ਕੀ ਕੇਸਰੀ ਫ਼ਿਲਮ ਨੇ ਕੀਤਾ ਸਾਰਾਗੜ੍ਹੀ ਦੇ ਇਤਿਹਾਸ ਨਾਲ ਧੋਖਾ?

-ਦੀਪ ਜਗਦੀਪ ਸਿੰਘ-
ਮੈਨੂੰ ਤਾਂ ਇਸ ਫ਼ਿਲਮ ਤੋਂ ਸਭ ਤੋਂ ਵੱਡੀ ਸ਼ਿਕਾਇਤ ਇਹ ਹੈ ਕਿ ਇਹ ਫ਼ਿਲਮ ਇਤਿਹਾਸ ਨਾਲ ਨਿਆਂ ਨਹੀਂ ਕਰਦੀ। ਜੰਗ ਵਿਚ 21 ਨਹੀਂ 22 ਜਵਾਨ ਮਾਰੇ ਗਏ ਸਨ। ਪਰ ਫ਼ਿਲਮ ਨੇ ਟਰੇਲਰ ਵਿਚ ਉਸ 22ਵੇਂ ਬੰਦੇ ਦਾ ਕੋਈ ਜ਼ਿਕਰ ਤੱਕ ਨਹੀਂ ਕੀਤਾ, ਇਹੀ ਦਿਖਾਇਆ ਗਿਆ ਕਿ 21 ਜਵਾਨ ਹੀ ਲੜੇ ਸਨ। ਉਸ 22ਵੇਂ ਯੋਧੇ ਨਾਲ ਇਤਿਹਾਸਕਾਰਾਂ ਨੇ ਵੀ ਨਿਆਂ ਨਹੀਂ ਕੀਤਾ ਅਤੇ ਹੁਣ ਫ਼ਿਲਮਕਾਰਾਂ ਨੇ ਵੀ ਨਹੀਂ ਕੀਤਾ। ਮੈਂ ਅਨੁਰਾਗ ਸਿੰਘ, ਕਰਨ ਜੌਹਰ, ਅਕਸ਼ੈ ਕੁਮਾਰ ਨੂੰ ਇਸ ਬਾਰੇ ਲਿਖਿਆ ਸੀ, ਪਰ ਉਨ੍ਹਾਂ ਇਸ ਬਾਰੇ ਕੋਈ ਜਵਾਬ ਨਹੀਂ ਦਿੱਤਾ।
ਫ਼ਿਲਮ ਦੇਖਣ ਤੋਂ ਬਾਅਦ ਪਤਾ ਚੱਲਿਆ ਕਿ ਫ਼ਿਲਮ ਵਿਚ ਉਹ 22ਵਾਂ ਜਵਾਨ ਦਿਖਾਇਆ ਗਿਆ ਹੈ, ਪਰ ਜਿਸ ਤਰ੍ਹਾਂ ਦਿਖਾਇਆ ਗਿਆ ਹੈ, ਉਸ ਨਾਲ ਤਾਂ ਹੋਰ ਵੀ ਜ਼ਿਆਦਾ ਨਿਰਾਸ਼ਾ ਹੋਈ ਹੈ।

kesri hindi film saragarhi akshay kumar
ਉਹ 22ਵਾਂ ਬੰਦਾ ਕੌਣ ਸੀ?
ਨੌਸ਼ਹਿਰੇ ਤੋਂ ਆਇਆ ਦਾਦ ਨਾਂ ਦਾ ਬੰਦਾ 22ਵਾਂ ਜਵਾਨ ਹੈ, ਜਿਸ ਦੀ ਭਰਤੀ ਸਫ਼ਾਈ ਸੇਵਕ ਦੀ ਹੁੰਦੀ ਹੈ, ਪਰ ਉਹ ਕੰਮ ਲਾਂਗਰੀ ਦਾ ਕਰਦਾ ਹੈ। ਪਹਿਲੀ ਗੱਲ ਲਾਂਗਰੀ ਤੋਂ ਬਿਨਾਂ ਫ਼ੌਜ ਕੁਝ ਨਹੀਂ ਕਰ ਸਕਦੀ। ਦਾਦ ਸ਼ੁਰੂ ਤੋਂ ਫ਼ੌਜੀ ਬਣਨਾ ਚਾਹੁੰਦਾ ਸੀ, ਪਰ ਫਿੱਟਨੇਸ ਨਾ ਪਾਸ ਹੋਣ ਕਰਕੇ, ਉਸ ਨੂੰ ਰੱਖਿਆ ਨਹੀਂ ਗਿਆ। ਬਾਅਦ ਵਿਚ ਉਹ ਬੇਨਤੀ ਕਰਕੇ ਸਵੀਪਰ ਲੱਗ ਗਿਆ, ਉਸ ਵੇਲੇ ਅਜਿਹੇ ਅਹੁਦੇ ਉੱਤੇ ਜਵਾਨ ਨੂੰ ਹਥਿਆਰ ਚੁੱਕਣ ਦੀ ਇਜਾਜ਼ਤ ਨਹੀਂ ਹੁੰਦੀ ਸੀ, ਨਾ ਸ਼ਹੀਦ ਹੋਣ ‘ਤੇ ਕੋਈ ਇਨਾਮ ਦਿੱਤਾ ਜਾਂਦਾ ਸੀ। ਫ਼ੌਜੀ ਦੀ ਬੰਦੂਕ ਵੀ ਭੁੱਖੀ ਨਹੀਂ ਲੜ ਸਕਦੀ, ਉਸ ਨੇ ਫ਼ੌਜੀਆਂ ਦੀਆਂ ਬੰਦੂਕਾਂ ਦੇ ਵੀ ਪੇਟ ਭਰੇ ਸਨ।

ਇਤਿਹਾਸ ਵਿਚ ਦਾਦ ਨੂੰ ਪੂਰੀ ਤਰ੍ਹਾਂ ਗਾਇਬ ਕਰ ਦਿੱਤਾ ਗਿਆ ਸੀ ਪਹਿਲਾਂ, ਬਹੁਤ ਦੇਰ ਬਾਅਦ ਲੱਭਿਆ ਗਿਆ, ਪਰ ਕਿਸੇ ਨੇ ਬਹੁਤਾ ਜ਼ਿਕਰ ਨਹੀਂ ਕੀਤਾ। ਫ਼ੌਜੀ ਇਤਿਹਾਸਕਾਰ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਕਿਤਾਬ ਉਸ ਦਾਦ ਨੂੰ ਸਮਰਪਿਤ ਕਰਕੇ ਇਤਿਹਾਸਕ ਗ਼ਲਤੀ ਸੁਧਾਰੀ ਹੈ। ਉਹ ਲਿਖਦੇ ਹਨ-
“ਅਫ਼ਸੋਸ ਦੀ ਗੱਲ ਇਹ ਹੈ ਕਿ ਸਾਰਾਗੜੀ ਦੀ ਜੰਗ ਵਿਚ ਸ਼ਾਮਲ ਕੋਈ ਵੀ ਨਹੀਂ ਬਚਿਆ ਜੋ ਜੰਗ ਦੀਆਂ ਆਖ਼ਰੀ ਘੜੀਆਂ ਦਾ ਬਿਰਤਾਂਤ ਬਿਆਨ ਕਰ ਸਕੇ। ਪਰੰਤੂ ਜੰਗ ਤੋਂ ਚਾਰ ਮਹੀਨੇ ਬਾਅਦ ਜਨਵਰੀ 1898 ਵਿਚ ਅਫ਼ਰੀਦੀਆਂ ਨਾਲ ਹੋਏ ਸ਼ਾਂਤੀ ਸਮਝੌਤੇ ਦੌਰਾਨ ਦਾਦ ਦੇ ਨਾਮੋ-ਨਿਸ਼ਾਨ ਰੌਸ਼ਨੀ ਵਿਚ ਆਏ। ਉਸ ਬਾਰੇ ਜਾਣਕਾਰੀ ਮਿਲੀ ਕਿ ਉਸਨੇ ਆਪ ਸ਼ਹੀਦ ਹੋਣ ਤੋਂ ਪਹਿਲਾਂ ਹਥਿਆਰ ਚੁੱਕਿਆ ਅਤੇ ਕਿਲ੍ਹੇ ਵਿਚ ਦਾਖ਼ਲ ਹੋ ਚੁੱਕੇ ਪੰਜ ਅਫ਼ਰੀਦੀਆਂ ਉੱਪਰ ਗੋਲੀ ਜਾਂ ਸੰਗੀਨ ਨਾਲ ਹਮਲਾ ਕੀਤਾ।
ਜੰਗ ਦੀ ਆਖ਼ਰੀ ਘੜੀ ਵਿਚ 36ਵੀਂ ਸਿੱਖ ਰੈਜੀਮੈਂਟ ਦੀ ਸੱਚੀ ਭਾਵਨਾ ਲਈ ਸ਼ਹੀਦ ਹੋਣ ਵਾਲੇ ਇਸ ਅਣਪਛਾਤੇ ਨਾਇਕ ਸਫ਼ਾਈ ਸੇਵਕ ਦਾਦ ਨੂੰ ਮੈਂ ਆਪਣੀ ਇਹ ਕਿਤਾਬ ਨਿਰਮਤਾਪੂਰਵਕ ਸਮਰਪਿਤ ਕਰਦਾ ਹਾਂ।
ਹਥਿਆਰ ਚੁੱਕਣ ਦੀ ਇਜਾਜ਼ਤ ਨਾ ਹੋਣ ਕਰਕੇ, ਦਾਦ ਪਹਿਲਾਂ ਸਿਗਨਲਰ ਤੋਂ ਸੁਨੇਹੇ ਲੈ ਕੇ ਆਉਣ ਅਤੇ ਲਿਜਾਣ ਤੋਂ ਇਲਾਵਾ ਜ਼ਖ਼ਮੀਆਂ ਦੀ ਦੇਖ ਭਾਲ ਕਰਨ ਦੇ, ਨਾਲ-ਨਾਲ ਗੋਲੀ-ਸਿੱਕੇ ਦੇ ਡੱਬੇ ਖੋਲ੍ਹਣ ਅਤੇ ਝਰੋਖਿਆਂ ਕੋਲ ਤਾਇਨਾਤ ਸਿਪਾਹੀਆਂ ਤੱਕ ਗੋਲੀ ਸਿੱਕਾ ਪਹੁੰਚਾਉਣ ਦਾ ਕੰਮ ਕਰਦਾ ਸੀ। ਹੁਣ ਕਿਉਂਕਿ ਅੰਤ ਨੇੜੇ ਆ ਗਿਆ ਸੀ, ਉਸਨੇ ਰਾਈਫ਼ਲ ਚੁੱਕੀ ਅਤੇ ਦੱਸਿਆ ਜਾਂਦਾ ਹੈ ਕਿ ਉਸਨੇ ਆਖ਼ਰੀ ਸਾਹ ਲੈਣ ਤੋਂ ਪਹਿਲਾਂ ਬਹੁਤ ਪ੍ਰਭਾਵਸ਼ਾਲੀ ਤਰੀਕੇ ਨਾਲ ਇਸ ਨੂੰ ਪੰਜ ਪਠਾਨਾਂ ਨੂੰ ਗੋਲੀ ਅਤੇ ਸੰਗੀਨ ਨਾਲ ਮਾਰਨ ਵਾਸਤੇ ਇਸਤੇਮਾਲ ਕੀਤਾ।”
ਸੋਚੋ ਜਿਸ ਬੰਦੇ ਨੂੰ ਬੰਦੂਕ ਨੂੰ ਹੱਥ ਲਾਉਣ ਦੀ ਇਜਾਜ਼ਤ ਵੀ ਨਾ ਹੋਵੇ, ਨਾ ਬਾਅਦ ਵਿਚ ਇਨਾਮ ਮਿਲਣਾ ਹੋਵੇ, ਨਾ ਉਸ ਨੇ ਕੋਈ ਟਰੇਨਿੰਗ ਲਈ ਹੋਵੇ, ਉਹ ਇਹ ਹੌਸਲਾ ਕਰੇ, ਉਦੋਂ ਜਦੋਂ ਸਭ ਖ਼ਤਮ ਹੋ ਚੁੱਕਾ ਹੈ। ਉਹ ਬੰਦਾ ਹਥਿਆਰ ਚੁੱਕ ਕੇ ਮਰਨ-ਮਾਰਨ ਲਈ ਕੁੱਦ ਪਵੇ, ਕੀ ਇਹ ਦਲੇਰੀ ਨਹੀਂ? ਕੀ ਇਹ ਦਲੇਰੀ ਫ਼ਿਲਮ ਵਿਚ ਨਹੀਂ ਦਿਖਾਈ ਜਾਣੀ ਚਾਹੀਦੀ ਸੀ?
ਹੋਰ ਵੀ ਖ਼ੂਬਸੂਰਤ ਗੱਲ ਕਿ ਦਾਦ ਮੁਸਲਮਾਨ ਸੀ, ਲਾਂਗਰੀ ਸੀ, ਸਿੱਖ ਫ਼ੌਜੀਆਂ ਨੂੰ ਲੰਗਰ ਛਕਾਉਂਦਾ ਸੀ, ਜ਼ਖ਼ਮੀਆਂ ਨੂੰ ਪਾਣੀ ਪਿਆਉਂਦਾ ਸੀ, ਸਿੱਖ ਧਰਮ ਵਿਚ ਇਸ ਸੇਵਾ ਦੀ ਕਿੱਡੀ ਵਡਿਆਈ ਹੈ। ਉਹ ਗੁਰੂ ਵੱਲੋਂ ਹਰ ਇਕ ਸਿੱਖ ਨੂੰ ਦਿੱਤੇ ਸੰਤ-ਸਿਪਾਹੀ ਵਾਲੇ ਅਕੀਦੇ ‘ਤੇ ਖ਼ਰਾ ਉਤਰਦਾ ਸੀ। ਉਹ ਸਾਰਾਗੜ੍ਹੀ ਦਾ ਭਾਈ ਘਨਈਆ ਵੀ ਸੀ ਅਤੇ ਯੋਧਾ ਵੀ ਸੀ।
ਹੋਰ ਤਾਂ ਹੋਰ ਜਦੋਂ ਅਫ਼ਗਾਨੀ ਹਮਲਾਵਰਾਂ ਨੇ ਆਤਮ-ਸਮਰਪਣ ਲਈ ਆਖਿਆ ਸੀ ਤਾਂ ਸਿੱਖ-ਫ਼ੌਜੀਆਂ ਨੇ ਪੱਗ ਦੀ ਲਾਜ ਅਤੇ ਆਪਣੀ ਅਣਖ ਖ਼ਾਤਰ ਇਨਕਾਰ ਕਰ ਦਿੱਤਾ ਸੀ, ਲੜ੍ਹਨ-ਮਰਨ ਲਈ ਤਿਆਰ ਹੋ ਗਏ ਸਨ। ਪਠਾਨਾਂ ਨੂੰ ਇਹ ਸੁਨੇਹਾ ਦੇਣ ਦਾਦ ਗਿਆ ਸੀ, ਉਹ ਚਾਹੁੰਦਾ ਤਾਂ ਮਰਨ ਲਈ ਵਾਪਸ ਕਿਲ੍ਹੇ ਵਿਚ ਆਉਂਦਾ ਹੀ ਨਾ। ਪਰ ਅਖ਼ੀਰ ਤੱਕ ਉਸ ਦਾ ਸਿੱਖ ਫ਼ੌਜੀਆਂ ਦੇ ਨਾਲ ਹੋਣਾ, ਉਨ੍ਹਾਂ ਦੇ ਨਾਲ ਲੜ੍ਹਨਾ, ਉਨ੍ਹਾਂ ਦੀ ਸੰਭਾਲ ਕਰਨੀ, ਇਹ ਸਰਬ-ਸਾਂਝੀਵਾਲਤਾ ਦਾ ਇਤਿਹਾਸਕ ਪ੍ਰਤੀਕ ਸਾਬਤ ਹੁੰਦਾ ਹੈ।
ਪਰ ਫ਼ਿਲਮ ਵਿਚ ਉਸ ਨੂੰ ਇਕ 12ਵੇਂ ਪਲੇਅਰ ਵਾਂਗ ਦਿਖਾ ਦਿੱਤਾ ਗਿਆ। ਉਸ ਦਾ ਹਥਿਆਰ ਚੁੱਕਣ ਵਾਲਾ, ਲੜ੍ਹਦੇ ਹੋਏ ਮੌਤ ਨੂੰ ਗੱਲ ਲਾਉਣ ਵਾਲਾ ਹਿੱਸਾ ਗ਼ਾਇਬ ਕਰ ਦਿੱਤਾ ਗਿਆ।

ਉਸ ਤੋਂ ਵੀ ਅਫ਼ਸੋਸ ਦੀ ਗੱਲ ਕਿ ਫ਼ਿਲਮ ਦਾ ਡਾਇਰੈਕਟਰ/ਲੇਖਕ ਅਨੁਰਾਗ ਸਿੰਘ ਪੰਜਾਬੀ ਹੈ ਅਤੇ ਪੰਜਾਬੀ ਵਿਚ ਪੰਜਾਬ 1984 ਵਰਗੀ ਫ਼ਿਲਮ ਬਣਾ ਚੁੱਕਾ ਹੈ।
ਕਿਸੇ ਹੋਰ ਤੋਂ ਕੀ ਉਮੀਦ ਕਰਨੀ ਹੈ, ਆਪਣਿਆਂ ਤੋਂ ਹੀ ਕੋਈ ਆਸ ਨਹੀਂ।
ਇਹੀ ਕਹਾਂਗਾ, ਫ਼ਿਲਮਾਂ ਨੂੰ ਫ਼ਿਲਮਾਂ ਵਾਂਗ ਦੇਖਿਉ, 
ਸੱਚਾ ਇਤਿਹਾਸ ਸਮਝਣ ਵਾਲਾ ਭੁਲੇਖਾ ਨਾ ਖਾ ਜਾਇਉ!
ਜ਼ੋਰਦਾਰ ਟਾਈਮਜ਼ ਇਕ ਸੁਤੰਤਰ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ, ਧਾਰਮਿਕ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਅਾਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ 25 ਰੁਪਏ ਤੋਂ ਲੈ ਕੇ 10 ਹਜ਼ਾਰ ਤੱਕ ਜਿੰਨੀ ਚਾਹੋਂ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। ਧੰਨਵਾਦ


Updated:

in

by

Tags:

ਇਕ ਨਜ਼ਰ ਇੱਧਰ ਵੀ

Comments

Leave a Reply

Your email address will not be published. Required fields are marked *

error: ਕਾਪੀ ਕਰਨਾ ਮਨ੍ਹਾਂ ਹੈ। ਲਿਖਤ ਪ੍ਰਾਪਤ ਕਰਨ ਲਈ ਈ-ਮੇਲ ਕਰੋ zordartimes@gmail.com