ਵਾਇਆ ਸਿਨੇਮਾ | ਪੰਜਾਬ, ਨੌਜਵਾਨ, ਜੋਸ਼ੀਲਾ ਲਹੂ ਅਤੇ ਸਾਡੇ ਸਮੇਂ ਦਾ ਚਿੰਤਨ

ਹਰਪ੍ਰੀਤ ਸਿੰਘ ਕਾਹਲੋਂ*
ਸ਼ਾਮ 4 ਵਜੇ ਸਕੂਲ ਦੀ ਛੁੱਟੀ ਤੋਂ ਬਾਅਦ ਪਟਿਆਲਾ ਦੇ ਦੇਵੀਗੜ੍ਹ ਸ਼ਹਿਰ ਦੇ ਨੇੜੇ ਤੇੜੇ 11ਵੀ, 12ਵੀਂ ਜਮਾਤ ਦੇ ਮੁੰਡਿਆਂ ਦੀ ਟੋਲੀ ਕੰਧਾਂ ‘ਤੇ ਪੋਸਟਰ ਲਾ ਰਹੀ ਸੀ।ਪੋਸਟਰ ਦੇਵੀਗੜ੍ਹ ਸਰਕਲ ਦੇ ਬੱਸਾਂ ਦੇ ਮਾਮਲਿਆਂ ਨੂੰ ਨਿੱਜਠਣ ਲਈ ਬਣਾਏ ਰੂਟ ਪ੍ਰਧਾਨ ਨੂੰ ਲੈਕੇ ਸਨ।

 

ਰੂਟ ਪ੍ਰਧਾਨ 14-15 ਸਾਲਾਂ ਦਾ ਮੁੰਡਾ ਸੀ।ਸਕੂਲ ਦੇ ਇਹਨਾਂ ਵਿਦਿਆਰਥੀਆਂ ਦੀ ਯੂਨੀਅਨਬਾਜ਼ੀ ਨੂੰ ਇਹਨਾਂ ਦੇ ਕਾਲਜਾਂ ਯੂਨੀਵਰਸਿਟੀਆਂ ‘ਚ ਪੜ੍ਹਦੇ ਸੀਨੀਅਰ ਮੁੰਡਿਆਂ ਦੀ ਸਰਪ੍ਰਸਤੀ ਸੀ।ਇਸੇ ਸਰਪ੍ਰਸਤੀ ਦੀ ਖੇਡ ‘ਚ ਕੱਲ੍ਹ ਤੱਕ ਕਾਲਜੀਏਟ ਸਨ ਪਰ ਹੁਣ ਸਕੂਲ ਵੀ ਇਸੇ ਜੱਦ ‘ਚ ਆ ਗਏ ਹਨ।ਯਾਨਿ ਕਿ ਇਹ ਸਕੂਲੀ ਵਿਦਿਆਰਥੀ ਜਦੋਂ ਤੱਕ ਕਾਲਜਾਂ ‘ਚ ਜਾਣਗੇ ਉਦੋਂ ਤੱਕ ਸਿਆਸਤ ਦੀ ਏ.ਬੀ.ਸੀ.ਡੀ ਸਿੱਖ ਗਏ ਹੋਣਗੇ। ਪਾਵਰ ਦੀ ਇਸ ਸਿਆਸਤ ਨੇ ਯੂਥ ਵਿੰਗ,ਜਿੰਮ ਅਤੇ ਸਟੂਡੈਂਟ ਆਰਗਨਾਈਜੇਸ਼ ਤਾਂ ਖੋਲ੍ਹ ਦਿੱਤੇ ਪਰ ਸਿਆਸਤ ਦੀ ਬੁਨਿਆਦੀ ਜ਼ਮੀਨ ਬਰਬਾਦ ਕਰ ਦਿੱਤੀ।ਉਹ ਜ਼ਮੀਨ ਜਿਸ ‘ਚ ਲਾਲ ਬਹਾਦਰ ਸ਼ਾਸ਼ਤਰੀ ਵਰਗੇ ਚੰਗੇ ਸਿਆਸਤਦਾਨ ਖੜ੍ਹੇ ਹੋ ਸਕਦੇ ਸਨ।ਹੁਣ ਸਾਡੇ ਕੋਲ ਕੋਈ ਉਸਮਾਨੀਆ ਯੂਨੀਵਰਸਿਟੀ ਦੀ ਉਦਾਹਰਨ ਨਹੀਂ ਹੈ,ਜਿੱਥੋਂ ਦੇ ਵਿਦਿਆਰਥੀਆਂ ਨੇ ਵਿਧਾਨ ਸਭ ਚੋਣਾਂ ‘ਚ ਹਿੱਸਾ ਲੈ ਲਿਆ ਹੋਵੇ।ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਅੰਦਰ ਦੀ ਸਿਆਸੀ ਜ਼ਮੀਨ ਅਤੇ ਯੁਵਾ ਸਿਆਸਤ ਨੂੰ ਰਾਸ਼ਟਰਵਾਦ ਦੀ ਬਹਿਸ ‘ਚ ਲਿਆ ਬਰਬਾਦ ਕਰ ਦਿੱਤਾ ਗਿਆ ਹੈ।ਭਾਂਵੇ ਉਸ ਯੂਨੀਵਰਸਿਟੀ ਦੀ ਵਿਰਾਸਤ ਕਿੰਨੀ ਵੀ ਮਹਾਨ ਕਿਉਂ ਨਾ ਹੋਵੇ ?

ਦੇਵੀਗੜ੍ਹ ਦੇ ਇਸੇ ਇਲਾਕੇ ਅੰਦਰ ਸਕੂਲ ਪੜ੍ਹਦੇ ਬੱਚੇ ਨੇ ਇੱਕ ਬੰਦੇ ਦਾ ਮਾਮੂਲੀ ਝਗੜੇ ‘ਚ ਕਿਰਚ ਨਾਲ ਕਤਲ ਕਰ ਦਿੱਤਾ ਸੀ।ਉਸ ਮੁੰਡੇ ਨੂੰ ਸਿਆਸੀ ਰਸੂਖ ‘ਚ ਬਚਾ ਵੀ ਲਿਆ ਗਿਆ ਅਤੇ ਅਖੀਰ ਲੋਕਾਂ ਨੂੰ ਘੱਗਰ ਪੁੱਲ ‘ਤੇ ਧਰਨਾ ਲਾ ਪੁਲਿਸ ‘ਤੇ ਦਬਾਅ ਬਣਾਉਣਾ ਪਿਆ ਕਿ ਉਹ ਮੁੱਕਦਮਾ ਦਾਇਰ ਕਰੇ।ਰੋਜ਼ਾਨਾ ਦੀਆਂ ਖ਼ਬਰਾਂ ਪੰਜਾਬ ਦੀ ਜਿਸ ਜ਼ਮੀਨ ਨੂੰ ਬਿਆਨ ਕਰਦੀਆਂ ਹਨ ਉਹ ਸਾਨੂੰ ਧੁਰ ਅੰਦਰ ਤੱਕ ਹਲਾਉਂਦੀ ਅਤੇ ਡਰਾਉਂਦੀ ਹੈ।ਮਾਪਿਆਂ ਨੇ ਰੱਖੇ ਸਾਧ ਮੁਰਾਦੇ ਹਰਜਿੰਦਰ,ਗੁਰਮੀਤ,ਪਲਵਿੰਦਰ ਸਿੰਘ ਵਰਗੇ ਨਾਮ ਗੋਂਡਰ ,ਪੈਪਸੀ, ਤਾਊ, ਲੋਰੰਸ, ਰੌਕੀ, ਜੱਗੂ ਕਦੋਂ ਹੋ ਜਾਂਦੇ ਹਨ ?
vicky gonder gangster of punjab
ਪਰ ਇਹ ਵਰਤਾਰਾ ਇਕੱਲਾ ਪੰਜਾਬ ਦਾ ਵੀ ਨਹੀਂ ਹੈ।ਸਿਆਸਤ ਦਾ ਚਿਹਰਾ ਜਿੱਥੇ ਜਿੱਥੇ ਬਦਮਾਸ਼ੀ ਵਾਲਾ ਹੈ ਉਥੋਂ ਦਾ ਨੌਜਵਾਨ ਅਜਿਹਾ ਹੀ ਹੈ।ਇਹ ਰੋਬਿਨ ਹੁੱਡ ਜਾਂ ਦੁੱਲਾ ਭੱਟੀ ਤੋਂ ਵੱਖਰੇ ਨਾਮ ਹਨ।ਇਹ ਕਿਹੋ ਜਿਹਾ ਸੰਮੋਹਨ ਹੈ,ਇਹ ਕਿਹੋ ਜਹੀ ਜ਼ਮੀਨ ਹੈ ? ਇਹਦਾ ਅਧਾਰ ਕਿਵੇਂ ਬਣਦਾ ਹੈ ਅਤੇ ਇਸ ਜ਼ਮੀਨ ਨੂੰ ਕੋਈ ਵਰਤ ਕਿਵੇਂ ਰਿਹਾ ਹੈ ? ਇਹਨਾਂ ਸਵਾਲਾਂ ਨਾਲ ਰੂਬਰੂ ਹੁੰਦੇ ਹੋਏ ਨੁਕਤਿਆਂ ਨੂੰ ਸਮਝਣਾ ਪੈਣਾ ਹੈ।ਪੁਲਿਸ,ਸਿਆਸਤ ਅਤੇ ਜਵਾਨੀ ਦੇ ਖੂਨ ਦੇ ਮਿਲਗੋਭੇ ‘ਚ ਐਨਕਾਉਂਟਰ ਤਾਂ ਕਹਾਣੀ ਦਾ ਅੰਤ ਹੈ।ਇਸ ਦੀ ਸ਼ੁਰੂਆਤ ਕਿਤੇ ਹੋਰ ਤਿਆਰ ਹੋਈ ਹੈ।ਇਹਨਾਂ ਸੰਦਰਭਾਂ ‘ਚ ਸਵਾਲ ਦੇ ਘੇਰੇ ‘ਚ ਸਿਸਟਮ ਦਾ ਹਰ ਹਿੱਸੇਦਾਰ ਕਿਉਂ ਨਹੀਂ ਆਉਣਾ ਚਾਹੀਦਾ ? ਸਿਆਸੀ ਰੈਲੀਆਂ ਅੰਦਰ ਹੋ ਰਿਹਾ ਸ਼ਕਤੀ ਪ੍ਰਦਰਸ਼ਨ ਅਤੇ ਮੋਟਰ ਸਾਈਕਲ ਹੂਟਰਾਂ ਦੀ ਅਵਾਜ਼ ‘ਚ ਬਦਮਾਸ਼ੀ ਦੀ ਇਹ ਜ਼ਮੀਨ ਕਿਵੇਂ ਤਿਆਰ ਹੁੰਦੀ ਹੈ ਇਸ ਜਵਾਬਦਾਰੀ ਤੋਂ ਸਿਸਟਮ ਭੱਜ ਨਹੀਂ ਸਕਦਾ।
ਕਿਸੇ ਵੇਲੇ ਦੇ ਇਹ ਭੋਲੇ ਭਾਲੇ ਜਹੇ ਜਾਂ ਇੱਕੋ ਜਹੀ ਕਹਾਣੀ ਬਿਆਨ ਕਰਦੇ ਹਰ ਬਦਮਾਸ਼ ਦੀ ਕਹਾਣੀ ਅਤੇ ਪਾਤਰ ਇੱਕੋ ਜਹੇ ਕਿਉਂ ਹਨ ?

ਸਿਨੇਮਾ ਅੰਦਰ ਸਾਨੂੰ ਅਮਿਤਾਬ ਬੱਚਨ ਕਿਉਂ ਮੋਹ ਲੈਂਦਾ ਸੀ।ਲੋਕਤੰਤਰ ਦੀਆਂ ਸੰਭਾਵਨਾਵਾਂ ‘ਚ ਸਾਡਾ ਵਿਸ਼ਵਾਸ਼ ਸੀ।ਅਜ਼ਾਦੀ ਅਸੀਂ ਕਿੱਡੇ ਸੰਘਰਸ਼ ਤੋਂ ਬਾਅਦ ਲਈ ਸੀ।ਇਸ ਸਭ ਦੇ ਬਾਵਜੂਦ ਸਾਨੂੰ ਐਂਗਰੀ ਯੰਗ ਮੈਨ ਨੂੰ ਵੇਖਕੇ ਠੰਢ ਕਿਉਂ ਪੈਂਦੀ ਹੈ।ਇਸ ਗੁੱਸੇ ਦਾ ਆਖਰ ਸਿਲਸਿਲਾ ਮਕਸਦ ਨੂੰ ਪੂਰਾ ਵੀ ਕਰ ਜਾਂਦਾ ਸੀ,ਹੈ ਜਾਂ ਨਹੀਂ ? ਸਧਾਰਣ ਬੰਦਾ ਕਾਨੂੰਨ ਆਪਣੇ ਹੱਥਾਂ ‘ਚ ਨਹੀਂ ਲੈਂਦਾ।ਉਹ ਡਰਦਾ ਹੈ।ਉਹ ਆਪਣਾ ਗੁੱਸਾ ਅਮਿਤਾਬ ਬੱਚਨ ਨੂੰ ਪਰਦੇ ‘ਤੇ ਵੇਖਕੇ ਠੰਡਾ ਕਰਦਾ ਹੈ।ਦਿਬਾਕਰ ਬੈਨਰਜੀ ਦੀ ਫਿਲਮ ਖੋਸਲਾ ਕਾ ਘੋਸਲਾ ਦਾ ਪਾਤਰ ਆਪਣੇ ਪਲਾਟ ਦੀ ਹੋਈ ਹੇਰਾਫੇਰੀ ਦੇ ਬਾਵਜੂਦ ਲੜਾਈ ਮੁੱਲ ਨਹੀਂ ਲੈਣਾ ਚਾਹੁੰਦਾ।ਕਿਉਂ ਕਿ ਮਿਡਲ ਕਲਾਸ ਨੂੰ ਗੁੰਡਾਗਰਦੀ ਸ਼ੋਭਾ ਨਹੀਂ ਦਿੰਦੀ।ਬੰਦਾ ਹੇਠਲੇ,ਉੱਪਰਲੇ ਅਤੇ ਮੱਧ ਵਰਗ ‘ਚ ਵੰਡਿਆ ਗਿਆ ਹੈ ਅਤੇ ਸਿਆਸਤ ਸਾਮ,ਦਾਮ,ਦੰਡ ਭੇਦ ਨੂੰ ਵਰਤਦੀ ਬਦਮਾਸ਼ੀ ਦੀ ਅਜਿਹੀ ਮੰਡੀਰ ਨੂੰ ਪਾਲਦੀ ਹੈ।
ਅਜਿਹੀ ਮੰਡੀਰ ਚੰਡੀਗੜ੍ਹ-ਮੋਹਾਲੀ ਦੀਆਂ ਕੋਠੀਆਂ ‘ਚ ਰੇਤੇ ਕਾਰੋਬਾਰ ‘ਚ ਨਿਗਰਾਨੀ ਦੇ ਨਾਮ ਥੱਲੇ ਕੁੱਟਮਾਰ ਵੱਖਰੀ ਕਰ ਰਹੀ ਹੈ।ਪੰਜਾਬੀ ਫਿਲਮਸਾਜ਼ ਜਤਿੰਦਰ ਮੋਹਰ ਦੀਆਂ ਤਿੰਨੋ ਫਿਲਮਾਂ ਮਿੱਟੀ,ਸਿੰਕਦਰ ਅਤੇ ਕਿੱਸਾ ਪੰਜਾਬ ਪੰਜਾਬ ਅੰਦਰ ਇਹਨਾਂ ਨੌਜਵਾਨਾਂ ਦੇ ਵੱਖ ਵੱਖ ਪਹਿਲੂਆਂ ‘ਤੇ ਵਾਰ-ਵਾਰ ਗੱਲ ਕਰਦੀਆਂ ਹਨ।ਵਿੱਕੀ ਗੋਂਡਰ ਦੇ ਮੁਕਾਬਲੇ ਤੋਂ ਬਾਅਦ ਮੈਂ ਸਿਨੇਮਾ ਦੇ ਕਈ ਹਵਾਲੇ ਖੰਗਾਲ ਰਿਹਾ ਹਾਂ।
ਉੱਤਰ ਪ੍ਰਦੇਸ਼ ਦੀ ਵਿਦਿਆਰਥੀ ਸਿਆਸਤ ਦੀ ਗੁੰਡਾਗਰਦੀ ਭਰੀ ਪੇਸ਼ਕਾਰੀ ਨੂੰ ਤਿਗਮਾਂਸੂ ਧੂਲੀਆ,ਅਨੁਰਾਗ ਕਸ਼ਿਅਪ ਅਤੇ ਕਈ ਫਿਲਮਸਾਜ਼ਾਂ ਨੇ ਵਿਸਥਾਰ ਨਾਲ ਵਿਖਾਇਆ ਹੈ।ਇਰਫਾਨ,ਜਿੰਮੀ ਸ਼ੇਰਗਿੱਲ ਦੀ ਹਾਸਲ,ਅਨੁਰਾਗ ਦੀ ਮੁੱਕਾਬਾਜ਼ ਅਤੇ ਇਸ ਤੋਂ ਇਲਾਵਾ ਦਿਲ ਦੋਸਤੀ ਐਕਸਟ੍ਰਾ,ਇਸ਼ਕਜ਼ਾਦੇ,ਗੈਂਗਸ ਆਫ ਵਾਸੇਪੁਰ,ਪ੍ਰਕਾਸ਼ ਝਾਅ ਦੀ ਬਿਹਾਰ ਅੰਦਰ ਵਿਦਿਆਰਥੀ ਸਿਆਸਤ ਦੀ ਗੱਲ ਕਹਿੰਦੀ ਅਪਹਰਨ ਤੋਂ ਲੈਕੇ ਮਨੀ ਰਤਨਮ ਦੀ ਯੁਵਾ ਤੱਕ ਕਈ ਫਿਲਮਾਂ ਹਨ।
ਮੁੰਬਈ ਦੇ ਅੰਡਰਵਰਲਡ ਤੋਂ ਜੁਰਮ ਦੀ ਜਿਸ ਜ਼ਮੀਨ ਦਾ ਸਿਨੇਮਾਕਰਨ ਕੀਤਾ ਉਸ ‘ਚ ਗੈਂਗਸਟਰ ਸ਼ਬਦ ਦਾ ਗਲੈਮਰ ਬਦਮਾਸ਼ ਤੋਂ ਉੱਪਰ ਦਾ ਹੋ ਗਿਆ।ਇਸ ਗੈਂਗਸਟਰ ਸ਼ਬਦ ਦਾ ਸ਼ਾਨਮੱਤਾ ਉਹਨਾਂ ਨੂੰ ਸਰੂਰ ਦਿੰਦਾ ਹੈ।ਇਸ ਦੇ ਦੂਜੇ ਪਾਸੇ ਇਹਨਾਂ ਨੌਜਵਾਨਾਂ ਦੇ ਪਰਿਵਾਰ ਦੀ ਵਿੱਥਿਆ ਬੜੀ ਦਰਦਭਰੀ ਹੈ।ਇਹ ਪੂਰੇ ਦਾ ਪੂਰਾ ਇੱਕ ਸਿਸਟਮ ਹੈ।ਇਹ ਇੱਕਲਾ ਭਾਰਤ ‘ਚ ਨਹੀਂ ਪੂਰੀ ਦੁਨੀਆਂ ‘ਚ ਹੈ।ਇਹਦੀਆਂ ਪਰਤਾਂ ਨੂੰ ਸਮਝਣ ਲਈ ਹਰ ਪਹਿਲੂ ‘ਤੇ ਸਵਾਲ ਕਰਨਾ ਚਾਹੀਦਾ ਹੈ।ਇਹ ਬੇਸ਼ੱਕ ਦਵੰਦ ਦਾ ਮਾਹੌਲ ਹੈ।ਅਸੀਂ ਸ਼ਹੀਦ ਹੋਏ ਪੁਲਿਸ ਵਾਲਿਆਂ ‘ਤੇ ਦੁੱਖ ਦਾ ਪ੍ਰਗਟਾਵਾ ਵੀ ਕਰ ਸਕਦੇ ਹਾਂ।ਪਰ ਨਾਲੋਂ ਨਾਲ ਪੁਲਿਸ ਦੀ ਕਾਰਗੁਜ਼ਾਰੀ ‘ਤੇ ਸਵਾਲ ਵੀ ਖੜ੍ਹਾ ਕਰ ਸਕਦੇ ਹਾਂ।ਅਸੀਂ ਉਹਨਾਂ ਬਦਮਾਸ਼ ਮੁੰਡਿਆਂ ਦੀ ਕਰਤੂਤਾਂ ਦੇ ਤਿਲੱਸਮ ਨੂੰ ਵੀ ਸਮਝੀਏ ਕਿ ਇਹ ਮੁੰਡਿਆਂ ਨੂੰ ਮੋਹ ਕਿਉਂ ਲੈਂਦੇ ਹਨ।ਇਸ ਦੇ ਨਾਲ ਅਸੀਂ ਉਹਨਾਂ ਦੇ ਪਰਿਵਾਰ ਦੇ ਦਰਦ ਨੂੰ ਵੀ ਸਮਝੀਏ ਕਿ ਉਹ ਕਿਹੜੇ ਹਲਾਤ ਨੂੰ ਨਿੱਜਠ ਰਿਹਾ ਹੈ।
ਅਦਾਲਤਾਂ ਦਾ ਬੁਨਿਆਦੀ ਅਧਾਰ ਕੈਦੀ ਨੂੰ ਸਜ਼ਾ ਦੇਣ ਦਾ ਨਹੀਂ ਹੈ।ਉਹਨੂੰ ਉਹਦੇ ਕੀਤੇ ਦਾ ਅਹਿਸਾਸ ਕਰਾ ਫਿਰ ਤੋਂ ਚੰਗਾ ਨਾਗਰਿਕ ਬਣਾ ਉਹਦੀ ਸਮਾਜ ਅੰਦਰ ਮੁੜ ਬਹਾਲੀ ਕਰਨ ਨੂੰ ਲੈਕੇ ਹੈ।ਸਮਾਜ ਅੰਦਰ ਸਵਾਲ ਇਹ ਵੀ ਹੈ ਕਿ ਇਹਨਾਂ ਲਈ ਜੇਲ੍ਹਾਂ ਤੋਂ ਬਾਹਰ ਆ ਜਾਂ ਜੇਲ੍ਹਾਂ ਅੰਦਰ ਮੁੜ ਬਹਾਲੀ ਦੇ ਰਾਹ ਕਿੰਨੇ ਕੁ ਪੁਖਤਾ ਹਨ।ਮੁੰਬਈਆ ਗੈਂਗਸਟਰ ਅਰੁਣ ਗਾਵਲੀ ‘ਤੇ ਪਿਛਲੇ ਸਾਲ ਅਰਜੁਨ ਰਾਮਪਾਲ ਨੇ ਡੈਡੀ ਨਾਮ ਦੀ ਫਿਲਮ ਬਣਾਈ ਹੈ।ਅਰੁਣ ਗਾਵਲੀ ਆਪਣੀ ਸਜ਼ਾ ਭੁਗਤਣ ਤੋਂ ਬਾਅਦ ਮਹਾਰਾਸ਼ਟਰ ‘ਚ ਵਿਧਾਨ ਸਭਾ ਚੋਣ ਲੜਦਾ ਹੈ।

ਕਹਿੰਦੇ ਹਨ ਕਿ 1993 ਦੇ ਮੁੰਬਈ ਦੰਗਿਆ ਅੰਦਰ ਉਹਦੇ ਇਲਾਕੇ ਅੰਦਰ ਉਹਦੇ ਇਸ਼ਾਰੇ ‘ਤੇ ਸ਼ਾਂਤੀ ਕਾਇਮ ਰਹੀ।ਪਰ ਜਦੋਂ ਉਹ ਵਿਧਾਨ ਸਭ ‘ਚ ਜਾਂਦਾ ਹੈ ਤਾਂ ਉਹਦੇ ਆਉਣ ਦਾ ਬਾਈਕਾਟ ਕੀਤਾ ਗਿਆ।ਦੂਜੇ ਪਾਸੇ ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਫੋਰਮ ਦੀ ਰਿਸਰਚ ਦੱਸਦੀ ਹੈ ਕਿ ਇਕੱਲੀ ਲੋਕ ਸਭਾ ‘ਚ 34 ਫੀਸਦੀ ਸਿਆਸਤਦਾਨ ਕ੍ਰਿਮੀਨਲ ਰਿਕਾਰਡ ਦੇ ਹਨ।ਇਹ ਅੰਕੜਾ 2004 ‘ਚ 24 ਫੀਸਦ ਅਤੇ 2009 ‘ਚ 30 ਫੀਸਦ ਸੀ।ਅਜਿਹੇ ਮਾਹੌਲ ਅੰਦਰ ਮਹਾਂਰਾਸ਼ਟਰ ਦੀ ਸੰਗਲੀ ਤਹਿਸੀਲ ਦੇ ਅਟਾਪਾੜੀ ਦੇ ਸਵਤੰਤਰਤਾਪੁਰ ਦੀ ਖੁਲ੍ਹੀ ਜੇਲ੍ਹ ਦੀ ਗੱਲ ਹੋਣੀ ਚਾਹੀਦੀ ਹੈ।ਹਿਊਮੈਨਸਟਿਕ ਸਾਈਕਾਲੋਜੀ ਅਤੇ ਜੇਲ੍ਹਾਂ,ਕੈਦੀ ਅਤੇ ਉਹਨਾਂ ਦੀ ਜ਼ਿੰਦਗੀ ਦੀ ਗੱਲ ਕਰਦੀ 1957 ਦੀ ਵੀ. ਸ਼ਾਂਤਾਰਾਮ ਦੀ ਫਿਲਮ ‘ਦੋ ਆਂਖੇ ਬਾਰਾਂ ਹਾਥ’ ਇਸੇ ਜੇਲ੍ਹ ਦੀ ਕਹਾਣੀ ਤੋਂ ਪ੍ਰਭਾਵਿਤ ਸੀ।
ਇਹ ਨਹੀਂ ਕਿ ਸਾਡੇ ਕੋਲ ਉਮੀਦ ਨਹੀਂ ਹੈ।ਸਾਡੇ ਕੋਲ ਮਿੰਟੂ ਗੁਰੂਸਰੀਆ ਜਾਂ ਲੱਖਾ ਸਿਧਾਣਾ ਦੀ ਉਦਾਹਰਨ ਹੈ।ਕਿਤੇ ਨਾ ਕਿਤੇ ਉਹਨਾਂ ਵੱਲੋਂ ਵਾਪਸੀ ਦੀ ਕੌਸ਼ਿਸ਼ ਹੋ ਰਹੀ ਹੈ।ਪੰਜਾਬੀ ਯੂਨੀਵਰਸਿਟੀ ਦੇ ਡਾ ਮਨਦੀਪ ਗੋੜ ਦੀ ਕਹਾਣੀ ਬਹੁਤ ਪ੍ਰਭਾਵਿਤ ਕਰਦੀ ਹੈ।ਕਤਲ ਕੇਸ ‘ਚ ਉੱਮਰ ਕੈਦ ਭੁਗਤਣ ਤੋਂ ਬਾਅਦ ਉਹਨਾਂ ਅਧਿਆਪਣ ਦਾ ਖੇਤਰ ਚੁਣਿਆ।ਪਟਿਆਲਾ ਜੇਲ੍ਹ ਅੰਦਰ ਰਹਿਕੇ ਹੀ ਉਹਨਾਂ ਪੀ.ਐੱਚ.ਡੀ ਕੀਤੀ।ਪਰ ਡਾ ਮਨਦੀਪ ਗੋੜ ਦਾ ਤਜਰਬਾ ਸੀ ਕਿ ਭਟਕੀ ਪੀੜ੍ਹੀ ਲਈ ਕਿਸੇ ਵੀ ਤਰ੍ਹਾਂ ਦੀ ਵਾਪਸੀ ਲਈ ਆਲੇ ਦੁਆਲੇ,ਸਮਾਜ ਅਤੇ ਲੋਕਾਂ ਨੂੰ ਸੁਹਿਰਦ ਹੋਕੇ ਮਦਦ ਦੇਣੀ ਚਾਹੀਦੀ ਹੈ ਅਤੇ ਸਾਹਮਣੇ ਵਾਲੇ ‘ਚ ਵਿਸ਼ਵਾਸ਼ ਜਗਾਉਣਾ ਪਵੇਗਾ।
ਜੁਰਮ ਦੀ ਇਹ ਦੁਨੀਆਂ ਹਰ ਦੇਸ਼ ਅੰਦਰ ਨੌਜਵਾਨਾਂ ਨੂੰ ਕੁਰਾਹੇ ਪਾਉਂਦੀ ਹੈ।ਜੋ ਅੱਜ ਪੰਜਾਬ ਹੈ ਉਹ ਕਦੀ ਮੈਕਸਿਕੋ ਵੀ ਰਿਹਾ ਹੈ।ਉਹ ਅਮਰੀਕਾ ਵਿੱਚ ਵੀ ਰਿਹਾ ਹੈ।ਅਜੇ ਵੀ ਹੈ।ਕਨੇਡਾ ਅੰਦਰ ਨਸ਼ਾ ਤਸਕਰ ਅਤੇ ਬਦਮਾਸ਼ੀਆਂ ਦੀ ਕਹਾਣੀਆਂ ‘ਚ ਪੰਜਾਬੀ ਨੌਜਵਾਨਾਂ ਦੀ ਸ਼ਮੂਲੀਅਤ ਵੀ ਹੈ।1929 ਦੇ ਅਮਰੀਕਾ ਦੇ ਗ੍ਰੇਟ ਡਿਪ੍ਰੈਸ਼ਨ ਦੇ ਦੌਰ ਦੀ ਆਰਥਿਕ ਮੰਦੀ ਨੂੰ ਕੋਣ ਭੁੱਲ ਸਕਦਾ ਹੈ।ਉਹ ਦੌਰ ਜਦੋਂ ਜ੍ਹੌਨ ਡਲਿੰਜਰ ਅਤੇ ਬੈਂਕ ਡਕੈਤੀਆਂ ਨੇ ਅਮਰੀਕਾ ‘ਚ ਤਰਥੱਲੀ ਲਿਆਂਦੀ ਹੋਈ ਸੀ।ਇਹ 1933-34 ਦਾ ਦੌਰ ਸੀ ਜਦੋਂ ਪਬਲਿਕ ਐਨੀਮੀਜ਼ ਦੇ ਨਾਮ ਨਾਲ ਮਸ਼ਹੂਰ ਇਹਨਾਂ ਗਿਰੋਹਾਂ ਦਾ ਅੰਤ ਹੋ ਰਿਹਾ ਸੀ ਅਤੇ ਅਮਰੀਕੀ ਗੁਪਤਚਰ ਮਹਿਕਮਾ ਐੱਫ.ਬੀ.ਆਈ ਦਾ ਜਨਮ ਹੋ ਰਿਹਾ ਸੀ।ਇਸ ਸਭ ਦੇ ਬਾਵਜੂਦ ਅਮਰੀਕਾ ਅੰਦਰ ਫ੍ਰੈਂਕ ਅਬਗਨੇਲ ਦੀ ਕਹਾਣੀ ਵੀ ਹੈ।ਜੋ ਅਮਰੀਕਾ ‘ਚ ਜਾਲਸਾਜ਼ੀ ਦਾ ਵੱਡਾ ਨਾਮ ਸੀ।ਜਾਅਲੀ ਚੈੱਕ ਬਣਾ ਬਣਾ ਕਿੰਨੇ ਹੀ ਪੈਸੇ ਆਪਣੇ ਖੀਸੇ ਬੰਨ੍ਹੇ ਪਰ ਅਖੀਰ ਜੇਲ੍ਹ ਦੀ ਹਵਾ ਛੱਕਦਿਆਂ ਉਹ ਅਮਰੀਕੀ ਬੈਂਕ ਪ੍ਰਬੰਧ ਅੰਦਰ ਚੈੱਕ ਡਿਜ਼ਾਇਨ ਕਰਨ ਅਤੇ ਜਾਅਲੀ ਚੈੱਕ ਫੜ੍ਹਦਿਆਂ ਚੰਗਾ ਨਾਗਰਿਕ ਵੀ ਬਣਿਆ ਅਤੇ ਸ਼ਾਨ ਨਾਲ ਬਾਕੀ ਜ਼ਿੰਦਗੀ ਸੋਹਣੀ ਗੁਜ਼ਾਰੀ।
ਇੱਕ ਦਿਲਚਸਪ ਕਿੱਸਾ ਹੈ ਕਿ ਅਮਰੀਕਾ ਦੇ ਕੁਖਿਆਤ ਬੋਨੀ ਐਂਡ ਕਲਾਈਡ ਨਾਮ ਦੇ ਜੋੜੇ ਨੇ ਬੜੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਅਤੇ ਅੰਤ ਉਹਨਾਂ ਦਾ ਪੁਲਿਸ ਮੁਕਾਬਲਾ ਹੋਇਆ।ਇਸੇ ‘ਤੇ ਬਾਅਦ ‘ਚ ਬੋਨੀ ਐਂਡ ਕਲਾਈਡ ਨਾਮ ਦੀ ਫਿਲਮ ਬਣੀ।ਇਸੇ ਦੀ ਤਰਜ਼ ‘ਤੇ ਜਦੋਂ ਸ਼ਾਦ ਅਲੀ ਨੇ ਭਾਰਤ ‘ਚ ਫਿਲਮ ਬੰਟੀ ਔਰ ਬਬਲੀ ਬਣਾਈ ਤਾਂ ਉਹਨੇ ਕਿਰਦਾਰਾਂ ਨੂੰ ਮਰਨ ਨਹੀਂ ਦਿੱਤਾ।ਉਹਨੇ ਆਪਣੀ ਫਿਲਮ ਰਾਹੀਂ ਉਹਨਾਂ ਨੂੰ ਦੂਜਾ ਮੌਕਾ ਦਿੱਤਾ ਤਾਂ ਕਿ ਉਹ ਬੇਹਤਰ ਜ਼ਿੰਦਗੀ ਗੁਜ਼ਾਰਨ ਲਈ ਵਾਪਸੀ ਕਰ ਸਕਣ।ਇਹ ਫਿਲਮ ਬੋਨੀ ਐਂਡ ਕਲਾਈਡ ਅਤੇ ਕੈਚ ਮੀ ਇਫ ਯੂ ਕੈਨ ਦਾ ਮਿਲਗੋਭਾ ਸੀ।ਸਿਨੇਮਾ ਦੇ ਇਹਨਾਂ ਸੰਦਰਭਾਂ ‘ਚੋਂ ਗੁਜ਼ਰਦਿਆਂ ਪੰਜਾਬ ਦੇ ਇਸ ਦੌਰ ਅੰਦਰ ਵਿੱਕੀ ਗੋਂਡਰ ਦਾ ਮੁਕਾਬਲਾ ਵਾਚਦਿਆਂ ਸਵਾਲ ਸਮਾਜ ਅਤੇ ਸਿਸਟਮ ‘ਚ ਅਹਿਮ ਹੈ।
ਇਸ ਘੇਰੇ ਅੰਦਰ ਨੌਜਵਾਨ,ਸਿਆਸਤ,ਸਿਸਟਮ,ਪੁਲਿਸ,ਸਮਾਜ ਅਤੇ ਸਿਆਸਤਦਾਨ ਆ ਰਹੇ ਹਨ ਅਤੇ ਸਭ ਨੂੰ ਡੂੰਘੇ ਆਤਮਚਿੰਤਨ ਕਰਨ ਦੀ ਲੋੜ ਹੈ,ਨਹੀਂ ਤਾਂ ਇੱਕ ਵਿੱਕੀ ਗੋਂਡਰ ਮਰ ਸਕਦਾ ਹੈ ਪਰ ਕਿਸੇ ਹੋਰ ਹਰਜਿੰਦਰ ਨੂੰ ਗੋਂਡਰ ਬਣਨ ‘ਚ ਕਿੰਨਾ ਕੁ ਸਮਾਂ ਲੱਗਦਾ ਹੈ ?
*ਲੇਖਕ ਜੱਗਬਾਣੀ ਰੇਡਿਉ ਦਾ ਪ੍ਰੋਗਰਾਮਿੰਗ ਹੈੱਡ ਅਤੇ ਸੁਤੰਤਰ ਟਿੱਪਣੀਕਾਰ ਹੈ

ਜ਼ੋਰਦਾਰ ਟਾਈਮਜ਼ ਇਕ ਸੁਤੰਤਰ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ, ਧਾਰਮਿਕ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਅਾਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ 25 ਰੁਪਏ ਤੋਂ ਲੈ ਕੇ 10 ਹਜ਼ਾਰ ਤੱਕ ਜਿੰਨੀ ਚਾਹੋਂ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। ਧੰਨਵਾਦ


Updated:

in

by

Tags:

ਇਕ ਨਜ਼ਰ ਇੱਧਰ ਵੀ

Comments

Leave a Reply

Your email address will not be published. Required fields are marked *

error: ਕਾਪੀ ਕਰਨਾ ਮਨ੍ਹਾਂ ਹੈ। ਲਿਖਤ ਪ੍ਰਾਪਤ ਕਰਨ ਲਈ ਈ-ਮੇਲ ਕਰੋ zordartimes@gmail.com