ਗੌਰੀ ਲੰਕੇਸ਼ ਦੇ ਕਾਤਲਾਂ ਦੇ ਨਿਸ਼ਾਨੇ ‘ਤੇ ਚਮਨ ਲਾਲ ਤੇ ਆਤਮਜੀਤ!

  • ਲੇਖਕ ਪ੍ਰੋਫ਼ੈਸਰ ਚਮਨ ਲਾਲ ਅਤੇ ਨਾਟਕਕਾਰ ਆਤਮਜੀਤ ਤੋਂ ਇਲਾਵਾ 26 ਵਿਅਕਤੀਆਂ ਦੀ ਹਿੱਟ ਲਿਸਟ ਕੀਤੀ ਸੀ ਤਿਆਰ
  • ਬੰਗਲੌਰ ਦੀ ਵਿਸ਼ੇਸ਼ ਅਦਾਲਤ ਵਿਚ ਦਾਖ਼ਲ ਕੀਤੀ ਗਈ 9235 ਪੰਨਿਆਂ ਦੀ ਚਾਰਜਸ਼ੀਟ ਵਿਚ ਹੋਇਆ ਖ਼ੁਲਾਸਾ
  • ਹਿੰਦੂ ਕੱਟੜਵਾਦੀ ਸੰਗਠਨ ਸਨਾਤਨ ਸੰਸਥਾ ਦੇ 18 ਕਾਰਕੁੰਨਾਂ ਦਾ ਨਾਮ ਚਾਰਜਸ਼ੀਟ ਵਿਚ ਦਰਜ
  • ਮੋਦੀ ਨੇ 2013 ਵਿਚ ਸੰਸਥਾ ਨੂੰ ‘ਰਾਸ਼ਟਰ ਨਿਰਮਾਣ’ ਵਿਚ ਯੋਗਦਾਨ ਲਈ ਭੇਜਿਆ ਸੀ ਪ੍ਰਸ਼ੰਸ਼ਾ-ਪੱਤਰ



ਜ਼ੋਰਦਾਰ ਟਾਈਮਜ਼ ਬਿਊਰੋਸ਼ੁਕਰਵਾਰ (23 ਨਵੰਬਰ 2018) ਨੂੰ ਕਰਨਾਟਕ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ (ਸਿੱਟ) ਵੱਲੋਂ ਬੰਗਲੌਰ ਦੀ ਵਿਸ਼ੇਸ਼ ਅਦਾਲਤ ਵਿਚ ਗੌਰੀ ਲੰਕੇਸ਼ ਕਤਲ ਮਾਮਲੇ ਵਿਚ ਦਾਖ਼ਲ ਕੀਤੀ ਗਈ ਦੂਸਰੀ ਚਾਰਜਸ਼ੀਟ ਵਿਚ ਸਨਸਨੀਖੇਜ਼ ਖ਼ੁਲਾਸਾ ਹੋਇਆ ਹੈ। 9235 ਪੰਨਿਆਂ ਦੀ ਚਾਰਜਸ਼ੀਟ ਵਿਚ ਕਰਨਾਟਕ ਪੁਲਿਸ ਅਤੇ ਸਰਕਾਰੀ ਵਕੀਲ ਨੇ ਦੱਸਿਆ ਹੈ ਕਿ ਗੌਰੀ ਲੰਕੇਸ਼ ਨੂੰ ਕਤਲ ਕਰਨ ਵਾਲੇ ਕਾਤਲਾਂ ਨੇ ਇਕ ਹਿੱਟ ਲਿਸਟ ਬਣਾਈ ਸੀ, ਜਿਸ ਵਿਚ ਪੰਜਾਬ ਦੇ ਦੋ ਲੇਖਕਾਂ ਤੋਂ ਇਲਾਵਾ 26 ਵਿਅਕਤੀਆਂ ਦੇ ਨਾਮ ਸ਼ਾਮਲ ਸਨ, ਜਿਨ੍ਹਾਂ ਨੂੰ ਕਤਲ ਕਰਨ ਦੀ ਯੋਜਨਾ ਸੀ। ਇਸ ਚਾਰਜਸ਼ੀਟ ਵਿਚ ਹਿੰਦੂ ਕੱਟੜਵਾਦੀ ਸੰਗਠਨ ਸਨਾਤਨ ਸੰਸਥਾ ਅਤੇ ਉਸ ਦੀਆਂ ਸਹਿਯੋਗੀ ਸੰਸਥਾਵਾਂ ਦੇ 18 ਕਾਰਕੁੰਨਾਂ ਦਾ ਨਾਮ ਦਰਜ ਹਨ, ਜਿਨ੍ਹਾਂ ਵਿਚੋਂ 2 ਭਗੌੜਿਆਂ ਨੂੰ ਛੱਡ ਕੇ ਬਾਕੀ ਪੁਲਿਸ ਹਿਰਾਸਤ ਵਿਚ ਹਨ। ਪੁਲਿਸ ਨੇ ਇਸ ਚਾਰਜਸ਼ੀਟ ਵਿਚ ਅਮੋਲ ਕਾਲੇ ਨੂੰ ਗੌਰੀ ਲੰਕੇਸ਼ ਦੇ ਕਤਲ ਦੀ ਯੋਜਨਾ ਘੜਨ ਲਈ ਮੁੱਖ ਦੋਸ਼ੀ ਬਣਾਇਆ ਹੈ। ਕਰਨਾਟਕਾ ਪੁਲਿਸ ਨੇ ਫ਼ੋਰੈਂਸਿਕ ਅਤੇ ਡੈਐਨਏ ਅਤੇ ਡਿਜੀਟਲ ਸਬੂਤਾਂ ਦੇ ਆਧਾਰ ‘ਤੇ ਇਨ੍ਹਾਂ 18 ਦੋਸ਼ੀਆਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਹੈ। ਬੀਤੇ ਕੱਲ੍ਹ ਅਦਾਲਤ ਵਿਚ ਚਾਰਜਸ਼ੀਟ ਦਾਖ਼ਲ ਕਰਨ ਤੋਂ ਬਾਅਦ ਸਰਕਾਰੀ ਵਕੀਲ ਨੇ ਮੀਡੀਆ ਨਾਲ ਗੱਲਬਾਤ ਵਿਚ ਜੋ ਖੁਲਾਸੇ ਕੀਤੇ ਹਨ, ਉਹ ਪੰਜਾਬੀ ਸਾਹਿਤ ਜਗਤ, ਪਾਠਕਾਂ ਅਤੇ ਆਮ ਪੰਜਾਬੀਆਂ ਲਈ ਹੈਰਾਨੀਜਨਕ ਹੋ ਸਕਦੇ ਹਨ।
Gauri Lankesh Murder Hit List Atamjit Singh Chaman Laal
ਗੌਰੀ ਲੰਕੇਸ਼ ਦੇ ਕਾਤਲਾਂ ਦੇ ਨਿਸ਼ਾਨੇ ‘ਤੇ ਸਨ ਡਾ. ਆਤਮਜੀਤ ਸਿੰਘ ਅਤੇ ਪ੍ਰੋਫ਼ੈਸਰ ਚਮਨ ਲਾਲ

ਅੰਗਰੇਜ਼ੀ ਅਖ਼ਬਾਰ ਡੈਕਨ ਹੈਰਾਲਡ ਨੇ ਲਿਖਿਆ ਹੈ ਚਾਰਜਸ਼ੀਟ ਵਿਚ ਇਹ ਵੀ ਦਰਜ ਹੈ ਕਿ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਸਾਬਕਾ ਪ੍ਰੋਫ਼ੈਸਰ ਚਮਨ ਲਾਲ ਅਤੇ ਪੰਜਾਬੀ ਨਾਟਕਕਾਰ ਆਮਤਜੀਤ ਸਿੰਘ ਦੇ ਨਾਲ-ਨਾਲ ਇਨ੍ਹਾਂ ਕਾਤਲਾਂ ਦੀ ਹਿੱਟ ਲਿਸਟ ਵਿਚ ‘ਦ ਵਾਇਰ’ ਆਨਲਾਈਨ ਅਖ਼ਬਾਰ ਦੇ ਸੰਪਾਦਕ ਅਤੇ ਸੀਨੀਅਰ ਪੱਤਰਕਾਰ ਸਿਧਾਰਥ ਵਰਦਰਾਜਨ ਅਤੇ ਪੱਤਰਕਾਰ ਅੰਤਾਰਾ ਦੇਵ ਸੇਨ ਦੇ ਨਾਲ-ਨਾਲ 26 ਹੋਰ ਵਿਅਕਤੀਆਂ ਨੂੰ ਕਤਲ ਕਰਨ ਦੀ ਯੋਜਨਾ ਸੀ।
ਜ਼ਿਕਰਯੋਗ ਹੈ ਕਿ 5 ਸਤੰਬਰ 2017 ਨੂੰ ਕਰਨਾਟਕਾ ਦੀ ਉੱਘੀ ਪੱਤਰਕਾਰ ਗੌਰੀ ਲੰਕੇਸ਼ ਨੂੰ “ਹਿੰਦੂ ਵਿਰੋਧੀ ਵਿਚਾਰਾਂ” ਕਰਕੇ ਉਨ੍ਹਾਂ ਦੇ ਰਾਜਾ ਰਾਜੇਸ਼ਵਰੀ ਨਗਰ ਸਥਿਤ ਘਰ ਦੇ ਬਾਹਰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਕੇਸ ਦੇ ਵਿਸ਼ੇਸ਼ ਸਰਕਾਰੀ ਵਕੀਲ ਨੇ ਦੱਸਿਆ ਕਿ ਮੁਲਜ਼ਮ ਪੰਜ ਸਾਲਾਂ ਤੋਂ ਲੰਕੇਸ਼ ਦੇ ਕਤਲ ਦੀ ਯੋਜਨਾ ਬਣਾ ਰਹੇ ਸਨ।
ਦਿੱਲੀ ਯੂਨੀਵਰਸਿਟੀ ਦੇ ਸਾਬਕਾ ਪ੍ਰੋਫ਼ੈਸਰ , ਇਤਿਹਾਸਕਾਰ ਅਤੇ ਆਰਐਸਐਸ ਦੀ ਵਿਚਾਰਧਾਰਾ ਦੇ ਬਹੁ-ਪਾਸਾਰੀ ਅਧਿਐਨਕਾਰ ਸ਼ਮਸੁਲ ਇਸਲਾਮ ਦਾ ਕਹਿਣਾ ਹੈ ਕਿ ਸਨਾਤਨ ਸੰਸਥਾ ਅਤੇ ਹਿੰਦੂ ਜਨਜਾਗ੍ਰਿਤੀ ਸੰਸਥਾਵਾਂ ਇਕ ਹੀ ਸਿੱਕੇ ਦੇ ਦੋ ਪਾਸੇ ਹਨ ਅਤੇ ਦੋਵਾਂ ਦਾ ਆਦਰਸ਼ ਹੂਬਹੂ ਆਰਐਸਐਸ ਨਾਲ ਮੇਲ ਖਾਂਦਾ ਹੈ। ਸੰਨ 2013 ਵਿਚ ਜਦੋਂ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਉਣ ਦਾ ਮਾਹੌਲ ਤਿਆਰ ਕੀਤਾ ਜਾ ਰਿਹਾ ਸੀ ਤਾਂ ਬਤੌਰ ਗੁਜਰਾਤ ਦੇ ਮੁੱਖ-ਮੰਤਰੀ ਨਰੇਂਦਰ ਮੋਦੀ ਨੇ ਰਸਮੀ ਪੱਤਰ ਲਿਖ ਕੇ ਹਿੰਦੂ ਜਨਜਾਗ੍ਰਿਤੀ ਸੰਸਥਾ ਦੀ ਪ੍ਰਸ਼ੰਸਾ ਕੀਤੀ ਸੀ ਅਤੇ ਕਿਹਾ ਸੀ ਕਿ ਅਜਿਹੀਆਂ ਸੰਸਥਾਵਾਂ ਦੀ ਰਾਸ਼ਟਰ ਨਿਰਮਾਣ ਲਈ ਵੱਡੀ ਮਹੱਤਤਾ ਹੈ।
ਨਰੇਂਦਰ ਮੋਦੀ ਵੱਲੋਂ ਗੁਜਰਾਤ ਦੇ ਮੁੱਖ-ਮੰਤਰੀ ਵਜੋਂ ਹਿੰਦੂ ਜਨ-ਜਾਗ੍ਰਿਤੀ ਸਮਿਤੀ ਨੂੰ ਲਿਖਿਆ ਗਿਆ ਪ੍ਰਸੰਸਾ ਪੱਤਰ
ਸ਼ਮਸੁਲ ਇਸਲਾਮ ਨੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਹੈ ਕਿ ਬਾਕੀ ਦੇ 26 ਨਾਮਾਂ ਦੀ ਜਾਣਕਾਰੀ ਵੀ ਲਈ ਜਾਣੀ ਚਾਹੀਦੀ ਹੈ, ਜਿਨ੍ਹਾਂ ਦਾ ਕਤਲ ਕਰਨ ਦੀ ਯੋਜਨਾ ਸਨਾਤਨ ਸੰਸਥਾ ਅਤੇ ਹਿੰਦੂ ਜਨਜਾਗ੍ਰਿਤੀ ਵਾਲੇ ਬਣਾ ਚੁੱਕੇ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਸੰਸਥਾਵਾਂ ਨੇ ਇਸ ਸੂਚੀ ਨੂੰ ਅਮਲੀ ਜਾਮਾ ਪਾਉਣ ਤੋਂ ਪਾਸਾ ਨਹੀਂ ਵੱਟਿਆ ਹੋਣਾ। ਹੋ ਸਕਦਾ ਹੈ ਉਹ ਕਿਸੇ ਹੋਰ ਸੰਸਥਾ ਦੇ ਨਾਮ ਉੱਤੇ ਕਤਲਾਂ ਦੀ ਕਾਰਵਾਈ ਨੂੰ ਅੰਜਾਮ ਦੇਣ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਸ ਮਾਮਲੇ ਵੱਲ ਗੌਰ ਕਰਨਾ ਚਾਹੀਦਾ ਹੈ ਅਤੇ ਹਿੱਟ ਲਿਸਟ ਵਿਚ ਸ਼ਾਮਲ ਸਾਰੇ ਵਿਅਕਤੀਆਂ ਦੀ ਸੁਰੱਖਿਆ ਯਕੀਨੀ ਬਣਾਉਣੀ ਚਾਹੀਦੀ ਹੈ।
ਜਾਣਕਾਰੀ ਲਈ ਦੱਸ ਦੇਈਏ ਕਿ ਪ੍ਰੋਫ਼ੈਸਰ ਚਮਨ ਲਾਲ ਦਿੱਲੀ ਦੀ ਜਵਾਹਰ ਲਾਲ ਯੂਨੀਵਰਸਿਟੀ ਵਿਚ ਹਿੰਦੀ ਅਨੁਵਾਦ ਦੇ ਪ੍ਰੋਫ਼ੈਸਰ ਰਹਿ ਚੁੱਕੇ ਹਨ ਅਤੇ ਉਨ੍ਹਾਂ ਭਗਤ ਸਿੰਘ ਦੇ ਦਸਤਾਵੇਜ਼ਾਂ ਉੱਤੇ ਆਧਾਰਿਤ ਹਿੰਦੀ ਵਿਚ ਅਨੇਕਾਂ ਕਿਤਾਬਾਂ ਲਿਖੀਆਂ ਹਨ ਅਤੇ ਪਾਸ਼ ਦੀ ਸਮੁੱਚੀ ਕਵਿਤਾ ਵੀ ਹਿੰਦੀ ਵਿਚ ਅਨੁਵਾਦ ਕੀਤੀ ਹੈ। ਸੇਵਾ-ਮੁਕਤੀ ਤੋਂ ਬਾਅਦ ਪ੍ਰੋਫ਼ੈਸਰ ਚਮਨ ਲਾਲ ਅੱਜ-ਕੱਲ੍ਹ ਪੰਜਾਬ ਰਹਿ ਰਹੇ ਹਨ ਅਤੇ ਚਿੰਤਨ ਕਾਰਜਾਂ ਵਿਚ ਸਰਗਰਮ ਹਨ। ਨਾਟਕਕਾਰ ਆਤਮਜੀਤ ਸਿੰਘ ਵੀ ਅਧਿਆਪਕ ਰਹੇ ਅਤੇ ਕਈ ਵਿੱਦਿਅਕ ਅਦਾਰਿਆਂ ਵਿਚ ਮਹੱਤਵਪੂਰਨ ਅਹੁਦਿਆਂ ਉੱਤੇ ਸੁਸ਼ੋਭਿਤ ਰਹਿ ਚੁੱਕੇ ਹਨ। ਉਹ ਆਪਣੇ ਬੇਬਾਕ ਨਾਟਕਾਂ ਲਈ ਜਾਣੇ ਜਾਂਦੇ ਹਨ। ਇਹ ਵੀ ਜ਼ਿਕਰਯੋਗ ਹੈ ਕਿ ਦੋਵੇਂ ਹੀ ਲੇਖਕਾਂ ਨੇ ਅਸਹਿਣਸ਼ੀਲਤਾ ਦੇ ਵਿਰੋਧ ਵਿਚ ਚੱਲੀ ਇਨਾਮ ਵਾਪਸੀ ਦੀ ਲਹਿਰ ਦੌਰਾਨ ਆਪਣੇ ਸਾਹਿਤ ਅਕਾਦਮੀ ਇਨਾਮ ਵਾਪਸ ਕਰ ਦਿੱਤੇ ਸਨ ਅਤੇ ਹਿੰਦੂਤਵੀ ਹਿੰਸਾ ਨੂੰ ਦੇਸ਼ ਲਈ ਖ਼ਤਰਨਾਕ ਦੱਸਿਆ ਸੀ। ਇਹ ਮੁਹਿੰਮ ਦੇਸ਼ ਵਿਚ ਭੀੜ ਵੱਲੋਂ ਕੀਤੇ ਜਾ ਰਹੇ ਕਤਲਾਂ ਦੇ ਵਿਰੁੱਧ ਖੜ੍ਹੀ ਹੋਈ ਸੀ ਅਤੇ  ਇਸ ਦੌਰਾਨ ਦੇਸ਼ ਭਰ ਦੇ ਲੇਖਕਾਂ ਨੇ ਆਪਣੇ ਇਨਾਮ ਮੋੜੇ ਸਨ। ਉਦੋਂ ਤੋਂ ਹੀ ਇਹ ਲੇਖਕ ਕੱਟੜਵਾਦੀ ਸੰਸਥਾਵਾਂ ਦੇ ਨਿਸ਼ਾਨੇ ‘ਤੇ ਹਨ।
ਜ਼ੋਰਦਾਰ ਟਾਈਮਜ਼ ਇਕ ਸੁਤੰਤਰ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ, ਧਾਰਮਿਕ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਅਾਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ 25 ਰੁਪਏ ਤੋਂ ਲੈ ਕੇ 10 ਹਜ਼ਾਰ ਤੱਕ ਜਿੰਨੀ ਚਾਹੋਂ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। ਧੰਨਵਾਦ


Updated:

in

by

Tags:

ਇਕ ਨਜ਼ਰ ਇੱਧਰ ਵੀ

Comments

Leave a Reply

Your email address will not be published. Required fields are marked *

error: ਕਾਪੀ ਕਰਨਾ ਮਨ੍ਹਾਂ ਹੈ। ਲਿਖਤ ਪ੍ਰਾਪਤ ਕਰਨ ਲਈ ਈ-ਮੇਲ ਕਰੋ zordartimes@gmail.com