਰੀ) ਨੇ ਜਾਂ ਸ਼ਾਇਦ ਯਾਰਾਂ ਵਰਗੇ ਭਰਾ ਨੇ। ਇਕ ਹੋਰ ਜੱਟ (ਸਰਦਾਰ ਸੋਹੀ) ਹੈ, ਉਹ ਸ਼ਰੀਕ (ਮੁਹੰਮਦ ਸੱਦੀਕ) ਦੀ ਚੁੱਕ ਵਿਚ ਆਉਂਦਾ ਹੈ, ਦੋ ਜੱਟ ਭਰਾਵਾਂ ਨਾਲ ਲੜ੍ਹ ਪੈਂਦਾ ਹੈ। ਇਹ ਗੱਲ ਹੋਈ ਬੀਤੀ ਹੈ, ਵੀਹ ਸਾਲ ਪੁਰਾਣੀ। ਹੁਣ ਦੋਵੇਂ ਭਰਾਵਾਂ ਦੇ ਮੁੰਡੇ ਸਾਂਵਲ (ਸਿੱਪੀ ਗਿੱਲ) ਅਤੇ ਵਾਰਸ (ਅਮਨ ਧਾਲੀਵਾਲ) ਕਾਲਜ ਪੜ੍ਹਦੇ ਨੇ, ਪੂਰੇ ਮਾਡਰਨ ਰੰਗ ਵਿਚ ਰੰਗੇ ਗਏ ਨੇ। ਉਹੀ ਸਭ ਕੁਝ ਕਰਦੇ ਨੇ ਜੋ ਅੱਜ ਕੱਲ੍ਹ ਦੀਆਂ ਫ਼ਿਲਮਾਂ ਜਾਂ ਗੀਤਾਂ ਦੇ ਵੀਡੀਓ ਵਿਚ ਕਾਲਜਾਂ ਦੀ ਮੰਡ੍ਹੀਰ ਕਰਦੀ ਹੈ। ਚਾਚੇ ਤਾਏ ਦੇ ਦੋਵੇਂ ਪੁੱਤ ਆਪਸ ਵਿਚ ਬੋਲਦੇ ਨਹੀਂ, ਦੋਵਾਂ ਦਾ ਇਕ ਅਸੂਲ ਵੀ ਐ, ਜੇ ਆਪੋ ਵਿਚ ਬੋਲਦੇ ਨਹੀਂ ਤਾਂ ਲੜ੍ਹਦੇ ਵੀ ਨਹੀਂ।

ਫਿਰ ਕੋਈ ਤੀਜਾ ਆਉਂਦਾ ਐ ਜਾਂ ਕਹਿ ਲਓ ਤੀਜੀ (ਈਸ਼ਾ ਰਿੱਖੀ) ਆਉਂਦੀ ਐ। ਉਹ ਤੀਜੇ ਜੱਟ ਦੀ ਧੀ ਐ। ਦੋਵਾਂ ਨੂੰ ਓਹਦੇ ਨਾਲ ਪਿਆਰ ਹੋ ਜਾਂਦੈ, ਫੇਰ ਕੀ ਹੋਣਾ ਸੀ ਤੁਹਾਨੂੰ ਪਤਾ ਈ ਐ, ਜਿਹੜੇ ਆਪਸ ‘ਚ ਬੋਲਦੇ ਨਹੀਂ ਸੀ, ਨਾ ਲੜਦੇ ਸੀ, ਉਹ ਲੜ ਪਏ। ਹੁਣ ਤੁਸੀਂ ਕਹੋਗੇ ਕਹਾਣੀ ਇਹੀ ਹੋਣੀ ਐ ਕਿ ਦੋਵਾਂ ‘ਚੋਂ ਕੌਣ ਜਿੱਤਿਆ, ਕੌਣ ਹਾਰਿਆ। ਨਹੀਂ ਜੀ, ਬੱਸ ਇੱਥੋਂ ਹੀ ਕਹਾਣੀ ਨਵਾਂ ਮੋੜ ਮੁੜ ਜਾਂਦੀ ਹੈ। ਪੁਰਾਣਿਆਂ ‘ਚ ਇਕ ਹੋਰ ਸਿਆਣਾ ਜੱਟ (ਰਾਹੁਲ ਦੇਵ) ਸੀ, ਜੋ ਪਹਿਲਾਂ ਨਜ਼ਰ ਨਹੀਂ ਸੀ ਆਇਆ, ਨਿਰਦੇਸ਼ਕ ਨੇ ਦਿਖਾਇਆ ਹੀ ਨਹੀਂ, ਉਹ ਮੁੜ ਆਉਂਦੈ ਅਤੇ ਜੱਟ ਬੁਆਏਜ਼ ਨੂੰ ਇਕ ਸਿਆਣੀ ਗੱਲ ਦੱਸਦੈ। ਦੋਵੇਂ ਤਾਂ ਸਮਝ ਜਾਂਦੇ ਨੇ, ਪਰ ਮਸਲਾ ਹੱਲ ਨਹੀਂ ਹੁੰਦਾ। ਆਹ ! ਜਿਹੜੀ ਤੀਜੀ ਆਈ ਸੀ ਨਾ, ਪੰਗਾਂ ਤਾਂ ਸਾਰਾ ਉਹਦੈ, ਉਹ ਅੜ ਜਾਂਦੀ ਐ। ਅੱਗੇ ਕੀ ਹੁੰਦਾ ਇਹ ਦੱਸਣਾ ਨਹੀਂ ਬਣਦਾ, ਕਹਾਣੀ ਖੁੱਲ੍ਹ ਜੂ ਸਾਰੀ। ਵੈਸੇ ਰਹਿ ਵੀ ਨੀ ਗਿਆ ਕੁਝ ਸਾਰਿਆਂ ਨੇ ਦੇਖ ਈ ਲਈ ਆ। ਪਰ ਫੇਰ ਵੀ ਜਿਨ੍ਹਾਂ ਨੇ ਨਹੀਂ ਦੇਖੀ ਉਨ੍ਹਾਂ ਲਈ ਛੱਡ ਦਿੰਨੇ ਆਂ। ਉਹ ਸੱਚ ਇਹ ਤਾਂ ਨਵੀਂ ਕਹਾਣੀ ਦਾ ਇਕ ਪਾਸੈ, ਇਕ ਘੁੰਢੀ ਹੋਰ ਆ। ਉਹ ਜਿਹੜਾ ਸ਼ਰੀਕ ਸੀ ਨਾ, ਉਹਦਾ ਵੀ ਇਕ ਮੁੰਡਾ ਐ, ਯਬਲੀ (ਪ੍ਰਿੰਸ ਕੰਵਲਜੀਤ ਸਿੰਘ)। ਉਹ ਦੋਵਾਂ ਦੀ ਲੜਾਈ ਦਾ ਫ਼ਾਇਦਾ ਚੁੱਕਦੈ। ਮਕਸਦ ਉਹਦਾ ਵੀ ਕੁਝ ਹੋਰ ਐ। ਉਹ ਵੀ ਮੈਂ ਦੱਸਣਾ ਨਹੀਓਂ।
ਇਸ ਫ਼ਿਲਮ ਦੀਆਂ ਦੋ ਵੱਡੀਆਂ ਸਿਫ਼ਤਾਂ ਨੇ, ਪਹਿਲੀ ਉਹੀ ਆ ਜਿਹੜੀ ਮੈਂ ਉੱਪਰ ਪੂਰੀ ਖਲਾਰ ਕੇ ਲਿਖੀ ਆ ਯਾਨਿ ਕਹਾਣੀ। ਪ੍ਰਿੰਸ ਕੰਵਲਜੀਤ ਸਿੰਘ ਜਿੱਥੇ ਰੰਗ ਮੰਚ ਦਾ ਮੰਜਿਆ ਹੋਇਆ ਅਦਾਕਾਰ ਹੈ, ਉੱਥੇ ਹੀ ਇਸ ਕਹਾਣੀ ਨਾਲ ਉਸ ਨੇ ਦੱਸ ਦਿੱਤਾ ਹੈ ਕਿ ਉਹਦੇ ਕੋਲ ਕਹਾਣੀ ਲਿਖਣ ਦਾ ਹੁਨਰ ਵੀ ਹੈ। ਉਹ ਪੁਰਾਣੀਆਂ ਕਹਾਣੀਆਂ ਦੇ ਨਵੇਂ ਸਿਰੇ ਨਾ ਸਿਰਫ਼ ਤਲਾਸ਼ ਸਕਦਾ ਹੈ, ਬਲਕਿ ਘੜ ਵੀ ਸਕਦਾ ਹੈ। ਸੋ, ਇਸ ਫ਼ਿਲਮ ਨੂੰ ਚੰਗੀ ਬਣਾਉਣ ਦਾ ਪਹਿਲਾ ਸਿਹਰਾ ਉਹਦੇ ਹੀ ਸਿਰ ਜਾਂਦਾ ਹੈ। ਦੂਜੀ ਸਿਫ਼ਤ ਨਿਰਦੇਸ਼ਕ ਸਿਮਰਜੀਤ ਸਿੰਘ ਹੁੰਦਲ ਦੀ ਹੈ। ਹੁੰਦਲ ਨੇ ਥੋੜ੍ਹੀਆਂ ਪਰ ਤਕਨੀਕ ਪੱਖੋਂ ਚੰਗੀਆਂ ਵੀਡੀਓ ਬਣਾਈਆਂ ਹਨ। ਕੀ ਉਹ ਚੰਗੀ ਫ਼ਿਲਮ ਵੀ ਫ਼ਿਲਮਾ ਸਕਦਾ ਹੈ, ਇਹ ਚੁਣੌਤੀ ਉਸ ਦੇ ਸਾਹਮਣੇ ਸੀ। ਜੱਟ ਬੁਆਏਜ਼ ਨਾਲ ਉਸ ਨੇ ਇਸ ਦਾ ਜਵਾਬ ਕੰਧ ‘ਤੇ ਲਿਖ ਦਿੱਤਾ ਹੈ। ਜੇ ਇਹ ਫ਼ਿਲਮ ਪਰਦੇ ‘ਤੇ ਦੇਖਣੀ ਚੰਗੀ ਲੱਗਦੀ ਹੈ ਤਾਂ ਇਸ ਦਾ ਸਿਹਰਾ ਹੁੰਦਲ ਨੂੰ ਹੀ ਜਾਂਦਾ ਹੈ। ਹੁਣ ਤੁਸੀਂ ਦੇਖ ਲਓ, ਜੱਟ ਬੁਆਏਜ਼ ਦੀ ਬਾਰਾਤ ‘ਚ ਦੋ ਦੋ ਲਾੜੇ ਨੇ। 
ਇਹ ਤਾਂ ਹੋ ਗਈਆਂ ਇਨ੍ਹਾਂ ਦੀਆਂ ਸਿਫ਼ਤਾਂ, ਹੁਣ ਤੁਹਾਨੂੰ ਖ਼ਾਮੀਆਂ ਦੱਸਦਾਂ। ਪ੍ਰਿੰਸ ਕਹਾਣੀ ਵਿਚ ਨਵਾਂਪਣ ਲਿਆਉਣ ਵਿਚ ਤਾਂ ਕਾਮਯਾਬ ਰਿਹਾ, ਪਰ ਟੀਸੀ ‘ਤੇ ਪਹੁੰਚ ਕੇ ਉਹ ਕਹਾਣੀ ਨੂੰ ਸਾਂਭਣ ਵਿਚ ਢਿੱਲਾ ਪੈ ਗਿਆ। ਵਿਚ ਵਿਚਾਲੇ ਪਟਕਥਾ (ਸਕਰੀਨ ਪਲੇਅ) ਗੋਤੇ ਖਾਣ ਲੱਗ ਜਾਂਦੀ ਹੈ। ਕਹਾਣੀ ਦਾ ਅੰਤ ਹੋਰ ਵਧੀਆ ਹੋ ਸਕਦਾ ਸੀ। ਅਸਲ ਜ਼ਿੰਦਗੀ ਵਿਚ ਜੱਟਾਂ ਦੀ ਲੜਾਈ ਵਿਚ ਇਸ ਤੋਂ ਵੱਧ ਡਰਾਮਾ ਹੁੰਦਾ ਹੈ, ਜੋ ਅੰਤ ਵਿਚ ਪ੍ਰਿੰਸ ‘ਤੇ ਹੁੰਦਲ ਨਹੀਂ ਕਰਾ ਸਕੇ। ਇਸੇ ਕਰਕੇ ਅੰਤ ਲੰਮਾ ਅਤੇ ਬੋਝਲ ਲੱਗਣ ਲੱਗਦਾ ਹੈ। ਬਣੀ ਬਣਾਈ ਗੱਲ ਦਾ ਇੰਝ ਨਾਸ ਮਾਰ ਦੇਣਾ ਚੰਗਾ ਨਹੀਂ ਹੁੰਦਾ। ਇਹ ਤਾਂ ਪਰਦੇ ਦੇ ਪਿੱਛੇ ਦੀਆਂ ਗੱਲਾਂ ਹੋਈਆਂ। ਹੁਣ ਪਰਦੇ ਵਾਲਿਆਂ ਨੂੰ ਸ਼ੀਸ਼ੇ ‘ਚ ਉਤਾਰਦੇ ਆਂ। ਸਿੱਪੀ ਗਿੱਲ ਦੀ ਪਹਿਲੀ ਫ਼ਿਲਮ ਹੈ ਇਹ, ਗਾਇਕੀ ਵਿਚ ਉਹਦਾ ਜਿੰਨਾਂ ਕੁ ਹੋਣਾ ਚਾਹੀਦੈ, ਓਨਾ ਕੁ ਨਾਮਣਾ ਹੈ। ਸਿਫ਼ਤ ਇਹ ਹੈ ਕਿ ਇਸ ਫ਼ਿਲਮ ਵਿਚ ਉਹ ਗਾਇਕ ਭੋਰਾ ਨਹੀਂ ਲੱਗਿਆ। ਕਲਾਕਾਰ ਲੱਗਿਆ ਹੈ। ਉਹ ਇਕ (ਸਨਕੀ) ਜੱਟ ਆਸ਼ਕ ਦਾ ਕਿਰਦਾਰ ਚੰਗੀ ਤਰ੍ਹਾਂ ਨਿਭਾ ਗਿਆ ਹੈ। ਉਹਨੂੰ ਜਾਣਨ ਵਾਲੇ ਜਾਣਦੇ ਹਨ, ਉਹ ਅਸਲ ਜ਼ਿੰਦਗੀ ਵਿਚ ਵੀ ਇਕ ਜਨੂੰਨੀ ਸ਼ਖ਼ਸ਼ ਹੈ, ਜੋ ਕਰਨ ਦੀ ਸੋਚਦਾ ਹੈ, ਕਰ ਕੇ ਹੀ ਹੱਟਦਾ ਹੈ। ਇਸ ਲਈ ਆਪਣੀ ਅਸਲ ਜ਼ਿੰਦਗੀ ਦਾ ਕਿਰਦਾਰ ਉਹ ਪਰਦੇ ‘ਤੇ ਸੌਖਿਆਂ ਨਿਭਾ ਗਿਆ। ਹੋਰ ਵੱਖਰੇ ਕਿਰਦਾਰ ਉਸਦੀ ਅਦਾਕਾਰੀ ਦਾ ਸੱਚ ਸਾਹਮਣੇ ਲਿਆਉਣਗੇ। ਅਮਨ ਧਾਲੀਵਾਲ ਬਿਲਕੁਲ ਉਹੋ ਜਿਹਾ ਲੱਗਿਆ ਹੈ, ਜਿਹੋ ਜਿਹਾ ਉਹ ਆਪਣੀਆਂ ਪਹਿਲੀਆਂ ਫ਼ਿਲਮਾਂ ਵਿਚ ਲੱਗਦਾ ਹੈ। ਸ਼ਰੀਫ਼ ਜਿਹੇ ਰੋਲ ਉਹਨੂੰ ਬਹੁਤੇ ਨਹੀਂ ਫੱਬਦੇ, ਸ਼ੁਰੂਆਤ ਵਿਚ ਉਹ ਜ਼ਿਆਦਾ ਜੱਚਦਾ ਹੈ। ਜੇ ਕਹਾਂ ਕਿ ਪੁੱਠੇ ਕੰਮ ਕਰਦਾ ਹੋਇਆ ਵੀ ਅਦਾਕਾਰੀ ਵਿਚ ਫ਼ਿਲਮ ਦਾ ਅਸਲੀ ਹੀਰੋ ਪ੍ਰਿੰਸ ਕੰਵਲਜੀਤ ਸਿੰਘ ਹੈ ਤਾਂ ਬਾਕੀ ਗੁੱਸੇ ਭਾਵੇਂ ਹੋ ਜਾਣ, ਇਸ ਗੱਲ ਤੋਂ ਇੰਨਕਾਰ ਨਹੀਂ ਕਰ ਸਕਣਗੇ। ਕਾਮੇਡੀ, ਟ੍ਰੈਜਡੀ, ਵਿਲੇਨ ਹਰ ਅੰਦਾਜ਼ ਵਿਚ ਉਸਨੇ ਆਪਣੇ ਕਿਰਦਾਰ ਦੀ ਸਿਖ਼ਰ ਛੋਹੀ ਹੈ। ਬਿਨ੍ਹਾਂ ਬੋਲਿਆਂ ਉਸਦੀਆਂ ਅੱਖਾਂ, ਉਸਦਾ ਚਿਹਰਾ ਅਤੇ ਉਸਦੀ ਮੁਸਕੜੀ ਹਾਸੀ ਸਭ ਕੁਝ ਕਹਿ ਜਾਂਦੀ ਹੈ। ਜਦੋਂ ਉਹ ਬੋਲ ਪੈਂਦਾ ਹੈ ਤਾਂ ਅਸਰ ਦੁੱਗਣਾ ਹੋ ਜਾਂਦਾ ਹੈ। ਗੁੱਗੂ ਗਿੱਲ ਅਤੇ ਸਰਦਾਰ ਸੋਹੀ ਵੀ ਆਪੋ-ਆਪਣਾ ਰੋਲ ਨਿਭਾ ਗਏ। ਅਦਾਕਾਰੀ ਵਿਚ ਓਮ ਪੁਰੀ ਦੀ ਰੀਸ ਕੋਈ ਨਹੀਂ ਕਰ ਸਕਦਾ, ਪਰ ਜਿਹੜਾ ਕਿਰਦਾਰ ਜੱਟ ਬੁਆਏਜ਼ ਵਿਚ ਉਸ ਨੂੰ ਦਿੱਤਾ ਗਿਆ, ਉਹ ਦੇ ਲਈ ਉਹ ਠੀਕ ਚੋਣ ਨਹੀਂ ਲੱਗੀ। ਉਸ ਦੇ ਸਰੀਰਕ ਹਾਵ-ਭਾਵ ਪੁਰਾਣੇ ਜੱਟਾਂ ਦੇ ਕੁਦਰਤੀ ਵਿਹਾਰ ਨਾਲ ਮੇਲ ਨਹੀਂ ਖਾ ਸਕੇ। ਉਂਝ ਉਹ ਜ਼ੋਰ ਲਾ ਕੇ ਜਿਨ੍ਹਾਂ ਚੰਗਾ ਕੰਮ ਕਰ ਸਕਦਾ ਸੀ, ਕੀਤਾ ਹੈ। ਇਹੀ ਗੱਲ ਈਸ਼ਾ ਰਿੱਖੀ ਬਾਰੇ ਕਹਾਂਗਾ ਕਿ ਉਹ ਪੰਜਾਬਣ ਘੱਟ ਹੀ ਲੱਗੀ ਐ, ਸੋਹਣੇ ਕਪੜੇ ਪਾ ਕੇ ਜੱਚਣ ਤੋਂ ਇਲਾਵਾ ਉਂਝ ਵੀ ਉਹਦੇ ਕੋਲ ਕਰਨ ਲਈ ਬਹੁਤਾ ਕੁਝ ਨਹੀਂ ਸੀ। ਉਸਦੀਆਂ ਸਹੇਲੀਆਂ ਵਾਲੇ ਰੋਲ ਵਾਲੀਆਂ ਦੋਵੇਂ ਕੁੜੀਆਂ ਠੀਕ ਸਨ। ਜਸਵਿੰਦਰ ਭੱਲੇ ਦਾ ਖੁਸ਼ੀ ਅਤੇ ਸ਼ਮ੍ਹਾ ਵਾਲਾ ਸਾਰਾ ਕਾਂਡ ਹੀ ਬੇਲੋੜਾ ਅਤੇ ਬਕਬਕਾ ਜਿਹਾ ਸੀ। ਇਹ ਹਿੱਸਾ ਨਾ ਬਹੁਤਾ ਹਸਾਉਂਦਾ ਹੈ ਅਤੇ ਨਾ ਹੀ ਮਨੋਰੰਜਨ ਕਰਦਾ ਹੈ, ਬਲਕਿ ਐਵੇਂ ਕਹਾਣੀ ਨੂੰ ਲੰਮਾ ਖਿੱਚਣ ਦਾ ਵਾਧੂ ਭਾਰ ਪਾਉਂਦਾ ਹੈ। ਭੱਲੇ ਨੂੰ ਇਸ ਖੜੋਤ ਤੋਂ ਅੱਗੇ ਤੁਰਨਾ ਚਾਹੀਦਾ ਹੈ। ਕਰਮਜੀਤ ਅਨਮੋਲ ਵੀ ਆਪਣੇ ਆਪ ਨੂੰ ਦੁਹਰਾਉਂਦਾ ਹੋਇਆ ਹੀ ਲੱਗਿਆ। ਮੁੱਕੀ ਦੀ ਵੀ ਬਹੁਤੀ ਲੋੜ ਨਹੀਂ ਸੀ। ਰਾਹੁਲ ਦੇਵ ਛੋਟੇ ਕਿਰਦਾਰ ਵਿਚ ਪ੍ਰਭਾਵਸ਼ਾਲੀ ਵੀ ਰਿਹਾ ਹੈ ਅਤੇ ਸੁਨੇਹਾ ਦੇਣ ‘ਚ ਕਾਮਯਾਬ ਵੀ। 
ਫ਼ਿਲਮ ਦੀਆਂ ਹੋਰ ਸਿਫ਼ਤਾਂ ਵਿਚੋਂ ਇਕ ਸਿਫ਼ਤ ਇਸ ਦੀ ਸਿਨੇਮੈਟੋਗ੍ਰਾਫੀ ਵੀ ਹੈ। ਕੈਮਰਾਮੈਨ ਨੇ ਦ੍ਰਿਸ਼ਾਂ ਨੂੰ ਪ੍ਰਭਾਵਸ਼ਾਲੀ ਅਤੇ ਕਲਾਤਮਕ ਬਣਾਉਣ ਦੀ ਕੋਈ ਕਸਰ ਨਹੀਂ ਛੱਡੀ। ਫ਼ਿਲਮ ਦਾ ਐਕਸ਼ਨ ਇਸ ਨੂੰ ਹੋਰ ਵੀ ਦਿਲ ਖਿੱਚਵਾਂ ਬਣਾਉਂਦਾ ਹੈ। ਐਕਸ਼ਨ ਦ੍ਰਿਸ਼ਾਂ ਦੀ ਸ਼ੂਟਿੰਗ ਵਿਚ ਕੈਮਰੇ ਦਾ ਕੰਮ ਵੀ ਕਮਾਲ ਦਾ ਹੈ। ਵਿਚ-ਵਿਚ ਕੁਝ ਝਟਕੇ ਜ਼ਰੂਰ ਹਨ, ਜੋ ਐਡਿਟਿੰਗ ਦੀਆਂ ਖ਼ਾਮੀਆਂ ਵੱਲ ਇਸ਼ਾਰਾ ਕਰਦੇ ਹਨ। ਥੋੜ੍ਹੀ ਜਿਹੀ ਹੋਰ ਮਿਹਨਤ ਨਾਲ ਐਡਿਟਿੰਗ ਹੋਰ ਵੀ ਵਧੀਆ ਹੋ ਸਕਦੀ ਸੀ। 
ਫ਼ਿਲਮ ਦਾ ਸੰਗੀਤ ਔਸਤ ਦਰਜੇ ਦਾ ਹੈ, ਉਂਝ ਗੈਰੀ ਸੰਧੂ ਵਾਲਾ ਗੀਤ ਇਕ ਪਾਸੇ ਦਿਲ ਇਕ ਪਾਸੇ ਜਾਨ ਰੱਖਾਂਗਾ ਅਤੇ ਕਰਮਜੀਤ ਅਨਮੋਲ ਦਾ ਗਾਇਆ ਗੀਤ ਯਾਰਾ ਵੇ ਯਾਰਾ ਜ਼ਰੂਰ ਪ੍ਰਭਾਵਿਤ ਕਰਦੇ ਹਨ। ਬੇ-ਸਿਰ ਪੈਰ ਦੀਆਂ ਕਹਾਣੀ ਹੀਣ ਕਮੇਡੀ ਫ਼ਿਲਮਾਂ ਦੀ ਅੰਨ੍ਹੀ ਦੌੜ ਵਿਚ ਜੱਟ ਬੁਆਏਜ਼ ਪੁੱਤ ਜੱਟਾਂ ਦੇ ਪੰਜਾਬੀ ਸਿਨੇਮਾ ਵਿਚ ਨਵੇਂ ਰਾਹ ਖੋਲ੍ਹਣ ਦੀ ਉਮੀਦ ਬੰਨ੍ਹਦੀ ਹੈ। ਚੰਗੀ ਕਹਾਣੀ, ਚੰਗੀ ਫ਼ਿਲਮਕਾਰੀ ਅਤੇ ਕੁਝ ਢੁੱਕਵੇਂ ਕਿਰਦਾਰਾਂ ਨਾਲ ਇਹ ਫ਼ਿਲਮ ਮਨੋਰੰਜਕ ਅਤੇ ਦੇਖਣਯੋਗ ਹੈ।
Happy
Happy
0 %
Sad
Sad
0 %
Excited
Excited
0 %
Sleepy
Sleepy
0 %
Angry
Angry
0 %
Surprise
Surprise
0 %

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *

error: ਕਾਪੀ ਕਰਨਾ ਮਨ੍ਹਾਂ ਹੈ। ਲਿਖਤ ਪ੍ਰਾਪਤ ਕਰਨ ਲਈ ਈ-ਮੇਲ ਕਰੋ zordartimes@gmail.com