ਫ਼ਿਲਮ ਸਮੀਖਿਆ-ਏਕਮ: ਮਿੱਟੀ ਦਾ ਪੁੱਤ ਕਿੱਥੇ ਗੁਆਚ ਗਿਆ?

ਇਹ ਸੱਚ ਹੈ ਕਿ ਏਕਮ ਦੀ ਪੰਜਾਬ ਭਰ ਵਿਚ ਹਾਊਸ ਫੁੱਲ ਓਪਨਿੰਗ ਹੋਈ ਹੈ। ਇਹ ਵੀ ਸੱਚ ਹੈ ਕਿ ਸਿਨੇਮਾ ਸਕਰੀਨ ਦੇ ਸਾਹਮਣੇ ਬੱਬੂ ਮਾਨ ਦੇ ਗੀਤਾਂ ਉੱਤੇ ਭੀੜ ਨੇ ਭੰਗੜੇ ਪਾਏ ਨੇ। ਇਹ ਵੀ ਸੱਚ ਹੈ ਕਿ ਹਸ਼ਰ ਦੇ ਮੁਕਾਬਲੇ ਏਕਮ ਵਿਚ ਬੱਬੂ ਮਾਨ ਨੇ ਬਿਹਤਰ ਅਦਾਕਾਰੀ ਕੀਤੀ ਹੈ, ਪਰ ਸਭ ਤੋਂ ਵੱਡਾ  ਸਵਾਲ ਇਹ ਹੈ ਕਿ ਏਕਮ (ਬੱਬੂ ਮਾਨ) ਦੇ ਗਲੈਮਰ ਵਿਚ ਮਿੱਟੀ ਦਾ ਪੁੱਤਰ (ਸਨ ਆਫ਼ ਸਾਇਲ) ਕਿੱਥੇ ਗੁਆਚ ਗਿਆ? ਕਿਸੇ ਵੀ ਫ਼ਿਲਮ ਦੀ ਰੀੜ੍ਹ ਦੀ ਹੱਡੀ ਸਮਝੇ ਜਾਂਦੇ ਸਿਨੇਮੈਟੋਗ੍ਰਾਫੀ, ਕਹਾਣੀ ਅਤੇ ਨਿਰਦੇਸ਼ਨ ਤਿੰਨੋ ਕਮਜ਼ੋਰ ਹਨ। ਫ਼ਿਲਮ ਦਾ ਸਭ ਤੋਂ ਮਜ਼ਬੂਤ ਪੱਖ ਬੱਬੂ ਮਾਨ, ਸੰਗੀਤ ਅਤੇ ਸੰਵਾਦ ਹਨ।


ਪਟਕਥਾ ਦੇ ਮਾਮਲੇ ਵਿਚ ਫ਼ਿਲਮ ਸਭ ਤੋਂ ਜਿਆਦਾ ਕੰਮਜ਼ੋਰ ਹੈ। ਬਹੁਤ ਸਾਰੇ ਦ੍ਰਿਸ਼ਾਂ ਨੂੰ ਬੱਸ ਫ਼ਿਲਮਾਇਆ ਗਿਆ ਹੈ, ਉਨ੍ਹਾਂ ਵਿਚਲੀ ਸੰਵੇਦਨਾ ਦਾ ਸੰਚਾਰ ਦਰਸ਼ਕਾਂ ਦੇ ਦਿਲ ਤੱਕ ਪਹੁੰਚਣ ਤੋਂ ਪਹਿਲਾਂ ਹੀ ਦ੍ਰਿਸ਼ ਖਤਮ ਹੋ ਜਾਂਦਾ ਹੈ। ‘ਮਿਰਜ਼ਾ ਹਰ ਵਾਰੀ ਨਹੀਂ ਮਰਦਾ’ ਵਰਗੇ ਸੰਵਾਦ ਕੁਝ ਪਲ ਲਈ ਦਰਸ਼ਕਾਂ ਦੀਆਂ ਤਾੜੀਆਂ ਤਾਂ ਦਿਵਾ ਸਕਦੇ ਨੇ, ਪਰ ਇਹ ਪਟਕਥਾ ਅਤੇ ਕਹਾਣੀ ਦੇ ਕਮਜ਼ੋਰੀ ਨੂੰ ਨਹੀਂ ਛੁਪਾ ਸਕਦੇ। ਬੇਸ਼ਕ ਏਕਮ ਦਾ ਸੰਗੀਤ ਬਾਕਮਾਲ ਹੈ, ਪਰ ਫ਼ਿਲਮ ਦੀ ਕਹਾਣੀ ਵਿਚ ਗੀਤਾਂ ਦੀ ਥਾਂ ਜਬਰਦਸਤੀ ਬਣਾਈ ਹੋਈ ਲਗਦੀ ਹੈ। ਉਦਾਹਰਣ ਦੇ ਤੌਰ ਤੇ ਮਿੱਟੀ ਤੋਂ ਐਲਰਜ਼ੀ ਵਾਲੇ ਗੀਤ ਨੂੰ ਕਹਾਣੀ ਵਿਚ ‘ਫਿੱਟ’ ਕਰਨ ਲਈ ਦੋ ਕੁ ਮਿੰਟ ਲਈ ਅਦਾਕਾਰਾ ਨੂੰ ਟਰੈਕਟਰ ‘ਤੇ ਬਿਠਾ ਕਿ ਖੇਤ ਵਿਚ ਗੇੜੇ ਕੱਢੇ ਗਏ ਹਨ। ਸਭ ਤੋਂ ਵੱਡੀ ਗੱਲ ਫ਼ਿਲਮ ਦੇ ਨਾਅਰੇ (ਟੈਗ ਲਾਈਨ) ‘ਸਨ ਆਫ ਸਾਇਲ’ ਦੀ ਅਣਹੋਂਦ ਪਰੇਸ਼ਾਨ ਕਰਦੀ ਹੈ। ਅੰਤ ਤੱਕ ਦਰਸ਼ਕ, ਪਹਿਲਾਂ ਤੋਂ ਹਿੱਟ ਹੋ ਚੁੱਕੇ ਗੀਤ-ਸੰਗੀਤ, ਨੌਜਵਾਨ ਦਿਲਾਂ ਦੀ ਤਰਜਮਾਨੀ ਕਰਦੇ ਸੰਵਾਦਾਂ ਦੇ ਵਿਚਾਲੇ ਚੁੱਕੇ ਗਏ ਸਮਾਜਿਕ ਮਸਲਿਆਂ ਦੀ ਭੀੜ ਵਿਚ ਹੀ ਗੁਆਚਿਆ ਰਹਿ ਜਾਂਦਾ ਹੈ ਅਤੇ ਕਹਾਣੀ ਦੀ ਤਲਾਸ਼ ਵੀ ਇਸ ਵਿਚ ਹੀ ਕਿਤੇ ਗੁਆਚ ਜਾਂਦੀ ਹੈ। ਅਸਲ ਵਿੱਚ ਏਕਮ ਦੀ ਕੋਈ ਇਕ ਸੰਪੂਰਨ ਕਹਾਣੀ ਹੈ ਹੀ ਨਹੀਂ, ਇਹ ਕਈ ਸਾਰੀਆਂ ਛੋਟੀਆਂ-ਛੋਟੀਆਂ ਕਹਾਣੀਆਂ ਦੇ ਟੁਕੜਿਆਂ ਨੂੰ ਜੋੜ ਕੇ ਘੜਿਆ ਗਿਆ ਢਾਈ ਕੁ ਘੰਟਿਆਂ ਦਾ ਡਰਾਮਾ ਹੈ। ਕੁਝ ਦ੍ਰਿਸ਼ ਸਚਮੁੱਚ ਅਚੰਭਿਤ ਕਰਦੇ ਹਨ, ਪਰ ਲੰਬੇ ਸਮੇਂ ਤੱਕ ਯਾਦ ਰਹਿ ਜਾਣ ਵਾਲੀ ਗੱਲ ਨਹੀਂ ਹੈ। ਹਾਂ, ਨੌਜਵਾਨ ਪੀੜ੍ਹੀ ਦੀ ਪਸੰਦ ਨੂੰ ਪੂਰੀ ਤਰ੍ਹਾਂ ਖ਼ਿਆਲ ਵਿਚ ਰੱਖਦੇ ਹੋਏ ਹਰ ਕਿਸਮ ਦਾ ਮਸਾਲਾ ਪਾਇਆ ਗਿਆ ਹੈ। ਏਕਮਜੀਤ ਸਿੰਘ ਇਕ ਵੱਡੇ ਆੜਤੀਏ ਅਤੇ ਸ਼ੈਲਰ ਮਾਲਕ (ਤਰਸੇਮ ਪੌਲ) ਦਾ ਬੇਟਾ ਹੈ, ਜੋ ਬਚਪਨ ਵਿਚ ਘਰੋਂ ਗਿਆ, ਜਵਾਨ ਹੋ ਕੇ ਵਿਦੇਸ਼ੋਂ ਮੁੜਿਆ ਹੈ। ਪੰਜਾਬ ਆਉਣ ਦੀ ਖੁਸ਼ੀ ਵਿਚ ਰੱਖੀ ਪਾਰਟੀ ਵਿੱਚ ਉਸਦੀ ਮੁਲਾਕਾਤ ਆਪਣੇ ਪਿਤਾ ਦੇ ਭਾਈਵਾਲ ਦੀ ਬੇਟੀ ਨਵਨੀਤ (ਮੈਂਡੀ ਤੱਖੜ) ਨਾਲ ਹੁੰਦੀ ਹੈ, ਜਿਥੋਂ ਦੋਹਾਂ ਦੀਆਂ ਮੁਲਾਕਾਤਾਂ ਦਾ ਸਿਲਸਿਲਾ ਸ਼ੁਰੂ ਹੁੰਦਾ ਹੈ ਅਤੇ ਪਿਆਰ ਪਰਵਾਨ ਚੜ੍ਹਦਾ ਹੈ। ਇਸੇ ਦੌਰਾਨ ਏਕਮ ਦੇ ਪਰਿਵਾਰਿਕ ਰਿਸ਼ਤਿਆਂ ਵਿਚ ਆਏ ਉਤਰਾਅ-ਚੜਾਅ ਕਾਰਨ ਉਸ ਨੂੰ ਐਸ਼ੋ-ਆਰਾਮ ਛੱਡ ਕੇ ਪਿੰਡ ਜਾਣਾ ਪੈਂਦਾ ਹੈ। ਇਨ੍ਹਾਂ ਹਾਲਾਤ ਦੇ ਮੱਦੇਨਜ਼ਰ ਨਵਨੀਤ ਦਾ ਐਮ.ਐਲ.ਏ.  ਬਣ ਚੁੱਕਾ, ਪਿਤਾ ਦੋਹਾਂ ਦੇ ਰਿਸ਼ਤੇ ਨੂੰ ਨਾ-ਮਨਜ਼ੂਰ ਕਰ ਦਿੰਦਾ ਹੈ। ਏਕਮ ਮਿਰਜ਼ੇ ਵਾਂਗ ਆਪਣੀ ਸਾਹਿਬਾ ਨੂੰ ਉਧਾਲਣ ਆਉਂਦਾ ਹੈ ਅਤੇ ਉਸਦੇ ਪਿਤਾ ਨਾਲ ਮੱਥਾ ਲਾਉਂਦਾ ਹੈ। ਇਸ ਪੂਰੀ ਪ੍ਰੇਮ-ਕਹਾਣੀ ਦੇ ਵਿਚ-ਵਿਚਾਲੇ ਹੀ ਪੰਜਾਬ ਦੀ ਸਿਆਸਤ ਸਭਿਆਚਾਰ ਅਤੇ ਕਿਸਾਨੀ ਨਾਲ ਜੁੜੇ ਗੰਭੀਰ ਮਸਲਿਆਂ ਨੂੰ ਛੋਹਿਆ ਗਿਆ ਹੈ। ਬਸ ਸਮਝ ਇਹ ਨਹੀਂ ਆਉਂਦਾ ਕਿ ਏਕਮ ਇਨ੍ਹਾਂ ਮਸਲਿਆਂ ਦੇ ਹੱਲ ਲਈ ਲੜ ਰਿਹਾ ਹੈ ਜਾਂ ਆਪਣਾ ਪਿਆਰ ਹਾਸਿਲ ਕਰਨ ਲਈ, ਕਿਉਂ ਕਿ ਨਾ ਤਾਂ ਪ੍ਰੇਮ ਕਹਾਣੀ ਪੂਰੀ ਤਰ੍ਹਾਂ ਉਭਾਰੀ ਗਈ ਅਤੇ ਨਾ ਹੀ ਦੂਸਰੇ ਅਹਿਮ ਮਸਲੇ। ਬੱਸ ਸਭ ਕੁਝ ਦੀ ਇਕ ਖਿਚੜੀ ਜਿਹੀ ਬਣ ਗਈ ਹੈ। ਏਕਮ ਦਾ ਪ੍ਰਚਾਰ ‘ਸਨ ਆਫ਼ ਸਾਇਲ’ ਦੇ ਤੌਰ ਤੇ ਕੀਤਾ ਗਿਆ, ਪਰੰਤੂ ਇਹ ਕਹਾਣੀ ਮਿੱਟੀ ਦੀ ਨਾ ਹੋ ਕਿ ਏਕਮ ਦੀ ਨਿੱਜੀ ਲੜਾਈ ਬਣ ਕਿ ਰਹਿ ਗਈ। ਫ਼ਿਲਮ ਦਾ ਪਹਿਲਾ ਹਿੱਸਾ ਏਕਮ ਦੀ ਸੋਚ, ਕਿਰਦਾਰ ਅਤੇ ਉਸਦੇ ਆਪਣੇ ਪਰਿਵਾਰਕ ਸੰਬੰਧਾਂ ਨੂੰ ਦਰਸਾਉਣ ਵਿਚ ਹੀ ਗੁਜ਼ਰ ਜਾਂਦਾ ਹੈ। ਨਾਲ ਦੀ ਨਾਲ ਉਸ ਦੀ ਪ੍ਰੇਮ-ਕਹਾਣੀ ਵੀ ਅੰਗੜਾਈ ਲੈਂਦੀ ਹੈ। ਪਹਿਲੇ ਹਿੱਸੇ ਵਿੱਚ ਮਿੱਟੀ ਦੇ ਪੁੱਤਰ ਦਾ ਨਾਮੋ-ਨਿਸ਼ਾਨ ਤੱਕ ਨਹੀਂ ਹੈ। ਇੰਟਰਵਲ ਤੋਂ ਐਨ ਪਹਿਲਾਂ ਏਕਮ ਦੇ ਸਾਹਮਣੇ ਇਹ ਸਵਾਲ ਖੜਾ ਹੁੰਦਾ ਹੈ ਕਿ ਉਹ ਪਿੰਡ ਜਾ ਕਿ ਖੇਤੀ ਸ਼ੁਰੂ ਕਰੇ ਜਾਂ ਵਾਪਸ ਵਿਦੇਸ਼ ਜਾ ਕੇ ਆਪਣੀ ਜ਼ਿੰਦਗੀ ਜੀਵੇ। ਇੱਥੋਂ ਤੱਕ ਕਹਾਣੀ ਵਿਚ ਰਿਸ਼ਤਿਆਂ ਦੇ ਉਲਝੇ ਹੋਏ ਤਾਣੇ-ਬਾਣੇ ਦੀ ਹੀ ਗੱਲ੍ਹ ਹੈ। ਇੰਟਰਵਲ ਤੋਂ ਬਾਅਦ ਜਦੋਂ ਏਕਮ ਪਿੰਡ ਜਾਣ ਦਾ ਫ਼ੈਸਲਾ ਕਰਦਾ ਹੈ ਤਾਂ ਆਸ ਬੱਝਦੀ ਹੈ ਕਿ ਹੁਣ ਮਿੱਟੀ ਦੇ ਪੁੱਤ ਦੀ ਕਹਾਣੀ ਸ਼ੁਰੂ ਹੋਵੇਗੀ, ਪਰ ਉਦੋਂ ਵੀ ਕਹਾਣੀ ਏਕਮ ਦੀ ਨਿੱਜੀ ਜ਼ਿੰਦਗੀ, ਪ੍ਰੇਮ-ਸੰਬੰਧ ਅਤੇ ਕਿਸਾਨੀ ਦੇ ਮਸਲਿਆਂ ਵਿਚਾਲੇ ਉਲ਼ਝ ਜਾਂਦੀ ਹੈ। ਫ਼ਿਲਮ ਕਿਸਾਨੀ ਭਾਵ ਮਿੱਟੀ ਨਾਲ ਜੁੜੇ ਅਹਿਮ ਮੁੱਦਿਆਂ ਨੂੰ ਛੋਂਹਦੀ ਤਾਂ ਹੈ, ਪਰ ਬੱਸ ਅਖ਼ਬਾਰ ਦੀਆਂ ਸੁਰਖ਼ੀਆਂ ਵਾਂਗ। ਕੋਈ ਮਸਲਾ ਨਾ ਤਾਂ ਕਿਸੇ ਸਿਰੇ ਲਗਦਾ ਨਜ਼ਰ ਆਉਂਦਾ ਹੈ ਅਤੇ ਨਾ ਹੀ ਕੋਈ ਹੱਲ ਦਿੱਸਦਾ ਹੈ।ਆੜਤੀਆਂ ਵੱਲੋਂ ਕਿਸਾਨਾਂ ਦੀ ਲੁੱਟ, ਬੈਂਕਾਂ ਦਾ ਮੁਨਾਫ਼ਾਖੋਰ ਰਵੱਈਆ, ਕਰਜ਼ੇ ਅਤੇ ਮਹਿੰਗਾਈ ਦੇ ਬੋਝ ਥੱਲੇ ਦੱਬੇ ਕਿਸਾਨਾਂ ਦੇ ਖੁਦਕੁਸ਼ੀ ਵਾਲੇ ਹਾਲਾਤ, ਨੌਜਵਾਨਾਂ  ਦੀ ਨਸ਼ਾਖੋਰੀ, ਰਿਸ਼ਵਤਖੋਰੀ, ਪਿੰਡਾਂ ਦੇ ਸ਼ਹਿਰੀਕਰਨ ਕਾਰਨ ਖੜੀ ਹੋ ਰਹੀ ਪ੍ਰਦੂਸ਼ਣ, ਅਤੇ ਜਾਨਲੇਵਾ ਬੀਮਾਰੀ ਵਰਗੀਆਂ ਸਮਸਿੱਆਵਾਂ ਨੂੰ ਛੋਹਿਆ ਮਾਤਰ ਗਿਆ ਹੈ। ਇਨ੍ਹਾਂ ਦਾ ਹੱਲ ਕੀ ਹੋਣਾ ਚਾਹੀਦਾ ਹੈ? ਏਕਮ ਇਨ੍ਹਾਂ ਬਾਰੇ ਕੀ ਕਰਦਾ ਹੈ? ਪਿੰਡ ਵਿਚਲੀ ਇਕ ਫੈਕਟਰੀ ਦਾ ਪਰਨਾਲਾ ਬੰਦ ਕਰਨ ਤੋਂ ਸਿਵਾ, ਇਸ ਬਾਰੇ ਬਹੁਤਾ ਕੁਝ ਨਹੀਂ ਕਿਹਾ ਗਿਆ। ਦਰਅਸਲ, ਕਮਜ਼ੋਰ ਕਹਾਣੀ, ਪਟਕਥਾ ਅਤੇ ਨਿਰਦੇਸ਼ਨ ਨੇ ਵਧੀਆ ਫ਼ਿਲਮ ਲੀਹ ਤੋਂ ਲਾਹ ਦਿੱਤੀ। ਕਹਾਣੀ ਵਿਚ ਕਿਸੇ ਇਕ ਵਿਸ਼ੇ ਨੂੰ ਲੈ ਕੇ ਨਿਭਾਉਣ ਦੀ ਬਜਾਇ ਬਹੁਤ ਸਾਰੇ ਮਸਲਿਆਂ ਦਾ ਖਿਲਾਰਾ ਪਾ ਲਿਆ ਗਿਆ, ਜਿਨ੍ਹਾਂ ਨੂੰ ਅੰਤ ਵਿਚ ਸੰਭਾਲਣਾ ਔਖਾ ਹੋ ਗਿਆ ਅਤੇ ਫਿਰ ਉਨ੍ਹਾਂ ਨੂੰ ਅੱਧ ਵਿਚਾਲੇ ਹੀ ਛੱਡ ਦਿੱਤਾ ਗਿਆ’, ਜਿਵੇਂ ਕਿ ਸਰਪੰਚ ਦਾ ਬੇਟਾ ਵਿੱਕੀ, ਜੋ ਵਿਦੇਸ਼ ਗਿਆ, ਉਸ ਨਾਲ ਕੀ ਹੋਇਆ? ਏਕਮ ਨੇ ਐੱਮ. ਐੱਲ. ਏ. ਨੂੰ ਕਿਉਂ ਮਾਰਿਆ? ਆਪਣੀ ਪ੍ਰੇਮਿਕਾ ਦੇ ਕਤਲ ਦਾ ਬਲਦਾ ਲੈਣ ਲਈ ਜਾਂ ਸਰਪੰਚ ਦੀ ਖੁਦਕੁਸ਼ੀ ਲਈ ਜਾਂ ਪੰਜਾਬ ਦੀ ਕਿਸਾਨੀ ਦੇ ਮਸਲਿਆਂ ਦੇ ਹੱਲ ਲਈ? ਕੀ ਐਮ.ਐਲ. ਏ ਨੂੰ ਮਾਰ ਕੇ ਕਿਸਾਨੀ ਦੀਆਂ ਸਾਰੀਆਂ ਸਮਸਿੱਆਵਾਂ ਦਾ ਹੱਲ ਹੋ ਸਕਦੀਆਂ ਹਨ? ਏਕਮ ਇਕ ਵਾਰ ਫਿਰ ਉਹੀ ਸਵਾਲ ਸਾਡੇ ਸਾਮਹਣੇ ਛੱਡ ਜਾਂਦੀ ਹੈ ਕਿ ਚੰਗੀ ਫ਼ਿਲਮ ਲਈ ਚੰਗੀ ਕਹਾਣੀ ਮਹੱਤਵਪੂਰਣ ਹੁੰਦੀ ਹੈ ਜਾਂ ਚਰਚਿਤ ਚਿਹਰਾ?

ਅਦਾਕਾਰੀ ਦੇ ਮਾਮਲੇ ਵਿਚ ਬੱਬੂ ਮਾਨ ਆਪਣੇ ਕਿਰਦਾਰ ਨੂੰ ਠੀਕ ਠਾਕ ਨਿਭਾ ਗਿਆ ਹੈ। ਮੈਂਡੀ ਤੱਖੜ ਅਤੇ ਮੋਹਿਤ ਇੰਦਰ ਬਾਵਾ ਦੇ ਕਰਨ ਲਈ ਕੁਝ ਖਾਸ ਹੈ ਈ ਨਹੀਂ ਸੀ, ਜਿੰਨੇ ਵੀ ਦ੍ਰਿਸ਼ ਉਨ੍ਹਾਂ ਦੇ ਹਿੱਸੇ ਆਏ ਉਹ ਠੀਕ-ਠਾਕ ਨਿਭਾਏ ਹਨ। ਭਗਵੰਤ ਮਾਨ ਨੇ ਇਸ ਫ਼ਿਲਮ ਰਾਹੀਂ ਸਾਬਿਤ ਕੀਤਾ ਹੈ ਕਿ ਉਹ ਸਿਰਫ਼ ਇਕ ਕਾਮੇਡਿਅਨ ਨਹੀਂ, ਬਲਕਿ ਬਹੁਪੱਖੀ ਅਦਾਕਾਰ ਹੈ।ਵੈਸੇ ਉਸਦੇ ਕਾਮੇਡੀ ਦ੍ਰਿਸ਼ਾਂ ਦਾ ਫ਼ਿਲਮ ਦੀ ਮੁੱਖ-ਧਾਰਾ ਨਾਲ ਕੋਈ ਤਾਲ-ਮੇਲ ਨਹੀਂ ਹੈ, ਪਰੰਤੂ ਕਾਮੇਡੀ ਬਾਕਮਾਲ ਅਤੇ ਕਾਬਿਲੇ ਗੌਰ ਹੈ, ਜੋ ਵੱਖ-ਵੱਖ ਮਸਲਿਆਂ ਤੇ ਤਿੱਖੀ ਵਿਅੰਗਮਈ ਚੋਟ ਵੀ ਕਰਦੀ ਹੈ ਅਤੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਵੀ। ਬੀਨੂੰ ਢਿੱਲੋਂ ਅਤੇ ਰਵਿੰਦਰ ਮੰਡ ਨੇ ਭਗਵੰਤ ਦਾ ਚੰਗਾ ਸਾਥ ਨਿਭਾਇਆ ਹੈ। ਏਕਮ ਦੇ ਪਿਤਾ ਦੇ ਕਿਰਦਾਰ ਵਿਚ ਤਰਸੇਮ ਪੌਲ ਵੀ ਆਪਣਾ ਪ੍ਰਭਾਵ ਛੱਡਣ ਵਿਚ ਕਾਮਯਾਬ ਰਿਹਾ ਹੈ। ਖਾਸ ਕਰ ਦੌਰਾ ਪੈਣ ਵਾਲੇ ਅਤੇ ਆਪਣੀ ਮੌਤ ਦੇ ਦ੍ਰਿਸ਼ ਵਿਚ ਉਹ ਮਨੋਭਾਵਾਂ ਨੂੰ ਚਿਹਰੇ ਰਾਹੀਂ ਬਖੂਬੀ ਦਰਸਾਉਂਦਾ ਹੈ। ਸਰਪੰਚ ਅਤੇ ਬੇਬਸ ਕਿਸਾਨ ਦੇ ਮਨੋਭਾਵਾਂ ਨੂੰ ਅਮਰੀਕ ਗਿੱਲ ਪਰਦੇ ਤੇ ਉਤਾਰਣ ਵਿਚ ਸਫਲ ਰਿਹਾ ਹੈ। ਖਲਨਾਇਕ ਅਤੇ ਲੜਕੀ ਦੇ ਪਿਤਾ ਦੇ ਕਿਰਦਾਰ ਵਿਚ ਸੁਰਿੰਦਰ ਰੀਹਾਲ ਬੱਸ ਠੀਕ ਠਾਕ ਹੀ ਰਿਹਾ ਹੈ। ਅਨੀਤਾ ਸ਼ਬਦੀਸ਼ ਨੇ ਮਤਰੇਈ ਮਾਂ ਦਾ ਕਿਰਦਾਰ ਬਖੂਬੀ ਨਿਭਾਇਆ ਹੈ। ਕਹਾਣੀ ਅਤੇ ਨਿਰਦੇਸ਼ਨ ਦੇ ਮਾਮਲੇ ਵਿਚ ਮਾਸਟਰ ਤਰਲੋਚਨ ਅਤੇ ਮਨਦੀਪ ਬੈਨੀਪਾਲ ਜੇਕਰ ਹੋਰ ਬਾਰੀਕੀ ਨਾਲ ਕੰਮ ਕਰਦੇ ਤਾਂ ਚੰਗੇ ਨਤੀਜੇ ਦੀ ਆਸ ਕੀਤੀ ਜਾ ਸਕਦੀ ਸੀ। ਇਹੀ ਗੱਲ ਸਿਨੇਮੈਟੋਗ੍ਰਾਫੀ ਦੇ ਮਾਮਲੇ ਵਿਚ ਸੋਲਾਂ ਆਨੇ ਲਾਗੂ ਹੁੰਦੀ ਹੈ।
ਜੇਕਰ ਫ਼ਿਲਮ ਵਿਚ ਚੰਗੇ ਦ੍ਰਿਸ਼ਾਂ ਦੀ ਚੋਣ ਕਰਨੀ ਹੋਵੇ ਤਾਂ ਸਰਪੰਚ (ਅਮਰੀਕ ਗਿੱਲ) ਦੀ ਖੁਦਕੁਸ਼ੀ ਅਤੇ ਉਸ ਤੋਂ ਬਾਅਦ ਉਸਦੀ ਪਤਨੀ (ਰੂਪੀ) ਵੱਲੋਂ ਐੱਮ. ਐੱਲ. ਏ. ਦੇ ਮੂੰਹ ਤੇ ਮੁਆਵਜ਼ੇ ਦਾ ਚੈੱਕ ਪਾੜ ਕੇ ਮਾਰਨ ਵਾਲਾ ਦ੍ਰਿਸ਼ ਬਿਹਤਰੀਨ ਗਿਣਿਆ ਜਾ ਸਕਦਾ ਹੈ। ਸੰਵਾਦਾਂ ਦੇ ਮਾਮਲੇ ਵਿਚ ਬੱਬੂ ਮਾਨ ਦੇ ਮਿਰਜ਼ੇ ਅਤੇ ਭਗਵੰਤ ਮਾਨ ਦੇ ਲੋਕ ਤੱਥਾਂ ਵਾਲੇ ਸੰਵਾਦਾਂ ਨੂੰ ਸ਼ਾਬਾਸ਼ ਕਿਹਾ ਜਾ ਸਕਦਾ ਹੈ। ਜੇਕਰ ਇਕ ਚੰਗਾ ਲੇਖਕ ਅਤੇ ਨਿਰਦੇਸ਼ਕ ਹੁੰਦਾ ਤਾਂ ਇਸ ਕਹਾਣੀ ਵਿਚ ਰੂਹ ਫੂਕੀ ਜਾ ਸਕਦੀ ਸੀ। ਫਿਰ ਵੀ ਬੱਬੂ ਮਾਨ, ਚੰਗੇ ਸੰਗੀਤ ਅਤੇ ਪੰਜਾਬ ਦੇ ਹਾਲਾਤ ਨੂੰ ਛੋਂਹਦੇ ਕੁਝ ਦ੍ਰਿਸ਼ਾਂ ਲਈ ਇਹ ਫ਼ਿਲਮ ਦੇਖੀ ਜਾ ਸਕਦੀ ਹੈ।ਉਂਝ ਹਸ਼ਰ ਦੇ ਮੁਕਾਬਲੇ ਭਾਵੇਂ ਇਸ ਫ਼ਿਲਮ ਨੇ ਓਪਨਿੰਗ ਦੇ ਰਿਕਾਰਡ ਤੋੜੇ ਹਨ, ਪਰ ਏਕਮ ਸੰਪੂਰਨ ਤੌਰ ਤੇ ਹਸ਼ਰ ਤੋਂ ਉੱਨੀ ਹੀ ਸਾਬਿਤ ਹੋਈ ਹੈ।


Updated:

in

, ,

by

ਇਕ ਨਜ਼ਰ ਇੱਧਰ ਵੀ

Comments

Leave a Reply

error: ਕਾਪੀ ਕਰਨਾ ਮਨ੍ਹਾਂ ਹੈ। ਲਿਖਤ ਪ੍ਰਾਪਤ ਕਰਨ ਲਈ ਈ-ਮੇਲ ਕਰੋ zordartimes@gmail.com