ਇਸ ਜ਼ਿਲ੍ਹੇ ਵਿਚ ਖੁੱਲ੍ਹੀਆਂ ਦੁਕਾਨਾਂ! ਡੀਸੀ ਨੇ ਦਿੱਤੀ ਰਾਹਤ

curfew extended in Punjab
ਪੰਜਾਬ ਸਰਕਾਰ ਵੱਲੋਂ 4 ਘੰਟੇ ਦੀ ਰਾਹਤ ਦਿੱਤੇ ਜਾਣ ਤੋਂ ਬਾਅਦ, ਵੱਖ-ਵੱਖ ਜ਼ਿਲ੍ਹਿਆਂ ਦਾ ਪ੍ਰਸ਼ਾਸ਼ਨ ਆਪਣੇ ਇਲਾਕੇ ਵਿਚ ਢਿੱਲ ਦਿੱਤੇ ਜਾਣ ਸੰਬੰਧੀ ਐਲਾਨ ਕਰ ਰਿਹਾ ਹੈ। ਇਸੇ ਲੜੀ ਤਹਿਤ ਪੰਜਾਬ ਦੇ ਉਦਯੋਗਿਕ ਸ਼ਹਿਰ ਲੁਧਿਆਣਾ ਦੇ ਡੀਸੀ ਨੇ ਫੇਸਬੁੱਕ ‘ਤੇ ਲਾਈਵ ਆ ਕੇ ਕਰਫ਼ਿਊ ਵਿਚ ਦਿੱਤੀਆਂ ਜਾਣ ਵਾਲੀਆਂ ਰਾਹਤਾਂ ਦਾ ਐਲਾਨ ਕੀਤਾ।
29 ਅਪ੍ਰੈਲ 2020 ਦੀ ਸ਼ਾਮ ਨੂੰ ਜ਼ਿਲ੍ਹਾ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਐਲਾਨ ਕੀਤਾ ਹੈ।
  • ਪਹਿਲਾਂ ਹੀ ਪ੍ਰਵਾਨਗੀ ਪ੍ਰਾਪਤ ਜ਼ਰੂਰੀ ਵਸਤਾਂ ਵਾਲੀਆਂ ਦੁਕਾਨਾਂ ਸਵੇਰੇ 7 ਤੋਂ 11 ਵਜੇ ਤੱਕ ਖੁੱਲ੍ਹ ਸਕਣਗੀਆਂ
  • ਲੋਕ ਦੁਕਾਨਾਂ ‘ਤੇ ਵਾਹਨਾਂ ਰਾਹੀਂ ਨਹੀਂ ਜਾ ਸਕਣਗੇ, ਪੈਦਲ ਜਾਣਾ ਪਵੇਗਾ
  • ਹੋਲਸੇਲ ਦੁਕਾਨਾਂ ਸਵੇਰੇ 11 ਵਜੇ ਤੋਂ ਬਾਅਦ ਖੁੱਲ੍ਹ ਸਕਣਗੀਆਂ
  • ਪੇਂਡੂ ਖੇਤਰਾਂ ਦੀਆਂ ਦੁਕਾਨਾਂ ਬਿਨ੍ਹਾਂ ਕਿਸੇ ਪ੍ਰਵਾਨਗੀ ਦੇ ਸਵੇਰੇ 7 ਵਜੇ ਤੋਂ 11 ਵਜੇ ਤੱਕ ਖੁੱਲ੍ਹ ਸਕਣਗੀਆਂ
  • ਮਾਲਜ਼ ਅਤੇ ਸ਼ਾਪਿੰਗ ਸੈਂਟਰਾਂ ਅੰਦਰ ਦੁਕਾਨਾਂ ਨਹੀਂ ਖੁੱਲ੍ਹ ਸਕਣਗੀਆਂ
  • ਸ਼ਹਿਰੀ ਖੇਤਰਾਂ ਵਿੱਚ, ਗੇਟ ਵਾਲੀਆਂ ਕਲੋਨੀਆਂ ਤੇ ਵਿਹੜਿਆਂ ਵਿੱਚ ਚੱਲਦੀਆਂ ਇਕੱਲੀਆਂ ਦੁਕਾਨਾਂ (ਜਿਨ੍ਹਾਂ ਦੇ ਖੱਬੇ-ਸੱਜੇ ਕੋਈ ਹੋਰ ਦੁਕਾਨ ਨਾ ਹੋਵੇ) ਖੋਲ੍ਹਣ ਨੂੰ ਪ੍ਰਵਾਨਗੀ
  • ਸਨਅਤਾਂ ਅਤੇ ਉਸਾਰੀ ਕਾਰਜਾਂ ਨੂੰ ਚਲਾਉਣ ਲਈ ਵੀ ਪ੍ਰਵਾਨਗੀ ਜਾਰੀ
  • ਜ਼ਿਲ੍ਹਾ ਲੁਧਿਆਣਾ ਵਿੱਚ ਅੱਜ 11 ਨਵੇਂ ਪਾਜ਼ੀਟਿਵ ਮਾਮਲੇ ਆਏ ਸਾਹਮਣੇ-ਡਿਪਟੀ ਕਮਿਸ਼ਨਰ

ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕਰਫਿਊ/ਲੌਕਡਾਊਨ ਵਿੱਚ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਦੁਕਾਨਾਂ, ਸਨਅਤਾਂ ਅਤੇ ਉਸਾਰੀ ਗਤੀਵਿਧੀਆਂ ਨੂੰ ਚਲਾਉਣ ਦੀ ਢਿੱਲ ਦਿੱਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਜਿਹੜੀਆਂ ਦੁਕਾਨਾਂ ਕੋਲ ਜ਼ਰੂਰੀ ਘਰੇਲੂ ਵਸਤਾਂ, ਖੇਤੀਬਾੜੀ ਉਪਕਰਨ, ਹਾਰਡਵੇਅਰ ਆਦਿ ਦੀ ਪਹਿਲਾਂ ਹੀ ਪ੍ਰਵਾਨਗੀ ਲਈ ਹੋਈ ਹੈ, ਉਹ ਸਵੇਰੇ 7 ਵਜੇ ਤੋਂ ਸਵੇਰੇ 11 ਵਜੇ ਤੱਕ ਖੁੱਲ੍ਹ ਸਕਦੀਆਂ ਹਨ। ਉਹ ਘਰ-ਘਰ ਡਲਿਵਰੀ ਦਾ ਕੰਮ ਸਵੇਰੇ 11 ਵਜੇ ਤੋਂ ਸ਼ਾਮ 7 ਵਜੇ ਤੱਕ ਕਰ ਸਕਦੇ ਹਨ। ਸਵੇਰੇ 11 ਤੋਂ ਸ਼ਾਮ 7 ਵਜੇ ਦੌਰਾਨ ਕਾਊਂਟਰ ਸੇਲ ਬਿਲਕੁਲ ਵੀ ਨਹੀਂ ਕੀਤੀ ਜਾ ਸਕੇਗੀ। ਦੁਕਾਨਦਾਰਾਂ ਨੂੰ ਆਪਣੀ ਦੁਕਾਨ ਦੇ ਅੰਦਰ ਕੰਮ ਕਰਨ ਵਾਲੇ ਵਰਕਰਾਂ ਨੂੰ ਮਾਸਕ, ਦਸਤਾਨੇ ਆਦਿ ਪਾਉਣੇ ਲਾਜ਼ਮੀ ਹੋਣਗੇ ਅਤੇ ਦੁਕਾਨ ਵਿੱਚ ਭੀੜ ਨਹੀਂ ਹੋਣ ਦੇਣੀ ਅਤੇ ਲੋਕਾਂ ਵਿੱਚ 2 ਮੀਟਰ ਦੀ ਸਮਾਜਿਕ ਦੂਰੀ ਵੀ ਜ਼ਰੂਰੀ ਹੋਵੇਗੀ। ਜੇਕਰ ਦੁਕਾਨਦਾਰ ਇਸ ਵਿੱਚ ਅਸਫ਼ਲ ਰਹਿੰਦਾ ਹੈ ਤਾਂ ਉਸ ਦੀ ਪ੍ਰਵਾਨਗੀ ਰੱਦ ਕਰ ਦਿੱਤੀ ਜਾਵੇਗੀ।

ਦੇਖੋ ਲੁਧਿਆਣਾ ਦੇ ਡਿਪਟੀ ਕਮੀਸ਼ਨ ਦਾ ਵੀਡਿਉ ਐਲਾਨ

ਜੋ ਵੀ ਲੋਕ ਦੁਕਾਨਾਂ ‘ਤੇ ਜਾਣਾ ਚਾਹੁੰਦੇ ਹਨ, ਉਨ੍ਹਾਂ ਨੂੰ ਸਵੇਰੇ 7 ਵਜੇ ਤੋਂ 11 ਵਜੇ ਤੱਕ ਕਿਸੇ ਪਾਸ ਦੀ ਲੋੜ ਨਹੀਂ ਰਹੇਗੀ। ਪਰ ਉਹ ਪੈਦਲ ਹੀ ਦੁਕਾਨਾਂ ਤੱਕ ਜਾ ਸਕਣਗੇ। ਜੇਕਰ ਕੋਈ ਵਿਅਕਤੀ ਵਾਹਨ ਦੀ ਵਰਤੋਂ ਕਰਦਾ ਫੜਿਆ ਗਿਆ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਆਰੰਭੀ ਜਾਵੇਗੀ। ਉਨ੍ਹਾਂ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਦੀਆਂ ਹਦਾਇਤਾਂ ਆਦਿ ਦੀ ਪੂਰਨ ਤੌਰ ‘ਤੇ ਪਾਲਣਾ ਯਕੀਨੀ ਬਣਾਉਣ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਦੁਕਾਨਾਂ ‘ਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਹੀ ਭੇਜਣ, ਉਨ੍ਹਾਂ ਦੇ ਮਾਸਕ ਆਦਿ ਪਾਇਆ ਹੋਣਾ ਚਾਹੀਦਾ ਹੈ ਅਤੇ ਦੁਕਾਨਾਂ ਤੋਂ ਖ਼ਰੀਦਿਆ ਸਮਾਨ ਅਤੇ ਹੱਥਾਂ ਨੂੰ ਚੰਗੀ ਤਰ੍ਹਾਂ ਸੈਨੀਟਾਈਜ਼ ਕਰਨਾ ਚਾਹੀਦਾ ਹੈ।
ਸ੍ਰੀ ਅਗਰਵਾਲ ਨੇ ਦੱਸਿਆ ਕਿ ਪੇਂਡੂ ਖੇਤਰਾਂ ਵਿੱਚ ਚੱਲਦੀਆਂ ਦੁਕਾਨਾਂ ਵੀ ਸਵੇਰੇ 7 ਵਜੇ ਤੋਂ ਸਵੇਰੇ 11 ਵਜੇ ਤੱਕ ਕਾਊਂਟਰ ਸੇਲ ਲਈ ਖੁੱਲ੍ਹ ਸਕਦੀਆਂ ਹਨ। ਲੋਕ ਬਿਨ੍ਹਾਂ ਕਿਸੇ ਪਾਸ ਦੇ ਪੈਦਲ ਦੁਕਾਨਾਂ ਤੱਕ ਜਾ ਸਕਣਗੇ। ਮਾਲਜ਼ ਅਤੇ ਸ਼ਾਪਿੰਗ ਸੈਂਟਰਾਂ ਵਿੱਚ ਮੌਜੂਦ ਦੁਕਾਨਾਂ ਨਹੀਂ ਖੁੱਲ੍ਹ ਸਕਣਗੀਆਂ। ਉਨ੍ਵਾਂ ਸਪੱਸ਼ਟ ਕੀਤਾ ਕਿ ਨਾਈ ਆਦਿ ਦੀਆਂ ਦੁਕਾਨਾਂ ਜਾਂ ਸੈਲੂਨ ਆਦਿ ਨਹੀਂ ਖੁੱਲ੍ਹ ਸਕਣਗੇ।
ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਕੋਈ ਵਿਅਕਤੀ ਸਵੇਰੇ 7 ਵਜੇ ਤੋਂ ਸਵੇਰੇ 11 ਵਜੇ ਤੱਕ ਦੁਕਾਨਾਂ ਤੋਂ ਸਮਾਨ ਖਰੀਦਣ ਤੋਂ ਬਿਨ੍ਹਾਂ ਕਿਸੇ ਹੋਰ ਗਤੀਵਿਧੀ ਕਰਦਾ ਪਾਇਆ ਗਿਆ ਤਾਂ ਉਸ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਆਰੰਭੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸ਼ਹਿਰੀ ਖੇਤਰਾਂ ਦੀਆਂ ਰਿਹਾਇਸ਼ੀ ਕਾਲੋਨੀਆਂ ਅਤੇ ਵਿਹੜਿਆਂ ਵਿੱਚ ਚੱਲਦੀਆਂ ਇਕੱਲੀਆਂ ਦੁਕਾਨਾਂ (ਆਸੇ ਪਾਸੇ ਕੋਈ ਹੋਰ ਦੁਕਾਨ ਨਾ ਹੋਵੇ) ਖੋਲ੍ਹੀਆਂ ਜਾ ਸਕਦੀਆਂ ਹਨ। ਬਾਜ਼ਾਰਾਂ ਵਿੱਚਲੀਆਂ ਦੁਕਾਨਾਂ ਨਹੀਂ ਖੋਲ੍ਹੀਆਂ ਜਾ ਸਕਦੀਆਂ। ਉਨ੍ਹਾਂ ਦੱਸਿਆ ਕਿ ਹੋਲਸੇਲ ਦੁਕਾਨਾਂ ਸਵੇਰੇ 11 ਵਜੇ ਤੋਂ ਖੋਲ੍ਹੀਆਂ ਜਾ ਸਕਣਗੀਆਂ। 
ਰੇਸਤਰਾਂ, ਸ਼ਰਾਬ ਦੀਆਂ ਦੁਕਾਨਾਂ ਅਤੇ ਅਹਾਤੇ ਆਦਿ ਨਹੀਂ ਖੋਲ੍ਹੇ ਜਾਣਗੇ।
ਉਨ੍ਹਾਂ ਦੱਸਿਆ ਕਿ ਜੇਕਰ ਕੋਈ ਵੀ ਮਾਰਕੀਟ ਐਸੋਸੀਏਸਨ ਉਕਤ ਹਦਾਇਤਾਂ ਦੀ ਪਾਲਣਾ ਯਕੀਨੀ ਬਣਾ ਕੇ ਦੁਕਾਨਾਂ ਖੋਲ੍ਹਣੀਆਂ ਚਾਹੁੰਦੀ ਹੈ ਤਾਂ ਉਹ ਮਾਰਕੀਟ ਦੇ ਨਕਸ਼ੇ ਅਤੇ ਹੋਰ ਵੇਰਵੇ ਨਾਲ ਆਪਣੇ ਐੱਸ. ਡੀ. ਐੱਮ. ਅਤੇ ਡੀ. ਐੱਸ. ਪੀ. (ਮਿਊਸੀਪਲ ਕਮੇਟੀਆਂ ਵਿੱਚ ਹੀ) ‘ਤੇ ਅਧਾਰਿਤ ਕਮੇਟੀ ਕੋਲ ਅਪਲਾਈ ਕਰ ਸਕਦੀ ਹੈ। ਦੋ ਮੰਜ਼ਿਲਾਂ ਵਾਲੀ ਮਾਰਕੀਟ ਨਹੀਂ ਖੋਲ੍ਹੀ ਜਾ ਸਕੇਗੀ। ਨਗਰ ਨਿਗਮ ਅੰਦਰ ਪ੍ਰਵਾਨਗੀ ਦੇਣ ਲਈ ਵਧੀਕ ਡਿਪਟੀ ਕਮਿਸ਼ਨਰ (ਜਗਰਾਉਂ) ਸ੍ਰੀਮਤੀ ਨੀਰੂ ਕਤਿਆਲ ਗੁਪਤਾ ਅਤੇ ਡੀ. ਸੀ. ਪੀ. (ਲਾਅ ਐਂਡ ਆਰਡਰ) ਸ੍ਰੀ ਅਸ਼ਵਨੀ ਕਪੂਰ ਅਧਾਰਿਤ ਕਮੇਟੀ ਨਿਰਧਾਰਤ ਕਰ ਦਿੱਤੀ ਗਈ ਹੈ।
ਸਨਅਤਾਂ ਨੂੰ ਢਿੱਲ ਦੇਣ ਬਾਰੇ ਉਨ੍ਹਾਂ ਕਿਹਾ ਕਿ ਜੇਕਰ ਸਨਅਤਾਂ ਪੇਂਡੂ ਖੇਤਰਾਂ, ਫੋਕਲ ਪੁਆਇੰਟਾਂ, ਸੇਜ਼ ਆਦਿ ਵਿੱਚ ਹਨ ਤਾਂ ਉਨ੍ਹਾਂ ਨੂੰ ਪ੍ਰਵਾਨਗੀ ਲੈਣ ਦੀ ਲੋੜ ਨਹੀਂ ਹੈ। ਅਜਿਹੇ ਕੇਸਾਂ ਵਿੱਚ ਮਾਲਕਾਂ ਨੂੰ ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ ਨੂੰ ਇੱਕ ਹਲਫ਼ਨਾਮਾ ਹੀ ਦੇਣਾ ਪਵੇਗਾ ਕਿ ਉਹ ਸਾਰੀਆਂ ਹਦਾਇਤਾਂ ਦੀ ਪਾਲਣਾ ਕਰਨਗੇ। ਸਨਅਤਾਂ ਇਹ ਯਕੀਨੀ ਬਣਾਉਣਗੀਆਂ ਕਿ ਲੇਬਰ ਨੂੰ ਉਥੇ ਹੀ ਇਕਾਂਤਵਾਸ ਕਰਕੇ ਰੱਖਿਆ ਜਾਵੇ। ਨਹੀਂ ਤਾਂ ਲੇਬਰ ਨੂੰ ਟਰਾਂਸਪੋਰਟੇਸ਼ਨ ਸਹੂਲਤ ਦੇਣੀ ਪਵੇਗੀ, ਜਿਸ ਲਈ ਪਾਸ ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ ਕੋਲੋਂ ਲੈਣਾ ਪਵੇਗਾ। ਜੇਕਰ ਲੇਬਰ ਨੇ ਪੈਦਲ ਜਾਂ ਸਾਈਕਲ ਆਦਿ ‘ਤੇ ਕੰਮ ‘ਤੇ ਜਾਣਾ ਹੈ ਤਾਂ ਵੀ ਉਸ ਨੂੰ ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ ਤੋਂ ਪਾਸ ਇਸ਼ੂ ਕਰਵਾਉਣਾ ਪਵੇਗਾ। ਇਸ ਲਈ ਬਲਕ ਪਾਸ ਲਈ ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ ਕੋਲ ਅਪਲਾਈ ਕੀਤਾ ਜਾ ਸਕਦਾ ਹੈ। ਪਰ ਲੇਬਰ ਕੋਲ ਆਪਣਾ ਕੰਪਨੀ ਦਾ ਸ਼ਨਾਖ਼ਤੀ ਕਾਰਡ ਹੋਣਾ ਵੀ ਲਾਜ਼ਮੀ ਹੈ। ਲੇਬਰ ਦੀ ਮੂਵਮੈਂਟ ਸਵੇਰੇ 7 ਵਜੇ ਤੋਂ ਸਵੇਰੇ 9 ਵਜੇ ਤੱਕ ਅਤੇ ਸ਼ਾਮ 5 ਵਜੇ ਤੋਂ ਸ਼ਾਮ 7 ਵਜੇ ਤੱਕ ਹੀ ਹੋ ਸਕੇਗੀ। ਮੈਨੇਜਮੈਂਟ ਜਾਂ ਮਾਲਕ ਈ-ਪਾਸਾਂ ਲਈ ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ ਕੋਲ ਅਪਲਾਈ ਕਰ ਸਕਦੇ ਹਨ।
ਸ੍ਰੀ ਅਗਰਵਾਲ ਨੇ ਦੱਸਿਆ ਕਿ ਪਹਿਲੇ ਗੇੜ ਵਿੱਚ ਸਿਰਫ਼ ਸਰਕਾਰੀ ਉਸਾਰੀ ਕਾਰਜਾਂ ਨੂੰ ਢਿੱਲ ਦਿੱਤੀ ਗਈ ਸੀ ਪਰ ਉਹ ਪੇਂਡੂ ਖੇਤਰਾਂ ਵਿੱਚ ਜੇਕਰ ਕਿਸੇ ਨੇ ਨਵਾਂ ਪ੍ਰੋਜੈਕਟ ਵੀ ਸ਼ੁਰੂ ਕਰਨਾ ਹੈ ਤਾਂ ਉਹ ਸ਼ੁਰੂ ਕਰ ਸਕਦਾ ਹੈ। ਪਿੰਡ ਵਿੱਚ ਲੇਬਰ ਦੀ ਮੂਵਮੈਂਟ ਲਈ ਕੋਈ ਪਾਸ ਦੀ ਲੋੜ ਨਹੀਂ। ਜੇਕਰ ਪਿੰਡ ਤੋਂ ਬਾਹਰ ਜਾਣਾ ਹੈ ਤਾਂ ਐੱਸ. ਡੀ. ਐੱਮ. ਤੋਂ ਪਾਸ ਇਸ਼ੂ ਕਰਾਉਣਾ ਲਾਜ਼ਮੀ ਹੈ।
ਲੁਧਿਆਣਾ ਪੁਲਿਸ ਕਮਿਸ਼ਨਰੇਟ, ਐੱਸ. ਡੀ. ਐੱਮ. ਲੁਧਿਆਣਾ ਪੱਛਮੀ ਅਤੇ ਪੂਰਬੀ ਅਤੇ ਹੋਰ ਸ਼ਹਿਰੀ ਖੇਤਰਾਂ ਵਿੱਚ ਜਿੱਥੇ ਉਸਾਰੀ ਕਾਰਜਾਂ ਪਹਿਲਾਂ ਹੀ ਜਾਰੀ ਸਨ ਅਤੇ ਕੋਵਿਡ 19 ਕਰਕੇ ਰੁੱਕ ਗਏ ਸਨ, ਹੁਣ ਪੂਰੇ ਕੀਤੇ ਜਾ ਸਕਦੇ ਹਨ, ਚਾਹੇ ਇਹ ਕੋਈ ਵੀ ਕੰਮ ਹੋਣ। ਪਰ ਠੇਕੇਦਾਰ ਨੂੰ ਲੇਬਰ ਆਪਣੇ ਅੰਦਰ ਹੀ ਰੱਖਣੀ ਪਵੇਗੀ। ਜੇਕਰ ਕਿਸੇ ਨੇ ਵੀ ਕੰਮ ਦੀ ਸ਼ੁਰੂਆਤ ਕਰਨੀ ਹੈ ਤਾਂ ਉਸ ਈਮੇਲ acgludhiana@gmail.com ‘ਤੇ ਅਪਲਾਈ ਕਰਨਾ ਪਵੇਗਾ। ਇਹ ਪ੍ਰਵਾਨਗੀ ਪਹਿਲਾਂ ਹੀ ਚਾਲੂ ਕੰਮਾਂ ਲਈ ਦਿੱਤੀ ਜਾਵੇਗੀ। ਸ਼ਹਿਰੀ ਖੇਤਰ ਵਿਚ ਨਵੀਂ ਉਸਾਰੀ ਦੇ ਕੰਮਾਂ ਨੂੰ ਮੰਜ਼ੂਰੀ ਨਹੀਂ ਦਿੱਤੀ ਗਈ ਹੈ।
ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਕੋਈ ਏਰੀਆ ਕੰਨਟੇਨਮੈਂਟ ਏਰੀਆ (ਜਿੱਥੇ ਪਹਿਲਾਂ ਕੋਰੋਨਾ ਦੇ ਮਾਮਲੇ ਮਿਲ ਚੁੱਕੇ ਹਨ) ਘੋਸ਼ਿਤ ਕੀਤਾ ਗਿਆ ਹੈ ਤਾਂ ਉਥੇ ਪ੍ਰਵਾਨਗੀ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਅਪੀਲ ਕੀਤੀ ਕਿ ਪੰਜਾਬ ਸਰਕਾਰ ਵੱਲੋਂ ਇਹ ਢਿੱਲ ਤਾਂ ਹੀ ਦਿੱਤੀ ਗਈ ਹੈ ਕਿ ਲੋਕ ਹਦਾਇਤਾਂ ਦੀ ਪਾਲਣਾ ਕਰਨਗੇ।
ਉਨ੍ਹਾਂ ਦੱਸਿਆ ਕਿ 24 ਘੰਟੇ (28 ਅਪ੍ਰੈਲ ਤੋਂ 29 ਅਪ੍ਰੈਲ ਦੇ ਵਿਚਕਾਰ) ਵਿੱਚ ਜ਼ਿਲ੍ਹਾ ਲੁਧਿਆਣਾ ਵਿੱਚ 11 ਨਵੇਂ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿੱਚ ਨੰਦੇੜ ਸਾਹਿਬ ਦੇ ਸ਼ਰਧਾਲੂ ਅਤੇ ਕੋਟਾ ਦੇ ਵਿਦਿਆਰਥੀ ਹਨ। ਉਨ੍ਹਾਂ ਕਿਹਾ ਕਿ ਹੁਣ ਬਾਹਰੀ ਰਾਜਾਂ ਤੋਂ ਆਉਣ ਵਾਲੇ ਹਰੇਕ ਵਿਅਕਤੀ ਨੂੰ ਆਈਸੋਲੇਟ ਕਰਕੇ ਟੈਸਟ ਕੀਤਾ ਜਾ ਰਿਹਾ ਹੈ। 
ਉਨ੍ਹਾਂ ਦੱਸਿਆ ਕਿ ਅੱਜ ਤੱਕ 2190 ਨਮੂਨੇ ਲਏ ਗਏ ਹਨ, ਜਿਨ੍ਹਾਂ ਵਿੱਚੋਂ 1907 ਨੈਗੇਟਿਵ ਆਏ ਹਨ, 32 ਪਾਜ਼ੀਟਿਵ (29 ਲੁਧਿਆਣਾ ਅਤੇ 3 ਹੋਰ ਜ਼ਿਲ੍ਹੇ) ਹਨ। 8 ਮਰੀਜ਼ ਠੀਕ ਹੋ ਚੁੱਕੇ ਹਨ ਅਤੇ 5 ਮੌਤਾਂ ਹੋ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਜ਼ਿਲ੍ਹਾ ਲੁਧਿਆਣਾ ਵਿੱਚ 19 ਮਰੀਜ਼ਾਂ ਦਾ ਇਲਾਜ਼ ਕੀਤਾ ਜਾ ਰਿਹਾ ਹੈ। ਮ੍ਰਿਤਕ ਏ. ਸੀ. ਪੀ. ਸ਼੍ਰੀ ਕੋਹਲੀ ਦਾ ਡਰਾਈਵਰ ਠੀਕ ਹੋ ਗਿਆ ਹੈ ਅਤੇ ਉਸ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।

ਜ਼ੋਰਦਾਰ ਟਾਈਮਜ਼ ਇਕ ਸੁਤੰਤਰ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ, ਧਾਰਮਿਕ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ ਹੇਠਾਂ ਦਿੱਤੇ ਅਨੁਸਾਰ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। ਧੰਨਵਾਦ

ਸਹਿਯੋਗ ਰਾਸ਼ੀ ਦੇਣ ਲਈ ਦਿੱਤੀ ਗਈ ਰਕਮ ਦਾ ਬਟਨ ਨੱਪੋ

ਵਿਦੇਸ਼ਾਂ ਤੋਂ ਸਹਿਯੋਗ ਰਾਸ਼ੀ ਭੇਜਣ ਲਈ +918727987379 ਨੰਬਰ ‘ਤੇ ਵੱਟਸ ਐਪ ਕਰੋ।


Updated:

in

, ,

by

Tags:

ਇਕ ਨਜ਼ਰ ਇੱਧਰ ਵੀ

Comments

Leave a Reply

error: ਕਾਪੀ ਕਰਨਾ ਮਨ੍ਹਾਂ ਹੈ। ਲਿਖਤ ਪ੍ਰਾਪਤ ਕਰਨ ਲਈ ਈ-ਮੇਲ ਕਰੋ zordartimes@gmail.com